ਅਨਿਲ ਨਾਰਕੰਡੇ ਨੇ ਵਿਆਹ ਸਮਾਗਮ ਦੀ ਤਿਆਰੀ ਲਈ ਬੜੀ ਮਿਹਨਤ ਕੀਤੀ, ਜਿਵੇਂ ਉਹ ਹਰ ਵਾਰ ਕਰਦਾ ਹੈ। ਪਰ ਉਹਨੇ ਨਹੀਂ ਸੀ ਸੋਚਿਆ ਕਿ ਕਹਾਣੀ ਵਿੱਚ ਹੋਰ ਹੀ ਮੋੜ ਆ ਜਾਵੇਗਾ!
36 ਸਾਲਾ ਕਿਸਾਨ, ਜੋ ਨਾਲੋ-ਨਾਲ ਭੰਡਾਰਾ ਦੇ ਅਲੇਸੁਰ ਪਿੰਡ ਵਿੱਚ ਸਜਾਵਟ ਅਤੇ ਸੰਗੀਤ ਪ੍ਰਦਾਨ ਕਰਨ ਦਾ ਵੀ ਕੰਮ ਕਰਦਾ ਹੈ, ਨੇ ਨਾਲ ਦੇ ਪਿੰਡ ਵਿੱਚ ਵਿਆਹ ਲਈ ਪੀਲੇ ਰੰਗ ਦਾ ਵੱਡਾ ਸਾਰਾ ਸ਼ਾਮਿਆਨਾ ਲਾਇਆ ਅਤੇ ਵਿਆਹ ਵਾਲੀ ਜਗ੍ਹਾ ਦੀ ਪਲਾਸਟਿਕ ਦੇ ਫੁੱਲਾਂ ਨਾਲ ਸਜਾਵਟ ਕੀਤੀ। ਉਹਨੇ ਮਹਿਮਾਨਾਂ ਲਈ ਕੁਰਸੀਆਂ ਭਿਜਵਾਈਆਂ; ਲਾੜੇ ਤੇ ਲਾੜੀ ਲਈ ਗੂੜ੍ਹੇ ਲਾਲ ਰੰਗ ਦਾ ਖ਼ਾਸ ਵਿਆਹ ਵਾਲਾ ਸੋਫਾ ਅਤੇ ਡੀਜੇ ਦਾ ਸਮਾਨ ਅਤੇ ਵਿਆਹ ਵਾਲੀ ਜਗ੍ਹਾ ’ਤੇ ਸੰਗੀਤ ਅਤੇ ਰੌਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਕੀਤਾ।
ਵਿਆਹ ਲਈ ਲਾੜੇ ਦਾ ਸਜਾਇਆ ਇੱਟ-ਗਾਰੇ ਦਾ ਘਰ ਹੀ ਬਿਹਤਰ ਬਣ ਗਿਆ – ਲਾੜੀ ਨੇ ਸਾਤਪੁਰਾ ਦੀਆਂ ਪਹਾੜੀਆਂ ਦੇ ਦੂਜੇ ਪਾਸਿਓਂ ਮੱਧ ਪ੍ਰਦੇਸ਼ ਦੇ ਸਿਓਨੀ ਤੋਂ ਆਉਣਾ ਸੀ।
ਅਨਿਲ, ਜੋ ਗਰਮੀਆਂ ਵਿੱਚ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਚੰਗੀ ਕਮਾਈ ਦੀ ਉਮੀਦ ਲਾ ਰਿਹਾ ਸੀ, ਨੇ ਦੱਸਿਆ ਕਿ ਵਿਆਹ ਤੋਂ ਪਿਛਲੀ ਸ਼ਾਮ ਨੂੰ ਮਾਮਲਾ ਗੜਬੜ ਹੋ ਗਿਆ। ਵਿਆਹ ਤੋਂ ਇੱਕ ਦਿਨ ਪਹਿਲਾਂ, 27 ਸਾਲਾ ਲਾੜਾ, ਜੋ ਹੋਰਨਾਂ ਸੂਬਿਆਂ ਵਿੱਚ ਕੰਮ ਲਈ ਪਰਵਾਸ ਕਰਦਾ ਹੈ, ਭੱਜ ਗਿਆ।
“ਉਹਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ ਕਿ ਜੇ ਵਿਆਹ ਨਾ ਤੋੜਿਆ ਤਾਂ ਉਹ ਜ਼ਹਿਰ ਪੀ ਲਵੇਗਾ,” ਅਨਿਲ ਨੇ ਯਾਦ ਕਰਦਿਆਂ ਕਿਹਾ, “ਉਹ ਕਿਸੇ ਹੋਰ ਨੂੰ ਪਸੰਦ ਕਰਦਾ ਸੀ।”
ਜਦ ਤੱਕ ਵਿਆਹ ਰੱਦ ਕੀਤਾ, ਉਦੋਂ ਤੱਕ ਲਾੜੀ ਤੇ ਉਸਦੇ ਪਰਿਵਾਰ ਵਾਲੇ ਪਹੁੰਚ ਚੁੱਕੇ ਸਨ। ਲੜਕੇ ਦੇ ਮਾਪਿਆਂ ਅਤੇ ਪਿੰਡ ਵਾਲਿਆਂ ਲਈ ਖੁਸ਼ੀ ਦਾ ਇਹ ਦਿਹਾੜਾ ਬੇਇੱਜ਼ਤੀ ਵਿੱਚ ਬਦਲ ਚੁੱਕਿਆ ਸੀ।
ਲਾੜੇ ਦੇ ਨਿੰਮੋਝੂਣੇ ਹੋਏ ਪਿਉ ਨੇ ਅਨਿਲ ਨੂੰ ਕਿਹਾ ਕਿ ਉਹ ਉਹਨੂੰ ਉਸਦੀ ਫੀਸ ਨਹੀਂ ਦੇ ਪਾਵੇਗਾ।
“ਮੈਂ ਪੈਸੇ ਨਹੀਂ ਮੰਗ ਸਕਿਆ,” ਭੰਡਾਰਾ, ਜਿੱਥੇ ਜ਼ਿਆਦਾਤਰ ਲੋਕ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਹਨ, ਜੇ ਪਿੰਡ ਅਲੇਸੁਰ ਵਿੱਚ ਆਪਣੇ ਘਰ ਵਿੱਚ ਬੈਠਿਆਂ ਅਨਿਲ ਨੇ ਕਿਹਾ। “ਉਹ ਬੇਜ਼ਮੀਨੇ ਧੀਵਰ (ਮਛਵਾਰਿਆਂ ਦੀ ਜਾਤ) ਹਨ; ਲਾੜੇ ਦੇ ਪਿਉ ਨੂੰ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈਣੇ ਪਏ,” ਉਹਨੇ ਕਿਹਾ। ਅਨਿਲ ਨੇ ਉਹਨੂੰ ਸਿਰਫ਼ ਮਜ਼ਦੂਰਾਂ ਦੀ ਮਜ਼ਦੂਰੀ ਦੇਣ ਲਈ ਕਿਹਾ ਤੇ ਆਪਣੇ ਪੈਸੇ ਛੱਡ ਦੇਣ ਦਾ ਫੈਸਲਾ ਕੀਤਾ।
ਆਪਣਾ ਸਜਾਵਟੀ ਸਮਾਨ – ਬਾਂਸ ਦੇ ਡੰਡੇ, ਸਟੇਜ ਦੇ ਫਰੇਮ, ਵੱਡੇ ਸਪੀਕਰ ਅਤੇ ਡੀਜੇ ਦੇ ਸਾਜ਼, ਪੰਡਾਲ ਦੇ ਰੰਗ-ਬਿਰੰਗੇ ਕੱਪੜੇ, ਅਤੇ ਨਵੀਂ ਜੋੜੀ ਲਈ ਖ਼ਾਸ ਸੋਫੇ ਤੇ ਹੋਰ ਵਸਤਾਂ, ਜਿਸ ਲਈ ਉਹਨੇ ਆਪਣੇ ਸਾਦੇ ਜਿਹੇ ਸੀਮੇਂਟ ਦੇ ਘਰ ਦੇ ਨਾਲ ਵੱਡਾ ਹਾਲ ਬਣਾਇਆ ਹੈ – ਦਾ ਗੁਦਾਮ ਵਿਖਾਉਂਦਿਆਂ ਅਨਿਲ ਨੇ ਕਿਹਾ ਕਿ ਇਸ ਅਜੀਬ ਘਟਨਾ ਕਾਰਨ ਉਸਦਾ 15,000 ਰੁਪਏ ਦਾ ਨੁਕਸਾਨ ਹੋ ਗਿਆ।
ਅਲੇਸੁਰ ਪਿੰਡ ਤੁਮਸਾਰ ਤਹਿਸੀਲ ਦੇ ਜੰਗਲੀ ਇਲਾਕੇ ਵਿੱਚ, ਸਤਪੁੜਾ ਰੇਂਜ ਦੀਆਂ ਨਿਚਲੀਆਂ ਪਹਾੜੀਆਂ ਵਿੱਚ ਵਸਿਆ ਹੋਇਆ ਹੈ। ਇਸ ਇੱਕੋ ਫ਼ਸਲ ਵਾਲੇ ਖੇਤਰ ਵਿੱਚ ਕਿਸਾਨ ਆਪਣੀ ਥੋੜ੍ਹੀ ਜਿਹੀ ਜ਼ਮੀਨ ਵਿੱਚ ਝੋਨਾ ਉਗਾਉਂਦੇ ਹਨ, ਅਤੇ ਵਾਢੀ ਤੋਂ ਬਾਅਦ ਜ਼ਿਆਦਾਤਰ ਕੰਮ ਦੀ ਤਲਾਸ਼ ਵਿੱਚ ਪਰਵਾਸ ਕਰ ਜਾਂਦੇ ਹਨ। ਨੌਕਰੀਆਂ ਦੇਣ ਵਾਲੇ ਕਿਸੇ ਵੱਡੇ ਉਦਯੋਗ ਜਾਂ ਹੋਰਨਾਂ ਸਹੂਲਤਾਂ ਦੀ ਅਣਹੋਂਦ ਵਿੱਚ ਇਸ ਖੇਤਰ ਦੀ ਕਬਾਇਲੀ ਤੇ ਪਛਲੀ ਆਬਾਦੀ ਦੀ ਬਹੁਗਿਣਤੀ ਗਰਮੀਆਂ ਵਿੱਚ ਰੋਜ਼ੀ-ਰੋਟੀ ਲਈ ਜੰਗਲ ’ਤੇ ਨਿਰਭਰ ਹੈ। ਤੇ ਮਨਰੇਗਾ ਦੇ ਕੰਮ ਦੇ ਮਾਮਲੇ ਵਿੱਚ ਤੁਮਸਰ ਦਾ ਕਿਰਾਰਡ ਚੰਗਾ ਨਹੀਂ ਰਿਹਾ।
ਇਸ ਕਰਕੇ ਅਨਿਲ ਵਰਗੇ ਕਈ ਲੋਕ ਆਪਣੀ ਕਮਾਈ ਵਧਾਉਣ ਲਈ ਛੋਟੇ-ਮੋਟੇ ਧੰਦੇ ਕਰਦੇ ਹਨ, ਪਰ ਉਸ ’ਤੇ ਵੀ ਕਿਸਾਨੀ ਕਮਾਈ ਵਿੱਚ ਆਈ ਘਾਟ ਜਾਂ ਖੜੋਤ ਕਰਕੇ ਅਸਰ ਪਿਆ ਹੈ।
ਅਨਿਲ ਦਾ ਕਹਿਣਾ ਹੈ ਕਿ ਪੇਂਡੂ ਖੇਤਰ ਵਿੱਚ ਡੀਜੇ ਅਤੇ ਸਜਾਵਟ ਦਾ ਕੰਮ ਚੱਲ ਪਿਆ ਹੈ ਪਰ ਔਖੇ ਸਮਿਆਂ ਵਿੱਚ ਧੰਦਾ ਚਲਾਉਣਾ ਸੌਖਾ ਨਹੀਂ। “ਪਿੰਡ ਵਾਲਿਆਂ ਦੀ ਆਰਥਿਕ ਸਥਿਤੀ ਅਨਿਸ਼ਚਿਤ ਹੈ।”
ਅਨਿਲ ਹਮੇਸ਼ਾ ਤੋਂ ਭਾਜਪਾ ਨੂੰ ਵੋਟ ਪਾਉਂਦਾ ਰਿਹਾ ਹੈ – ਉਹਦੇ ਗਾਓਲੀ ਭਾਈਚਾਰੇ ਦੀ ਭਾਜਪਾ ਨੇਤਾਵਾਂ ਨਾਲ ਨੇੜਤਾ ਰਹੀ ਹੈ, ਪਰ ਉਹਨੂੰ ਪਿੰਡ ਵਾਲਿਆਂ ਦੀ ਰਾਜਨੀਤਕ ਚੋਣ ਵਿੱਚ ਬਦਲਾਅ ਨਜ਼ਰ ਆਉਣ ਲੱਗਿਆ ਹੈ (ਭੰਡਾਰਾ-ਗੋਂਦੀਆ ਲੋਕ ਸਭਾ ਹਲਕੇ ਦੇ ਲੋਕਾਂ ਨੂੰ 19 ਅਪ੍ਰੈਲ ਨੂੰ ਆਮ ਚੋਣਾਂ ਦੇ ਪਹਿਲੇ ਫੇਜ਼ ਵਿੱਚ ਵੋਟਾਂ ਪਾਈਆਂ ਹਨ)। “ ਲੋਕਾਨਾ ਕਾਮ ਨਾਹੀਂ ; ਤਰਸਤ ਆਹੇਤ (ਲੋਕਾਂ ਕੋਲ ਕੰਮ ਨਹੀਂ; ਉਹ ਚਿੰਤਾ ਵਿੱਚ ਹਨ),” ਉਹਨੇ ਕਿਹਾ। PARI ਨੂੰ ਵੱਖ-ਵੱਖ ਲੋਕਾਂ ਨੇ ਕਿਹਾ ਕਿ ਭਾਜਪਾ ਦੇ ਲੋਕ ਸਭਾ ਮੈਂਬਰ ਸੁਨੀਲ ਮੇਂਧੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਨੂੰ ਮਿਲਣ ਨਹੀਂ ਆਏ, ਜਿਸ ਕਾਰਨ ਉਹਨਾਂ ਖਿਲਾਫ਼ ਸੱਤ੍ਹਾ-ਵਿਰੋਧੀ ਭਾਵਨਾ ਪੈਦਾ ਹੋ ਗਈ ਹੈ।
ਅਨਿਲ ਨੇ ਦੱਸਿਆ ਕਿ ਇੱਥੋਂ ਦੀਆਂ ਔਰਤਾਂ ਹਰ ਰੋਜ਼ ਵੱਡੇ ਖੇਤਾਂ ਵਿੱਚ ਕੰਮ ਕਰਨ ਜਾਂਦੀਆਂ ਹਨ। ਜੇ ਤੁਸੀਂ ਸਵੇਰ ਸਮੇਂ ਪਿੰਡ ਆਓ ਤਾਂ ਤੁਸੀਂ ਉਹਨਾਂ ਨੂੰ ਮੋਟਰ-ਵਾਹਨਾਂ ਉੱਤੇ ਕੰਮ ਤੇ ਜਾਂਦਿਆਂ ਵੇਖੋਗੇ, ਤੇ ਸ਼ਾਮ ਵੇਲੇ ਉਹ ਲੇਟ ਵਾਪਸ ਆਉਂਦੀਆਂ ਹਨ। “ਨੌਜਵਾਨ ਉਦਯੋਗਾਂ, ਸੜਕ ਜਾਂ ਨਹਿਰੀ ਉਸਾਰੀ ਲਈ, ਅਤੇ ਭਾਰੀ ਕੰਮਾਂ ਲਈ ਦੂਜੇ ਸੂਬਿਆਂ ਵਿੱਚ ਚਲੇ ਜਾਂਦੇ ਹਨ,” ਉਹਨੇ ਕਿਹਾ।
ਅਨਿਲ, ਜਿਸਦੇ ਦੋ ਬੱਚਿਆਂ ਵਿੱਚੋਂ ਇੱਕ ਨੂੰ ਡਾਊਨ ਸਿੰਡਰੋਮ ਹੈ, ਕਹਿੰਦਾ ਹੈ ਕਿ ਜੇ ਉਹਦੀ ਸਿਹਤ ਠੀਕ ਹੁੰਦੀ ਤਾਂ ਉਹ ਵੀ ਕੰਮ ਲਈ ਪਰਵਾਸ ਕਰ ਜਾਂਦਾ। “ਮੈਂ ਦਸਵੀਂ ਜਮਾਤ ਵਿੱਚ ਫੇਲ੍ਹ ਹੋਣ ਤੋਂ ਬਾਅਦ ਨਾਗਪੁਰ ਗਿਆ ਸੀ ਤੇ ਬਹਿਰੇ ਦੇ ਤੌਰ ’ਤੇ ਕੰਮ ਕੀਤਾ।” ਪਰ ਫੇਰ ਉਹ ਵਾਪਸ ਆ ਗਿਆ, ਤੇ ਉਹਨੇ ਮਜ਼ਦੂਰ ਔਰਤਾਂ ਨੂੰ ਢੋਣ ਲਈ ਕਰਜ਼ਾ ਲੈ ਕੇ ਇੱਕ ਟੈਂਪੂ ਖਰੀਦ ਲਿਆ। ਤਕਰੀਬਨ ਪੰਜ ਸਾਲ ਪਹਿਲਾਂ, ਜਦ ਇਹ ਕੰਮ ਕਰਨਾ ਔਖਾ ਹੋ ਗਿਆ ਤੇ ਪੈਸੇ ਨਾ ਬਣੇ ਤਾਂ ਉਹਨੇ ਟੈਂਪੂ ਵੇਚ ਦਿੱਤਾ ਅਤੇ ਸਜਾਵਟ ਦਾ ਧੰਦਾ ਸ਼ੁਰੂ ਕਰਨ ਦਾ ਸੋਚਿਆ। ਇਹਨਾਂ ਸਮਾਗਮਾਂ ਲਈ ਵੀ, ਉਹਨੇ ਦੱਸਿਆ, ਉਹ ਜ਼ਿਆਦਾਤਰ ਉਧਾਰੀ ’ਤੇ ਕੰਮ ਕਰਦਾ ਹੈ। “ਲੋਕ ਕੰਮ ਕਰਾ ਲੈਂਦੇ ਹਨ ਤੇ ਬਾਅਦ ਵਿੱਚ ਪੈਸੇ ਦੇਣ ਦਾ ਵਾਅਦਾ ਕਰਦੇ ਹਨ,” ਅਨਿਲ ਨੇ ਦੱਸਿਆ।
“ਜੇ ਲੋਕ ਮੈਨੂੰ ਮਰਗ ਤੋਂ ਬਾਅਦ ਦੀਆਂ ਰਸਮਾਂ ਲਈ ਪੰਡਾਲ ਲਾਉਣ ਲਈ ਕਹਿਣ ਤਾਂ ਮੈਂ ਪੈਸੇ ਨਹੀਂ ਲੈਂਦਾ,” ਉਹਨੇ ਕਿਹਾ। “ਤੇ ਮੈਂ ਵਿਆਹਾਂ ਲਈ 15-20,000 ਰੁਪਏ ਹੀ ਲੈਂਦਾ ਹਾਂ ਕਿਉਂਕਿ ਲੋਕ ਐਨੇ ਕੁ ਪੈਸੇ ਹੀ ਦੇ ਸਕਦੇ ਹਨ।”
ਅਨਿਲ ਨੇ ਤਕਰੀਬਨ 12 ਲੱਖ ਰੁਪਏ ਇਸ ਧੰਦੇ ਵਿੱਚ ਲਾਏ ਹਨ। ਉਹਨੇ ਆਪਣੀ ਸੱਤ ਏਕੜ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਲਿਆ ਹੋਇਆ ਹੈ, ਜਿਸ ਦੀਆਂ ਉਹ ਲਗਾਤਾਰ ਕਿਸ਼ਤਾਂ ਭਰ ਰਿਹਾ ਹੈ।
“ਖੇਤੀ ਤੇ ਦੁੱਧ ਦੇ ਧੰਦੇ ਤੋਂ ਕੋਈ ਜ਼ਿਆਦਾ ਕਮਾਈ ਨਹੀਂ ਹੋ ਰਹੀ,” ਉਹਨੇ ਦੱਸਿਆ। “ਮੈਂ ਬਿਛਾਇਤ (ਸਜਾਵਟ) ਵਿੱਚ ਕਿਸਮਤ ਅਜ਼ਮਾ ਰਿਹਾ ਹਾਂ, ਪਰ ਬਹੁਤ ਸਾਰੇ ਲੋਕ ਇਸ ਧੰਦੇ ਵੱਲ ਆ ਰਹੇ ਹਨ।”
*****
ਇੱਕ ਹੋਰ ਦੁਖਾਂਤ ਜੋ ਇੱਥੇ ਦੇ ਲੋਕਾਂ ਵਿੱਚ ਗੁੱਸਾ ਭੜਕਾ ਰਿਹਾ ਹੈ ਉਹ ਹੈ: ਇੱਥੋਂ ਦੇ ਪਿੰਡਾਂ ਦੇ ਨੌਜਵਾਨ ਪਰਵਾਸੀ ਮਜ਼ਦੂਰਾਂ ਦੀਆਂ ਦੂਰ-ਦੁਰਾਡੀਆਂ ਕੰਮ ਦੀਆਂ ਥਾਵਾਂ ’ਤੇ ਹੋਈਆਂ ਮੌਤਾਂ। ਤੇ ਬਹੁਤ ਮਾਮਲਿਆਂ ਵਿੱਚ ਕੁਝ ਕਾਰਨ ਪਤਾ ਨਹੀਂ ਲਗਦਾ ਤੇ ਜਾਂਚ ਵਿੱਚ ਕੋਈ ਮਦਦ ਨਹੀਂ ਮਿਲਦੀ।
ਦੋ ਘਰਾਂ ਦਾ ਉਦਾਹਰਨ ਲੈ ਲਉ ਜਿਹਨਾਂ ਦਾ ਅਪ੍ਰੈਲ ਦੀ ਸ਼ੁਰੂਆਤ ਵਿੱਚ PARI ਵੱਲੋਂ ਦੌਰਾ ਕੀਤਾ ਗਿਆ: ਬੇਜ਼ਮੀਨੇ ਗੋਵਾਰੀ (ਅਨੁਸੂਚਿਤ ਕਬੀਲਾ) ਭਾਈਚਾਰੇ ਦੇ ਅਣਵਿਆਹੇ 27 ਸਾਲਾ ਵਿਜੇਸ਼ ਕੋਵਾਲੇ ਦੀ 30 ਮਈ 2023 ਨੂੰ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੇ ਸੋਣੇਗੋਵਨੀਪੱਲੇ ਪਿੰਡ ਨੇੜੇ ਇੱਕ ਵੱਡੇ ਡੈਮ ਦੀ ਜ਼ਮੀਂਦੋਜ਼ ਨਹਿਰ ਵਾਲੀ ਥਾਂ ’ਤੇ ਕੰਮ ਕਰਦਿਆਂ ਮੌਤ ਹੋ ਗਈ।
“ਉਹਦੀ ਮ੍ਰਿਤਕ ਦੇਹ ਪਿੰਡ ਲੈ ਕੇ ਆਉਣ ਤੇ ਇੱਥੇ ਅੰਤਿਮ ਰਸਮਾਂ ਕਰਨ ਲਈ ਸਾਨੂੰ 1.5 ਲੱਖ ਰੁਪਏ ਖਰਚ ਕਰਨੇ ਪਏ,” ਉਹਦੇ ਪਿਤਾ ਰਮੇਸ਼ ਕੋਵਾਲੇ ਨੇ ਕਿਹਾ। ਪੋਸਟ-ਮਾਰਟਮ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਬੇਟੇ ਦੀ ਅਚਨਚੇਤ ਮੌਤ ਦਾ ਕਾਰਨ “ਕਰੰਟ ਲੱਗਣਾ” ਸੀ।
FIR ਦੇ ਮੁਤਾਬਕ ਕੰਮ ਵਾਲੀ ਜਗ੍ਹਾ ਸ਼ਰਾਬੀ ਹਾਲਤ ਵਿੱਚ ਵਿਜੇਸ਼ ਨੇ ਗਲਤੀ ਨਾਲ ਬਿਜਲੀ ਦੀ ਤਾਰ ਨੂੰ ਹੱਥ ਲਾ ਲਿਆ ਸੀ। ਉਸ ਇਲਾਕੇ ਦੇ ਜਿਸ ਹਸਪਤਾਲ ਵਿੱਚ ਉਸਨੂੰ ਲਿਜਾਇਆ ਗਿਆ, ਉੱਥੇ ਉਸਦੀ ਮੌਤ ਹੋ ਗਈ।
“ਵਾਅਦਾ ਕਰਨ ਦੇ ਬਾਵਜੂਦ ਉਸਨੂੰ ਕੰਮ ਦੇਣ ਵਾਲੀ ਕੰਪਨੀ ਨੇ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ,” ਕੋਵਾਲੇ ਨੇ ਕਿਹਾ। “ਪਿਛਲੇ ਸਾਲ ਮੈਂ ਜੋ ਰਿਸ਼ਤੇਦਾਰਾਂ ਤੋਂ ਜਿਹੜੇ ਪੈਸੇ ਲਏ ਸੀ, ਉਹ ਅਜੇ ਵੀ ਮੇਰੇ ਸਿਰ ਉਧਾਰ ਹਨ।” ਵਿਜੇਸ਼ ਦਾ ਵੱਡਾ ਭਰਾ ਰਾਜੇਸ਼, ਜਿਸਦਾ ਵਿਆਹ ਹੋਣ ਵਾਲਾ ਹੈ, ਟਰੱਕ ਡਰਾਈਵਰ ਦੇ ਤੌਰ ’ਤੇ ਕੰਮ ਕਰਦਾ ਹੈ ਜਦਕਿ ਉਹਦਾ ਛੋਟਾ ਭਰਾ ਸਤੀਸ਼ ਸਥਾਨਕ ਖੇਤਾਂ ਵਿੱਚ ਕੰਮ ਕਰਦਾ ਹੈ।
“ਸੜਕੀ ਰਸਤੇ ਐਂਬੂਲੈਂਸ ਜ਼ਰੀਏ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਨੂੰ ਸਾਨੂੰ ਦੋ ਦਿਨ ਲੱਗ ਗਏ,” ਰਮੇਸ਼ ਨੇ ਕਿਹਾ।
ਅਨਿਲ ਨੇ ਦੱਸਿਆ ਕਿ ਪਿਛਲੇ ਸਾਲ ਵਿੱਚ ਵਿਜੇਸ਼ ਵਰਗੇ ਚਾਰ-ਪੰਜ ਪਿੰਡ ਦੇ ਨੌਜਵਾਨ ਆਪਣੇ ਦੂਰ-ਦੁਰਾਡੇ ਦੇ ਕੰਮ ਦੀਆਂ ਥਾਵਾਂ ’ਤੇ ਹਾਦਸਿਆਂ ਵਿੱਚ ਮਾਰੇ ਗਏ। ਪਰ ਉਹ ਅਲੱਗ ਕਹਾਣੀ ਹੈ।
ਚਿਖਲੀ ਪਿੰਡ ਦੇ ਸੁਖਦੇਵ ਉਈਕੇ ਨੂੰ ਆਪਣੇ ਇਕਲੌਤੇ ਤੇ ਭਰਜੁਆਨ ਬੇਟੇ ਅਤੁਲ ਦੀ ਮੌਤ ਦਾ ਯਕੀਨ ਨਹੀਂ ਆ ਰਿਹਾ।
“ਇਹ ਦੁਰਘਟਨਾ ਸੀ ਜਾਂ ਉਹਦੇ ਆਪਣੇ ਸਮੂਹ ਦੇ ਮੈਂਬਰਾਂ ਦੁਆਰਾ ਕਤਲ, ਸਾਨੂੰ ਨਹੀਂ ਪਤਾ,” ਉਈਕੇ ਨੇ ਕਿਹਾ ਜੋ ਇੱਕ ਛੋਟਾ ਕਿਸਾਨ ਹੈ ਤੇ ਪਿੰਡ ਵਿੱਚ ਮਜ਼ਦੂਰੀ ਵੀ ਕਰਦਾ ਹੈ। “ਸਾਨੂੰ ਉਹਦੀ ਲਾਸ਼ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਆਂਧਰਾ ਪ੍ਰਦੇਸ਼ ਦੀ ਪੁਲੀਸ ਨੇ ਬਿਨ੍ਹਾਂ ਸਾਨੂੰ ਦੱਸੇ ਜਾਂ ਸੰਪਰਕ ਕੀਤੇ ਹੀ ਸਸਕਾਰ ਕਰ ਦਿੱਤਾ ਸੀ।”
ਦਸੰਬਰ 2022 ਵਿੱਚ ਅਤੁਲ ਪਰਵਾਸੀਆਂ ਦੇ ਇੱਕ ਸਮੂਹ ਨਾਲ ਝੋਨੇ ਦੇ ਖੇਤਾਂ ਵਿੱਚ ਥ੍ਰੈਸ਼ਰ ਆਪਰੇਟਰ ਵਜੋਂ ਕੰਮ ਕਰਨ ਲਈ ਇਸ ਇਲਾਕੇ ਤੋਂ ਆਂਧਰਾ ਪ੍ਰਦੇਸ਼ ਦੇ ਰਾਜਾਮੁੰਦਰੀ ਗਿਆ ਸੀ। 22 ਮਈ 2023 ਨੂੰ ਉਹਨੇ ਆਪਣੇ ਮਾਪਿਆਂ ਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਉਹ ਵਾਪਸ ਘਰ ਲਈ ਤੁਰ ਪਏ ਹਨ।
“ਇਹ ਉਹਦਾ ਆਖਰੀ ਫੋਨ ਸੀ,” ਉਈਕੇ ਨੇ ਯਾਦ ਕਰਦਿਆਂ ਆਖਿਆ। ਉਸ ਤੋਂ ਬਾਅਦ ਅਤੁਲ ਦਾ ਫੋਨ ਬੰਦ ਹੋ ਗਿਆ। ਉਹਦੀ ਭੈਣ ਸ਼ਾਲੂ ਮਾਦਵੀ ਨੇ ਕਿਹਾ ਕਿ ਉਹ ਘਰ ਵਾਪਸ ਨਹੀਂ ਪਹੁੰਚਿਆ, “ਜਦ ਅਸੀਂ ਪੁੱਛਗਿੱਛ ਸ਼ੁਰੂ ਕੀਤੀ ਤੇ ਉਸ ਜਗ੍ਹਾ ਗਏ ਤਾਂ ਸਾਨੂੰ ਇੱਕ ਹਫ਼ਤੇ ਬਾਅਦ ਉਹਦੀ ਮੌਤ ਬਾਰੇ ਪਤਾ ਲੱਗਿਆ।”
ਪਰਿਵਾਰ ਨੂੰ ਕੁਝ ਵੀਡੀਓ ਕਲਿਪਾਂ ਦਿਖਾਈਆਂ ਗਈਆਂ ਜਿਸ ਨਾਲ ਭੰਬਲਭੂਸਾ ਹੋਰ ਵਧ ਗਿਆ। ਕਲਿਪਾਂ ਵਿੱਚ ਅਤੁਲ ਸ਼ਰਾਬ ਦੇ ਠੇਕੇ ਨੇੜੇ ਸੜਕ ਦੇ ਪਾਸੇ ਪਿਆ ਨਜ਼ਰ ਆ ਰਿਹਾ ਸੀ। “ਲੋਕਾਂ ਨੇ ਸੋਚਿਆ ਕਿ ਉਹ ਸ਼ਰਾਬੀ ਹੈ। ਪਰ ਉਹਨੂੰ ਮਾਰਿਆ ਗਿਆ ਹੋਵੇਗਾ,” ਉਹਦੇ ਪਿਤਾ ਨੇ ਕਿਹਾ। ਪੋਸਟ-ਮਾਰਟਮ ਰਿਪੋਰਟ ਵਿੱਚ ਲਿਖਿਆ ਹੈ ਕਿ ਉਹਦੇ ਸਿਰ ਦੇ ਪਿਛਲੇ ਪਾਸੇ ਡੂੰਘਾ ਫੱਟ ਸੀ। “ਪੁਲੀਸ ਨੇ ਸਾਨੂੰ ਉਹ ਥਾਂ ਦਿਖਾਈ ਜਿੱਥੇ ਉਸਦਾ ਸਸਕਾਰ ਕੀਤਾ ਗਿਆ ਸੀ,” PARI ਨੂੰ ਪੋਸਟ-ਮਾਰਟਮ ਰਿਪੋਰਟ ਅਤੇ FIR ਦਿਖਾਉਂਦਿਆਂ ਚਿੰਤਤ ਉਈਕੇ ਨੇ ਕਿਹਾ। “ਸਾਡੇ ਬੇਟੇ ਨਾਲ ਅਸਲ ਵਿੱਚ ਕੀ ਹੋਇਆ, ਇਹ ਰਹੱਸ ਹੀ ਬਣਿਆ ਹੋਇਆ ਹੈ।” ਜਿਹੜੇ ਲੋਕ ਉਹਦੇ ਨਾਲ ਗਏ ਸੀ, ਉਹ ਉਹਦੀ ਮੌਤ ਬਾਰੇ ਬਿਲਕੁਲ ਚੁੱਪ ਹਨ। ਉਹਨੇ PARI ਨੂੰ ਦੱਸਿਆ ਕਿ ਉਹਨਾਂ ਵਿੱਚੋਂ ਬਹੁਤ ਇਸ ਸੀਜ਼ਨ ਵਿੱਚ ਕੰਮ ਲਈ ਪਿੰਡ ਛੱਡ ਗਏ ਹਨ।
“ਪਰਵਾਸੀ ਮਜ਼ਦੂਰਾਂ ਦੀਆਂ ਅਜਿਹੀਆਂ ਅਚਾਨਕ ਮੌਤਾਂ ਆਮ ਹਨ ਪਰ ਅਸੀਂ ਕੋਈ ਜ਼ਿਆਦਾ ਮਦਦ ਨਹੀਂ ਕਰ ਸਕਦੇ,” ਚਿਖਲੀ ਦੀ ਸਰਪੰਚ ਸੁਲੋਚਨਾ ਮਿਹਰ ਨੇ ਕਿਹਾ, ਜਿਸਨੇ ਭੰਡਾਰਾ ਦੀ ਪੁਲੀਸ ਨਾਲ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ।
ਉਈਕੇ ਤੇ ਉਹਦਾ ਪਰਿਵਾਰ ਭਾਰਤ ਦੀਆਂ ਆਮ ਚੋਣਾਂ ਵਿੱਚ ਵੋਟ ਪਾਉਣ ਨਾਲੋਂ ਅਤੁਲ ਦੀ ਮੌਤ ਦਾ ਸੱਚ ਜਾਣਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। “ਉਹ ਕਿਸੇ ਕੰਮ ਨਹੀਂ ਆਉਂਦੇ,” MP ਅਤੇ MLA ਦੇ ਲੋਕਾਂ ਨਾਲੋਂ ਟੁੱਟ ਜਾਣ ਦਾ ਜਿਕਰ ਕਰਦਿਆਂ ਸੁਖਦੇਵ ਨੇ ਜਨਤਕ ਪ੍ਰਤੀਨਿਧੀਆਂ ਬਾਰੇ ਕਿਹਾ।
ਅਲੇਸੁਰ ਵਿੱਚ ਰਹਿੰਦਾ ਅਨਿਲ ਕਹਿੰਦਾ ਹੈ ਕਿ ਉਹ ਇਹਨਾਂ ਦੋਵੇਂ ਦੁਖੀ ਪਰਿਵਾਰਾਂ ਨੂੰ ਜਾਣਦਾ ਹੈ – ਕੋਵਾਲੇ ਅਤੇ ਉਈਕੇ – ਕਿਉਂਕਿ ਉਸਨੇ ਦੋਵਾਂ ਪਰਿਵਾਰਾਂ ਦੇ ਘਰਾਂ ਵਿੱਚ ਮਰਗ ਤੋਂ ਬਾਅਦ ਦੀਆਂ ਰਸਮਾਂ ਲਈ ਮੁਫ਼ਤ ਵਿੱਚ ਮੰਡਪ (ਪੰਡਾਲ) ਲਾਇਆ ਸੀ। “ਆਪਣੇ ਧੰਦੇ ਤੇ ਆਪਣੇ ਖੇਤ ਕਰਕੇ ਮੈਂ ਫੇਰ ਵੀ ਠੀਕ ਹਾਂ, ਭਾਵੇਂ ਕਿ ਕਮਾਈ ਜ਼ਿਆਦਾ ਨਹੀਂ,” ਉਹਨੇ ਕਿਹਾ। “ਘੱਟੋ-ਘੱਟ ਮੈਂ ਜਿਉਂਦਾ ਤਾਂ ਹਾਂ।”
ਤਰਜਮਾ: ਅਰਸ਼ਦੀਪ ਅਰਸ਼ੀ