ਅੰਧੇਰੀ ਸਟੇਸ਼ਨ 'ਤੇ ਰੇਲ ਗੱਡੀ ਵਿੱਚ ਚੜ੍ਹਨ ਵਾਲ਼ੇ ਲੋਕਾਂ ਦੇ ਸ਼ੋਰ-ਸ਼ਰਾਬੇ ਦੇ ਵਿਚਕਾਰ ਟ੍ਰੇਨ ਚੁੱਪਚਾਪ ਪਟੜੀ 'ਤੇ ਰੁਕ ਗਈ। ਰੇਲ ਗੱਡੀ ਦੇ ਅੰਦਰ ਵੜ੍ਹਦੇ ਲੋਕਾਂ ਨੇ ਆਸਰੇ ਵਾਸਤੇ ਸੀਟ ਦਾ ਹੈਂਡਲ, ਉੱਪਰਲੀ ਰੇਲਿੰਗ ਆਦਿ ਨੂੰ ਫੜ੍ਹਿਆ ਹੋਇਆ ਸੀ। ਸੀਟਾਂ ਲਈ ਬਹਿਸਬਾਜ਼ੀ ਕਰਦੇ ਲੋਕੀਂ, ਖਾਲੀ ਸੀਟ ਦੀ ਤਲਾਸ਼ ਕਰਦੇ ਲੋਕੀਂ ਅਤੇ ਪਹਿਲਾਂ ਤੋਂ ਹੀ ਬੈਠਿਆਂ ਨੂੰ ਰਤਾ ਖਿਸਕਣ ਨੂੰ ਆਖ ਰਹੇ ਲੋਕੀਂ ਅਜੀਬ ਚੀਕ-ਚਿਹਾੜਾ ਪਾ ਰਹੇ ਸਨ।

ਭੀੜ ਵਿਚਾਲੇ 31 ਸਾਲਾ ਕਿਸ਼ਨ ਜੋਗੀ ਅਤੇ ਸਮੁੰਦਰੀ ਨੀਲੇ ਰੰਗ ਦੀ ਰਾਜਸਥਾਨੀ ਸਕਰਟ ਅਤੇ ਬਲਾਊਜ਼ ਪਹਿਨੇ ਉਨ੍ਹਾਂ ਦੀ 10 ਸਾਲਾ ਬੇਟੀ, ਭਾਰਤੀ ਨੂੰ ਵੀ ਇਸੇ ਟ੍ਰੇਨ ਵਿੱਚ ਜਗ੍ਹਾ ਮਿਲ਼ੀ। ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਮੁੰਬਈ ਪੱਛਮੀ ਉਪਨਗਰ ਲਾਈਨ ਤੋਂ ਸਵਾਰ ਹੋਣ ਲਈ ਦਿਨ ਦੀ ਇਹ ਪੰਜਵੀਂ ਰੇਲ ਗੱਡੀ ਸੀ।

ਕਿਸ਼ਨ ਦੀ ਸਾਰੰਗੀ ਦੀ ਮਿਠਾਸ ਰੇਲ ਦੇ ਡੱਬਿਆਂ ਅੰਦਰ ਤੈਰਨ ਲੱਗੀ ਜਦੋਂ ਰੇਲ ਗੱਡੀ ਦੀ ਰਫਤਾਰ ਵਧਣ ਲੱਗੀ ਤਾਂ ਭੜਥੂ ਪਾਉਂਦੇ ਲੋਕੀਂ ਵੀ ਸ਼ਾਂਤ ਹੁੰਦੇ ਦਿਖਾਈ ਦੇਣ ਲੱਗੇ।

"ਤੇਰੀ ਆਂਖੇ ਭੂਲ ਭੁਲੱਈਆ... ਬਾਤੇਂ ਹੈ ਭੂਲ ਭੁਲੱਈਆ..."

ਉਨ੍ਹਾਂ ਦੇ ਹੱਥ ਵਿੱਚ ਕਮਾਨ ਵਰਗਾ ਸਾਜ਼ ਤੇਜ਼ੀ ਨਾਲ਼ ਸਾਰੰਗੀ ਦੀਆਂ ਤਾਰਾਂ ਉੱਪਰ ਰਿੜ੍ਹਨ ਲੱਗਿਆ। ਸਾਜ਼ ਦੇ ਉੱਪਰ-ਹੇਠਾਂ ਡੋਲਣ ਤੋਂ ਬਾਅਦ ਇੱਕ ਸੁਰੀਲੀ ਸੁਰ ਪੈਦਾ ਹੋਈ। ਸਾਰੰਗੀ ਦਾ ਦੂਜਾ ਸਿਰਾ ਉਨ੍ਹਾਂ ਨੇ ਛਾਤੀ ਅਤੇ ਖੱਬੇ ਮੋਢੇ ਦੇ ਨੇੜੇ ਆਰਾਮ ਨਾਲ਼ ਟਿਕਾਇਆ ਹੋਇਆ ਸੀ। ਜਦੋਂ ਉਨ੍ਹਾਂ ਦੀ ਸਾਰੰਗੀ ਨੇ ਸਾਲ 2022 'ਚ ਆਈ ਫ਼ਿਲਮ ਭੁੱਲ ਭੁਲਾਈਆ ਦਾ ਮਸ਼ਹੂਰ ਗੀਤ ਛੋਹਿਆ ਤਾਂ ਉਹ ਗੀਤ ਆਪਣੇ ਅਸਲ ਰੂਪ ਨਾਲ਼ੋਂ ਵੱਧ ਜਾਦੂਈ ਬਣ ਗਿਆ।

ਰੇਲ ਗੱਡੀ ਦੇ ਕੁਝ ਯਾਤਰੀ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਆਪਣੇ ਰੌਲ਼ੇ ਨੂੰ ਭੁੱਲ ਸੁਰੀਲੇ ਸੰਗੀਤ ਦੇ ਸੰਸਾਰ ਵਿੱਚ ਗੁਆਚ ਗਏ। ਦੂਜਿਆਂ ਨੇ ਆਪਣੇ ਫੋਨ ਬਾਹਰ ਕੱਢੇ ਅਤੇ ਉਨ੍ਹਾਂ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਦੂਸਰੇ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਫ਼ੈਲਣ ਲੱਗੀ। ਪਰ ਬਹੁਤੇਰੇ ਲੋਕੀਂ ਕੰਨਾਂ 'ਤੇ ਈਅਰਪਲੱਗ ਚੜ੍ਹਾਈ ਸਿਰਫ਼ ਇਸਲਈ ਰੁੱਝ ਗਏ ਤਾਂਕਿ ਡੱਬੇ ਅੰਦਰ ਘੁੰਮ-ਘੁੰਮ ਕੇ ਪੈਸੇ ਮੰਗਦੀ ਛੋਟੀ ਬੱਚੀ, ਭਾਰਤੀ ਨੂੰ ਅਣਦੇਖਿਆ ਕਰ ਸਕਣ।

'ਮੇਰੇ ਪਿਤਾ ਜੀ ਨੇ ਸਾਰੰਗੀ ਨੂੰ ਆਪਣੇ ਹੱਥ ਵਿੱਚ ਲੈ ਲਿਆ। ਮੈਂ ਕਦੇ ਵੀ ਸਕੂਲ ਜਾਣ ਬਾਰੇ ਨਹੀਂ ਸੋਚਿਆ ਅਤੇ ਸਾਰੰਗੀ ਵਜਾਉਂਦਾ ਰਿਹਾ'

ਥੋੜ੍ਹੇ ਉਦਾਸ ਸੁਰ ਵਿੱਚ ਕਿਸ਼ਨ ਕਹਿੰਦੇ ਹਨ,''ਪਹਿਲਾਂ ਲੋਕੀਂ ਮੈਨੂੰ ਦੇਖਦੇ ਤਾਂ ਯਕਦਮ ਸਾਰੰਗੀ ਵਜਾਉਣ ਲਈ ਮੈਨੂੰ ਥਾਂ ਦੇਣ ਲੱਗਦੇ।'' ਉਹ ਚੇਤੇ ਕਰਨ ਲੱਗਦੇ ਹਨ ਕਿ ਕੋਈ 10-15 ਸਾਲ ਪਹਿਲਾਂ ਹਾਲਾਤ ਕਿੰਨੇ ਮੁਖ਼ਤਲਿਫ ਹੋਇਆ ਕਰਦੇ ਸਨ। ''ਲੋਕੀਂ ਨੈਤਿਕ ਰੂਪ ਵਿੱਚ ਵੱਧ ਈਮਾਨਦਾਰ ਤੇ ਜ਼ਿੰਮੇਦਾਰ ਹੋਇਆ ਕਰਦੇ ਸਨ, ਪਰ ਹੁਣ ਹਰ ਕੋਈ ਆਪੋ-ਆਪਣੇ ਫ਼ੋਨਾਂ ਵਿੱਚ ਹੀ ਰੁੱਝ ਕੇ ਰਹਿ ਗਿਆ ਹੈ। ਉਨ੍ਹਾਂ ਦਾ ਫ਼ੋਨ ਹੀ ਹੁਣ ਮਨੋਰੰਜਨ ਦਾ ਸਭ ਤੋਂ ਵੱਡਾ ਜ਼ਰੀਆ ਬਣ ਗਿਆ ਹੈ। ਮੇਰੇ ਸੰਗੀਤ ਵਿੱਚ ਹੁਣ ਸ਼ਾਇਦ ਹੀ ਕਿਸੇ ਨੂੰ ਦਿਲਚਸਪੀ ਬਚੀ ਹੋਵੇ।'' ਅਗਲੀ ਧੁਨ ਵਜਾਉਣ ਤੋਂ ਪਹਿਲਾਂ ਉਹ ਕੁਝ ਪਲਾਂ ਲਈ ਠਹਿਰ ਜਾਂਦੇ ਹਨ।

"ਮੈਂ ਲੋਕ ਸੰਗੀਤ, ਭਜਨ, ਰਾਜਸਥਾਨੀ, ਗੁਜਰਾਤੀ, ਹਿੰਦੀ ਗੀਤ ਅਤੇ ਜੋ ਕੁਝ ਵੀ ਤੁਸੀਂ ਮੈਨੂੰ ਕਰਨ ਲਈ ਕਹਿੰਦੇ ਹੋ, ਉਹ ਵਜਾ ਸਕਦਾ ਹਾਂ। ਸਾਰੰਗੀ ਵਿੱਚ ਕੋਈ ਗਾਣਾ ਵਜਾਇਆ ਜਾ ਸਕੇ, ਇਸ ਲਈ ਉਹ ਮੇਰੇ ਦਿਮਾਗ ਵਿੱਚ ਰਹਿਣਾ ਚਾਹੀਦਾ ਹੈ। ਇਸੇ ਲਈ ਮੈਂ ਚਾਰ-ਪੰਜ ਦਿਨ ਗਾਣਾ ਸੁਣਦਾ ਹਾਂ। ਮੈਂ ਕਈ ਦਿਨਾਂ ਤੱਕ ਅਭਿਆਸ ਵੀ ਕਰਦਾ ਹਾਂ ਤਾਂ ਜੋ ਹਰ ਨੋਟ ਨੂੰ ਸਹੀ ਢੰਗ ਨਾਲ਼ ਬਿਠਾਇਆ ਜਾ ਸਕੇ," ਉਨ੍ਹਾਂ ਨੇ ਸਾਰੰਗੀ ਦੀ ਆਵਾਜ਼ ਨੂੰ ਸਹੀ ਕਰਦੇ ਹੋਏ ਕਿਹਾ।

ਦੂਜੇ ਪਾਸੇ, ਕੁਝ ਮਰਦ ਅਤੇ ਔਰਤਾਂ ਨੇ ਭਾਰਤੀ ਨੂੰ ਨੇੜੇ ਆਉਂਦੇ ਦੇਖ ਸਭ ਤੋਂ ਛੋਟੇ ਸਿੱਕਿਆਂ ਅਤੇ ਨੋਟ ਨੂੰ ਲੱਭਣ ਲਈ ਆਪਣੀਆਂ ਜੇਬਾਂ ਅਤੇ ਪਰਸ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਉਹ ਡੱਬੇ ਦੇ ਅੰਦਰ ਪੈਸੇ ਇਕੱਠੇ ਕਰਨ ਲਈ ਰੇਲ ਦੇ ਪਹੀਏ ਵਾਂਗ ਤੇਜ਼ੀ ਨਾਲ਼ ਅੱਗੇ ਵੱਧ ਰਹੀ ਸੀ, ਤਾਂਕਿ ਉਹ ਅਗਲੇ ਸਟੇਸ਼ਨ 'ਤੇ ਉਤਰਨ ਤੋਂ ਪਹਿਲਾਂ ਰੇਲ ਗੱਡੀ ਦੇ ਹਰੇਕ ਯਾਤਰੀ ਤੱਕ ਪਹੁੰਚ ਸਕੇ।

