ਸਰਵਸਵਤੀ ਬਾਉਰੀ ਨੂੰ ਚੋਖਾ ਘਾਟਾ ਝੱਲਣਾ ਪਿਆ।
ਜਦੋਂ ਤੋਂ ਉਸ ਦਾ ਸਬੂਜ ਸਾਥੀ ਸਾਈਕਲ ਚੋਰੀ ਹੋਇਆ ਹੈ, ਉਦੋਂ ਤੋਂ ਉਸ ਲਈ ਸਕੂਲ ਜਾਣਾ ਇੱਕ ਚੁਣੌਤੀ ਬਣ ਗਿਆ ਹੈ। ਸਰਸਵਤੀ ਨੂੰ ਉਹ ਦਿਨ ਯਾਦ ਹੈ ਜਦੋਂ ਸਰਕਾਰੀ ਸਕੂਲਾਂ ਦੀ 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਰਾਜ ਸਰਕਾਰ ਦੀ ਇੱਕ ਯੋਜਨਾ ਤਹਿਤ ਉਹਨੂੰ ਵੀ ਸ਼ਾਨਦਾਰ ਸਾਈਕਲ ਮਿਲ਼ਿਆ ਸੀ। ਹਾਏ! ਉਹ ਚਮਕਦੇ ਲਾਲੀ ਛੱਡਦੇ ਸੂਰਜ ਹੇਠ ਕਿਵੇਂ ਚਮਕਾਂ ਮਾਰਿਆ ਕਰਦਾ ਸੀ!
ਅੱਜ, ਉਹ ਇਸੇ ਉਮੀਦ ਨਾਲ਼ ਗ੍ਰਾਮਪ੍ਰਧਾਨ ਕੋਲ਼ ਆਈ ਹੈ ਅਤੇ ਨਵੀਂ ਸਾਈਕਲ ਲਈ ਬੇਨਤੀ ਕਰ ਰਹੀ ਹੈ। "ਤੈਨੂੰ ਆਪਣਾ ਸਾਈਕਲ ਮਿਲ਼ ਜਾਵੇਗਾ, ਬੱਚਾ, ਪਰ ਤੇਰਾ ਸਕੂਲ ਲੰਬੇ ਸਮੇਂ ਤੱਕ ਨਹੀਂ ਚੱਲਣਾ," ਸਰਪੰਚ ਮੁਸਕਰਾਉਂਦਾ ਆਪਣੇ ਮੋਢੇ ਛੰਡਦਾ ਹੈ। ਸਰਸਵਤੀ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਗ੍ਰਾਮਪ੍ਰਧਾਨ ਦੇ ਕਹਿਣ ਦਾ ਕੀ ਮਤਲਬ ਸੀ? ਪਹਿਲਾਂ ਹੀ ਉਹ 5 ਕਿਲੋਮੀਟਰ ਪੈਡਲ ਮਾਰ ਕੇ ਸਾਈਕਲ ਪਹੁੰਚਦੀ ਹੈ। ਹੁਣ ਜੇਕਰ ਦੂਰੀ ਹੋਰ ਵੱਧ (10 ਜਾਂ 20 ਕਿਲੋਮੀਟਰ ਜਾਂ ਵੱਧ) ਹੋ ਗਈ ਤਾਂ ਉਸ ਦੀ ਜ਼ਿੰਦਗੀ ਹੀ ਖ਼ਰਾਬ ਹੋ ਜਾਵੇਗੀ। ਕੰਨਿਆਸ਼੍ਰੀ ਸਕੀਮ ਅਧੀਨ ਸਾਲ ਵਿੱਚ ਮਿਲ਼ਣ ਵਾਲ਼ੇ ਇੱਕ ਹਜਾਰ ਰੁਪਏ ਦੀ ਰਾਸ਼ੀ ਨਾਲ਼ ਉਹ ਆਪਣੇ ਪਿਤਾ ਦੇ ਵਿਰੋਧ ਅੱਗੇ ਬਹੁਤੀ ਦੇਰ ਟਿਕ ਨਹੀਂ ਪਾਵੇਗੀ ਤੇ ਅਖੀਰ ਵਿਆਹ ਦਿੱਤੀ ਜਾਵੇਗੀ।
ਸਾਈਕਲ
ਸਕੂਲ ਚੱਲੀ ਜਦ ਬੱਚੀ ਸਕੂਲ ਚੱਲੀ
ਹੋ ਸਾਈਕਲ 'ਤੇ ਸਵਾਰ ਮਹੂਏ ਦੇ ਪਾਰ ਚੱਲੀ...
ਸਟੀਲ ਦੇ ਹਲ਼ ਵਾਂਗਰ ਮਜ਼ਬੂਤ ਏ ਬੜੀ,
ਸਰਕਾਰੀ ਬਾਬੂ ਨੂੰ ਭੋਇੰ ਦੀ ਏ ਤਲਬ ਲੱਗੀ,
ਜੇ ਸਕੂਲ ਬੰਦ ਹੋ ਗਏ ਤਾਂ ਬਣੂ ਕੀ?
ਬਾਲੜੀ ਦੇ ਮੱਥੇ 'ਤੇ ਕਿਉਂ ਤਿਓੜੀ ਚੜ੍ਹੀ?
*****
ਫੁਲਕੀ ਟੂਡੂ ਦਾ ਬੇਟਾ ਸੜਕ 'ਤੇ ਖੇਡ ਰਿਹਾ ਹੈ ਜਿੱਥੇ ਬੁਲਡੋਜ਼ਰ ਆਪਣੇ ਨਿਸ਼ਾਨ ਛੱਡ ਗਿਆ ਹੈ।
ਉਮੀਦ ਵੀ ਕਿਤੇ ਨਾ ਕਿਤੇ ਐਸ਼ ਦਾ ਝਲਕਾਰਾ ਨਾ ਬਣ ਜਾਵੇ, ਸੋ ਉਹ ਉਮੀਦ ਵੀ ਨਹੀਂ ਪਾਲ਼ ਸਕਦੀ। ਨਿਸ਼ਚਤ ਤੌਰ 'ਤੇ ਕੋਵਿਡ ਤੋਂ ਬਾਅਦ ਤਾਂ ਉੱਕਾ ਹੀ ਨਹੀਂ। ਜਿਹਦੀ ਚੌਪ - ਘੁਗਨੀ ਦੀ ਛੋਟੀ ਜਿਹੀ ਗੁਮਟੀ 'ਤੇ ਸਰਕਾਰ ਨੇ ਬੁਲਡੋਜ਼ਰ ਚਲਾ ਦਿੱਤਾ ਹੈ ਤਾਂ ਉਹ ਇਨਸਾਨ ਉਮੀਦ ਪਾਲ਼ੇ ਵੀ ਕਿਹਦੇ ਆਸਰੇ? ਸਰਕਾਰ ਵੀ ਤਾਂ ਉਨ੍ਹਾਂ ਹੀ ਲੋਕਾਂ ਦੀ ਹੈ ਜੋ ਫਾਸਟ ਫੂਡ ਅਤੇ ਪਕੌੜੇ ਤਲ਼ਣ ਨੂੰ ਸਾਡੀ ਉਦਯੋਗਿਕ ਤਾਕਤ ਦੀ ਨੀਂਹ ਕਹਿੰਦੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਪੈਸੇ ਲੁੱਟ ਲਏ, ਜਦੋਂ ਉਹ ਸਟਾਲ ਲਗਾਉਣਾ ਚਾਹੁੰਦੀ ਸੀ। ਹੁਣ ਇਹ ਲੋਕ ਕਬਜ਼ੇ ਵਿਰੁੱਧ ਮੁਹਿੰਮ ਚਲਾ ਰਹੇ ਹਨ।
ਵਧਦੇ ਕਰਜ਼ੇ ਨੂੰ ਚੁਕਾਉਣ ਲਈ, ਉਹਦਾ ਪਤੀ ਉਸਾਰੀ ਵਾਲ਼ੀ ਥਾਂ 'ਤੇ ਮਜ਼ਦੂਰੀ ਦੀ ਭਾਲ਼ ਵਿੱਚ ਮੁੰਬਈ ਚਲਾ ਗਿਆ ਹੈ। "ਇਹ ਪਾਰਟੀ ਕਹਿੰਦੀ ਹੈ, 'ਅਸੀਂ ਤੁਹਾਨੂੰ ਹਰ ਮਹੀਨੇ 1200 ਰੁਪਏ ਦਿਆਂਗੇ।' ਢੱਠੇ ਖੂਹ ਪਵੇ ਲੋਖਿਰ (ਲਕਸ਼ਮੀ) ਭੰਡਾਰ, ਢੱਠੇ ਖੂਹ ਪਵੇ ਮੰਦਰ-ਮਸਜਿਦ। ਮੈਨੂੰ ਕੀ'?" ਫੁਲਕੀ ਗੁੱਸੇ ਨਾਲ਼ ਕਹਿੰਦੀ ਹੈ, "ਨੀਚ ਚਾਰ ਜ਼ਮਾਨਿਆਂ ਦੇ! ਪਹਿਲਾਂ ਮੇਰੇ 50 ਹਜ਼ਾਰ ਰੁਪਏ ਮੋੜੋ, ਜੋ ਮੈਂ ਰਿਸ਼ਵਤ ਵਜੋਂ ਦਿੱਤੇ ਸਨ!''
