ਖੇਤਾਂ ਵਿੱਚ ਤੁਰਨਾ ਜਾਂ ਝੀਲ ਵਿੱਚ ਤੈਰਨਾ, ਅਸਮਾਨ ਵਿੱਚ ਤਿਰਛੀ ਪੈਂਦੀ ਰੌਸ਼ਨੀ ਤੇ ਬਦਲਦੇ ਰੰਗਾਂ ਨੂੰ ਵੇਖਣਾ, ਕੰਨਾਂ ਨੂੰ ਜ਼ਮੀਨ ‘ਤੇ ਟਿਕਾਈ ਰੱਖਣਾ ਤਾਂਕਿ ਹਰ ਨਜ਼ਾਰੇ ਦੀ ਅਵਾਜ਼ ਸੁਣ ਸਕੇ... ਅਤੇ ਜਦੋਂ ਲੋਕ ਆਪਣੀ ਜ਼ਿੰਦਗੀ ਅਤੇ ਪਿਆਰ ਬਾਰੇ ਗੱਲ ਕਰਦੇ ਹੋਣ ਤਾਂ ਉਨ੍ਹਾਂ ਨੂੰ ਸੁਣਨਾ, ਉਨ੍ਹਾਂ ਦੀਆਂ ਖੁਸ਼ੀਆਂ ਅਤੇ ਤਕਲੀਫ਼ਾਂ ਦੇ ਹਮਦਰਦ ਬਣਨਾ ਅਤੇ ਕੁਝ ਦ੍ਰਿਸ਼ਾਂ ਨੂੰ ਕੈਪਚਰ ਕਰਨਾ ਅਤੇ ਇਹ ਸਭ ਕਰਦੇ ਹੋਏ ਉਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ।
ਇਹ ਛੇ ਫ਼ੋਟੋ ਲੇਖ ਤੁਹਾਨੂੰ ਭਾਰਤ ਦੇ ਪੇਂਡੂ, ਸ਼ਹਿਰੀ ਅਤੇ ਛੋਟੇ ਕਸਬਿਆਂ ਦੇ ਲੋਕਾਂ ਦੇ ਦਿਲਾਂ ਤੱਕ ਲੈ ਜਾਣਗੇ। ਇਨ੍ਹਾਂ ਤਸਵੀਰਾਂ ਵਿੱਚ ਤੁਹਾਨੂੰ ਪੱਛਮੀ ਬੰਗਾਲ ਦੀ ਖ਼ਤਰੇ ਵਿੱਚ ਪਈ ਕਲਾ ਦੇ ਕੁਝ ਹਿੱਸੇ ਮਿਲ਼ਣਗੇ ਅਤੇ ਬੇਅੰਤ ਭੁੱਖ ਵੀ ਮਿਲ਼ੇਗੀ, ਹਿਮਾਚਲ ਪ੍ਰਦੇਸ਼ ਦੀ ਅਜੀਬ ਉਤਸੁਕਤਾ ਅਤੇ ਵਿਰੋਧ ਦੇ ਨਾਲ਼-ਨਾਲ਼ ਤਾਮਿਲਨਾਡੂ ਵਿੱਚ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰੇ ਆਪਣੇ ਤਜ਼ਰਬਿਆਂ ਦਾ ਦਸਤਾਵੇਜ਼ ਹੱਥੀਂ ਬਣਾਉਂਦੇ ਨਜ਼ਰੀਂ ਪੈਣਗੇ ਅਤੇ ਤੱਟਵਰਤੀ ਕਰਨਾਟਕ ਖੇਤਰ ਦੇ ਲੋਕ ਨਾਚ-ਪੀਲੀ ਵੇਸ਼ਾ ਦੇ ਕਲਾਕਾਰ ਢੋਲ਼ ਦੀ ਥਾਪ ‘ਤੇ ਕਲਾਬਾਜ਼ੀਆਂ ਲਾਉਂਦੇ ਵੀ ਮਿਲ਼ ਜਾਣਗੇ। ਇਹ ਲੇਖ ਭਾਰਤੀ ਭਾਈਚਾਰਿਆਂ ਦੀ ਵੰਨ-ਸੁਵੰਨਤਾ, ਖੇਤਰਵਾਦ ਅਤੇ ਰੋਜ਼ੀ-ਰੋਟੀ ਬਾਰੇ ਅਣਗਿਣਤ ਕਹਾਣੀਆਂ ਦੱਸਦੇ ਹਨ।
ਕੈਮਰਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਸਵੈ-ਪ੍ਰਤੀਬਿੰਬ ਦਾ ਸਰੋਤ ਹੈ। ਇਹਦਾ ਲੈਂਜ ਨਾ ਸਿਰਫ਼ ਅਨਿਆਂ ਨੂੰ ਫੜ੍ਹਦਾ ਹੈ ਬਲਕਿ ਰਾਹਤ ਪ੍ਰਦਾਨ ਕਰਨ ਦਾ ਸਾਧਨ ਵੀ ਬਣਦਾ ਹੈ।
ਹੇਠ ਲਿਖੀਆਂ ਕਹਾਣੀਆਂ ਤੁਹਾਡੇ ਦਿਲ ਵਿੱਚ ਇੱਕ ਉਛਾਲ਼ ਲਿਆਉਣਗੀਆਂ ਅਤੇ ਤੁਹਾਡੀਆਂ ਆਂਦਰਾਂ ਨੂੰ ਹੁੱਜ ਵੀ ਮਾਰਨੀਆਂ।
*****
‘ ਮੇਰੇ ਵਿਦਿਆਰਥੀ ਫ਼ੋਟੋਆਂ ਰਾਹੀਂ ਆਪਣੀਆਂ ਕਹਾਣੀਆਂ ਸੁਣਾਉਂਦੇ ਹਨ ‘ - ਐੱਮ. ਪਲਾਨੀ ਕੁਮਾਰ
ਇਹ ਪਹਿਲੀ ਵਾਰ ਹੈ ਜਦੋਂ ਸਾਡੇ ਪਾਰੀ ਫ਼ੋਟੋਗ੍ਰਾਫ਼ਰ ਐੱਮ.ਪਲਾਨੀ ਕੁਮਾਰ ਨੇ ਸਫ਼ਾਈ ਕਰਮੀਆਂ, ਮਛੇਰਿਆਂ ਤੇ ਮਿਹਨਤਕਸ਼ਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਕੈਮਰਾ ਫੜ੍ਹਾਇਆ। ਇਹ ਬੱਚੇ ਪਲਾਨੀ ਰਾਹੀਂ ਕਲਾਸਰੂਮਾਂ ਅਤੇ ਵਰਕਸ਼ਾਪਾਂ ਵਿੱਚ ਫ਼ੋਟੋਗ੍ਰਾਫੀ ਬਾਰੇ ਸਿੱਖ ਰਹੇ ਹਨ।
*****
'ਮੱਛੀ ਨੇ ਮੈਨੂੰ ਚੰਗਾ ਫ਼ੋਟੋਗ੍ਰਾਫ਼ਰ ਬਣਾਇਆ ' - ਐੱਮ . ਪਲਾਨੀ ਕੁਮਾਰ
ਇਸ ਲੇਖ ਵਿੱਚ, ਪਾਰੀ ਫ਼ੋਟੋਗ੍ਰਾਫ਼ਰ ਨੇ ਦੱਸਿਆ ਕਿ ਕਿਵੇਂ ਉਹ ਝੀਲ ਵਿੱਚ ਮੱਛੀ ਫੜ੍ਹਨ ਵਾਲ਼ੇ ਮਛੇਰੇ ਭਾਈਚਾਰੇ ਵਿੱਚ ਰਹਿੰਦਿਆਂ ਵੱਡਾ ਹੋਇਆ ਤੇ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਨੂੰ ਸਮਝਿਆ।
*****
ਭੁੱਖ ਜਦੋਂ ਆਂਦਰਾਂ ਲੂਹਣ ਲੱਗੇ - ਰਿਤਾਯਨ ਮੁਖਰਜੀ
9 ਅਗਸਤ ਨੂੰ, ਵਿਸ਼ਵ ਆਦਿਵਾਸੀ ਲੋਕਾਂ ਦੇ ਅੰਤਰਰਾਸ਼ਟਰੀ ਦਿਵਸ ਮੌਕੇ, ਪੱਛਮੀ ਬੰਗਾਲ ਵਿੱਚ ਸਾਬਰ ਆਦਿਵਾਸੀ ਭਾਈਚਾਰੇ ਦੀ ਸਥਿਤੀ ਬਾਰੇ ਇੱਕ ਰਿਪੋਰਟ ਪਾਰੀ 'ਤੇ ਛਪੀ। ਇਸ ਭਾਈਚਾਰੇ ਨੂੰ ਡੀਨੋਟੀਫਾਈ ਕੀਤੇ 70 ਸਾਲ ਹੋ ਗਏ ਹਨ। ਪਰ ਉਹ ਅਜੇ ਵੀ ਸਮਾਜ ਦੇ ਹਾਸ਼ੀਏ 'ਤੇ ਪਏ ਹਨ। ਉਹ ਲੋਕਾਂ ਦੇ ਸਭ ਤੋਂ ਗ਼ਰੀਬ ਸਮੂਹ ਵਿੱਚੋਂ ਇੱਕ ਹਨ ਜੋ ਆਪਣੇ ਭੋਜਨ ਅਤੇ ਰੋਜ਼ੀ-ਰੋਟੀ ਲਈ ਦਿਨੋ-ਦਿਨ ਸੁੰਗੜਦੇ ਜਾਂਦੇ ਜੰਗਲ 'ਤੇ ਨਿਰਭਰ ਕਰਦੇ ਹਨ।
*****
ਸੰਕਟ 'ਚ ਮਾਂ ਬਨਬੀਬੀ ਦਾ ਪਾਲਾ ਗਾਣ - ਰਿਤਾਯਨ ਮੁਖਰਜੀ
ਬਨਬੀਬੀ ਪਾਲਾ ਗਾਣ ਸੁੰਦਰਬਨ ਖੇਤਰ ਦੇ ਸਥਾਨਕ ਲੋਕਾਂ ਦੁਆਰਾ ਪੇਸ਼ ਕੀਤੇ ਜਾਂਦੇ ਬਹੁਤ ਸਾਰੇ ਸੰਗੀਤਕ ਨਾਟਕਾਂ ਵਿੱਚੋਂ ਇੱਕ ਹੈ। ਪਰ ਇਸ ਖੇਤਰ ਵਿੱਚ ਘੱਟ ਰਹੀ ਆਮਦਨੀ ਇੱਥੋਂ ਦੇ ਲੋਕਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ ਅਤੇ ਇਹੀ ਪ੍ਰਵਾਸ ਰਹਿੰਦੇ-ਖੂੰਹਦੇ ਕਲਾਕਾਰਾਂ ਨੂੰ ਵੀ ਨਾਲ਼ ਲਿਜਾ ਰਿਹਾ ਹੈ ਜੋ ਅਜਿਹੇ ਲੋਕ ਥੀਏਟਰ ਵਿੱਚ ਪ੍ਰਦਰਸ਼ਨ ਕਰ ਸਕਦੇ ਹਨ।
*****
ਧਰਮਸ਼ਾਲਾ: ਕੁਇਅਰ ਲੋਕਾਂ ਦੇ ਸਵੈ-ਮਾਣ ਦਾ ਮਾਰਚ - ਸ਼ਵੇਤਾ ਡਾਗਾ
ਹਿਮਾਚਲ ਪ੍ਰਦੇਸ਼ ਵਿੱਚ ਕੁਇਅਰ ਭਾਈਚਾਰੇ ਦੇ ਅਧਿਕਾਰਾਂ ਦੀ ਵਕਾਲਤ ਕਰਦਿਆਂ ਇੱਕ ਪ੍ਰਾਈਡ ਮਾਰਚ ਆਯੋਜਿਤ ਕੀਤਾ ਗਿਆ, ਜਿਸ ਨੇ ਰਾਜ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਤੋਂ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ।
*****
ਨਗਾੜੇ ਦੀ ਥਾਪ 'ਤੇ ਥਿੜਕਦੇ ਪੀਲ਼ੀ ਵੇਸ਼ਾ ਲੋਕ ਨਾਚ ਕਲਾਕਾਰ - ਨਿਤੇਸ਼ ਮੱਟੂ
ਇਹ ਲੋਕ ਨਾਚ ਤੱਟਵਰਤੀ ਕਰਨਾਟਕ ਦੇ ਨੌਜਵਾਨਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਹ ਨਾਚ ਦੁਸ਼ਹਿਰਾ ਅਤੇ ਜਨਮਅਸ਼ਟਮੀ ਦੇ ਤਿਉਹਾਰਾਂ ਦਾ ਇੱਕ ਅਨਿੱਖੜਵਾਂ ਅੰਗ ਹੈ, ਜਿਸ ਦਾ ਆਯੋਜਨ ਸਥਾਨਕ ਲੋਕਾਂ ਤੋਂ ਫੰਡ ਇਕੱਠਾ ਕਰਕੇ ਕੀਤਾ ਜਾਂਦਾ ਹੈ।
*****
ਅਸੀਂ ਜੋ ਕੰਮ ਕਰਦੇ ਹਾਂ, ਜੇ ਉਸ ਵਿੱਚ ਤੁਹਾਡੀ ਦਿਲਚਸਪੀ ਹੈ ਅਤੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਸਾਨੂੰ [email protected] ਉੱਤੇ ਲਿਖੋ। ਆਜ਼ਾਦ ਲੇਖਕਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਫਿਲਮਸਾਜ਼ਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਂ ਅਤੇ ਖੋਜੀਆਂ ਨੂੰ ਅਸੀਂ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ।
ਪਾਰੀ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ ਅਸੀਂ ਉਹਨਾਂ ਲੋਕਾਂ ਦੇ ਦਾਨ ਦੇ ਸਿਰ ’ਤੇ ਕੰਮ ਕਰਦੇ ਹਾਂ ਜਿਹੜੇ ਸਾਡੇ ਬਹੁਭਾਸ਼ੀ ਆਨਲਾਈਨ ਰੋਜ਼ਨਾਮਚੇ ਅਤੇ ਸੰਗ੍ਰਹਿ ਦੀ ਕਦਰ ਕਰਦੇ ਹਨ। ਜੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ DONATE ਲਈ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