70 ਸਾਲਾ ਬਲਦੇਵ ਕੌਰ ਭਾਰੀ ਕਦਮੀਂ ਆਪਣੇ ਘਰ ਦੇ ਬਚੇ-ਖੁਚੇ ਹਿੱਸਿਆਂ ਵਿੱਚੋਂ ਦੀ ਰਾਹ ਬਣਾਉਂਦੀ ਤੁਰਦੀ ਜਾ ਰਹੀ ਹਨ। ਮਲ਼ਬੇ ਦਾ ਇਹ ਢੇਰ ਕਦੇ ਉਨ੍ਹਾਂ ਦਾ ਘਰ ਹੁੰਦਾ ਸੀ, ਜੋ ਪਰਿਵਾਰ ਨੇ ਆਪਣੇ ਖੇਤਾਂ ਦੇ ਐਨ ਵਿਚਕਾਰ ਕਰਕੇ ਉਸਾਰਿਆ ਸੀ। ਸ਼ਾਂਤ ਖੜ੍ਹੀਆਂ ਕੰਧਾਂ ਆਪਣੀ ਕਹਾਣੀ ਕਹਿ ਰਹੀਆਂ ਹਨ।

''ਜਦੋਂ ਮੀਂਹ ਤੇ ਗੜ੍ਹੇਮਾਰੀ ਹੋਣ ਲੱਗੀ, ਅਸੀਂ ਪੂਰੀ ਰਾਤ ਜਾਗਦਿਆਂ ਕੱਟੀ। ਸਾਨੂੰ ਪਤਾ ਈ ਨਹੀਂ ਸੀ ਬਾਹਰ ਕੀ ਬਣ ਰਿਹੈ,'' ਬਲਦੇਵ ਕਹਿੰਦੀ ਹਨ। ਉਨ੍ਹਾਂ ਦਾ ਧੌਲ਼ਾ ਸਿਰ ਸੂਤੀ ਚੁੰਨ੍ਹੀ ਨਾਲ਼ ਢੱਕਿਆ ਹੋਇਆ ਹੈ, ਸੂਤੀ ਸੂਟ ਪਾਈ ਬਲਦੇਵ ਦੇ ਚਿਹਰੇ 'ਤੇ ਫ਼ਿਕਰਾਂ ਆਪਣੇ ਨਿਸ਼ਾਨ ਛੱਡ ਗਈਆਂ ਹਨ। ''ਸਵੇਰੇ ਜਦੋਂ ਛੱਤ ਚੋਣ ਲੱਗੀ ਤਾਂ ਅਸੀਂ ਸਾਰੇ ਬਾਹਰ ਵੱਲ ਨੂੰ ਭੱਜੇ।''

ਜਿਓਂ ਧੁੱਪਾਂ ਲੱਗਣ ਲੱਗੀਆਂ, ਘਰ ਵੀ ਤਿੜਕਣ ਲੱਗੇ, ਬਲਦੇਵ ਦੀ ਛੋਟੀ ਨੂੰਹ, 26 ਸਾਲਾ ਅਮਨਦੀਪ ਕੌਰ ਕਹਿਣ ਲੱਗੀ। ''ਘਰ ਤਾਂ ਸਾਰੇ ਪਾਸਿਓਂ ਪਾਟ ਗਿਐ,'' ਬਲਦੇਵ ਕੌਰ ਦੇ ਵੱਡੇ ਬੇਟੇ, 35 ਸਾਲਾ ਬਲਜਿੰਦਰ ਸਿੰਘ ਨੇ ਕਿਹਾ।

ਬਲਦੇਵ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਕਦੇ ਵੀ ਅਜਿਹਾ ਮੀਂਹ ਨਹੀਂ ਦੇਖਿਆ। ਮਾਰਚ 2023 ਨੂੰ ਪਿਆ ਪਿਛੇਤਾ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਪਿੰਡ ਭਲਾਈਆਣਾ ਵਿਖੇ ਨਾ ਸਿਰਫ਼ ਉਨ੍ਹਾਂ ਦੀ ਫ਼ਸਲ ਤਬਾਹ ਕੀਤੀ ਸਗੋਂ ਘਰ ਵੀ ਮਲ਼ਬੇ ਦਾ ਢੇਰ ਬਣਾ ਸੁੱਟਿਆ। ਪੰਜਾਬ ਦੇ ਦੱਖਣੀ-ਪੱਛਮੀ ਪਾਸੇ ਸਥਿਤ ਇਹ ਖਿੱਤਾ ਦੱਖਣ ਵੱਲੋਂ ਰਾਜਸਥਾਨ ਤੇ ਪੂਰਬ ਵੱਲੋਂ ਹਰਿਆਣੇ ਨਾਲ਼ ਆਪਣੀ ਸਰਹੱਦ ਸਾਂਝੀ ਕਰਦਾ ਹੈ।

ਜਦੋਂ ਮੀਂਹ ਤੇ ਗੜ੍ਹੇਮਾਰੀ ਅਗਲੇ ਤਿੰਨ ਦਿਨ ਜਾਰੀ ਰਹੀ ਤਾਂ ਬਲਜਿੰਦਰ ਦੀ ਚਿੰਤਾ ਦਾ ਕੋਈ ਹੱਦ-ਬੰਨਾ ਨਾ ਰਿਹਾ। ਪਰਿਵਾਰ ਨੇ ਆਪਣੀ ਪੰਜ ਏਕੜ (ਕਿੱਲੇ) ਪੈਲ਼ੀ ਤੋਂ ਇਲਾਵਾ ਠੇਕੇ  'ਤੇ 10 ਕਿੱਲੇ ਪੈਲ਼ੀ ਹੋਰ ਲੈਣ ਲਈ ਆੜ੍ਹਤੀਏ ਕੋਲ਼ੋਂ 6.5 ਲੱਖ ਰੁਪਏ ਵਿਆਜੀ ਚੁੱਕੇ ਸਨ। ਬਰਬਾਦ ਹੋਈ ਕਣਕ ਨੇ ਕੋਈ ਚਾਰਾ ਨਾ ਛੱਡਿਆ, ਨਾ ਪਰਿਵਾਰ ਦਾ ਗੁਜ਼ਾਰਾ ਹੋ ਸਕਿਆ ਤੇ ਨਾ ਹੀ ਕਰਜੇ ਦੀ ਕਿਸ਼ਤ ਲੱਥ ਸਕੀ।

