'' ਮੈਨੂੰ ਨਹੀਂ ਜਾਪਦਾ ਮੈਂ ਕੋਈ ਚਿੱਤਰਕਾਰ ਹਾਂ । ਮੇਰੇ ਵਿੱਚ ਉਹ ਗੁਣ ਨਹੀਂ ਹਨ ਜੋ ਇੱਕ ਚਿੱਤਰਕਾਰ ਵਿੱਚ ਹੋਣੇ ਚਾਹੀਦੇ ਹਨ। ਪਰ ਮੇਰੇ ਕੋਲ਼ ਦੱਸਣ ਲਈ ਕਹਾਣੀਆਂ ਹਨ। ਮੈਂ ਉਨ੍ਹਾਂ ਕਹਾਣੀਆਂ ਨੂੰ ਬੁਰਸ਼ ਨਾਲ਼ ਕਾਗ਼ਜ਼ ' ਤੇ ਉਤਾਰ ਸਕਦੀ ਹਾਂ । ਮੈਂ ਇਹ ਤਾਂ ਨਹੀਂ ਕਹਾਂਗ ੀ ਕਿ ਮੇਰੇ ਚਿੱਤਰ ਸੰਪੂਰਨ ਹਨ। ਮੈਂ ਹੁਣ ਪਿਛਲੇ ਦੋ - ਤਿੰਨ ਸਾਲਾਂ ਤੋਂ ਹੋਰ ਕਲਾਕਾਰਾਂ ਦੇ ਕੰਮ ਨੂੰ ਵੇਖਣਾ ਸ਼ੁਰੂ ਕੀਤਾ ਹੈ। ਮੈਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਤੋਂ ਇਲਾਵਾ ਮੈਨੂੰ ਕਲਾ ਬਾਰੇ ਬਹੁਤਾ ਨਹੀਂ ਪਤਾ । ਮੈਂ ਚਿੱਤਰਾਂ ਰਾਹੀਂ ਕਹਾਣੀ ਕਹਿਣ ਦਾ ਤਰੀਕਾ ਚੁਣਿਆ । ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਕੋਈ ਕਹਾਣੀ ਕਹਿਣ ਨੂੰ ਤਿਆਰ ਹੁੰਦੀ ਹਾਂ। ਜਦੋਂ ਮੈਂ ਪੇਂਟਿੰਗ ਕਰਦੀ ਹਾਂ , ਤਾਂ ਮੈਨੂੰ ਲੱਗਦਾ ਹੈ ਮੈਂ ਕਹਾਣੀ ਹੀ ਦੱਸ ਰਹੀ ਹਾਂ। ''
ਲਾਬਾਨੀ ਇੱਕ ਕਲਾਕਾਰ ਹਨ। ਉਹ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੁਬੁਲੀਆ ਦੇ ਰਹਿਣ ਵਾਲ਼ੇ ਹਨ। ਇਹ ਸ਼ਹਿਰ ਕਦੇ ਫ਼ੌਜੀਆਂ ਦਾ ਘਰ ਸੀ। ਦੂਜੀ ਸੰਸਾਰ ਜੰਗ ਦੌਰਾਨ ਇੱਥੇ ਇੱਕ ਏਅਰਫੀਲਡ ਵੀ ਸੀ। ਜਦੋਂ ਅੰਗਰੇਜ਼ਾਂ ਨੇ ਇੱਥੇ ਇੱਕ ਕੈਂਪ ਬਣਾਇਆ ਤਾਂ ਜ਼ਿਆਦਾਤਰ ਮੁਸਲਿਮ ਲੋਕਾਂ ਦੇ ਹੱਥੋਂ ਉਨ੍ਹਾਂ ਦੇ ਖੇਤ ਤੇ ਜ਼ਮੀਨਾਂ ਖੁੱਸ ਗਈਆਂ। ਬਾਅਦ 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਕੁਝ ਲੋਕ ਦੇਸ਼ ਦੀ ਦੂਜੀ ਸਰਹੱਦ 'ਤੇ ਚਲੇ ਗਏ। "ਪਰ ਅਸੀਂ ਨਹੀਂ ਗਏ," ਲਾਬਾਨੀ ਕਹਿੰਦੇ ਹਨ, "ਸਾਡੇ ਬਜ਼ੁਰਗ ਜਾਣਾ ਨਹੀਂ ਸਨ ਚਾਹੁੰਦੇ। ਉਨ੍ਹਾਂ ਨੂੰ ਇੱਥੇ ਹੀ ਦਫ਼ਨਾਇਆ ਗਿਆ ਹੈ। ਅਸੀਂ ਇੱਥੇ ਹੀ ਜਿਉਣਾ ਅਤੇ ਇੱਥੇ ਹੀ ਮਰਨਾ ਚਾਹੁੰਦੇ ਹਾਂ।" ਇਸ ਧਰਤੀ ਨਾਲ਼ ਰਿਸ਼ਤਾ ਅਤੇ ਇਹਦੀ ਹਿੱਕ 'ਤੇ ਵਾਪਰ ਰਹੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਨੇ ਹੀ ਇਸ ਕਲਾਕਾਰ ਦੇ ਬਚਪਨ ਨੂੰ ਹੋਰ-ਹੋਰ ਸੰਵੇਦਨਸ਼ੀਲ ਬਣਾਇਆ ਤੇ ਭਾਵਨਾਵਾਂ ਨੂੰ ਅਕਾਰ ਦਿੱਤਾ।
ਲਾਬਾਨੀ ਦੇ ਨਾਜ਼ੁਕ ਹੱਥਾਂ ਵਿੱਚ ਬੁਰਸ਼ ਉਨ੍ਹਾਂ ਦੇ ਪਿਤਾ ਨੇ ਹੀ ਫੜ੍ਹਾਇਆ, ਉਹ ਹੀ ਧੀ ਨੂੰ ਟਿਊਟਰ ਕੋਲ਼ ਵੀ ਲੈ ਜਾਂਦੇ। ਲਾਬਾਨੀ ਦੇ ਪਿਤਾ ਆਪਣੇ ਦਸ ਭੈਣ-ਭਰਾਵਾਂ ਨਾਲ਼ ਰਹਿੰਦਿਆਂ ਵੱਡੇ ਹੋਏ ਤੇ ਸਾਰਿਆਂ ਵਿੱਚੋਂ ਸਿਰਫ਼ ਉਨ੍ਹਾਂ ਨੇ ਹੀ ਸਕੂਲ ਦਾ ਮੂੰਹ ਦੇਖਿਆ। ਬਾਅਦ ਵਿੱਚ ਇੱਕ ਵਕੀਲ ਵਜੋਂ, ਉਨ੍ਹਾਂ ਨੇ ਹਾਸ਼ੀਏ 'ਤੇ ਪਏ ਕਿਸਾਨਾਂ ਅਤੇ ਮਜ਼ਦੂਰਾਂ ਨਾਲ਼ ਰਲ਼ ਕੇ ਕੰਮ ਕੀਤਾ ਅਤੇ ਉਨ੍ਹਾਂ ਲਈ ਸਹਿਕਾਰੀ ਸਭਾਵਾਂ ਦਾ ਗਠਨ ਕੀਤਾ। ਪਰ ਉਨ੍ਹਾਂ ਕਦੇ ਵੀ ਇਸ ਪੇਸ਼ੇ ਨੂੰ ਕਮਾਈ ਦਾ ਜ਼ਰੀਆ ਨਹੀਂ ਬਣਾਇਆ। "ਉਹ ਆਪਣੇ ਪੈਸੇ ਨਾਲ਼ ਮੇਰੇ ਲਈ ਕਿਤਾਬਾਂ ਲੈ ਆਉਂਦੇ," ਲਾਬਾਨੀ ਕਹਿੰਦੀ ਹਨ। ਮਾਸਕੋ ਪ੍ਰੈਸ ਅਤੇ ਰਾਦੁਗਾ ਪ੍ਰੈਸ ਦੁਆਰਾ ਪ੍ਰਕਾਸ਼ਤ ਬੱਚਿਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਸਨ ਜੋ ਬੰਗਾਲੀ ਅਨੁਵਾਦ ਰਾਹੀਂ ਸਾਡੇ ਘਰ ਆਈਆਂ, ਪੜ੍ਹਦਿਆਂ ਮੈਂ ਉਨ੍ਹਾਂ ਕਿਤਾਬਾਂ ਦੀਆਂ ਤਸਵੀਰਾਂ ਤੋਂ ਮੋਹਿਤ ਹੋ ਗਈ। ਸ਼ਾਇਦ ਇੱਥੋਂ ਹੀ ਚਿੱਤਰ ਉਲੀਕਣ ਵਿੱਚ ਮੇਰੀ ਦਿਲਚਸਪੀ ਵੀ ਸ਼ੁਰੂ ਹੋਈ।''
ਚਿੱਤਰਕਾਰੀ ਦੀ ਸ਼ੁਰੂਆਤੀ ਕਲਾਸ ਜੋ ਉਨ੍ਹਾਂ ਦੇ ਪਿਤਾ ਵੱਲੋਂ ਸੁਝਾਏ ਟਿਊਟਰ ਹੀ ਲੈਂਦੇ ਸਨ, ਬਹੁਤੀ ਦੇਰ ਨਾ ਚੱਲੀ। ਪਰ ਚਿੱਤਰਕਾਰੀ ਪ੍ਰਤੀ ਜੋ ਮੋਹ ਲਬਾਨੀ ਦੇ ਦਿਲ ਅੰਦਰ ਸੀ ਬਣਿਆ ਹੀ ਰਿਹਾ। 2016 ਵਿੱਚ, ਜਦੋਂ ਭਾਸ਼ਾ ਨੇ ਉਨ੍ਹਾਂ ਦੇ ਸ਼ਬਦ ਸੀਮਤ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਅੰਦਰਲਾ ਕਲਾਕਾਰ ਉੱਠ ਖੜ੍ਹਾ ਹੋਇਆ। ਉਸ ਸਮੇਂ ਦੇਸ਼ ਵੱਡੇ ਪੱਧਰ 'ਤੇ ਹਮਲੇ ਅਤੇ ਕਤਲਾਂ ਦਾ ਗਵਾਹ ਬਣ ਰਿਹਾ ਸੀ। ਅਜਿਹੀ ਹਿੰਸਾ ਪ੍ਰਤੀ ਸਰਕਾਰ ਦੀ ਉਦਾਸੀਨਤਾ ਤੇ ਬਹੁ-ਗਿਣਤੀ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਰੱਦ ਕਰਨਾ ਹੋਰ ਨਿੱਤਰ ਗਿਆ। ਉਸ ਸਮੇਂ ਲਾਬਾਨੀ ਨੇ ਕੋਲ਼ਕਾਤਾ ਦੀ ਜਾਦਵਪੁਰ ਯੂਨੀਵਰਸਿਟੀ ਤੋਂ ਐੱਮ.ਫਿਲ ਦੀ ਪੜ੍ਹਾਈ ਪੂਰੀ ਕੀਤੀ ਤੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਸੀ, ਉਸ ਤੋਂ ਉਹ ਬਹੁਤ ਪਰੇਸ਼ਾਨ ਹੋ ਉੱਠੇ। ਉਨ੍ਹਾਂ ਕੁਝ ਲਿਖਣ ਲਈ ਕਲਮ ਚੁੱਕੀ ਪਰ ਲਿਖ ਨਾ ਸਕੇ।
"ਉਸ ਵੇਲ਼ੇ ਦੀਆਂ ਉਲਝਣਾਂ ਵਿੱਚ ਮੈਂ ਬੜਾ ਫਸਿਆ ਮਹਿਸੂਸ ਕੀਤਾ, ਲਿਖਣਾ ਮੇਰਾ ਮਨਪਸੰਦ ਕੰਮ ਸੀ। ਮੇਰੇ ਕਈ ਲੇਖ ਪਹਿਲਾਂ ਹੀ ਬੰਗਾਲੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ। ਪਰ ਅਚਾਨਕ ਮੇਰੀ ਭਾਸ਼ਾ ਦੇ ਸ਼ਬਦ ਨਾਕਾਫੀ ਪੈਣ ਲੱਗੇ, ਮੈਂ ਹਾਲਾਤਾਂ ਨੂੰ ਮਗਰ ਛੱਡ ਭੱਜ ਜਾਣਾ ਚਾਹਿਆ। ਇਹੀ ਉਹ ਸਮਾਂ ਸੀ ਜਦੋਂ ਮੈਂ ਰੰਗਾਂ ਵਿੱਚ ਦੁਬਾਰਾ ਦਿਲਚਸਪੀ ਲੈਣ ਲੱਗੀ। ਮੈਂ ਵਾਟਰ ਕਲਰ ਰਾਹੀਂ ਸਮੁੰਦਰ ਅਤੇ ਇਸ ਦੇ ਜਵਾਰਾਂ ਨੂੰ ਕਾਗਜ਼ ਦੇ ਹਰ ਛੋਟੇ-ਵੱਡੇ ਹੱਥ ਆਉਂਦੇ ਟੁਕੜਿਆਂ 'ਤੇ ਵਾਰ-ਵਾਰ ਉਤਾਰਿਆ। ਉਸ ਸਮੇਂ (2016-17) ਮੈਂ ਇੱਕ ਤੋਂ ਬਾਅਦ ਇੱਕ ਸਮੁੰਦਰ ਦੇ ਚਿੱਤਰ ਉਤਾਰ ਰਹੀ ਸਾਂ। ਚਿੱਤਰਕਾਰੀ ਮੈਨੂੰ ਇਸ ਤਣਾਅਪੂਰਨ ਸੰਸਾਰ ਤੋਂ ਮੁਕਤੀ ਪਾਉਣ ਦਾ ਇੱਕ ਜ਼ਰੀਆ ਜਾਪੀ।''
