"ਗ਼ੁਲਾਮ ਨਬੀ, ਤੂੰ ਕੀ ਕਰ ਰਿਹਾ ਏਂ ? ਜਾਓ ਜਾ ਕੇ ਸੌਂ ਜਾਓ! ਨਹੀਂ ਤਾਂ ਤੇਰੀਆਂ ਅੱਖਾਂ ਖ਼ਰਾਬ ਹੋ ਜਾਣੀਆਂ।"
ਪਹਿਲਾਂ, ਮੇਰੀ ਮਾਂ ਮੈਨੂੰ ਇਸ ਤਰ੍ਹਾਂ ਝਿੜਕਿਆ ਕਰਦੀ ਜਦੋਂ ਉਹ ਮੈਨੂੰ ਦੇਰ ਰਾਤ ਤੱਕ ਲੱਕੜ ਦੀ ਨੱਕਾਸ਼ੀ ਕਰਦੇ ਦੇਖਿਆ ਕਰਦੀ। ਉਨ੍ਹਾਂ ਦੇ ਝਿੜਕਣ ਤੋਂ ਬਾਅਦ ਵੀ ਮੈਂ ਕੰਮ ਕਰਨਾ ਜਾਰੀ ਰੱਖਦਾ। ਅੱਜ ਮੈਂ ਜਿਸ ਮੁਕਾਮ 'ਤੇ ਹਾਂ ਉਹਦੇ ਮਗਰ ਮੇਰਾ 60 ਸਾਲਾਂ ਦਾ ਤਜ਼ਰਬਾ ਤੇ ਸਖ਼ਤ ਮਿਹਨਤ ਕੰਮ ਕਰਦੀ ਰਹੀ ਹੈ। ਮੇਰਾ ਨਾਂ ਗ਼ੁਲਾਮ ਨਬੀ ਦਾਰ ਹੈ। ਮੈਂ ਸ੍ਰੀਨਗਰ ਵਿਖੇ ਲੱਕੜ ਦੀ ਨੱਕਾਸ਼ੀ ਦਾ ਕੰਮ ਕਰਦਾ ਹਾਂ।
ਮੇਰਾ ਜਨਮ ਕਦੋਂ ਹੋਇਆ, ਇਸ ਦਾ ਕੋਈ ਸਹੀ ਰਿਕਾਰਡ ਨਹੀਂ ਹੈ ਪਰ ਮੈਂ ਹੁਣ ਆਪਣੀ ਉਮਰ ਦੇ 70ਵੇਂ ਵਰ੍ਹੇ ਵਿੱਚ ਹਾਂ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਇਸ ਸ਼ਹਿਰ ਦੇ ਮਲਿਕ ਸਾਹਿਬ ਸਫਾਕਦਲ ਇਲਾਕੇ ਵਿੱਚ ਬਿਤਾਈ ਹੈ। ਮੈਂ ਇੱਥੇ ਨੇੜਲੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਕੀਤੀ। ਮੇਰੇ ਪਰਿਵਾਰ ਦੀ ਵਿੱਤੀ ਸਥਿਤੀ ਦੇ ਕਾਰਨ ਮੈਨੂੰ ਤੀਜੀ ਜਮਾਤ ਲਈ ਸਕੂਲ ਛੱਡਣਾ ਪਿਆ। ਮੇਰੇ ਪਿਤਾ ਅਲੀ ਮੁਹੰਮਦ ਡਾਰ ਨਾਲ਼ ਲੱਗਦੇ ਅਨੰਤਨਾਗ ਜ਼ਿਲ੍ਹੇ ਵਿੱਚ ਕੰਮ ਕਰਦੇ ਸਨ। ਫਿਰ ਜਦੋਂ ਮੈਂ 10 ਸਾਲਾਂ ਦਾ ਸੀ ਤਾਂ ਉਹ ਸ੍ਰੀਨਗਰ ਵਾਪਸ ਆ ਗਏ।
ਪਿੰਡ ਵਾਪਸ ਆ ਕੇ ਉਨ੍ਹਾਂ ਨੇ ਪਰਿਵਾਰ ਦੀ ਦੇਖਭਾਲ ਲਈ ਸਬਜ਼ੀਆਂ ਅਤੇ ਤੰਬਾਕੂ ਦਾ ਵਪਾਰ ਕਰਨਾ ਸ਼ੁਰੂ ਕੀਤਾ। ਪਰਿਵਾਰ ਵਿੱਚ ਮੇਰੀ ਮਾਂ,ਅਜ਼ੀ ਤੇ 12 ਬੱਚੇ ਸਨ। ਸਭ ਤੋਂ ਵੱਡਾ ਬੇਟਾ ਮੈਂ ਅਤੇ ਮੇਰਾ ਛੋਟਾ ਭਰਾ ਬਸ਼ੀਰ ਅਹਿਮਦ ਡਾਰ ਕਾਰੋਬਾਰ ਵਿੱਚ ਆਪਣੇ ਪਿਤਾ ਦੀ ਮਦਦ ਕਰ ਰਹੇ ਸਨ। ਜਦੋਂ ਜ਼ਿਆਦਾ ਕੰਮ ਨਾ ਹੁੰਦਾ ਤਾਂ ਅਸੀਂ ਅਵਾਰਾਗਰਦੀ ਲਈ ਨਿਕਲ਼ ਜਾਂਦੇ। ਮੇਰੇ ਮਾਮੂ (ਮਾਂ ਦੇ ਛੋਟੇ ਭਰਾ) ਨੇ ਇੱਕ ਵਾਰ ਮੇਰੇ ਪਿਤਾ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਮਾਮੂ ਨੇ ਸੁਝਾਅ ਦਿੱਤਾ ਕਿ ਮੈਨੂੰ ਲੱਕੜ ਦੀ ਨੱਕਾਸ਼ੀ ਦੇ ਕੰਮ ਵਿੱਚ ਪਾ ਦਿੱਤਾ ਜਾਵੇ।
ਇਸ ਲਈ ਅਸੀਂ ਦੋਵਾਂ ਭਰਾਵਾਂ ਨੇ ਕਾਰੀਗਰਾਂ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਸਾਡਾ ਕੰਮ ਪਾਲਿਸ਼ ਕੀਤੀ ਅਖਰੋਟ ਦੀ ਲੱਕੜ 'ਤੇ ਨੱਕਾਸ਼ੀ ਕਰਨਾ ਸੀ। ਇਸ ਕੰਮ ਵਾਸਤੇ ਸਾਡੇ ਪਹਿਲੇ ਮਾਲਕ ਨੇ ਸਾਨੂੰ ਕਰੀਬ ਢਾਈ ਰੁਪਏ ਦਿੱਤੇ। ਇਹ ਪੈਸੇ ਵੀ ਉਸ ਨਾਲ਼ ਦੋ ਸਾਲ ਕੰਮ ਕਰਨ ਤੋਂ ਬਾਅਦ ਹੀ ਮਿਲ਼ੇ ਸਨ।
ਇਸ ਕੰਮ ਵਿੱਚ ਸਾਡੇ ਦੂਜੇ ਗੁਰੂ ਸਾਡੇ ਗੁਆਂਢੀ ਅਬਦੁਲ ਅਜ਼ੀਜ਼ ਭੱਟ ਹਨ। ਉਹ ਕਸ਼ਮੀਰ ਦੀ ਇੱਕ ਵੱਡੀ ਦਸਤਕਾਰੀ ਕੰਪਨੀ ਵਿੱਚ ਕੰਮ ਕਰਿਆ ਕਰਦੇ ਸਨ, ਜਿਸਦੇ ਅੰਤਰਰਾਸ਼ਟਰੀ ਗਾਹਕ ਹਨ। ਸ੍ਰੀਨਗਰ ਦੇ ਰੈਨਾਵਾਰੀ ਖੇਤਰ ਵਿੱਚ ਸਾਡੀ ਵਰਕਸ਼ਾਪ ਕਈ ਹੋਰ ਹੁਨਰਮੰਦ ਕਾਰੀਗਰਾਂ ਨਾਲ਼ ਭਰੀ ਹੋਈ ਸੀ। ਬਸ਼ੀਰ ਅਤੇ ਮੈਂ ਇੱਥੇ 5 ਸਾਲ ਕੰਮ ਕੀਤਾ । ਸਾਡਾ ਕੰਮ, ਜੋ ਹਰ ਰੋਜ਼ ਸਵੇਰੇ ਸੱਤ ਵਜੇ ਸ਼ੁਰੂ ਹੁੰਦਾ ਸੀ, ਸੂਰਜ ਡੁੱਬਣ ਤੋਂ ਬਾਅਦ ਵੀ ਜਾਰੀ ਰਹਿੰਦਾ। ਅਸੀਂ ਗਹਿਣਿਆਂ ਦੇ ਬਕਸੇ, ਕੌਫ਼ੀ ਟੇਬਲ ਲੈਂਪ ਆਦਿ ਬਣਾਇਆ ਕਰਦੇ। ਘਰ ਵਾਪਸ ਆਉਣ ਤੋਂ ਬਾਅਦ ਮੈਂ ਦੁਬਾਰਾ ਇਸ ਕੰਮ ਦਾ ਅਭਿਆਸ ਕਰਨ ਲੱਗਦਾ।
ਸਾਡੀ ਫੈਕਟਰੀ ਵਿੱਚ ਇੱਕ ਕਮਰਾ ਸੀ। ਇਸ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਸੀ। ਇੱਕ ਦਿਨ ਮੈਂ ਕਿਸੇ ਤਰ੍ਹਾਂ ਉਸ ਕਮਰੇ ਵਿੱਚ ਵੜ੍ਹ ਗਿਆ। ਮੈਂ ਕਮਰੇ ਦੇ ਹਰ ਕੋਨੇ ਵਿੱਚ ਲੱਕੜ ਦੇ ਭਾਂਤ-ਭਾਂਤ ਦੇ ਡਿਜ਼ਾਇਨ ਦੇਖੇ, ਜਿਨ੍ਹਾਂ ਵਿੱਚ ਪੰਛੀਆਂ ਤੇ ਹੋਰ ਜੀਵਾਂ ਦੀਆਂ ਨੱਕਾਸ਼ੀਆਂ ਨਾਲ਼ ਕਮਰਾ ਚਮਕ ਰਿਹਾ ਸੀ ਜਿਹਨੂੰ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਸਵਰਗ ਵਿੱਚ ਹਾਂ। ਉਦੋਂ ਤੋਂ ਲੈ ਕੇ, ਮੈਂ ਇਸ ਕਲਾ ਦੇ ਰੂਪ ਵਿੱਚ ਮੁਹਾਰਤ ਹਾਸਲ ਕਰਨਾ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ। ਇਸ ਤੋਂ ਬਾਅਦ, ਮੈਂ ਸਮੇਂ-ਸਮੇਂ 'ਤੇ ਕਮਰੇ ਅੰਦਰ ਮੌਜੂਦ ਵੱਖ-ਵੱਖ ਡਿਜ਼ਾਈਨਾਂ ਨੂੰ ਦੇਖਣਾ ਜਾਰੀ ਰੱਖਿਆ ਅਤੇ ਉਨ੍ਹਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇੱਕ ਦਿਨ ਕਿਸੇ ਦੂਜੇ ਕਾਮੇ ਨੇ ਮੈਨੂੰ ਇੰਝ ਤਾਕ-ਝਾਕ ਕਰਦੇ ਦੇਖ ਲਿਆ ਤੇ ਮੇਰੇ 'ਤੇ ਚੋਰੀ ਦਾ ਦੋਸ਼ ਲਾਇਆ। ਪਰ ਬਾਅਦ ਵਿੱਚ ਉਸਨੇ ਸ਼ਿਲਪਕਾਰੀ ਪ੍ਰਤੀ ਮੇਰੀ ਉਤਸੁਕਤਾ ਦੇਖੀ ਤੇ ਮੈਨੂੰ ਜਾਣ ਦਿੱਤਾ।
ਮੈਂ ਕਿਸੇ ਕੋਲ਼ੋਂ ਵੀ ਓਨਾ ਨਹੀਂ ਸਿੱਖਿਆ ਜਿੰਨਾ ਮੈਨੂੰ ਉਸ ਕਮਰੇ ਅੰਦਰ ਮੌਜੂਦ ਚੀਜ਼ਾਂ ਤੋਂ ਸਿੱਖਣ ਨੂੰ ਮਿਲ਼ਿਆ।
ਅਤੀਤ ਵਿੱਚ, ਲੋਕ ਚਿਨਾਰ ਦੇ ਰੁੱਖ [ ਪਲਾਟਾਨਸ ਓਰੀਐਂਟਲਿਸ ], ਅੰਗੂਰ, ਕੇਂਡ ਪੂਸ਼ [ਗੁਲਾਬ] ਪਾਨ ਪੂਸ਼ [ਕਮਲ], ਆਦਿ ਦੇ ਡਿਜ਼ਾਈਨ ਬਣਾਉਂਦੇ ਸਨ। ਅੱਜ ਲੋਕ ਕੇਂਡ ਪੂਸ਼ ਨੂੰ ਭੁੱਲ ਗਏ ਹਨ ਤੇ ਹੁਣ ਉਹ ਆਸਾਨ ਨੱਕਾਸ਼ੀ ਨੂੰ ਤਰਜੀਹ ਦਿੰਦੇ ਹਨ। ਮੈਂ ਕੁਝ ਪੁਰਾਣੇ ਡਿਜ਼ਾਈਨਾਂ ਨੂੰ ਮੁੜ-ਸੁਰਜੀਤ ਕਰਨ ਲਈ ਘੱਟੋ ਘੱਟ 12 ਮੂਲ਼ ਡਿਜ਼ਾਈਨ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵਿੱਚੋਂ ਦੋ ਵਿਕ ਗਏ ਹਨ। ਉਨ੍ਹਾਂ ਵਿੱਚੋਂ ਇੱਕ ਮੇਜ਼ 'ਤੇ ਉੱਕਰੀ ਹੋਈ ਬੱਤਖ ਸੀ ਅਤੇ ਦੂਜੀ ਵੇਲ ਦਾ ਡਿਜ਼ਾਈਨ ਸੀ।
1984 ਵਿੱਚ, ਮੈਂ ਜੰਮੂ ਅਤੇ ਕਸ਼ਮੀਰ ਦੇ ਦਸਤਕਾਰੀ ਡਾਇਰੈਕਟੋਰੇਟ ਵੱਲੋਂ ਦਿੱਤੇ ਗਏ ਸਟੇਟ ਅਵਾਰਡ ਲਈ ਦੋ ਡਿਜ਼ਾਈਨ ਪੇਸ਼ ਕੀਤੇ। ਦੋਵਾਂ ਹੀ ਡਿਜ਼ਾਈਨਾਂ ਨੇ ਇਹ ਪੁਰਸਕਾਰ ਜਿੱਤਿਆ। ਇੱਕ ਡਿਜ਼ਾਈਨ ਕਸ਼ਮੀਰ ਦੇ ਪਿੰਡ ਦੇ ਬਾਹਰਵਾਰ ਆਯੋਜਿਤ ਪੰਚਾਇਤ ਸਭਾ 'ਤੇ ਅਧਾਰਤ ਹੈ। ਇਸ ਡਿਜ਼ਾਈਨ ਵਿੱਚ ਸਿੱਖ, ਮੁਸਲਮਾਨ, ਪੰਡਿਤ ਭਾਵ ਵੱਖ-ਵੱਖ ਭਾਈਚਾਰਿਆਂ ਦੇ ਲੋਕ ਮੇਜ਼ ਦੇ ਆਲ਼ੇ-ਦੁਆਲ਼ੇ ਬੈਠੇ ਹਨ ਜਿਨ੍ਹਾਂ ਨਾਲ਼ ਬੱਚਿਆਂ ਅਤੇ ਮੁਰਗੀਆਂ ਵੀ ਮੌਜੂਦ ਹਨ। ਮੇਜ਼ 'ਤੇ ਚਾਹ ਦਾ ਭਰਿਆ ਸਮਾਵਰ ਪਿਆ ਹੈ, ਕੁਝ ਕੱਪ, ਹੁੱਕਾ ਅਤੇ ਤੰਬਾਕੂ ਪਏ ਹਨ। ਮੇਜ਼ ਦੇ ਆਲ਼ੇ-ਦੁਆਲ਼ੇ ਬੱਚੇ ਅਤੇ ਮੁਰਗੀਆਂ ਸਨ।
ਰਾਜ ਪੁਰਸਕਾਰ ਜਿੱਤਣ ਤੋਂ ਬਾਅਦ, ਮੈਂ 1995 ਵਿੱਚ ਰਾਸ਼ਟਰੀ ਪੁਰਸਕਾਰ ਲਈ ਆਪਣਾ ਡਿਜ਼ਾਈਨ ਭੇਜਿਆ। ਇਸ ਵਾਰ ਮੈਂ ਬਕਸੇ 'ਤੇ ਡਿਜ਼ਾਈਨ ਉਕੇਰਿਆ ਸੀ। ਬਕਸੇ ਦੇ ਹਰ ਕੋਨੇ ਨੂੰ ਦੇਖਿਆਂ ਚਿਹਰੇ ਅੱਡੋ-ਅੱਡ ਹਾਵ-ਭਾਵ ਨਜ਼ਰੀਂ ਪੈਂਦੇ, ਜਿਵੇਂ- ਖ਼ੁਸ਼ੀ ਨਾਲ਼ ਚਮਕਦਾ ਚਿਹਰਾ, ਹੰਝੂਆਂ ਨਾਲ਼ ਭਿੱਜਿਆ, ਗੁੱਸੇ ਨਾਲ਼ ਤਮਿਆ, ਡਰਿਆ ਚਿਹਰਾ। ਇਨ੍ਹਾਂ ਚਿਹਰਿਆਂ ਵਿਚਕਾਰ ਹੀ ਮੈਂ ਫੁੱਲਾਂ ਦਾ 3ਡੀ (3D) ਡਿਜ਼ਾਇਨ ਵੀ ਉਕੇਰਿਆ। ਮੈਂ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਮੈਨੂੰ ਇਹ ਪੁਰਸਕਾਰ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਦਸਤਕਾਰੀ) ਅਤੇ ਵਿਕਾਸ ਕਮਿਸ਼ਨਰ (ਹੈਂਡਲੂਮਜ਼) ਵੱਲੋਂ ਪ੍ਰਦਾਨ ਕੀਤਾ। ਇਸ ਪੁਰਸਕਾਰ ਵਜੋਂ ਮੇਰੇ ਯਤਨਾਂ ਨੂੰ "ਭਾਰਤੀ ਦਸਤਕਾਰੀ ਦੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਜੀਉਂਦਾ ਰੱਖਣ" ਦੀ ਮਾਨਤਾ ਦਿੱਤੀ।
ਇਸ ਤੋਂ ਬਾਅਦ, ਜਿਹੜੇ ਲੋਕ ਮੇਰੇ ਕਿਸੇ ਕੰਮ ਬਦਲੇ ਪਹਿਲਾਂ ਮੈਨੂੰ 1,000 ਰੁਪਏ ਦਿੰਦੇ ਸਨ, ਉਨ੍ਹਾਂ ਨੇ 10,000 ਰੁਪਏ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹੀ ਮੇਰੀ ਪਹਿਲੀ ਪਤਨੀ ਮਹਿਬੂਬਾ ਦਾ ਦੇਹਾਂਤ ਹੋ ਗਿਆ। ਕਿਉਂਕਿ ਮੇਰੇ ਤਿੰਨੋਂ ਬੱਚੇ ਛੋਟੇ ਸਨ, ਇਸ ਲਈ ਮੈਨੂੰ ਦੁਬਾਰਾ ਵਿਆਹ ਕਰਾਉਣ ਲਈ ਮਜਬੂਰ ਕੀਤਾ ਗਿਆ। "ਮੇਰੇ ਬੇਟੇ ਅਤੇ ਬੇਟੀ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਛੋਟੀ ਧੀ ਨੇ 5ਵੀਂ ਜਮਾਤ ਤੱਕ। ਸਭ ਤੋਂ ਵੱਡਾ ਬੇਟਾ, ਅਭੀਦ ਹੁਣ 34 ਸਾਲਾਂ ਦਾ ਹੈ ਅਤੇ ਉਹ ਮੇਰੇ ਨਾਲ਼ ਹੀ ਕੰਮ ਕਰਦਾ ਹੈ। 2012 ਵਿੱਚ, ਉਸਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਰਾਜ ਪੁਰਸਕਾਰ ਜਿੱਤਿਆ।
''ਇਨ੍ਹਾਂ ਸਾਲਾਂ ਵਿੱਚ ਕਈ ਮਹੱਤਵਪੂਰਨ ਗੁਰੂਆਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਨੂਰ ਦੀਨ ਭੱਟ ਉਨ੍ਹਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਸ੍ਰੀਨਗਰ ਦੇ ਨਰਵਾਰਾ (ਇਲਾਕੇ) ਵਿਖੇ ਨੂਰ-ਰੋੜ-ਤੋਇਕ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਉਹ ਮੇਰੇ ਚਹੇਤਿਆਂ ਵਿੱਚੋਂ ਇੱਕ ਸਨ।
ਮੈਂ ਉਨ੍ਹਾਂ ਨੂੰ ਉਦੋਂ ਮਿਲਿਆ ਸੀ ਜਦੋਂ ਉਨ੍ਹਾਂ ਦਾ ਸੱਜਾ ਪਾਸਾ ਮਾਰਿਆ (ਲਕਵੇ ਕਾਰਨ) ਗਿਆ ਸੀ ਤੇ ਉਹ ਮੰਜੇ 'ਤੇ ਸਨ। ਉਦੋਂ ਮੈਂ 40 ਸਾਲਾਂ ਨੂੰ ਪਾਰ ਕਰ ਚੁੱਕਾ ਸਾਂ। ਲੋਕ ਉਨ੍ਹਾਂ ਨੂੰ ਫੈਕਟਰੀਆਂ ਤੋਂ ਲੱਕੜ ਦੇ ਤਖ਼ਤੇ ਜਾਂ ਕੌਫ਼ੀ ਟੇਬਲ ਲਿਆ ਕੇ ਦਿੰਦੇ ਤੇ ਉਹ ਆਪਣੇ ਬਿਸਤਰੇ 'ਤੇ ਉਨ੍ਹਾਂ ਨੂੰ ਲੇਟੇ-ਲੇਟੇ ਹੀ ਉਕੇਰ ਦਿਆ ਕਰਦੇ। ਇਸੇ ਆਮਦਨ ਤੋਂ ਹੀ ਉਹ ਆਪਣੀ ਪਤਨੀ ਅਤੇ ਬੇਟੇ ਦੀ ਦੇਖਭਾਲ਼ ਕਰਦੇ। ਉਨ੍ਹਾਂ ਨੇ ਮੇਰੇ ਛੋਟੇ ਭਰਾਵਾਂ ਅਤੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨਾਂ ਨੂੰ ਕੰਮ ਕਰਨਾ ਵੀ ਸਿਖਾਇਆ। ਪਹਿਲੀ ਵਾਰ ਜਦੋਂ ਮੈਂ ਉਨ੍ਹਾਂ ਕੋਲ਼ ਗਿਆਂ ਅਤੇ ਕੰਮ ਸਿਖਾਉਣ ਲਈ ਕਿਹਾ ਤਾਂ ਉਨ੍ਹਾਂ ਮਜ਼ਾਕ ਵਿੱਚ ਕਿਹਾ,"ਤੁਸੀਂ ਬਹੁਤ ਲੇਟ ਹੋ ਗਏ ਹੋ"।
ਮੇਰੇ ਗੁਰੂ ਨੇ ਮੈਨੂੰ ਔਜ਼ਾਰਾਂ ਤੇ ਰੇਗਮਾਰ (ਸੈਂਡਪੇਪਰ) ਦਾ ਇਸਤੇਮਾਲ ਕਰਕੇ ਡਿਜ਼ਾਈਨ ਬਣਾਉਣਾ ਸਿਖਾਇਆ। ਮਰਨ ਤੋਂ ਪਹਿਲਾਂ ਉਨ੍ਹਾਂ ਮੈਨੂੰ ਕਿਹਾ ਸੀ ਕਿ ਜੇ ਮੈਂ ਕਦੇ ਨਿਰਾਸ਼ ਜਾਂ ਪਰੇਸ਼ਾਨ ਹੋਵਾਂ ਤਾਂ ਫੁੱਲਾਂ ਨੂੰ ਨਿਹਾਰਣ ਲਈ ਬਗ਼ੀਚੇ ਵਿੱਚ ਚਲਾ ਜਾਵਾਂ: "ਅੱਲ੍ਹਾ ਦੀ ਬਣਾਈ ਦੁਨੀਆ ਵਿੱਚ ਮੋੜਾਂ-ਘੋੜਾਂ ਅਤੇ ਰੇਖਾਵਾਂ ਨੂੰ ਦੇਖਾਂ ਤੇ ਸਿੱਖਾਂ।"
ਪਹਿਲਾਂ, ਮੇਰਾ ਹੱਥ ਬਹੁਤ ਫੁਰਤੀ ਨਾਲ਼ ਚੱਲਦਾ ਸੀ, ਮੈਂ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰ ਸਕਦਾ ਸਾਂ। ਹੁਣ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੇ ਹੱਥ ਓਨੇ ਤੇਜ਼ ਨਹੀਂ ਰਹੇ। ਪਰ ਮੈਂ ਹਮੇਸ਼ਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਰਹਾਂਗਾ।
ਤਰਜਮਾ: ਕਮਲਜੀਤ ਕੌਰ