ਇੱਥੇ ਝਾੜੀਆਂ ਵਿੱਚ ਖੜ੍ਹੇ ਅਸੀਂ 'ਸ਼ੈਤਾਨ ਦੀ ਰੀੜ੍ਹ' ਦੀ ਭਾਲ਼ ਕਰ ਰਹੇ ਹਾਂ। ਇਸ ਨੂੰ ਪਿਰੰਡਈ (ਸੀਸਸ ਕੁਡ੍ਰੇਂਗੁਲਰਿਸ) ਕਿਹਾ ਜਾਂਦਾ ਹੈ। ਰਥੀ ਅਤੇਮੈਂ ਚੌਰਸ-ਡੰਡੇ ਵਾਲ਼ੀ ਜਿਹੜੀ ਵੇਲ਼ ਦੀ ਭਾਲ਼ ਵਿੱਚ ਹਾਂ ਉਹ ਬਹੁਤ ਸਾਰੇ ਚੰਗੇ ਗੁਣਾਂ ਨਾਲ਼ ਭਰਪੂਰ ਹੈ। ਆਮ ਤੌਰ 'ਤੇ, ਨਾਜ਼ੁਕ ਨਰੋਏ ਤਣੇ ਤੋੜੇ ਜਾਂਦੇ ਹਨ, ਸਾਫ਼ ਕਰਕੇ ਲਾਲ ਮਿਰਚ ਪਾਊਡਰ, ਲੂਣ ਅਤੇ ਤਿਲ ਦੇ ਤੇਲ ਦੀ ਮਦਦ ਨਾਲ਼ ਸੁਰੱਖਿਅਤ ਕੀਤੇ ਜਾਂਦੇ ਹਨ। ਜੇਕਰ ਇਸ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ਼ ਕੀਤਾ ਜਾਵੇ ਤਾਂ ਬਣਾਇਆ ਗਿਆ ਅਚਾਰ ਇੱਕ ਸਾਲ ਤੱਕ ਖਰਾਬ ਹੋਏ ਬਿਨਾਂ ਚੰਗਾ ਰਹਿ ਸਕਦਾ ਹੈਅਤੇ ਇਹ ਚੌਲਾਂ ਦੇ ਨਾਲ਼ ਬਹੁਤ ਸੁਆਦੀ ਲੱਗਦਾ ਹੈ।
ਇਹ ਜਨਵਰੀ ਦੀ ਗਰਮ ਦੁਪਹਿਰ ਹੈ ਅਤੇ ਸਾਡਾ ਜੰਗਲ ਦਾ ਰਸਤਾ ਇੱਕ ਪ੍ਰਾਚੀਨ, ਸੁੱਕੀ ਹੋਈ ਖਾੜੀ ਵਿੱਚੋਂ ਲੰਘਦਾ ਹੈ। ਇਸ ਦਾ ਇੱਕ ਦਿਲਚਸਪ ਤਾਮਿਲ ਨਾਮ ਹੈ: ਏੱਲਾਇਤੱਮਨ ਓਡਾਈ । ਜਿਹਦਾ ਸ਼ਾਬਦਿਕ ਅਰਥ ਹੈਅਸੀਮ ਧਾਰਾਵਾਂ ਵਾਲ਼ੀ ਦੇਵੀ। ਇਹ ਇੱਕ ਵਾਕ ਹੈ ਜੋ ਤੁਹਾਡੇ ਲੂ-ਕੰਡੇ ਖੜ੍ਹੇ ਕਰ ਦਿੰਦਾ ਹੈ। ਸਾਡਾ ਮਾਰਗ ਚੱਟਾਨ ਤੇ ਰੇਤ ਵਿੱਚੋਂ ਦੀ ਹੋ ਕੇ ਲੰਘਦਾ ਹੈ ਅਤੇ ਕਿਤਿਓਂ ਚੌੜਾ ਹੋ ਜਾਂਦਾ ਹੈ ਤੇ ਕਿਤਿਓਂ ਨਮੀ-ਭਰਪੂਰ- ਮੇਰੇ ਲਈ ਇਹ ਨਵਾਂ ਹੀ ਤਜ਼ਰਬਾ ਹੋ ਨਿਬੜਿਆ।
ਪੈਦਲ ਤੁਰਦਿਆਂ ਰਥੀ ਮੈਨੂੰ ਕਹਾਣੀਆਂ ਸੁਣਾਉਂਦੀ ਰਹੀ। ਕੁਝਕਹਾਣੀਆਂ ਕਾਲਪਨਿਕ ਅਤੇ ਮਜ਼ੇਦਾਰ ਹਨ, ਖ਼ਾਸ ਕਰਕੇ ਸੰਤਰੇ ਤੇ ਤਿਤਲੀਆਂ ਦੀਆਂ। ਕੁਝ ਕਹਾਣੀਆਂਸੱਚੀਆਂ ਤੇ ਭਿਆਨਕ ਵੀ ਹਨ, ਜੋ ਭੁੱਖ 'ਤੇ ਹੁੰਦੀ ਸਿਆਸਤ ਤੇ ਜਾਤੀ-ਦਾਬੇ 'ਤੇ ਅਧਾਰਤ ਹਨ, ਜੋ 90 ਦੇ ਦਹਾਕੇ ਵਿੱਚ ਉਦੋਂਵਾਪਰੀਆਂ, ਜਦੋਂ ਉਹ (ਰਥੀ) ਹਾਈ ਸਕੂਲ ਪੜ੍ਹਿਆ ਕਰਦੀ ਸਨ। "ਮੇਰਾ ਪਰਿਵਾਰ ਥੂਥੁਕੁਡੀ ਭੱਜ ਗਿਆ ਸੀ..."
ਦੋ ਦਹਾਕਿਆਂ ਮਗਰੋਂ ਰਥੀ ਇੱਕ ਪੇਸ਼ੇਵਰ ਕਹਾਣੀਕਾਰ, ਲਾਇਬ੍ਰੇਰੀ ਸਲਾਹਕਾਰ ਅਤੇ ਕਠਪੁਤਲੀ ਕਲਾਕਾਰ ਦੇ ਰੂਪ ਵਿੱਚ ਆਪਣੇ ਪਿੰਡ ਵਾਪਸ ਆਈ ਹਨ। ਉਹ ਹੌਲ਼ੀ-ਹੌਲ਼ੀ ਬੋਲਦੀ ਹਨ, ਪਰ ਓਨੀ ਹੀ ਤੇਜ਼ੀ ਨਾਲ਼ ਪੜ੍ਹਦੀ ਵੀ ਹਨ। "ਕੋਵਿਡ ਮਹਾਂਮਾਰੀ ਦੌਰਾਨ ਸੱਤ ਮਹੀਨਿਆਂ ਵਿੱਚ, ਮੈਂ ਬੱਚਿਆਂ ਦੀਆਂ ਲਗਭਗ22,000 ਛੋਟੀਆਂ ਅਤੇ ਵੱਡੀਆਂ ਕਿਤਾਬਾਂ ਪੜ੍ਹ ਲਈਆਂ। ਫਿਰ ਇੱਕ ਸਮਾਂ ਆਇਆ ਜਦੋਂ ਮੇਰੇ ਸਹਾਇਕ ਮੈਨੂੰ ਹਰ ਰੋਜ਼ ਕਹਿਣ ਲੱਗੇ ਕਿ ਮੈਂ ਹੋਰ ਨਾ ਪੜ੍ਹਾਂ। ਕਿਉਂਕਿ ਮੈਂ ਸੰਵਾਦਾਂ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ,'' ਉਹ ਹੱਸਦਿਆਂ ਕਹਿੰਦੀ ਹਨ।
ਉਨ੍ਹਾਂ ਦੇ ਹਾਸੇ ਜਿਓਂ ਨਦੀਆਂ ਦੀ ਕਲਕਲ ਹੋਵੇ। ਇਸੇ ਲਈ ਉਨ੍ਹਾਂ ਦਾ ਨਾਮ ਭਾਗੀਰਥੀ ਨਦੀ 'ਤੇ ਰੱਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਨਾਮ ਨੂੰ ਥੋੜ੍ਹਾ ਛੋਟਾ ਕਰ ਲਿਆ ਹੈ ਤੇ ਹਿਮਾਲਿਆ ਦੇ ਪਹਾੜਾਂ, ਜਿੱਥੇ ਉਨ੍ਹਾਂ ਦੀ ਹਮਨਾਮ ਨਦੀ ਗੰਗਾ ਵਿੱਚ ਬਦਲ ਜਾਂਦੀ ਹੈ, ਤੋਂ ਲਗਭਗ 3,000 ਕਿਲੋਮੀਟਰ ਦੂਰ ਦੱਖਣ ਵੱਲ ਰਹਿੰਦੀ ਹਨ। ਉਨ੍ਹਾਂ ਦਾ ਪਿੰਡ ਤੇਨਕਲਮ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਹੈ ਜੋ ਚੁਫੇਰਿਓਂ ਪਹਾੜੀਆਂ ਅਤੇ ਝਾੜੀਨੁਮਾ ਜੰਗਲਾਂ ਨਾਲ਼ ਘਿਰਿਆ ਹੋਇਆ ਹੈ। ਉਨ੍ਹਾਂ ਨੂੰ ਉਨ੍ਹਾਂ ਪਹਾੜੀਆਂਤੇ ਜੰਗਲਾਂ ਬਾਰੇ ਸਾਰਾ ਕੁਝ ਪਤਾ ਹੈਜਿਵੇਂ ਕਿ ਪਿੰਡ ਵਿੱਚ ਹਰ ਕੋਈ ਉਨ੍ਹਾਂ ਬਾਰੇ ਜਾਣਦਾ ਹੈ।
"ਤੁਸੀਂ ਜੰਗਲ ਵੱਲ ਕਿਉਂ ਜਾ ਰਹੀਆਂਓ?" ਮਜ਼ਦੂਰ ਔਰਤਾਂ ਪੁੱਛਦੀਆਂ ਹਨ, "ਅਸੀਂ ਪਿਰੰਡਈ ਲੱਭਣ ਜਾ ਰਹੇਆਂ,'' ਰਥੀ ਜਵਾਬ ਵਿੱਚ ਕਹਿੰਦੀ ਹਨ। "ਤੁਹਾਡੇ ਨਾਲ਼ ਇਹ ਔਰਤ ਕੌਣ ਏ? ਕੀ ਤੁਹਾਡੀ ਕੋਈ ਦੋਸਤ ਏ?" ਆਜੜੀ ਦਾ ਹਵਾ ਵਿੱਚ ਤੈਰਦਾ ਸਵਾਲ ਆਇਆ। ''ਹਾਂ, ਹਾਂ,'' ਰਥੀ ਹੱਸਦਿਆਂ ਕਹਿੰਦੀ ਹਨ। ਉਨ੍ਹਾਂ ਨੂੰ ਦੇਖ ਮੈਂ ਵੀ ਹੱਥ ਹਿਲਾਉਂਦੀ ਹਾਂ ਅਤੇ ਅਸੀਂ ਅੱਗੇ ਵੱਧ ਜਾਂਦੀਆਂ ਹਾਂ...
*****
ਪੌਦਿਆਂ ਦੀ ਭਾਲ਼ ਵਿੱਚ ਘੁੰਮਣਾ ਵੱਖ-ਵੱਖ ਸਭਿਆਚਾਰਾਂ ਅਤੇ ਮਹਾਂਦੀਪਾਂ ਵਿੱਚ ਇੱਕ ਵਿਆਪਕ, ਰਵਾਇਤੀ ਅਭਿਆਸ ਹੈ। ਇਹ ਸਮਾਜ ਦੇ ਸਾਰੇ ਮੈਂਬਰਾਂ ਦੇ ਜੀਵਨ ਦੇ ਭੌਤਿਕ,ਕੁਦਰਤੀ ਅਤੇ ਹੋਰ ਉਪਲਬਧ ਵਸੀਲਿਆਂ ਨਾਲ਼ ਜੁੜਿਆ ਹੈ,ਜਿੱਥੇ ਲੋਕੀਂ ਮੁਕਾਮੀ ਤੇ ਮੌਸਮ ਅਧਾਰਤ ਖ਼ਾਸ ਇਲਾਕੇ ਦੇ ਜੰਗਲੀ ਉਤਪਾਦਾਂ 'ਤੇ ਨਿਰਭਰ ਹਨ।
ਬੈਂਗਲੁਰੂ ਸ਼ਹਿਰ ਵਿੱਚ ਅਨਾਜ ਪਦਾਰਥਾਂ ਦੀ ਭਾਲ਼ ਦੀ ਸ਼ਹਿਰੀ ਜੱਦੋਜਹਿਦ 'ਤੇ ਲਿਖੀ ਗਈ ਕਿਤਾਬ ਚੇਜਿੰਗ ਸੋਪੁ ਦੇਲੇਖਕ ਲਿਖਦੇ ਹਨ ਕਿ "ਜੰਗਲੀ ਪੌਦਿਆਂ ਨੂੰ ਇਕੱਤਰ ਕਰਨ ਅਤੇ ਵਰਤਣ ਨਾਲ਼ ਸਥਾਨਕ ਨਸਲੀ-ਵਾਤਾਵਰਣ ਅਤੇ ਨਸਲੀ-ਬਨਸਪਤੀ ਗਿਆਨ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ।"ਉਹ ਮਾਹਰ ਹਨ ਜਿਨ੍ਹਾਂ ਨੂੰ ਆਪਣੇ ਆਲ਼ੇ-ਦੁਆਲ਼ੇ ਦੇ ਸਥਾਨਕ ਜੰਗਲੀ ਪੌਦਿਆਂ ਬਾਰੇ ਮਹੱਤਵਪੂਰਣ ਗਿਆਨ ਹੈ। ਉਹ ਜਾਣਦੇ ਹਨ ਤੇ ਲਿਖਦੇ ਹਨ ਕਿ ਪੌਦੇ ਦੇ ਕਿਹੜੇ ਹਿੱਸੇ ਭੋਜਨ ਵਜੋਂ, ਦਵਾਈ ਵਜੋਂ ਜਾਂ ਸੱਭਿਆਚਾਰਕ ਤੌਰ ਤੇ ਵਰਤੇ ਜਾਂਦੇ ਹਨ, ਅਤੇ ਕਿਹੜੇ ਪੌਦੇ ਕਿਸ ਮੌਸਮ ਵਿੱਚ ਆਸਾਨੀ ਨਾਲ਼ ਉਪਲਬਧ ਹੁੰਦੇ ਹਨ। ਉਨ੍ਹਾਂ ਕੋਲ਼ਕਈ ਪਕਵਾਨਾਂ ਦਾ ਸੁਆਦ ਵੀ ਹੁੰਦਾ ਹੈ ਜਿਹਦੀ ਜਾਣਕਾਰੀ ਉਨ੍ਹਾਂ ਨੂੰ ਪੀੜ੍ਹੀਆਂ ਤੋਂ ਮਿਲ਼ੀ ਤੇ ਅੱਗੇ ਦੀ ਅੱਗੇ ਸੁਰੱਖਿਅਤ ਹੁੰਦੀ ਗਈ।
ਸਾਲ ਭਰ ਮੌਸਮੀ ਉਪਜ ਦਾ ਅਨੰਦ ਲੈਣ ਦਾ ਇੱਕ ਸਰਲ ਅਤੇ ਆਕਰਸ਼ਕ ਤਰੀਕਾ ਹੈ ਇਸਨੂੰ ਸੁਰੱਖਿਅਤ ਰੱਖਣਾ। ਇਸ ਦੇ ਲਈ ਸਭ ਤੋਂ ਪ੍ਰਸਿੱਧ ਤਰੀਕੇ ਸੁਕਾਉਣਾ ਅਤੇ ਅਚਾਰ ਬਣਾਉਣਾ ਹਨ। ਦੱਖਣੀ ਭਾਰਤ ਵਿੱਚ, ਖ਼ਾਸ ਕਰਕੇ ਤਾਮਿਲਨਾਡੂ ਵਿੱਚ,ਆਮ ਸਿਰਕੇ ਦੀ ਬਜਾਏ ਤਿਲ (ਗਿੰਗੇਲੀ) ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।
ਫੂਡ ਟੈਕਨਾਲੋਜੀ ਵਿੱਚ M.Tech ਡਿਗਰੀ ਰੱਖਣ ਵਾਲ਼ੀ ਮੈਰੀ ਸੰਧਿਆ ਜੇ. ਕਹਿੰਦੀ ਹਨ, "ਤਿਲ ਦੇ ਤੇਲ ਵਿੱਚ ਸੇਸੇਮੀਨ ਅਤੇ ਸਿਸਮੋਲ ਹੁੰਦਾ ਹੈ। ਇਹ ਮਿਸ਼ਰਣ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ ਅਤੇ ਪ੍ਰੀਜ਼ਰਵੇਟਿਵ ਵਜੋਂ ਕੰਮ ਕਰਦੇ ਹਨ।"ਉਹ'ਆਲੀ' (ਸਮੁੰਦਰੀ) ਮੱਛੀ ਦੇ ਅਚਾਰ ਦੇ ਆਪਣੇ ਬ੍ਰਾਂਡ ਦੀ ਵੀ ਮਾਲਕ ਹਨ। ਸੰਧਿਆ ਆਪਣੇ ਮੱਛੀ ਦੇ ਅਚਾਰ ਵਿੱਚ ਕੋਲਡ ਪ੍ਰੈਸਡ ਤਿਲ ਦੇ ਤੇਲ ਦੀ ਵਰਤੋਂ ਕਰਨਾ ਪਸੰਦ ਕਰਦੀ ਹਨ। "ਇਹ ਭੰਡਾਰਣ ਦੇ ਸਮੇਂ-ਵਿਸਤਾਰ, ਪੌਸ਼ਟਿਕ ਲਾਭਾਂ, ਸਵਾਦ ਅਤੇ ਰੰਗ ਦੀ ਦ੍ਰਿਸ਼ਟੀ ਤੋਂ ਖ਼ਾਸ ਤੌਰ 'ਤੇ ਬਿਹਤਰ ਹੁੰਦਾ ਹੈ।"