ਕਿਸ਼ਨ ਦੀ ਕਮਾਈ ਦਾ ਸੂਚਕ-ਅੰਕ ਦਿਨ-ਬ-ਦਿਨ ਬਦਲਦਾ ਰਹਿੰਦਾ ਹੈ। ਕਿਸੇ ਦਿਨ ਉਹ 400 ਰੁਪਏ ਕਮਾਉਂਦੇ ਹਨ ਤੇ ਕਦੇ-ਕਦਾਈਂ ਉਨ੍ਹਾਂ ਦੀ ਕਮਾਈ 1,000 ਰੁਪਏ ਤੱਕ ਵੀ ਹੋ ਜਾਂਦੀ ਹੈ ਤੇ ਕੋਈ ਛੇ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਅੱਡੋ-ਅੱਡ ਟ੍ਰੇਨਾਂ ਵਿੱਚ ਭੱਜ-ਦੌੜ ਕਰਨ ਬਾਅਦ ਹੀ ਇਹ ਕਮਾਈ ਉਨ੍ਹਾਂ ਦੇ ਹਿੱਸੇ ਆ ਪਾਉਂਦੀ ਹੈ। ਉਨ੍ਹਾਂ ਦੇ ਕੰਮ ਦੀ ਸ਼ੁਰੂਆਤ ਰੋਜ਼ ਸ਼ਾਮੀਂ ਛੇ ਵਜੇ ਹੁੰਦੀ ਹੈ ਜਦੋਂ ਉਹ ਆਪਣੇ ਘਰ ਦੇ ਨੇੜੇ ਮੁੰਬਈ ਪੱਛਮੀ ਲਾਈਨ 'ਤੇ ਨਾਲਾਸੋਪਾਰਾ ਸਥਾਨਕ ਰੇਲ ਗੱਡੀ ਵਿੱਚ ਸਵਾਰ ਹੁੰਦੇ ਹਨ। ਉਹ ਕਿਸੇ ਵੀ ਨਿਸ਼ਚਿਤ ਰੂਟ 'ਤੇ ਯਾਤਰਾ ਨਹੀਂ ਕਰਦੇ ਤੇ ਆਮ ਤੌਰ 'ਤੇ ਚਰਚਗੇਟ ਅਤੇ ਵਿਰਾਰ ਦੇ ਵਿਚਕਾਰ ਰੇਲ ਗੱਡੀਆਂ ਵਿੱਚ ਚੜ੍ਹਦੇ ਹਨ ਜੋ ਭੀੜ ਵਿਚਾਲੇ ਉਨ੍ਹਾਂ ਨੂੰ ਸਾਰੰਗੀ ਵਜਾਉਣ ਲਈ ਜਗ੍ਹਾ ਦੇ ਮਿਲ਼ਣ 'ਤੇ ਨਿਰਭਰ ਕਰਦਾ ਹੈ।

"ਸਵੇਰੇ, ਲੋਕ ਕੰਮ 'ਤੇ ਜਾਣ ਲਈ ਕਾਹਲੇ ਹੁੰਦੇ ਹਨ। ਇਸ ਦੌਰਾਨ, ਮੇਰੇ ਗਾਣੇ ਨੂੰ ਸੁਣਨ ਦਾ ਸਮਾਂ ਕਿਸ ਕੋਲ ਹੈ?" ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸ਼ਾਮ ਦਾ ਸਮਾਂ ਨੂੰ ਕਿਉਂ ਚੁਣਿਆ। "ਜਦੋਂ ਲੋਕ ਸ਼ਾਮ ਨੂੰ ਘਰ ਲਈ ਰਵਾਨਾ ਹੁੰਦੇ ਹਨ ਤਾਂ ਉਹ ਥੋੜ੍ਹੇ ਆਰਾਮ ਵਿੱਚ ਹੁੰਦੇ ਹਨ। ਹਾਲਾਂਕਿ ਫਿਰ ਵੀ ਕੁਝ ਲੋਕ ਮੈਨੂੰ ਅੱਗੇ-ਅੱਗੇ ਧੱਕਾ ਦਿੰਦੇ ਰਹਿੰਦੇ ਹਨ। ਮੈਂ ਅਜਿਹੇ ਲੋਕਾਂ ਨੂੰ ਨਜ਼ਰਅੰਦਾਜ਼ ਕਰਦਾ ਹਾਂ। ਮੇਰੇ ਲਈ ਹੋਰ ਵਿਕਲਪ ਕੀ ਹੈ?" ਉਨ੍ਹਾਂ ਨੂੰ ਸਿਰਫ਼ ਇਹੀ ਇੱਕ ਹੁਨਰ ਆਉਂਦਾ ਹੈ ਜੋ ਉਨ੍ਹਾਂ ਨੂੰ ਵਿਰਸੇ ਵਿੱਚ ਮਿਲ਼ਿਆ ਹੈ।

Kishan Jogi with his daughter Bharti as he plays the sarangi on the 7 o’clock Mumbai local train that runs through the western suburb line
PHOTO • Aakanksha

ਕਿਸ਼ਨ ਜੋਗੀ, ਆਪਣੀ ਧੀ ਭਾਰਤੀ ਦੇ ਨਾਲ਼, ਪੱਛਮੀ ਉਪਨਗਰ ਲੇਨ 'ਤੇ ਚੱਲ ਰਹੀ ਮੁੰਬਈ ਦੀ ਇੱਕ ਸਥਾਨਕ ਰੇਲ ਗੱਡੀ ਵਿੱਚ ਸ਼ਾਮ 7 ਵਜੇ ਦੇ ਕਰੀਬ ਸਾਰੰਗੀ ਵਜਾਉਂਦੇ ਹੋਏ

ਉਨ੍ਹਾਂ ਦੇ ਪਿਤਾ ਮਿਤਾਜੀ ਜੋਗੀ ਇੱਥੇ ਲੋਕਲ ਟ੍ਰੇਨਾਂ ਅਤੇ ਜਨਤਕ ਥਾਵਾਂ 'ਤੇ ਸਾਰੰਗੀ ਵਜਾਉਂਦੇ ਸਨ। ਉਹ ਰਾਜਸਥਾਨ ਦੇ ਲੂਨੀਆਪੁਰ ਤੋਂ ਇੱਥੇ ਆਏ ਸਨ। "ਜਦੋਂ ਮੇਰੇ ਮਾਤਾ-ਪਿਤਾ ਮੁੰਬਈ ਆਏ ਤਾਂ ਮੈਂ ਸਿਰਫ਼ ਦੋ ਸਾਲਾਂ ਦੀ ਸੀ। ਉਹ ਯਾਦ ਕਰਦੇ ਹਨ, "ਮੇਰਾ ਛੋਟਾ ਭਰਾ ਵਿਜਯਾ ਵੀ ਉਸ ਸਮੇਂ ਸਾਡੇ ਨਾਲ਼ ਸੀ। ਕਿਸ਼ਨ ਭਾਰਤੀ ਤੋਂ ਛੋਟਾ ਸੀ ਜਦੋਂ ਉਸਨੇ ਆਪਣੇ ਪਿਤਾ ਨੂੰ ਦੇਖ ਕੇ ਸਾਰੰਗੀ ਵਜਾਉਣੀ ਸ਼ੁਰੂ ਕੀਤੀ।

