ਮਧੁਸੂਦਨ ਤਾਂਤੀ ਇਹ ਸੋਚ ਸੋਚ ਕੇ ਹੈਰਾਨ ਹਨ ਕਿ ਉਨ੍ਹਾਂ ਨੇ ਜਿਹੜੀ ਸਾੜੀ 300 ਰੁਪਏ ਵਿੱਚ ਬੁਣੀ ਹੈ, ਉਹਨੂੰ ਕੌਣ ਖ਼ਰੀਦੇਗਾ, ਜਦੋਂ ਬਜ਼ਾਰ ਵਿੱਚ ਪੋਲਿਸਟਰ ਦੀ ਸਾੜੀ ਮਹਿਜ 90 ਰੁਪਏ ਵਿੱਚ ਵਿਕ ਰਹੀ ਹੋਵੇ।
ਓੜੀਸਾ ਦੇ ਕੋਰਾਪੁਟ ਜ਼ਿਲ੍ਹੇ ਦੇ ਕੋਟਪਾੜ ਤਹਿਸੀਲ ਦੇ ਪਿੰਡ ਡੋਂਗਰੀਗੁੜਾ ਦਾ ਇਹ 40 ਸਾਲਾ ਜੁਲਾਹਾ ਕਈ ਦਹਾਕਿਆਂ ਤੋਂ ਕੋਟਪਾੜ ਸਾੜੀ ਬੁਣਦਾ ਆਇਆ ਹੈ। ਕੋਟਪਾੜ ਸਾੜੀ ਦੀ ਉਣਤੀ ਕਾਫ਼ੀ ਜਟਿਲ ਹੁੰਦੀ ਹੈ ਜੋ ਸੂਤ ਦੇ ਕਾਲ਼ੇ, ਲਾਲ ਤੇ ਭੂਰੇ ਧਾਗਿਆਂ ਦਾ ਇਸਤੇਮਾਲ ਕਰਕੇ ਤਾਣਾ-ਪੇਟਾ ਬੁਣਿਆ ਜਾਂਦਾ ਹੈ।
' ' ਬੁਣਾਈ ਸਾਡਾ ਪਰਿਵਾਰਕ ਪੇਸ਼ਾ ਰਿਹਾ ਹੈ। ਮੇਰੇ ਦਾਦਾ ਜੀ ਬੁਣਦੇ ਸਨ ਫਿਰ ਮੇਰੇ ਪਿਤਾ ਜੀ ਬੁਣਦੇ ਰਹੇ ਤੇ ਹੁਣ ਮੇਰਾ ਬੇਟਾ ਵੀ ਬੁਣ ਰਿਹਾ ਹੈ,'' ਮਧੁਸੂਦਨ ਕਹਿੰਦੇ ਹਨ ਜੋ ਆਪਣਾ ਅੱਠ-ਮੈਂਬਰੀ ਟੱਬਰ ਪਾਲ਼ਣ ਲਈ ਹੋਰ ਵੀ ਕਈ ਕੰਮ ਕਰਦੇ ਹਨ।
ਇਹ ਫ਼ਿਲਮ, ਏ ਵੀਵ ਇਨ ਟਾਈਮ 2014 ਵਿੱਚ ਬਣਾਈ ਗਈ ਸੀ ਤੇ ਮਧੁਸੂਦਨ ਨੂੰ ਵਿਰਸੇ ਵਿੱਚ ਮਿਲ਼ੀ ਕਲਾ ਤੇ ਇਸ ਕਲਾ ਨੂੰ ਜੀਊਂਦੇ ਰੱਖਣ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੀ ਪੜਚੋਲ ਕਰਦੀ ਹੈ।
ਤਰਜਮਾ: ਕਮਲਜੀਤ ਕੌਰ