ਮਾਇਆ ਥਾਮੀ ਆਪਣੀ ਪਿੱਠ ’ਤੇ 30 ਕਿਲੋ ਦਾ ਗੈਸ ਸਿਲੰਡਰ ਚੁੱਕ ਕੇ ਤਿੰਨ ਕਿਲੋਮੀਟਰ ਪੈਦਲ ਚੱਲੀ ਅਤੇ 200 ਪੌੜੀਆਂ ਚੜ੍ਹ ਕੇ ਦਿਨ ਦੇ ਪਹਿਲੇ ਗਾਹਕ ਕੋਲ ਸਿਲੰਡਰ ਪਹੁੰਚਾਇਆ।
ਸਾਹ ਲੈਂਦਿਆਂ 32 ਸਾਲਾ ਮਾਇਆ ਨੇ ਕਿਹਾ, “ਹੁਣ ਮੈਂ ਉਸ ਪਾਸੇ ਵਾਲੇ ਪਹਾੜ ’ਤੇ ਇੱਕ ਹੋਰ ਸਿਲੰਡਰ ਪਹੁੰਚਾਉਣਾ ਹੈ,” ਕਾਫ਼ੀ ਦੂਰ ਇੱਕ ਜਗ੍ਹਾ ਵੱਲ ਇਸ਼ਾਰਾ ਕਰਦਿਆਂ ਕਿਹਾ। ਆਪਣੀ ਮਿਹਨਤ ਦੇ 80 ਰੁਪਏ ਵਸੂਲ ਕਰਦਿਆਂ ਹੀ ਉਹ ਦੂਜਾ ਸਿਲੰਡਰ ਪਹੁੰਚਾਉਣ ਲਈ ਚੱਲ ਪਈ। ਅਗਲੇ ਛੇ ਘੰਟੇ ਉਹ LPG ਸਿਲੰਡਰ ਚੁੱਕੀਂ ਪੈਦਲ ਚਲਦੀ ਰਹੇਗੀ।
“ਜੇ ਭਾਰ ਬਹੁਤ ਜ਼ਿਆਦਾ ਹੋਵੇ ਤਾਂ ਲੋਕ ਪੁਰਸ਼ਾਂ ਨੂੰ ਤਰਜੀਹ ਦਿੰਦੇ ਹਨ ਅਤੇ ਲੋਕ ਅਕਸਰ ਭਾਅ ਕਰਨ ਲੱਗ ਪੈਂਦੇ ਹਨ ਕਿਉਂਕਿ ਅਸੀਂ ਪੁਰਸ਼ ਨਹੀਂ,” ਮਾਇਆ ਨੇ ਕਿਹਾ। ਇੱਕ ਮਹਿਲਾ ਇੱਕ ਚੱਕਰ ਦੇ 80 ਰੁਪਏ ਕਮਾਉਂਦੀ ਹੈ ਜਦ ਕਿ ਉਸੇ ਦੂਰੀ ਦੇ ਇੱਕ ਪੁਰਸ਼ 100 ਰੁਪਏ ਕਮਾ ਲੈਂਦਾ ਹੈ।
ਪੱਛਮੀ ਬੰਗਾਲ ਦਾ ਚਹਿਲ-ਪਹਿਲ ਵਾਲਾ ਸ਼ਹਿਰ, ਦਾਰਜੀਲਿੰਗ ਪੂਰਬੀ ਹਿਮਾਲਿਆ ਵਿੱਚ 2,042 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇਸਦੇ ਪਹਾੜੀ ਖੇਤਰ ਕਰਕੇ ਸੜਕੀ ਆਵਾਜਾਈ ਵਿੱਚ ਮੁਸ਼ਕਿਲ ਆਉਂਦੀ ਹੈ, ਤੇ ਲੋਕ ਸਬਜ਼ੀਆਂ, ਪਾਣੀ, ਸਿਲੰਡਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਇੱਥੋਂ ਤੱਕ ਕਿ ਛੋਟੇ-ਮੋਟੇ ਫਰਨੀਚਰ ਨੂੰ ਘਰ ਲਿਆਉਣ ਲਈ ਵੀ ਕੁਲੀਆਂ ’ਤੇ ਨਿਰਭਰ ਕਰਦੇ ਹਨ। ਵਾਹਨ ਅਜਿਹੀ ਤਿੱਖੀ ਚੜ੍ਹਾਈ ਨਹੀਂ ਚੜ੍ਹ ਸਕਦੇ, ਅਤੇ ਉਹਨਾਂ ਕੋਲ ਇਸ ਤੋਂ ਇਲਾਵਾ ਆਪਣੇ ਆਪ ਸਮਾਨ ਚੁੱਕਣ ਜਾਂ ਗੈਸ ਏਜੰਸੀ ਜਾਂ ਦੁਕਾਨ ਵੱਲੋਂ...ਆਪਣੇ ਕੁਲੀ ਜ਼ਰੀਏ ਭੇਜਣ...ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੁੰਦਾ।
ਨੇਪਾਲ ਦੀ ਰਹਿਣ ਵਾਲੀ ਮਾਇਆ ਥਾਮੀ ਦਾਰਜੀਲਿੰਗ ਵਿੱਚ 12 ਸਾਲ ਤੋਂ ਕੁਲੀ ਦਾ ਕੰਮ ਕਰ ਰਹੀ ਹੈ। ਉਹਦੇ ਵਾਂਗ ਸ਼ਹਿਰ ਦੇ ਹੋਰ ਕੁਲੀ ਵੀ ਜ਼ਿਆਦਾਤਰ ਨੇਪਾਲ ਤੋਂ ਆਈਆਂ ਮਹਿਲਾ ਪਰਵਾਸੀ ਹਨ ਅਤੇ ਉਹ ਥਾਮੀ ਭਾਈਚਾਰੇ (ਪੱਛਮੀ ਬੰਗਾਲ ਵਿੱਚ ਅਨੁਸੂਚਿਤ ਜਾਤੀ ਦੇ ਤੌਰ ’ਤੇ ਸੂਚੀਬੱਧ) ਨਾਲ ਸਬੰਧਤ ਹਨ। ਉਹ ਆਪਣੀ ਪਿੱਠ ਉੱਤੇ ਡੋਕੋ (ਬਾਂਸ ਦੀ ਟੋਕਰੀ) ਵਿੱਚ ਸਬਜ਼ੀਆਂ, ਸਿਲੰਡਰ ਅਤੇ ਪਾਣੀ ਦੇ ਪੀਪੇ ਚੁੱਕ ਕੇ ਲਿਜਾਂਦੀਆਂ ਹਨ, ਜਿਸ ਨੂੰ ਨਾਮਲੋ ਯਾਨੀ ਕਿ ਇੱਕ ਤਣੀ ਜ਼ਰੀਏ ਬੰਨ੍ਹਿਆ ਜਾਂਦਾ ਹੈ।
“ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵਧਣ ਕਾਰਨ ਮੈਂ ਮੁਗਲਾਨ (ਭਾਰਤ) ਆ ਗਈ,” ਮਾਇਆ ਨੇ ਦੱਸਿਆ। ਨੇਪਾਲ ਵਿੱਚ ਉਹ ਅਤੇ ਉਹਦਾ ਪਤੀ ਬੌਧੇ 2 ਕੱਠਾ/ਬਿਸਵੇ (0.06 ਏਕੜ) ਜ਼ਮੀਨ ’ਤੇ ਚੌਲ, ਬਾਜਰਾ ਤੇ ਆਲੂ ਦੀ ਖੇਤੀ ਕਰਦੇ ਸਨ; ਉਹ ਛੋਟੀਆਂ ਦੁਕਾਨਾਂ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੇ ਤੌਰ ’ਤੇ ਵੀ ਕੰਮ ਕਰਦੇ ਸਨ। ਉਹ ਦੋਵੇਂ 2021 ਵਿੱਚ ਦਾਰਜੀਲਿੰਗ ਆ ਗਏ ਸਨ – ਜੋ ਨੇਪਾਲ ਦੀ ਸਰਹੱਦ ਤੋਂ ਸੜਕੀ ਰਾਹ ਮੁਤਾਬਕ ਕੁਝ ਘੰਟੇ ਦੀ ਦੂਰੀ ’ਤੇ ਹੈ।
