ਕਈ ਵਾਰ ਦੇਵਤਾ ਆਪਣੇ ਭਗਤਾਂ ਨਾਲ਼ ਯਾਤਰਾ ਕਰਦੇ ਹਨ। ਘੱਟੋ ਘੱਟ ਮਾਂ ਅੰਗਾਰਮੋਤੀ ਤਾਂ ਯਾਤਰਾ ਕਰਦੀ ਹੀ ਹੈ।
ਲਗਭਗ 45 ਸਾਲ ਪਹਿਲਾਂ, ਇਹ ਕਬਾਇਲੀ ਦੇਵੀ ਢਾਏ-ਚੰਵਰ ਪਿੰਡ ਵਿੱਚ ਰਹਿੰਦੀ ਸੀ। ਗੋਂਡ ਕਬਾਇਲੀ ਈਸ਼ਵਰ ਨੇਤਾਮ (50) ਦੇਵੀ ਦੇ ਮੁੱਖ ਪੁਜਾਰੀ ਜਾਂ ਬੈਗਾ ਹਨ। "ਮਾਂ ਅੰਗਾਰਮੋਤੀ ਦੋ ਨਦੀਆਂ ਮਹਾਨਦੀ ਅਤੇ ਸੁੱਖਾ ਨਦੀ ਦੇ ਵਿਚਕਾਰ [ਸਥਾਨ] ਰਹਿੰਦੀ ਸੀ," ਉਹ ਕਹਿੰਦੇ ਹਨ।
ਮਾਂ ਅੰਗਾਰਮੋਤੀ ਦੇ ਉਜਾੜੇ ਦੇ ਬਾਵਜੂਦ, ਉਸਦੀ ਪ੍ਰਸਿੱਧੀ ਘੱਟ ਨਹੀਂ ਹੋਈ। ਪਿੰਡ ਅਤੇ ਹੋਰ ਥਾਵਾਂ ਤੋਂ ਲਗਭਗ 500 ਤੋਂ 1,000 ਸ਼ਰਧਾਲੂ ਅਜੇ ਵੀ ਹਰ ਰੋਜ਼ ਮੰਦਰ ਆਉਂਦੇ ਹਨ। ਮੇਲੇ ਦਾ ਨਾਮ ਦੇਵੀ ਦੇ ਨਾਮ 'ਤੇ ਰੱਖਿਆ ਗਿਆ ਹੈ, ਪਰ ਇਸ ਨੂੰ ਗੰਗਰੇਲ ਮਦਾਈ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਪਿੰਡ ਅਤੇ ਨੇੜਲੇ ਡੈਮ ਦਾ ਹਵਾਲ਼ਾ ਹੈ। ਦੇਵੀ ਗੁਆਂਢੀ ਦੇਵਤਿਆਂ ਨਾਲ਼ ਆਪਣੀ ਦੋਸਤੀ ਵੀ ਬਰਕਰਾਰ ਰੱਖਦੀ ਹੈ। ਹਰ ਸਾਲ, ਦੀਵਾਲੀ ਤੋਂ ਬਾਅਦ ਪਹਿਲੇ ਸ਼ੁੱਕਰਵਾਰ ਨੂੰ, ਮਾਂ ਅੰਗਾਰਮੋਤੀ ਸਲਾਨਾ ਤਿਉਹਾਰ ਲਈ ਗੁਆਂਢੀ ਪਿੰਡਾਂ ਦੇ ਦੇਵਤਿਆਂ ਨੂੰ ਸੱਦਾ ਦਿੰਦੀ ਹੈ।
ਗੋਂਡ ਕਬਾਇਲੀ ਨੇਤਾ ਅਤੇ ਗੰਗਰੇਲ ਪਿੰਡ ਵਿੱਚ ਹਰ ਸਾਲ ਇਸ ਸਮੇਂ ਮੇਲੇ ਦਾ ਆਯੋਜਨ ਕਰਨ ਵਾਲ਼ੀ ਟੀਮ ਦੇ ਮੈਂਬਰ ਵਿਸ਼ਨੂੰ ਨੇਤਮ ਕਹਿੰਦੇ ਹਨ, "ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲਗਭਗ ਹਰ ਕਬਾਇਲੀ ਪਿੰਡ ਵਿੱਚ ਇਸ ਮਦਾਈ (ਮੇਲੇ) ਦਾ ਆਯੋਜਨ ਕਰਦੇ ਆ ਰਹੇ ਹਾਂ।''
"ਮਦਾਈ ਸਾਡੇ ਰਵਾਇਤੀ ਕਬਾਇਲੀ ਸੱਭਿਆਚਾਰ ਦਾ ਹਿੱਸਾ ਹੈ," ਉਹ ਅੱਗੇ ਕਹਿੰਦੇ ਹਨ, "ਸਥਾਨਕ ਲੋਕਾਂ ਤੋਂ ਇਲਾਵਾ, ਪਿੰਡ ਤੋਂ ਬਾਹਰਦੇ ਲੋਕ ਵੀ ਮੇਲੇ ਵਿੱਚ ਸ਼ਾਮਲ ਹੁੰਦੇ ਹਨ, ਚੰਗੀ ਫ਼ਸਲ ਦੀ ਇੱਛਾ ਲਈ ਦੇਵਤਿਆਂ ਨੂੰ ਫੁੱਲ ਭੇਟ ਕਰਦੇ ਹਨ ਅਤੇ ਅਗਲੇ ਸਾਲ ਲਈ ਆਸ਼ੀਰਵਾਦ ਲੈਂਦੇ ਹਨ। ਇਹ ਮਦਾਈ ਲਗਭਗ 50 ਮੇਲਿਆਂ ਵਿੱਚੋਂ ਇੱਕ ਹੈ ਜੋ ਹਰ ਸਾਲ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਇਹ ਮੱਧ ਭਾਰਤ ਦੇ ਇਸ ਜ਼ਿਲ੍ਹੇ ਵਿੱਚ ਮਦਾਈ ਲੜੀ ਦਾ ਪਹਿਲਾ ਮੇਲਾ ਹੈ।
ਸਥਾਨਕ ਲੋਕਾਂ ਤੋਂ ਇਲਾਵਾ, ਪਿੰਡ ਦੇ ਬਾਹਰੋਂ ਵੀ ਲੋਕ ਮੇਲੇ ਵਿੱਚ ਸ਼ਾਮਲ ਹੁੰਦੇ ਹਨ, ਚੰਗੀ ਫ਼ਸਲ ਲਈ ਦੇਵਤਿਆਂ ਨੂੰ ਫੁੱਲ ਭੇਟ ਕਰਦੇ ਹਨ ਅਤੇ ਅਗਲੇ ਸਾਲ ਲਈ ਆਸ਼ੀਰਵਾਦ ਲੈਂਦੇ ਹਨ
1978 ਵਿੱਚ, ਭਿਲਾਈ ਸਟੀਲ ਪਲਾਂਟ ਨੂੰ ਪਾਣੀ ਦੀ ਸਪਲਾਈ ਕਰਨ ਅਤੇ ਸਿੰਚਾਈ ਦੇ ਉਦੇਸ਼ਾਂ ਲਈ ਮਹਾਨਦੀ 'ਤੇ ਇੱਕ ਡੈਮ ਬਣਾਇਆ ਗਿਆ ਸੀ। ਅਧਿਕਾਰਤ ਤੌਰ 'ਤੇ ਪੰਡਿਤ ਰਵੀ ਸ਼ੰਕਰ ਡੈਮ ਵਜੋਂ ਜਾਣਿਆ ਜਾਂਦਾ ਇਹ ਡੈਮ ਦੇਵੀ ਅਤੇ ਉਸ ਦੇ ਸ਼ਰਧਾਲੂ ਪਿੰਡ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣ ਗਿਆ।
ਡੈਮ ਦੇ ਨਿਰਮਾਣ ਦੌਰਾਨ ਅਤੇ ਬਾਅਦ ਵਿੱਚ ਆਏ ਹੜ੍ਹਾਂ ਨੇ ਚਾਵਰ ਪਿੰਡ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣ ਲਈ ਮਜ਼ਬੂਰ ਕਰ ਦਿੱਤਾ। "ਲਗਭਗ 52-54 ਪਿੰਡ ਪਾਣੀ ਵਿੱਚ ਡੁੱਬ ਗਏ ਅਤੇ ਲੋਕ ਬੇਘਰ ਹੋ ਗਏ," ਈਸ਼ਵਰ ਕਹਿੰਦੇ ਹਨ।
ਇਸ ਲਈ ਉਹ ਆਪਣੀ ਦੇਵੀ ਨੂੰ ਆਪਣੇ ਨਾਲ਼ ਲੈ ਗਏ ਅਤੇ ਡੈਮ ਤੋਂ 16 ਕਿਲੋਮੀਟਰ ਦੂਰ ਧਮਤਰੀ ਦੇ ਗੰਗਰੇਲ ਇਲਾਕੇ ਵਿੱਚ ਵੱਏਸ ਗਏ।
ਅੱਧੀ ਸਦੀ ਬਾਅਦ, ਡੈਮ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਬਣ ਗਿਆ ਹੈ, ਪਰ ਬਹੁਤ ਸਾਰੇ ਵਿਸਥਾਪਿਤ ਪਿੰਡ ਵਾਸੀ ਅਜੇ ਵੀ ਸਰਕਾਰ ਤੋਂ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।
ਮਦਾਈ ਵਿੱਚ ਦਿਨ ਭਰ ਚੱਲਣ ਵਾਲ਼ੇ ਤਿਉਹਾਰ ਦੁਪਹਿਰ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ ਤੱਕ ਜਾਰੀ ਰਹਿੰਦੇ ਹਨ। ਦੇਵੀ ਨੂੰ ਡੈਮ ਦੇ ਨੇੜੇ ਰੱਖਿਆ ਜਾਂਦਾ ਹੈ ਅਤੇ ਸ਼ਰਧਾਲੂ ਸਵੇਰ ਤੋਂ ਹੀ ਉੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਕੁਝ ਫ਼ੋਟੋ ਸ਼ੂਟ ਲਈ ਜਾਂ ਸੈਲਫੀ ਲੈਣ ਲਈ ਡੈਮ ਵੱਲ ਨਿਕਲ਼ ਜਾਂਦੇ ਹਨ।
ਮਦਾਈ ਵੱਲ ਜਾਣ ਵਾਲ਼ੀ ਸੜਕ ਮਠਿਆਈਆਂ ਅਤੇ ਸਨੈਕਸ ਵੇਚਣ ਵਾਲ਼ੀਆਂ ਦੁਕਾਨਾਂ ਨਾਲ਼ ਸਜੀ ਹੋਈ ਹੈ। ਇਨ੍ਹਾਂ ਵਿੱਚੋਂ ਕੁਝ ਪੁਰਾਣੀਆਂ ਹਨ ਅਤੇ ਕੁਝ ਸਿਰਫ਼ ਤਿਉਹਾਰ ਲਈ ਖੋਲ੍ਹੀਆਂ ਗਈਆਂ ਹਨ।
ਅਧਿਕਾਰਤ ਤੌਰ 'ਤੇ, ਮੰਦਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਲਗਭਗ 5,000-6,000 ਲੋਕ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਧਮਤਰੀ ਦੇ ਵਸਨੀਕ ਨੀਲੇਸ਼ ਰਾਏਚੁਰਾ ਨੇ ਰਾਜ ਦੇ ਕਈ ਮਦਾਈ ਦਾ ਦੌਰਾ ਕੀਤਾ ਹੈ। "ਮੈਂ ਕਾਂਕੇਰ, ਨਰਹਰਪੁਰ, ਨਾਗਰੀ-ਸਿਹਾਵਾ, ਚਰਾਮਾ, ਪਖਨਜੂਰ ਅਤੇ ਹੋਰ ਕਈ ਥਾਵਾਂ ਤੋਂ ਮਦਾਈਆਂ ਵੇਖੀਆਂ ਹਨ, ਪਰ ਗੰਗਰੇਲ ਮਦਾਈ ਵੱਖਰੀ ਹੈ," ਉਹ ਕਹਿੰਦੇ ਹਨ।
ਇੱਥੇ ਮਦਾਈ ਵਿੱਚ ਪੂਜਾ ਕਰਨ ਵਾਲ਼ਿਆਂ ਵਿੱਚ ਉਹ ਔਰਤਾਂ ਵੀ ਹਨ ਜੋ ਗਰਭ ਧਾਰਨ ਕਰਨ ਵਿੱਚ ਅਸਮਰੱਥ ਹਨ। ਇੱਕ ਆਦਿਵਾਸੀ ਨੇਤਾ ਅਤੇ ਕਾਰਕੁਨ ਈਸ਼ਵਰ ਮੰਡਾਵੀ ਕਹਿੰਦੇ ਹਨ, "ਬੇਔਲਾਦ ਔਰਤਾਂ ਮਾਂ ਅੰਗਾਰਮੋਤੀ ਤੋਂ ਆਸ਼ੀਰਵਾਦ ਲੈਣ ਲਈ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਕਈਆਂ ਦੀਆਂ ਇੱਛਾਵਾਂ ਪੂਰੀਆਂ ਵੀ ਹੋਈਆਂ ਹਨ।''
ਅਸੀਂ ਰਾਏਪੁਰ (85 ਕਿਲੋਮੀਟਰ), ਜਾਜਗੀਰ (265 ਕਿਲੋਮੀਟਰ) ਅਤੇ ਬੇਮੇਤਰਾ (130 ਕਿਲੋਮੀਟਰ) ਵਰਗੀਆਂ ਦੂਰ-ਦੁਰਾਡੇ ਦੀਆਂ ਥਾਵਾਂ ਤੋਂ ਆਈਆਂ ਔਰਤਾਂ ਨੂੰ ਮਿਲ਼ੇ। ਉਹ ਕਤਾਰਾਂ ਵਿੱਚ ਖੜ੍ਹੇ ਹਨ, ਆਸ਼ੀਰਵਾਦ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
"ਮੇਰੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ, ਪਰ ਮੇਰਾ ਕੋਈ ਬੱਚਾ ਨਹੀਂ ਹੈ। ਇਸ ਲਈ ਮੈਂ ਆਸ਼ੀਰਵਾਦ ਲੈਣ ਆਈ ਹਾਂ," ਉਨ੍ਹਾਂ ਨੇ ਕਿਹਾ, ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੀ ਸਨ। ਉਹ ਉਨ੍ਹਾਂ 300-400 ਔਰਤਾਂ ਵਿੱਚੋਂ ਇੱਕ ਹਨ ਜੋ ਮੇਲੇ ਵਿੱਚ ਆਈਆਂ ਹਨ ਜੋ ਸਵੇਰ ਤੋਂ ਵਰਤ ਰੱਖ ਰਹੀਆਂ ਹਨ।
ਦੂਜੇ ਪਿੰਡਾਂ ਤੋਂ ਸ਼ਰਧਾਲੂ ਆਪਣੀਆਂ ਡਾਂਗਾਂ (ਦੇਵਤਿਆਂ ਦੇ ਪ੍ਰਤੀਕ ਝੰਡੇ ਵਾਲੇ ਬਾਂਸ ਦੇ ਖੰਭੇ) ਅਤੇ ਅੰਗਸ (ਦੇਵਤਿਆਂ) ਨਾਲ਼ ਦੇਵ ਨਾਚ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਇਨ੍ਹਾਂ ਖੰਭਿਆਂ ਅਤੇ ਲੱਕੜ ਦੀਆਂ ਪਾਲਕੀਆਂ ਨੂੰ ਪੂਰੇ ਖੇਤਰ ਵਿੱਚ ਲੈ ਕੇ ਜਾਣਗੇ ਅਤੇ ਸ਼ਰਧਾਲੂ ਆਪਣੇ ਦੇਵਤਿਆਂ ਤੋਂ ਆਸ਼ੀਰਵਾਦ ਲੈਣਗੇ।
"ਮੈਂ ਇਨ੍ਹਾਂ ਮਦਾਈਆਂ ਵਿੱਚ ਕਬਾਇਲੀ ਸੱਭਿਆਚਾਰ ਅਤੇ ਜੀਵਨ ਨੂੰ ਨੇੜਿਓਂ ਵੇਖਦਾ ਹਾਂ," ਨੀਲੇਸ਼ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