''ਪੱਕਣ ਨੂੰ ਹੋਈ ਫ਼ਸਲ ਪਹਿਲਾਂ ਗੜ੍ਹੇਮਾਰੀ ਦੀ ਭੇਂਟ ਚੜ੍ਹੀ ਤੇ ਫਿਰ ਰਹਿੰਦੀ-ਖੂੰਹਦੀ ਕਸਰ ਮੀਂਹਾਂ ਦੀ ਝੜੀ ਨੇ ਪੂਰੀ ਕਰ ਦਿੱਤੀ। ਖੇਤ ਕਈ-ਕਈ ਦਿਨ ਪਾਣੀ ਵਿੱਚ ਡੁੱਬੇ ਰਹੇ। ਖੇਤੀਂ ਖੜ੍ਹਾ ਪਾਣੀ ਨਾ ਨਿਕਲ਼ਿਆ ਤਾਂ ਫ਼ਸਲ ਵੀ ਸੜਨ ਲੱਗੀ,'' ਲੰਬਾ ਹਊਕਾ ਲੈਂਦਿਆਂ ਬਲਜਿੰਦਰ ਨੇ ਕਿਹਾ। ''ਹਾਲ ਇਹ ਸੀ ਕਿ 15 ਦੀ 15 ਕਿੱਲੇ ਕਣਕ ਵਿਛ ਗਈ,'' ਅੱਧ-ਅਪ੍ਰੈਲ ਵਿੱਚ ਹੋਈ ਗੱਲਬਾਤ ਦੌਰਾਨ ਬਲਜਿੰਦਰ ਨੇ ਦੱਸਿਆ ਸੀ।

Left: Baldev Kaur standing amidst the remains of her home in Bhalaiana, Sri Muktsar Sahib district of Punjab. The house was built by her family on their farmland.
PHOTO • Sanskriti Talwar
Right: Baldev Kaur’s younger daughter-in-law Amandeep Kaur next to the shattered walls of the destroyed house
PHOTO • Sanskriti Talwar

ਖੱਬੇ ਪਾਸੇ: ਸ਼੍ਰੀ ਮੁਕਤਸਰ ਸਾਹਿਬ ਦੇ ਭਲਾਈਆਣਾ ਪਿੰਡ ਵਿਖੇ ਢੱਠੇ ਘਰ ਦੇ ਬਚੇ ਹਿੱਸਿਆਂ ਦੇ ਐਨ ਵਿਚਕਾਰ ਖੜ੍ਹੀ ਬਲਦੇਵ ਕੌਰ। ਇਹ ਘਰ ਪਰਿਵਾਰ ਨੇ ਆਪਣੇ ਖੇਤਾਂ ਦੇ ਵਿਚਾਲੇ ਬਣਾਇਆ ਸੀ। ਸੱਜੇ ਪਾਸੇ: ਮਲ਼ਬੇ ਦਾ ਢੇਰ ਬਣ ਚੁੱਕੇ ਘਰ ਦੀ ਟੁੱਟੀ ਕੰਧ ਕੋਲ਼ ਖੜ੍ਹੀ ਬਲਦੇਵ ਕੌਰ ਦੀ ਛੋਟੀ ਨੂੰਹ ਅਮਨਦੀਪ ਕੌਰ

Left: Baldev Kaur’s eldest son Baljinder Singh had taken a loan to rent 10 acres of land.
PHOTO • Sanskriti Talwar
Right: Damaged wheat crop on the 15 acres of farmland cultivated by Baldev Kaur’s family.
PHOTO • Sanskriti Talwar

ਖੱਬੇ ਪਾਸੇ: ਬਲਦੇਵ ਕੌਰ ਦੇ ਵੱਡੇ ਪੁੱਤ ਬਲਜਿੰਦਰ ਸਿੰਘ ਨੇ 10 ਕਿੱਲੇ ਪੈਲ਼ੀ ਠੇਕੇ 'ਤੇ ਲੈਣ ਵਾਸਤੇ ਕਰਜਾ ਲਿਆ ਸੀ। ਸੱਜੇ ਪਾਸੇ: ਬਲਦੇਵ ਕੌਰ ਦੇ ਪਰਿਵਾਰ ਵੱਲੋਂ ਕਾਸ਼ਤ ਕੀਤੀ 15 ਕਿੱਲੇ ਰਕਬੇ ਵਿੱਚ ਤਬਾਹ ਹੋਈ ਕਣਕ ਦੀ ਫ਼ਸਲ

ਇਨ੍ਹਾਂ ਥਾਵਾਂ 'ਤੇ ਕਣਕ ਹਾੜ੍ਹੀ ਦੀ ਫ਼ਸਲ ਹੈ, ਜੋ ਅਕਤੂਬਰ ਅਤੇ ਦਸੰਬਰ ਵਿਚਕਾਰ ਬੀਜੀ ਜਾਂਦੀ ਹੈ। ਫ਼ਰਵਰੀ ਤੇ ਮਾਰਚ ਮਹੀਨੇ ਇਸ ਅਨਾਜ ਵਾਸਤੇ ਬੜੇ ਅਹਿਮ ਹੁੰਦੇ ਹਨ ਇਸੇ ਸਮੇਂ ਦਾਣਿਆਂ ਵਿੱਚ ਸਟਾਰਚ ਅਤੇ ਪ੍ਰੋਟੀਨ ਜਮ੍ਹਾ ਹੋਣ ਲੱਗਦਾ ਹੈ।

ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਮੁਤਾਬਕ 24 ਤੋਂ 30 ਮਾਰਚ ਤੱਕ ਪੰਜਾਬ ਵਿੱਚ 33.8 ਮਿ.ਮੀ ਮੀਂਹ ਪਿਆ ਜਦੋਂ ਕਿ ਮਾਰਚ ਮਹੀਨੇ ਆਮ ਤੌਰ 'ਤੇ ਔਸਤਨ 22.2 ਮਿ.ਮੀ ਹੀ ਮੀਂਹ ਪੈਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਕੱਲੇ 24 ਮਾਰਚ ਨੂੰ ਹੀ 30 ਮਿ.ਮੀ ਮੀਂਹ ਦਰਜ ਕੀਤਾ ਗਿਆ

ਹਾਲਾਂਕਿ ਬਲਜਿੰਦਰ ਇਹ ਜਾਣਦੇ ਸਨ ਕਿ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਉਨ੍ਹਾਂ ਦੀ ਫ਼ਸਲ ਦੀ ਬਰਬਾਦੀ ਦਾ ਕਾਰਨ ਸੀ ਪਰ ਸਾਲਾਂਬੱਧੀ ਮਿਹਨਤ ਕਰਕੇ ਬਣਾਏ ਮਕਾਨ ਦਾ ਇੰਝ ਤਬਾਹ ਹੋਣਾ ਪਰਿਵਾਰ ਲਈ ਦੋਹਰੀ ਮਾਰ ਸੀ।

''ਜਦੋਂ ਵੀ ਮੈਂ ਬਾਹਰੋਂ ਆਪਣਾ ਘਰ ਦੇਖਣ ਆਉਂਦੀ ਆਂ ਤਾਂ ਇਹਦੀ ਹਾਲਤ ਦੇਖ ਮਨ ਮਰ-ਮਰ ਜਾਂਦਾ ਏ। ਜੀ ਘਬਰਾਉਂਦਾ ਏ,'' ਬਲਦੇਵ ਕੌਰ ਬੁਝੇ ਮਨ ਨਾਲ਼ ਕਹਿੰਦੀ ਹਨ।