ਬੁਲਡੋਜ਼ਰ
ਕਰਜ਼ੇ ਹੇਠ ਜੰਮੇ ਆਂ, ਉਮੀਦ ਨਾ ਪਾਲੀਏ,
ਵੇਸਣ 'ਚ ਡੁੱਬ ਪਕੌੜੇ ਵਾਂਗ ਤਲ਼ੇ ਜਾਈਏ।
ਲੋਖਿਰ (ਲਕਸ਼ਮੀ) ਭੰਡਾਰ 'ਤੇ ਅਖੀਰ
ਚੱਲ ਪਿਆ ਬੁਲਡੋਜ਼ਰ,
ਮੁੜ੍ਹਕੇ ਚੋਂਦੀ ਕਮਾਈ ਸਾਡੀ 'ਤੇ ਦੇਸ਼ ਹੈ ਪਲ਼ ਰਿਹਾ-
ਕੀਤੇ ਵਾਅਦਿਆਂ ਤੋਂ ਕਿਉਂ ਹੈ ਪਾਸਾ ਵੱਟ ਰਿਹਾ?
*****
ਜ਼ਿਆਦਾਤਰ ਲੋਕਾਂ ਦੇ ਉਲਟ, ਲਾਲ ਬਾਗੜੀ ਨੂੰ ਮਨਰੇਗਾ ਤਹਿਤ 100 ਦਿਨਾਂ ਵਿੱਚੋਂ 100 ਦਿਨ ਕੰਮ ਕਰਨ ਦਾ ਮੌਕਾ ਮਿਲ਼ਿਆ; ਇਹ ਜਸ਼ਨ ਮਨਾਉਣ ਵਾਲ਼ੀ ਗੱਲ ਸੀ। ਪਰ ਨਹੀਂ! ਲਾਲੂ ਬਾਗੜੀ ਸਰਕਾਰੀ ਝਗੜੇ ਵਿੱਚ ਲਟਾਪੀਂਘ ਹੋ ਕੇ ਰਹਿ ਗਏ। ਸਰਕਾਰੀ ਬਾਬੂਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਸਵੱਛ ਭਾਰਤ ਯੋਜਨਾ ਤਹਿਤ ਆਪਣੇ ਦਿਨ ਪੂਰੇ ਕਰ ਲਏ ਹਨ ਜਾਂ ਰਾਜ ਸਰਕਾਰ ਦੇ ਮਿਸ਼ਨ ਨਿਰਮਲ ਬੰਗਲਾ ਤਹਿਤ ਅਤੇ ਉਨ੍ਹਾਂ ਦੀ ਅਦਾਇਗੀ ਨੌਕਰਸ਼ਾਹੀ ਦੀ ਲਾਪਰਵਾਹੀ ਵਿੱਚ ਫਸ ਕੇ ਰਹਿ ਗਈ ਸੀ।
ਲਾਲੂ ਬਾਗੜੀ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ,"ਨਿਕੰਮੇ ਨੇ ਇੱਕ ਨੰਬਰ ਦੇ, ਸਾਰੇ ਕੇ ਸਾਰੇ। ਝਾੜੂ, ਝਾੜੂ ਹੈ, ਕੂੜਾ ਤਾਂ ਕੂੜਾ ਹੀ ਹੈ, ਹੈ ਕਿ ਨਾ? ਜੇ ਤੁਸੀਂ ਉਨ੍ਹਾਂ ਦੇ ਨਾਮ 'ਤੇ ਯੋਜਨਾ ਬਣਾਉਂਦੇ ਹੋ ਤਾਂ ਕੀ ਫਾਇਦਾ? ਇਸ ਨਾਲ਼ ਕੀ ਫਰਕ ਪੈਂਦਾ ਹੈ, ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ? ਖੈਰ, ਫਰਕ ਤਾਂ ਪੈਂਦਾ ਹੈ। ਕੌਮ ਦੇ ਹੰਕਾਰ 'ਚ ਡੁੱਬਿਆ ਮੂਰਖ ਆਦਮੀ, ਕੂੜੇ ਵਿੱਚ ਵੀ ਭੇਦਭਾਵ ਕਰਦਾ ਹੈ।
ਕੂੜੇ ਦਾ ਡੱਬਾ
ਕਹੋ ਨਿਰਮਲ ਬਾਈ, ਕੀ ਹਾਲ ਚਾਲ਼?
''ਬਿਨ ਤਨਖ਼ਾਹੋਂ ਕਰਮੀ ਖੜ੍ਹੇ ਬਣ ਕਤਾਰ।''
ਇਨ੍ਹਾਂ ਨਦੀਆਂ 'ਤੇ ਲਾਸ਼ਾਂ ਨਈਂ ਤੈਰਦੀਆਂ...
ਮਜ਼ਦੂਰਾਂ ਦੇ ਹੱਕ? ਜਿਓਂ ਅੱਖਾਂ ਹੋਣ ਗੈਰ ਦੀਆਂ...
''
ਸਵੱਛ
ਭਰਾਵਾ
ਤੇਰੀ ਜੈ ਹੋਵੇ, ਦੱਸ ਕਿਵੇਂ ਐਂ?
''ਮੁੜ੍ਹਕਾ ਹੋਇਆ ਭਗਵਾ, ਹਰਾ ਮੇਰਾ ਲਹੂ ਹੋਇਐ।''
*****
ਫਾਰੂਕ ਮੰਡਲ ਸੁੱਖ ਦਾ ਸਾਹ ਲੈਣ ਦੇ ਯੋਗ ਨਹੀਂ ਹੈ! ਕਈ ਮਹੀਨਿਆਂ ਦੇ ਸੋਕੇ ਤੋਂ ਬਾਅਦ ਮੀਂਹ ਪਿਆ, ਫਿਰ ਜਿਓਂ ਹੀ ਫ਼ਸਲ ਦੀ ਵਾਢੀ ਹੋਣ ਵਾਲ਼ੀ ਸੀ, ਅਚਾਨਕ ਹੜ੍ਹ ਆ ਗਿਆ ਅਤੇ ਖੇਤ ਵਹਿ ਗਿਆ। "ਹਾਏ ਓਏ ਅੱਲ੍ਹਾ, ਹੇ ਮਾਂ ਗੰਧੇਸ਼ਵਰੀ, ਮੇਰੇ 'ਤੇ ਇੰਨੀ ਬੇਰਹਿਮੀ ਕਿਉਂ?" ਹਿਰਖੇ ਮਨ ਨਾਲ਼ ਉਹ ਪੁੱਛਦਾ ਰਿਹਾ।
ਜੰਗਲਮਹਿਲ - ਜਿੱਥੇ ਪਾਣੀ ਦੀ ਹਮੇਸ਼ਾ ਘਾਟ ਰਹੀ ਹੈ, ਪਰ ਵਾਅਦੇ, ਨੀਤੀਆਂ, ਪ੍ਰੋਜੈਕਟ ਬਹੁਤ ਜ਼ਿਆਦਾ ਨਜ਼ਰ ਆਉਂਦੇ ਹਨ। ਸਜਲ ਧਾਰਾ, ਅੰਮ੍ਰਿਤ ਜਲ। ਇਹ ਨਾਮ ਹੀ ਫਿਰਕੂ ਤਣਾਅ ਦਾ ਕਾਰਨ ਰਿਹਾ ਹੈ - ਕੀ ਇਹਨੂੰ ਜਲ ਕਹਿਣਾ ਚਾਹੀਦਾ ਹੈ ਜਾਂ ਪਾਣੀ? ਪਾਈਪਾਂ ਪਾ ਦਿੱਤੀਆਂ ਗਈਆਂ ਹਨ, ਗ੍ਰਾਂਟਾਂ ਮਿਲ਼ਦੀਆਂ ਰਹੀਆਂ ਹਨ, ਪਰ ਪੀਣ ਵਾਲ਼ੇ ਸਾਫ਼ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਨਿਰਾਸ਼ ਹੋ ਕੇ ਫਾਰੂਕ ਅਤੇ ਉਸ ਦੀ ਬੀਬੀਜਾਨ ਨੇ ਖੂਹ ਪੁੱਟਣਾ ਸ਼ੁਰੂ ਕਰ ਦਿੱਤਾ ਹੈ, ਲਾਲ ਧਰਤੀ ਪੁੱਟ ਕੇ ਲਾਲ ਚੱਟਾਨ ਤੱਕ ਪਹੁੰਚ ਗਏ ਹਨ, ਪਰ ਅਜੇ ਤੱਕ ਪਾਣੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਮਿਲ਼ਿਆ। "ਹਾਏ ਓਏ ਅੱਲ੍ਹਾ, ਹੇ ਮਾਂ ਗੰਧੇਸ਼ਵਰੀ, ਤੂੰ ਇੰਨੀ ਪੱਥਰ-ਦਿਲ ਕਿਉਂ ਹੈਂ?"
ਸੋਕਾ
ਅੰਮਰੁਤ ਕਹਾਂ ਜਾਂ ਅੰਮ੍ਰਿਤ? ਕਿਹੜਾ ਏ ਢੁਕਵਾਂ?
ਆਪਾਂ ਕੀ ਆਪਣੀ ਮਾਂ-ਬੋਲੀ ਨੂੰ ਸਿੰਝਦੇ ਵੀ ਆਂ,
ਜਾਂ ਕਰ ਦਿੱਤਾ ਏ ਵਿਦਾ?
ਸੈਫ੍ਰਨ...ਕਹੀਏ ਜਾਂ ਜ਼ਾਫ਼ਰਾਨ... ਮਸਲਾ ਈ ਬਣਿਆ ਰਹਿਣਾ
ਸਭ ਛੱਡ ਉਸ ਧਰਤੀ ਨੂੰ ਵੋਟ ਦੇਈਏ ਜੋ ਸੋਚੀਂ ਵੱਸਦੀ ਏ,
ਜਾਂ ਲੈ ਟੋਟਾ ਵੱਖ ਹੋ ਜਾਈਏ, ਦੁਨੀਆ ਦਾ ਏ ਕੀ ਕਹਿਣਾ?
*****
ਸੋਨਾਲੀ ਮਹਤੋ ਅਤੇ ਅੱਲੜ੍ਹ ਉਮਰ ਦਾ ਰਾਮੂ ਹਸਪਤਾਲ ਦੇ ਗੇਟ ਨੇੜੇ ਸਦਮੇ ਵਿੱਚ ਖੜ੍ਹੇ ਸਨ। ਪਹਿਲਾਂ ਬਾਬਾ ਅਤੇ ਹੁਣ ਮਾਂ। ਇੱਕ ਸਾਲ ਦੇ ਅੰਦਰ ਦੋ ਲਾਇਲਾਜ ਬਿਮਾਰੀਆਂ।
ਸਰਕਾਰੀ ਸਿਹਤ ਬੀਮਾ ਕਾਰਡ ਫੜ੍ਹੀ, ਉਹ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਖੱਜਲ-ਖੁਆਰ ਹੁੰਦੇ ਰਹੇ, ਇਲਾਜ ਦੀ ਭੀਖ ਮੰਗਦੇ ਰਹੇ, ਬੇਨਤੀ ਕਰਦੇ ਰਹੇ, ਵਿਰੋਧ ਦਰਜ ਕਰਾਉਂਦੇ ਰਹੇ। ਸਿਹਤ ਸਾਥੀ ਦੁਆਰਾ ਦਿੱਤੀ ਗਈ 5 ਲੱਖ ਰੁਪਏ ਦੀ ਸਹਾਇਤਾ ਬਹੁਤ ਘੱਟ ਸੀ। ਉਨ੍ਹਾਂ ਕੋਲ਼ ਕੋਈ ਜ਼ਮੀਨ ਨਹੀਂ ਸੀ ਅਤੇ ਜਲਦੀ ਹੀ ਉਹ ਬੇਘਰ ਹੋਣ ਵਾਲ਼ੇ ਸਨ। ਉਸਨੇ ਅਯੂਸ਼ਮਾਨ ਭਾਰਤ ਲਈ ਅਰਜ਼ੀ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸੰਭਵ ਹੈ ਜਾਂ ਇਸ ਤੋਂ ਕੋਈ ਮਦਦ ਮਿਲ਼ੇਗੀ। ਕਈਆਂ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਨੂੰ ਵਾਪਸ ਲੈ ਲਿਆ ਹੈ। ਹੋਰਨਾਂ ਨੇ ਕਿਹਾ ਕਿ ਟ੍ਰਾਂਸਪਲਾਂਟ ਸਰਜਰੀ ਬੀਮੇ ਨੂੰ ਕਵਰ ਨਹੀਂ ਕਰਦੀ। ਫਿਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਸ ਇਲਾਜ ਲਈ ਹਿੱਸੇ ਆਉਂਦਾ ਪੈਸਾ ਕਾਫ਼ੀ ਨਹੀਂ ਹੋਵੇਗਾ। ਜਾਣਕਾਰੀ ਦੇਣ ਦੇ ਨਾਂ 'ਤੇ ਉਨ੍ਹਾਂ ਨੇ ਜ਼ਿੰਦਗੀ 'ਚ ਹਫੜਾ-ਦਫੜੀ ਮਚਾ ਦਿੱਤੀ।
"ਦ-ਦ-ਦੀਦੀ ਰੇ, ਕਿਉਂ ਸਾਨੂੰ ਸਕੂਲ ਦੌਰਾਨ ਇਹ ਨਹੀਂ ਦੱਸਿਆ ਗਿਆ ਕਿ ਸਰਕਾਰ ਸਾਡੇ ਨਾਲ਼ ਹੈ ਜਾਂ ਨਹੀਂ?" ਰਾਮੂ ਨੇ ਲਰਜ਼ਦੀ ਅਵਾਜ਼ ਵਿੱਚ ਕਿਹਾ। ਆਪਣੀ ਉਮਰ ਦੇ ਲਿਹਾਜ਼ ਨਾਲ਼ ਉਹ ਹਾਲਤ ਨੂੰ ਬਿਹਤਰ ਢੰਗ ਨਾਲ਼ ਪੜ੍ਹ ਪਾ ਰਿਹਾ ਸੀ। ਸੋਨਾਲੀ ਚੁੱਪ ਖੜ੍ਹੀ ਸੀ, ਕਿਸੇ ਖਲਾਅ ਵਿੱਚ ਝਾਕਦੀ ਹੋਈ...
ਵਾਅਦੇ
ਆਸ਼ਾ ਦੀਦੀ! ਆਸ਼ਾ ਦੀਦੀ, ਬਾਂਹ ਫੜ੍ਹ ਲਓ ਨਾ ਸਾਡੀ!
ਬਾਬਾ ਨੂੰ ਚਾਹੀਦੈ ਦਿਲ ਨਵਾਂ, ਮਾਂ ਨੂੰ ਗੁਰਦੇ ਦੀ ਬੀਮਾਰੀ।
ਤਤ ਸਤ ਆਪਣੀ ਸਿਹਤ, ਤੇ ਸਾਥੀ ਮਾਨੇ ਦੋਸਤ,
ਅਖੀਰ ਨੂੰ ਵੇਚੀ ਭੋਇੰ, ਤੇ ਵੇਚ ਦਿੱਤੈ ਆਪਣਾ ਗੋਸ਼ਤ
ਅਯੂਸ਼, ਅਯੂਸ਼, ਕਦੋਂ ਮੁੜ ਆਵੇਂਗਾ, ਦੁਖ ਦਾ ਦਾਰੂ ਬਣੇਂਗਾ?
ਤੂੰ ਸ਼ੇਖੀਬਾਜ਼ ਏਂ, ਜਾਂ ਕੁਝ ਨਹੀਂ ਤੇਰੇ ਪੱਲੇ
ਇਹੀ ਕਹੇਂਗਾ?
*****
ਕਵੀ ਸਮਿਤਾ ਖਟੋਰ ਦਾ ਤਹਿ-ਦਿਲੋਂ ਧੰਨਵਾਦੀ ਹੈ ਜਿਨ੍ਹਾਂ ਦੇ ਵਿਚਾਰ ਦੀ ਬਦੌਲਤ ਇਹ ਕਵਿਤਾ ਬਣ ਕੇ ਉੱਭਰੀ।
ਤਰਜਮਾ: ਕਮਲਜੀਤ ਕੌਰ