ਮਾਇਆ ਗੈਸ ਏਜੰਸੀਆਂ ਤੋਂ ਗਾਹਕਾਂ ਦੇ ਘਰਾਂ ਤੱਕ ਸਿਲੰਡਰ ਪਹੁੰਚਾਉਂਦੀ ਹੈ। “ਮੈਂ ਆਮ ਕਰਕੇ ਸਵੇਰੇ 7 ਵਜੇ ਕੰਮ ਵਾਲੀ ਜਗ੍ਹਾ ਪਹੁੰਚ ਜਾਂਦੀ ਹਾਂ ਤੇ ਜਿਹੜੇ ਸਿਲੰਡਰ ਪਹੁੰਚਾਉਣ ਲਈ ਉੱਥੇ ਪਹੁੰਚਣ ਉਹ ਫੇਰ ਵਾਰੀ ਬੰਨ੍ਹ ਕੇ ਕੰਮ ਕਰਦੇ ਹਨ,” ਉਹਨੇ ਕਿਹਾ। ਆਮ ਕਰਕੇ ਉਹ ਦਿਨ ਵਿੱਚ ਪਿੱਠ ’ਤੇ ਦੋ ਸਿਲੰਡਰ ਚੁੱਕ ਚਾਰ ਜਾਂ ਪੰਜ ਘਰਾਂ ਵਿੱਚ ਸਿਲੰਡਰ ਪਹੁੰਚਾਉਂਦੀ ਹੈ ਤੇ ਇਸ ਸਖ਼ਤ ਮਿਹਨਤ ਵਾਲੇ ਕੰਮ ਲਈ ਦਿਨ ਦੇ 500 ਰੁਪਏ ਕਮਾ ਲੈਂਦੀ ਹੈ। “ਲਗਾਤਾਰ ਨਮਲੋ ਨਾਲ ਸਿਰ ’ਤੇ ਸਿਲੰਡਰਾਂ ਦਾ ਭਾਰ ਚੁੱਕ-ਚੁੱਕ ਕੇ ਮੇਰੇ ਸਿਰ ਦੇ ਵਾਲ ਬਹੁਤੇ ਝੜ ਗਏ ਹਨ ਅਤੇ ਸਰੀਰ ਦੁਖਦਾ ਰਹਿੰਦਾ ਹੈ,” ਨਾਲ ਹੀ ਬਲੱਡ ਪ੍ਰੈਸ਼ਰ ਦੇ ਘਟਣ-ਵਧਣ ਬਾਰੇ ਦੱਸਦਿਆਂ ਮਾਇਆ ਨੇ ਕਿਹਾ।
'ਮੈਂ ਆਮ ਕਰਕੇ ਸਵੇਰੇ 7 ਵਜੇ ਕੰਮ ਵਾਲੀ ਜਗ੍ਹਾ ਪਹੁੰਚ ਜਾਂਦੀ ਹਾਂ ਤੇ ਜਿਹੜੇ ਸਿਲੰਡਰ ਪਹੁੰਚਾਉਣ ਲਈ ਉੱਥੇ ਪਹੁੰਚਣ ਉਹ ਫੇਰ ਵਾਰੀ ਬੰਨ੍ਹ ਕੇ ਕੰਮ ਕਰਦੇ ਹਨ,' ਉਹਨੇ ਕਿਹਾ। ਆਮ ਕਰਕੇ ਉਹ ਦਿਨ ਵਿੱਚ ਪਿੱਠ ’ਤੇ ਦੋ ਸਿਲੰਡਰ ਚੁੱਕ ਚਾਰ ਜਾਂ ਪੰਜ ਘਰਾਂ ਵਿੱਚ ਸਿਲੰਡਰ ਪਹੁੰਚਾਉਂਦੀ ਹੈ ਤੇ ਇਸ ਸਖ਼ਤ ਮਿਹਨਤ ਵਾਲੇ ਕੰਮ ਲਈ ਦਿਨ ਦੇ 500 ਰੁਪਏ ਕਮਾ ਲੈਂਦੀ ਹੈ
ਸਬਜ਼ੀਆਂ ਪਹੁੰਚਾਉਣ ਵਾਲੇ ਕੁਲੀ ਸਿਲੰਡਰ ਪਹੁੰਚਾਉਣ ਵਾਲੇ ਕੁਲੀਆਂ ਤੋਂ ਵੱਖਰੇ ਹਨ। ਉਹ ਵੀਰਵਾਰ ਨੂੰ ਛੱਡ, ਜਿਸ ਦਿਨ ਬਜ਼ਾਰ ਬੰਦ ਹੁੰਦਾ ਹੈ, ਰੋਜ਼ ਸ਼ਾਮ 8 ਵਜੇ ਤੱਕ ਚੌਕ ਬਜ਼ਾਰ ਵਿੱਚ ਇੰਤਜ਼ਾਰ ਕਰਦੇ ਹਨ। “ਗਾਹਕਾਂ ਨੂੰ ਸਬਜ਼ੀਆਂ ਵੇਚਣ ਤੋਂ ਬਾਅਦ ਅਸੀਂ ਨੇੜੇ ਖੜ੍ਹੇ ਕਿਸੇ ਕੁਲੀ ਨੂੰ ਬੁਲਾ ਦਿੰਦੇ ਹਾਂ ਅਤੇ ਬਾਕੀ ਉਹਨਾਂ (ਕੁਲੀਆਂ) ਤੇ ਗਾਹਕਾਂ ਵਿਚਕਾਰ ਸੌਦਾ ਤੈਅ ਹੁੰਦਾ ਹੈ,” ਬਿਹਾਰ ਦੇ ਰਹਿਣ ਵਾਲੇ ਦੁਕਾਨਦਾਰ ਮਨੋਜ ਗੁਪਤਾ ਨੇ ਕਿਹਾ।
“ਨਾਸਕੇਮ ਬੋਕਚੂ ਭੰਦਾ ਭੰਦਾ 70 ਕੇਜੀ ਕੋ ਭਾਰੀ ਬੋਕਨੇ ਬਾਨੀ ਭਈਸਕਿਓ (ਮੈਨੂੰ 70 ਕਿਲੋ ਵਜ਼ਨ ਚੁੱਕਣ ਦੀ ਹੁਣ ਆਦਤ ਪੈ ਗਈ ਹੈ),” ਇੱਕ ਹੋਟਲ ਲਈ 70 ਕਿਲੋ ਸਬਜ਼ੀਆਂ ਪਹੁੰਚਾਉਣ ਜਾ ਰਹੀ ਸਬਜ਼ੀ ਵਾਲੀ ਕੁਲੀ, 41 ਸਾਲਾ ਮਾਨਕੁਮਾਰੀ ਥਾਮੀ ਨੇ ਕਿਹਾ। “ਜੇ ਮੈਂ ਕਹਾਂ ਕਿ ਮੈਂ ਐਨਾ ਵਜ਼ਨ ਨਹੀਂ ਚੁੱਕ ਸਕਦੀ, ਤਾਂ ਇਹ ਕੰਮ ਕਿਸੇ ਹੋਰ ਨੂੰ ਮਿਲ ਜਾਵੇਗਾ ਤੇ ਮੈਨੂੰ 80 ਰੁਪਏ ਦਾ ਘਾਟਾ ਪੈ ਜਾਵੇਗਾ,” ਉਹਨੇ ਕਿਹਾ।
“ਆਮ ਕਰਕੇ ਅਸੀਂ 15 ਤੋਂ 20 ਮਿੰਟ ਲਈ ਪਹਾੜ ਚੜ੍ਹਦੇ ਹਾਂ ਕਿਉਂਕਿ ਆਮ ਕਰਕੇ ਹੋਟਲ ਚੌਕ ਬਜ਼ਾਰ ਦੇ ਉੱਪਰ ਹੀ ਸਥਿਤ ਹਨ। ਸਾਨੂੰ 10 ਮਿੰਟ ਦੀ ਦੂਰੀ ਵਾਲੇ ਹੋਟਲਾਂ ਲਈ 60 ਤੋਂ 80 ਰੁਪਏ ਮਿਲਦੇ ਹਨ, ਅਤੇ ਜ਼ਿਆਦਾ ਦੂਰੀ ਵਾਲਿਆਂ ਲਈ 100 ਤੋਂ 150 ਰੁਪਏ,” ਇੱਕ ਹੋਰ ਸਬਜ਼ੀ ਵਾਲੀ ਕੁਲੀ ਧਨਕੁਮਾਰੀ ਥਾਮੀ ਨੇ ਦੱਸਿਆ।
ਸਬਜ਼ੀ ਵਾਲੀ ਕੁਲੀ, ਧਨਕੁਮਾਰੀ ਥਾਮੀ ਵੀ ਮੰਨਦੀ ਹੈ ਕਿ ਮਹਿਲਾਵਾਂ ਨਾਲ ਵਿਤਕਰਾ ਹੁੰਦਾ ਹੈ: “ਕੇਤਾ ਲੇ ਮਤੇਈ ਸਾਕਚਾ ਏਸਤੋ ਕਾਮ ਤਾ ਹੈਨਾ ਰੇਸਾਊ ਬੈਨੀ, ਖਾਈ ਏਤਾ ਤਾ ਬੇਸੀ ਲੇਡੀਜ਼ ਹਰੂ ਨਈ ਚਾ ਭਾਰੀ ਬੋਕਨੇ (ਬਜਾਹਰ, ‘ਸਿਰਫ਼ ਆਦਮੀ ਹੀ ਇਹ ਕੰਮ ਕਰ ਸਕਦੇ ਹਨ।’ ਇਹ ਗੱਲ ਬਿਲਕੁਲ ਸੱਚ ਨਹੀਂ, ਭੈਣ। ਇੱਥੇ ਜ਼ਿਆਦਾਤਰ ਕੁਲੀ ਮਹਿਲਾਵਾਂ ਹਨ)।” 15 ਸਾਲ ਪਹਿਲਾਂ ਸ਼ਰਾਬ ਕਾਰਨ ਆਪਣੇ ਪਤੀ ਨੂੰ ਗੁਆ ਲੈਣ ਤੋਂ ਬਾਅਦ ਉਹਨੇ ਇਹ ਕੰਮ ਸ਼ੁਰੂ ਕੀਤਾ ਸੀ।
ਪਾਂਦਾਂਮ ਟੀ ਗਾਰਡਨ ਦੇ ਰਹਿਣ ਵਾਲੇ ਦੰਪਤੀ ਅਸਤੀ ਥਾਮੀ ਤੇ ਜੂੰਗੇ ਥਾਮੀ, ਜੋ ਘਰਾਂ ਵਿੱਚ ਪਾਣੀ ਦੇ ਪੀਪੇ ਪਹੁੰਚਾਉਂਦੇ ਹਨ, ਦਾ ਕਹਿਣਾ ਹੈ ਕਿ ਪਾਣੀ ਪਹੁੰਚਾਉਣਾ ਵੱਡਾ ਕੰਮ ਹੈ। ਦਾਰਜੀਲਿੰਗ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਕਾਰਨ ਉਹਨਾਂ ਨੂੰ ਰੋਜ਼ਾਨਾ ਕੰਮ ਮਿਲ ਜਾਂਦਾ ਹੈ।
“ਮੈਂ ਤੇ ਮੇਰਾ ਪਤੀ ਹਰ ਰੋਜ਼ ਸਵੇਰੇ 6 ਵਜੇ ਪਾਂਦਾਂਮ ਤੋਂ ਪਾਣੀ ਲੈਣ ਲਈ ਪਹੁੰਚ ਜਾਂਦੇ ਹਾਂ। ਅਸੀਂ ਜੈਰੀ ਕੈਨ (ਪੀਪੇ) ਪਾਣੀ ਨਾਲ ਭਰ ਲੈਂਦੇ ਹਾਂ ਅਤੇ ਜਿਹਨਾਂ ਘਰਾਂ ਨੇ ਪਾਣੀ ਲਿਆਉਣ ਲਈ ਕਿਹਾ ਹੁੰਦਾ ਹੈ, ਉਹਨਾਂ ਤੱਕ ਪਾਣੀ ਪਹੁੰਚਾਉਂਦੇ ਹਾਂ,” ਅਸਤੀ ਨੇ ਕਿਹਾ। ਪੰਡਮ ਵਿੱਚ ਉਹਨਾਂ ਦਾ ਕਿਰਾਏ ਦਾ ਕਮਰਾ ਪਾਣੀ ਭਰਨ ਵਾਲੀ ਥਾਂ ਤੋਂ 2 ਕਿਲੋਮੀਟਰ ਦੀ ਚੜ੍ਹਾਈ ’ਤੇ ਸਥਿਤ ਹੈ।
ਜੂੰਗੇ ਨੇ ਦੱਸਿਆ ਕਿ ਇੱਕ ਵਾਰ ਉਹਨਾਂ ਨੇ ਮੀਟ ਵੇਚਣ ਦਾ ਧੰਦਾ ਅਜ਼ਮਾਇਆ ਪਰ ਕੋਵਿਡ ਕਾਰਨ ਇਸ ਧੰਦੇ ਵਿੱਚ ਕੋਈ ਮੁਨਾਫ਼ਾ ਨਹੀਂ ਹੋਇਆ। ਤੇ ਉਹਨਾਂ ਦੋਵਾਂ ਨੇ ਮੁੜ ਪਾਣੀ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਲਿਆ।
*****
ਮਾਇਆ ਥਾਮੀ ਦਾ ਪਤੀ ਬੌਧੇ ਥਾਮੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਹੈ। ਉਹਦੇ ਮਾਪੇ ਵੀ ਦਾਰਜੀਲਿੰਗ ਵਿੱਚ ਕੁਲੀਆਂ ਵਜੋਂ ਕੰਮ ਕਰਦੇ ਅਤੇ ਹੋਟਲਾਂ ਵਿੱਚ ਸਬਜ਼ੀਆਂ ਪਹੁੰਚਾਉਂਦੇ ਸਨ। ਮਾਇਆ ਤੇ ਬੌਧੇ ਨੇ ਆਪਣੇ ਕੰਮ ਵਾਲੀ ਜਗ੍ਹਾ, ਚੌਕ ਬਜ਼ਾਰ ਤੋਂ 50 ਮਿੰਟ ਦੂਰ ਦੇ ਇਲਾਕੇ ਵਿੱਚ ਗਊਸ਼ਾਲਾ ਨੇੜੇ 2,500 ਰੁਪਏ ਮਹੀਨੇ ਦੇ ਕਿਰਾਏ ’ਤੇ ਇੱਕ ਕਮਰਾ ਕਿਰਾਏ ’ਤੇ ਲਿਆ ਹੋਇਆ ਹੈ।
ਕਈ ਸਾਰੇ ਕੁਲੀ, ਪਰਿਵਾਰਾਂ ਸਮੇਤ, ਇਸ ਇਲਾਕੇ ’ਚ ਕਮਰਾ ਕਿਰਾਏ ’ਤੇ ਲੈ ਲੈਂਦੇ ਹਨ ਕਿਉਂਕਿ ਇਹ ਉਹਨਾਂ ਦੇ ਵਿੱਚ ਅਨੁਸਾਰ ਮਿਲਦੀਆਂ ਕੁਝ ਹੀ ਜਗ੍ਹਾਵਾਂ ਵਿੱਚੋਂ ਇੱਕ ਹੈ।
ਮਾਇਆ ਤੇ ਬੌਧੇ ਦੇ ਬੱਚੇ, ਭਾਵਨਾ ਤੇ ਭਾਵਿਨ ਅਜੇ ਸਕੂਲ ਵਿੱਚ ਪੜ੍ਹ ਰਹੇ ਹਨ; ਮਾਇਆ ਦੀ ਤਰਜੀਹ ਉਹਨਾਂ ਦੀ ਪੜ੍ਹਾਈ ਹੈ: “ਭਾਵਨਾ ਰਾ ਭਾਵਿਨ ਪਰੀਂਜਲ ਮੋ ਮੇਰੋ ਨਾਮਲੋ ਲੇ ਸਿਲੰਡਰ ਬੋਕਚੂ (ਜਦ ਤੱਕ ਭਾਵਨਾ ਤੇ ਭਾਵਿਨ ਪੜ੍ਹ ਰਹੇ ਹਨ, ਮੈਂ ਆਪਣੇ ਨਾਮਲੋ ਨਾਲ ਸਿਰ ’ਤੇ ਸਿਲੰਡਰ ਚੁੱਕਦੀ ਰਹਾਂਗੀ)।”
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