ਆਂਗਣਵਾੜੀ ਵਰਕਰ ਮੰਗਲ ਕਰਪੇ ਪੁੱਛਦੇ ਹਨ, " ਸ਼ਾਸਨ ਕਾ ਬਾਰਾ ਕਦਰ ਕਰਤ ਨਹੀਂ ਆਮਚਿਆ ਮਹਿਨਾਚੀ [ਸਰਕਾਰ ਸਾਡੀ ਮਿਹਨਤ ਦੀ ਕਦਰ ਕਿਉਂ ਨਹੀਂ ਕਰਦੀ]?"
ਇਹ ਦੱਸਦੇ ਹੋਏ ਕਿ ਕਿਵੇਂ ਉਨ੍ਹਾਂ ਵਰਗੀਆਂ ਆਂਗਣਵਾੜੀ ਵਰਕਰਾਂ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲ਼ੀਆਂ ਮਾਵਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਸਰਕਾਰੀ ਸਕੀਮਾਂ ਤਹਿਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਹ ਕਹਿੰਦੀ ਹਨ, " ਦੇਸ਼ਲਾ ਨਿਰੋਗੀ , ਸੁਦਰੁਧ ਥੇਵਲਿਆਤ ਅਮਚਾ ਮੋਠਾ ਹਾਟਭਰ ਲਗਤਾ [ਅਸੀਂ ਦੇਸ਼ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਲਈ ਬਹੁਤ ਯੋਗਦਾਨ ਪਾਉਂਦੇ ਹਾਂ]।''
ਮੰਗਲ (39) ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਿਹਾਤਾ ਤਾਲੁਕਾ ਦੇ ਦੋਰਾਹਾਲੇ ਪਿੰਡ ਵਿੱਚ ਆਂਗਣਵਾੜੀ ਚਲਾਉਂਦੀ ਹਨ। ਉਨ੍ਹਾਂ ਦੀ ਤਰ੍ਹਾਂ, ਰਾਜ ਭਰ ਵਿੱਚ ਦੋ ਲੱਖ ਔਰਤਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਜੋਂ ਕੰਮ ਕਰਦੀਆਂ ਹਨ। ਇਹ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਹਨ। ਸਾਰੀਆਂ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵਾਹਕ ਹਨ।
ਉਨ੍ਹਾਂ ਪ੍ਰਤੀ ਰਾਜ ਦੀ ਉਦਾਸੀਨਤਾ ਦੇ ਵਿਰੋਧ ਵਿੱਚ, ਸੈਂਕੜੇ ਆਂਗਣਵਾੜੀ ਵਰਕਰ 5 ਦਸੰਬਰ, 2023 ਨੂੰ ਸ਼ੁਰੂ ਹੋਏ ਮਹਾਰਾਸ਼ਟਰ ਵਿਆਪੀ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ।
ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਨੂੰ ਸੂਚੀਬੱਧ ਕਰਦੇ ਹੋਏ ਮੰਗਲ ਕਹਿੰਦੀ ਹਨ, "ਅਸੀਂ ਪਹਿਲਾਂ ਵੀ ਕਈ ਵਾਰ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਹਾਂ। ਅਸੀਂ ਚਾਹੁੰਦੀਆਂ ਹਾਂ ਕਿ ਸਾਨੂੰ ਵੀ ਸਰਕਾਰੀ ਕਰਮਚਾਰੀਆਂ ਵਜੋਂ ਗਿਣਿਆ ਜਾਵੇ। ਸਾਨੂੰ 26,000 ਰੁਪਏ ਪ੍ਰਤੀ ਮਹੀਨਾ ਤਨਖਾਹ ਚਾਹੀਦੀ ਹੈ। ਅਸੀਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ, ਯਾਤਰਾ ਅਤੇ ਬਾਲਣ ਭੱਤਾ ਵੀ ਚਾਹੁੰਦੀਆਂ ਹਾਂ।''
ਵਿਰੋਧ ਪ੍ਰਦਰਸ਼ਨ ਦੇ ਤੀਜੇ ਦਿਨ, ਸੈਂਕੜੇ ਵਰਕਰਾਂ ਨੇ 8 ਦਸੰਬਰ, 2023 ਨੂੰ ਸ਼ਿਰੜੀ ਕਸਬੇ ਵਿੱਚ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਵੱਲ ਮਾਰਚ ਕੀਤਾ, ਇਸ ਸਟੋਰੀ ਦੇ ਪ੍ਰਕਾਸ਼ਤ ਹੋਣ ਤੱਕ ਰਾਜ ਵੱਲੋਂ ਕੋਈ ਜਵਾਬ ਨਹੀਂ ਮਿਲ਼ਿਆ ਸੀ।
"ਕੀ ਅਸੀਂ ਇਹ ਮੰਗਾਂ ਕਰਕੇ ਕੁਝ ਗ਼ਲਤ ਕਰ ਰਹੇ ਹਾਂ ਕਿ ਉਹ ਸਾਨੂੰ ਸਨਮਾਨ ਨਾਲ਼ ਜ਼ਿੰਦਗੀ ਜਿਉਣ ਦਾ ਹੱਕ ਮਿਲ਼ੇ?" 58 ਸਾਲਾ ਆਂਗਣਵਾੜੀ ਵਰਕਰ, ਮੰਡਾ ਰੁਕਰੇ ਪੁੱਛਦੀ ਹਨ। ਜਦੋਂ ਮੇਰੇ ਸਰੀਰ ਨੇ ਸਾਥ ਦੇਣਾ ਛੱਡ ਦਿੱਤਾ ਤਾਂ ਮੇਰੀ ਦੇਖਭਾਲ਼ ਕੌਣ ਕਰੇਗਾ?" ਮੰਡਾ ਨੇ ਪੁੱਛਿਆ, ਜੋ ਪਿਛਲੇ 20 ਸਾਲਾਂ ਤੋਂ ਰਾਜ ਦੇ ਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਪਿੰਡ ਰੂਈ ਵਿਖੇ ਇੱਕ ਆਂਗਣਵਾੜੀ ਵਿੱਚ ਕੰਮ ਕਰ ਰਹੀ ਹਨ। "ਬਦਲੇ ਵਿੱਚ ਮੈਨੂੰ ਸਮਾਜਿਕ ਸੁਰੱਖਿਆ ਵਜੋਂ ਕੀ ਮਿਲੇਗਾ?" ਉਹ ਪੁੱਛਦੀ ਹਨ।
ਇਸ ਸਮੇਂ ਆਂਗਣਵਾੜੀ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਅਤੇ ਹੈਲਪਰਾਂ ਨੂੰ 5,500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ। "ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਤਾਂ ਮੈਨੂੰ 1,400 ਰੁਪਏ ਮਿਲਦੇ ਸਨ। ਸਾਲਾਂ ਤੋਂ, ਇਹ [2005] ਨਾਲ਼ੋਂ ਸਿਰਫ਼ 8,600 ਰੁਪਏ ਦਾ ਵਾਧਾ ਹੈ।
ਮੰਗਲ ਗਵਾਨੇ ਬਸਤੀ ਦੀ ਆਂਗਣਵਾੜੀ ਵਿੱਚ 50 ਬੱਚਿਆਂ ਦੀ ਦੇਖਭਾਲ਼ ਕਰਦੀ ਹਨ – ਜਿਨ੍ਹਾਂ ਵਿੱਚੋਂ 20 ਦੀ ਉਮਰ 3 ਤੋਂ 6 ਸਾਲ ਦੇ ਵਿਚਕਾਰ ਹੈ। ਕਿੱਥੇ, "ਹਰ ਰੋਜ਼ ਮੈਨੂੰ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਬੱਚੇ ਆਂਗਣਵਾੜੀ ਕੇਂਦਰ ਵਿੱਚ ਆਉਣ।''
ਪਰ ਉਹ ਇਸ ਤੋਂ ਵੀ ਵੱਧ ਕੰਮ ਕਰਦੀ ਹਨ। ਉਹ "ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਪਕਾਉਂਦੀ ਹਨ ਤੇ ਫਿਰ ਬੱਚੇ ਸਹੀ ਢੰਗ ਨਾਲ਼ ਖਾ ਰਹੇ ਹਨ ਜਾਂ ਨਹੀਂ ਇਹ ਯਕੀਨੀ ਵੀ ਬਣਾਉਂਦੀ ਹਨ, ਖਾਸ ਕਰਕੇ ਕੁਪੋਸ਼ਣ ਵਾਲ਼ੇ ਬੱਚੇ। ਇੰਨਾ ਕਰਨ ਤੋਂ ਬਾਅਦ ਵੀ, ਉਨ੍ਹਾਂ ਦੇ ਦਿਨ ਦਾ ਕੰਮ ਪੂਰਾ ਨਹੀਂ ਹੁੰਦਾ, ਨਾਲ਼ ਹੀ ਉਨ੍ਹਾਂ ਨੂੰ ਹਰ ਬੱਚੇ ਦਾ ਰਿਕਾਰਡ ਰੱਖਣਾ ਪੈਂਦਾ ਹੈ ਅਤੇ ਪੋਸ਼ਣ ਟਰੈਕਰ ਐਪ ਨੂੰ ਅਪਡੇਟ ਕਰਨਾ ਪੈਂਦਾ ਹੈ - ਜੋ ਕਿ ਸਮਾਂ ਲੈਣ ਵਾਲ਼ਾ ਅਤੇ ਥਕਾਵਟ ਭਰਿਆ ਡਾਟਾ ਐਂਟਰੀ ਹੈ।
ਮੰਗਲ ਕਹਿੰਦੀ ਹਨ, "ਡਾਇਰੀ ਅਤੇ ਹੋਰ ਸਟੇਸ਼ਨਰੀ ਦੇ ਖਰਚੇ, ਪੋਸ਼ਣ ਐਪ ਲਈ ਇੰਟਰਨੈੱਟ ਰਿਚਾਰਜ, ਘਰ ਜਾਣ ਲਈ ਵਾਹਨ ਦਾ ਤੇਲ, ਸਭ ਕੁਝ ਸਾਡੇ ਆਪਣੇ ਪੱਲਿਓਂ ਜਾਂਦਾ ਹੈ। ਇੱਕ ਧੇਲਾ ਵੀ ਨਹੀਂ ਬੱਚਦਾ।''
ਉਹ ਗ੍ਰੈਜੂਏਟ ਹਨ ਅਤੇ ਪਿਛਲੇ 18 ਸਾਲਾਂ ਤੋਂ ਇਹੀ ਕੰਮ ਕਰ ਰਹੀ ਹਨ, ਆਪਣੇ ਦੋ ਕਿਸ਼ੋਰ ਬੱਚਿਆਂ - 20 ਸਾਲਾ ਬੇਟੇ, ਸਾਈ ਅਤੇ 18 ਸਾਲਾ ਧੀ, ਵੈਸ਼ਣਵੀ ਦੀ ਇਕੱਲਿਆਂ ਦੇਖਭਾਲ਼ ਕਰਦਿਆਂ ਆਪਣਾ ਘਰ ਚਲਾ ਰਹੀ ਹਨ। ਸਾਈ ਇੰਜੀਨੀਅਰਿੰਗ ਦੀ ਡਿਗਰੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਵੈਸ਼ਣਵੀ ਨੀਟ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਹਨ। "ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਨ। ਸਾਡਾ ਸਾਲਾਨਾ ਖ਼ਰਚਾ ਹਜ਼ਾਰਾਂ ਰੁਪਏ ਵਿੱਚ ਹੈ। ਘਰ ਦੇ ਹੋਰ ਸਾਰੇ ਖਰਚਿਆਂ ਨੂੰ ਦੇਖਦੇ ਹੋਏ, 10,000 ਰੁਪਏ ਵਿੱਚ ਘਰ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ।''
ਇਸ ਲਈ ਮੰਗਲ ਨੂੰ ਕਮਾਈ ਦੇ ਹੋਰ ਵਸੀਲਿਆਂ ਦੀ ਭਾਲ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਹ ਦੱਸਦੇ ਹੋਏ ਕਿ ਉਨ੍ਹਾਂ ਨੂੰ ਹੋਰ ਕੰਮ ਕਿਉਂ ਲੱਭਣੇ ਪੈਂਦੇ ਹਨ, ਉਹ ਕਹਿੰਦੀ ਹਨ, "ਮੈਂ ਘਰ-ਘਰ ਜਾ ਕੇ ਪੁੱਛਦੀ ਹਾਂ ਕਿ ਕੀ ਉਹ ਬਲਾਊਜ਼ ਜਾਂ ਕੋਈ ਹੋਰ ਕੱਪੜੇ ਦੀ ਸਿਲਾਈ ਕਰਾਉਣਾ ਚਾਹੁੰਦੇ ਹਨ। ਮੈਂ ਲੋਕਾਂ ਲਈ ਛੋਟੇ ਵੀਡੀਓ ਵੀ ਸੰਪਾਦਿਤ ਕਰਦੀ ਹਾਂ, ਅੰਗਰੇਜ਼ੀ ਵਿੱਚ ਕਿਸੇ ਵੀ ਕਿਸਮ ਦੇ ਅਰਜ਼ੀ ਫਾਰਮ ਨੂੰ ਭਰਨ ਵਿੱਚ ਮਦਦ ਕਰਦੀ ਹਾਂ। ਮੈਨੂੰ ਜੋ ਵੀ ਛੋਟਾ ਅਤੇ ਵੱਡਾ ਕੰਮ ਮਿਲ਼ਦਾ ਹੈ, ਮੈਂ ਕਰਦੀ ਹਾਂ। ਫਿਰ ਮੈਂ ਹੋਰ ਕਰ ਵੀ ਕੀ ਸਕਦੀ ਹਾਂ? ''
ਆਂਗਣਵਾੜੀ ਵਰਕਰਾਂ ਦਾ ਸੰਘਰਸ਼ ਵੀ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ) ਵਰਕਰਾਂ ਵਰਗਾ ਹੀ ਹੈ। (ਪੜ੍ਹੋ: Caring for villages, in sickness and in health )। ਆਂਗਣਵਾੜੀ ਤੇ ਆਸ਼ਾ ਵਰਕਰ ਦੋਵੇਂ ਹੀ ਸਿਹਤ ਸੇਵਾਵਾਂ ਅਤੇ ਬੱਚੇ ਦੇ ਜਨਮ, ਟੀਕਾਕਰਨ, ਪੋਸ਼ਣ ਤੋਂ ਲੈ ਕੇ ਤਪਦਿਕ ਵਰਗੀਆਂ ਘਾਤਕ ਬਿਮਾਰੀਆਂ ਜਾਂ ਕੋਵਿਡ -19 ਵਰਗੀਆਂ ਘਾਤਕ ਬਿਮਾਰੀਆਂ ਨਾਲ਼ ਨਜਿੱਠਣ ਲਈ ਜਾਣਕਾਰੀ ਪ੍ਰਦਾਨ ਕਰਨ ਵਾਲ਼ੇ ਮੁੱਢਲੇ ਪ੍ਰਦਾਤਾ ਵਜੋਂ ਕੰਮ ਕਰਦੇ ਹਨ।
ਅਪ੍ਰੈਲ 2022 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕੁਪੋਸ਼ਣ ਅਤੇ ਕੋਵਿਡ -19 ਵਿਰੁੱਧ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭੂਮਿਕਾ ਨੂੰ "ਨਿਰਣਾਇਕ" ਅਤੇ "ਮਹੱਤਵਪੂਰਨ" ਕਰਾਰ ਦਿੱਤਾ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਯੋਗ ਆਂਗਣਵਾੜੀ ਵਰਕਰ ਅਤੇ ਹੈਲਪਰ 10 ਪ੍ਰਤੀਸ਼ਤ ਸਾਲਾਨਾ ਦੇ ਸਾਧਾਰਨ ਵਿਆਜ ਨਾਲ਼ ਗ੍ਰੈਚੁਟੀ ਦੇ ਹੱਕਦਾਰ ਹਨ।
ਜਸਟਿਸ ਅਜੈ ਰਸਤੋਗੀ ਨੇ ਆਪਣੀ ਵੱਖਰੀ ਟਿੱਪਣੀ 'ਚ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਬੇਆਵਾਜ਼ ਲੋਕਾਂ ਨੂੰ ਉਨ੍ਹਾਂ ਦੁਆਰਾ ਦਿੱਤੀ ਗਈ ਨੌਕਰੀ ਦੀ ਪ੍ਰਕਿਰਤੀ ਦੇ ਅਨੁਕੂਲ ਸੇਵਾ ਦੀਆਂ ਬਿਹਤਰ ਸ਼ਰਤਾਂ ਪ੍ਰਦਾਨ ਕਰਨ ਦੇ ਤਰੀਕੇ ਲੱਭਣ।
ਮੰਗਲ, ਮੰਡਾ ਅਤੇ ਲੱਖਾਂ ਹੋਰ ਆਂਗਣਵਾੜੀ ਵਰਕਰ ਅਤੇ ਹੈਲਪਰ ਇਸ ਦੇ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ।
ਮੰਗਲ ਅੱਗੇ ਕਹਿੰਦੀ ਹਨ, "ਅਸੀਂ ਇਸ ਵਾਰ ਸਰਕਾਰ ਤੋਂ ਲਿਖਤੀ ਭਰੋਸਾ ਚਾਹੁੰਦੇ ਹਾਂ। ਉਦੋਂ ਤੱਕ ਅਸੀਂ ਹੜਤਾਲ਼ ਖਤਮ ਨਹੀਂ ਕਰਾਂਗੇ। ਇਹ ਉਸ ਸਨਮਾਨ-ਪ੍ਰਾਪਤੀ ਦੀ ਲੜਾਈ ਹੈ ਜਿਸਦੇ ਅਸੀਂ ਹੱਕਦਾਰ ਹਾਂ। ਇਹ ਸਾਡੀ ਹੋਂਦ ਦੀ ਲੜਾਈ ਹੈ।''
ਤਰਜਮਾ: ਕਮਲਜੀਤ ਕੌਰ