ਪਰਿਵਾਰ ਦੇ ਅੰਦਾਜ਼ੇ ਮੁਤਾਬਕ ਉਨ੍ਹਾਂ ਨੂੰ 6 ਲੱਖ ਦਾ ਫ਼ਸਲੀ ਨੁਕਸਾਨ ਹੋਇਆ ਹੈ। ਜਿੱਥੇ ਇੱਕ ਕਿੱਲੇ ਵਿੱਚੋਂ 60 ਮਣ (37 ਕਿੱਲੋ ਦਾ ਇੱਕ ਮਣ) ਕਣਕ ਦਾ ਝਾੜ ਨਿਕਲ਼ਦਾ ਹੈ, ਉੱਥੇ ਹੀ ਇੱਕ ਕਿੱਲੇ ਵਿੱਚੋਂ 20 ਮਣ ਹੀ ਝਾੜ ਮਿਲ਼ਣਾ ਹੈ। ਘਰ ਦੀ ਮੁੜ ਉਸਾਰੀ ਵੀ ਇੱਕ ਵਾਧੂ ਦਾ ਖਰਚਾ ਹੈ ਤੇ ਗਰਮੀਆਂ ਦੇ ਸ਼ੁਰੂ ਹੁੰਦਿਆਂ ਇਹ ਕੰਮ ਕਰਨਾ ਵੀ ਪੈਣਾ ਹੈ।

''ਕੁਦਰਤ ਕਰਕੇ,'' ਬਲਜਿੰਦਰ ਨੇ ਕਿਹਾ।

Left: Baldev Kaur picking her way through the rubble of her ancestral home.
PHOTO • Sanskriti Talwar
Right: The family shifted all their belongings to the room that did not get destroyed by the untimely rains in March 2023
PHOTO • Sanskriti Talwar

ਖੱਬੇ ਪਾਸੇ: ਆਪਣੇ ਜੱਦੀ ਘਰ ਦੇ ਮਲ਼ਬੇ ਵਿੱਚੋਂ ਦੀ ਆਪਣਾ ਰਸਤਾ ਬਣਾਉਂਦੀ ਬਲਦੇਵ ਕੌਰ। ਸੱਜੇ ਪਾਸੇ: ਪਰਿਵਾਰ ਨੇ ਆਪਣਾ ਸਾਰਾ ਸਮਾਨ ਉਸ ਇੱਕ ਕਮਰੇ ਵਿੱਚ ਰੱਖ ਦਿੱਤਾ ਹੈ ਜੋ ਮਾਰਚ 2023 ਦੇ ਬੇਮੌਸਮੀ ਮੀਂਹ ਦੀ ਮਾਰ ਤੋਂ ਜਿਵੇਂ-ਕਿਵੇਂ ਬਚਿਆ ਰਹਿ ਗਿਆ

Left: Farmland in Bhaliana village, destroyed by the changing climate.
PHOTO • Sanskriti Talwar
Right: Gurbakt Singh is an activist of the Bhartiya Kisan Union (Ekta-Ugrahan). At his home in Bhaliana
PHOTO • Sanskriti Talwar

ਖੱਬੇ ਪਾਸੇ: ਜਲਵਾਯੂ ਤਬਦੀਲੀ ਦੇ ਚੱਲਦਿਆਂ ਬਰਬਾਦ ਪਏ ਭਲਾਈਆਣਾ ਦੇ ਖੇਤ। ਸੱਜੇ ਪਾਸੇ: ਗੁਰਬਖਤ ਸਿੰਘ, ਜੋ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਕਾਰਕੁੰਨ ਹਨ, ਭਲਾਈਆਣਾ ਵਿਖੇ ਆਪਣੇ ਘਰ ਵਿੱਚ

ਭਲਾਈਆਣਾ ਪਿੰਡ ਵਾਸੀ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਕਾਰਕੁੰਨ, ਗੁਰਬਖਤ ਸਿੰਘ ਨੇ ਕਿਹਾ, ਜਲਵਾਯੂ ਦੇ ਬਦਲਦੇ ਮਿਜ਼ਾਜ ਤੇ ਖ਼ਾਸੇ ਨੇ ਕਿਸਾਨਾਂ ਅੰਦਰ ਡਰ ਭਰ ਦਿੱਤਾ। ''ਇਹ ਸਭ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਦੇਣ ਹੈ। ਜੇਕਰ ਸਰਕਾਰ ਹੋਰਨਾਂ ਫ਼ਸਲਾਂ ਦੇ ਭਾਅ ਤੈਅ ਕਰ ਦੇਵੇ ਤਾਂ ਅਸੀਂ ਭਲ਼ਾ ਝੋਨੇ ਜਿਹੀਆਂ ਫ਼ਸਲਾਂ ਬੀਜੀਏ ਹੀ ਕਿਉਂ,'' ਉਨ੍ਹਾਂ ਕਿਹਾ।

ਸੰਯੁਕਤ ਕਿਸਾਨ ਮੋਰਚਾ, ਕਈ ਕਿਸਾਨ ਯੂਨੀਅਨਾਂ ਦਾ ਸਾਂਝਾ ਮੰਚ, ਸਾਰੀਆਂ ਹੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਭਰੋਸਾ ਦਵਾਉਣ ਵਾਲ਼ੇ ਕਨੂੰਨ ਦੇ ਬਣਾਏ ਜਾਣ ਦੀ ਮੰਗ ਕਰਦਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਯੂਨੀਅਨਾਂ ਸਰਕਾਰ 'ਤੇ ਦਬਾਅ (ਇਸੇ ਕਨੂੰਨ ਦੇ ਬਣਾਏ ਜਾਣ ਖ਼ਾਤਰ) ਪਾਉਣ ਲਈ ਮਾਰਚ 2023 ਵਿੱਚ ਦਿੱਲੀ ਵਿਖੇ ਧਰਨੇ 'ਤੇ ਵੀ ਬੈਠੀਆਂ।

ਗੁਰਬਖਤ ਦੇ ਛੋਟੇ ਪੁੱਤ, ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋਣ ਕਾਰਨ ਤੂੜੀ (ਕਣਕ ਦੀ ਨਾੜ) ਵੀ ਨਾ ਬਣ ਸਕੀ। ਗੁਰਬਖਤ ਸਿੰਘ ਦੇ ਪਰਿਵਾਰ ਨੂੰ 6 ਤੋਂ 7 ਲੱਖ ਦਾ ਘਾਟਾ ਪਿਆ। ਉਨ੍ਹਾਂ ਨੇ ਵੀ ਫ਼ਸਲਾਂ ਵਾਸਤੇ 1.5 ਰੁਪਏ (100 ਰੁਪਏ ਮਗਰ) ਵਿਆਜ ਦਰ ਦੇ ਹਿਸਾਬ ਨਾਲ਼ ਆੜ੍ਹਤੀਏ ਕੋਲ਼ੋਂ 7 ਲੱਖ ਦਾ ਕਰਜਾ ਚੁੱਕਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਰਿਵਾਰ ਨੇ ਆਪਣੀ ਜ਼ਮੀਨ ਗਹਿਣੇ ਪਾ ਕੇ ਬੈਂਕ ਤੋਂ 9 ਫ਼ੀਸਦ ਵਿਆਜ ਦਰ ਦੇ ਹਿਸਾਬ ਨਾਲ਼ 12 ਲੱਖ ਦਾ ਕਰਜਾ ਵੀ ਲਿਆ ਸੀ।