ਅੱਜ ਤੱਕ ਲਾਬਾਨੀ ਨੇ ਚਿੱਤਰਕਾਰੀ ਸਿੱਖਣ ਲਈ ਕਿਸੇ ਨੂੰ ਗੁਰੂ ਨਹੀਂ ਧਾਰਿਆ, ਉਹ ਸਵੈ-ਸਿੱਖਿਅਤ ਕਲਾਕਾਰ ਹਨ।
2017 ਵਿੱਚ ਉਹਨਾਂ ਨੇ ਜਾਦਵਪੁਰ ਯੂਨੀਵਰਸਿਟੀ ਨਾਲ਼ ਸਬੰਧਤ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼, ਕਲਕੱਤਾ ਵਿਖੇ ਇੱਕ ਡਾਕਟਰੇਟ ਪ੍ਰੋਗਰਾਮ ਵਿੱਚ ਦਾਖਲਾ ਲਿਆ, ਜਿਸ ਨੂੰ ਘੱਟ ਗਿਣਤੀ ਵਿਦਿਆਰਥੀਆਂ ਲਈ ਵੱਕਾਰੀ UGC-ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ (2016-20) ਨਾਲ਼ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਸੰਘਰਸ਼ 'ਤੇ ਕੰਮ ਕਰਨਾ ਜਾਰੀ ਰੱਖਿਆ ਜੋ ਉਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ, ਪਰ ਇਸ ਵਾਰ ਆਪਣੇ ਵੱਡੇ ਖੋਜ ਨਿਬੰਧ ਪ੍ਰੋਜੈਕਟ, 'The lives and world of Bengali migrant labour'/ਬੰਗਾਲੀ ਪ੍ਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ਅਤੇ ਸੰਸਾਰ' ਦੇ ਹਿੱਸੇ ਵਜੋਂ ਉਹਨਾਂ ਦੀਆਂ ਜੀਵਨ ਸੰਘਰਸ਼ਾਂ ਦੀ ਡੂੰਘਾਈ ਵਿੱਚ ਲੱਥ ਰਹੇ ਹਨ।
ਲਾਬਾਨੀ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਉਸਾਰੀ ਦੇ ਕੰਮ ਦੀ ਭਾਲ਼ ਜਾਂ ਹੋਟਲਾਂ ਵਿੱਚ ਕੰਮ ਕਰਨ ਲਈ ਕੇਰਲ ਜਾਂ ਮੁੰਬਈ ਜਾਂਦੇ ਦੇਖਿਆ ਸੀ। "ਮੇਰੇ ਪਿਤਾ ਦੇ ਭਰਾ ਅਤੇ ਪਰਿਵਾਰ ਦੇ ਬਾਕੀ ਰਿਸ਼ਤੇਦਾਰ (ਔਰਤਾਂ ਨੂੰ ਛੱਡ ਕੇ) ਕੰਮ ਕਰਨ ਲਈ ਅਜੇ ਵੀ ਬੰਗਾਲ ਤੋਂ ਬਾਹਰ ਪ੍ਰਵਾਸ ਕਰਦੇ ਹਨ," ਉਹ ਕਹਿੰਦੇ ਹਨ। ਹਾਲਾਂਕਿ ਅਧਿਐਨ ਦਾ ਇਹ ਵਿਸ਼ਾ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸੀ, ਪਰ ਇਸ ਲਈ ਬਹੁਤ ਸਾਰੇ ਫੀਲਡਵਰਕ ਦੀ ਵੀ ਲੋੜ ਸੀ। "ਪਰ ਉਸੇ ਸਮੇਂ, ਮਹਾਂਮਾਰੀ ਨੇ ਘੇਰਾ ਘੱਤ ਲਿਆ। ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਮਜ਼ਦੂਰ ਹੋਏ ਤੇ ਉਸ ਸਮੇਂ ਮੈਂ ਖੋਜ ਕਾਰਜ ਛੱਡ ਕੇ ਉਨ੍ਹਾਂ ਕੋਲ਼ ਕਿਵੇਂ ਨਾ ਕਿਵੇਂ ਪਹੁੰਚਣ ਬਾਰੇ ਸੋਚਣ ਲੱਗੀ। ਮੈਂ ਉਨ੍ਹਾਂ ਲੋਕਾਂ ਕੋਲ਼ ਕਿਵੇਂ ਜਾ ਸਕਦੀ ਸਾਂ ਅਤੇ ਅਕਾਦਮਿਕ ਸਵਾਲ ਕਿਵੇਂ ਪੁੱਛ ਸਕਦੀ ਸਾਂ, ਕਿਵੇਂ ਪੁੱਛ ਸਕਦੀ ਸਾਂ ਉਨ੍ਹਾਂ ਦੇ ਘਰ ਪਹੁੰਚਣ, ਸਿਹਤ ਦੇਖਭਾਲ਼ ਸਬੰਧੀ ਸਹੂਲਤਾਂ ਪ੍ਰਾਪਤ ਕਰਨ ਬਾਰੇ ਤੇ ਕਿਵੇਂ ਪੁੱਛ ਸਕਦੀ ਸਾਂ ਲਾਸ਼ਾਂ ਦੇ ਸਸਕਾਰ ਤੇ ਦਫ਼ਨਾਉਣ ਨੂੰ ਲੈ ਕੇ। ਮੈਂ ਇਹ ਕਿਵੇਂ ਜਾਣ ਸਕਦੀ ਸਾਂ ਕਿ ਇਹ ਸਭ ਪੁੱਛਣਾ ਸਹੀ ਵੀ ਸੀ? ਉਨ੍ਹਾਂ ਦੇ ਦਰਦ ਤੋਂ ਮੇਰਾ ਫਾਇਦਾ ਲੈਣਾ ਗ਼ਲਤ ਸੀ। ਇੰਝ ਮੈਂ ਫੀਲਡ ਵਰਕ ਨਹੀਂ ਕਰ ਸਕੀ ਤੇ ਮੇਰੀ ਪੀਐੱਚਡੀ ਅਧਵਾਟੇ ਲਮਕ ਗਈ।"
ਹੁਣ ਉਹ ਵੇਲ਼ਾ ਆਇਆ ਜਦੋਂ ਲਾਬਾਨੀ ਨੇ ਪੀਪਲਜ਼ ਆਰਕਾਈਵਜ਼ ਆਫ਼ ਰੂਰਲ ਇੰਡੀਆ (ਪਾਰੀ) ਦੇ ਪੰਨਿਆਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਜੀਵਨ ਦਾ ਦਸਤਾਵੇਜ਼ ਬਣਾਉਣ ਲਈ ਦੁਬਾਰਾ ਆਪਣਾ ਬੁਰਸ਼ ਚੁੱਕਿਆ। "ਉਨ੍ਹੀਂ ਦਿਨੀਂ, ਸਾਈਨਾਥ ਦੇ ਕੁਝ ਲੇਖ ਬੰਗਾਲੀ ਅਖ਼ਬਾਰ ਗਣਸ਼ਕਤੀ ਦੇ ਸੰਪਾਦਕੀ ਪੰਨਿਆਂ 'ਤੇ ਪ੍ਰਕਾਸ਼ਤ ਹੁੰਦੇ ਸਨ। ਇਸ ਤਰ੍ਹਾਂ ਮੈਂ ਪੀ.ਸਾਈਨਾਥ ਨੂੰ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਪਹਿਲਾਂ ਤੋਂ ਹੀ ਜਾਣ ਗਈ ਸਾਂ। ਇੱਕ ਦਿਨ ਸਮਿਤਾ ਦੀਦੀ ਨੇ ਮੈਨੂੰ ਪਾਰੀ ਵਿੱਚ ਪ੍ਰਕਾਸ਼ਤ ਇੱਕ ਲੇਖ ਲਈ ਚਿੱਤਰਕਾਰੀ ਕਰਨ ਨੂੰ ਕਿਹਾ (ਸਮਿਤਾ ਖਟੋਰ ਪਾਰੀ ਦੀ ਮੁੱਖ ਅਨੁਵਾਦ ਸੰਪਾਦਕ ਹਨ)। ਫਿਰ ਕਵਿਤਾਵਾਂ ਲਈ ਲੇਖਾਂ ਲਈ ਚਿੱਤਰਕਾਰੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। 2020 ਦੌਰਾਨ ਲਾਬਾਨੀ ਜੰਗੀ ਪਾਰੀ ਵਿੱਚ ਫੈਲੋ ਰਹੇ ਜਿੱਥੇ ਉਨ੍ਹਾਂ ਨੇ ਆਪਣੇ ਥੀਸਿਸ ਦੇ ਵਿਸ਼ਿਆਂ ਨੂੰ ਚਿਤਰਣ ਦੇ ਨਾਲ਼-ਨਾਲ਼ ਮਹਾਂਮਾਰੀ ਅਤੇ ਤਾਲਾਬੰਦੀ ਦੇ ਪ੍ਰਭਾਵ ਹੇਠ ਆਏ ਕਿਸਾਨਾਂ ਅਤੇ ਪੇਂਡੂ ਔਰਤਾਂ ਦੇ ਜੀਵਨ ਨੂੰ ਰੰਗਾਂ ਵਿੱਚ ਉਤਾਰਿਆ।
"ਪਾਰੀ ਨਾਲ਼ ਮੇਰਾ ਕੰਮ ਸਿਸਟਮਿਕ ਚੁਣੌਤੀਆਂ ਅਤੇ ਪੇਂਡੂ ਜੀਵਨ ਦੀ ਆਤਮਾ ਨੂੰ ਦਰਸਾਉਂਦਾ ਹੈ। ਇਨ੍ਹਾਂ ਬਿਰਤਾਂਤਾਂ ਨੂੰ ਮੈਂ ਆਪਣੀ ਕਲਾ ਅੰਦਰ ਸਮੋ ਲਿਆ ਤੇ ਇੰਝ ਮੈਂ ਇਨ੍ਹਾਂ ਲੋਕਾਂ ਦੇ ਜੀਵਨ ਦੀਆਂ ਗੁੰਝਲਾਂ ਨੂੰ ਕਾਗ਼ਜ਼ਾਂ 'ਤੇ ਉਤਾਰਣ ਲੱਗੀ। ਕਲਾ ਮੇਰੇ ਲਈ ਪੇਂਡੂ ਭਾਰਤ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਹਕੀਕਤਾਂ ਦੀ ਅਮੀਰ ਵਿਭਿੰਨਤਾ ਨੂੰ ਸਾਂਭੀ ਰੱਖਣ ਅਤੇ ਸਾਂਝਾ ਕਰਨ ਦਾ ਇੱਕ ਮਾਧਿਅਮ ਬਣ ਗਈ ਹੈ।''
ਲਾਬਾਨੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ਼ ਨਹੀਂ ਜੁੜੇ ਹਨ। ਉਹ ਆਪਣੀ ਕਲਾ ਨੂੰ ਰਾਜਨੀਤੀ ਵਜੋਂ ਵੇਖਦਾ ਹੈ। "ਜਾਦਵਪੁਰ ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਤੋਂ ਬਾਅਦ, ਮੈਂ ਬਹੁਤ ਸਾਰੀਆਂ ਤਸਵੀਰਾਂ ਅਤੇ ਪੋਸਟਰ ਵੇਖੇ। ਸਾਡੇ ਆਲ਼ੇ-ਦੁਆਲ਼ੇ ਵਾਪਰਨ ਵਾਲ਼ੀਆਂ ਘਟਨਾਵਾਂ ਬਾਰੇ ਮੈਂ ਜੋ ਤਸਵੀਰਾਂ ਖਿੱਚਦਾ ਹਾਂ ਉਹ ਇਨ੍ਹਾਂ ਅਤੇ ਮੇਰੀਆਂ ਆਪਣੀਆਂ ਸੰਵੇਦਨਾਵਾਂ ਨੂੰ ਵੇਖਣ ਤੋਂ ਪ੍ਰਾਪਤ ਹੁੰਦੀਆਂ ਹਨ।" ਸਮਾਜ ਦੇ ਰੋਜ਼ਾਨਾ ਜੀਵਨ ਵਿੱਚ ਕੁਦਰਤੀ ਹੋ ਰਹੀ ਅਸਹਿਣਸ਼ੀਲਤਾ ਅਤੇ ਰਾਜ ਦੁਆਰਾ ਪ੍ਰਾਯੋਜਿਤ ਹਿੰਸਾ ਦੇ ਵਿਚਕਾਰ, ਉਹ ਇੱਕ ਮੁਸਲਿਮ ਔਰਤ ਵਜੋਂ ਰੋਜ਼ਾਨਾ ਦੀ ਹਕੀਕਤ ਰਾਹੀਂ ਆਪਣੀ ਕਲਾ ਲਈ ਪ੍ਰੇਰਣਾ ਲੈਂਦੀ ਹੈ।
"ਦੁਨੀਆ ਸਾਡੇ ਹੁਨਰ, ਸਾਡੀ ਪ੍ਰਤਿਭਾ ਅਤੇ ਸਾਡੀ ਸਖ਼ਤ ਮਿਹਨਤ ਨੂੰ ਮਾਨਤਾ ਨਹੀਂ ਦੇਣਾ ਚਾਹੁੰਦੀ," ਲਾਬਾਨੀ ਕਹਿੰਦੇ ਹਨ। ਸਮਾਜ ਤੋਂ ਮਿਟਾਉਣ ਦੀ ਇਸ ਪ੍ਰਕਿਰਿਆ ਵਿੱਚ ਸਾਡੀ ਪਛਾਣ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਿਟਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ ਤੇ ਜਾਰੀ ਹੈ ਸਾਡੀ ਹਾਜ਼ਰੀ ਵੀ। ਬਹੁਤੀ ਅਬਾਦੀ ਲਈ, ਔਰਤ ਖ਼ਾਸ ਕਰਕੇ ਇੱਕ ਮੁਸਲਿਮ ਔਰਤ ਦੀ ਕਲਾ ਕੋਈ ਮਾਅਨੇ ਨਹੀਂ ਰੱਖਦੀ।" ਉਦੋਂ ਤੱਕ ਜਦੋਂ ਤੱਕ ਕੋਈ ਸਹੀ ਸੰਰਖਣ ਨਹੀਂ ਮਿਲ਼ ਜਾਂਦਾ, ਉਹ ਵੀ ਤਾਂ ਜੇਕਰ ਉਹ ਖੁਸ਼ਕਿਸਮਤ ਹੋਈ। "ਕੋਈ ਵੀ ਨਾ ਤਾਂ ਮੁਸਲਿਮ ਔਰਤਾਂ ਦੀ ਕਲਾ ਨੂੰ ਥਾਂ ਦਿੰਦਾ ਹੈ ਤੇ ਨਾ ਹੀ ਜੁੜਨਾ ਹੀ ਚਾਹੁੰਦਾ ਹੈ, ਜੁੜਨਾ ਤਾਂ ਦੂਰ ਦੀ ਗੱਲ ਰਹੀ ਕੋਈ ਅਲੋਚਨਾ ਤੱਕ ਨਹੀਂ ਕਰਨੀ ਚਾਹੁੰਦਾ। ਇਸੇ ਲਈ ਮੈਂ ਇਸ ਪ੍ਰਕਿਰਿਆ ਨੂੰ ਮਿਟਾਉਣ ਦਾ ਨਾਮ ਦਿੱਤਾ ਹੈ। ਇਹ ਪ੍ਰਕਿਰਿਆ ਬਹੁਤ ਸਾਰੇ ਖੇਤਰਾਂ ਦੇ ਇਤਿਹਾਸ ਵਿੱਚ ਪ੍ਰਤੀਬਿੰਬਤ ਹੁੰਦੀ ਰਹੇਗੀ," ਉਹ ਕਹਿੰਦੇ ਹਨ। ਪਰ ਲਾਬਾਨੀ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਚਿੱਤਰ ਪੋਸਟ ਕਰਕੇ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ।
ਅਤੇ ਇਹ ਫੇਸਬੁੱਕ ਰਾਹੀਂ ਹੀ ਸੰਭਵ ਹੋਇਆ ਕਿ ਚਿੱਤਰਭਾਸ਼ਾ, ਚਟੋਗ੍ਰਾਮ ਨਾਮਕ ਆਰਟ ਗੈਲਰੀ, ਨੇ ਲਾਬਾਨੀ ਨਾਲ਼ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਪਹਿਲੀ ਸੋਲੋ ਪੇਂਟਿੰਗ ਪ੍ਰਦਰਸ਼ਨੀ ਲਾਉਣ ਦਾ ਸੱਦਾ ਦਿੱਤਾ, ਜੋ ਦਸੰਬਰ 2022 ਵਿੱਚ ਬਿਬੀਰ ਦਰਗਾਹ ਵਿਖੇ ਆਯੋਜਿਤ ਕੀਤੀ ਗਈ ਸੀ।
ਬਿਬੀਰ ਦਰਗਾਹਾਂ ਨਾਲ਼ ਸਬੰਧਤ ਕਲਾਕ੍ਰਿਤੀਆਂ ਦਾ ਵਿਚਾਰ ਉਨ੍ਹਾਂ ਦੇ ਬਚਪਨ ਤੋਂ ਹੀ ਆਇਆ, ਨਾਲ਼ ਹੀ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਤੋਂ ਵੀ, ਜਿਸ ਬਾਰੇ ਉਹ ਕਹਿੰਦੇ ਹਨ ਕਿ ਅਜਿਹੀ ਥਾਂ ਜਿੱਥੇ ਉਹ ਮੁੜ ਰੂੜੀਵਾਦੀ ਇਸਲਾਮ ਦਾ ਉਦੈ ਹੁੰਦਾ ਦੇਖ ਰਹੇ ਹਨ। ਬੀਬੀ ਕਾ ਦਰਗਾਹ ਉਨ੍ਹਾਂ ਮਹਿਲਾ ਪੀਰਾਂ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ ਹੈ ਜੋ ਧਾਰਮਿਕ ਮਾਰਗਦਰਸ਼ਕ ਸਨ। "ਜਦੋਂ ਮੈਂ ਛੋਟੀ ਸੀ, ਸਾਡੇ ਪਿੰਡ ਵਿੱਚ ਦੋ ਮਹਿਲਾ ਪੀਰਾਂ ਦੀਆਂ ਦਰਗਾਹਾਂ ਸਨ। ਉਸ ਨਾਲ਼ ਜੁੜੀਆਂ ਸਾਡੀਆਂ ਕੁਝ ਰਸਮਾਂ ਵੀ ਸਨ ਜਿਨ੍ਹਾਂ ਵਿੱਚ ਤੰਦ ਬੰਨ੍ਹਣਾ ਤੇ ਮੰਨਤ ਮੰਗਣਾ ਵੀ ਸ਼ਾਮਲ ਸੀ। ਮੰਨਤਾਂ ਪੂਰੀਆਂ ਹੋਣ ਤੋਂ ਬਾਅਦ, ਅਸੀਂ ਉਸ ਦਰਗਾਹ 'ਤੇ ਜਾਂਦੇ ਅਤੇ ਉੱਥੇ ਜਸ਼ਨ ਮਨਾਉਂਦੇ, ਆਲ਼ੇ-ਦੁਆਲ਼ੇ ਸੁਖਾਵਾਂ ਮਾਹੌਲ ਸੀ।
"ਪਰ ਮੈਂ ਇਸ ਸਭ ਨੂੰ ਆਪਣੀਆਂ ਅੱਖਾਂ ਸਾਹਮਣੇ ਗਾਇਬ ਹੁੰਦਿਆਂ ਦੇਖਿਆ ਹੈ ਤੇ ਇਹਦੀ ਥਾਂ ਬਾਅਦ ਵਿੱਚ ਮਕਤਾਬ ਨਾਂ ਦੀ ਲਾਇਬ੍ਰੇਰੀ ਬਣ ਗਈ। ਅੱਜ, ਮੁਸਲਿਮ ਰੂੜੀਵਾਦੀ ਜੋ ਮਜ਼ਾਰ (ਸਮਾਧੀ) ਜਾਂ ਸੂਫ਼ੀ ਦਰਗਾਹਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਅਜਿਹੀਆਂ ਦਰਗਾਹਾਂ ਨੂੰ ਤੋੜਨ ਜਾਂ ਉੱਥੇ ਮਸਜਿਦ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਹੁਣ ਕੁਝ ਕੁ ਦਰਗਾਹਾਂ ਬਚੀਆਂ ਹਨ ਉਹ ਹੀ ਮਰਦ ਪੀਰਾਂ ਦੀਆਂ ਹੀ ਹਨ। ਹੁਣ ਬੀਬੀ ਕੀ ਇੱਕ ਵੀ ਦਰਗਾਹ ਨਹੀਂ ਬਚੀ, ਉਹ ਸਾਡੀ ਸੱਭਿਆਚਾਰਕ ਯਾਦਾਂ ਤੋਂ ਵੀ ਮਿਟਾ ਦਿੱਤੀਆਂ ਗਈਆਂ ਹਨ।''
ਹਾਲਾਂਕਿ ਅਜਿਹਾ ਤਬਾਹੀ ਭਰਿਆ ਖਾਸਾ ਵਿਆਪਕ ਤੌਰ 'ਤੇ ਫੈਲਿਆ ਹੋਇਆ ਹੈ, ਲਾਬਾਨੀ ਇਸ ਦੇ ਸਮਾਨਾਂਤਰ ਇੱਕ ਹੋਰ ਪੈਟਰਨ ਨੂੰ ਮੰਨਦੇ ਹਨ, ਇੱਕ ਅਜਿਹਾ ਪੈਟਰਨ ਜੋ ਬੜੀ ਸੋਚੇ-ਸਮਝੇ ਤੇ ਹਿੰਸਕ ਤਰੀਕੇ ਨਾਲ਼ ਇਨ੍ਹਾਂ ਯਾਦਾਂ ਨੂੰ ਮਿਟਾਉਣ ਦੇ ਵਿਰੁੱਧ ਖੜ੍ਹਾ ਹੈ। "ਜਿਓਂ ਹੀ ਬੰਗਲਾਦੇਸ਼ ਵਿੱਚ ਉਸੇ ਪੈਟਰਨ ਦਾ ਵੇਲ਼ਾ ਆਇਆ ਤਾਂ ਮੈਂ ਇੱਕ ਪਾਸੇ ਇਨ੍ਹਾਂ ਮਜ਼ਾਰਾਂ ਦੀ ਤਬਾਹੀ ਅਤੇ ਦੂਜੇ ਪਾਸੇ ਔਰਤਾਂ ਦੇ ਵਿਰੋਧ ਬਾਰੇ ਸੋਚਿਆ ਜੋ ਅਜੇ ਵੀ ਆਪਣੀ ਗੁਆਚੀ ਜ਼ਮੀਨ ਦੀ ਮੁੜ-ਪ੍ਰਾਪਤੀ ਲਈ ਨਿਰੰਤਰ ਲੜ ਰਹੀਆਂ ਹਨ। ਇਹ ਵਿਰੋਧ ਅਤੇ ਲਚਕੀਲਾਪਣ ਮਜ਼ਾਰ ਦੀ ਭਾਵਨਾ ਤੋਂ ਹੀ ਨਿਕਲ਼ਿਆ ਹੈ ਜੋ ਢਾਂਚਿਆਂ ਦੇ ਤਬਾਹ ਹੋਣ ਤੋਂ ਬਾਅਦ ਵੀ ਬਚੀ ਰਹਿੰਦੀ ਹੈ। ਬੱਸ ਇਹੀ ਭਾਵਨਾ ਸੀ ਜੋ ਮੈਂ ਕੈਪਚਰ ਕਰਕੇ ਇਸ ਸੋਲੋ ਪ੍ਰਦਰਸ਼ਨੀ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।''
ਉਸ ਪ੍ਰਦਰਸ਼ਨੀ ਦੇ ਮੁੱਕਣ ਦੇ ਲੰਬੇ ਸਮੇਂ ਬਾਅਦ ਵੀ, ਇਸ ਥੀਮ 'ਤੇ ਉਨ੍ਹਾਂ ਦਾ ਕੰਮ ਜਾਰੀ ਹੈ।
ਲਾਬਾਨੀ ਦੀਆਂ ਪੇਂਟਿੰਗਾਂ ਨੇ ਲੋਕਾਂ ਦੀ ਅਵਾਜ਼ ਨੂੰ ਮਜ਼ਬੂਤ ਕੀਤਾ ਹੈ। ਬਹੁਤ ਸਾਰੀਆਂ ਕਵਿਤਾਵਾਂ ਅਤੇ ਲੇਖ ਜੀਵੰਤ ਹੋ ਉੱਠੇ। "ਲੇਖਕ ਅਤੇ ਕਲਾਕਾਰ ਇੱਕ ਦੂਜੇ ਤੋਂ ਵੱਖਰੇ ਨਹੀਂ ਹਨ। ਕਲਾ ਸਾਨੂੰ ਜੋੜਦੀ ਹੈ। ਮੈਨੂੰ ਅਜੇ ਵੀ ਯਾਦ ਹੈ ਕਿ ਕੇਸ਼ਵ ਭਾਊ ( ਅੰਬੇਦਕਰ ਦੀ ਰਾਹ ਤੋਂ ਪ੍ਰੇਰਿਤ : ਸਾਲਵੇ ਦਾ ਗੀਤ ) ਨੇ ਆਪਣੇ ਲੇਖ ਵਿੱਚ ਮੇਰੀ ਬਣਾਈ ਤਸਵੀਰ ਦੇਖੀ ਤੇ ਦੱਸਿਆ ਕਿ ਕਿਵੇਂ ਮੈਂ ਸ਼ਾਹੀਰ ਨੂੰ ਬਿਲਕੁਲ ਉਸੇ ਰੰਗ ਵਿੱਚ ਰੰਗਿਆ ਜਿਵੇਂ ਉਨ੍ਹਾਂ ਕਲਪਨਾ ਕੀਤੀ ਸੀ। ਪਰ ਇਹ ਮੇਰੇ ਲਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ, ਕਿਉਂਕਿ ਅਸੀਂ ਆਪਣੀ ਕਲਪਨਾ, ਆਪਣੀਆਂ ਸਮੂਹਿਕ ਯਾਦਾਂ, ਆਪਣੀਆਂ ਸਾਂਝੀਆਂ ਕਹਾਣੀਆਂ ਦੀ ਆਤਮਾ ਨੂੰ ਸਾਂਝਿਆ ਕਰਦੇ ਹਾਂ, ਉਂਝ ਭਾਵੇਂ ਅਸੀਂ ਆਪਣੀ ਵਿਅਕਤੀਗਤ, ਸਮਾਜਿਕ, ਸੱਭਿਆਚਾਰਕ ਪਛਾਣ ਦੁਆਰਾ ਲੱਖ ਵੱਖ ਕਿਉਂ ਨਾ ਹੋਈਏ,"ਲਬਾਨੀ ਕਹਿੰਦੇ ਹਨ।
ਚਮਕਦਾਰ ਰੰਗ, ਖਿੱਚੀਆਂ ਰੇਖਾਵਾਂ ਦੀ ਤਾਕਤ ਅਤੇ ਮਨੁੱਖੀ ਜੀਵਨ ਦੀ ਇੱਕ ਕੱਚੀ ਕਹਾਣੀ ਸੱਭਿਆਚਾਰਕ ਇਕਸਾਰਤਾ ਦੇ ਵਿਰੁੱਧ ਵਿਰੋਧ ਦੀਆਂ ਕਹਾਣੀਆਂ, ਸਮੂਹਿਕ ਯਾਦਦਾਸ਼ਤ ਦੀਆਂ ਕਹਾਣੀਆਂ, ਪਛਾਣਾਂ ਅਤੇ ਸਭਿਆਚਾਰਾਂ ਦੇ ਟੁੱਟਣ ਵਿਚਕਾਰ ਸਬੰਧ ਬਣਾਉਣ ਦੀਆਂ ਕਹਾਣੀਆਂ ਦੱਸਦੀਆਂ ਹਨ। "ਮੈਨੂੰ ਲੱਗਦਾ ਹੈ ਕਿ ਮੈਂ ਇੱਕ ਕਿਸਮ ਦੇ ਕਾਲਪਨਿਕ ਯੂਟੋਪੀਆ ਤੋਂ ਪ੍ਰੇਰਿਤ ਹਾਂ। ਚੁਫੇਰੇ ਦੇ ਹਿੰਸਕ ਮਾਹੌਲ ਦੇ ਜਵਾਬ ਵਿੱਚ ਇੱਕ ਨਵੇਂ ਕਿਸਮ ਦੇ ਸਮਾਜ ਦੀ ਕਲਪਨਾ ਕਰਨਾ ਵੀ ਲਾਜ਼ਮੀ ਹੈ," ਲਾਬਾਨੀ ਕਹਿੰਦੇ ਹਨ। "ਅੱਜ ਦੀ ਦੁਨੀਆ ਵਿੱਚ, ਜਦੋਂ ਰਾਜਨੀਤਿਕ ਬਹਿਸ ਤਬਾਹੀ ਵੱਲ ਵਧ ਰਹੀ ਹੈ, ਮੇਰੇ ਬਣਾਏ ਚਿੱਤਰ ਭਾਵੇਂ ਠੰਡੀ ਹੀ ਸਹੀ ਪਰ ਸ਼ਕਤੀਸ਼ਾਲੀ ਭਾਸ਼ਾ ਵਿੱਚ ਵਿਰੋਧ ਅਤੇ ਮੇਲ-ਮਿਲਾਪ ਦੀ ਗੱਲ ਕਰਦੇ ਹਨ।''
ਲਾਬਾਨੀ ਨੂੰ ਇਹ ਭਾਸ਼ਾ ਆਪਣੀ ਨਾਨੀ ਤੋਂ ਮਿਲ਼ੀ, ਜਿਸ ਨੇ ਆਪਣੀ ਜ਼ਿੰਦਗੀ ਦੇ ਪਹਿਲੇ 10 ਸਾਲਾਂ ਤੱਕ ਉਨ੍ਹਾਂ ਦੀ ਦੇਖਭਾਲ਼ ਕੀਤੀ। "ਮੇਰੀ ਮਾਂ ਲਈ ਸਾਡੇ ਦੋਵਾਂ, ਮੇਰੇ ਭਰਾ ਅਤੇ ਮੇਰੀ ਦੇਖਭਾਲ਼ ਕਰਨਾ ਮੁਸ਼ਕਲ ਸੀ। ਘਰ ਵੀ ਛੋਟਾ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਮੇਰੀ ਨਾਨੀ ਦੇ ਘਰ ਭੇਜ ਦਿੱਤਾ, ਜਿੱਥੇ ਨਾਨੀ ਅਤੇ ਖਾਲਾ (ਮਾਸੀ) ਨੇ ਇੱਕ ਦਹਾਕੇ ਤੱਕ ਮੇਰੀ ਦੇਖਭਾਲ਼ ਕੀਤੀ। ਉਨ੍ਹਾਂ ਦੇ ਘਰ ਦੇ ਨੇੜੇ ਇੱਕ ਛੱਪੜ ਸੀ ਜਿੱਥੇ ਅਸੀਂ ਹਰ ਦੁਪਹਿਰ ਕੰਥਾ (ਕਢਾਈ) ਦਾ ਕੰਮ ਕਰਦੇ ਸੀ," ਲਾਬਾਨੀ ਯਾਦ ਕਰਦੇ ਹਨ। ਉਨ੍ਹਾਂ ਦੀ ਨਾਨੀ ਕਢਾਈ ਦੇ ਧਾਗਿਆਂ ਦੇ ਰੰਗਾਂ ਨਾਲ਼ ਹੀ ਗੁੰਝਲਦਾਰ ਕਹਾਣੀਆਂ ਬੁਣ ਦਿਆ ਕਰਦੀ। ਗੁੰਝਲਦਾਰ ਕਹਾਣੀਆਂ ਦੱਸਣ ਦੀ ਕਲਾ ਸ਼ਾਇਦ ਲਬਾਨੀ ਨੂੰ ਆਪਣੀ ਨਾਨੀ ਤੋਂ ਹੀ ਮਿਲ਼ੀ ਹੋਵੇ, ਪਰ ਇਹ ਉਸਦੀ ਮਾਂ ਸੀ ਜਿਸਨੇ ਉਸਨੂੰ ਨਿਰਾਸ਼ਾ ਅਤੇ ਉਮੀਦ ਦੇ ਵਿਚਕਾਰ ਇੱਕ ਜਗ੍ਹਾ ਬਣਾਉਣਾ ਸਿਖਾਇਆ ਜੋ ਉਹ ਇਸ ਸਮੇਂ ਜੀਉਂਦੀ ਹੈ।
"ਜਦੋਂ ਮੈਂ ਛੋਟੀ ਸਾਂ, ਇਮਤਿਹਾਨਾਂ ਵਿੱਚ ਮੇਰੇ ਬਹੁਤ ਘੱਟ ਅੰਕ ਆਉਂਦੇ। ਕਈ ਵਾਰ ਮੈਂ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਵਿੱਚ ਜ਼ੀਰੋ ਅੰਕ ਪ੍ਰਾਪਤ ਕੀਤੇ। ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਿਨਾਂ ਮਗਰ ਕਾਰਨ ਕੀ ਸਨ ਅਤੇ ਹਾਲਾਂਕਿ ਮੇਰੇ ਪਿਤਾ ਨੂੰ ਮੇਰੇ ਭਵਿੱਖ ਨੂੰ ਲੈ ਕੇ ਖ਼ਦਸ਼ੇ ਸਨ, ਮੇਰੀ ਮਾਂ ਨੇ ਹਮੇਸ਼ਾ ਮੇਰੇ 'ਤੇ ਵਿਸ਼ਵਾਸ ਕੀਤਾ ਸੀ। ਉਹਨੇ ਮੇਰੇ ਅੰਦਰ ਵਧੀਆ ਅੰਕ ਲੈ ਕੇ ਪਾਸ ਹੋਣ ਦੀ ਉਮੀਦ ਭਰੀ, ਮਾਂ ਦੀ ਤਾਕਤ ਤੋਂ ਬਗੈਰ ਸ਼ਾਇਦ ਮੈਂ ਇੰਨੀ ਦੂਰ ਨਾ ਨਿਕਲ਼ ਪਾਉਂਦੀ, ਹਾਲਾਂਕਿ ਮੇਰੀ ਮਾਂ ਦੀ ਬਹੁਤ ਇੱਛਾ ਸੀ, ਪਰ ਉਸਨੂੰ ਕਦੇ ਵੀ ਕਾਲਜ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਨਹੀਂ ਮਿਲ਼ਿਆ। ਉਹਦਾ ਵਿਆਹ ਹੋ ਗਿਆ। ਇਸ ਤਰ੍ਹਾਂ ਉਹ ਮੇਰੇ ਜ਼ਰੀਏ ਆਪਣੀ ਕਲਪਨਾਤਮਕ ਜ਼ਿੰਦਗੀ ਨੂੰ ਹਕੀਕਤ ਬਣਾਉਂਦੀ ਰਹੀ। ਜਦੋਂ ਵੀ ਮੈਂ ਕੋਲਕਾਤਾ ਤੋਂ ਘਰ ਜਾਂਦੀ ਹਾਂ, ਮੇਰੀ ਮਾਂ ਮੇਰੇ ਸਾਹਵੇਂ ਬੈਠਦੀ ਅਤੇ ਆਪਣੀਆਂ ਉਤਸੁਕਤਾ ਭਰੀਆਂ ਕਹਾਣੀਆਂ ਨਾਲ਼ ਮੈਨੂੰ ਬਾਹਰੀ ਦੁਨੀਆ ਨਾਲ਼ ਜੋੜ ਦਿੰਦੀ ਹੈ। ਉਹ ਉਸ ਦੁਨੀਆਂ ਨੂੰ ਮੇਰੀਆਂ ਅੱਖਾਂ ਰਾਹੀਂ ਦੇਖਦੀ ਹੈ।"
ਪਰ ਇਹ ਸੰਸਾਰ ਦਾ ਭਿਆਨਕ ਪਾਸਾ ਹੈ, ਜਿੱਥੇ ਕਲਾ ਦਾ ਤੇਜ਼ੀ ਨਾਲ਼ ਵਪਾਰੀਕਰਨ ਹੋ ਰਿਹਾ ਹੈ। "ਮੈਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਮੇਰੇ ਅੰਦਰ ਦੀ ਭਾਵਨਾਤਮਕ ਦੁਨੀਆਂ ਗੁੰਮ ਸਕਦੀ ਹੈ। ਸਿਰਫ਼ ਇਸਲਈ ਮੈਂ ਭਾਵਨਾਤਮਕ ਤੌਰ 'ਤੇ ਵਿਸਥਾਪਿਤ ਜਾਂ ਆਪਣੇ ਲੋਕਾਂ ਅਤੇ ਉਨ੍ਹਾਂ ਕਦਰਾਂ ਕੀਮਤਾਂ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਕਿ ਮੈਂ ਵੱਡਾ ਕਲਾਕਾਰ ਬਣਨਾ ਹੈ, ਉਨ੍ਹਾਂ ਤੋਂ ਅਲਹਿਦਾ ਹੋ ਹੀ ਨਹੀਂ ਸਕਦੀ ਜਿਨ੍ਹਾਂ ਨੇ ਮੇਰੀ ਕਲਾ ਨੂੰ ਨਿਖਾਰਿਆ ਹੈ। ਮੈਂ ਪੈਸੇ ਅਤੇ ਸਮੇਂ ਨੂੰ ਲੈ ਕੇ ਬਹੁਤ ਸੰਘਰਸ਼ ਕਰਦੀ ਰਹੀ ਹਾਂ, ਪਰ ਮੇਰਾ ਸਭ ਤੋਂ ਵੱਡਾ ਸੰਘਰਸ਼ ਆਪਣੀ ਆਤਮਾ ਨੂੰ ਵੇਚਿਆਂ ਬਗੈਰ ਇਸ ਦੁਨੀਆ ਵਿਚ ਜਿਉਂਦਾ ਰਹਿਣਾ ਹੈ।''
ਕਵਰ ਤਸਵੀਰ: ਜਯੰਤੀ ਬੁਰੂਦਾ
ਤਰਜਮਾ: ਕਮਲਜੀਤ ਕੌਰ