ਮਿਤਾਜੀ (ਰਾਜਸਥਾਨ ਵਿੱਚ ਹੋਰ ਪਛੜੀਆਂ ਸ਼੍ਰੇਣੀਆਂ ਦੇ ਅਧੀਨ ਸੂਚੀਬੱਧ) ਜੋ ਜੋਗੀ ਭਾਈਚਾਰੇ ਨਾਲ਼ ਸਬੰਧ ਰੱਖਦੇ ਸਨ, ਨੂੰ ਇੱਕ ਸੰਗੀਤਕਾਰ ਵਜੋਂ ਜਾਣਿਆ ਜਾਂਦਾ ਸੀ। ਉਹ ਪਿੰਡ ਵਿੱਚ ਰਾਵਣਹੱਟਾ ਨਾਮਕ ਇੱਕ ਪ੍ਰਾਚੀਨ ਤਾਰ ਵਾਲ਼ਾ ਸਾਜ਼ ਵਜਾਉਂਦੇ ਸਨ। ਉਨ੍ਹਾਂ ਦੀ ਜ਼ਿੰਦਗੀ ਨੂੰ ਇਸ ਵਿੱਚੋਂ ਲੰਘਣਾ ਪਿਆ। ਸੁਣੋ: ਉਦੈਪੁਰ 'ਚ ਰਾਵਣ ਨੂੰ ਜਿਊਂਦਾ ਰੱਖਣਾ

ਕਿਸ਼ਨ ਕਹਿੰਦੇ ਹਨ, "ਮੇਰੇ ਬਾਪ [ਡੈਡੀ] ਅਤੇ ਹੋਰਨਾਂ ਨੂੰ ਸੱਭਿਆਚਾਰਕ ਸਮਾਗਮਾਂ ਜਾਂ ਧਾਰਮਿਕ ਸਮਾਗਮਾਂ ਵਿੱਚ ਸਾਜ਼ ਵਜਾਉਣ ਲਈ ਸੱਦਾ ਦਿੱਤਾ ਜਾਂਦਾ ਸੀ। ਪਰ ਅਜਿਹੇ ਮੌਕੇ ਬਹੁਤ ਘੱਟ ਹੁੰਦੇ ਸਨ ਅਤੇ ਜੋ ਪੈਸਾ ਆਉਂਦਾ ਸੀ ਉਹ ਸਾਰਿਆਂ ਵਿੱਚ ਵੰਡਿਆ ਜਾਂਦਾ ਸੀ।

ਇਸ ਮਾਮੂਲੀ ਜਿਹੀ ਕਮਾਈ ਨੇ ਮਿਤਾਜੀ ਅਤੇ ਉਨ੍ਹਾਂ ਦੀ ਪਤਨੀ ਜਮਨਾ ਦੇਵੀ ਨੂੰ ਘੱਟ ਦਿਹਾੜੀ 'ਤੇ ਖੇਤ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜਬੂਰ ਕਰ ਦਿੱਤਾ। "ਪਿੰਡ ਦੀ ਗਰੀਬੀ ਸਾਨੂੰ ਖਿੱਚ ਕੇ ਮੁੰਬਈ ਲੈ ਗਈ।'' ਉਹ ਅੱਗੇ ਕਹਿੰਦੇ ਹਨ, "ਕੋਈ ਹੋਰ ਧੰਦਾ ਜਾਂ ਮਜ਼ਦੂਰੀ ਸੀ ਨਹੀਂ।''

ਬੰਬਈ ਵਿੱਚ ਮਿਤਾਜੀ ਨੇ ਸਭ ਤੋਂ ਪਹਿਲਾਂ ਜਨਤਕ ਥਾਵਾਂ 'ਤੇ ਘੁੰਮ ਕੇ ਰਾਵਣਹੱਟਾ ਵਜਾਇਆ। ਫਿਰ ਉਨ੍ਹਾਂ ਨੇ ਸਾਰੰਗੀ ਵਜਾਉਣੀ ਸ਼ੁਰੂ ਕਰ ਦਿੱਤੀ। ਅਨੁਭਵੀ ਕਲਾਕਾਰ ਕਹਿੰਦਾ ਹੈ, "ਸਾਰੰਗੀ ਦੀ ਧੁਨ ਉਹਦੇ (ਰਾਵਣਹੱਟਾ) ਮੁਕਾਬਲੇ ਤੇਜ਼ ਹੁੰਦੀ ਹੈ ਤੇ ਤਾਰਾਂ ਦੀ ਗਿਣਤੀ ਵੀ ਗਿਣੀ-ਚੁਣੀ ਹੀ ਹੁੰਦੀ ਹੈ। ਮੇਰੇ ਪਿਤਾ ਨੇ ਸਾਰੰਗੀ ਵਜਾਉਣੀ ਸ਼ੁਰੂ ਕੀਤੀ ਕਿ ਆਮ ਲੋਕਾਂ ਨੂੰ ਇਹਦੀ ਧੁਨ ਵੱਧ ਪਸੰਦੀ ਸੀ। ਇਹ ਸੰਗੀਤ ਦੀ ਵਿਧਾ ਨੂੰ ਨਵੀਂਆਂ ਵੰਨ-ਸੁਵੰਨਤਾਵਾਂ  ਨਾਲ਼ ਭਰ ਦਿੰਦੀ ਹੈ।''

A photograph of Kishan's father Mitaji Jogi hangs on the wall of his home, along with the sarangi he learnt to play from his father.
PHOTO • Aakanksha
Right: Kishan moves between stations and trains in search of a reasonably good crowd and some space for him to play
PHOTO • Aakanksha

ਖੱਬੇ ਪਾਸੇ: ਕੰਧ 'ਤੇ ਲੱਗੀ ਮਿਤਾਜੀ ਦੀ ਇੱਕ ਤਸਵੀਰ ਅਤੇ ਇੱਕ ਸਾਰੰਗੀ ਜੋ ਕਿਸ਼ਨ ਨੇ ਆਪਣੇ ਪਿਤਾ ਤੋਂ ਵਜਾਉਣੀ ਸਿੱਖੀ ਸੀ। ਸੱਜੇ ਪਾਸੇ: ਕਿਸ਼ਨ ਅੱਡ-ਅੱਡ ਸਟੇਸ਼ਨਾਂ ਵਿਚਾਲੇ ਤੇ ਅੱਡੋ-ਅੱਡ ਰੇਲਾਂ ਵਿੱਚ ਬਹੁਤ ਸਾਰੀ ਭੀੜ ਤੇ ਸਾਰੰਗੀ ਵਜਾਉਣ ਦੀ ਲੋੜੀਂਦੀ ਜਗ੍ਹਾ ਦੀ ਤਲਾਸ਼ ਵਿੱਚ ਭਟਕਦੇ ਰਹਿੰਦੇ ਹਨ

ਕਿਸ਼ਨ ਦੀ ਮਾਂ ਜਮਨਾ ਦੇਵੀ ਆਪਣੇ ਪਤੀ ਤੇ ਦੋ ਬੱਚਿਆਂ ਦੇ ਨਾਲ਼ ਇੱਕ ਥਾਂ ਤੋਂ ਦੂਜੀ ਥਾਂ ਭਟਕਦੀ ਰਹੀ। ਉਹ ਯਾਦ ਕਰਦੇ ਹੈ,"ਪਹਿਲਾਂ ਤਾਂ ਫੁੱਟਪਾਥ ਹੀ ਸਾਡਾ ਘਰ ਸੀ, ਜਿੱਥੇ ਵੀ ਸਾਨੂੰ ਥਾਂ ਮਿਲਦੀ ਸੀ, ਅਸੀਂ ਉੱਥੇ ਹੀ ਸੌਂਦੇ ਸੀ।" ਜਦੋਂ ਦਿਨ ਬੀਤੇ ਅਤੇ ਉਹ ਅੱਠ ਸਾਲਾਂ ਦਾ ਹੋਏ, ਉਦੋਂ ਤੱਕ ਉਨ੍ਹਾਂ ਦੇ ਦੋ ਹੋਰ ਛੋਟੇ ਭਰਾ ਸੂਰਜ ਅਤੇ ਗੋਪੀ ਵੀ ਜਨਮ ਲੈ ਚੁੱਕੇ ਸਨ। "ਮੈਂ ਉਨ੍ਹਾਂ ਦਿਨਾਂ ਨੂੰ ਵੀ ਯਾਦ ਨਹੀਂ ਕਰਨਾ ਚਾਹੁੰਦਾ," ਉਨ੍ਹਾਂ ਨੇ ਦਰਦਭਰੀ ਅਵਾਜ਼ ਵਿੱਚ ਕਿਹਾ।

ਉਹ ਸਿਰਫ ਉਹ ਪਲ ਯਾਦ ਕਰਨਾ ਚਾਹੁੰਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸੰਗੀਤ ਸਿਖਾਉਂਦੇ ਸਨ। ਉਨ੍ਹਾਂ ਨੇ ਕਿਸ਼ਨ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਸਿਖਾਇਆ ਸੀ ਕਿ ਖ਼ੁਦ ਬਣਾਈ ਲੱਕੜ ਦੀ ਸਾਰੰਗੀ ਵਿੱਚ ਕਿਵੇਂ ਵਜਾਉਣਾ ਹੈ। "ਗਲੀਆਂ ਅਤੇ ਰੇਲ ਗੱਡੀਆਂ ਉਨ੍ਹਾਂ ਦਾ ਮੰਚ ਸਨ। ਉਹ ਹਰ ਜਗ੍ਹਾ ਸਾਜ ਵਜਾਉਂਦੇ ਰਹੇ ਅਤੇ ਕੋਈ ਵੀ ਉਨ੍ਹਾਂ ਨੂੰ ਰੋਕਦਾ ਨਾ। ਜਿੱਥੇ ਵੀ ਉਨ੍ਹਾਂ ਨੇ ਪੇਸ਼ਕਾਰੀ ਕੀਤੀ, ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਕਰਸ਼ਿਤ ਕੀਤਾ," ਕਿਸ਼ਨ ਕਹਿੰਦੇ ਹਨ ਤੇ ਬੜੇ ਰੋਮਾਂਚਿਤ ਹੋ ਜਾਂਦੇ ਹਨ। ਭੀੜ ਦਾ ਅਕਾਰ ਦੱਸਣ ਲਈ ਆਪਣੀ ਬਾਂਹਾਂ ਫੈਲਾ ਲੈਂਦੇ ਹਨ।

ਪਰ ਉਹੀ ਗਲ਼ੀਆਂ ਉਨ੍ਹਾਂ ਦੇ ਪੁੱਤਰ ਲਈ ਓਨੀਆਂ ਮਿਹਰਬਾਨ ਨਾ ਰਹੀਆਂ, ਇੰਨਾ ਹੀ ਨਹੀਂ ਇੱਕ ਵਾਰ ਤਾਂ ਉਨ੍ਹਾਂ ਨੂੰ ਬੜੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਜੁਹੂ-ਚੌਪਾਤੀ ਬੀਚ 'ਤੇ ਸੈਲਾਨੀਆਂ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ 1,000 ਰੁਪਏ ਦਾ ਜ਼ੁਰਮਾਨਾ ਠੋਕ ਦਿੱਤਾ। ਜਦੋਂ ਉਹ ਜੁਰਮਾਨਾ ਅਦਾ ਨਾ ਕਰ ਸਕੇ, ਤਾਂ ਉਨ੍ਹਾਂ ਨੂੰ ਕੁਝ ਘੰਟਿਆਂ ਲਈ ਲਾਕ-ਅੱਪ ਵਿੱਚ ਰੱਖਿਆ ਗਿਆ। ਕਿਸ਼ਨ ਕਹਿੰਦੇ ਹਨ, "ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕੀ ਗਲਤ ਹੋਇਆ ਹੈ। ਉਦੋਂ ਤੋਂ ਹੀ ਉਨ੍ਹਾਂ ਨੇ ਸਿਰਫ ਰੇਲ ਗੱਡੀਆਂ ਵਿੱਚ ਸਾਰੰਗੀ ਵਜਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਵਿਚਾਰ ਹੈ ਕਿ ਉਹ ਕਦੇ ਵੀ ਆਪਣੇ ਪਿਤਾ ਦੇ ਬਰਾਬਰ ਸਾਰੰਗੀ ਨਹੀਂ ਵਜਾ ਸਕਦੇ।

ਕਿਸ਼ਨ ਕਹਿੰਦੇ ਹਨ, "ਮੇਰੇ ਬਾਪ ਮੇਰੇ ਨਾਲ਼ੋਂ ਕਿਤੇ ਵੱਧ ਸ਼ਾਨਦਾਰ ਤਰੀਕੇ ਨਾਲ਼ ਸਾਰੰਗੀ ਵਜਾਉਂਦੇ ਸਨ। ਮਿਤਾਜੀ ਸਾਰੰਗੀ ਵਜਾਉਣ ਦੇ ਨਾਲ਼-ਨਾਲ਼ ਗਾਉਂਦੇ ਵੀ ਸਨ। ਪਰ ਕਿਸ਼ਨ ਗਾਣੇ ਤੋਂ ਦੂਰ ਰਿਹਾ ਹੈ। "ਮੈਂ ਤੇ ਮੇਰਾ ਭਰਾ ਰੋਜ਼ੀ-ਰੋਟੀ ਕਮਾਉਣ ਲਈ ਵਜਾਉਂਦੇ ਹਾਂ।" ਉਨ੍ਹਾਂ ਦੇ ਪਿਤਾ ਦੀ ਟੀਬੀ ਕਾਰਨ ਮੌਤ ਹੋ ਗਈ, ਉਦੋਂ ਕਿਸ਼ਨ 10 ਸਾਲਾਂ ਦੇ ਸਨ। "ਓਦੋਂ ਸਾਡੇ ਕੋਲ਼ ਰੋਟੀ ਜੋਗੇ ਪੈਸੇ ਵੀ ਨਾ ਹੁੰਦੇ, ਹਸਪਤਾਲ ਲਿਜਾਣ ਦੀ ਗੱਲ ਹੀ ਦੂਰ ਰਹੀ।"

ਕਿਸ਼ਨ ਨੂੰ ਛੋਟੀ ਉਮਰ ਤੋਂ ਹੀ ਕਮਾਈ ਸ਼ੁਰੂ ਕਰਨੀ ਪਈ। "ਹੋਰ ਚੀਜ਼ਾਂ ਦਾ ਸਮਾਂ ਕਿੱਥੇ ਸੀ? ਬਾਪ ਨੇ ਸਾਰੰਗੀ ਥਾਮਾ ਦੀ , ਕਭੀ ਸਕੂਲ ਕਾ ਭੀ ਨਹੀਂ ਸੋਚਾ ਬੱਸ ਬਜਾਤੇ ਗਿਆ ," ਉਹ ਕਹਿੰਦੇ ਹਨ।

Left: Kishan with one of his younger brothers, Suraj.
PHOTO • Aakanksha
Right: Kishan with his wife Rekha and two children, Yuvraj and Bharati
PHOTO • Aakanksha

ਖੱਬੇ ਪਾਸੇ: ਕਿਸ਼ਨ ਸੂਰਜ ਦੇ ਨਾਲ਼, ਉਨ੍ਹਾਂ ਦੇ ਇੱਕ ਭਰਾ ਨਾਲ਼। ਸੱਜੇ ਪਾਸੇ: ਕਿਸ਼ਨ ਆਪਣੀ ਪਤਨੀ ਰੇਖਾ ਅਤੇ ਦੋ ਬੱਚਿਆਂ ਯੁਵਰਾਜ ਅਤੇ ਭਾਰਤੀ ਨਾਲ਼

ਪਿਤਾ ਦੀ ਮੌਤ ਤੋਂ ਬਾਅਦ ਦੋਵੇਂ ਛੋਟੇ ਭਰਾ ਵਿਜੇ ਅਤੇ ਗੋਪੀ ਅੰਮਾ ਨਾਲ਼ ਘਰ ਚਲੇ ਗਏ। ਅਤੇ ਸੂਰਜ ਨਾਸਿਕ ਲਈ ਰਵਾਨਾ ਹੋ ਗਿਆ। ਕਿਸ਼ਨ ਕਹਿੰਦੇ ਹਨ, "ਉਨ੍ਹਾਂ ਨੂੰ ਮੁੰਬਈ ਦੀ ਹਲਚਲ ਪਸੰਦ ਨਹੀਂ ਹੈ, ਉਹ ਸਾਰੰਗੀ ਵਜਾਉਣਾ ਵੀ ਪਸੰਦ ਨਹੀਂ ਕਰਦੇ। ਸੂਰਜ ਨੂੰ ਇਹ ਕੰਮ ਪਸੰਦ ਹੈ ਤੇ ਉਹ ਅੱਜ ਵੀ ਸਾਰੰਗੀ ਵਜਾਉਂਦਾ ਹੈ, ਪਰ ਦੂਸਰੇ ਦੋਵੇਂ ਰੋਜ਼ੀ-ਰੋਟੀ ਲਈ ਹੋਰ ਛੋਟੇ-ਮੋਟੇ ਕੰਮ ਕਰਦੇ ਹਨ।"

"ਮੈਨੂੰ ਨਹੀਂ ਪਤਾ ਕਿ ਮੈਂ ਮੁੰਬਈ ਵਿੱਚ ਕਿਉਂ ਰਿਹਾ। ਪਰ ਇੱਥੇ ਮੈਂ ਆਪਣੀ ਛੋਟੀ ਜਿਹੀ ਦੁਨੀਆ ਬਣਾਈ ਹੈ," ਕਿਸ਼ਨ ਕਹਿੰਦੇ ਹਨ। ਮੁੰਬਈ ਦੇ ਉੱਤਰੀ ਉਪਨਗਰ ਨਾਲਾਸੋਪਾਰਾ ਵੈਸਟ ਵਿੱਚ ਮਿੱਟੀ ਦੇ ਫਰਸ਼ ਵਾਲ਼ਾ ਇੱਕ ਛੋਟਾ ਜਿਹਾ ਘਰ ਜੋ ਉਨ੍ਹਾਂ ਨੇ ਕਿਰਾਏ 'ਤੇ ਲਿਆ ਸੀ, ਉਹ ਹੀ ਉਨ੍ਹਾਂ ਦੀ ਦੁਨੀਆ ਦਾ ਇੱਕ ਹਿੱਸਾ ਹੈ। 10'X10' ਵਾਲ਼ੇ ਇਸ ਘਰ ਵਿੱਚ ਸੀਮੈਂਟ ਦੀ ਚਾਦਰਾਂ ਹੀ ਕੰਧਾਂ ਹਨ ਤੇ ਛੱਤ ਟੀਨ ਦੀ ਹੈ।

ਰੇਖਾ, ਜੋ ਉਨ੍ਹਾਂ ਦਾ ਪਹਿਲਾ ਪਿਆਰ ਸੀ, ਪਿਛਲੇ 15 ਸਾਲਾਂ ਤੋਂ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ- ਭਾਰਤੀ ਅਤੇ ਯੁਵਰਾਜ (3) ਦੀ ਮਾਂ ਹੈ, ਘਰ ਦੇ ਅੰਦਰ ਸਾਡਾ ਸਵਾਗਤ ਕਰਦੀ ਹਨ। ਉਸ ਛੋਟੇ ਜਿਹੇ ਕਮਰੇ ਵਿੱਚ, ਜਿੱਥੇ ਚਾਰ ਲੋਕ ਰਹਿੰਦੇ ਹਨ, ਰਸੋਈ, ਟੀਵੀ ਅਤੇ ਕੱਪੜੇ ਟੰਗੇ ਹੋਏ ਹਨ। ਉਨ੍ਹਾਂ ਦੀ ਸਾਰੰਗੀ, ਜਿਸ ਨੂੰ ਕਿਸ਼ਨ ਨੇ 'ਖ਼ਜ਼ਾਨਾ' ਕਿਹਾ ਸੀ, ਕੰਕਰੀਟ ਦੇ ਖੰਭੇ ਨਾਲ਼ ਲਟਕ ਰਹੀ ਸੀ।