ਪੌਦਿਆਂ ਦੀ ਭਾਲ਼ ਵਿੱਚ ਘੁੰਮਣਾ ਵੱਖ-ਵੱਖ ਸਭਿਆਚਾਰਾਂ ਅਤੇ ਮਹਾਂਦੀਪਾਂ ਵਿੱਚ ਇੱਕ ਵਿਆਪਕ, ਰਵਾਇਤੀ ਅਭਿਆਸ ਹੈ।ਜੰਗਲੀ ਉਤਪਾਦਾਂ ਦਾ ਸਥਾਨਕ, ਮੌਸਮੀ ਅਤੇ ਦੀਰਘਕਾਲਕ ਪੱਧਰ 'ਤੇ ਸੇਵਨ ਕੀਤਾ ਜਾਂਦਾ ਹੈ।ਰਥੀਇੱਕੋ ਹੀਲੇ ਚਾਰ ਘੰਟਿਆਂ ਦਾ ਚੱਕਰ ਕੱਟਦੀ ਹਨ ਤੇ ਉਹ ਪੌਦਿਆਂ ਨੂੰ ਲੱਭਣ ਲਈ ਲਗਭਗ 10 ਕਿਲੋਮੀਟਰ ਤੱਕ ਤੁਰਦੀ ਹਨ। ਉਹ ਦੱਸਦੀ ਹਨ, 'ਪਰ ਉਨ੍ਹਾਂ ਨੂੰ ਘਰੇ ਲਿਆਉਣ ਤੋਂ ਬਾਅਦ ਮੈਨੂੰ ਪਤਾ ਨਾ ਹੁੰਦਾ ਕਿ ਉਨ੍ਹਾਂ ਨਾਲ਼ ਕਰਨਾ ਕੀ ਹੈ'
ਰਥੀ ਦਾ ਪਰਿਵਾਰ ਕਈ ਪਕਵਾਨਾਂ ਵਿੱਚ ਤਿਲ ਦੇ ਤੇਲ ਦੀ ਵਰਤੋਂ ਕਰਦਾ ਹੈ - ਅਚਾਰ ਵਿੱਚ ਅਤੇ ਸਬਜ਼ੀਆਂ ਅਤੇ ਮੀਟ ਨਾਲ਼ ਬਣੀ ਗ੍ਰੈਵੀ ਵਿੱਚ। ਪਰ ਭੋਜਨ ਦੀ ਦਰਜਾਬੰਦੀ ਉਨ੍ਹਾਂ ਦੇ ਮਨਾਂ ਵਿੱਚ ਕੁੜੱਤਣ ਪੈਦਾ ਕਰਦੀ ਹੈ। "ਜਦੋਂ ਪਿੰਡ ਵਿੱਚ (ਭੋਜਨ ਲਈ) ਕਿਸੇ ਜਾਨਵਰ ਦਾ ਕਤਲ ਕੀਤਾ ਜਾਂਦਾ ਹੈ, ਤਾਂ ਉਸ ਦਾ ਚੰਗਾ ਹਿੱਸਾ ਉੱਚ ਜਾਤੀਆਂ ਨੂੰ ਜਾਂਦਾ ਹੈ ਤੇ ਰਹਿੰਦ-ਖੂੰਹਦ ਤੇ ਜਾਨਵਰ ਦੇ ਅੰਦਰਲੇ ਅੰਗ ਸਾਡੇ ਹਿੱਸੇ ਆਉਂਦੇ ਹਨ। ਸਾਡੇ ਕੋਲ਼ ਮਾਸ ਦੇ ਪਕਵਾਨਾਂ ਦਾ ਇਤਿਹਾਸ ਨਹੀਂ ਹੈ ਕਿਉਂਕਿ ਸਾਨੂੰ ਕਦੇ ਵੀ ਕਿਸੇ ਜਾਨਵਰ ਦੇ ਸਰੀਰ ਦੇ ਚੰਗੇ ਹਿੱਸੇ ਮਿਲ਼ੇ ਹੀ ਨਹੀਂ। ਸਾਡੇ ਹਿੱਸੇ ਸਿਰਫ਼ ਖ਼ੂਨਆਇਆ!" ਉਹ ਦੱਸਦੀ ਹਨ।
"ਜ਼ੁਲਮ, ਭੂਗੋਲ, ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਸਥਾਨਕ ਪ੍ਰਜਾਤੀਆਂ ਅਤੇ ਜਾਤ-ਅਧਾਰਤ ਦਰਜਾਬੰਦੀ ਨੇ ਦਲਿਤਾਂ, ਬਹੁਜਨਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਭੋਜਨ ਸੱਭਿਆਚਾਰ ਨੂੰ ਇੰਨਾ ਜ਼ਿਆਦਾ ਪ੍ਰਭਾਵਤ ਕੀਤਾ ਹੈ ਕਿ ਸਮਾਜ ਵਿਗਿਆਨੀ ਅਜੇ ਤੱਕ ਇਸ ਦੀ ਸਹੀ ਸਮਝ ਬਣਾਉਣ ਵਿੱਚ ਲੱਗੇ ਹੋਏ ਹਨ,'' ਆਪਣੇ ਲੇਖ 'ਬਲੱਡ ਫ੍ਰਾਈ ਐਂਡ ਅਦਰ ਦਲਿਤ ਰੈਸਿਪੀ ਫ੍ਰਾਮ ਮਾਈ ਚਾਈਲਡਹੁਡ (ਮੇਰੇ ਬਚਪਨ ਦੇ ਦਿਨਾਂ ਤੋਂ ਬਲੱਡ ਫ੍ਰਾਈ ਤੇ ਦਲਿਤ ਪਕਵਾਨ) ਵਿੱਚ ਵਿਨੈ ਕੁਮਾਰ ਲਿਖਦੇ ਹਨ।
ਰਥੀ ਦੀ ਮਾਂ ਵਡੀਵੇਮਲ ਕੋਲ਼ "ਖ਼ੂਨ, ਅੰਤੜੀਆਂ ਅਤੇ ਵੱਖ-ਵੱਖ ਹਿੱਸਿਆਂ ਨੂੰ ਸਾਫ਼ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ।''ਉਹ ਦੱਸਦੀ ਹਨ। ''ਪਿਛਲੇ ਐਤਵਾਰ ਦੇ ਦਿਨ ਅੰਮਾ ਨੇ ਖ਼ੂਨ ਨਾਲ਼ ਪਕਵਾਨ ਬਣਾਇਆ ਸੀ। ਇਹ ਇਸ ਸ਼ਹਿਰ ਦਾ ਇੱਕ ਸੁਆਦੀ ਪਕਵਾਨ ਮੰਨਿਆ ਜਾਂਦਾ ਹੈ: ਬਲੱਡ ਸੋਸੇਜ ਅਤੇ ਬਲੱਡ ਪੁਡਿੰਗ। ਬ੍ਰੇਨ ਫ੍ਰਾਈਜ਼ ਨੂੰ ਇੱਕ ਵਿਸ਼ੇਸ਼ ਪਕਵਾਨ ਮੰਨਿਆ ਜਾਂਦਾ ਹੈ। ਜਦੋਂ ਮੈਂ ਕਿਸੇ ਹੋਰ ਸ਼ਹਿਰ ਗਈ ਤਾਂ ਮੈਂ ਕੀਮਤ-ਬੰਦੀ ਦੀ ਅਜੀਬੋ-ਗ਼ਰੀਬ ਹਾਲਤ ਦੇਖੀ। ਜੋ ਚੀਜ਼ ਪਿੰਡ ਵਿੱਚ ਮੈਨੂੰ ਸਿਰਫ਼ 20 ਰੁਪਏ ਵਿੱਚ ਮਿਲ਼ ਜਾਂਦੀ ਹੈ ਉਹਦੇ ਲਈ ਲੋਕੀਂ ਇੰਨਾ ਫਾਲਤੂ ਪੈਸਾ ਦੇ ਰਹੇ ਸਨ।''
ਉਨ੍ਹਾਂ ਦੀ ਮਾਂ ਨੂੰ ਵੀ ਪੌਦਿਆਂ ਦਾ ਡੂੰਘਾ ਗਿਆਨ ਹੈ। ਆਪਣੇ ਲਿਵਿੰਗ ਰੂਮ ਵਿੱਚ ਮੇਰੇ ਨਾਲ਼ ਗੱਲ ਕਰਦਿਆਂ, ਰਥੀ ਕਹਿੰਦੀ ਹਨ, "ਜੇ ਤੁਸੀਂ ਆਲ਼ੇ-ਦੁਆਲ਼ੇ ਵੇਖੋਗੇ, ਤਾਂ ਤੁਹਾਨੂੰ ਬੋਤਲਾਂ ਵਿੱਚ ਔਸ਼ੱਧੀ ਵਾਲ਼ੀਆਂ ਜੜ੍ਹੀਆਂ-ਬੂਟੀਆਂ ਤੇ ਤੇਲ ਨਜ਼ਰ ਆਵੇਗਾ। ਮੇਰੀ ਮਾਂ ਉਨ੍ਹਾਂ ਸਾਰਿਆਂ ਦੇ ਨਾਮ ਅਤੇ ਵਰਤੋਂ ਜਾਣਦੀ ਹੈ। ਮੰਨਿਆ ਜਾਂਦਾ ਹੈ ਕਿ ਪਿਰੰਡਈ ਵਿੱਚ ਸ਼ਾਨਦਾਰ ਪਾਚਨ ਗੁਣ ਹੁੰਦੇ ਹਨ। ਅੰਮਾ ਮੈਨੂੰ ਖ਼ੁਦ ਨੂੰ ਲੋੜੀਂਦੇ ਪੌਦੇ ਜਾਂ ਜੜ੍ਹੀ-ਬੂਟੀਆਂ ਦਿਖਾਉਂਦੀ ਹੈ, ਮੈਂ ਜੰਗਲ ਵਿੱਚ ਜਾਂਦੀ ਹਾਂ ਅਤੇ ਉਸ ਲਈ ਸਾਰੇ ਪੌਦੇ ਲੱਭਦੀ ਹਾਂ ਅਤੇ ਸਾਫ਼ ਵੀ ਕਰਦੀ ਹਾਂ।''
