ਪੇਟ ਦੀ ਅੱਗ ਨੇ ਹੀ ਜਲਾਲ ਅਲੀ ਨੂੰ ਬਾਂਸ ਦੇ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਬਣਾਉਣਾ ਸਿੱਖਣ ਵੱਲ ਧੱਕਿਆ ਸੀ।
ਉਹ ਦਿਹਾੜੀ ਤੇ ਕੰਮ ਕਰਨ ਵਾਲ਼ਾ ਇੱਕ ਨੌਜਵਾਨ ਸੀ ਜਿਸ ਨੂੰ ਮੌਨਸੂਨ ਰੁੱਤੇ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ: “ਬਾਰਿਸ਼ ਦੇ ਮੌਸਮ ਵਿੱਚ ਕੁਝ ਦਿਨਾਂ ਦੌਰਾਨ ਝੋਨੇ ਦੀ ਪਨੀਰੀ ਲਾਉਣੀ ਛੱਡ ਕੇ ਕੋਈ ਕੰਮ ਨਹੀਂ ਹੁੰਦਾ ਸੀ,” ਉਹ ਦੱਸਦੇ ਹਨ।
ਪਰ ਦਰਾਂਗ ਜਿਲ੍ਹੇ ਦੇ ਮੌਸੀਤਾ-ਬਲਾਬਰੀ ਦੇ ਨਾਲਿਆਂ ਅਤੇ ਦਲਦਲਾਂ ਵਿੱਚ ਮੌਨਸੂਨ ਆਪਣੇ ਨਾਲ਼ ਬਹੁਤ ਸਾਰੀਆਂ ਮੱਛੀਆਂ ਲੈ ਆਉਂਦਾ ਸੀ ਅਤੇ ਬਾਂਸ ਦੇ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਦੀ ਮੰਗ ਵਧ ਜਾਂਦੀ ਸੀ। “ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮੈਂ ਬਾਂਸ ਦੇ ਜਾਲ਼ ਬਣਾਉਣੇ ਸਿੱਖੇ। ਜਦ ਭੁੱਖ ਤੰਗ ਕਰਦੀ ਹੈ ਤਾਂ ਤੁਸੀਂ ਉਸ ਨੂੰ ਸ਼ਾਂਤ ਕਰਨ ਲਈ ਸਭ ਤੋਂ ਸੌਖਾ ਤਰੀਕਾ ਲੱਭਦੇ ਹੋ,” 60 ਸਾਲਾ ਜਲਾਲ ਉਸ ਸਮੇਂ ਨੂੰ ਯਾਦ ਕਰਦਿਆਂ ਹੱਸਦੇ ਹਨ।
ਅੱਜ ਬਾਂਸ ਦੇ ਦੇਸੀ ਮੱਛੀਆਂ ਫੜ੍ਹਨ ਵਾਲ਼ੇ ਜਲਾਲ ਸੇੱਪਾ, ਬੋਸਨਾ ਅਤੇ ਬਾਇਰ ਬਣਾਉਣ ਵਾਲ਼ੇ ਮਾਹਿਰ ਕਾਰੀਗਰ ਹਨ। ਇਹ ਜਾਲ਼ ਉਹ ਅਸਾਮ ਦੇ ਮੌਸੀਤਾ-ਬਲਾਬਰੀ ਜਲਗਾਹ ਦੇ ਪਿੰਡ ਪੁਬ-ਪੁਦੋਖਾਟ ਵਿਖੇ ਆਪਣੇ ਘਰ ਵਿੱਚ ਬਣਾਉਂਦੇ ਹਨ।
