ਜਿਓਂ-ਜਿਓਂ ਸਰਦੀਆਂ ਦੀ ਫ਼ਸਲ ਦੀ ਕਟਾਈ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਕ੍ਰਿਸ਼ਨਾ ਅੰਬੁਲਕਰ ਰੋਜ਼ ਤੜਕੇ 7 ਵਜੇ ਹੀ ਘਰ-ਘਰ ਜਾ ਕੇ ਵਸੂਲੀ ਲਈ ਨਿਕਲ਼ ਪੈਂਦੇ ਹਨ, ਜਾਇਦਾਦ ਅਤੇ ਪਾਣੀ 'ਤੇ ਲੱਗੇ ਟੈਕਸ ਦੀ ਵਸੂਲੀ ਦਾ ਅਭਿਆਨ ਹੈ।
"ਇੱਥੋਂ ਦੇ ਕਿਸਾਨ ਇੰਨੇ ਗ਼ਰੀਬ ਹਨ ਕਿ ਦਿੱਤੇ ਗਏ ਟੀਚੇ ਦੀ 65 ਪ੍ਰਤੀਸ਼ਤ ਵਸੂਲੀ ਵੀ ਇੱਕ ਅਸੰਭਵ ਕੰਮ ਜਾਪਦਾ ਹੈ," ਜ਼ਮਕੋਲੀ ਵਿੱਚ ਨਿਯੁਕਤ ਇੱਕੋ-ਇੱਕ ਪੰਚਾਇਤ ਕਰਮਚਾਰੀ ਕਹਿੰਦੇ ਹਨ।
ਜ਼ਮਕੋਲੀ ਨਾਗਪੁਰ ਤੋਂ 75 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੇ ਮੁੱਖ ਤੌਰ 'ਤੇ ਮਾਨਾ ਅਤੇ ਗੋਵਰੀ (ਅਨੁਸੂਚਿਤ ਜਨਜਾਤੀ) ਭਾਈਚਾਰੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਥੁੜ੍ਹਾਂ ਮਾਰੇ ਅਤੇ ਗ਼ਰੀਬ ਛੋਟੇ ਕਿਸਾਨ ਹਨ ਜੋ ਸੁੱਕੀ ਜ਼ਮੀਨ 'ਤੇ ਖੇਤੀ ਕਰਦੇ ਹਨ। ਜੇ ਉਨ੍ਹਾਂ ਦਾ ਆਪਣਾ ਖੂਹ ਜਾਂ ਬੋਰਵੈੱਲ ਹੋਵੇ, ਤਾਂ ਇਹ ਕਿਸਾਨ ਕਪਾਹ, ਸੋਇਆਬੀਨ, ਅਰਹਰ ਅਤੇ ਇੱਥੋਂ ਤੱਕ ਕਿ ਕਣਕ ਵੀ ਉਗਾਉਂਦੇ ਹਨ। ਚਾਲ੍ਹੀ ਸਾਲਾ ਕ੍ਰਿਸ਼ਨਾ ਪਿੰਡ ਦੇ ਇਕਲੌਤੇ ਵਿਅਕਤੀ ਹਨ ਜੋ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨਾਲ਼ ਸਬੰਧਤ ਹਨ - ਉਹ ਨਹਵੀ (ਨਾਈ) ਜਾਤੀ ਦੇ ਹਨ।
ਇਸ ਸਾਲ ਖੇਤੀ ਨੂੰ ਕੇਂਦਰ ਵਿੱਚ ਰੱਖ ਕੇ ਬਣਾਏ ਗਏ ਬਜਟ ਦੇ ਨਵੀਂ ਦਿੱਲੀ ਦੇ ਖੋਖਲੇ ਦਾਅਵਿਆਂ ਅਤੇ ਮੱਧ ਵਰਗ ਲਈ ਟੈਕਸ ਰਾਹਤ ਨੂੰ ਲੈ ਕੇ ਕਥਿਤ ਤੌਰ 'ਤੇ ਵਿਤੋਂ-ਵੱਧ ਉਤਸ਼ਾਹ ਦੇ ਬਾਵਜੂਦ, ਅੰਬੁਲਖਰ ਪੰਚਾਇਤ ਵਿੱਚ ਟੈਕਸ ਵਸੂਲੀ ਨੂੰ ਲੈ ਕੇ ਤਣਾਅ ਬਰਕਰਾਰ ਹੈ। ਦੂਜੇ ਪਾਸੇ ਪਿੰਡ ਦੇ ਕਿਸਾਨ ਫ਼ਸਲਾਂ ਦੀਆਂ ਕੀਮਤਾਂ 'ਚ ਗਿਰਾਵਟ ਨੂੰ ਲੈ ਕੇ ਚਿੰਤਤ ਹਨ।
ਕ੍ਰਿਸ਼ਨਾ ਦੀ ਚਿੰਤਾ ਨੂੰ ਆਸਾਨੀ ਨਾਲ਼ ਸਮਝਿਆ ਜਾ ਸਕਦਾ ਹੈ - ਜੇ ਉਹ ਟੈਕਸ ਵਸੂਲੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਤਨਖਾਹ ਦੇ 11,500 ਰੁਪਏ ਨਹੀਂ ਮਿਲ਼ਣਗੇ, ਜੋ ਪੰਚਾਇਤ ਦੇ ਟੈਕਸ ਮਾਲੀਆ ਵਜੋਂ ਇਕੱਠੇ ਕੀਤੇ ਗਏ 5.5 ਲੱਖ ਰੁਪਏ ਤੋਂ ਹੀ ਆਉਣੀ ਹੈ।
![](/media/images/02a-IMG20250203102238-JH-Our_budgets_are_t.max-1400x1120.jpg)
![](/media/images/02b-IMG20250203131606-JH-Our_budgets_are_t.max-1400x1120.jpg)
ਸੱਜੇ: ਕ੍ਰਿਸ਼ਨਾ ਅੰਬੁਲਖਰ ਜ਼ਮਕੋਲੀ ਗ੍ਰਾਮ ਪੰਚਾਇਤ ਦੇ ਇਕਲੌਤੇ ਕਰਮਚਾਰੀ ਹਨ। ਉਹ ਪੰਚਾਇਤ ਦੇ ਟੈਕਸ ਵਸੂਲੀ ਨੂੰ ਲੈ ਕੇ ਚਿੰਤਤ ਹਨ, ਕਿਉਂਕਿ ਉਨ੍ਹਾਂ ਦੀ ਤਨਖਾਹ ਇਸ ਤੋਂ ਆਉਂਦੀ ਹੈ। ਸੱਜੇ: ਜ਼ਮਕੋਲੀ ਦੀ ਸਰਪੰਚ ਸ਼ਾਰਦਾ ਰਾਉਤ ਦਾ ਕਹਿਣਾ ਹੈ ਕਿ ਇੱਥੋਂ ਦੇ ਕਿਸਾਨਾਂ ਨੂੰ ਮਹਿੰਗਾਈ ਅਤੇ ਵਧਦੀਆਂ ਲਾਗਤਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
"ਸਾਡੀ ਲਾਗਤ ਪਹਿਲਾਂ ਦੇ ਮੁਕਾਬਲੇ ਦੁੱਗਣੀ ਜਾਂ ਤਿੰਨ ਗੁਣਾ ਹੋ ਗਈ ਹੈ। ਮਹਿੰਗਾਈ ਦਾ ਅਸਰ ਸਿੱਧੇ ਤੌਰ 'ਤੇ ਸਾਡੀ ਬੱਚਤ 'ਤੇ ਪੈ ਰਿਹਾ ਹੈ," ਪਿੰਡ ਦੀ ਸਰਪੰਚ ਸ਼ਾਰਦਾ ਰਾਉਤ ਕਹਿੰਦੇ ਹਨ, ਜੋ ਗੋਵਾਰੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ। ਕਰੀਬ 45 ਸਾਲਾ ਸ਼ਾਰਦਾ ਆਪਣੇ ਪਰਿਵਾਰ ਦੀ ਦੋ ਏਕੜ ਜ਼ਮੀਨ 'ਤੇ ਖੇਤੀ ਕਰਨ ਤੋਂ ਇਲਾਵਾ ਬਤੌਰ ਖੇਤ ਮਜ਼ਦੂਰ ਵੀ ਕੰਮ ਕਰਦੇ ਹਨ।
ਫ਼ਸਲਾਂ ਦੀਆਂ ਕੀਮਤਾਂ ਜਾਂ ਤਾਂ ਸਥਿਰ ਹਨ ਜਾਂ ਹੋਰ ਡਿੱਗ ਗਈਆਂ ਹਨ। ਸੋਇਆਬੀਨ 4,850 ਰੁਪਏ ਪ੍ਰਤੀ ਕੁਇੰਟਲ ਦੇ ਭਾਅ 'ਤੇ ਵਿਕ ਰਿਹਾ ਹੈ, ਜੋ ਇਸ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਲਗਭਗ 25 ਫੀਸਦੀ ਘੱਟ ਹੈ। ਕਪਾਹ ਸਾਲਾਂ ਤੋਂ 7,000 ਰੁਪਏ ਪ੍ਰਤੀ ਕੁਇੰਟਲ 'ਤੇ ਅਟਕੀ ਹੋਈ ਹੈ, ਅਤੇ ਅਰਹਰ 7,000 ਤੋਂ 7,500 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਡੋਲ ਰਹੀ ਹੈ। ਇਹ ਐੱਮਐੱਸਪੀ ਦੀ ਹੇਠਲੀ ਸੀਮਾ ਤੋਂ ਥੋੜ੍ਹਾ ਜਿਹਾ ਵੱਧ ਹੈ।
ਸਰਪੰਚ ਦਾ ਕਹਿਣਾ ਹੈ ਕਿ ਕੋਈ ਵੀ ਅਜਿਹਾ ਪਰਿਵਾਰ ਨਹੀਂ ਹੈ ਜੋ ਆਮਦਨ ਦੇ ਕਿਸੇ ਵੀ ਸਰੋਤ ਤੋਂ ਸਾਲਾਨਾ 1 ਲੱਖ ਤੋਂ ਵੱਧ ਕਮਾਉਂਦਾ ਹੋਵੇ। ਇਤਫਾਕ ਨਾਲ਼, ਇਹ ਉਹ ਰਕਮ ਹੈ ਜੋ ਘਟੋਘੱਟ ਟੈਕਸ ਦੇ ਦਾਇਰੇ ਵਿੱਚ ਆਉਣ ਤੋਂ ਬਚਾ ਸਕਾਂਗੇ, ਇਸ ਵਾਰ ਦੇ ਬਜਟ ਮੁਤਾਬਕ।
"ਅਸੀਂ ਸਰਕਾਰ ਦੇ ਬਜਟ ਬਾਰੇ ਕੁਝ ਨਹੀਂ ਜਾਣਦੇ," ਸ਼ਾਰਦਾ ਕਹਿੰਦੇ ਹਨ। "ਪਰ ਅਸੀਂ ਜਾਣਦੇ ਹਾਂ ਸਾਡਾ ਬਜਟ ਡੁੱਬ ਰਿਹਾ ਹੈ।''
ਪੰਜਾਬੀ ਤਰਜਮਾ: ਕਮਲਜੀਤ ਕੌਰ