ਉੱਤਰੀ ਕੋਲਕਾਤਾ ਵਿੱਚ ਕੁਮੌਰਟੁਲੀ ਦੀਆਂ ਗਲੀਆਂ ਇੰਨੀਆਂ ਭੀੜੀਆਂ ਹਨ ਕਿ ਇੱਥੋਂ ਹੱਥ ਨਾਲ ਖਿੱਚਿਆ ਜਾਣ ਵਾਲਾ ਰਿਕਸ਼ਾ ਮਸਾਂ ਹੀ ਲੰਘਦਾ ਹੈ। ਇੱਥੇ ਮਿਲਣ ਵਾਲੇ ਜਿਆਦਾਤਰ ਲੋਕ ਕੁਮੌਰ ਹੁੰਦੇ ਹਨ ਜੋ ਕਿ ਸ਼ਹਿਰ ਦੇ ਮੂਰਤੀਕਾਰ ਹਨ। ਹਰ ਸਾਲ ਕੋਲਕਾਤਾ ਵਿੱਚ ਜਾਣ ਵਾਲੀਆਂ ਦੁਰਗਾ ਮਾਤਾ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਇੱਥੋਂ ਹੀ ਬਣ ਕੇ ਜਾਂਦੀਆਂ ਹਨ।
ਕਾਰਤਿਕ ਪਾਲ ਦੀ ਇੱਥੇ ਬਰੌਜੇਸ਼ੌਰ ਐਂਡ ਸੰਸ (ਉਸ ਦੇ ਪਿਤਾ ਜੀ ਦੇ ਨਾਮ ਤੇ) ਨਾਮ ਦੀ ਬਾਂਸ ਅਤੇ ਪਲਾਸਟਿਕ ਸ਼ੀਟਾਂ ਦੀ ਵਰਕਸ਼ਾਪ ਹੈ। ਉਹ ਮੂਰਤੀ ਬਣਾਉਣ ਦੀ ਲੰਬੀ ਅਤੇ ਕਈ ਪੜਾਵਾਂ ਵਾਲੀ ਪ੍ਰਕਿਰਿਆ ਬਾਰੇ ਦੱਸਦੇ ਹਨ। ਮੂਰਤੀ ਘੜ੍ਹਨ ਦੇ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਗੌਂਗਾ ਮਾਟੀ (ਨਦੀ ਦੇ ਕਿਨਾਰੇ ਤੋਂ ਲਿਆਂਦੀ ਮਿੱਟੀ) ਅਤੇ ਪਾਟ ਮਾਟੀ (ਜੂਟ ਦੇ ਰੇਸ਼ੇ ਅਤੇ ਗੌਂਗਾ ਮਾਟੀ ਦਾ ਮਿਸ਼ਰਣ) ਦੀ ਵਰਤੋਂ ਹੁੰਦੀ ਹੈ।
ਸਾਡੀ ਗੱਲਬਾਤ ਦੌਰਾਨ ਪਾਲ ਗਿੱਲੀ ਮਿੱਟੀ ਨਾਲ ਭਗਵਾਨ ਕਾਰਤਿਕ ਦਾ ਮੁਖੜਾ ਘੜ੍ਹ ਰਹੇ ਸਨ ਅਤੇ ਬੜੀ ਮਹਾਰਤ ਨਾਲ ਆਪਣੇ ਹੱਥਾਂ ਨਾਲ ਬਰੀਕੀਆਂ ਘੜ੍ਹ ਰਹੇ ਹਨ। ਉਹ ਇੱਕ ਪੇਂਟ ਬੁਰਸ਼ ਅਤੇ ਚਿਆੜੀ (ਬਾਂਸ ਦਾ ਬਣਿਆ ਮੂਰਤੀ ਬਣਾਉਣ ਵਿੱਚ ਕੰਮ ਵਾਲਾ ਸੰਦ) ਦੀ ਵਰਤੋਂ ਕਰਦੇ ਹਨ।
ਨੇੜੇ ਹੀ ਇੱਕ ਹੋਰ ਵਰਕਸ਼ਾਪ ਵਿੱਚ ਗੋਪਾਲ ਪਾਲ ਨੇ ਇੱਕ ਮਹੀਨ ਤੌਲੀਏ ਵਰਗੇ ਕੱਪੜੇ ਨੂੰ ਮਿੱਟੀ ਦੀ ਮੂਰਤ ਤੇ ਲਗਾਉਣ ਲਈ ਇੱਕ ਗੂੰਦ ਬਣਾਈ ਹੈ ਜਿਸ ਨਾਲ ਮੂਰਤੀ ਚਮੜੀ ਵਰਗੀ ਹੀ ਦਿਖਾਈ ਦਿੰਦੀ ਹੈ। ਗੋਪਾਲ ਉੱਤਰੀ ਕੋਲਕਾਤਾ ਤੋਂ 120 ਕਿਲੋਮੀਟਰ ਦੂਰ ਨੌਦੀਆ ਜਿਲ੍ਹੇ ਦੇ ਕ੍ਰਿਸ਼ਨੋਨੌਗਰ ਤੋਂ ਹਨ। ਇੱਥੇ ਕੰਮ ਕਰਨ ਵਾਲੇ ਜਿਆਦਾਤਰ ਆਦਮੀ ਹਨ ਜੋ ਇੱਕੋ ਜਿਲ੍ਹੇ ਤੋਂ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਰਕਸ਼ਾਪ ਮਾਲਕਾਂ ਵੱਲੋਂ ਇੱਕੋ ਹੀ ਇਲਾਕੇ ਵਿੱਚ ਦਿੱਤੇ ਗਏ ਕੁਆਟਰਾਂ ਵਿੱਚ ਰਹਿੰਦੇ ਹਨ। ਕੰਮ ਦੇ ਸੀਜ਼ਨ ਤੋਂ ਮਹੀਨਿਆਂ ਪਹਿਲਾਂ ਹੀ ਇਹਨਾਂ ਨੂੰ ਕੰਮ ਤੇ ਰੱਖਿਆ ਜਾਂਦਾ ਹੈ। ਇਹ ਅੱਠ ਘੰਟਿਆਂ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਪਤਝੜ ਦੇ ਤਿਉਹਾਰ ਤੋਂ ਪਹਿਲਾਂ ਕਾਰੀਗਰ ਸਾਰੀ ਸਾਰੀ ਰਾਤ ਵੀ ਓਵਰਟੈਮ ਤੇ ਕੰਮ ਕਰਦੇ ਹਨ।
ਕੁਮੌਰਟੁਲੀ ਵਿੱਚ ਸਭ ਤੋਂ ਪਹਿਲੇ ਘੁਮਿਆਰ ਲਗਭਗ 300 ਸਾਲ ਪਹਿਲਾਂ ਕ੍ਰਿਸ਼ਨੋਨੌਗਰ ਤੋਂ ਆਏ ਸਨ। ਉਸ ਸਮੇਂ ਉਹ ਕੁਝ ਮਹੀਨੇ ਬਾਗਬਾਜ਼ਾਰ ਘਾਟ ਨੇੜੇ ਨਵੇਂ ਬਣ ਰਹੇ ਕੁਮੌਰਟੁਲੀ ਵਿੱਚ ਰਹੇ ਤਾਂ ਜੋ ਨਦੀ ਤੋਂ ਮਿੱਟੀ ਅਸਾਨੀ ਨਾਲ ਮਿਲ ਸਕੇ। ਉਹ ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਕੰਮ ਕਰਦੇ ਸਨ, ਅਤੇ ਦੁਰਗਾ ਪੂਜੋ ਤੋਂ ਕਈ ਹਫ਼ਤੇ ਪਹਿਲਾਂ ਹੀ ਠਾਕੁਰਦਾਲਾਨ (ਜੌਮੀਂਦਾਰਾਂ ਦੇ ਘਰਾਂ ਵਿੱਚ ਹੀ ਧਾਰਮਿਕ ਤਿਉਹਾਰਾਂ ਲਈ ਨਿਯਤ ਥਾਂ) ਵਿੱਚ ਮੂਰਤੀ ਬਣਾਉਂਦੇ ਸਨ।
1905 ਵਿੱਚ ਬੰਗਾਲ ਦੇ ਵਿਭਾਜਨ ਅਤੇ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਦੇ ਢਾਕਾ, ਬਿਕਰੌਮਪੁਰ, ਫ਼ੌਰੀਦਪੁਰ ਤੋਂ ਮਾਹਿਰ ਕਾਰੀਗਰ ਕੁਮੌਰਟੁਲੀ ਆ ਗਏ। ਭਾਰਤ ਦੀ ਅਜ਼ਾਦੀ ਤੋਂ ਬਾਅਦ ਜੌਮੀਂਦਾਰੀ ਸਿਸਟਮ ਖਤਮ ਹੋਣ ਦੇ ਨਾਲ ਸੌਰਬੋਜੋਨੀਨ ਜਾਂ ਭਾਈਚਾਰਿਕ ਪੂਜਾ ਦਾ ਪ੍ਰਚਲਨ ਵਧ ਗਿਆ। ਇਹ ਹੀ ਉਹ ਸਮਾਂ ਸੀ ਜਦ ਮਾਂ ਦੁਰਗਾ ਤੰਗ ਠਾਕੁਰਦਾਲਾਨਾਂ ਤੋਂ ਨਿਕਲ ਕੇ ਸੜਕ ਕਿਨਾਰੇ ਖੁੱਲੇ ਪੰਡਾਲ ਵਿੱਚ ਆ ਗਈ ਜਿੱਥੇ ਹੋਰ ਦੇਵੀ ਦੇਵਤਿਆਂ ਲਈ ਵੀ ਵੱਡੇ ਆਕਰਸ਼ਕ ਅਤੇ ਅਲੱਗ ਥਾਂ ਤਿਆਰ ਕੀਤੇ ਜਾਂਦੇ ਸਨ।
ਐਲਬਮ ਦੇਖੋ: ਕੁਮੌਰਟੁਲੀ ਵਿੱਚੋਂ ਲੰਘਦਿਆਂ
ਸਿੰਚਿਤਾ ਮਾਜੀ ਨੇ ਇਹ ਵੀਡਿਓ ਸਟੋਰੀ ਸਾਲ 2015-16 ਦੀ ਪਾਰੀ ਫ਼ੈਲੋਸ਼ਿਪ ਤਹਿਤ ਦਰਜ ਕੀਤੀ ਸੀ।
ਤਰਜਮਾ: ਨਵਨੀਤ ਕੌਰ ਧਾਲੀਵਾਲ