“ਬੱਸ ਦੋ ਦਹਾਕੇ ਪਹਿਲਾਂ ਦੀ ਹੀ ਗੱਲ ਹੈ,” ਜਲਾਲ ਕਹਿੰਦੇ ਹਨ, “ਸਾਡੇ ਪਿੰਡ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਹਰੇਕ ਘਰ ਵਿੱਚ ਮੱਛੀਆਂ ਫੜ੍ਹਨ ਵਾਲ਼ਾ ਜਾਲ਼ [ਬਾਂਸ ਦਾ] ਹੋਇਆ ਕਰਦਾ ਸੀ। ਉਦੋਂ ਜਾਂ ਤਾਂ ਬਾਂਸ ਦੇ ਜਾਲ਼ ਜਾਂ ਫੇਰ ਹੱਥ ਦੇ ਬਣੇ ਸ਼ਿਵ ਜਾਲ਼ ਪ੍ਰਚਲਿਤ ਹੁੰਦੇ ਸਨ।” ਉਹ ਸਥਾਨਕ ਬੋਲੀ ਵਿੱਚ ਕਹੇ ਜਾਂਦੇ ਟੋਂਗੀ ਜਾਲ਼ ਜਾਂ ਝੇਟਕਾ ਜਾਲ਼ ਦੀ ਗੱਲ ਕਰਦੇ ਹਨ ਜੋ ਚੌਰਸ ਜਾਲ਼ ਹੈ ਜਿਸ ਦੇ ਕੋਨੇ ਬਾਂਸ ਨਾਲ਼ ਜਾਂ ਰੱਸੀਆਂ ਨਾਲ਼ ਬੰਨੇ ਹੁੰਦੇ ਹਨ।
ਸਥਾਨਕ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਦੇ ਨਾਮ ਉਹਨਾਂ ਦੇ ਆਕਾਰ ਦੇ ਅਨੁਸਾਰ ਰੱਖੇ ਜਾਂਦੇ ਹਨ: “ਸੇੱਪਾ ਇੱਕ ਡਰੰਮ ਵਰਗਾ ਆਇਤਾਕਾਰ ਹੁੰਦਾ ਹੈ। ਬਾਇਰ ਵੀ ਆਇਤਾਕਾਰ ਹੁੰਦਾ ਹੈ ਪਰ ਜਿਆਦਾ ਵੱਡਾ ਅਤੇ ਚੌੜਾ ਹੁੰਦਾ ਹੈ। ਦਰਕੀ ਇੱਕ ਆਇਤਾਕਾਰ ਬਕਸੇ ਵਰਗਾ ਹੁੰਦਾ ਹੈ,” ਜਲਾਲ ਵਿਸਥਾਰਪੂਰਵਕ ਦੱਸਦੇ ਹਨ। ਦੁਏਰ, ਦੀਆਰ ਅਤੇ ਬੋਸਨਾ ਜਾਲ਼ ਨੂੰ ਵਹਿੰਦੇ ਪਾਣੀ ਵਿੱਚ ਰੱਖਿਆ ਜਾਂਦਾ ਹੈ, ਅਕਸਰ ਝੋਨੇ ਜਾਂ ਜੂਟ ਦੇ ਖੇਤਾਂ ਵਿੱਚ, ਛੋਟੇ ਨਾਲੇ, ਦਲਦਲ ਵੱਲ ਵਹਿੰਦੇ ਪਾਣੀ, ਜਲਗਾਹ ਜਾਂ ਨਦੀ ਦੇ ਸੰਗਮ ਤੇ।
ਅਸਾਮ ਦੀ ਬ੍ਰਹਮਪੁੱਤਰਾ ਘਾਟੀ ਵਿੱਚ ਪੂਰਬ ਵਿੱਚ ਸਦੀਆ ਤੋਂ ਲੈ ਕੇ ਪੱਛਮ ਵਿੱਚ ਧੁਬਰੀ ਤੱਕ ਅਨੇਕਾਂ ਨਦੀਆਂ, ਨਾਲੇ, ਜਲਗਾਹਾਂ ਨੂੰ ਨਦੀਆਂ ਨਾਲ਼ ਜੋੜਦੇ ਨਾਲੇ, ਝੀਲਾਂ ਅਤੇ ਕੁਦਰਤੀ ਛੱਪੜ ਹਨ। ਇਹ ਪਾਣੀ ਦੇ ਸਰੋਤ ਸਥਾਨਕ ਲੋਕਾਂ ਲਈ ਕਮਾਈ ਦਾ ਜ਼ਰੀਆ ਹਨ। ਸਾਲ 2022 ਦੇ ਮੱਛੀ ਪਾਲਣ ਦੇ ਅੰਕੜਿਆਂ ਅਨੁਸਾਰ ਅਸਾਮ ਦਾ ਮੱਛੀ ਪਾਲਣ ਉਦਯੋਗ 35 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ।