ਉਨ੍ਹਾਂ ਨੂੰ ਉਮੀਦ ਸੀ ਜੇਕਰ ਹਾੜ੍ਹੀ ਦਾ ਝਾੜ ਚੰਗਾ ਰਿਹਾ ਤਾਂ ਕੁਝ ਕੁ ਪੈਸਾ ਤਾਂ ਮੋੜ ਹੀ ਦੇਣਗੇ, ਪਰ ਇਹ ਵੀ ਸੰਭਵ ਨਾ ਹੋ ਸਕਿਆ। ''ਗੜ੍ਹਿਆਂ ਦਾ ਅਕਾਰ ਤਾਂ ਪੇਂਦੂ ਬੇਰ ਜਿੱਡਾ ਸੀ,'' ਗੁਰਬਖਤ ਸਿੰਘ ਨੇ ਕਿਹਾ।

*****

ਅਪ੍ਰੈਲ 2023 ਨੂੰ ਪਾਰੀ (PARI) ਜਦੋਂ ਬੁੱਟਰ ਬਖੂਆ ਪਿੰਡ ਵਾਸੀ, 28 ਸਾਲਾ ਬੂਟਾ ਸਿੰਘ ਨੂੰ ਮਿਲ਼ੀ ਤਾਂ ਉਹ ਬੇਮੌਸਮੀ ਤੇ ਵਿਤੋਂਵੱਧ ਪਏ ਮੀਂਹ ਕਾਰਨ ਉਪਜੀ ਅਨੀਂਦਰੇ ਦੀ ਗੰਭੀਰ ਸਮੱਸਿਆਂ ਨਾਲ਼ ਜੂਝ ਰਹੇ ਸਨ।

ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਇਸ ਕਿਸਾਨ ਕੋਲ਼ 7 ਕਿੱਲੇ ਆਪਣੀ ਪੈਲ਼ੀ ਹੈ ਅਤੇ ਕਣਕ ਬੀਜਣ ਵਾਸਤੇ ਹੋਰ 38 ਕਿੱਲੇ ਜ਼ਮੀਨ ਠੇਕੇ 'ਤੇ ਵੀ ਲਈ ਹੋਈ ਹੈ। ਪਿੰਡ ਦੀ 200 ਕਿੱਲੇ ਭੋਇੰ ਦੇ ਨਾਲ਼-ਨਾਲ਼ ਉਨ੍ਹਾਂ ਦੀ 45 ਕਿੱਲੇ ਫ਼ਸਲ ਵੀ ਡੁੱਬ ਗਈ। ਬੂਟਾ ਸਿੰਘ ਸਿਰ 18 ਲੱਖ ਦਾ ਕਰਜਾ ਬੋਲਦਾ ਹੈ ਜੋ ਉਨ੍ਹਾਂ ਨੇ ਆੜ੍ਹਤੀਏ ਕੋਲ਼ੋਂ 1.5 ਰੁਪਏ ਵਿਆਜ ਦਰ ਦੇ ਹਿਸਾਬ ਨਾਲ਼ ਲਿਆ ਸੀ।

Left: Adding to his seven acres of family-owned farmland, Boota Singh, had taken another 38 acres on lease to cultivate wheat. All 45 acres were inundated, along with at least 200 acres of low-lying farmland in the village.
PHOTO • Sanskriti Talwar
Right: Dried wheat fields being harvested using a harvester machine in Buttar Bakhua village. The rent for the mechanical harvester is Rs. 1,300 per acre for erect crop and Rs. 2,000 per acre if the crop is bent over
PHOTO • Sanskriti Talwar

ਖੱਬੇ ਪਾਸੇ: ਕਣਕ ਬੀਜਣ ਵਾਸਤੇ ਆਪਣੀ ਸੱਤ ਕਿੱਲੇ ਪੈਲ਼ੀ ਦੇ ਨਾਲ਼ ਬੂਟਾ ਸਿੰਘ ਨੇ ਹੋਰ 38 ਕਿੱਲੇ ਭੋਇੰ ਠੇਕੇ 'ਤੇ ਲਈ ਹੋਈ ਸੀ। ਪਿੰਡ ਦੀ 200 ਕਿੱਲੇ ਜ਼ਮੀਨ ਦੇ ਨਾਲ਼ ਉਨ੍ਹਾਂ ਦੀ ਸਾਰੀ 45 ਕਿੱਲੇ ਫ਼ਸਲ ਡੁੱਬ ਗਈ। ਸੱਜੇ ਪਾਸੇ: ਬੁੱਟਰ ਬਖੂਆ ਪਿੰਡ ਵਿਖੇ ਵਾਢੀ ਮਸ਼ੀਨ ਨਾਲ਼ ਸੁੱਕੀ ਕਣਕ ਵੱਢੀ ਜਾ ਰਹੀ ਹੈ। ਮਕੈਨੀਕਲ ਹਾਰਵੈਸਟਰ ਨਾਲ਼ ਖੜ੍ਹੀ ਫ਼ਸਲ ਦੀ ਵਾਢੀ ਦਾ ਕਿੱਲੇ ਮਗਰ 1300 ਰੁਪਏ ਤੇ ਵਿਛੀ ਫ਼ਸਲ ਦਾ 2,000 ਰੁਪਏ ਖ਼ਰਚਾ ਆਉਂਦਾ ਹੈ

ਪਰਿਵਾਰ ਵਿੱਚ ਉਨ੍ਹਾਂ ਦੇ ਮਾਪੇ, ਪਤਨੀ ਤੇ ਦੋ ਬੱਚੇ ਹਨ ਜਿਨ੍ਹਾਂ ਦਾ ਗੁਜ਼ਾਰਾ ਖੇਤੀ ਤੋਂ ਹੋਣ ਵਾਲ਼ੀ ਕਮਾਈ ਨਾਲ਼ ਹੀ ਚੱਲਦਾ ਹੈ।

''ਅਸੀਂ ਸੋਚਿਆ ਸੀ ਜਿਓਂ ਜਿਓਂ ਤਪਸ਼ ਵਧੂਗੀ, ਖੇਤ ਵੀ ਸੁੱਕ ਜਾਣਗੇ ਤੇ ਇੰਝ ਅਸੀਂ ਵਾਢੀ ਕਰ ਹੀ ਲਵਾਂਗੇ,'' ਉਨ੍ਹਾਂ ਕਿਹਾ। ਵਾਢੀ ਦੀ ਇਹ ਮਸ਼ੀਨ ਗਿੱਲੀ ਭੋਇੰ 'ਤੇ ਨਹੀਂ ਚੱਲ ਪਾਉਂਦੀ। ਭਾਵੇਂਕਿ, ਸਮੇਂ ਦੇ ਨਾਲ਼ ਖੇਤ ਸੁੱਕ ਗਏ ਪਰ ਬਹੁਤੀ ਫ਼ਸਲ ਗਰਕ ਹੋ ਗਈ।

ਵਿਛੀ ਫ਼ਸਲ ਦੀ ਵਾਢੀ ਹੋਰ ਵੀ ਮਹਿੰਗੀ ਪੈਂਦੀ ਹੈ। ਮਕੈਨੀਕਲ ਹਾਰਵੈਸਟਰ ਨਾਲ਼ ਖੜ੍ਹੀ ਫ਼ਸਲ ਦੀ ਵਾਢੀ ਦਾ ਕਿੱਲੇ ਮਗਰ 1300 ਰੁਪਏ ਤੇ ਵਿਛੀ ਫ਼ਸਲ ਦਾ 2,000 ਰੁਪਏ ਖ਼ਰਚਾ ਆਉਂਦਾ ਹੈ।

ਬੱਸ ਇਹੀ ਚਿੰਤਾਵਾਂ ਸਨ ਜੋ ਬੂਟੇ ਨੂੰ ਰਾਤ ਰਾਤ ਭਰ ਜਗਾਈ ਰੱਖਦੀਆਂ। 17 ਅਪ੍ਰੈਲ ਨੂੰ ਉਹ ਗਿੱਦੜਬਾਹਾ ਦੇ ਡਾਕਟਰ ਕੋਲ਼ ਗਏ ਜਿੱਥੇ ਉਨ੍ਹਾਂ ਨੂੰ ਹਾਈ-ਬਲੱਡ ਪ੍ਰੈਸ਼ਰ ਤਸ਼ਖ਼ੀਸ ਹੋਇਆ ਤੇ ਡਾਕਟਰ ਨੇ ਉਨ੍ਹਾਂ ਨੂੰ ਦਵਾਈ ਦਿੱਤੀ।

'ਚਿੰਤਾ' ਅਤੇ 'ਅਵਸਾਦ' ਅਜਿਹੇ ਸ਼ਬਦ ਹਨ ਜੋ ਕਿਸਾਨੀ ਦਾ ਖਹਿੜਾ ਨਹੀਂ ਛੱਡਦੇ।

ਬੁੱਟਰ ਬਖੂਆ ਪਿੰਡ ਵਿਖੇ ਆਪਣੇ ਛੇ ਕਿੱਲੇ ਖੇਤ ਵਿੱਚੋਂ ਪੰਪ ਰਾਹੀਂ ਮੀਂਹ ਦਾ ਪਾਣੀ ਬਾਹਰ ਕੱਢਣ ਵਿੱਚ ਰੁੱਝੇ 40 ਸਾਲਾ ਗੁਰਪਾਲ ਸਿੰਘ ਨੇ ਕਿਹਾ,''ਡਿਪ੍ਰੈਸ਼ਨ ਤਾਂ ਪੈਂਦਾ ਈ ਆ। ਅਪਸੈਟ ਹੋਣ ਵਾਲ਼ਾ ਈ ਕੰਮ ਆ।'' ਛੇ ਮਹੀਨੇ ਮਿੱਟੀ ਨਾਲ਼ ਮਿੱਟੀ ਹੋ ਕੇ ਵੀ ਜੇ ਬੰਦਾ ਕੁਝ ਨਾ ਬਚਾ ਸਕਿਆ ਤਾਂ ਦਿਮਾਗ਼ੀ ਸਿਹਤ 'ਤੇ ਅਸਰ ਹੋਣਾ ਤਾਂ ਸੁਭੈਂਕੀ ਹੈ।

Left: Gurpal Singh, 40, of Buttar Bakhua village pumping out water from his farmland.
PHOTO • Sanskriti Talwar
Right: The water pump used on the Gurpal’s farmland
PHOTO • Sanskriti Talwar

ਖੱਬੇ ਪਾਸੇ: ਬੁੱਟਰ ਬਖੂਆ ਪਿੰਡ ਦੇ 40 ਸਾਲਾ ਗੁਰਪਾਲ ਸਿੰਘ ਪੰਪ ਰਾਹੀਂ ਖੇਤ ਵਿੱਚੋਂ ਮੀਂਹ ਦਾ ਪਾਣੀ ਕੱਢਦੇ ਹੋਏ। ਸੱਜੇ ਪਾਸੇ: ਗੁਰਪਾਲ ਦੇ ਖੇਤਾਂ ਵਿੱਚੋਂ ਇਸੇ ਵਾਟਰ-ਪੰਪ ਨਾਲ਼ ਪਾਣੀ ਕੱਢਿਆ ਗਿਆ

ਪੰਜਾਬ ਅੰਦਰ ਕਿਸਾਨ ਖ਼ੁਦਕੁਸ਼ੀ ਪੀੜਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸੰਗਠਨ, ਕਿਸਾਨ ਮਜ਼ਬੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਸੰਸਥਾਪਕ ਕਾਰਕੁੰਨ 27 ਸਾਲਾ ਕਿਰਨਜੀਤ ਕੌਰ ਨੇ ਕਿਹਾ ਕਿ ਕਿਸਾਨਾਂ ਦੀ ਵੱਡੀ ਗਿਣਤੀ ਤਣਾਓ ਦਾ ਸ਼ਿਕਾਰ ਹੈ। ''ਛੋਟੀ-ਕਿਸਾਨੀ ਲਈ ਇਹ ਘਾਟਾ ਝੱਲ ਪਾਉਣਾ ਬੇਹੱਦ ਮੁਸ਼ਕਲ ਆ, ਜਿਹਦੇ ਕੋਲ਼ 5 ਕਿੱਲੇ ਤੋਂ ਵੱਧ ਭੋਇੰ ਨਹੀਂ ਹੁੰਦੀ ਤੇ ਜੇ ਫ਼ਸਲ ਤਬਾਹ ਹੋ ਜਾਵੇ ਤਾਂ ਤੁਸੀਂ ਖ਼ੁਦ ਹੀ ਸਮਝ ਸਕਦੇ ਓ ਕਿ ਅਜਿਹੇ ਪਰਿਵਾਰਾਂ ਦੇ ਸਿਰਾਂ 'ਤੇ ਚੁੱਕੀ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਚਲੀ ਜਾਂਦੀ ਏ ਤੇ ਅਖ਼ੀਰ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਖ਼ਾਸਾ ਅਸਰ ਪੈਂਦਾ ਏ। ਇਨ੍ਹਾਂ ਹਾਲਾਤਾਂ ਦੇ ਸਤਾਏ ਕਿਸਾਨ ਖ਼ੁਦਕੁਸ਼ੀ ਦੇ ਰਾਹ ਪੈਂਦੇ ਨੇ।'' ਕਿਰਨਜੀਤ ਨੇ ਕਿਹਾ ਕਿ ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕਿਸਾਨ ਪੀੜ੍ਹੀ ਪਰੇਸ਼ਾਨ ਹੋ ਕੇ ਨਸ਼ਿਆਂ ਦੇ ਰਾਹ ਪਵੇ ਤਾਂ ਉਸ ਵਰਤਾਰੇ ਨੂੰ ਰੋਕਣ ਲਈ ਉਨ੍ਹਾਂ ਨੂੰ ਮਾਨਸਿਕ ਸਿਹਤ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ।

ਕੁਝ ਕਿਸਾਨਾਂ ਨੇ ਵਾਢੀ ਦੌਰਾਨ ਵੀ ਮੌਸਮ ਦੀਆਂ ਬੇਯਕੀਨੀਆਂ ਨੂੰ ਅਨੁਭਵ ਕੀਤਾ ਸੀ। ਬੂਟਾ ਸਿੰਘ ਨੇ ਦੱਸਿਆ ਕਿ ਸਤੰਬਰ 2022 ਨੂੰ ਪਏ ਬੇਵਕਤੀ ਮੀਂਹ ਨੇ ਝੋਨੇ ਦੀ ਕਟਾਈ ਨੂੰ ਮੁਸ਼ਕਲ ਬਣਾ ਛੱਡਿਆ। ਉਸ ਤੋਂ ਪਹਿਲਾਂ ਵੀ ਹਾੜ੍ਹੀ ਦਾ ਮੌਸਮ ਬਹੁਤਾ ਗਰਮ (ਅਗੇਤੀ ਗਰਮੀ ਪੈਣ ਕਾਰਨ) ਰਹਿਣ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਸੀ।

ਇਸ ਵਾਰ ਲਈ ਵੀ ਉਨ੍ਹਾਂ ਦਾ ਕਹਿਣਾ ਹੈ,''ਵਾਢੀ ਦੀ ਆਸ ਘੱਟ ਈ ਆ। ਜੇ ਆਉਂਦੇ ਦਿਨੀਂ ਅਸੀਂ ਜਿਵੇਂ-ਕਿਵੇਂ ਕਰਕੇ ਵਾਢੀ ਕਰ ਵੀ ਲੈਂਨੇ ਆਂ ਤਾਂ ਵੀ ਇਹਨੂੰ ਕੋਈ ਨਹੀਂ ਖ਼ਰੀਦੂਗਾ ਕਿਉਂਕਿ ਉਦੋਂ ਤੱਕ ਦਾਣਾ ਈ ਕਾਲ਼ਾ ਫਿਰ ਜਾਣਾ ਏ।''

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰਮੁੱਖ ਵਿਗਿਆਨਕ (ਖੇਤੀ ਮੌਸਮ ਵਿਗਿਆਨ) ਡਾ. ਪ੍ਰਭੈਜੋਤ ਕੌਰ ਸਿੱਧੂ ਨੇ ਕਿਹਾ ਕਿ ਫ਼ਰਵਰੀ ਅਤੇ ਮਾਰਚ ਵਿੱਚ ਆਮ ਤੌਰ 'ਤੇ ਸਧਾਰਣ ਜਾਂ ਸਧਾਰਣ ਤੋਂ ਘੱਟ ਤਾਪਮਾਨ ਹੀ ਕਣਕ ਦੇ ਦਾਣੇ ਲਈ ਉੱਤਮ ਮੰਨਿਆ ਜਾਂਦਾ ਹੈ।

ਹਾਲਾਂਕਿ 2022 ਨੂੰ ਹਾੜ੍ਹੀ ਦੇ ਮਹੀਨਿਆਂ ਦੌਰਾਨ ਗਰਮੀ ਵੱਧ ਪੈਣ ਕਾਰਨ ਕਣਕ ਦੀ ਪੈਦਾਵਾਰ ਘੱਟ ਹੋਈ, ਮਾਰਚ ਤੇ ਅਪ੍ਰੈਲ 2023 ਨੂੰ 30 ਕਿ:ਮੀ/ਪ੍ਰਤੀ ਘੰਟੇ ਤੋਂ ਲੈ ਕੇ 40 ਕਿ:ਮੀ/ਪ੍ਰਤੀ ਘੰਟੇ ਦੀ ਰਫ਼ਤਾਰ ਚੱਲੀਆਂ ਹਵਾਵਾਂ ਤੇ ਨਾਲ਼ ਪਏ ਮੀਂਹ ਨੇ ਇੱਕ ਵਾਰ ਫਿਰ ਤੋਂ ਪੈਦਾਵਾਰ ਘਟਾ ਦਿੱਤੀ। ''ਜਦੋਂ ਇੰਝ ਤੇਜ਼ ਹਵਾਵਾਂ ਨਾਲ਼ ਮੀਂਹ ਪੈਂਦਾ ਏ ਤਾਂ ਕਣਕ ਦੇ ਬੂਟੇ ਡਿੱਗ ਜਾਂਦੇ ਨੇ, ਜਿਹਨੂੰ ਅਸੀਂ ਫ਼ਸਲ ਵਿਛਣਾ ਕਹਿੰਦੇ ਆਂ। ਫਿਰ ਵੱਧਦੇ ਤਾਪਮਾਨ ਨਾਲ਼ ਬੂਟਾ ਮੁੜ ਖਲ੍ਹੋ ਜਾਂਦਾ ਏ, ਪਰ ਇਸ ਵਾਰ (ਅਪ੍ਰੈਲ ਵਿੱਚ) ਇੰਝ ਨਾ ਹੋ ਸਕਿਆ,'' ਡਾ, ਸਿੱਧੂ ਨੇ ਕਿਹਾ। ''ਇਹੀ ਕਾਰਨ ਆ ਕਿ ਦਾਣਿਆਂ ਦਾ ਵਾਧਾ ਨਾ ਹੋ ਸਕਿਆ ਅਤੇ ਅਪ੍ਰੈਲ ਵਿੱਚ ਵਾਢੀ ਵੀ ਨਾ ਹੋ ਸਕੀ। ਇਸ ਸਭ ਦਾ ਨਤੀਜਾ ਘੱਟ ਪੈਦਾਵਾਰ ਦੇ ਰੂਪ ਵਿੱਚ ਸਾਹਮਣੇ ਆਇਆ। ਪੰਜਾਬ ਦੇ ਕੁਝ ਜ਼ਿਲ੍ਹਿਆਂ, ਜਿੱਥੇ ਮੀਂਹ ਤਾਂ ਪਿਆ ਪਰ ਤੇਜ਼ ਹਵਾਵਾਂ ਨਾ ਚੱਲੀਆਂ, ਉੱਥੇ ਪੈਦਾਵਾਰ ਬਿਹਤਰ ਰਹੀ।''

ਡਾ. ਸਿੱਧੂ ਦੀ ਮੰਨੀਏ ਤਾਂ ਮਾਰਚ ਦੇ ਅਖ਼ੀਰ ਵਿੱਚ ਪੈਣ ਵਾਲ਼ੇ ਬੇਮੌਸਮੀ ਮੀਂਹ ਨੂੰ ਮੌਸਮ ਦੇ ਬਦਲਦੇ ਵਰਤਾਰੇ ਦੀ ਅੱਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

Damage caused in the farmlands of Buttar Bakhua. The wheat crops were flattened due to heavy winds and rainfall, and the water remained stagnant in the field for months
PHOTO • Sanskriti Talwar
Damage caused in the farmlands of Buttar Bakhua. The wheat crops were flattened due to heavy winds and rainfall, and the water remained stagnant in the field for months
PHOTO • Sanskriti Talwar

ਬੁੱਟਰ ਬਖੂਆ ਦੇ ਖੇਤਾਂ ਵਿੱਚ ਨੁਕਸਾਨੀ ਫ਼ਸਲ। ਤੇਜ਼ ਹਵਾਵਾਂ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਵਿੱਛ ਗਈ ਤੇ ਖੇਤਾਂ ਵਿੱਚ ਮਹੀਨਿਆਂ ਤੱਕ ਪਾਣੀ ਖੜ੍ਹਾ ਰਿਹਾ

ਮਈ ਤੱਕ, ਬੂਟਾ ਸਿੰਘ ਨੂੰ ਕਿੱਲੇ ਮਗਰ 20 ਮਣ (7.4 ਕੁਇੰਟਲ) ਝਾੜ ਮਿਲ਼ਿਆ, ਉਮੀਦ ਸੀ 20-25 ਕੁਇੰਟਲ ਦੀ। ਗੁਰਬਖਤ ਸਿੰਘ ਨੂੰ ਕਿੱਲੇ ਮਗਰ 20 ਮਣ ਅਤੇ 40 ਮਣ ਝਾੜ ਮਿਲਿਆ, ਜਦੋਂਕਿ ਬਲਜਿੰਦਰ ਸਿੰਘ ਨੂੰ 25 ਮਣ ਤੋਂ 28 ਮਣ ਹੀ ਝਾੜ ਪ੍ਰਾਪਤ ਹੋਇਆ।

ਅਨਾਜ ਦੀ ਗੁਣਵੱਤਾ ਨੂੰ ਦੇਖਦੇ ਹੋਏ, ਬੂਟਾ ਸਿੰਘ ਨੂੰ 1,400 ਰੁਪਏ/ਕੁਇੰਟਲ ਤੋਂ 2,000 ਰੁਪਏ/ਕੁਇੰਟਲ ਪ੍ਰਾਪਤ ਹੋਏ, ਜਦੋਂਕਿ ਭਾਰਤੀ ਖ਼ੁਰਾਕ ਨਿਗਮ ਅਨੁਸਾਰ ਸਾਲ 2023 ਵਿੱਚ ਕਣਕ ਲਈ ਘੱਟਘੱਟ ਸਮਰਥਨ ਮੁੱਲ ਸੀ 2,125 ਰੁਪਏ/ਕੁਇੰਟਲ। ਗੁਰਬਖਤ ਤੇ ਬਲਜਿੰਦਰ ਨੇ ਐੱਮਐੱਸਪੀ 'ਤੇ ਆਪਣੀ ਕਣਕ ਵੇਚੀ।

ਇਹ ਵੀ ਖ਼ਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵੱਲੋਂ ਮੀਂਹ ਨਾਲ਼ ਨੁਕਸਾਨੀਆਂ ਫ਼ਸਲਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਲਾਏ 'ਵੈਲਿਊ ਕੱਟ' ਤੋਂ ਬਾਅਦ ਹੀ ਨਿਰਧਾਰਤ ਕੀਤਾ ਗਿਆ। ਇਹ ਵੈਲਿਊ ਕੱਟ ਸੁੰਗੜੇ ਤੇ ਟੁੱਟੇ ਦਾਣੇ (ਅਨਾਜ) ਦੇ ਕੁਇੰਟਲ ਮਗਰ 5.31 ਰੁਪਏ ਤੋਂ ਲੈ ਕੇ 31.87 ਰੁਪਏ ਤੱਕ ਦਾ ਰਿਹਾ। ਇਸ ਤੋਂ ਇਲਾਵਾ ਆਪਣੀ ਚਮਕ ਗੁਆ ਚੁੱਕੇ ਅਨਾਜ ਦੇ ਮੁੱਲ ਵਿੱਚ ਕੁਇੰਟਲ ਮਗਰ 5.31 ਰੁਪਏ ਦੀ ਕੈਂਚੀ ਫੇਰੀ ਗਈ।

ਜਿਨ੍ਹਾਂ ਕਿਸਾਨਾਂ ਨੂੰ 75 ਫ਼ੀਸਦ ਫ਼ਸਲੀ ਨੁਕਸਾਨ ਹੋਇਆ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕਿੱਲੇ ਮਗਰ 15,000 ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। 33 ਤੋਂ 75 ਫ਼ੀਸਦੀ ਫ਼ਸਲੀ ਨੁਕਸਾਨ ਵਾਲ਼ੇ ਕਿਸਾਨਾਂ ਨੂੰ ਕਿੱਲੇ ਮਗਰ 6,800 ਰੁਪਏ ਦਿੱਤੇ ਗਏ।

ਬੂਟਾ ਸਿੰਘ ਨੂੰ ਸਰਕਾਰ ਵੱਲੋਂ ਮੁਆਵਜ਼ੇ ਵਿੱਚ 2 ਲੱਖ ਰੁਪਏ ਮਿਲ਼ਣੇ ਹਨ। ਉਨ੍ਹਾਂ ਨੇ ਕਿਹਾ, ''ਇਹ ਪ੍ਰਕਿਰਿਆ ਬੜੀ ਮੱਠੀ ਹੁੰਦੀ ਆ। ਮੈਨੂੰ ਅਜੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲ਼ਿਆ।'' ਇਸ ਕਿਸਾਨ ਦੀ ਮੰਨੀਏ ਤਾਂ ਉਨ੍ਹਾਂ ਨੂੰ 7 ਲੱਖ ਮੁਆਵਜ਼ਾ ਮਿਲ਼ਣਾ ਚਾਹੀਦਾ ਸੀ ਤਾਂ ਕਿ ਉਹ ਆਪਣਾ ਕਰਜ਼ਾ ਲਾਹ ਪਾਉਂਦੇ।

ਗੁਰਬਖਤ ਤੇ ਬਲਜਿੰਦਰ ਹਾਲੇ ਵੀ ਮੁਆਵਜਾ ਮਿਲ਼ਣ ਦੀ ਰਾਹ ਤੱਕ ਰਹੇ ਹਨ।

Left: Baldev Singh owns 15 acres of land.
PHOTO • Sanskriti Talwar
Right: After the long spell of excess water, his fields with wheat turned black and brown with fungus and rotted. Ploughing it would release a stench that would make people fall sick, he said.
PHOTO • Sanskriti Talwar

ਖੱਬੇ ਪਾਸੇ: ਬਲਦੇਵ ਸਿੰਘ ਕੋਲ਼ 15 ਕਿੱਲੇ ਭੋਇੰ ਹੈ। ਸੱਜੇ ਪਾਸੇ: ਲੰਬੇ ਸਮੇਂ ਤੱਕ ਵਾਧੂ ਪਾਣੀ ਖੜ੍ਹਾ ਰਹਿਣ ਕਾਰਨ ਉੱਲੀ ਲੱਗਣ ਨਾਲ਼ ਬੂਟੇ ਸੜ ਕੇ ਕਾਲ਼ੇ ਪੈ ਗਏ ਹਨ। ਅਜਿਹੇ ਖੇਤਾਂ ਨੂੰ ਜਦੋਂ ਵਾਹਿਆ ਗਿਆ ਤਾਂ ਨਿਕਲ਼ਣ ਵਾਲ਼ੀ ਹਵਾੜ ਨਾਲ਼ ਲੋਕੀਂ ਬੀਮਾਰ ਪੈ ਜਾਣਗੇ ਹਨ, ਉਨ੍ਹਾਂ ਕਿਹਾ

ਬੁੱਟਰ ਬਖੂਆ ਪਿੰਡ ਦੇ 15 ਕਿੱਲੇ ਜ਼ਮੀਨ ਦੇ ਮਾਲਕ 64 ਸਾਲਾ ਕਿਸਾਨ, ਬਲਦੇਵ ਸਿੰਘ ਨੇ ਵੀ 9 ਕਿੱਲੇ ਜ਼ਮੀਨ ਠੇਕੇ 'ਤੇ ਲੈਣ ਲਈ ਆੜ੍ਹਤੀਏ ਕੋਲੋਂ 5 ਲੱਖ ਦਾ ਕਰਜਾ ਚੁੱਕਿਆ ਸੀ। ਉਹ ਇੱਕ ਮਹੀਨਾ ਪੰਪ ਚਲਾ ਕੇ ਖੇਤਾਂ 'ਚੋਂ ਪਾਣੀ ਕੱਢਦੇ ਰਹੇ ਤੇ ਹਰ ਰੋਜ਼ ਦਾ 15 ਲੀਟਰ ਡੀਜ਼ਲ ਵੀ ਫ਼ੂਕਦੇ ਰਹੇ।

ਬਹੁਤ ਲੰਬਾ ਸਮਾਂ ਖੇਤੀਂ ਪਾਣੀ ਖੜ੍ਹੇ ਰਹਿਣ ਨਾਲ਼ ਬਲਦਵੇ ਸਿੰਘ ਦੀ ਵਿਛੀ ਫ਼ਸਲ ਨੂੰ ਉੱਲੀ ਲੱਗ ਗਈ ਤੇ ਉਹ ਕਾਲ਼਼ੀ ਪੈ ਗਈ। ਅਜਿਹੇ ਖੇਤਾਂ ਨੂੰ ਜਦੋਂ ਵਾਹਿਆ ਗਿਆ ਤਾਂ ਨਿਕਲ਼ਣ ਵਾਲ਼ੀ ਹਵਾੜ ਨਾਲ਼ ਲੋਕੀਂ ਬੀਮਾਰ ਪੈ ਜਾਣਗੇ ਹਨ, ਉਨ੍ਹਾਂ ਕਿਹਾ।

''ਘਰ ਅੰਦਰ ਮਾਤਮ ਵਰਗਾ ਮਾਹੌਲ ਸੀ,'' ਬਲਦੇਵ ਸਿੰਘ ਕਹਿੰਦੇ ਹਨ। ਵਿਸਾਖੀ, ਜੋ ਆਉਣ ਵਾਲ਼ੇ ਸਾਲ ਦੇ ਜਸ਼ਨ ਲੈ ਕੇ ਆਉਂਦੀ ਹੈ, ਇਸ ਸਾਲ ਕਦੋਂ ਆਈ ਕਦੋਂ ਗਈ, ਕੁਝ ਪਤਾ ਨਹੀਂ।

ਫ਼ਸਲੀ ਨੁਕਸਾਨ ਦੇਖ ਬਲਦੇਵ ਦੀਆਂ ਆਪਣੀਆਂ ਜੜ੍ਹਾਂ ਵੀ ਹਿੱਲ ਗਈਆਂ। ''ਮੈਂ ਇਓਂ ਹੱਥ 'ਤੇ ਹੱਥ ਧਰ ਨਹੀਂ ਬਹਿ ਸਕਦਾ। ਸਾਡੇ ਜੁਆਕਾਂ ਲਈ ਕਿਹੜੀਆਂ ਨੌਕਰੀਆਂ ਧਰੀਆਂ ਪਈਆਂ ਨੇ,'' ਅੰਦਰੋਂ ਟੁੱਟ ਚੁੱਕੇ ਬਲਦੇਵ ਸਿੰਘ ਨੇ ਕਿਹਾ। ਇਹੀ ਹਾਲਾਤ ਹੀ ਤਾਂ ਹੁੰਦੇ ਹਨ ਜੋ ਕਿਸਾਨਾਂ ਨੂੰ ਆਪਣੀਆਂ ਜਾਨਾਂ ਲੈਣ ਜਾਂ ਫਿਰ ਮੁਲਕ ਛੱਡਣ ਨੂੰ ਮਜ਼ਬੂਰ ਕਰਦੇ ਹਨ।

ਹਾਲ ਦੀ ਘੜੀ, ਬਲਦੇਵ ਸਿੰਘ ਨੇ ਆਪਣੇ ਕਿਸਾਨ ਚਾਚੇ-ਤਾਇਆਂ ਤੇ ਭਰਾਵਾਂ ਨੂੰ ਆਪਣੀ ਬਾਂਹ ਫੜ੍ਹਨ ਲਈ ਕਿਹਾ ਹੈ। ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ਼ੋਂ ਡੰਗਰਾਂ ਲਈ ਤੂੜੀ ਤੇ ਪਰਿਵਾਰ ਦਾ ਢਿੱਡ ਭਰਨ ਜੋਗਾ ਦਾਣਾ ਮਿਲ਼ ਗਿਆ ਹੈ।

''ਅਸੀਂ ਕਾਹਦੇ ਜ਼ਿਮੀਂਦਾਰ ਰਹਿ ਗਏ ਹੁਣ... ਬੱਸ ਨਾਮ ਈ ਬਾਕੀ ਆ।''

ਤਰਜਮਾ: ਕਮਲਜੀਤ ਕੌਰ

Sanskriti Talwar

சன்ஸ்கிருதி தல்வார் புது டில்லியை சேர்ந்த சுயாதீனப் பத்திரிகையாளரும் PARI MMF-ன் 2023ம் ஆண்டு மானியப் பணியாளரும் ஆவார்.

Other stories by Sanskriti Talwar
Editor : Kavitha Iyer

கவிதா ஐயர் 20 ஆண்டுகளாக பத்திரிகையாளராக இருந்து வருகிறார். ‘லேண்ட்ஸ்கேப்ஸ் ஆஃப் லாஸ்: தி ஸ்டோரி ஆஃப் ஆன் இந்திய வறட்சி’ (ஹார்பர்காலின்ஸ், 2021) என்ற புத்தகத்தை எழுதியவர்.

Other stories by Kavitha Iyer
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur