"ਕੂੜਾ ਤੁਸੀਂ ਪੈਦਾ ਕਰੋ ਤੇ ' ਕਚਰੇਵਾਲੀ ' (ਕੂੜਾ ਚੁੱਕਣ ਵਾਲ਼ੀ ਔਰਤ) ਅਸੀਂ ਕਿਵੇਂ ਹੋ ਗਈਆਂ? ਸੱਚ ਪੁੱਛੋ ਤਾਂ ਅਸੀਂ ਹੀ ਹਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਰੱਖਦੇ ਹਾਂ। ਇੰਝ ਦੇਖੋ ਤਾਂ ਸਾਰੇ ਨਾਗਰਿਕ ' ਕਚਰੇਵਾਲੇ ' ਨਾ ਹੋਏ?'' ਪੁਣੇ ਦੀ ਕੂੜਾ ਇਕੱਠਾ ਕਰਨ ਵਾਲ਼ੀ ਸੁਮਨ ਮੋਰੇ ਪੁੱਛਦੀ ਹਨ।
ਸੁਮਨਤਾਈ ਕਾਗਦ ਕਾਚ ਪਾਤਰਾ, ਟਰੇਡ ਯੂਨੀਅਨ ਕਾਸ਼ਤਕਾਰੀ ਪੰਚਾਇਤ ਦੀ ਮੈਂਬਰ ਹਨ। 1993 ਵਿੱਚ, 800 ਕੂੜਾ ਇਕੱਠਾ ਕਰਨ ਵਾਲ਼ਿਆਂ ਦੀ ਇੱਕ ਕਾਨਫਰੰਸ ਹੋਈ ਅਤੇ ਸੰਗਠਨ ਦੀ ਸ਼ੁਰੂਆਤ ਕੀਤੀ ਗਈ। ਅੱਜ ਦੀ ਤਰੀਕ ਵਿੱਚ ਯੂਨੀਅਨ ਅੰਦਰ ਔਰਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਨ੍ਹਾਂ ਨੇ ਪੁਣੇ ਨਗਰ ਨਿਗਮ ਤੋਂ ਅਧਿਕਾਰਤ ਪਛਾਣ ਪੱਤਰ ਅਤੇ ਆਪਣੇ ਕੰਮ ਨੂੰ ਮਾਨਤਾ ਦੇਣ ਦੀ ਮੰਗ ਕੀਤੀ। 1996 ਵਿੱਚ ਉਨ੍ਹਾਂ ਨੂੰ ਆਪਣਾ ਪਛਾਣ ਪੱਤਰ ਮਿਲ਼ ਹੀ ਗਿਆ।
ਕੂੜਾ ਇਕੱਠਾ ਕਰਨ ਵਾਲ਼ੀਆਂ ਇਹ ਔਰਤਾਂ ਹੁਣ ਪੁਣੇ ਨਗਰ ਨਿਗਮ ਨਾਲ਼ ਕੰਮ ਕਰਦੀਆਂ ਹਨ ਅਤੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਦੀਆਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਰਾਂ ਅਤੇ ਮਤੰਗ ਅਨੁਸੂਚਿਤ ਜਾਤੀਆਂ ਨਾਲ਼ ਸਬੰਧਤ ਹਨ। "ਅਸੀਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਦੇ ਹਾਂ। ਗਿੱਲਾ ਕੂੜਾ ਬੀਐੱਮਸੀ ਟਰੱਕ ਨੂੰ ਦੇ ਦਿੰਦੇ ਹਾਂ," ਸੁਮਨਤਾਈ ਕਹਿੰਦੀ ਹਨ,"ਫਿਰ ਸੁੱਕੇ ਕੂੜੇ ਵਿੱਚੋਂ ਅਸੀਂ ਲੋੜੀਂਦਾ ਸਮਾਨ ਅੱਡ ਕਰਕੇ ਬਾਕੀ ਕੂੜਾ ਵੀ ਬੀਐੱਮਸੀ ਦੇ ਟਰੱਕ ਨੂੰ ਹੀ ਦੇ ਦਿੰਦੇ ਹਾਂ।''
ਉਹ ਸਾਰੀਆਂ ਔਰਤਾਂ ਹੁਣ ਇਸ ਗੱਲੋਂ ਚਿੰਤਤ ਹਨ ਕਿ ਪੁਣੇ ਨਗਰ ਨਿਗਮ (ਪੀਐਮਸੀ) ਉਨ੍ਹਾਂ ਦਾ ਕੰਮ ਹੁਣ ਨਿੱਜੀ ਠੇਕੇਦਾਰਾਂ ਜਾਂ ਕੰਪਨੀਆਂ ਨੂੰ ਸੌਂਪ ਦੇਵੇਗਾ। ਉਹ ਹੁਣ ਲੜਨ ਨੂੰ ਤਿਆਰ ਹਨ। "ਅਸੀਂ ਕਿਸੇ ਨੂੰ ਵੀ ਆਪਣਾ ਕੰਮ ਖੋਹਣ ਨਹੀਂ ਦਿਆਂਗੇ," ਆਸ਼ਾ ਕਾਂਬਲੇ ਕਹਿੰਦੀ ਹਨ।
ਇਹ ਫ਼ਿਲਮ (ਮੁੱਲ) ਪੁਣੇ ਦੀਆਂ ਕੂੜਾ ਚੁੱਕਣ ਵਾਲ਼ੀਆਂ ਔਰਤਾਂ ਦੇ ਬੀਤੇ ਸੰਘਰਸ਼ ਅਤੇ ਅੰਦੋਲਨ ਦੇ ਇਤਿਹਾਸ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੀ ਹੈ।
ਤਰਜਮਾ: ਕਮਲਜੀਤ ਕੌਰ