ਸਾਇੰਸਦਾਨਾਂ ਅਨੁਸਾਰ ਮੱਛੀ ਫੜ੍ਹਨ ਦੇ ਉਦਯੋਗਿਕ ਤਰੀਕੇ ਜਿਵੇਂ ਕਿ ਮੋਸੁਰੀ ਜਾਲ਼ (ਛੋਟਾ ਜਾਲੀ ਵਾਲ਼ਾ ਜਾਲ਼) ਅਤੇ ਮਸ਼ੀਨੀ ਜਾਲ਼ ਮਹਿੰਗੇ ਹੋਣ ਦੇ ਨਾਲ਼ ਨਾਲ਼ ਜਲ ਜੀਵਨ ਲਈ ਖਤਰਨਾਕ ਹਨ ਕਿਉਂਕਿ ਇਹਨਾਂ ਵਿੱਚ ਬਹੁਤ ਛੋਟੀਆਂ ਮੱਛੀਆਂ ਵੀ ਫ਼ਸ ਜਾਂਦੀਆਂ ਹਨ ਅਤੇ ਜਲ ਪ੍ਰਦੂਸ਼ਣ ਵੀ ਹੁੰਦਾ ਹੈ। ਪਰ ਰਿਵਾਇਤੀ ਜਾਲ਼ ਸਥਾਨਕ ਤੌਰ ਤੇ ਮਿਲਣ ਵਾਲ਼ੇ ਬਾਂਸ, ਕੇਨ ਅਤੇ ਜੂਟ ਨਾਲ਼ ਬਣੇ ਹੁੰਦੇ ਹਨ ਜੋ ਕਿ ਸਥਾਨਕ ਵਾਤਾਵਰਣ ਨੂੰ ਨੁਕਸਾਨ ਨਹੀਂ ਕਰਦੇ ਅਤੇ ਇੱਕ ਨਿਰਧਾਰਿਤ ਆਕਾਰ ਦੀ ਮੱਛੀ ਹੀ ਫੜ੍ਹਦੇ ਹਨ ਇਸ ਲਈ ਕੋਈ ਬਰਬਾਦੀ ਵੀ ਨਹੀਂ ਹੁੰਦੀ।
ਆਈ. ਸੀ. ਏ. ਆਰ.- ਕੇਂਦਰੀ ਅੰਦਰੂਨੀ ਮੱਛੀ ਪਾਲਣ ਖੋਜ ਕੇਂਦਰ ਦੇ ਇੱਕ ਮਾਹਿਰ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਉਦਯੋਗਿਕ ਜਾਲ਼ ਨਾਲ਼ ਅੰਨੇਵਾਹ ਮੱਛੀਆਂ ਫੜ੍ਹੀਆਂ ਜਾਂਦੀਆਂ ਹਨ ਅਤੇ ਮੱਛੀਆਂ ਦੇ ਪ੍ਰਜਨਨ ਦੀ ਥਾਂ ਨਸ਼ਟ ਹੁੰਦੀ ਹੈ।
ਉਹਨਾਂ ਨੇ ਦੱਸਿਆ ਕਿ ਹੜਾਂ ਦੌਰਾਨ ਇਕੱਠੀ ਹੋਣ ਵਾਲ਼ੀ ਗਾਰ ਨਾਲ਼ ਕੁਦਰਤੀ ਪਾਣੀ ਦੇ ਸੋਮਿਆਂ ਅਤੇ ਜਲਗਾਹਾਂ ਦੀ ਆਕਾਰ ਦਿਨੋਂ ਦਿਨ ਛੋਟਾ ਹੁੰਦਾ ਜਾ ਰਿਹਾ ਹੈ- ਇਹਨਾਂ ਵਿੱਚ ਪਾਣੀ ਘੱਟ ਹੋਣ ਦੇ ਨਤੀਜੇ ਵਜੋਂ ਹੁਣ ਮੱਛੀਆਂ ਮਿਲਣਾ ਹੁਣ ਹੋਰ ਘੱਟ ਗਿਆ ਹੈ। ਇਸ ਤੱਥ ਤੋਂ ਮਕਸੇਦ ਅਲੀ ਨਾਂ ਦੇ ਮਛਿਆਰੇ ਭਲੀ ਭਾਂਤ ਜਾਣੂ ਹਨ: “ਪਹਿਲਾਂ ਤੁਸੀਂ ਮੇਰੇ ਘਰ ਤੋਂ ਚਾਰ ਕਿਲੋਮੀਟਰ ਦੂਰ ਵਹਿੰਦੀ ਹੋਈ ਬ੍ਰਹਮਪੁੱਤਰਾ ਨੂੰ ਦੇਖ ਸਕਦੇ ਸੀ। ਪਾਣੀ ਨਾਲ਼ ਭਰੇ ਖੇਤਾਂ ਵਿੱਚ ਮਿੱਟੀ ਨਾਲ਼ ਛੋਟੀ ਨਾਲੀਆਂ ਬਣਾ ਕੇ ਮੈਂ ਮੱਛੀਆਂ ਫੜ੍ਹਨ ਵਾਲ਼ੇ ਜਾਲ਼ ਨੂੰ ਲਾ ਦਿਆ ਕਰਦਾ ਸੀ।” 60 ਸਾਲ ਮਕਸੇਦ ਦੱਸਦੇ ਹਨ ਕਿ ਉਹ ਬਾਇਰ ਤੇ ਨਿਰਭਰ ਸਨ ਕਿਉਂਕਿ ਉਹ ਆਧੁਨਿਕ ਜਾਲ਼ ਖਰੀਦ ਨਹੀਂ ਸਕਦੇ।
“ਛੇ ਸੱਤ ਸਾਲ ਪਹਿਲਾਂ ਤੱਕ ਬਹੁਤ ਮੱਛੀਆਂ ਮਿਲ ਜਾਂਦੀਆਂ ਸਨ। ਪਰ ਹੁਣ ਚਾਰ ਬਾਇਰ ਵਿੱਚੋਂ ਮੁਸ਼ਕਿਲ ਨਾਲ਼ ਅੱਧਾ ਕਿਲੋ ਮੱਛੀ ਹੀ ਮਿਲਦੀ ਹੈ,” ਮਕਸੇਦ ਅਲੀ ਦਾ ਕਹਿਣਾ ਹੈ ਜੋ ਆਪਣੀ ਪਤਨੀ ਨਾਲ਼ ਦਰਾਂਗ ਜਿਲ੍ਹੇ ਦੇ ਪਿੰਡ ਚਾਰ ਨੰਬਰ ਆਰੀਮਾਰੀ ਵਿੱਚ ਰਹਿੰਦੇ ਹਨ।
*****
ਅਸਾਮ ਦੀ ਬ੍ਰਹਮਪੁੱਤਰਾ ਘਾਟੀ ਵਿੱਚ 166 ਸੈਂਟੀਮੀਟਰ ਅਤੇ ਬਰਾਕ ਘਾਟੀ ਵਿੱਚ 183 ਸੈਂਟੀਮੀਟਰ ਬਾਰਿਸ਼ ਪੈਂਦੀ ਹੈ। ਦੱਖਣ ਪੱਛਮੀ ਮੌਨਸੂਨ ਅਪ੍ਰੈਲ ਦੇ ਅੰਤ ਤੋਂ ਅਕਤੂਬਰ ਤੱਕ ਚੱਲਦਾ ਹੈ। ਜਲਾਲ ਆਪਣਾ ਕੰਮ ਮੌਨਸੂਨ ਦੇ ਅਨੁਸਾਰ ਕਰਦੇ ਹਨ। “ਮੈਂ ਪਹਿਲਾਂ ਜੋਸ਼ਟੀ ਮਾਸ਼ (ਮੱਧ ਮਈ) ਵਿੱਚ ਜਾਲ਼ ਬਣਾਉਣਾ ਸ਼ੁਰੂ ਕਰ ਦਿੰਦਾ ਸੀ ਅਤੇ ਲੋਕ ਆਸ਼ਾਡ ਮਾਸ਼ (ਮੱਧ ਜੂਨ) ਵਿੱਚ ਬਾਇਰ ਖਰੀਦਣਾ ਸ਼ੁਰੂ ਕਰ ਦਿੰਦੇ ਸਨ। ਪਰ ਪਿਛਲੇ ਤਿੰਨ ਸਾਲਾਂ ਤੋਂ ਘੱਟ ਮੀਂਹ ਪੈਣ ਕਾਰਨ ਲੋਕ ਆਮ ਸਮੇਂ ਤੇ ਜਾਲ਼ ਨਹੀਂ ਖਰੀਦ ਰਹੇ।”
2023 ਦੀ ਸੰਸਾਰ ਬੈਕ ਦੀ ਇੱਕ ਰਿਪੋਰਟ ਅਨੁਸਾਰ ਆਉਣ ਵਾਲ਼ੇ ਸਮੇਂ ਵਿੱਚ ਅਸਾਮ ਵਿੱਚ ਤਾਪਮਾਨ ਵਧਣ ਦੇ ਨਾਲ਼ ਸਲਾਨਾ ਬਾਰਿਸ਼ ਵਿੱਚ ਕਮੀ ਆਵੇਗੀ ਅਤੇ ਹੜਾਂ ਦੀ ਸਥਿਤੀ ਬਦਤਰ ਹੋ ਜਾਵੇਗੀ। ਮੌਸਮੀ ਬਦਲਾਵ ਕਾਰਨ ਪਾਣੀ ਦੇ ਸਰੋਤਾਂ ਵਿੱਚ ਗਾਰ ਦੀ ਮਾਤਰਾ ਵਧੇਗੀ ਜਿਸ ਨਾਲ਼ ਪਾਣੀ ਦੀ ਮਾਤਰਾ ਘਟੇਗੀ ਅਤੇ ਨਤੀਜੇ ਵਜੋਂ ਇਹਨਾਂ ਵਿੱਚ ਮੱਛੀਆਂ ਦੀ ਤਾਦਾਦ ਵੀ ਘੱਟ ਜਾਵੇਗੀ।
ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਅਨੁਸਾਰ 1990 ਤੋਂ 2019 ਤੱਕ ਔਸਤ ਉੱਚ ਤਾਪਮਾਨ ਅਤੇ ਘੱਟੋ ਘੱਟ ਤਾਪਮਾਨ ਵਿੱਚ ਸਲਾਨਾ 0.049 ਅਤੇ 0.013 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਰੋਜ਼ਾਨਾ ਔਸਤ ਤਾਪਮਾਨ ਵਿੱਚ 0.037 ਡਿਗਰੀ ਸੈਲਸੀਅਸ ਦਾ ਵਾਧਾ ਅਤੇ ਬਾਰਿਸ਼ ਵਿੱਚ 10 ਮਿਲੀਮੀਟਰ ਦੀ ਘਾਟ ਦਰਜ ਕੀਤੀ ਗਈ।
