7 ਦਸੰਬਰ, 2023 ਨੂੰ, ਸਾਡੇ ਸਾਥੀ ਅਨੁਵਾਦਕ, ਕਵੀ, ਲੇਖਕ, ਅਕਾਦਮਿਕ, ਕਾਲਮਨਵੀਸ ਅਤੇ ਫ਼ਲਸਤੀਨੀ ਕਾਰਕੁਨ ਗਾਜ਼ਾ ਵਿੱਚ ਚੱਲ ਰਹੇ ਨਸਲਕੁਸ਼ੀ ਬੰਬ ਧਮਾਕੇ ਵਿੱਚ ਮਾਰੇ ਗਏ। ਪਰ ਜਿਸ ਦਿਨ ਉਹ ਆਵਾਜ਼ ਖਾਮੋਸ਼ ਹੋਈ ਉਸੇ ਦਿਨ ਉਨ੍ਹਾਂ ਦੀ ਲਿਖੀ ਇੱਕ ਕਵਿਤਾ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਗੂੰਜ ਉੱਠੀ।
ਇਹ ਲੇਖ ਇਸ ਗੱਲ 'ਤੇ ਝਾਤ ਮਾਰਨ ਦੀ ਕੋਸ਼ਿਸ਼ ਵੀ ਹੈ ਕਿ ਅਸੀਂ ਅਜਿਹੀ ਦੁਨੀਆਂ ਵਿੱਚ, ਇਸ ਮੁਸ਼ਕਲ ਸਮੇਂ ਵਿੱਚ ਪਾਰੀ ਦੇ ਇਸ ਪਲੇਟਫਾਰਮ 'ਤੇ ਭਾਸ਼ਾਵਾਂ ਦੀ ਦੁਨੀਆ ਵਿੱਚ ਕੀ ਕਰ ਰਹੇ ਹਾਂ! ਸਭ ਤੋਂ ਪਹਿਲਾਂ, ਅਸੀਂ ਆਪਣੀ ਭਾਸ਼ਾ ਦੀ ਦੁਨੀਆ ਵੱਲ ਮੁੜਦੇ ਹਾਂ, ਯਾਦ ਕਰਦੇ ਹਾਂ ਕਿ ਰਿਫਾਟ ਨੇ ਕੀ ਕਿਹਾ ਸੀ:
ਭਾਸ਼ਾ ਸਾਡੇ ਸੰਘਰਸ਼ ਨੂੰ ਬਾਹਰੀ ਸੰਸਾਰ ਤੱਕ ਲਿਜਾਣ ਲਈ ਇੱਕੋ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਸ਼ਬਦ ਸਾਡਾ ਸਭ ਤੋਂ ਕੀਮਤੀ ਖਜ਼ਾਨਾ ਹਨ ਅਤੇ ਸਾਨੂੰ ਇਸ ਦੀ ਵਰਤੋਂ ਆਪਣੇ ਆਪ ਨੂੰ ਜਾਗਰੂਕ ਕਰਨ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਰਨ ਦੀ ਲੋੜ ਹੈ ਅਤੇ ਇਹ ਸ਼ਬਦ ਵੱਧ ਤੋਂ ਵੱਧ ਭਾਸ਼ਾਵਾਂ ਰਾਹੀਂ ਸਫ਼ਰ ‘ ਤੇ ਭੇਜੇ ਜਾਣੇ ਚਾਹੀਦੇ ਹਨ। ਮੈਂ ਅਜਿਹੀ ਭਾਸ਼ਾ ਵਿੱਚ ਵਿਸ਼ਵਾਸ ਕਰਦਾ ਹਾਂ ਜੋ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਜਿੰਨਾ ਹੋ ਸਕੇ ਛੂੰਹਦੀ ਰਹੇ ... ਅਨੁਵਾਦ ਮਨੁੱਖੀ ਸੰਸਾਰ ਦੁਆਰਾ ਖੋਜੀ ਗਈ ਇੱਕ ਸੰਭਾਵਨਾ ਹੈ। ਅਨੁਵਾਦ ਲੋਕਾਂ ਵਿਚਕਾਰ ਰੁਕਾਵਟਾਂ ਨੂੰ ਤੋੜਦਾ ਹੈ ਅਤੇ ਉਨ੍ਹਾਂ ਵਿਚਕਾਰ ਇੱਕ ਪੁਲ ਬਣਾਉਂਦਾ ਹੈ ਅਤੇ ਸਮਝ ਪੈਦਾ ਕਰਦਾ ਹੈ। ਪਰ ਨਾਲ਼ ਹੀ " ਮਾੜੇ " ਅਨੁਵਾਦ ਗ਼ਲਤਫ਼ਹਿਮੀਆਂ ਵੀ ਪੈਦਾ ਕਰ ਸਕਦੇ ਹਨ।
