ਬਜਟ ਬਾਰੇ ਮੇਰੇ ਵਾਰ-ਵਾਰ ਪੁੱਛੇ ਗਏ ਸਵਾਲਾਂ ਨੂੰ ਰੱਦ ਕਰਦਿਆਂ ਬਾਬਾਸਾਹੇਬ ਪਵਾਰ ਕਹਿੰਦੇ ਹਨ, "ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ।"
ਉਨ੍ਹਾਂ ਦੀ ਪਤਨੀ ਮੰਦਾ ਸਵਾਲ ਕਰਦੇ ਹਨ,"ਸਰਕਾਰ ਨੇ ਕਦੇ ਸਾਡੇ ਤੋਂ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ? ਬਿਨਾਂ ਜਾਣੇ ਉਹ ਸਾਡੇ ਲਈ ਫ਼ੈਸਲੇ ਕਿਵੇਂ ਲੈ ਸਕਦੇ ਨੇ? ਅਸੀਂ ਮਹੀਨੇ ਦੇ 30 ਦੇ 30 ਦਿਨ ਕੰਮ ਚਾਹੁੰਦੇ ਹਾਂ।"
ਪੁਣੇ ਜ਼ਿਲ੍ਹੇ ਦੇ ਸ਼ਿਰੂਰ ਤਾਲੁਕਾ ਦੇ ਕੁਰੂਲੀ ਪਿੰਡ ਦੇ ਬਾਹਰੀ ਇਲਾਕੇ ਵਿੱਚ ਉਨ੍ਹਾਂ ਦਾ ਇੱਕ ਕਮਰੇ ਦਾ ਘਰ ਅੱਜ ਸਵੇਰੇ ਖ਼ਾਸ ਤੌਰ 'ਤੇ ਬਹੁਤਾ ਹੀ ਰੁੱਝਿਆ ਜਾਪ ਰਿਹਾ ਹੈ। "ਅਸੀਂ 2004 ਵਿੱਚ ਜਾਲਨਾ ਤੋਂ ਇੱਥੇ ਆਏ ਸਾਂ। ਸਾਡਾ ਆਪਣਾ ਪਿੰਡ ਕਦੇ ਨਹੀਂ ਰਿਹਾ। ਸਾਡੇ ਲੋਕ ਹਮੇਸ਼ਾਂ ਪਿੰਡਾਂ ਦੇ ਬਾਹਰਵਾਰ ਹੀ ਰਿਹਾ ਕਰਦੇ ਸਨ ਕਿਉਂਕਿ ਅਸੀਂ ਘੁੰਮਦੇ (ਪ੍ਰਵਾਸ ਕਰਦੇ) ਰਹਿੰਦੇ ਹਾਂ," ਬਾਬਾਸਾਹੇਬ ਦੱਸਦੇ ਹਨ।
ਹਾਲਾਂਕਿ, ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਭੀਲ ਪਾਰਧੀ ਕਬੀਲਾ, ਜਿਸ ਨੂੰ ਬ੍ਰਿਟਿਸ਼ ਕਾਲ ਦੌਰਾਨ 'ਅਪਰਾਧੀ' ਦਾ ਲੇਬਲ ਦਿੱਤਾ ਗਿਆ ਸੀ, ਉਸ ਠੱਪੇ ਤੋਂ ਮੁਕਤ ਹੋਣ ਦੇ 70 ਸਾਲ ਬਾਅਦ ਵੀ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਮਹਾਰਾਸ਼ਟਰ ਵਿੱਚ ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ ਹੋਣ ਤੋਂ ਬਾਅਦ ਵੀ, ਉਨ੍ਹਾਂ ਨੂੰ ਅਕਸਰ ਹੁੰਦੇ ਉਤਪੀੜਨ ਕਾਰਨ ਪਰਵਾਸ ਕਰਨਾ ਪੈਂਦਾ ਹੈ।
ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਪਣੇ ਬਜਟ ਪੇਸ਼ ਕਰਨ ਦੌਰਾਨ ਪ੍ਰਵਾਸ ਦੇ ਮੁੱਦੇ ਬਾਰੇ ਬੋਲਦੇ ਨਹੀਂ ਸੁਣਿਆ। ਜੇ ਉਨ੍ਹਾਂ ਨੇ ਸੁਣਿਆ ਵੀ ਹੁੰਦਾ, ਤਾਂ ਵੀ ਇਸ ਦਾ ਭਾਈਚਾਰੇ 'ਤੇ ਕੋਈ ਅਸਰ ਨਹੀਂ ਪੈਂਦਾ। ਨਿਰਮਲਾ ਸੀਤਾਰਮਨ ਨੇ 2025-26 ਦੇ ਬਜਟ ਭਾਸ਼ਣ 'ਚ ਕਿਹਾ,"ਸਾਡਾ ਟੀਚਾ ਪੇਂਡੂ ਖੇਤਰਾਂ 'ਚ ਲੋੜੀਂਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਪ੍ਰਵਾਸ ਇੱਕ ਵਿਕਲਪ ਹੋਵੇ, ਜ਼ਰੂਰਤ ਨਹੀਂ।"
ਜਿਹੜੀ ਥਾਵੇਂ ਨੀਤੀਆਂ ਘੜ੍ਹੀਆਂ ਜਾਂਦੀਆਂ ਹਨ ਉੱਥੋਂ ਲਗਭਗ 1,400 ਕਿਲੋਮੀਟਰ ਦੂਰ ਰਹਿਣ ਵਾਲ਼ੇ ਭੀਲ ਪਾਰਧੀ ਬਾਬਾਸਾਹੇਬ ਅਤੇ ਉਨ੍ਹਾਂ ਦੇ ਪਰਿਵਾਰ ਕੋਲ਼ ਜ਼ਿੰਦਗੀ ਵਿੱਚ ਗਿਣੇ-ਚੁਣੇ ਹੀ ਵਿਕਲਪ ਹਨ ਅਤੇ ਮੌਕੇ ਉਸ ਤੋਂ ਵੀ ਕਿਤੇ ਘੱਟ। ਉਹ ਭਾਰਤ ਦੀ 14.4 ਕਰੋੜ ਬੇਜ਼ਮੀਨੇ ਆਬਾਦੀ ਦਾ ਹਿੱਸਾ ਹਨ, ਜਿਨ੍ਹਾਂ ਲਈ ਕੰਮ ਲੱਭਣਾ ਇੱਕ ਵੱਡੀ ਚੁਣੌਤੀ ਰਹੀ ਹੈ।
ਬਾਬਾਸਾਹੇਬ ਦੇ ਬੇਟੇ ਆਕਾਸ਼ ਕਹਿੰਦੇ ਹਨ,"ਸਾਨੂੰ ਮਹੀਨੇ ਵਿੱਚ ਵੱਧ ਤੋਂ ਵੱਧ 15 ਦਿਨ ਕੰਮ ਮਿਲ਼ਦਾ ਹੈ। ਬਾਕੀ ਦੇ ਦਿਨ ਅਸੀਂ ਵਿਹਲੇ ਬੈਠੇ ਰਹਿੰਦੇ ਹਾਂ।" ਪਰ ਅੱਜ ਇੰਝ ਨਹੀਂ ਹੈ ਅਤੇ ਪਰਿਵਾਰ ਦੇ ਚਾਰੇ ਮੈਂਬਰਾਂ- ਆਕਾਸ਼ (23), ਉਨ੍ਹਾਂ ਦੀ ਪਤਨੀ ਸਵਾਤੀ (22), ਮੰਦਾ (55) ਅਤੇ ਬਾਬਾਸਾਹੇਬ (57) ਨੂੰ ਨੇੜਲੇ ਪਿੰਡ ਦੇ ਪਿਆਜ਼ ਦੇ ਖੇਤਾਂ ਵਿੱਚ ਕੰਮ ਮਿਲ਼ਿਆ ਹੋਇਆ ਹੈ।
ਇਸ ਬਸਤੀ ਦੇ ਪੰਜਾਹ ਕਬਾਇਲੀ ਪਰਿਵਾਰ ਬਿਜਲੀ, ਪੀਣ ਵਾਲ਼ੇ ਪਾਣੀ ਅਤੇ ਪਖਾਨੇ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ। "ਅਸੀਂ ਪਖਾਨੇ ਲਈ ਜੰਗਲ ਜਾਂਦੇ ਹਾਂ। ਕੋਈ ਆਰਾਮ ਨਹੀਂ ਮਿਲ਼ਦਾ, ਨਾ ਹੀ ਕੋਈ ਸੁਰੱਖਿਆ ਹੀ ਮਿਲ਼ਦੀ ਹੈ। ਨੇੜਲੇ ਪਿੰਡਾਂ ਦੇ ਬਾਗਾਯਤਦਾਰ (ਬਾਗ਼ਬਾਨੀ ਫ਼ਸਲਾਂ ਦੀ ਖੇਤੀ ਕਰਨ ਵਾਲ਼ੇ ਕਿਸਾਨ) ਸਾਡੀ ਆਮਦਨੀ ਦਾ ਇੱਕੋ ਇੱਕ ਸਰੋਤ ਹਨ," ਸਵਾਤੀ ਸਾਰਿਆਂ ਲਈ ਭੋਜਨ ਪੈਕ ਕਰਦੇ ਹੋਏ ਕਹਿੰਦੇ ਹਨ।
ਬਾਬਾਸਾਹੇਬ ਦੱਸਦੇ ਹਨ,"ਸਾਨੂੰ ਪੂਰਾ ਦਿਨ ਪਿਆਜ਼ ਪੁੱਟਣ ਬਦਲੇ 300 ਰੁਪਏ ਦਿਹਾੜੀ ਮਿਲ਼ਦੀ ਹੈ। ਰੱਜਵੀਂ ਰੋਟੀ ਲਈ ਹਰ ਰੋਜ਼ ਦਿਹਾੜੀ ਲੱਗਣੀ ਜ਼ਰੂਰੀ ਹੁੰਦੀ ਹੈ।" ਉਨ੍ਹਾਂ ਦਾ ਪਰਿਵਾਰ ਪੂਰੇ ਸਾਲ ਵਿੱਚ ਮਿਲ਼ ਕੇ ਬਾਮੁਸ਼ਕਲ 1.6 ਲੱਖ ਰੁਪਏ ਕਮਾਉਂਦਾ ਹੈ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕਿੰਨੇ ਦਿਨ ਕੰਮ ਮਿਲ਼ ਸਕਿਆ। ਇਸ ਹਿਸਾਬੇ 12 ਲੱਖ ਦੀ ਕਮਾਈ 'ਤੇ ਟੈਕਸ ਦੀ ਛੂਟ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। "ਕਦੇ ਅਸੀਂ ਛੇ ਕਿਲੋਮੀਟਰ ਪੈਦਲ ਤੁਰਦੇ ਹਾਂ, ਕਦੇ ਉਸ ਤੋਂ ਵੀ ਜ਼ਿਆਦਾ। ਜਿੱਥੇ ਵੀ ਕੰਮ ਮਿਲ਼ਦਾ ਹੈ, ਉੱਥੇ ਹੀ ਚਲੇ ਜਾਂਦੇ ਹਾਂ," ਆਕਾਸ਼ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