ਅੰਜਨਾ ਦੇਵੀ ਦੀ ਮੰਨੀਏ ਤਾਂ ਬਜਟ ਵਗੈਰਾ ਬਾਰੇ ਜਾਣਨ ਦਾ ਕੰਮ ਪੁਰਸ਼ਾਂ ਦਾ ਹੈ।
''ਮਰਦ ਲੋਗ ਹੀ ਜਾਨਤਾ ਹੈ ਏ ਸਬ, ਲੇਕਿਨ ਵੋਹ ਤੋਹ ਨਹੀਂ ਹੈਂ ਘਰ ਪੇ,'' ਉਹ ਕਹਿੰਦੇ ਹਨ। ਹਾਂ ਪਰ ਉਨ੍ਹਾਂ ਦੇ ਆਪਣੇ ਘਰ ਦਾ ਬਜਟ ਤਾਂ ਉਹ ਖ਼ੁਦ ਹੀ ਸਾਂਭਦੇ ਹਨ। ਚਮਾਰ ਜਾਤੀ ਨਾਲ਼ ਤਾਅਲੁੱਕ ਰੱਖਦੇ ਅੰਜਨਾ ਪਿਛੜੀ ਜਾਤੀ ਤੋਂ ਆਉਂਦੇ ਹਨ।
''ਬੱਜਟ!'' ਉਹ ਕਹਿੰਦੇ ਹਨ ਤੇ ਦਿਮਾਗ਼ 'ਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ ਕਿ ਭਲ਼ਾ ਉਨ੍ਹਾਂ ਨੇ ਨਵੇਂ ਐਲਾਨਾਂ ਬਾਬਤ ਕੁਝ ਸੁਣਿਆ ਵੀ ਹੈ ਜਾਂ ਨਹੀਂ। ''ਊ ਸਬ ਹਮ ਨਹੀਂ ਸੁਣੇ ਹੈਂ।'' ਪਰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਸੋਂਧੋ ਰਤੀ ਪਿੰਡ ਦੀ ਇਸ ਦਲਿਤ ਨਿਵਾਸੀ ਦਾ ਇੰਨਾ ਜ਼ਰੂਰ ਕਹਿਣਾ ਹੈ,''ਈ ਸਬ (ਬਜਟ) ਪੈਸੇ ਵਾਲ਼ੇ ਲੋਕਾਂ ਲਈ ਆ।''
ਅੰਜਨਾ ਦੇ ਪਤੀ, 80 ਸਾਲਾ ਸ਼ੰਭੂ ਰਾਮ, ਜੋ ਉਸ ਸਮੇਂ ਭਜਨ ਗਾਉਣ ਕਿਤੇ ਬਾਹਰ ਗਏ ਸਨ, ਆਪਣੇ ਘਰੇ ਹੀ ਰੇਡੀਓ ਮੁਰੰਮਤ ਦਾ ਕੰਮ ਕਰਦੇ ਹਨ। ਪਰ ਬਹੁਤ ਹੀ ਘੱਟ ਲੋਕ ਉਨ੍ਹਾਂ ਕੋਲ਼ ਆਉਂਦੇ ਹਨ। "ਅਸੀਂ ਹਫ਼ਤੇ ਵਿੱਚ ਬਾਮੁਸ਼ਕਿਲ 300-400 ਰੁਪਏ ਕਮਾਉਂਦੇ ਹਾਂ," ਉਹ ਕਹਿੰਦੇ ਹਨ। ਸਲਾਨਾ ਕਮਾਈ ਜੋੜੀਏ ਤਾਂ ਇਹ ਵੱਧ ਤੋਂ ਵੱਧ 16,500 ਰੁਪਏ ਹੀ ਬਣਦੇ ਹਨ ਜਾਂ ਇੰਝ ਕਹਿ ਲਈਏ ਕਿ 12 ਲੱਖ ਰੁਪਏ ਦੀ ਟੈਕਸ ਮੁਕਤ ਆਮਦਨ ਸੀਮਾ ਦਾ ਸਿਰਫ਼ 1.35 ਪ੍ਰਤੀਸ਼ਤ। ਜਦੋਂ ਅੰਜਨਾ ਨੂੰ ਟੈਕਸ ਛੋਟ ਦੀ ਸੀਮਾ ਵਿੱਚ ਵਾਧੇ ਬਾਰੇ ਦੱਸਿਆ ਜਾਂਦਾ ਹੈ, ਤਾਂ ਉਹ ਹੱਸਣ ਲੱਗਦੇ ਹਨ। "ਕਈ ਵਾਰ ਤਾਂ ਅਸੀਂ ਹਫ਼ਤੇ ਦੇ 100 ਰੁਪਏ ਵੀ ਨਹੀਂ ਕਮਾ ਪਾਉਂਦੇ। ਇਹ ਮੋਬਾਇਲ ਫ਼ੋਨ ਦਾ ਯੁੱਗ ਹੈ। ਹੁਣ ਰੇਡੀਓ ਸੁਣਦਾ ਈ ਕੌਣ ਏ!" ਉਹ ਨਿਰਾਸ਼ਾ ਨਾਲ਼ ਕਹਿੰਦੇ ਹਨ।
![](/media/images/02a-PXL_20250204_115909618-UKR-No_one_list.max-1400x1120.jpg)
![](/media/images/02b-PXL_20250204_113319245-UKR-No_one_list.max-1400x1120.jpg)
