ਅਲੀ ਮੁਹੰਮਦ ਲੋਨ ਦਾ ਮੰਨਣਾ ਹੈ ਕਿ ਕੇਂਦਰੀ ''ਬਜਟ ਅਫ਼ਸਰਾਂ ਵਾਸਤੇ ਹੈ।'' ਉਨ੍ਹਾਂ ਦਾ ਮਤਲਬ ਇਹ ਬਜਟ ਮੱਧ ਵਰਗੀ ਸਰਕਾਰੀ ਲੋਕਾਂ ਜਾਂ ਸਰਕਾਰੀ ਕਰਮਚਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ/ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਖੇ ਬੇਕਰੀ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲ਼ੇ ਇਸ ਦੁਕਾਨਦਾਰ ਨੂੰ ਇਹ ਪਤਾ ਚੱਲ ਗਿਆ ਕਿ ਜੋ ਵੀ ਹੋਵੇ ਇਹ ਬਜਟ ਉਨ੍ਹਾਂ ਵਾਸਤੇ ਤਾਂ ਬਿਲਕੁਲ ਵੀ ਨਹੀਂ ਹੈ।
''2024 ਵਿੱਚ ਜਿੱਥੇ ਮੈਂ 50 ਕਿਲੋ ਆਟੇ ਦੀ ਬੋਰੀ 1,400 ਰੁਪਏ ਵਿੱਚ ਖਰੀਦਦਾ ਸਾਂ, ਹੁਣ ਇਹੀ ਬੋਰੀ 2,200 ਦੀ ਆਉਂਦੀ ਏ,'' 52 ਸਾਲਾ ਇਸ ਬੇਕਰ ਦਾ ਕਹਿਣਾ ਹੈ। ਸਾਡੀ ਇਹ ਗੱਲਬਾਤ ਤੰਗਮਰਗ ਬਲਾਕ ਦੇ ਪਿੰਡ ਮਾਹੀਨ ਵਿਖੇ ਚੱਲ ਰਹੀ ਹੁੰਦੀ ਹੈ। ''ਜੇਕਰ ਇਸ ਬਜਟ ਵਿੱਚ ਕੁਝ ਅਜਿਹਾ ਹੁੰਦਾ ਕਿ ਚੀਜ਼ਾਂ ਦੇ ਭਾਅ ਘੱਟ ਹੋ ਰਹੇ ਹੁੰਦੇ ਤਾਂ ਯਕੀਨਨ ਮੇਰੀ ਰੁਚੀ ਹੁੰਦੀ; ਨਹੀਂ ਤਾਂ ਉਹੀ ਗੱਲ ਜੋ ਮੈਂ ਕਿਹਾ ਕਿ ਇਹ ਬਜਟ ਤਾਂ ਅਫ਼ਸਰਾਂ ਲਈ ਆ।''
ਸ਼੍ਰੀਨਗਰ ਤੋਂ ਕਰੀਬ 45 ਕਿਲੋਮੀਟਰ ਦੂਰ ਸਥਿਤ ਮਾਹੀਨ ਪਿੰਡ ਤੰਗਮਾਰਗ ਤੇ ਦਰੰਗ ਵਿਚਾਲੇ ਸਥਿਤ ਹੈ ਜੋ ਥਾਂ ਸਰਦੀਆਂ ਦੇ ਸੈਰ-ਸਪਾਟੇ ਲਈ ਮਸ਼ਹੂਰ ਹੈ। ਇਹ ਪਿੰਡ ਲਗਭਗ 250 ਪਰਿਵਾਰਾਂ ਦਾ ਘਰ ਹੈ ਜੋ ਮੁੱਖ ਤੌਰ 'ਤੇ ਸੈਰ-ਸਪਾਟਾ ਨਾਲ਼ ਜੁੜੀਆਂ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ, ਜਿਵੇਂ ਕਿ ਕਿਰਾਏ ਦੀ ਖੱਚਰ ਤੋਰਨਾ, ਸਲੇਜ ਖਿੱਚਣਾ ਅਤੇ ਗਾਈਡ ਦਾ ਕੰਮ ਕਰਨਾ। ਆਪਣੇ ਠੰਡੇ ਮੌਸਮ ਦੇ ਕਾਰਨ, ਮਾਹੀਨ ਵਿੱਚ ਮੱਕੀ ਦੀ ਪੈਦਾਵਾਰ ਹੁੰਦੀ ਹੈ।
![](/media/images/02a-DSC03371-MB-I_need_to_earn_12_lakhs_fi.max-1400x1120.jpg)
![](/media/images/02b-DSC03384-MB-I_need_to_earn_12_lakhs_fi.max-1400x1120.jpg)
ਖੱਬੇ: ਅਲੀ ਮੁਹੰਮਦ ਲੋਨ ਮਾਹੀਨ ਪਿੰਡ ਵਿਖੇ ਬੇਕਰੀ ਦੀ ਆਪਣੀ ਦੁਕਾਨ ਦੇ ਅੰਦਰ ਬੈਠੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੇਂਦਰੀ ਬਜਟ 2025 ਸਰਕਾਰੀ ਕਰਮਚਾਰੀਆਂ ਅਤੇ ਮੱਧ ਵਰਗ ਲਈ ਹੀ ਹੈ। ਸੱਜੇ: ਪਿੰਡ ਮਾਹੀਨ ਦਾ ਇੱਕ ਦ੍ਰਿਸ਼
![](/media/images/03a-DSC03378-MBI_need_to_earn_12_lakhs_fir.max-1400x1120.jpg)
![](/media/images/03b-DSC03389-MB-I_need_to_earn_12_lakhs_fi.max-1400x1120.jpg)
ਖੱਬੇ:ਮਾਹੀਨ ਤੰਗਮਰਗ ਤੇ ਦਰੰਗ ਵਿਚਾਲੇ ਸਥਿਤ ਹੈ ਜੋ ਥਾਂ ਸਰਦੀਆਂ ਦੇ ਸੈਰ-ਸਪਾਟੇ ਲਈ ਮਸ਼ਹੂਰ ਹੈ। ਸੱਜੇ: ਤੰਗਮਰਗ ਵਿਖੇ ਮਾਹੀਨ ਦੇ ਏਟੀਵੀ ਡਰਾਈਵਰ ਗਾਹਕਾਂ ਦੀ ਉਡੀਕ ਕਰਦਿਆਂ
ਅਲੀ ਮੁਹੰਮਦ ਆਪਣੀ ਪਤਨੀ ਤੇ ਦੋ ਬੇਟਿਆਂ (ਦੋਵੇਂ ਸਕੂਲ ਪੜ੍ਹਦੇ ਹਨ) ਨਾਲ਼ ਰਹਿੰਦੇ ਹਨ, ਉਨ੍ਹਾਂ ਦੀ ਬੇਕਰੀ 'ਤੇ ਪੱਕਣ ਵਾਲ਼ੇ ਬਰੈਡ ਹੀ ਇਸ ਪਿੰਡ ਦੇ ਜ਼ਿਆਦਾਤਰ ਵਸਨੀਕਾਂ ਦਾ ਨਿਵਾਲ਼ਾ ਬਣਦੇ ਹਨ। ਉਨ੍ਹਾਂ ਦਾ ਵੱਡਾ ਬੇਟਾ, ਯਾਸੀਰ ਦੁਕਾਨ 'ਤੇ ਆਪਣੇ ਪਿਤਾ ਦੀ ਮਦਦ ਕਰਦਾ ਹੈ, ਦੁਕਾਨ ਜੋ ਤੜਕੇ 5 ਵਜੇ ਖੁੱਲ੍ਹਦੀ ਹੈ ਤੇ ਦੁਪਿਹਰ 2 ਵਜੇ ਬੰਦ ਹੁੰਦੀ ਹੈ। ਬੇਕਰੀ ਦਾ ਕੰਮ ਬੰਦ ਕਰਕੇ ਉਹ ਆਪਣੀ ਰਾਸ਼ਨ ਦੀ ਦੁਕਾਨ (ਦੋਵੇਂ ਇੱਕੋ ਥਾਵੇਂ ਹਨ) ਦਾ ਰੁਖ ਕਰਦੇ ਹਨ ਤਾਂ ਜੋ ਇਸ ਮਹਿੰਗਾਈ ਦੇ ਦੌਰ ਵਿੱਚ ਦੋ ਪੈਸੇ ਵਾਧੂ ਕਮਾਏ ਜਾ ਸਕਣ।
''ਮੈ ਸੁਣਿਆ ਲੋਕੀਂ ਗੱਲਾਂ ਕਰ ਰਹੇ ਸਨ ਕਿ 12 ਲੱਖ ਦੀ ਕਮਾਈ ਤੱਕ ਟੈਕਸ ਵਿੱਚ ਛੋਟ ਹੈ ਤੇ ਇਹ ਵੀ ਸੁਣਿਆ ਕਿ ਕਿਸਾਨ ਕ੍ਰੈਡਿਟ ਕਾਰਡ 'ਤੇ ਕਰਜ਼ਾ ਮਿਲ਼ਿਆ ਕਰੇਗਾ। ਸਭ ਤੋਂ ਪਹਿਲਾਂ ਮੇਰੀ ਕਮਾਈ 12 ਲੱਖ ਤਾਂ ਹੋਵੇ। ਫਿਲਹਾਲ ਤਾਂ ਮੇਰੀ ਸਲਾਨਾ ਕਮਾਈ ਮਸਾਂ ਹੀ 4 ਲੱਖ ਹੁੰਦੀ ਹੈ। ਮੈਨੂੰ ਹੈਰਾਨੀ ਹੈ ਇਸ ਮੁਲਕ ਵਿੱਚ ਕੋਈ ਵੀ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ਼ ਕਿਉਂ ਨਹੀਂ ਕਰਦਾ। ਕੀ ਇਸ ਬਜਟ ਵਿੱਚ ਉਨ੍ਹਾਂ ਦੀ ਨੌਕਰੀਆਂ ਨੂੰ ਲੈ ਕੇ ਕੋਈ ਚਰਚਾ ਹੈ?'' ਉਹ ਉਤਸੁਕਤਾ ਵਿੱਚ ਪੁੱਛ ਬਹਿੰਦੇ ਹਨ।
ਤਰਜਮਾ: ਕਮਲਜੀਤ ਕੌਰ