ਪਾਰੀਭਾਸ਼ਾ ਦੇ ਕੰਮ ਦਾ ਧੁਰਾ ਹੈ ਲੋਕਾਂ ਨੂੰ ਇਕੱਠੇ ਇੱਕ ਮੰਚ ‘ਤੇ ਲਿਆਉਣਾ ਅਤੇ ਨਵੀਂ ਜਾਗਰੂਕਤਾ ਪੈਦਾ ਕਰਨਾ, ਇਸ ਕੰਮ ਲਈ ਅਨੁਵਾਦ ਇੱਕ ਤਸੱਲੀਬਖ਼ਸ਼ ਕੰਮ ਕਰ ਰਿਹਾ ਹੈ।
ਅਤੇ ਇਹ ਸਾਲ ਯਾਨੀ 2023 ਸਾਡੇ ਲਈ ਬਹੁਤ ਮਹੱਤਵਪੂਰਨ ਸਾਲ ਸੀ।
ਅਸੀਂ ਛੱਤੀਸਗੜ੍ਹੀ ਅਤੇ ਭੋਜਪੁਰੀ ਭਾਸ਼ਾਵਾਂ ਨੂੰ ਆਪਣੇ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕੀਤਾ। ਇਹ ਦੋਵੇਂ ਭਾਸ਼ਾਵਾਂ ਹੁਣ ਉਨ੍ਹਾਂ 14 ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਪਾਰੀ ਪ੍ਰਕਾਸ਼ਤ ਕਰ ਰਹੀ ਹੈ।
ਇਸ ਦੇ ਨਾਲ਼ ਹੀ ਇਹ ਸਾਲ ਇੱਕ ਹੋਰ ਕਾਰਨ ਕਰਕੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਜਿਹਾ ਇਸ ਲਈ ਕਿਉਂਕਿ ਇਸੇ ਸਾਲ ਪਾਰੀਭਾਸ਼ਾ ਨਾਮ ਵੀ ਸਾਹਮਣੇ ਆਇਆ। ਇਸ ਨਾਮ ਹੇਠ ਅੰਗਰੇਜ਼ੀ ਲਿਖਤਾਂ ਦਾ ਅਨੁਵਾਦ ਕਰਨ ਤੋਂ ਇਲਾਵਾ, ਅਸੀਂ ਜੋ ਕੰਮ ਕਰਦੇ ਹਾਂ, ਉਸ ਨੇ ਪਾਰੀ ਨੂੰ ਇੱਕ ਬਹੁਭਾਸ਼ਾਈ ਪਲੇਟਫਾਰਮ ਬਣਾਇਆ ਹੈ। ਇਹ ਸਾਡੀ ਪੇਂਡੂ ਪੱਤਰਕਾਰੀ ਦੇ ਰਾਹ ਵਿੱਚ ਇੱਕ ਵੱਡਾ ਮੀਲ ਪੱਥਰ ਹੈ।
ਅਸੀਂ ਜਨਤਾ ਦੇ ਜੀਵਨ ਵਿੱਚ ਬੋਲੀ ਅਤੇ ਭਾਸ਼ਾ ਦੇ ਸਥਾਨ ਦੀ ਪੜਚੋਲ ਕਰਨਾ ਜਾਰੀ ਰੱਖਦੇ ਹਾਂ। ਅਨੁਵਾਦ ਤੇ ਭਾਸ਼ਾਵਾਂ ਦੇ ਇਰਦ-ਗਿਰਦ ਸਟੋਰੀਆਂ ਤੇ ਸੰਵਾਦ ਰਾਹੀਂ, ਅਸੀਂ ਪਾਰੀ ਦੇ ਕੰਮ ਨੂੰ ਇਸ ਥਾਂ ਬਣਾਈ ਰੱਖਦੇ ਹਾਂ।
ਪਾਰੀ ਦੇ ਅੰਦਰ ਵੱਖ-ਵੱਖ ਟੀਮਾਂ ਵਿਚਕਾਰ ਵਧੀਆ ਪ੍ਰਬੰਧਨ ਅਤੇ ਤਾਲਮੇਲ ਸਾਨੂੰ ਰਿਪੋਰਟਾਂ, ਲੇਖਾਂ ਨੂੰ ਸਟੀਕ ਅਤੇ ਸਹੀ ਢੰਗ ਨਾਲ਼ ਸਾਡੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰਦਾ ਹੈ। ਇਹ ਸਾਡੀ ਉਤਪਾਦਕਤਾ ਨੂੰ ਵਧਾ ਕੇ ਸਾਡੀਆਂ ਆਪਣੀਆਂ ਭਾਸ਼ਾਵਾਂ ਵਿੱਚ ਹਰ ਹਫ਼ਤੇ ਕਈ ਰਿਪੋਰਟਾਂ ਪ੍ਰਕਾਸ਼ਤ ਕਰਨ ਵਿੱਚ ਮਦਦ ਕਰਦਾ ਹੈ। ਸਥਾਨਕ ਭਾਸ਼ਾਵਾਂ ਵਿੱਚ ਸ਼ਬਦਾਂ ਦੀ ਬਿਹਤਰ ਸਮਝ ਲਈ ਆਡੀਓ ਫਾਈਲਾਂ, ਕੈਪਸ਼ਨਾਂ ਨੂੰ ਸਮਝਣ ਲਈ ਫ਼ੋਟੋਆਂ ਅਤੇ ਰਿਪੋਰਟ/ਸਟੋਰੀ ਨੂੰ ਸਮਝਣ ਲਈ ਪੀਡੀਐੱਫ ਫਾਰਮੈਟ ਸਾਡੇ ਅਨੁਵਾਦ ਅਤੇ ਉਸ ਭਾਸ਼ਾ ਨੂੰ ਸਮਝਣ ਵਿੱਚ ਇੱਕ ਨਵਾਂ ਆਯਾਮ ਜੋੜਦੀਆਂ ਹਨ। ਸਾਡੀ ਟੀਮ ਦਾ ਮੁੱਖ ਉਦੇਸ਼ ਮੂਲ਼ ਲੇਖ ਨੂੰ ਇੱਕ ਨਵੀਂ ਭਾਸ਼ਾ ਵਿੱਚ ਇਸਦੇ ਸਮੁੱਚੇ ਰੂਪ ਵਿੱਚ ਸਾਹਮਣੇ ਲਿਆਉਣਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੋਵਾਂ ਭਾਸ਼ਾਵਾਂ ਦੇ ਅਨੁਵਾਦ ਵਿੱਚ ਲਿਖਤ ਦਾ ਸਾਰ ਗੁੰਮ ਨਾ ਜਾਵੇ। ਇਸ ਦੇ ਲਈ ਆਪਣੇ ਡੈਸਕ 'ਤੇ ਬੈਠਦਿਆਂ ਕਿੰਨਾ ਕੁਝ ਲਿਖਦੇ ਫਿਰ ਮਿਟਾਉਂਦੇ ਹੋਏ ਮੂਲ਼ ਗੱਲ ਵੱਲ ਪਹੁੰਚ ਬਣਾਉਣੀ ਜਾਰੀ ਰੱਖਦੇ ਹਾਂ।
ਪਾਰੀਭਾਸ਼ਾ ਲੋਕਾਂ ਦੁਆਰਾ ਬੋਲੇ ਅੰਗਰੇਜ਼ੀ ਸ਼ਬਦਾਂ ਦਾ ਸਹੀ ਅਨੁਵਾਦ ਕਰਨ ਦੀ ਪਹਿਲ ਵੀ ਕਰਦਾ ਹੈ। ਫ਼ਿਲਮਾਂ ਦੇ ਉਪ-ਸਿਰਲੇਖ ਦੇ ਕੇ ਜਾਂ ਸਟੋਰੀ ਵਿੱਚ ਸਥਾਨਕ ਭਾਸ਼ਾਵਾਂ ਵਿੱਚ ਸ਼ਬਦਾਂ/ਹਵਾਲਿਆਂ ਦੀਆਂ ਟੂਕਾਂ ਦੇ ਕੇ, ਅਸੀਂ ਸਥਾਨਕ ਲੋਕਾਂ ਦੀ ਆਵਾਜ਼ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਮਾਣਿਕਤਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇੰਝ ਕਰਦਿਆਂ ਅਸੀਂ ਭਾਸ਼ਾ ਦੇ ਵੱਖਰੇ ਸੁਆਦ ਤੇ ਸਹੀ ਮੁਹਾਵਰਿਆਂ ਨੂੰ ਜਿਓਂ ਦਾ ਤਿਓਂ ਰੱਖਦੇ ਹਾਂ।
ਚੰਗੇ ਅਤੇ ਸਮੇਂ ਸਿਰ ਅਨੁਵਾਦ, ਸਥਾਨਕ ਭਾਸ਼ਾ ਨੂੰ ਤਰਜੀਹ ਦੇ ਕੇ, ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਉਪਲਬਧ ਡਿਜੀਟਲ ਸਮੱਗਰੀ ਦੇ ਪਾਠਕਾਂ ਦੀ ਗਿਣਤੀ ਵਿੱਚ ਵਾਧੇ ਨੇ ਸਾਡੀਆਂ ਅਨੁਵਾਦ ਕੀਤੀਆਂ ਕਹਾਣੀਆਂ ਨੂੰ ਹੋਰ ਸੇਧ ਬਖਸ਼ੀ ਅਤੇ ਜ਼ਮੀਨੀ ਪੱਧਰ 'ਤੇ ਅਸਲ ਪ੍ਰਭਾਵ ਪਾਇਆ ਹੈ।
ਮਹਿਲਾ ਬੀੜੀ ਮਜ਼ਦੂਰਾਂ ਦੀ ਸਿਹਤ ਬਾਰੇ ਸਮਿਤਾ ਖਟੋਰ ਦੀ ਰਿਪੋਰਟ: ਜਿੱਥੇ ਬੀੜੀ ਦੇ ਧੂੰਏਂ ਨਾਲ਼ੋਂ ਸਸਤੀ ਹੋਈ ਔਰਤ ਮਜ਼ਦੂਰਾਂ ਦੀ ਸਿਹਤ ਦੇ ਬੰਗਲਾ ਸੰਸਕਰਣ ( ঔদাসীন্যের ধোঁয়াশায় মহিলা বিড়ি শ্রমিকদের স্বাস্থ্য ) ਦੇ ਬਹੁਤ ਮਸ਼ਹੂਰ ਹੋਣ ਦਾ ਨਤੀਜਾ ਇਹ ਨਿਕਲ਼ਿਆ ਕਿ ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧਾ ਹੋਇਆ। ਇਸੇ ਤਰ੍ਹਾਂ ਪ੍ਰੀਤੀ ਡੇਵਿਡ ਦੀ ਸਟੋਰੀ In Jaisalmer: gone with the windmills ਦਾ ਪ੍ਰਭਾਤ ਮਿਲਿੰਦ ਵੱਲੋਂ ਹਿੰਦੀ ਅਨੁਵਾਦ जैसलमेर : पवनचक्कियों की बलि चढ़ते ओरण , ਨੂੰ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਖੁੱਲ੍ਹ ਕੇ ਵਰਤਿਆ, ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਦੇਗਰੇ ਵਿਖੇ ਜਨਤਕ ਜ਼ਮੀਨ (ਓਰਾਓਂ) ਲੋਕਾਂ ਨੂੰ ਵਾਪਸ ਕਰ ਦਿੱਤੀ। ਇਹ ਸਾਡੇ ਕੰਮ ਦੇ ਪ੍ਰਭਾਵ ਦੀਆਂ ਕੁਝ ਉਦਾਹਰਣਾਂ ਹਨ।
ਪਾਰੀ ਵਿੱਚ ਪ੍ਰਕਾਸ਼ਿਤ ਬਹੁਤ ਸਾਰੇ ਅਨੁਵਾਦਤ ਲੇਖਾਂ ਨੂੰ ਖੇਤਰੀ ਨਿਊਜ਼ ਸਾਈਟਾਂ ਅਤੇ ਅਖ਼ਬਾਰਾਂ ਜਿਵੇਂ ਕਿ ਭੂਮਿਕਾ , ਮਾਤਰੂਕਾ , ਗਣਸ਼ਕਤੀ , ਦੇਸ਼ ਹਿਤੈਸ਼ੀ , ਪ੍ਰਜਾਵਾਨੀ ਆਦਿ ਦੁਆਰਾ ਦੁਬਾਰਾ ਪ੍ਰਕਾਸ਼ਤ ਕੀਤਾ ਗਿਆ ਹੈ। ਔਰਤਾਂ ਦੇ ਜੀਵਨ ਦੇ ਸਵਾਲਾਂ ਨੂੰ ਸਮਰਪਿਤ ਮਰਾਠੀ ਅਖ਼ਬਾਰ ਮਿਲੂਨ ਸਰਯਾਜਾਨੀ ਨੇ ਪਾਰੀ 'ਤੇ ਇੱਕ ਸ਼ੁਰੂਆਤੀ ਲੇਖ ਪ੍ਰਕਾਸ਼ਤ ਕੀਤਾ ਹੈ। ਇਸ ਦੇ ਨਾਲ਼ ਹੀ ਅਖ਼ਬਾਰ ਆਉਣ ਵਾਲ਼ੇ ਦਿਨਾਂ 'ਚ ਪਾਰੀ ਰਿਪੋਰਟਾਂ ਦਾ ਮਰਾਠੀ ਸੰਸਕਰਣ ਪ੍ਰਕਾਸ਼ਿਤ ਕਰੇਗਾ।
ਪਾਰੀਭਾਸ਼ਾ ਨੇ ਆਪਣੀ ਨਿਰੰਤਰਤਾ ਅਤੇ ਕੰਮ ਦੀ ਸੂਖ਼ਮ ਸ਼ੈਲੀ ਦੇ ਕਾਰਨ ਅਨੁਵਾਦ ਦੇ ਖੇਤਰ ਵਿੱਚ ਆਪਣੇ ਲਈ ਇੱਕ ਜਗ੍ਹਾ ਬਣਾਈ ਹੈ। ਇਸ ਨੇ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਕਰਦਿਆਂ ਇੱਕ ਨਵੀਂ ਜਗ੍ਹਾ ਬਣਾਉਣ ਵਿੱਚ ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੂੰ ਸੂਝ ਅਤੇ ਸਹਾਇਤਾ ਦਿੱਤੀ ਹੈ।
'ਪਾਰੀ ਅਨੁਵਾਦ' ਤੋਂ 'ਪਾਰੀਭਾਸ਼ਾ' ਤੱਕ
ਇਸ ਸਾਲ ਅਸੀਂ ਭਾਰਤੀ ਭਾਸ਼ਾਵਾਂ ਵਿੱਚ ਮੂਲ਼ ਲੇਖਣੀ ਅਤੇ ਉਨ੍ਹਾਂ ਨੂੰ ਮੁੱਖ ਲਿਖਤ ਵਜੋਂ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਅੰਗਰੇਜ਼ੀ ਵਿੱਚ ਰਿਪੋਰਟ ਨੂੰ ਸੰਪਾਦਿਤ ਕਰਨ ਤੋਂ ਪਹਿਲਾਂ ਮੂਲ਼ ਭਾਸ਼ਾ ਵਿੱਚ ਮੁੱਢਲਾ ਸੰਪਾਦਨ ਕਰ ਰਹੇ ਹਾਂ। ਸਾਡੀਆਂ ਕੋਸ਼ਿਸ਼ਾਂ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਨੂੰ ਉਸੇ ਭਾਸ਼ਾ ਵਿੱਚ ਸੰਪਾਦਿਤ ਕਰਨ ਅਤੇ ਫਿਰ ਇਸਦੇ ਅੰਤਮ ਸੰਸਕਰਣ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਯੋਗਤਾ ਵੱਲ ਹਨ। ਇਸ ਸਬੰਧ ਵਿੱਚ ਦੋਵਾਂ ਭਾਸ਼ਾਵਾਂ ਵਿੱਚ ਕੰਮ ਕਰ ਰਹੇ ਕੁਝ ਦੋਭਾਸ਼ੀ ਮਾਹਰ ਸੰਪਾਦਕਾਂ ਦੁਆਰਾ ਇਹ ਪਹਿਲਾਂ ਹੀ ਇੱਕ ਹੱਦ ਤੱਕ ਸੰਭਵ ਹੋ ਚੁੱਕਾ ਹੈ।
ਬਹੁਤ ਸਾਰੇ ਪੱਤਰਕਾਰਾਂ ਨੇ ਪਾਰੀ ਵਿੱਚ ਆਪਣੀਆਂ ਕਹਾਣੀਆਂ/ ਰਚਨਾਤਮਕ ਲਿਖਤਾਂ ਜਾਂ ਛੋਟੀਆਂ ਫ਼ਿਲਮਾਂ ਪ੍ਰਕਾਸ਼ਤ ਕਰਨ ਲਈ ਪਾਰੀਭਾਸ਼ਾ ਟੀਮ ਨਾਲ਼ ਕੰਮ ਕੀਤਾ। ਜਿਨ੍ਹਾਂ ਵਿੱਚ ਜਿਤੇਂਦਰ ਵਸਾਵਾ, ਜਿਤੇਂਦਰ ਮੈਡ, ਉਮੇਸ਼ ਸੋਲੰਕੀ, ਉਮੇਸ਼ ਰੇ, ਵਾਜੇਸਿੰਘ ਪਾਰਗੀ, ਕੇਸ਼ਵ ਵਾਘਮਾਰੇ, ਜੈਸਿੰਘ ਚਵਾਨ, ਤਰਪਨ ਸਰਕਾਰ, ਹਿਮਾਦਰੀ ਮੁਖਰਜੀ, ਸਯਾਨ ਸਰਕਾਰ, ਲਾਬਾਨੀ ਜੰਗੀ, ਰਾਹੁਲ ਸਿੰਘ, ਸ਼ਿਸ਼ਿਰ ਅਗਰਵਾਲ, ਪ੍ਰਕਾਸ਼ ਰਣ ਸਿੰਘ, ਸਵਿਕਾ ਅੱਬਾਸ, ਵਹੀਦੁਰ ਰਹਿਮਾਨ ਸ਼ਾਮਲ ਹਨ।
ਪਾਰੀਭਾਸ਼ਾ ਦੇ ਸਹਿਯੋਗ ਨਾਲ਼ ਪਾਰੀ ਐਜੂਕੇਸ਼ਨ ਟੀਮ ਭਾਰਤੀ ਭਾਸ਼ਾਵਾਂ ਵਿੱਚ ਵਿਦਿਆਰਥੀਆਂ ਦੁਆਰਾ ਲਿਖੀਆਂ ਕਹਾਣੀਆਂ ਵੀ ਪ੍ਰਕਾਸ਼ਤ ਕਰ ਰਹੀ ਹੈ। ਬਿਨਾਂ ਅੰਗਰੇਜ਼ੀ ਭਾਸ਼ਾ ਦੇ ਪਿਛੋਕੜ ਵਾਲ਼ੇ ਨੌਜਵਾਨ ਪੱਤਰਕਾਰ ਆਪਣੀ ਪਸੰਦ ਦੀ ਭਾਸ਼ਾ ਵਿੱਚ ਲਿਖ ਰਹੇ ਹਨ, ਜਿਸ ਨਾਲ਼ ਉਨ੍ਹਾਂ ਨੇ ਰਿਪੋਰਟਿੰਗ ਅਤੇ ਦਸਤਾਵੇਜ਼ੀ ਹੁਨਰ ਸਿੱਖਣ ਲਈ ਪਾਰੀ ਨਾਲ਼ ਹੱਥ ਮਿਲਾਇਆ ਹੈ। ਇਨ੍ਹਾਂ ਲਿਖਤਾਂ ਦੇ ਅਨੁਵਾਦਾਂ ਨੇ ਉਸ ਦੀਆਂ ਲਿਖਤਾਂ ਨੂੰ ਵੱਡੀ ਗਿਣਤੀ ਵਿੱਚ ਪਾਠਕਾਂ ਤੱਕ ਪਹੁੰਚਾਇਆ ਹੈ।
ਪਾਰੀਭਾਸ਼ਾ ਦੀ ਓਡੀਆ ਟੀਮ ਨੇ ਪਾਰੀ ਵਿੱਚ ਆਦਿਵਾਸੀ ਬੱਚਿਆਂ ਦੁਆਰਾ ਖਿੱਚੀਆਂ ਗਈਆਂ ਪੇਂਟਿੰਗਾਂ ਦੇ ਵਿਲੱਖਣ ਸੰਗ੍ਰਹਿ ਦਾ ਅਨੁਵਾਦ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਪ੍ਰੋਜੈਕਟ ਨੂੰ ਓਡੀਆ ਭਾਸ਼ਾ ਵਿੱਚ ਰਿਪੋਰਟ ਕੀਤਾ ਗਿਆ ਸੀ।
ਪਾਰੀ ਨੇ ਮਹਾਰਾਸ਼ਟਰ ਦੇ ਗ੍ਰਾਇੰਡਮਿਲ ਗੀਤਾਂ ਅਤੇ ਗੁਜਰਾਤ ਦੇ ਕੱਛੀ ਗੀਤਾਂ ਵਰਗੇ ਭੰਡਾਰਾਂ ਨੂੰ ਤਿਆਰ ਕਰਨ ਤੇ ਪ੍ਰਦਰਸ਼ਤ ਕਰਨ ਵਿੱਚ ਠੋਸ ਜ਼ਮੀਨ ਹਾਸਲ ਕੀਤੀ। ਇਸ ਦੇ ਨਾਲ਼ ਹੀ ਨਿਊਜ਼ ਸਾਈਟਾਂ ਅਤੇ ਗੈਰ-ਸਰਕਾਰੀ ਸੰਗਠਨਾਂ ਸਮੇਤ ਕਈ ਸਮੂਹਾਂ ਨੇ ਖੇਤਰੀ ਭਾਸ਼ਾਵਾਂ ਦੇ ਸੰਦਰਭ ਵਿੱਚ ਯੋਗਦਾਨ ਪਾਉਣ ਅਤੇ ਸਹਿਯੋਗ ਕਰਨ ਦੀ ਮੰਗ ਕਰਦਿਆਂ ਪਾਰੀ ਨਾਲ਼ ਸੰਪਰਕ ਕੀਤਾ ਹੈ।
ਪਾਰੀਭਾਸ਼ਾ ਆਪਣੇ ਆਪ ਨੂੰ ਲੋਕਾਂ ਦੀ ਭਾਸ਼ਾਈ ਦਸਤਾਵੇਜ਼ ਸਾਈਟ ਬਣਾਉਣ ਦੇ ਮਾਮਲੇ ਵਿੱਚ ਖੜ੍ਹਾ ਪਾਉਂਦੀ ਹੈ। ਅਤੇ ਆਉਣ ਵਾਲ਼ੇ ਦਿਨਾਂ ਵਿੱਚ ਤੁਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਸਾਡੀਆਂ ਹੋਰ ਕੋਸ਼ਿਸ਼ਾਂ ਨੂੰ ਵੇਖੋਗੇ।
ਮੁੱਖ ਚਿੱਤਰ ਡਿਜ਼ਾਈਨ: ਰਿਕਿਨ ਸਾਂਕਲੇਚਾ
ਅਸੀਂ ਜੋ ਕੰਮ ਕਰਦੇ ਹਾਂ, ਜੇ ਉਸ ਵਿੱਚ ਤੁਹਾਡੀ ਦਿਲਚਸਪੀ ਹੈ ਅਤੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਸਾਨੂੰ [email protected] ਉੱਤੇ ਲਿਖੋ। ਆਜ਼ਾਦ ਲੇਖਕਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਫਿਲਮਸਾਜ਼ਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਂ ਅਤੇ ਖੋਜੀਆਂ ਨੂੰ ਅਸੀਂ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ।
PARI ਇੱਕ ਗੈਰ ਲਾਭਕਾਰੀ ਸੰਸਥਾ ਹੈ ਅਤੇ ਅਸੀਂ ਉਹਨਾਂ ਲੋਕਾਂ ਦੇ ਦਾਨ ਦੇ ਸਿਰ ’ ਤੇ ਕੰਮ ਕਰਦੇ ਹਾਂ ਜਿਹੜੇ ਸਾਡੇ ਬਹੁਭਾਸ਼ੀ ਆਨਲਾਈਨ ਰੋਜ਼ਨਾਮਚੇ ਅਤੇ ਸੰਗ੍ਰਹਿ ਦੀ ਕਦਰ ਕਰਦੇ ਹਨ। ਜੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ DONATE ਲਈ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