ਖੱਬੇ: ਅੰਜਨਾ ਦੇਵੀ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਸੋਂਧੋ ਰੱਤੀ ਪਿੰਡ ਵਿੱਚ ਰਹਿੰਦੇ ਹਨ। ਇਸ ਪਿੰਡ ਵਿੱਚ ਚਮਾਰ ਭਾਈਚਾਰੇ ਦੇ 150 ਘਰ ਹ , ਅਤੇ ਉਨ੍ਹਾਂ ਵਿੱਚੋਂ 90 ਪ੍ਰਤੀਸ਼ਤ ਬੇਜ਼ਮੀਨੇ ਹਨ। ਸੱਜੇ: 80 ਸਾਲਾ ਸ਼ੰਭੂ ਰਾਮ ਦੀ ਰੇਡੀਓ ਮੁਰੰਮਤ ਦੀ ਦੁਕਾਨ
![](/media/images/03-PXL_20250202_070903965-UKR-No_one_liste.max-1400x1120.jpg)
ਅੰਜਨਾ ਦੇਵੀ ਘਰ ਦੇ ਸਾਰੇ ਖ਼ਰਚੇ ਖ਼ੁਦ ਹੀ ਸਾਂਭਦੇ ਹਨ, ਪਰ ਕੇਂਦਰੀ ਬਜਟ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ
75 ਸਾਲਾ ਅੰਜਨਾ ਉਨ੍ਹਾਂ ਇੱਕ ਅਰਬ ਚਾਲ਼੍ਹੀ ਸੌ ਕਰੋੜ ਭਾਰਤੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀਆਂ 'ਉਮੀਦਾਂ' ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਮੁਤਾਬਕ ਇਸ ਬਜਟ ਨੇ ਪੂਰੀਆਂ ਕਰ ਦਿੱਤੀਆਂ ਹਨ। ਹਾਲਾਂਕਿ, ਨਵੀਂ ਦਿੱਲੀ ਵਿੱਚ ਸੱਤਾ ਦੇ ਗਲਿਆਰਿਆਂ ਤੋਂ 1,100 ਕਿਲੋਮੀਟਰ ਦੂਰ ਰਹਿਣ ਵਾਲ਼ੇ ਅੰਜਨਾ ਨੂੰ ਇੰਝ ਨਹੀਂ ਲੱਗਦਾ।
ਇਹ ਸਰਦੀਆਂ ਦੀ ਸ਼ਾਂਤ ਦੁਪਹਿਰ ਹੈ। ਲੋਕ ਆਪਣੇ ਰੋਜ਼ਮੱਰਾ ਦੇ ਕੰਮਾਂ ਵਿੱਚ ਰੁੱਝੇ ਹੋਏ ਹਨ। ਹੋ ਸਕਦਾ ਹੈ ਉਨ੍ਹਾਂ ਨੂੰ ਬਜਟ ਬਾਰੇ ਪਤਾ ਨਾ ਹੋਵੇ ਜਾਂ ਆਪਣੇ ਲਈ ਬੇਲੋੜਾ ਹੀ ਸਮਝਦੇ ਹੋਣ।
ਅੰਜਨਾ ਨੂੰ ਬਜਟ ਤੋਂ ਕੋਈ ਉਮੀਦ ਵੀ ਨਹੀਂ ਹੈ। ''ਸਰਕਾਰ ਕਯਾ ਦੇਗਾ! ਕਮਾਏਂਗੇ ਤੋ ਖਾਏਂਗੇ, ਨਹੀਂ ਕਮਾਏਂਗੇ ਤਾਂ ਭੁਖਲੇ ਰਹੇਂਗੇ।''
ਪਿੰਡ ਵਿੱਚ ਰਹਿਣ ਵਾਲ਼ੇ 150 ਚਮਾਰ ਪਰਿਵਾਰਾਂ ਦੀ 90 ਪ੍ਰਤੀਸ਼ਤ ਅਬਾਦੀ ਬੇਜ਼ਮੀਨਿਆਂ ਦੀ ਹੈ। ਉਹ ਮੁੱਖ ਤੌਰ 'ਤੇ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ ਅਤੇ ਹਰ ਸਾਲ ਕੰਮ ਦੀ ਭਾਲ਼ ਵਿੱਚ ਪਰਵਾਸ ਕਰਦੇ ਹਨ। ਉਹ ਕਦੇ ਵੀ ਟੈਕਸ ਦੇ ਦਾਇਰੇ ਵਿੱਚ ਨਹੀਂ ਰਹੇ।
ਅੰਜਨਾ ਦੇਵੀ ਨੂੰ ਹਰ ਮਹੀਨੇ ਪੰਜ ਕਿਲੋ ਅਨਾਜ ਮੁਫ਼ਤ ਮਿਲ਼ਦਾ ਹੈ, ਪਰ ਉਹ ਆਪਣੇ ਲਈ ਆਮਦਨ ਦਾ ਨਿਯਮਤ ਸਰੋਤ ਚਾਹੁੰਦੇ ਹਨ। "ਮੇਰੇ ਪਤੀ ਬਹੁਤ ਬੁੱਢੇ ਹੋ ਗਏ ਹਨ ਅਤੇ ਹੁਣ ਕੰਮ ਨਹੀਂ ਕਰ ਸਕਦੇ। ਸਰਕਾਰ ਨੂੰ ਚਾਹੀਦਾ ਹੈ ਸਾਡੇ ਪੱਕੇ ਵਸੀਲਿਆਂ ਦਾ ਕੋਈ ਉਪਾਅ ਕਰੇ।''
ਤਰਜਮਾ: ਕਮਲਜੀਤ ਕੌਰ