ਇਹ ਮੌਸਮੀ ਉਤਪਾਦ ਹਨ ਅਤੇ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ। ਹਰੇਕ ਯਾਤਰਾ ਵਿੱਚ ਉਨ੍ਹਾਂ ਨੂੰ ਲਗਭਗ ਚਾਰ ਘੰਟੇ ਲੱਗਦੇ ਹਨ ਅਤੇ ਉਹ ਪੌਦੇ ਲੱਭਣ ਲਈ ਲਗਭਗ 10 ਕਿਲੋਮੀਟਰ ਪੈਦਲ ਚੱਲਦੀ ਹਨ। "ਪਰ ਜਦੋਂ ਮੈਂ ਉਹ ਸਭ ਘਰੇ ਲਿਆਉਂਦੀ ਹਾਂ ਤਾਂ ਉਨ੍ਹਾਂ ਦਾ ਕਰਨਾ ਕੀ ਹੁੰਦਾ ਏ ਮੈਨੂੰ ਪਤਾ ਈ ਨਹੀਂ ਹੁੰਦਾ," ਰਥੀ ਮੁਸਕਰਾਉਂਦਿਆਂ ਕਹਿੰਦੀ ਹਨ।
*****
ਜੰਗਲ ਵਿੱਚੋਂ ਤੁਰਨਾ ਮਨਮੋਹਕ ਜਾਪਦਾ ਹੈ। ਬੱਚਿਆਂ ਲਈ ਇੱਕ ਪੌਪ-ਅੱਪ ਕਿਤਾਬ ਦੀ ਤਰ੍ਹਾਂ (ਜੰਗਲ ਵਿੱਚ), ਹਰ ਮੋੜ ਆਪਣੇ ਨਾਲ਼ ਕੁਝ ਨਵਾਂ ਤੇ ਹੈਰਾਨ ਕਰਨ ਵਾਲ਼ਾ ਲੈ ਕੇ ਆਉਂਦਾ ਹੈ: ਕਿਤੇ ਤਿਤਲੀਆਂ, ਕਿਤੇ ਪੰਛੀ ਅਤੇ ਵੱਡੇ ਕੰਢੇਦਾਰ ਰੁੱਖ। "ਕੁਝ ਦਿਨਾਂ ਵਿੱਚ, ਇਹ ਫਲ ਸੁਆਦੀ ਹੋ ਜਾਣਗੇ," ਉਹ ਬੇਰ ਵਰਗੇ ਫਲਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹਨ, ਜੋ ਅਜੇ ਚੁਗਾਈ ਦੇ ਹਿਸਾਬ ਨਾਲ਼ ਪੱਕੇ ਨਹੀਂ ਹਨ। ਰਥੀ ਕਹਿੰਦੀ ਹਨ, "ਲੱਗਦੈ ਕੋਈ ਸਾਡੇ ਤੋਂ ਪਹਿਲਾਂ ਚੁੱਗ ਗਿਐ, ਪਰ ਚਿੰਤਾ ਨਾ ਕਰੋ, ਸਾਨੂੰ ਵਾਪਸੀ ਦੇ ਰਸਤੇ ਵਿੱਚ ਕੁਝ ਪਿਰੰਡਈਆਂ ਮਿਲਣਗੀਆਂ।''
ਆਪਣੀ ਨਿਰਾਸ਼ਾ 'ਚੋਂ ਨਿਕਲ਼ਣ ਲਈ ਉਹ ਇਮਲੀ ਦੇ ਇੱਕ ਵੱਡੇ ਰੁੱਖ ਦੇ ਹੇਠਾਂ ਖੜ੍ਹੀ ਹੋ ਜਾਂਦੀ ਹਨ, ਇੱਕ ਭਾਰੀ ਸ਼ਾਖਾ ਨੂੰ ਹੇਠਾਂ ਵੱਲ ਖਿੱਚਦੀ ਹੋਈ ਕੁਝ ਫਲ਼ੀਆਂ ਤੋੜ ਲੈਂਦੀ ਹਨ। ਆਪਣੇ ਅੰਗੂਠੇ ਅਤੇ ਉਂਗਲਾਂ ਦੀ ਮਦਦ ਨਾਲ਼ ਫਲ਼ੀ ਦੇ ਬਾਹਰੀ ਭੂਰੇ ਰੰਗ ਦੇ ਕਵਰ ਨੂੰ ਤੋੜਦੀ ਹੋਈ ਅੰਦਰਲੇ ਖੱਟੇ-ਮਿੱਠੇ ਗੁੱਦਾ ਦਾ ਸੁਆਦ ਲੈਣ ਲੱਗਦੀ ਹਨ। ਜਦੋਂ ਉਹ ਜਵਾਨ ਸਨ ਤਾਂ ਉਨ੍ਹਾਂ ਦੀਆਂ ਪੜ੍ਹਾਈ ਨਾਲ਼ ਜੁੜੀਆਂ ਯਾਦਾਂ ਵਿੱਚ ਇਮਲੀ ਸ਼ਾਮਲ ਰਹਿੰਦੀ ਰਹੀ। "ਮੈਂ ਕਿਤਾਬ ਲੈ ਕੇ ਇੱਕ ਕੋਨੇ ਵਿੱਚ ਲੁਕ ਜਾਂਦੀ ਅਤੇ ਹਰੇ ਇਮਲੀਆਂ ਕੁਤਰਦੀ ਰਹਿੰਦੀ।" ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਗਈ, ਉਹ ਘਰ ਦੇ ਮਗਰਲੇ ਵਿਹੜੇ ਵਿੱਚ ਲੱਗੇ ਕੋਡੁਕਾੱਪੁਲੀ ਮਾਰਮ (ਮੰਕੀ ਪੌਡ ਟ੍ਰੀ) 'ਤੇ ਬੈਠ ਕੇ ਕਿਤਾਬਾਂ ਪੜ੍ਹਦੀ। "ਅੰਮਾ ਨੇ ਉਸ ਨੂੰ ਕਟਵਾ ਛੱਡਿਆ ਕਿਉਂਕਿ ਮੈਂ 14-15 ਸਾਲਾਂ ਦੀ ਉਮਰੇ ਵੀ ਉਸ 'ਤੇ ਚੜ੍ਹ ਜਾਇਆ ਕਰਦੀ!" ਉਹ ਠਹਾਕਾ ਲਾਉਂਦੀ ਹਨ।
ਦੁਪਹਿਰ ਦਾ ਸਮਾਂ ਹੈ ਅਤੇ ਸੂਰਜ ਸਾਡੇ ਸਿਰ 'ਤੇ ਚਮਕ ਰਿਹਾ ਹੈ। ਇਹ ਜਨਵਰੀ ਦੇ ਮਹੀਨੇ ਲਈ ਅਸਧਾਰਨ ਤੌਰ 'ਤੇ ਗਰਮ ਅਤੇ ਖੁਸ਼ਕ ਮੌਸਮ ਹੈ। ਰਥੀ ਕਹਿੰਦੇ ਹਨ, "ਅਸੀਂ ਥੋੜ੍ਹਾ ਹੋਰ ਅੱਗੇ ਵਧਾਂਗੇ ਅਤੇ ਪੁਲੀਯੂਤ ਪਹੁੰਚਾਂਗੇ, ਜੋ ਪਿੰਡ ਲਈ ਪਾਣੀ ਦਾ ਸਰੋਤ ਹੈ। ਇਸ ਗਾਰੇ ਭਰੇ ਟੋਏ 'ਤੇ ਤਿਤਲੀਆਂ ਉੱਡ ਰਹੀਆਂ ਹਨ। ਉਹ ਆਪਣੇ ਖੰਭ ਖੋਲ੍ਹਦੀਆਂ ਅਤੇ ਬੰਦ ਕਰਦੀਆਂ ਹਨ ਉਨ੍ਹਾਂ ਦੇ ਖੰਭ ਅੰਦਰੋਂ ਇੰਦਰਧਨੁਖੀ ਨੀਲੇ ਤੇ ਬਾਹਰੋਂ ਭੂਰੇ ਰੰਗ ਦੇ ਹਨ। ਜਦੋਂ ਮੈਨੂੰ ਲੱਗਦਾ ਹੈ ਕਿ ਜੰਗਲ ਤੋਂ ਵੱਧ ਜਾਦੂਈ ਕੁਝ ਨਹੀਂ ਹੋ ਸਕਦਾ ... ਉਦੋਂ ਹੀ ਮੈਨੂੰ ਕੁਝ ਹੋਰ ਜਾਦੂਈ ਨਜ਼ਰੀਂ ