ਮਿਹਨਤਕਸ਼ ਜਮਾਤ ਲਈ ਟੁੱਟੀਆਂ-ਭੱਜੀਆਂ ਚੱਪਲਾਂ ਵੀ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ। ਪੱਲੇਦਾਰਾਂ ਦੀਆਂ ਚੱਪਲਾਂ ਅੰਦਰ ਵੱਲ ਨੂੰ ਧੱਸੀਆਂ ਬਾਹਰੋਂ ਧਨੁੱਖਨੁਮਾ ਜਾਪਦੀਆਂ ਹਨ ਜਦੋਂ ਕਿ ਲੱਕੜ ਕੱਟਣ ਵਾਲ਼ਿਆਂ ਦੀਆਂ ਚੱਪਲਾਂ ਕੰਡਿਆਂ ਨਾਲ਼ ਭਰੀਆਂ ਹੁੰਦੀਆਂ ਹਨ। ਮੇਰੀਆਂ ਚੱਪਲਾਂ ਦੀਆਂ ਵੱਧਰਾਂ ਵੀ ਅਕਸਰ ਟੁੱਟੀਆਂ ਰਹਿੰਦੀਆਂ ਤੇ ਮੈਂ ਉਨ੍ਹਾਂ ਨੂੰ ਬਸਕੂਏ ਨਾਲ਼ ਜੋੜੀ ਰੱਖਦਾ।
ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਆਪਣੀ ਯਾਤਰਾ ਦੌਰਾਨ, ਮੈਂ ਚੱਪਲਾਂ ਅਤੇ ਜੁੱਤੀਆਂ ਦੀਆਂ ਫ਼ੋਟੋਆਂ ਖਿੱਚਦਾ ਰਿਹਾ ਹਾਂ ਅਤੇ ਆਪਣੀਆਂ ਫ਼ੋਟੋਆਂ ਰਾਹੀਂ ਇਨ੍ਹਾਂ ਦੀਆਂ ਕਹਾਣੀਆਂ ਕਹਿਣ ਦੀ ਕੋਸ਼ਿਸ਼ ਵੀ ਕਰਦਾ ਰਿਹਾਂ। ਮਿਹਨਤਕਸ਼ਾਂ ਦੀਆਂ ਇਨ੍ਹਾਂ ਚੱਪਲਾਂ ਤੱਕ ਪਹੁੰਚਦੇ-ਪਹੁੰਚਦੇ ਮੈਂ ਮੇਰੀ ਆਪਣੀ ਯਾਤਰਾ ਨਾਲ਼ ਵੀ ਰੂਬਰੂ ਹੋਇਆਂ।
ਹਾਲ ਹੀ ਵਿੱਚ, ਓਡੀਸ਼ਾ ਦੇ ਜਾਜਪੁਰ ਦੀ ਕੰਮ ਦੀ ਯਾਤਰਾ ਦੌਰਾਨ, ਮੈਨੂੰ ਬਾਰਾਬੰਕੀ ਅਤੇ ਪੂਰਨਮਤੀਰਾ ਪਿੰਡਾਂ ਦੇ ਸਕੂਲਾਂ ਦਾ ਦੌਰਾ ਕਰਨ ਦਾ ਮੌਕਾ ਮਿਲ਼ਿਆ। ਜਦੋਂ ਅਸੀਂ ਉੱਥੇ ਜਾਂਦੇ ਤਾਂ ਜਿਸ ਕਮਰੇ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਲੋਕ ਇਕੱਠੇ ਹੁੰਦੇ ਸਨ, ਉਸ ਦੇ ਬਾਹਰ ਬੜੇ ਕਰੀਨੇ ਨਾਲ਼ ਲਾਹੀਆਂ ਤੇ ਟਿਕਾਈਆਂ ਚੱਪਲਾਂ ਮੇਰਾ ਧਿਆਨ ਖਿੱਚਦੀਆਂ ਰਹਿੰਦੀਆਂ।
ਸ਼ੁਰੂ ਵਿੱਚ, ਮੈਂ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਪਰ ਦੋ ਜਾਂ ਤਿੰਨ ਦਿਨਾਂ ਬਾਅਦ, ਮੈਂ ਟੁੱਟੀਆਂ-ਭੱਜੀਆਂ ਚੱਪਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਕੁਝ ਚੱਪਲਾਂ ਤਾਂ ਸੁਰਾਖਾਂ ਨਾਲ਼਼ ਭਰੀਆਂ ਹੋਈਆਂ ਸਨ।
ਚੱਪਲਾਂ ਅਤੇ ਜੁੱਤੀਆਂ ਨਾਲ਼ ਮੇਰਾ ਆਪਣਾ ਰਿਸ਼ਤਾ ਵੀ ਮੇਰੀਆਂ ਯਾਦਾਂ ਵਿੱਚ ਵਸਿਆ ਹੋਇਆ ਹੈ। ਮੇਰੇ ਪਿੰਡ ਵਿੱਚ, ਹਰ ਕੋਈ 'ਵੀ' ਅਕਾਰੀ ਵੱਧਰਾਂ ਵਾਲ਼ੇ ਸਲੀਪਰ (ਚੱਪਲਾਂ) ਖਰੀਦਦਾ। ਮਦੁਰਈ ਵਿਖੇ ਰਹਿੰਦਿਆਂ ਜਦੋਂ ਮੈਂ ਲਗਭਗ 12 ਸਾਲਾਂ ਦਾ ਸਾਂ, ਤਾਂ ਉਨ੍ਹਾਂ ਦੀ ਕੀਮਤ ਸਿਰਫ 20 ਰੁਪਏ ਹੁੰਦੀ। ਫਿਰ ਵੀ, ਸਾਡੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਖਰੀਦਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਕਿਉਂਕਿ ਚੱਪਲਾਂ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਹਿੱਸਾ ਸਨ।
ਜਦੋਂ ਵੀ ਬਜ਼ਾਰ ਵਿੱਚ ਜੁੱਤੀ ਦਾ ਕੋਈ ਨਵਾਂ ਮਾਡਲ ਆਉਂਦਾ ਤਾਂ ਸਾਡੇ ਪਿੰਡ ਦਾ ਕੋਈ ਇੱਕ ਮੁੰਡਾ ਇਸ ਨੂੰ ਖਰੀਦਦਾ ਅਤੇ ਬਾਕੀ ਦੇ ਸਾਰੇ ਤਿਓਹਾਰਾਂ, ਖਾਸ ਮੌਕਿਆਂ ਜਾਂ ਵਾਂਢੇ ਜਾਣ ਲਈ ਉਸੇ ਤੋਂ ਉਧਾਰ ਮੰਗ ਲਿਆ ਕਰਦੇ ਸਾਂ।
ਜਾਜਪੁਰ ਦੀ ਯਾਤਰਾ ਤੋਂ ਬਾਅਦ, ਮੈਂ ਆਪਣੇ ਆਲ਼ੇ-ਦੁਆਲ਼ੇ ਦੀਆਂ ਜੁੱਤੀਆਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸੈਂਡਲ ਦੇ ਕੁਝ ਜੋੜੇ ਮੇਰੇ ਅਤੀਤ ਦੀਆਂ ਘਟਨਾਵਾਂ ਨਾਲ਼ ਜੁੜੇ ਹੋਏ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਨੂੰ ਅਤੇ ਮੇਰੇ ਸਹਿਪਾਠੀਆਂ ਨੂੰ ਸਰੀਰਕ ਸਿੱਖਿਆ ਕਲਾਸ ਵਿੱਚ ਅਧਿਆਪਕ ਨੇ ਜੁੱਤੀਆਂ ਨਾ ਪਹਿਨਣ ਲਈ ਡਾਂਟਿਆ ਸੀ।
ਚੱਪਲਾਂ ਅਤੇ ਜੁੱਤੀਆਂ ਨੇ ਮੇਰੀ ਫ਼ੋਟੋਗ੍ਰਾਫੀ 'ਤੇ ਵੀ ਪ੍ਰਭਾਵ ਪਾਇਆ ਹੈ ਅਤੇ ਮਹੱਤਵਪੂਰਣ ਤਬਦੀਲੀਆਂ ਲਿਆਂਦੀਆਂ ਹਨ। ਦੱਬੇ-ਕੁਚਲੇ ਭਾਈਚਾਰੇ ਲੰਬੇ ਸਮੇਂ ਤੋਂ ਚੱਪਲਾਂ ਅਤੇ ਜੁੱਤੀਆਂ ਤੋਂ ਸੱਖਣੇ ਰਹੇ। ਜਦੋਂ ਮੈਂ ਇਸ ਬਾਰੇ ਸੋਚਿਆ, ਤਾਂ ਮੈਂ ਇਸ ਦੀ ਮਹੱਤਤਾ 'ਤੇ ਮੁੜ ਵਿਚਾਰ ਕਰਨ ਦੇ ਯੋਗ ਹੋ ਗਿਆ। ਇਸ ਵਿਚਾਰ ਨੇ ਬੀਜ ਦਾ ਕੰਮ ਕੀਤਾ ਹੈ ਅਤੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦੀ ਕਹਾਣੀ ਕਹਿੰਦੀਆਂ ਚੱਪਲਾਂ ਅਤੇ ਜੁੱਤੀਆਂ ਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਦਿਆਂ ਮਹਿਸੂਸ ਕੀਤਾ ਤੇ ਇੰਝ ਮੇਰੇ ਉਦੇਸ਼ ਨੂੰ ਮਜ਼ਬੂਤੀ ਮਿਲ਼ੀ।
ਤਰਜਮਾ: ਕਮਲਜੀਤ ਕੌਰ