ਰੇਖਾ ਦੇ ਪਸੰਦੀਦਾ ਗਾਣੇ ਬਾਰੇ ਪੁੱਛੇ ਜਾਣ 'ਤੇ, ਕਿਸ਼ਨ ਤੁਰੰਤ ਕਹਿੰਦੇ ਹੈ, " ਹਰ ਧੁੰਨ ਉਸਕੇ ਨਾਮ ।''

"ਮੈਨੂੰ ਉਨ੍ਹਾਂ ਦਾ ਸਾਜ ਵਜਾਉਣਾ ਪਸੰਦ ਹੈ। ਪਰ ਭਵਿੱਖ ਵਿੱਚ ਇਸੇ ਦੀ ਕਮਾਈ ਸਿਰ ਬਚਣਾ ਮੁਸ਼ਕਿਲ ਹੈ," ਰੇਖਾ ਕਹਿੰਦੀ ਹਨ,"ਮੈਂ ਚਾਹੁੰਦੀ ਹਾਂ ਕਿ ਉਹ ਕੋਈ ਟਿਕਾਊ ਨੌਕਰੀ ਲੱਭ ਲੈਣ, ਜਿਸ ਦੀ ਆਮਦਨ ਨਿਯਮਿਤ ਹੋਵੇ। ਪਹਿਲਾਂ ਸਿਰਫ਼ ਅਸੀਂ ਹੀ ਸਾਂ, ਪਰ ਹੁਣ ਸਾਡੇ ਦੋ ਬੱਚੇ ਵੀ ਹਨ।"

'I can play even in my sleep. This is all that I know. But there are no earnings from sarangi, ' says Kishan
PHOTO • Aakanksha

'ਮੈਂ ਨੀਂਦ ਵਿੱਚ ਵੀ ਸਾਰੰਗੀ ਵਜਾ ਸਕਦਾ ਹਾਂ। ਬੱਸ ਇਹੀ ਇੱਕ ਕੰਮ ਹੈ ਜੋ ਮੈਂ ਜਾਣਦਾ ਹਾਂ। ਪਰ ਹੁਣ ਸਾਨੂੰ ਸਾਰੰਗੀ ਤੋਂ ਕੋਈ ਆਮਦਨੀ ਨਹੀਂ ਮਿਲ ਰਹੀ ਹੈ,' ਕਿਸ਼ਨ ਕਹਿੰਦੇ ਹਨ

ਕਿਸ਼ਨ ਨਾਲ਼ ਯਾਤਰਾ ਕਰਨ ਵਾਲ਼ੀ ਭਾਰਤੀ, ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਸਕੂਲ ਨਿਲੇਮੋਰ ਵਿੱਚ ਹੈ ਜੋ ਉਸਦੇ ਘਰ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਹੈ। ਸਕੂਲ ਤੋਂ ਬਾਅਦ ਉਹ ਆਪਣੇ ਪਿਤਾ ਨਾਲ਼ ਚਲੀ ਜਾਂਦੀ ਹੈ। "ਡੈਡੀ ਜੋ ਵੀ ਵਜਾਉਂਦੇ ਹਨ, ਉਹ ਮੈਨੂੰ ਪਸੰਦ ਹੈ। ਪਰ ਮੈਂ ਹਰ ਰੋਜ਼ ਉਨ੍ਹਾਂ ਨਾਲ਼ ਜਾਣਾ ਨਹੀਂ ਚਾਹੁੰਦਾ।'' ਉਹ ਕਹਿੰਦੀ ਹੈ, "ਮੈਨੂੰ ਆਪਣੇ ਦੋਸਤਾਂ ਨਾਲ਼ ਨੱਚਣਾ ਅਤੇ ਖੇਡਣਾ ਪਸੰਦ ਹੈ।''

ਕਿਸ਼ਨ ਕਹਿੰਦੇ ਹਨ, "ਜਦੋਂ ਉਹ ਪੰਜ ਸਾਲ ਦੀ ਸੀ ਤਾਂ ਮੈਂ ਉਸ ਨੂੰ ਆਪਣੇ ਨਾਲ਼ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਸੀ। ਮੈਂ ਵੀ ਕੀ ਕਰਾਂ? ਮੈਨੂੰ ਵੀ ਉਸ ਨੂੰ ਇੱਧਰ-ਉੱਧਰ ਲਿਜਾਣਾ ਚੰਗਾ ਨਹੀਂ ਲੱਗਦਾ। ਪਰ ਪੈਸੇ ਇਕੱਠੇ ਕਰਨ ਲਈ ਮੈਨੂੰ ਕਿਸੇ ਨਾ ਕਿਸੇ ਦੀ ਤਾਂ ਲੋੜ ਪੈਂਦੀ ਹੀ ਹੈ। ਨਹੀਂ ਤਾਂ ਅਸੀਂ ਕਿਵੇਂ ਕਮਾ ਸਕਦੇ ਹਾਂ?

ਕਿਸ਼ਨ ਹੁਣ ਇਸ ਮਹਾਨਗਰ ਵਿੱਚ ਕਿਸੇ ਹੋਰ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਪਰ ਸਿੱਖਿਆ ਤੋਂ ਬਿਨਾਂ, ਉਨ੍ਹਾਂ ਦੀ ਕਿਸਮਤ ਵਿੱਚ ਕੋਈ ਰੁਜ਼ਗਾਰ ਨਹੀਂ ਹੈ। ਜਦੋਂ ਲੋਕ ਰੇਲ ਗੱਡੀ ਵਿੱਚ ਉਨ੍ਹਾਂ ਦਾ ਨੰਬਰ ਪੁੱਛਦੇ ਹਨ, ਤਾਂ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾਵੇਗਾ। ਕਿਸ਼ਨ ਨੇ ਕੁਝ ਵਿਗਿਆਪਨਾਂ ਲਈ ਬੈਕਗ੍ਰਾਉਂਡ ਸੰਗੀਤ ਦਿੱਤਾ ਹੈ। ਇਸ ਕੰਮ ਲਈ ਉਨ੍ਹਾਂ ਨੇ ਮੁੰਬਈ, ਫਿਲਮ ਸਿਟੀ ਅਤੇ ਵਾਰਸਾ ਦੇ ਸਟੂਡੀਓ ਦਾ ਦੌਰਾ ਕੀਤਾ ਹੈ। ਪਰੰਤੂ ਇੱਕ ਵਾਰ ਜਦੋਂ ਤੁਹਾਨੂੰ ਅਜਿਹੇ ਦੁਰਲੱਭ ਮੌਕੇ ਮਿਲ ਜਾਂਦੇ ਹਨ, ਤਾਂ ਇਹ ਦੁਬਾਰਾ ਮਿਲ਼ਣੇ ਔਖੇ ਹੋ ਜਾਂਦੇ ਹਨ। ਇਨ੍ਹਾਂ ਕੰਮਾਂ ਬਦਲੇ ਮੈਨੂੰ 2000 ਤੋਂ 4000 ਰੁਪਏ ਮਿਲੇ। ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਮੌਕੇ ਬਹੁਤ ਘੱਟ ਮਿਲਦੇ ਹਨ।

ਹੁਣ ਇਸ ਤਰ੍ਹਾਂ ਦਾ ਮੌਕਾ ਮਿਲ਼ੇ ਚਾਰ ਸਾਲ ਹੋ ਗਏ ਹਨ।

Left: A sarangi hanging inside Kishan's house. He considers this his father's legacy.
PHOTO • Aakanksha
Right: Kishan sitting at home with Bharti and Yuvraj
PHOTO • Aakanksha

ਖੱਬੇ ਪਾਸੇ : ਕਿਸ਼ਨ ਦੇ ਘਰ ਸਾਰੰਗੀ ਟੰਗੀ ਹੋਈ ਹੈ। ਉਹ ਇਸ ਨੂੰ ਆਪਣੀ ਵਿਰਾਸਤ ਮੰਨਦੇ ਹਨ। ਸੱਜੇ ਪਾਸੇ: ਕਿਸ਼ਨ ਆਪਣੀ ਧੀ ਭਾਰਤੀ ਅਤੇ ਯੁਵਰਾਜ ਨਾਲ਼ ਬੈਠੇ ਹੋਏ ਹਨ

ਇੱਕ ਦਹਾਕਾ ਪਹਿਲਾਂ 300-400 ਰੁਪਏ ਦਿਹਾੜੀ ਨਾਲ਼ ਗੁਜਾਰਾ ਚੱਲ ਜਾਇਆ ਕਰਦਾ ਸੀ। ਪਰ ਅੱਜ ਇਹ ਅਸੰਭਵ ਹੈ। ਅੱਜ ਉਨ੍ਹਾਂ ਦੇ ਘਰ ਦਾ ਮਾਸਿਕ ਕਿਰਾਇਆ 4,000 ਰੁਪਏ ਹੈ, ਉਨ੍ਹਾਂ ਨੂੰ ਕਰਿਆਨੇ, ਪਾਣੀ, ਬਿਜਲੀ ਆਦਿ ਦੇ ਖਰਚਿਆਂ ਨੂੰ ਪੂਰਾ ਕਰਨ ਲਈ 10,000 ਰੁਪਏ ਦੀ ਹੋਰ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਆਪਣੀ ਧੀ ਦੇ ਸਕੂਲ ਦੀ ਫ਼ੀਸ ਲਈ ਛੇ ਮਹੀਨਿਆਂ 400 ਰੁਪਏ ਦੇਣੇ ਪੈਂਦੇ ਹਨ।

ਦਿਨ ਵੇਲੇ ਦੋਵੇਂ ਪਤੀ-ਪਤਨੀ ਲੋਕਾਂ ਤੋਂ ਪੁਰਾਣੇ ਕੱਪੜੇ ਲੈਣ ਅਤੇ ਤੀਜੀ ਧਿਰ ਨੂੰ ਵੇਚਣ ਲਈ ਚੀਥੜਿਆਂ ਦਾ ਕੰਮ ਕਰਦੇ ਹਨ। ਪਰ ਇਸ ਕੰਮ ਅਤੇ ਇਸ ਤੋਂ ਹੋਣ ਵਾਲ਼ੀ ਆਮਦਨ ਦੋਵਾਂ ਦੀ ਕੋਈ ਗਰੰਟੀ ਨਹੀਂ ਹੈ। ਕੰਮ ਦੇ ਦਿਨਾਂ ਵਿੱਚ ਉਨ੍ਹਾਂ ਦੀ ਆਮਦਨ 100 ਰੁਪਏ ਤੋਂ ਲੈ ਕੇ 400 ਰੁਪਏ ਤੱਕ ਹੁੰਦੀ ਹੈ।

"ਮੈਂ ਨੀਂਦ ਵਿੱਚ ਵੀ ਸਾਰੰਗੀ ਵਜਾ ਸਕਦਾ ਹਾਂ। ਬੱਸ ਇਹੀ ਇੱਕ ਕੰਮ ਹੈ ਜੋ ਮੈਂ ਜਾਣਦਾ ਹਾਂ। ਪਰ ਹੁਣ ਸਾਨੂੰ ਸਾਰੰਗੀ ਤੋਂ ਕੋਈ ਆਮਦਨੀ ਨਹੀਂ ਮਿਲ ਰਹੀ ਹੈ,'' ਕਿਸ਼ਨ ਕਹਿੰਦੇ ਹਨ।

"ਯੇ ਮੇਰੇ ਬਾਪ ਸੇ ਮਿਲੀ ਨਿਸ਼ਾਨੀ ਹੈ ਔਰ ਮੁਝੇ ਭੀ ਲਗਤਾ ਹੈ ਮੈਂ ਕਲਾਕਾਰ ਹੂੰ... ਪਰ ਕਲਾਕਾਰੀ ਸੇ ਪੇਟ ਨਹੀਂ ਭਰਤਾ ਨਾ ?''

ਤਰਜਮਾ: ਕਮਲਜੀਤ ਕੌਰ

Aakanksha

ஆகாங்ஷா பாரியில் செய்தியாளராகவும் புகைப்படக் கலைஞராகவும் இருக்கிறார். கல்விக் குழுவின் உள்ளடக்க ஆசிரியரான அவர், கிராமப்புற மாணவர்கள் தங்களைச் சுற்றியுள்ள விஷயங்களை ஆவணப்படுத்த பயிற்சி அளிக்கிறார்.

Other stories by Aakanksha
Editor : Pratishtha Pandya

பிரதிஷ்தா பாண்டியா பாரியின் மூத்த ஆசிரியர் ஆவார். இலக்கிய எழுத்துப் பிரிவுக்கு அவர் தலைமை தாங்குகிறார். பாரிபாஷா குழுவில் இருக்கும் அவர், குஜராத்தி மொழிபெயர்ப்பாளராக இருக்கிறார். கவிதை புத்தகம் பிரசுரித்திருக்கும் பிரதிஷ்தா குஜராத்தி மற்றும் ஆங்கில மொழிகளில் பணியாற்றுகிறார்.

Other stories by Pratishtha Pandya
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur