ਸੁਸ਼ੀਲਾ ਦਾ ਪੰਜ ਮੈਂਬਰੀ ਪਰਿਵਾਰ ਆਪਣੇ ਛੋਟੇ ਜਿਹੇ ਘਰ ਦੇ ਬਰਾਂਡੇ ਵਿੱਚ ਬੈਠਾ ਆਪਣੀ ਮਾਂ ਦੀ ਮੁੱਠੀ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ, ਮੁੱਠੀ ਜਿਸ ਵਿੱਚ ਉਹਦੀ 'ਤਨਖਾਹ' ਹੈ। ਤਨਖ਼ਾਹ ਦੇ ਨਾਮ 'ਤੇ ਉਹਨੂੰ ਸਿਰਫ਼ 5,000 ਰੁਪਏ ਮਿਲ਼ੇ ਹਨ, ਉਹ ਵੀ ਦੋ ਘਰਾਂ ਵਿੱਚ ਬਤੌਰ ਨੌਕਰਾਣੀ ਕੰਮ ਕਰਨ ਦੇ। ਦੁਪਹਿਰ ਦੇ 2 ਵੱਜੇ ਹਨ ਤੇ 45 ਸਾਲਾ ਸੁਸ਼ੀਲਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਕਾਸ਼ੀ ਵਿਦਿਆਪੀਠ ਦੀ ਅਮਾਰਾ ਬਸਤੀ ਵਿਖੇ ਆਪਣੇ ਘਰ ਅੰਦਰ ਦਾਖਲ ਹੁੰਦੇ ਹਨ।
ਸੁਸ਼ੀਲਾ ਦੇ 24 ਸਾਲਾ ਬੇਟੇ, ਵਿਨੋਦ ਕੁਮਾਰ ਭਾਰਤੀ ਕਹਿੰਦੇ ਹਨ,''ਦੋ ਘਰਾਂ ਦੇ ਭਾਂਡੇ ਮਾਂਜਣ ਤੇ ਝਾੜੂ-ਪੋਚਾ ਲਾਉਣ ਬਦਲੇ ਮੰਮੀ ਨੂੰ 5,000 ਰੁਪਏ ਮਿਲ਼ਦੇ ਨੇ। ਹਰ ਮਹੀਨੇ ਦੀ ਪਹਿਲੀ ਤਰੀਕ ਜਾਣੀ ਕਿ ਅੱਜ ਉਹਨੂੰ ਤਨਖ਼ਾਹ ਮਿਲ਼ਦੀ ਆ। ਪਾਪਾ ਕਿਸੇ ਬਿਜਲੀ ਵਾਲ਼ੇ ਦੇ ਸਹਾਇਕ ਹਨ, ਜੇ ਕਿਤੇ ਚੰਗਾ ਦਿਨ ਹੋਵੇ ਤਾਂ ਥੋੜ੍ਹੇ-ਬਹੁਤ ਪੈਸੇ ਬਣ ਜਾਂਦੇ ਨੇ। ਨਹੀਂ ਤਾਂ ਉਨ੍ਹਾਂ ਦੀ ਕੋਈ ਪੱਕੀ ਕਮਾਈ ਨਈਂ। ਮੈਂ ਵੀ ਮਜ਼ਦੂਰੀ ਕਰਦਾ ਆਂ ਤੇ ਅਸੀਂ ਸਾਰੇ ਰਲ਼-ਮਿਲ਼ ਕੇ ਮਹੀਨੇ ਦਾ ਮਸਾਂ ਹੀ 10,000-12,000 ਰੁਪਏ ਕਮਾਉਂਦੇ ਆਂ। ਹੁਣ ਤੁਸੀਂ ਹੀ ਸੋਚੋ ਬਜਟ ਵਿੱਚ ਜਿਹੜੀ 12 ਲੱਖ ਕਮਾਈ ਨੂੰ ਟੈਕਸ ਛੋਟ ਮਿਲ਼ੀ ਹੈ... ਉਹ ਸਾਡੇ ਕਿਸੇ ਕੰਮ ਦੀ ਹੈ ਵੀ?''
''ਕੁਝ ਸਾਲ ਪਹਿਲਾਂ ਤਾਈਂ ਅਸੀਂ ਮਨਰੇਗਾ (ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ, 2025) ਲਈ ਕੰਮ ਕਰਿਆ ਕਰਦੇ ਸਾਂ। ਪਰ ਹੁਣ ਉੱਥੇ ਵੀ ਕੋਈ ਕੰਮ ਨਹੀਂ ਮਿਲ਼ਦਾ।'' ਸੁਸ਼ੀਲਾ ਸਾਨੂੰ ਆਪਣਾ ਕਾਰਡ ਦਿਖਾਉਂਦੇ ਹਨ ਜਿਸ 'ਤੇ 2021 ਤੱਕ ਦੀਆਂ ਐਂਟਰੀਆਂ ਹਨ, ਜਦੋਂ ਚੀਜ਼ਾਂ ਹਾਲੇ ਡਿਜੀਟਲ ਨਹੀਂ ਸਨ ਹੋਈਆਂ। ਧਿਆਨ ਰਹੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲ਼ਕੇ ਦੀ ਗੱਲ ਕਰ ਰਹੇ ਹਾਂ।
ਸੁਸ਼ੀਲਾ ਦੇ ਪਤੀ 50 ਸਾਲਾ ਸਤਰੂ ਗੱਲ ਅੱਗੇ ਤੋਰਦਿਆਂ ਕਹਿੰਦੇ ਹਨ ਕਿ ਪਿਛਲੇ ਦੋ ਸਾਲਾਂ ਵਿੱਚ ਮਨਰੇਗਾ ਤਹਿਤ ਸਾਨੂੰ ਮੁਸ਼ਕਲ ਨਾਲ਼ ਹੀ 30 ਦਿਨ ਕੰਮ ਮਿਲ਼ਿਆ ਹੋਣਾ। ''ਜਦੋਂ ਅਸੀਂ ਪ੍ਰਧਾਨ ਨੂੰ ਹੋਰ ਕੰਮ ਦੇਣ ਦੇ ਹਾੜ੍ਹੇ ਕੱਢੇ, ਅੱਗਿਓਂ ਉਹਨੇ ਸਾਨੂੰ ਕਿਹਾ, 'ਬਲਾਕ ਅਫ਼ਸਰ ਕੋਲ਼ ਜਾਓ ਤੇ ਪੁੱਛੋ','' ਉਹ ਕਹਿੰਦੇ ਹਨ।
ਸੁਸ਼ੀਲਾ ਆਪਣੇ ਘਰ ਵਿੱਚ ਸਤਰੂ ਦੇ ਦੋ ਭਰਾਵਾਂ ਨਾਲ਼ ਮਿਲ਼ ਕੇ ਰਹਿੰਦੇ ਹਨ। ਕੁੱਲ ਮਿਲਾ ਕੇ, 12 ਜੀਅ ਇੱਕੋ ਛੱਤ ਹੇਠਾਂ ਰਹਿੰਦੇ ਹਨ।
"ਮੈਂ 2023 ਤੋਂ ਆਪਣੇ 35 ਦਿਨਾਂ ਦੇ ਪੈਸੇ ਮਿਲ਼ਣ ਦੀ ਉਡੀਕ ਕਰ ਰਹੀ ਹਾਂ ਜਦੋਂ ਮੈਂ ਨਰੇਗਾ ਤਹਿਤ ਕੰਮ ਕੀਤਾ ਸੀ," ਉਨ੍ਹਾਂ ਭਰਾਵਾਂ ਵਿੱਚੋਂ ਇੱਕ ਦੀ ਵਿਧਵਾ, 42 ਸਾਲਾ ਪੂਜਾ ਕਹਿੰਦੇ ਹਨ,"ਮੇਰੇ ਪਤੀ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਅਤੇ ਮੇਰੇ ਤਿੰਨ ਪੁੱਤਰ ਨੇ ਜਿਨ੍ਹਾਂ ਦੀ ਦੇਖਭਾਲ਼ ਕਰਨ ਲਈ ਮੈਨੂੰ ਕਿਤਿਓਂ ਕੋਈ ਵਿੱਤੀ ਮਦਦ ਨਹੀਂ ਮਿਲ਼ੀ। ਸ਼ੁਕਰ ਹੈ ਅਸਪਾਸ ਕਲੋਨੀ ਮੇ ਘਰ ਕਾ ਕਾਮ ਮਿਲ ਜਾਤਾ ਹੈ। ਵਰਨਾ ਸਰਕਾਰ ਕੇ ਭਰੋਸੇ ਤੋ ਹਮ ਦੋ ਵਕਤ ਕਾ ਖਾਨਾ ਭੀ ਨਹੀ ਖਾ ਪਾਤੇ । "
ਪੰਜਾਬੀ ਤਰਜਮਾ: ਕਮਲਜੀਤ ਕੌਰ