ਇੱਕ ਕੋਬਰੇ ਨੇ ਸਾਗਵਾਨ ਦੇ ਰੁੱਖ ਦੀ ਟਹਿਣੀ ਨੂੰ ਜੱਫਾ ਪਾਇਆ ਹੋਇਆ ਸੀ। ਟੋਲਾ ਪਿੰਡ ਦੇ ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਟਸ ਤੋਂ ਮਸ ਨਾ ਹੋਇਆ।
ਪੰਜ ਘੰਟਿਆਂ ਦੀ ਵਿਅਰਥ ਕੋਸ਼ਿਸ਼ ਤੋਂ ਬਾਅਦ, ਬੇਵੱਸ ਪਿੰਡ ਵਾਸੀਆਂ ਨੇ ਅਖ਼ੀਰ ਵਾਲਮੀਕੀ ਟਾਈਗਰ ਰਿਜ਼ਰਵ ਵਿਖੇ ਚੌਕੀਦਾਰ ਰਹਿ ਚੁੱਕੇ ਮੁੰਦਰਿਕਾ ਯਾਦਵ ਨੂੰ ਸੱਦ ਬੁਲਾਇਆ। ਉਨ੍ਹਾਂ ਨੇ ਹੁਣ ਤੱਕ 200 ਤੋਂ ਵੱਧ ਜਾਨਵਰਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚ ਸ਼ੇਰ, ਚੀਤੇ, ਗੈਂਡੇ ਅਤੇ ਸੱਪ ਸ਼ਾਮਲ ਹਨ।
ਮੁੰਦਰਿਕਾ ਨੇ ਸਭ ਤੋਂ ਪਹਿਲਾਂ ਸੱਪ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਸਫ਼ਲ ਵੀ ਰਹੇ। "ਮੈਂ ਉਸ ਦੇ ਮੂੰਹ ਵਿੱਚ ਬਾਂਸ ਦੀ ਇੱਕ ਡੰਡੀ ਪਾਈ ਅਤੇ ਫਿਰ ਰੱਸੀ ਨੂੰ ਕੱਸ ਦਿੱਤਾ। ਫਿਰ ਮੈਂ ਉਸਨੂੰ ਬੋਰੀ ਵਿੱਚ ਪਾਇਆ ਤੇ ਬੰਨ੍ਹ ਕੇ ਜੰਗਲ ਵਿੱਚ ਛੱਡ ਦਿੱਤਾ," 42 ਸਾਲਾ ਜੰਗਲੀ ਜੀਵ ਸੁਰੱਖਿਆ ਕਰਤਾ ਕਹਿੰਦੇ ਹਨ। "ਮੈਨੂੰ ਸਿਰਫ਼ 20-25 ਮਿੰਟ ਲੱਗੇ।"
ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਟਾਈਗਰ ਰਿਜ਼ਰਵ ਲਗਭਗ 900 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ 54 ਬਾਘਾਂ ਅਤੇ ਹੋਰ ਜੰਗਲੀ ਜੀਵਾਂ ਦਾ ਘਰ ਹੈ। ਮੁੰਦਰਿਕਾ ਆਪਣੀ ਰੱਖਿਆ ਤਕਨੀਕ ਬਾਰੇ ਕਹਿੰਦੇ ਹਨ, " ਹਮ ਸਪਾਟ ਪਰ ਹੀ ਤੁਰੰਤ ਜੁਗਾੜ ਬਨਾ ਲ ੇਤੇ ਹੈਂ । "
ਯਾਦਵ ਭਾਈਚਾਰੇ (ਰਾਜ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਅਧੀਨ ਸੂਚੀਬੱਧ) ਨਾਲ਼ ਸਬੰਧਤ, ਮੁੰਦਰਿਕਾ ਜੰਗਲ ਅਤੇ ਇਸਦੇ ਜਾਨਵਰਾਂ ਦੇ ਨਜ਼ਦੀਕੀ ਸੰਪਰਕ ਵਿੱਚ ਵੱਡੇ ਹੋਏ। "ਕਈ ਵਾਰ ਜਦੋਂ ਮੈਂ ਮੱਝਾਂ ਚਾਰਨ ਲਿਜਾਂਦਾ ਉਦੋਂ ਮੈਂ ਕਈ ਸੱਪ ਫੜ੍ਹ ਲੈਂਦਾ। ਉਦੋਂ ਤੋਂ, ਮੇਰੇ ਵਿੱਚ ਜੰਗਲੀ ਜਾਨਵਰਾਂ ਲਈ ਪਿਆਰ ਪੈਦਾ ਹੋਇਆ ਹੈ। ਇਸ ਤਰ੍ਹਾਂ, 2012 ਵਿੱਚ, ਜੰਗਲਾਤ ਗਾਰਡਾਂ ਦੀ ਭਰਤੀ ਲਈ ਇੱਕ ਸਰੀਰਕ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਉਸ ਸਮੇਂ, ਮੈਂ ਅਰਜ਼ੀ ਦਿੱਤੀ ਅਤੇ ਨੌਕਰੀ ਵਿੱਚ ਸ਼ਾਮਲ ਹੋ ਗਿਆ," ਵਿਜੇਪੁਰਾ ਪਿੰਡ ਦੇ ਵਸਨੀਕ ਕਹਿੰਦੇ ਹਨ। ਇੱਥੇ ਉਹ ਆਪਣੀ ਪਤਨੀ ਅਤੇ ਬੇਟੀ ਨਾਲ਼ ਰਹਿੰਦੇ ਹਨ।
"ਪੂਰੇ ਥਾਂ ਦਾ ਨਕਸ਼ਾ ਸਾਡੀਆਂ ਅੱਖਾਂ ਵਿੱਚ ਛਪਿਆ ਹੋਇਆ ਹੈ। ਜੇ ਤੁਸੀਂ ਸਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਾਨੂੰ ਜੰਗਲ ਵਿੱਚ ਛੱਡ ਦੇਵੋ ਅਤੇ ਖ਼ੁਦ ਕਾਰ ਵਿੱਚ ਸਵਾਰ ਹੋ ਜਾਵੋ ਤੇ ਹੋਵੇਗਾ ਇੰਝ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਕਾਰ ਵਿੱਚੋਂ ਬਾਹਰ ਆਵੋ ਅਸੀਂ ਹੀ ਤੁਹਾਡੇ ਤੋਂ ਪਹਿਲਾਂ ਹੀ ਜੰਗਲ ਪਾਰ ਕਰ ਚੁੱਕੇ ਹੋਵਾਂਗੇ," ਵਨਾਰਕਸ਼ੀ (ਜੰਗਲਾਤ ਗਾਰਡ) ਕਹਿੰਦੇ ਹਨ।
ਮੁੰਦਰਿਕਾ ਨੇ ਅਗਲੇ ਅੱਠ ਸਾਲਾਂ ਲਈ ਜੰਗਲਾਤ ਗਾਰਡ ਵਜੋਂ ਕੰਮ ਕੀਤਾ। ਉਨ੍ਹਾਂ ਦੀ ਮਹੀਨਾਵਾਰ ਤਨਖਾਹ ਆਮ ਤੌਰ 'ਤੇ ਇੱਕ ਸਾਲ ਤੱਕ ਦੇਰੀ ਨਾਲ਼ ਮਿਲ਼ਦੀ ਰਹੀ, ਪਰ ਉਨ੍ਹਾਂ ਨੌਕਰੀ ਨਹੀਂ ਛੱਡੀ। "ਜੰਗਲ ਅਤੇ ਜੰਗਲੀ ਜਾਨਵਰਾਂ ਦੀ ਰੱਖਿਆ ਦਾ ਕੰਮ ਮੇਰਾ ਮਨਪਸੰਦ ਕੰਮ ਸੀ," ਉਨ੍ਹਾਂ ਪਾਰੀ ਨੂੰ ਦੱਸਿਆ।
ਬਿਹਾਰ ਸਰਕਾਰ ਨੇ 2020 ਵਿੱਚ ਖੁੱਲ੍ਹੀ ਭਰਤੀ ਰਾਹੀਂ ਨਵੇਂ ਜੰਗਲਾਤ ਗਾਰਡਾਂ ਦੀ ਭਰਤੀ ਕੀਤੀ। ਯਾਦਵ ਵਰਗੇ ਪਹਿਲਾਂ ਨਿਯੁਕਤ ਗਾਰਡਾਂ ਨੂੰ ਹੋਰ ਨੌਕਰੀਆਂ ਦਿੱਤੀਆਂ ਗਈਆਂ ਸਨ। ਮੁੰਦਰਿਕਾ ਇਸ ਸਮੇਂ ਵੀਟੀਆਰ ਜੰਗਲ ਵਿੱਚ ਡਰਾਈਵਰ ਵਜੋਂ ਕੰਮ ਕਰ ਰਹੇ ਹਨ। "ਸਾਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ," ਆਪਣੀ ਨਵੀਂ ਪੋਸਟ ਤੋਂ ਅਸੰਤੁਸ਼ਟ ਮੁੰਦਰਿਕਾ ਕਹਿੰਦੇ ਹਨ। ਉਹ ਆਪਣੀ ਉਮਰ ਦੇ ਕਾਰਨ ਪ੍ਰੀਖਿਆ ਲਈ ਅਯੋਗ ਰਹੇ, ਉਨ੍ਹਾਂ ਸਿਰਫ਼ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਹੈ- ਜੋ ਗਾਰਡ ਦੇ ਅਹੁਦੇ ਲਈ ਕਾਫ਼ੀ ਨਹੀਂ ਰਹੀ।
ਖਤਰਨਾਕ ਅਤੇ ਗੰਭੀਰ ਸਥਿਤੀਆਂ ਵਿੱਚ ਫਸੇ ਹੋਣ ਦੀ ਸੂਰਤ ਵਿੱਚ ਨਵੇਂ ਗਾਡਰ ਵੀ ਮੁੰਦਰਿਕਾ ਨੂੰ ਹੀ ਚੇਤੇ ਕਰਦੇ ਹਨ। "ਪ੍ਰੀਖਿਆ ਜ਼ਰੀਏ ਜਿਨ੍ਹਾਂ ਨਵੇਂ ਗਾਰਡਾਂ ਦੀ ਨਿਯੁਕਤੀ ਹੋਈ ਉਨ੍ਹਾਂ ਕੋਲ਼ ਡਿਗਰੀ ਭਾਵੇਂ ਹੋਵੇ ਪਰ ਨਾ ਤਾਂ ਤਜ਼ਰਬਾ ਹੈ ਤੇ ਨਾ ਹੀ ਅਭਿਆਸ ਹੀ," ਉਹ ਕਹਿੰਦੇ ਹਨ। "ਕਿਉਂਕਿ ਅਸੀਂ ਜੰਗਲ ਵਿੱਚ ਪੈਦਾ ਹੋਏ ਹਾਂ ਅਤੇ ਜੰਗਲੀ ਜਾਨਵਰਾਂ ਨਾਲ਼ ਰਹਿੰਦੇ ਹਾਂ, ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨਾਲ਼ ਰਹਿੰਦਿਆਂ ਉਨ੍ਹਾਂ ਦੀ ਰੱਖਿਆ ਕਿਵੇਂ ਕਰਨੀ ਹੈ।''
ਤਰਜਮਾ: ਕਮਲਜੀਤ ਕੌਰ