“ਪਹਿਲਾਂ ਸਾਨੂੰ ਮੀਂਹ ਪੈਣ ਦਾ ਪਹਿਲਾਂ ਤੋਂ ਅੰਦਾਜ਼ਾ ਲੱਗ ਜਾਂਦਾ ਸੀ। ਪਰ ਹੁਣ ਪੈਟਰਨ ਬਿਲਕੁਲ ਬਦਲ ਚੁੱਕਾ ਹੈ। ਕਦੀ ਕਦੀ ਤਾਂ ਥੋੜੇ ਹੀ ਸਮੇਂ ਵਿੱਚ ਬਹੁਤ ਜਿਆਦਾ ਬਾਰਿਸ਼ ਹੋ ਜਾਂਦੀ ਹੈ ਅਤੇ ਕਦੀ ਕਦੀ ਬਿਲਕੁਲ ਵੀ ਨਹੀਂ ਹੁੰਦੀ,” ਜਲਾਲ ਕਹਿੰਦੇ ਹਨ। ਤਿੰਨ ਸਾਲ ਪਹਿਲਾਂ ਮੌਨਸੂਨ ਰੁੱਤੇ ਉਹਨਾਂ ਵਰਗੇ ਕਾਰੀਗਰ 20,000 ਤੋਂ 30,000 ਰੁਪਏ ਤੱਕ ਕਮਾ ਲੈਂਦੇ ਸਨ।
ਉਹ ਦੱਸਦੇ ਹਨ ਕਿ ਪਿਛਲੇ ਸਾਲ ਉਹਨਾਂ ਨੇ ਤਕਰੀਬਨ 15 ਬਾਇਰ ਵੇਚੇ ਸਨ ਪਰ ਇਸ ਸਾਲ ਉਹਨਾਂ ਨੇ ਮੱਧ ਜੂਨ ਤੋਂ ਮੱਧ ਜੁਲਾਈ ਤੱਕ ਸਿਰਫ਼ 5 ਬਾਇਰ ਹੀ ਬਣਾਏ ਹਨ ਜੋ ਸਮਾਂ ਆਮ ਤੌਰ ਤੇ ਹਰ ਸਾਲ ਲੋਕਾਂ ਦੇ ਜਾਲ਼ ਖਰੀਦਣ ਦਾ ਹੁੰਦਾ ਹੈ।
ਅਤੇ ਉਹ ਇਕੱਲੇ ਕਾਰੀਗਰ ਨਹੀਂ ਹਨ ਜਿਨ੍ਹਾਂ ਦੀ ਕਮਾਈ ਤੇ ਬੁਰਾ ਅਸਰ ਪਿਆ ਹੈ। 79 ਸਾਲਾ ਜੋਬਲਾ ਦੈਮਾਰੀ ਉਦਲਗੁਰੀ ਜਿਲ੍ਹੇ ਵਿੱਚ ਸੇੱਪਾ ਬਣਾਉਂਦੇ ਹਨ। ਉਹ ਕਹਿੰਦੇ ਹਨ, “ਰੁੱਖਾਂ ਤੇ ਕਟਹਲ ਬਹੁਤ ਘੱਟ ਹਨ, ਬੇਹੱਦ ਗਰਮੀ ਹੈ ਅਤੇ ਹਾਲੇ ਤੱਕ ਬਾਰਿਸ਼ ਦਾ ਕੋਈ ਨਾਂ ਨਿਸ਼ਾਨ ਨਹੀਂ। ਇਸ ਸਾਲ ਕੋਈ ਵੀ ਅਨੁਮਾਨ ਲਾਉਣਾ ਮੁਸ਼ਕਿਲ ਹੈ ਇਸ ਲਈ ਜਿੰਨੀ ਦੇਰ ਕੋਈ ਆਡਰ ਨਹੀਂ ਆਉਂਦਾ ਮੈਂ ਜਾਲ਼ ਬਣਾਉਣਾ ਸ਼ੁਰੂ ਨਹੀਂ ਕਰਾਂਗਾ।” ਦੈਮਾਰੀ ਇਹ ਗੱਲਾਂ ਪਾਰੀ ਨਾਲ਼ ਸਾਂਝੀਆਂ ਕਰਨ ਸਮੇਂ ਸੇੱਪਾ ਨੂੰ ਅੰਤਿਮ ਛੋਹਾਂ ਦੇ ਰਹੇ ਸਨ। ਉਹ ਨਾਲ਼ ਹੀ ਦੱਸਦੇ ਹਨ ਕਿ ਵਪਾਰੀਆਂ ਨੇ ਉਹਨਾਂ ਦੇ ਘਰ ਆਉਣਾ ਲਗਭਗ ਬੰਦ ਹੀ ਕਰ ਦਿੱਤਾ ਹੈ ਇਸ ਲਈ ਜਦ ਅਸੀਂ ਉਹਨਾਂ ਨੂੰ ਗਰਮੀ ਭਰੀ ਮਈ 2024 ਨੂੰ ਮਿਲੇ ਸੀ ਤਾਂ ਉਹਨਾਂ ਨੇ ਪੰਜ ਜਾਲ਼ ਹੀ ਬਣਾਏ ਸਨ।
ਅਸਾਮ ਦੇ ਸਭ ਤੋਂ ਵੱਡੇ ਹਫਤਾਵਾਰੀ ਬਜ਼ਾਰਾਂ ਵਿੱਚੋਂ ਇੱਕ ਬਾਲੂਗਾਉਂ ਵਿਖੇ ਸੁਰਹਾਬ ਅਲੀ ਕਈ ਦਹਾਕਿਆਂ ਤੋਂ ਬਾਂਸ ਦੇ ਸਮਾਨ ਦਾ ਵਪਾਰ ਕਰ ਰਹੇ ਹਨ। “ਜੁਲਾਈ ਦਾ ਪਹਿਲਾ ਹਫ਼ਤਾ ਹੈ ਅਤੇ ਮੈਂ ਇਸ ਸਾਲ ਹਾਲੇ ਤੱਕ ਇੱਕ ਵੀ ਬਾਇਰ ਨਹੀਂ ਵੇਚਿਆ,” ਉਹ ਧਿਆਨ ਦਿਵਾਉਂਦੇ ਹਨ।
ਜਲਾਲ ਇਸ ਕਲਾ ਨੂੰ ਹੌਲੀ ਹੌਲੀ ਲੁਪਤ ਹੁੰਦਿਆਂ ਦੇਖ ਰਹੇ ਹਨ: “ਮੇਰੇ ਕੋਲ ਕੋਈ ਵੀ ਇਸ ਕੰਮ ਨੂੰ ਸਿੱਖਣ ਨਹੀਂ ਆਉਂਦਾ। ਮੱਛੀਆਂ ਤੋਂ ਬਿਨਾਂ ਇਸ ਕਲਾ ਨੂੰ ਸਿੱਖਣ ਦਾ ਆਖਿਰ ਕਿ ਫਾਇਦਾ ਹੈ?” ਉਹ ਆਪਣੇ ਘਰ ਦੇ ਪਿੱਛੇ ਬਣੇ ਵਿਹੜੇ ਵਿੱਚ ਦਰਕੀ ਦਾ ਕੰਮ ਨਿਬੇੜਦਿਆਂ ਦੱਸਦੇ ਹਨ ਜੋ ਕਿ ਮੌਸੀਤਾ-ਬਲਾਬਰੀ ਦੀ ਗੈਰ ਸੁਚੀਬੱਧ ਬੀਲ (ਦਲਦਲ)ਦੇ ਨਾਲ਼ ਜਾਂਦੀ ਕੱਚੀ ਸੜਕ ਹੈ।
*****
“ਇਹ ਜਾਲ਼ ਬਣਾਉਣ ਵੇਲੇ ਤੁਹਾਨੂੰ ਉਕਤਾਉਣਾ ਭੁੱਲ ਕੇ ਪੂਰਾ ਧਿਆਨ ਲਾ ਕੇ ਕੰਮ ਕਰਨਾ ਪੈਂਦਾ ਹੈ,” ਜਲਾਲ ਇਸ ਕੰਮ ਲਈ ਲੋੜੀਂਦੀ ਇਕਾਗਰਤਾ ਬਾਰੇ ਦੱਸਦੇ ਹਨ। “ਜਿਆਦਾ ਤੋਂ ਜਿਆਦਾ ਤੁਸੀਂ ਗੱਲਾਂ ਸੁਣ ਸਕਦੇ ਹੋ ਪਰ ਜੇ ਤੁਸੀਂ ਆਪ ਵੀ ਗੱਲਬਾਤ ਦਾ ਹਿੱਸਾ ਬਣਨਾ ਹੈ ਤਾਂ ਬਾਇਰ ਦੀਆਂ ਗੱਠਾਂ ਬੰਨਣਾ ਰੋਕਣਾ ਪਵੇਗਾ।” ਲਗਾਤਾਰ ਕੰਮ ਕਰ ਕੇ ਇੱਕ ਜਾਲ਼ ਦੋ ਦਿਨਾਂ ਵਿੱਚ ਮੁਕੰਮਲ ਕੀਤਾ ਜਾ ਸਕਦਾ ਹੈ। “ਜੇ ਮੈਂ ਵਿੱਚੋਂ ਕੰਮ ਰੋਕਦਾ ਹਾਂ ਤਾਂ ਇਸ ਕੰਮ ਨੂੰ ਚਾਰ ਤੋਂ ਪੰਜ ਦਿਨ ਲੱਗ ਜਾਂਦੇ ਹਨ,” ਉਹ ਦੱਸਦੇ ਹਨ।
ਇਹ ਜਾਲ਼ ਬਣਾਉਣ ਦਾ ਕੰਮ ਬਾਂਸ ਚੁਣਨ ਨਾਲ਼ ਹੁੰਦਾ ਹੈ। ਮੱਛੀਆਂ ਦਾ ਜਾਲ਼ ਬਣਾਉਣ ਲਈ ਕਾਰੀਗਰ ਸਥਾਨਕ ਬਾਂਸ ਦੀ ਵਰਤੋਂ ਕਰਦੇ ਹਨ ਜਿਸ ਦੀ ਦੋ ਗੰਢਾਂ ਵਿੱਚ ਲੰਬਾਈ ਜਿਆਦਾ ਹੁੰਦੀ ਹੈ। ਬਾਇਰ ਤੇ ਸੈਪਪ ਤਿੰਨ ਜਾਂ ਸਾਢੇ ਤਿੰਨ ਫੁੱਟ ਲੰਬੇ ਹੁੰਦੇ ਹਨ। ਟੋਲਾ ਬਾਸ਼ ਜਾਂ ਜਾਤੀ ਬਾਹ (ਬਾਂਬੁਸਾ ਟੁਲਡਾ) ਆਪਣੀ ਲਚਕ ਕਾਰਨ ਜਿਆਦਾ ਪਸੰਦ ਕੀਤਾ ਜਾਂਦਾ ਹੈ।
“ਆਮ ਤੌਰ ਤੇ ਤਿੰਨ ਜਾਂ ਚਾਰ ਸਾਲ ਦਾ ਬਾਂਸ ਠੀਕ ਰਹਿੰਦਾ ਹੈ ਨਹੀਂ ਤਾਂ ਜਾਲ਼ ਜਿਆਦਾ ਲੰਬਾ ਸਮਾਂ ਨਹੀਂ ਟਿਕਦਾ। ਤਣੇ ਦੀਆਂ ਦੋ ਗੰਢਾਂ ਵਿੱਚ ਦੀ ਲੰਬਾਈ 18 ਤੋਂ 27 ਇੰਚ ਹੋਣੀ ਚਾਹੀਦੀ ਹੈ ਬਾਂਸ ਲੈਂਦੇ ਸਮੇਂ ਮੈਂ ਦੇਖ ਕੇ ਹੀ ਸਹੀ ਅੰਦਾਜ਼ਾ ਲਾ ਲੈਂਦਾ ਹਾਂ,” ਉਹ ਕਹਿੰਦੇ ਹਨ। “ਮੈਂ ਬਾਂਸ ਨੂੰ ਇੱਕ ਗੰਢ ਤੋਂ ਦੂਸਰੀ ਤੱਕ ਕੱਟ ਲੈਂਦਾ ਹਾਂ,” ਜਲਾਲ ਹੱਥ ਨਾਲ਼ ਹੀ ਬਾਂਸ ਦੀਆਂ ਤੀਲੀਆਂ ਨਾਪਦੇ ਹੋਏ ਕਹਿੰਦੇ ਹਨ।
ਬਾਂਸ ਨੂੰ ਕੱਟਣ ਤੋਂ ਬਾਅਦ ਜਾਲ਼ ਦੀ ਬੁਣਾਈ ਲਈ ਜਲਾਲ ਮਹੀਨ ਚੌਰਸ ਤੀਲੀਆਂ ਬਣਾ ਲੈਂਦੇ ਹਨ। “ਪਹਿਲਾਂ ਮੈਂ ਕਾਠੀ (ਬਾਂਸ ਦੀ ਪਤਲੀ ਤੀਲੀ) ਬੁਣਨ ਲਈ ਜੂਟ ਦੇ ਧਾਗੇ ਵਰਤਦਾ ਸਾਂ ਪਰ ਹੁਣ ਪਲਾਸਟਿਕ ਦੇ ਧਾਗੇ ਵਰਤਦਾ ਹਾਂ ਕਿਉਂਕਿ ਇੱਥੇ ਹੁਣ ਜੂਟ ਦੀ ਖੇਤੀ ਨਹੀਂ ਹੁੰਦੀ।”
ਜਲਾਲ ਨੇ 480 ਚੌਰਸ ਬਾਂਸ ਦੀਆਂ ਤੀਲੀਆਂ ਬਣਾਉਣੀਆਂ ਹਨ ਜੋ 18 ਜਾਂ 27 ਇੰਚ ਲੰਬੀਆਂ ਹੋਣ। “ਇਹ ਕੰਮ ਬਹੁਤ ਮੁਸ਼ਕਿਲ ਹੈ,” ਉਹ ਦੱਸਦੇ ਹਨ। “ਕਾਠੀਆਂ ਦਾ ਆਕਾਰ ਇੱਕੋ ਜਿਹਾ ਹੋਣਾ ਚਾਹੀਦਾ ਹੈ ਅਤੇ ਇਹ ਕੰਮ ਸਫਾਈ ਨਾਲ਼ ਹੋਣਾ ਚਾਹੀਦਾ ਹੈ ਨਹੀਂ ਤਾਂ ਜਾਲ਼ ਦੀਆਂ ਕੰਧਾਂ ਇਕਸਾਰ ਨਹੀਂ ਹੋਣਗੀਆਂ।” ਇਸ ਕੰਮ ਵਿੱਚ ਅੱਧਾ ਦਿਨ ਲੱਗ ਜਾਂਦਾ ਹੈ।
ਸਭ ਤੋਂ ਜ਼ਰੂਰੀ ਕੰਮ ਉਹ ਹਿੱਸਾ ਬਣਾਉਣਾ ਹੈ ਜਿਸ ਵਿੱਚੋਂ ਮੱਛੀਆਂ ਨੇ ਜਾਲ਼ ਦੇ ਅੰਦਰ ਜਾਣਾ ਹੁੰਦਾ ਹੈ। “ਇੱਕ ਬਾਂਸ ਨਾਲ਼ ਚਾਰ ਬਾਇਰ ਬਣ ਜਾਂਦੇ ਹਨ ਜਿਸ ਦੀ ਕੀਮਤ 80 ਰੁਪਏ ਪੈਂਦੀ ਹੈ ਅਤੇ ਪਲਾਸਟਿਕ ਦੀ ਡੋਰੀ ਦੀ ਕੀਮਤ 30 ਰੁਪਏ ਪੈਂਦੀ ਹੈ,” ਜਲਾਲ ਦਰਕੀ ਦੇ ਉੱਪਰਲੇ ਸਿਰੇ ਨੂੰ ਬੰਨਣ ਲਈ ਅਲਮੀਨੀਅਮ ਦੀ ਤਾਰ ਦੰਦਾਂ ਵਿੱਚ ਲੈ ਕੇ ਕੰਮ ਕਰਦੇ ਹੋਏ ਕਹਿੰਦੇ ਹਨ।
ਬਾਂਸ ਦੀਆਂ ਤੀਲੀਆਂ ਦੀ ਬੁਣਾਈ ਅਤੇ ਗੱਠਾਂ ਬੰਨਣ ਵਿੱਚ ਚਾਰ ਦਿਨਾਂ ਦੀ ਸਖਤ ਮਿਹਨਤ ਲੱਗਦੀ ਹੈ। “ਤੁਸੀਂ ਇੱਕ ਮਿੰਟ ਲਈ ਵੀ ਬਾਂਸ ਦੀਆਂ ਤੀਲੀਆਂ ਅਤੇ ਡੋਰੀ ਤੋਂ ਆਪਣੀ ਨਜ਼ਰ ਨਹੀਂ ਹਟਾ ਸਕਦੇ। ਜੇ ਇੱਕ ਵੀ ਥਾਂ ਤੇ ਬੁਣਾਈ ਵਿੱਚ ਚੂਕ ਹੁੰਦੀ ਹੈ ਤਾਂ ਇੱਕ ਗੱਠ ਵਿੱਚ ਦੋ ਤੀਲੀਆਂ ਪੈ ਸਕਦੀਆਂ ਹਨ ਜਿਸ ਕਾਰਨ ਸਾਰੀ ਬੁਣਾਈ ਖੋਲ ਕੇ ਦੁਬਾਰਾ ਕਰਨੀ ਪੈ ਸਕਦੀ ਹੈ,” ਉਹ ਵਿਸਥਾਰ ਨਾਲ਼ ਦੱਸਦੇ ਹਨ। ਇੱਥੇ ਜ਼ੋਰ ਦਾ ਕੰਮ ਨਹੀਂ ਬਲਕਿ ਨਿਰਧਾਰਿਤ ਥਾਂ ਤੇ ਨਾਜ਼ੁਕ ਬੁਣਾਈ ਅਤੇ ਗੱਠਾਂ ਬੰਨਣ ਦਾ ਕੰਮ ਹੈ। ਇਸ ਕੰਮ ਵਿੱਚ ਐਨ ਧਿਆਨ ਲੋੜੀਂਦਾ ਹੈ ਕਿ ਸਿਰ ਤੋਂ ਪੈਰ ਤੱਕ ਪਸੀਨੇ ਨਾਲ਼ ਭਿੱਜ ਜਾਈਦਾ ਹੈ।”
ਘੱਟ ਬਾਰਿਸ਼ ਅਤੇ ਉਸ ਤੋਂ ਘੱਟ ਮੱਛੀਆਂ, ਜਲਾਲ ਆਪਣੀ ਇਸ ਕਲਾ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ। “ਕੌਂ ਅਜਿਹੀ ਕਲਾ ਨੂੰ ਦੇਖਣਾ ਤੇ ਸਿੱਖਣਾ ਚਾਹੇਗਾ ਜਿਸ ਵਿੱਚ ਏਨਾ ਸਬਰ ਤੇ ਧਿਆਨ ਚਾਹੀਦਾ ਹੈ?” ਉਹ ਸਵਾਲ ਕਰਦੇ ਹਨ।
ਇਹ ਲੇਖ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮ. ਐਮ. ਐਫ.) ਤਹਿਤ ਲਿਖਿਆ ਗਿਆ ਹੈ।
ਤਰਜਮਾ- ਨਵਨੀਤ ਕੌਰ ਧਾਲੀਵਾਲ