ਇਸ ਤੋਂ ਪਹਿਲਾਂ ਕਿ ਅਸੀਂ ਸੱਤਿਆਪ੍ਰਿਆ ਦੀ ਕਹਾਣੀ ਸ਼ੁਰੂ ਕਰਾਂ, ਮੈਨੂੰ ਆਪਣੀ ਪੇਰਿਅੰਮਾ ਬਾਰੇ ਕੁਝ ਕਹਿਣਾ ਚਾਹੁੰਦਾ ਹੈ। ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਮੈਂ ਆਪਣੇ ਪੇਰਿਅੱਪਾ ਅਤੇ ਪੇਰਿਅੰਮਾ [ਚਾਚਾ-ਚਾਚੀ] ਦੇ ਘਰ ਰਹਿੰਦਾ ਸਾਂ। ਮੈਂ ਉਦੋਂ ਛੇਵੀਂ ਜਮਾਤ ਵਿੱਚ ਸਾਂ। ਮੈਂ ਉਨ੍ਹਾਂ ਨੂੰ ਹੀ ਅੰਮਾ (ਮਾਂ) ਅਤੇ ਅੱਪਾ (ਪਿਤਾ) ਕਹਿੰਦਾ। ਉਹ ਮੇਰੀ ਚੰਗੀ ਦੇਖਭਾਲ਼ ਕਰਿਆ ਕਰਦੇ ਸਨ। ਸਾਡਾ ਪਰਿਵਾਰ ਵੀ ਛੁੱਟੀਆਂ ਦੌਰਾਨ ਅਕਸਰ ਉਨ੍ਹਾਂ ਦੇ ਘਰ ਜਾਇਆ ਕਰਦਾ ਸੀ।
ਮੇਰੀ ਪੇਰਿਅੰਮਾ (ਚਾਚੀ) ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਸਨ। ਉਹ ਸਾਡੀਆਂ ਲੋੜਾਂ ਦਾ ਖੁੱਲ੍ਹੇ ਦਿਲ ਨਾਲ਼ ਖਿਆਲ ਰੱਖਦੇ ਸਨ, ਪੂਰਾ ਦਿਨ ਸਾਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਤੇ ਰੋਟੀ ਵੀ ਸਮੇਂ ਸਿਰ ਦਿਆ ਕਰਦੇ। ਜਦੋਂ ਮੈਂ ਸਕੂਲ ਵਿੱਚ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ, ਤਾਂ ਇਹ ਮੇਰੀ ਚਾਚੀ ਸਨ ਜਿਨ੍ਹਾਂ ਨੇ ਮੇਰੀਆਂ ਕਈ ਦੁਚਿੱਤੀਆਂ ਦੂਰ ਕੀਤੀਆਂ। ਜਦੋਂ ਉਹ ਰਸੋਈ ਵਿਚ ਕੰਮ ਕਰ ਰਹੇ ਹੁੰਦੇ ਤਾਂ ਮੈਂ ਆਪਣੇ ਸਵਾਲਾਂ ਦੀ ਪੰਡ ਲਈ ਉਨ੍ਹਾਂ ਕੋਲ਼ ਪਹੁੰਚ ਜਾਇਆ ਕਰਦਾ। ਮੈਨੂੰ ਕੁਝ ਸ਼ਬਦਾਂ ਦਾ ਉਚਾਰਣ ਕਰਨਾ ਨਾ ਆਉਂਦਾ ਤੇ ਉਹ ਮੇਰੀ ਮਦਦ ਕਰਦੇ ਸਨ। ਉਦੋਂ ਤੋਂ ਹੀ ਮੈਂ ਉਨ੍ਹਾਂ ਨੂੰ ਇੰਨਾ ਪਸੰਦ ਕਰਦਾ ਰਿਹਾ ਹਾਂ।
ਜਦੋਂ ਛਾਤੀ ਦੇ ਕੈਂਸਰ ਨਾਲ਼ ਉਨ੍ਹਾਂ ਦੀ ਮੌਤ ਹੋ ਗਈ ਤਾਂ ਮੈਂ ਇਹ ਮੰਨੇ ਬਗੈਰ ਨਹੀਂ ਰਹਿ ਸਕਦਾ ਕਿ ਇਸ ਤੋਂ ਪਹਿਲਾਂ ਕਿ ਉਹ ਆਪਣੇ-ਆਪ ਵਾਸਤੇ ਜਿਊਣਾ ਸਿੱਖਦੀ, ਮੌਤ ਨੇ ਉਨ੍ਹਾਂ ਨੂੰ ਆਪਣੇ ਕੋਲ਼ ਬੁਲਾ ਲਿਆ। ਉਨ੍ਹਾਂ ਬਾਰੇ ਮੈਂ ਹੋਰ ਵੀ ਬੜਾ ਕੁਝ ਕਹਿ ਸਕਦਾ ਹਾਂ ਪਰ ਫਿਲਹਾਲ ਇੱਥੇ ਹੀ ਰੁਕਦਾ ਹਾਂ।
*****
ਮੇਰੀ ਚਾਚੀ ਦੀ ਮੌਤ ਤੋਂ ਬਾਅਦ, ਮੈਂ ਸੱਤਿਆਪ੍ਰਿਆ ਤੋਂ ਪੁੱਛਿਆ ਕਿ ਉਹ ਮੇਰੀ ਚਾਚੀ ਦੀ ਤਸਵੀਰ ਦੇਖ ਕੇ ਉਨ੍ਹਾਂ ਦਾ ਚਿੱਤਰ ਬਣਾ ਸਕਦੇ ਹਨ। ਮੇਰੇ ਮਨ ਅੰਦਰ ਕਲਾਕਾਰਾਂ ਪ੍ਰਤੀ ਈਰਖਾ ਭਾਵਨਾ ਕਦੇ ਨਹੀਂ ਆਉਂਦੀ ਪਰ ਜਦੋਂ ਮੈਂ ਸੱਤਿਆ ਦਾ ਕੰਮ ਦੇਖਿਆ ਤਾਂ ਮੈਨੂੰ ਵਾਕਿਆ ਈਰਖਾ ਹੋਈ। ਇੰਨੇ ਧੀਰਜ ਤੇ ਬਾਰੀਕੀ ਨਾਲ਼ ਸਿਰਫ਼ ਸੱਤਿਆ ਹੀ ਅਜਿਹਾ ਨਾਜ਼ੁਕ ਚਿੱਤਰ ਖਿੱਚ ਸਕਦੀ ਸੀ। ਉਨ੍ਹਾਂ ਦੀ ਸ਼ੈਲੀ ਅਤਿਯਥਾਰਥਵਾਦੀ ਹੈ ਤੇ ਉਹਦੀ ਤੁਲਨਾ ਕਿਸੇ ਹਾਈ-ਰੈਜ਼ੋਲਿਊਸ਼ਨ ਪੋਰਟਰੇਟ ਨਾਲ਼ ਕੀਤੀ ਜਾ ਸਕਦੀ ਹੈ।
ਸੱਤਿਆ ਨਾਲ਼ ਮੇਰੀ ਜਾਣ-ਪਛਾਣ ਇੰਸਟਾਗ੍ਰਾਮ ਜ਼ਰੀਏ ਉਦੋਂ ਹੋਈ ਜਦੋਂ ਮੈਂ ਨਮੂਨੇ ਵਜੋਂ ਉਨ੍ਹਾਂ ਨੂੰ ਇੱਕ ਤਸਵੀਰ ਭੇਜੀ ਤਾਂ ਉਹ ਕਾਫੀ ਪਿਕਸਲੇਟੇਡ (ਧੁੰਦਲੀ) ਹੋ ਗਈ। ਮੈਨੂੰ ਯਕੀਨ ਹੀ ਨਹੀਂ ਸੀ ਉਨ੍ਹਾਂ ਧੁੰਦਲੀ ਤਸਵੀਰ ਤੋਂ ਇੰਨਾ ਕਮਾਲ ਦਾ ਚਿੱਤਰ ਬਣਾਇਆ ਜਾ ਸਕਦਾ ਸੀ। ਮੈਨੂੰ ਤਾਂ ਇਹ ਕੰਮ ਅਸੰਭਵ ਹੀ ਜਾਪ ਰਿਹਾ ਸੀ।
ਇਸ ਤੋਂ ਥੋੜ੍ਹੀ ਦੇਰ ਬਾਅਦ, ਮੈਂ ਮਦੁਰਈ ਵਿੱਚ ਸਫਾਈ ਕਰਮਚਾਰੀਆਂ ਦੇ ਬੱਚਿਆਂ ਲਈ ਇੱਕ ਫ਼ੋਟੋਗ੍ਰਾਫ਼ੀ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਮੇਰੀ ਪਹਿਲੀ ਵਰਕਸ਼ਾਪ ਸੀ ਅਤੇ ਉੱਥੇ ਮੈਂ ਸੱਤਿਆ ਨੂੰ ਪਹਿਲੀ ਵਾਰ ਨਿੱਜੀ ਤੌਰ 'ਤੇ ਮਿਲ਼ਿਆ। ਉਹ ਆਪਣੇ ਨਾਲ਼ ਮੇਰੀ ਚਾਚੀ ਦੀ ਤਸਵੀਰ ਲੈ ਕੇ ਆਏ ਸਨ। ਇਹ ਬਹੁਤ ਸ਼ਾਨਦਾਰ ਬਣੀ ਸੀ ਤੇ ਮੈਂ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਤ ਹੋਏ ਬਗੈਰ ਨਾ ਰਹਿ ਸਕਿਆ।
ਆਪਣੀ ਪਹਿਲੀ ਵਰਕਸ਼ਾਪ ਦੌਰਾਨ ਆਪਣੀ ਪਿਆਰੀ ਚਾਚੀ ਦੀ ਤਸਵੀਰ ਪ੍ਰਾਪਤ ਕਰਨਾ ਮੇਰੇ ਲਈ ਯਾਦਗਾਰੀ ਤਜ਼ਰਬਾ ਸੀ। ਉਦੋਂ ਹੀ ਮੈਂ ਸੱਤਿਆਪ੍ਰਿਆ ਦੇ ਕੰਮ ਬਾਰੇ ਲਿਖਣ ਦਾ ਮਨ ਬਣਾ ਲਿਆ। ਮੈਂ ਉਨ੍ਹਾਂ ਦੇ ਕੰਮ ਤੋਂ ਮੋਹਿਤ ਹੋ ਕੇ ਰਹਿ ਗਿਆ ਅਤੇ ਉਸੇ ਦਿਨ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪ੍ਰਤੀ ਮੇਰੇ ਮਨ ਵਿੱਚ ਪ੍ਰਸੰਸਾ ਦਾ ਭਾਵ ਉਦੋਂ ਹੋਰ ਵੀ ਵੱਧ ਗਿਆ ਜਦੋਂ ਮੈਂ ਉਨ੍ਹਾਂ ਦੇ ਘਰ ਗਿਆਂ ਤੇ ਉਨ੍ਹਾਂ ਵੱਲੋਂ ਬਣਾਏ ਚਿੱਤਰਾਂ ਨਾਲ਼ ਘਰ ਦੀਆਂ ਕੰਧਾਂ, ਫ਼ਰਸ਼ ਤੇ ਹਰ ਥਾਂ ਭਰੀ ਪਈ ਦੇਖੀ।
ਜਿਓਂ ਹੀ ਸੱਤਿਆਪ੍ਰਿਆ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਤਸਵੀਰਾਂ ਬੋਲਦੀਆਂ ਹਨ।
"ਮੈਂ ਸੱਤਿਆਪ੍ਰਿਆ ਹਾਂ। ਮੈਂ ਮਦੁਰਈ ਤੋਂ ਹਾਂ ਅਤੇ ਮੈਂ 27 ਸਾਲਾਂ ਦੀ ਹਾਂ। ਮੇਰੀ ਕਲਾ ਦਾ ਰੂਪ ਅਤਿ-ਯਥਾਰਥਵਾਦ ਹੈ। ਅਸਲ ਵਿੱਚ ਮੈਂ ਚਿੱਤਰ ਬਣਾਉਣਾ ਨਹੀਂ ਸਾਂ ਜਾਣਦੀ। ਜਦੋਂ ਮੈਂ ਕਾਲਜ ਵਿੱਚ ਸੀ, ਤਾਂ ਮੈਨੂੰ ਨਾਕਾਮ ਪਿਆਰ 'ਚੋਂ ਲੰਘਣਾ ਪਿਆ। ਮੈਂ ਇਸ ਦਰਦ ਤੋਂ ਬਾਹਰ ਨਿਕਲਣ ਲਈ ਚਿੱਤਰ ਬਣਾਉਣਾ ਸ਼ੁਰੂ ਕੀਤਾ; ਮੈਂ ਕਲਾ ਨੂੰ ਆਪਣੇ ਪਹਿਲੇ ਪ੍ਰੇਮ ਦੀ ਉਦਾਸੀਨਤਾ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ। ਕਲਾ, ਮੇਰੇ ਲਈ ਸਿਗਰਟ ਜਾਂ ਸ਼ਰਾਬ ਦੇ ਨਸ਼ੇ ਵਾਂਗ ਸੀ। ਉਦਾਸੀਨਤਾ ਤੋਂ ਬਾਹਰ ਨਿਕਲਣ ਦਾ ਇਹ ਇੱਕ ਤਰੀਕਾ ਹੋ ਨਿਬੜਿਆ।
ਕਲਾ ਨੇ ਮੈਨੂੰ ਦਿਲਾਸਾ ਦਿੱਤਾ। ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਹੁਣ ਤੋਂ ਮੈਂ ਸਿਰਫ਼ ਤਸਵੀਰਾਂ ਹੀ ਬਣਾਵਾਂਗੀ। ਮੈਨੂੰ ਨਹੀਂ ਪਤਾ ਕਿ ਮੈਂ ਇਹ ਕਹਿਣ ਦੀ ਹਿੰਮਤ ਕਿੱਥੋਂ ਲਿਆਂਦੀ। ਸ਼ੁਰੂ ਵਿੱਚ ਮੈਂ ਆਈਏਐੱਸ ਜਾਂ ਆਈਪੀਐੱਸ ਅਧਿਕਾਰੀ ਬਣਨਾ ਚਾਹੁੰਦੀ ਸੀ। ਇਸ ਸਬੰਧ ਵਿੱਚ, ਮੈਂ ਯੂਪੀਐੱਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੀਆਂ ਪ੍ਰੀਖਿਆਵਾਂ ਦੀ ਵੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਦੁਬਾਰਾ ਇਸਦੀ ਕੋਸ਼ਿਸ਼ ਨਾ ਕੀਤੀ।
ਛੋਟੀ ਉਮਰ ਤੋਂ ਹੀ ਮੇਰੀ ਦਿੱਖ ਕਾਰਨ ਮੈਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਸਕੂਲ, ਕਾਲਜ ਅਤੇ ਐੱਨਸੀਸੀ (ਨੈਸ਼ਨਲ ਕੈਡਿਟ ਕੋਰ) ਕੈਂਪ ਦੇ ਬਾਕੀ ਲੋਕ ਮੈਨੂੰ ਹੀਣਾ ਸਮਝਦੇ ਸਨ, ਮੇਰੇ ਨਾਲ਼ ਵੱਖਰਾ ਵਿਵਹਾਰ ਕਰਿਆ ਕਰਦੇ। ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਹਮੇਸ਼ਾ ਮੈਨੂੰ ਹੀ ਜਾਣਬੁੱਝ ਕੇ ਨਿਸ਼ਾਨਾ ਬਣਾਉਂਦੇ ਤੇ ਆਉਂਦੇ-ਜਾਂਦੇ ਲਾਹਨਤਾਂ ਪਾਉਂਦੇ ਰਹਿੰਦੇ।
ਜਦੋਂ ਮੈਂ 12ਵੀਂ ਜਮਾਤ ਵਿੱਚ ਸੀ, ਕੁੜੀਆਂ ਵੱਲੋਂ ਵਰਤੇ ਗਏ ਸੈਨੇਟਰੀ ਨੈਪਕਿਨਾਂ ਨੂੰ ਅੰਨ੍ਹੇਵਾਹ ਸੁੱਟਣ ਕਾਰਨ ਨਾਲ਼ੀਆਂ ਜਾਮ ਹੋ ਗਈਆਂ। ਸਾਡੀ ਪ੍ਰਿੰਸੀਪਲ ਨੂੰ ਚਾਹੀਦਾ ਤਾਂ ਸੀ ਉਹ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਬੁਲਾਉਂਦੀ ਜਿਨ੍ਹਾਂ ਨੂੰ ਹੁਣੇ-ਹੁਣੇ ਮਾਹਵਾਰੀ ਆਉਣੀ ਸ਼ੁਰੂ ਹੋਈ ਸੀ ਤੇ ਉਨ੍ਹਾਂ ਨੂੰ ਦੱਸਦੀ ਕਿ ਵਰਤੇ ਜਾਣ ਤੋਂ ਬਾਅਦ ਨੈਪਕਿਨ ਕਿਵੇਂ ਤੇ ਕਿੱਥੇ ਸੁੱਟਣੇ ਚਾਹੀਦੇ ਹਨ।
ਪਰ ਉਨ੍ਹਾਂ ਸਿਰਫ਼ ਮੈਨੂੰ ਹੀ ਬੁਲਾਇਆ ਤੇ ਨਿਸ਼ਾਨਾ ਸਾਧਿਆ। ਜਦੋਂ ਸਵੇਰੇ ਦੀ ਪ੍ਰਾਰਥਨਾ ਤੋਂ ਬਾਅਦ 12ਵੀਂ ਦੀਆਂ ਵਿਦਿਆਰਥਣਾਂ ਨੂੰ ਯੋਗ ਕਰਨ ਲਈ ਰੋਕਿਆ ਗਿਆ ਤਾਂ ਉਨ੍ਹਾਂ ਨੇ ਮੇਰੇ ਵੱਲ ਉਂਗਲ ਚੁੱਕੀ ਤੇ ਕਿਹਾ,'ਮੇਰੇ ਵਰਗੀਆਂ ਕੁੜੀਆਂ ਹੀ ਅਜਿਹਾ ਕੰਮ (ਨਾਲੀ ਜਾਮ) ਕਰਦੀਆਂ ਹਨ।' ਇਹ ਸੁਣ ਮੈਂ ਦੰਗ ਰਹਿ ਗਈ। ਭਲ਼ਾ ਮੈਂ ਨਾਲ਼ੀਆਂ ਕਿਵੇਂ ਬੰਦ ਕਰ ਸਕਦੀ ਸਾਂ ਇਸ ਨਾਲ਼ ਮੇਰਾ ਕੀ ਲੈਣਾ-ਦੇਣਾ?
ਸਕੂਲ ਵਿੱਚ ਮੇਰੇ ਨਾਲ਼ ਅਕਸਰ ਇਸੇ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਜਦੋਂ 9ਵੀਂ ਦੇ ਬੱਚੇ ਰੋਮਾਂਟਿਕ ਰਿਸ਼ਤਿਆਂ ਵਿੱਚ ਰੁੱਝੇ ਹੋਏ ਸਨ, ਤਾਂ ਵੀ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਨੇ ਮੇਰੇ ਮਾਪਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਨ੍ਹਾਂ ਰਿਸ਼ਤਿਆਂ ਵਿੱਚ ਬੱਚਿਆਂ ਦੀ ਮਦਦ ਕੀਤੀ ਸੀ ਅਤੇ ਮੈਂ ਹੀ ਉਨ੍ਹਾਂ ਨੂੰ ਆਪਸ ਵਿੱਚ ਮਿਲ਼ਵਾਇਆ ਸੀ। ਉਹ ਮੇਰੇ ਮਾਪਿਆਂ 'ਤੇ ਦਬਾਅ ਪਾਉਂਦੇ ਸਨ ਕਿ 'ਮੇਰੀ ਕਰਤੂਤ' ਲਈ ਮੁਆਫੀ ਮੰਗਦਿਆਂ ਉਨ੍ਹਾਂ ਨੂੰ ਪੱਤਰ ਲਿਖ ਕੇ ਦੇਣ। ਉਹ ਮੈਨੂੰ ਘਰੋਂ ਭਗਵਦ ਗੀਤਾ ਲਿਆਉਣ ਅਤੇ ਇਸ 'ਤੇ ਹੱਥ ਰੱਖ ਕੇ ਸਹੁੰ ਚੁੱਕਣ ਲਈ ਕਹਿੰਦੇ ਕਿ ਮੈਂ ਝੂਠ ਨਹੀਂ ਬੋਲ ਰਹੀ ਸਾਂ।
ਮੇਰੀ ਜ਼ਿੰਦਗੀ ਵਿੱਚ ਇੱਕ ਵੀ ਦਿਨ ਲੰਘਿਆ ਹੋਣਾ ਜਦੋਂ ਮੈਂ ਬਗੈਰ ਰੋਏ ਘਰ ਮੁੜੀ ਹੋਵਾਂ। ਉੱਤੋਂ ਘਰ ਵਾਲ਼ੇ ਵੀ ਮੈਨੂੰ ਹੀ ਕੋਈ ਗ਼ਲਤੀ ਕੀਤੇ ਹੋਣ ਦਾ ਤਾਅਨਾ ਮਾਰਦੇ। ਅੰਤ ਕੀ ਹੋਇਆ ਮੈਂ ਘਰ ਵਾਲ਼ਿਆਂ ਨੂੰ ਵੀ ਹੋਈਆਂ-ਬੀਤੀਆਂ ਗੱਲਾਂ ਦੱਸਣੀਆਂ ਬੰਦ ਕਰ ਦਿੱਤੀਆਂ।
ਨਤੀਜੇ ਵਜੋਂ, ਮੇਰੇ ਅੰਦਰ ਅਸੁਰੱਖਿਆ ਬੋਧ ਤੀਬਰ ਹੋਣ ਲੱਗਿਆ।
ਕਾਲਜ ਵਿੱਚ ਮੇਰੇ ਦੰਦਾਂ ਨੂੰ ਲੈ ਕੇ ਮੇਰਾ ਮਜ਼ਾਕ ਉਡਾਇਆ ਜਾਂਦਾ ਅਤੇ ਨਕਲ਼ ਕੀਤੀ ਜਾਂਦੀ। ਜੇਕਰ ਤੁਸੀਂ ਧਿਆਨ ਦੋਵੇ ਤਾਂ ਫਿਲਮਾਂ 'ਚ ਵੀ ਇਨ੍ਹਾਂ ਗੱਲਾਂ ਨੂੰ ਲੈ ਕੇ ਕਾਮੇਡੀ ਕੀਤੀ ਜਾਂਦੀ ਹੈ। ਪਰ ਇੰਝ ਕਿਉਂ ਕੀਤਾ ਜਾਂਦਾ ਹੈ? ਮੈਂ ਕਿਸੇ ਸਧਾਰਣ ਮਨੁੱਖ ਵਾਂਗਰ ਨਹੀਂ ਸਾਂ? ਲੋਕ ਅਜਿਹੇ ਚੁਟਕਲਿਆਂ ਨੂੰ ਹਲਕੇ ਵਿੱਚ ਲੈਂਦੇ ਹਨ, ਡੂੰਘਿਆਈ ਵਿੱਚ ਕੋਈ ਨਹੀਂ ਜਾਂਦਾ। ਲੋਕ ਇਹ ਨਹੀਂ ਸੋਚਦੇ ਕਿ ਇਸ ਛੇੜਖਾਨੀ ਨਾਲ਼ ਕਿਸੇ ਹੋਰ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦੀ ਹੋਵੇਗੀ ਜਾਂ ਉਨ੍ਹਾਂ ਨੂੰ ਨੀਵਾਂ ਮਹਿਸੂਸ ਹੁੰਦਾ ਹੋਵੇਗਾ।
ਮੈਂ ਅਜੇ ਵੀ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਾਂ। ਅੱਜ ਵੀ, ਜੇ ਕੋਈ ਮੇਰੀ ਤਸਵੀਰ ਖਿੱਚਦਾ ਹੈ, ਤਾਂ ਮੈਨੂੰ ਹੀਣ ਭਾਵਨਾ ਮਹਿਸੂਸ ਹੁੰਦੀ ਹੈ। ਮੈਂ ਪਿਛਲੇ 25 ਜਾਂ 26 ਸਾਲਾਂ ਤੋਂ ਇਸੇ ਭਾਵਨਾ ਨੂੰ ਹੰਢਾਉਂਦੀ ਰਹੀ ਹਾਂ। ਇਹ ਸਮਾਜ ਕਿਸੇ ਵਿਅਕਤੀ ਦੀ ਸਰੀਰਕ ਬਣਾਵਟ ਦਾ ਮਜ਼ਾਕ ਉਡਾਉਣਾ ਆਮ ਗੱਲ ਸਮਝਦਾ ਹੈ।
*****
ਮੈਂ ਆਪਣੀ ਤਸਵੀਰ ਕਿਉਂ ਨਹੀਂ ਬਣਾਉਂਦੀ? ਜੇ ਮੈਂ ਆਪਣਾ ਪੱਖ ਆਪ ਨਹੀਂ ਰੱਖਾਂਗੀ ਤਾਂ ਹੋਰ ਕੌਣ ਰੱਖੇਗਾ?
ਮੈਂ ਸੋਚਦੀ ਹਾਂ ਕਿ ਮੇਰੇ ਜਿਹੀ ਸ਼ਕਲ ਹੋਵੇ ਤਾਂ ਉਹਦੀ ਤਸਵੀਰ ਬਣਾਉਣ ਵਾਲ਼ੇ ਨੂੰ ਕਿਹੋ-ਜਿਹਾ ਮਹਿਸੂਸ ਹੁੰਦਾ ਹੋਵੇਗਾ?
ਮੈਂ ਇਸ ਕੰਮ ਦੀ ਸ਼ੁਰੂਆਤ ਸੁੰਦਰ ਚਿਹਰਿਆਂ ਨੂੰ ਤਸਵੀਰਾਂ ਵਿੱਚ ਉਤਾਰਣ ਨਾਲ਼ ਕੀਤੀ। ਪਰ ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਲੋਕਾਂ ਬਾਰੇ ਨਾ ਸਿਰਫ਼ ਉਨ੍ਹਾਂ ਦੀ ਸੁੰਦਰਤਾ ਦੇ ਅਧਾਰ ‘ਤੇ ਫੈਸਲੇ ਲੈਂਦੇ ਹਾਂ ਬਲਕਿ ਉਨ੍ਹਾਂ ਦੀ ਜਾਤ, ਧਰਮ, ਪ੍ਰਤਿਭਾ, ਪੇਸ਼ੇ, ਲਿੰਗ ਅਤੇ ਲਿੰਗਕਤਾ ਦੇ ਅਧਾਰ ‘ਤੇ ਵੀ ਕਰਦੇ ਹਾਂ। ਉਦੋਂ ਤੋਂ, ਮੈਂ ਗੈਰ-ਰਵਾਇਤੀ ਸੁੰਦਰਤਾ ਦੇ ਅਧਾਰ ਤੇ ਚਿੱਤਰ ਬਣਾਉਣਾ ਸ਼ੁਰੂ ਕੀਤਾ। ਜੇ ਅਸੀਂ ਟ੍ਰਾਂਸਵੂਮੈਨ ਨੂੰ ਕਲਾ ਵਿੱਚ ਇੱਕ ਦੇ ਪ੍ਰਤੀਨਿਧ ਵਜੋਂ ਵੇਖਦੇ ਹਾਂ, ਤਾਂ ਸਿਰਫ਼ ਉਨ੍ਹਾਂ ਨੂੰ ਦਰਸਾਇਆ ਜਾਂਦਾ ਹੈ ਜੋ ਇੱਕ ਔਰਤ ਵਰਗੇ ਦਿਖਾਈ ਦਿੰਦੇ ਹਨ। ਹੋਰ ਟ੍ਰਾਂਸਵੂਮੈਨਾਂ ਨੂੰ ਕੌਣ ਪੇਂਟ ਕਰਦਾ ਹੈ? ਹਰ ਚੀਜ਼ ਲਈ ਇੱਕ ਮਿਆਰ ਹੁੰਦਾ ਹੈ ਅਤੇ ਮੈਨੂੰ ਉਨ੍ਹਾਂ ਮਿਆਰਾਂ ਵਿੱਚ ਦਿਲਚਸਪੀ ਨਹੀਂ ਹੈ। ਮੇਰੀ ਕਲਾ ਵਿੱਚ ਲੋਕਾਂ ਦੀ ਚੋਣ ਕਰਨ ਦੇ ਮੇਰੇ ਆਪਣੇ ਕਾਰਨ ਹਨ; ਮੈਂ ਚਾਹੁੰਦੀ ਹਾਂ ਕਿ ਮੇਰੀ ਕਲਾ ਦੇ ਲੋਕ ਖੁਸ਼ ਰਹਿਣ।
ਕੋਈ ਵੀ ਅਪਾਹਜ ਲੋਕਾਂ ਨੂੰ ਆਪਣੀ ਕਲਾ ਦਾ ਹਿੱਸਾ ਬਣਾਉਣਾ ਪਸੰਦ ਨਹੀਂ ਕਰਦਾ। ਅਪਾਹਜਾਂ ਨੇ ਵੀ ਆਪਣੇ ਤੌਰ ‘ਤੇ ਬਹੁਤ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਦਰਸਾਉਂਦੀ ਕੋਈ ਕਲਾ ਨਹੀਂ ਹੈ। ਕੋਈ ਵੀ ਸਫਾਈ ਕਰਮਚਾਰੀਆਂ ਦੀਆਂ ਮੌਤਾਂ ਦੀ ਤਸਵੀਰ ਵੀ ਨਹੀਂ ਬਣਾਉਂਦਾ।
ਕੀ ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਕਲਾ ਸੁਹਜ ਹੈ ਅਤੇ ਹਰ ਕੋਈ ਇਸ ਨੂੰ ਸੁੰਦਰਤਾ ਦੇ ਸਬੰਧ ਵਿੱਚ ਵੇਖਦਾ ਹੈ? ਮੈਂ ਆਪਣੀ ਕਲਾ ਨੂੰ ਆਮ ਲੋਕਾਂ ਦੀ ਰਾਜਨੀਤੀ ਅਤੇ ਉਨ੍ਹਾਂ ਦੇ ਜੀਵਨ ਦੀਆਂ ਹਕੀਕਤਾਂ ਨੂੰ ਸਾਹਮਣੇ ਲਿਆਉਣ ਲਈ ਇੱਕ ਮਾਧਿਅਮ ਵਜੋਂ ਵੇਖਦੀ ਹਾਂ। ਅਤਿ-ਯਥਾਰਥਵਾਦ ਇਸ ਦੀ ਇੱਕ ਮਹੱਤਵਪੂਰਣ ਕਿਸਮ ਹੈ। ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਹਨ, 'ਤੁਸੀਂ ਸਿਰਫ਼ ਫੋਟੋਆਂ ਪ੍ਰਤੀਬਿੰਬਤ ਕਰ ਰਹੇ ਹੋ'। ਹਾਂ, ਮੈਂ ਸਿਰਫ਼ ਫੋਟੋਆਂ ਨੂੰ ਦੇਖ ਕੇ ਤਸਵੀਰਾਂ ਬਣਾਉਂਦੀ ਹਾਂ। ਅਤਿ-ਯਥਾਰਥਵਾਦ ਫ਼ੋਟੋਗ੍ਰਾਫ਼ੀ ਦੀ ਹੀ ਸ਼ੈਲੀ ਹੈ। ਕੈਮਰੇ ਦੀ ਖੋਜ ਅਤੇ ਫ਼ੋਟੋਗ੍ਰਾਫ਼ੀ ਦੀ ਸ਼ੁਰੂਆਤ ਤੋਂ ਬਾਅਦ ਹੀ ਇਹ ਸ਼ੈਲੀ ਵਿਕਸਤ ਹੋਈ।
ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ,'ਇਨ੍ਹਾਂ ਲੋਕਾਂ ਨੂੰ ਦੇਖੀਏ, ਉਨ੍ਹਾਂ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਕਰੀਏ।'
ਅਸੀਂ ਆਮ ਤੌਰ 'ਤੇ ਅਪਾਹਜ ਲੋਕਾਂ ਨੂੰ ਕਿਵੇਂ ਪੇਸ਼ ਕਰਦੇ ਹਾਂ? ਅਸੀਂ ਇੱਕ 'ਵਿਸ਼ੇਸ਼ ਵਿਅਕਤੀ' ਕਹਿ ਉਨ੍ਹਾਂ ਦੀ ਕੀਮਤ ਘਟਾਉਂਦੇ ਹਾਂ। ਕਿਸੇ ਵਿਅਕਤੀ ਨੂੰ ਕੀ ਹੱਕ ਹੈ ਉਹ ਅਪਾਜਹਾਂ ਨੂੰ 'ਵਿਸ਼ੇਸ਼' ਵਜੋਂ ਵੇਖੇ? ਉਹ ਸਾਡੇ ਵਰਗੇ ਹੀ ਆਮ ਲੋਕ ਹਨ। ਉਦਾਹਰਨ ਲਈ, ਜੇ ਅਸੀਂ ਕੁਝ ਕਰ ਸਕਦੇ ਹਾਂ ਅਤੇ ਕੋਈ ਹੋਰ ਵਿਅਕਤੀ ਉਹੀ ਕੰਮ ਨਹੀਂ ਕਰ ਸਕਦਾ, ਤਾਂ ਸਾਨੂੰ ਅਜਿਹਾ ਬੰਦੋਬਸਤ ਕਰਨਾ ਚਾਹੀਦਾ ਹੈ ਕਿ ਉਹ ਵਿਅਕਤੀ ਵੀ ਹਰ ਕੰਮ ਕਰ ਸਕੇ। ਅਸੀਂ ਸਿਰਫ਼ ਇੰਨੀ ਜਿਹੀ ਗੱਲ ਲਈ ਉਹਨੂੰ 'ਵਿਸ਼ੇਸ਼ ਲੋੜਾਂ' ਵਾਲ਼ੇ ਵਿਅਕਤੀ ਵਜੋਂ ਪਛਾਣੀਏ ਤਾਂ ਕੀ ਇਹ ਠੀਕ ਹੋਵੇਗਾ? ਅਸੀਂ ਉਨ੍ਹਾਂ ਵਾਸਤੇ ਸਮਾਵੇਸ਼ੀ ਪ੍ਰਬੰਧ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਹਾਲ 'ਤੇ ਨਹੀਂ ਛੱਡ ਸਕਦੇ।
ਉਨ੍ਹਾਂ ਦੀਆਂ ਵੀ ਆਪਣੀਆਂ ਇੱਛਾਵਾਂ ਅਤੇ ਲੋੜਾਂ ਹਨ। ਇੱਕ ਸਮਰੱਥ ਸਰੀਰ ਦੇ ਨਾਲ਼, ਅਸੀਂ ਨਿਰਾਸ਼ ਹੋ ਜਾਂਦੇ ਹਾਂ ਜਦੋਂ ਅਸੀਂ ਇੱਕ ਮਿੰਟ ਲਈ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਵਿਸ਼ੇਸ਼ ਲੋੜਾਂ ਵਾਲ਼ੇ ਵਿਅਕਤੀ ਤੋਂ ਅਸੀਂ ਉਹੀ ਉਮੀਦ ਕਿਵੇਂ ਕਰ ਸਕਦੇ ਹਾਂ? ਕੀ ਅਜਿਹੇ ਵਿਅਕਤੀ ਨੂੰ ਮਨੋਰੰਜਨ ਦੀ ਲੋੜ ਨਹੀਂ ਹੈ? ਅਜਿਹੇ ਵਿਅਕਤੀ ਅੰਦਰ ਵੀ ਪੜ੍ਹਨ-ਲਿਖਣ ਦਾ ਚਾਅ ਨਹੀਂ ਹੁੰਦਾ ਹੋਵੇਗਾ? ਕੀ ਉਹ ਵੀ ਸੈਕਸ ਅਤੇ ਪਿਆਰ ਨੂੰ ਮਾਣਨਾ ਨਹੀਂ ਚਾਹੁੰਦਾ ਹੋਵੇਗਾ? ਅਸੀਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ; ਅਸੀਂ ਉਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਕੋਈ ਵੀ ਕਲਾਕਾਰੀ ਅਪਾਹਜ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੀ। ਮੁੱਖ ਧਾਰਾ ਦਾ ਕੋਈ ਵੀ ਮੀਡੀਆ ਉਨ੍ਹਾਂ ਨੂੰ ਨਹੀਂ ਦਿਖਾਉਂਦਾ। ਇਸ ਲਈ ਅਸੀਂ ਸਮਾਜ ਨੂੰ ਕਿਵੇਂ ਯਾਦ ਦਿਵਾ ਸਕਦੇ ਹਾਂ ਕਿ ਅਜਿਹੇ ਲੋਕ ਮੌਜੂਦ ਹਨ ਅਤੇ ਉਨ੍ਹਾਂ ਦੀਆਂ ਵੀ ਜ਼ਰੂਰਤਾਂ ਹਨ?
ਹੁਣ, ਤੁਸੀਂ (ਪਲਾਨੀਕੁਮਾਰ) ਛੇ ਸਾਲਾਂ ਤੋਂ ਸਫਾਈ ਕਰਮਚਾਰੀਆਂ ਨਾਲ਼ ਕੰਮ ਕਰ ਰਹੇ ਹੋ। ਕਿਉਂ? ਕਿਉਂਕਿ ਜਦੋਂ ਅਸੀਂ ਕੋਈ ਗੱਲ ਵਾਰ-ਵਾਰ ਕਹਿੰਦੇ ਹਾਂ ਤਾਂ ਹੀ ਲੋਕਾਂ ਨੂੰ ਉਨ੍ਹਾਂ ਲੋਕਾਂ ਦੀਆਂ ਤਕਲੀਫਾਂ ਬਾਰੇ ਪਤਾ ਲੱਗਦਾ ਹੈ। ਸਾਨੂੰ ਕਿਸੇ ਵੀ ਵਿਸ਼ੇ ਦੀ ਹੋਂਦ ਦਾ ਦਸਤਾਵੇਜ਼ ਬਣਾਉਣ ਦੀ ਜ਼ਰੂਰਤ ਹੈ: ਕਿਸੇ ਦੀ ਤਕਲੀਫ਼ ਹੋਵੇ, ਲੋਕ ਕਲਾ ਹੋਵੇ ਜਾਂ ਆਦਮੀ ਦੀਆਂ ਅਸਮਰੱਥਾਵਾਂ ਤੇ ਬੇਵਸੀਆਂ ਹੋਣ। ਸਾਡਾਂ ਸਾਰੀਆਂ ਕਲਾਵਾਂ ਸਮਾਜ ਲਈ ਸਹਾਰੇ ਦੇ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ। ਮੈਂ ਕਲਾ ਨੂੰ ਇੱਕ ਸਪੋਰਟ ਸਿਸਸਟ ਦੇ ਰੂਪ ਵਿੱਚ ਦੇਖਦੀ ਹਾਂ। ਅਸੀਂ ਸਰੀਰਕ ਰੂਪ ਨਾਲ਼ ਅਸਮਰੱਥ ਕਿਸੇ ਬੱਚੇ ਦੀਆਂ ਵਿਸ਼ੇਸ਼ਤਾਵਾਂ ਨੂੰ ਕਿਉਂ ਨਾ ਦਿਖਾਈਏ? ਉਹਦੀ ਮੁਸਕਰਾਹਟ ਨੂੰ ਕਿਉਂ ਨਾ ਦਿਖਾਈਏ? ਕੀ ਇਹ ਜ਼ਰੂਰੀ ਹੈ ਕਿ ਅਜਿਹਾ ਕੋਈ ਬੱਚਾ ਹਮੇਸ਼ਾ ਉਦਾਸੀ ਦੇ ਦੁੱਖ ਵਿੱਚ ਡੁੱਬਿਆ ਨਜ਼ਰ ਆਵੇ?
ਅਨੀਤਾ ਅੰਮਾ 'ਤੇ ਕੇਂਦਰਤ ਆਪਣੇ ਪ੍ਰੋਜੈਕਟ ਵਿੱਚ ਉਹ ਸਾਡੇ ਨਾਲ਼ ਕੰਮ ਕਰਨਾ ਜਾਰੀ ਨਹੀਂ ਰੱਖ ਪਾਈ ਕਿਉਂਕਿ ਸਾਨੂੰ ਕਿਤਿਓਂ ਕੋਈ ਆਰਥਿਕ ਜਾਂ ਭਾਵਨਾਤਮਕ ਮਦਦ ਨਹੀਂ ਮਿਲ਼ ਸਕੀ। ਉਨ੍ਹਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਵਿੱਚੋਂ ਦੀ ਲੰਘਣਾ ਪਿਆ ਸੀ। ਅਸੀਂ ਇਸ ਵਿਸ਼ੇ 'ਤੇ ਲੋਕਾਂ ਨੂੰ ਜਾਗਰੂਕ ਕਰਨਾ ਸੀ, ਤਦ ਅਸੀਂ ਲੋਕਾਂ ਤੋਂ ਆਰਥਿਕ ਮਦਦ ਲੈ ਸਕਦੇ ਸਾਂ। ਜਦੋਂ ਅਸੀਂ ਕਰਦੇ ਹਾਂ ਤਦ ਅਸੀਂ ਲੋਕਾਂ ਸਾਹਮਣੇ ਆਰਥਿਕ ਮਦਦ ਕਰਨ ਦਾ ਪ੍ਰਸਤਾਵ ਰੱਖ ਸਕਦੇ ਹਾਂ। ਭਾਵਨਾਤਮਕ ਮਦਦ ਦਾ ਵੀ ਓਨਾ ਹੀ ਮਹੱਤਵ ਹੈ। ਮੈਂ ਆਪਣੀ ਕਲਾ ਦਾ ਉਪਯੋਗ ਇਸੇ ਉਦੇਸ਼ ਨਾਲ਼ ਕਰਨਾ ਚਾਹੁੰਦੀ ਹਾਂ।
ਮੈਂ ਮਾਧਿਅਮ ਵਜੋਂ ਚਿੱਟੇ ਤੇ ਕਾਲ਼ੇ ਰੰਗਾਂ ਦੀ ਚੋਣ ਕਰਦੀ ਹਾਂ ਕਿਉਂਕਿ ਇਹ ਮੈਨੂੰ ਲੋਕਾਂ ਨੂੰ ਉਨ੍ਹਾਂ ਤਰੀਕੇ ਨਾਲ਼ ਦਿਖਾਉਣ ਦੀ ਆਗਿਆ ਦਿੰਦਾ ਹੈ ਜਿਵੇਂ ਮੈਂ ਚਾਹੁੰਦੀ ਹਾਂ ਅਤੇ ਇਹ ਦਰਸ਼ਕਾਂ ਨੂੰ ਸਿਰਫ਼ ਇਹੀ ਵੇਖਣ ਲਈ ਮਜ਼ਬੂਰ ਕਰਦਾ ਹੈ। ਇਸ ਵਿੱਚ ਕੋਈ ਉਲਝਣ ਨਹੀਂ ਹੋਵੇਗੀ। ਇਸ ਰਾਹੀਂ ਅਸੀਂ ਉਨ੍ਹਾਂ (ਚੀਜ਼ਾਂ ਅਤੇ ਪੈਟਰਨਾਂ) ਅਤੇ ਉਨ੍ਹਾਂ ਦੀ ਸੱਚੀ ਭਾਵਨਾਤਮਕ ਸ਼ਖਸੀਅਤ ਦੇ ਸਾਰ ਨੂੰ ਸਾਹਮਣੇ ਲਿਆ ਸਕਦੇ ਹਾਂ।
ਮੇਰੀ ਮਨਪਸੰਦ ਕਲਾਕਾਰੀ ਅਨੀਤਾ ਅੰਮਾ ਦਾ ਕੰਮ ਹੈ। ਮੈਂ ਅਨੀਤਾ ਅੰਮਾ ਦੀ ਤਸਵੀਰ 'ਤੇ ਇਮਾਨਦਾਰੀ ਨਾਲ਼ ਕੰਮ ਕੀਤਾ ਹੈ। ਅਤੇ ਮੇਰਾ ਇਸ ਨਾਲ਼ ਡੂੰਘਾ ਸੰਬੰਧ ਹੈ। ਜਦੋਂ ਮੈਂ ਇਹ ਤਸਵੀਰ ਬਣਾ ਰਹੀ ਸਾਂ ਤਾਂ ਮੇਰੀਆਂ ਛਾਤੀਆਂ ਵਿੱਚ ਵੀ ਦਰਦ ਮਹਿਸੂਸ ਹੋਣ ਲੱਗਿਆ। ਇਸ ਦਾ ਮੇਰੇ 'ਤੇ ਡੂੰਘਾ ਅਸਰ ਪਿਆ।
ਸੈਪਟਿਕ-ਟੈਂਕ ਵਿੱਚ ਦਮ ਘੁੱਟਣ ਨਾਲ਼ ਮੌਤਾਂ ਅੱਜ ਵੀ ਹੁੰਦੀਆਂ ਹਨ, ਜੋ ਲਗਾਤਾਰ ਜ਼ਿੰਦਗੀਆਂ ਅਤੇ ਪਰਿਵਾਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਇਸ ਬਾਰੇ ਕੋਈ ਜਾਗਰੂਕਤਾ ਨਹੀਂ ਹੈ। ਇਹ ਕੰਮ (ਹੱਥੀਂ ਸਫਾਈ ਕਰਨਾ) ਵਿਸ਼ੇਸ਼ ਜਾਤੀਆਂ ਨਾਲ਼ ਸਬੰਧਤ ਲੋਕਾਂ 'ਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਥੋਪਿਆ ਜਾਂਦਾ ਹੈ। ਉਹ ਇਹ ਕੰਮ ਕਰਦੇ ਹਨ ਅਤੇ ਆਪਣਾ ਸਵੈ-ਮਾਣ ਗੁਆ ਦਿੰਦੇ ਹਨ। ਇਸ ਸਭ ਦੇ ਬਾਵਜੂਦ ਸਮਾਜ ਉਨ੍ਹਾਂ ਨੂੰ ਨੀਵਾਂ ਸਮਝਦਾ ਹੈ। ਸਰਕਾਰ ਉਨ੍ਹਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਨਹੀਂ ਕਰਦੀ। ਉਨ੍ਹਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ।
ਇੱਕ ਸਮਕਾਲੀ ਕਲਾਕਾਰ ਹੋਣ ਦੇ ਨਾਤੇ, ਮੇਰੀ ਕਲਾ ਮੇਰੇ ਆਲ਼ੇ-ਦੁਆਲ਼ੇ ਦੇ ਸਮਾਜ ਅਤੇ ਇਸ ਦੇ ਮੁੱਦਿਆਂ ਨੂੰ ਦਰਸਾਉਂਦੀ ਹੈ।
ਤਰਜਮਾ: ਕਮਲਜੀਤ ਕੌਰ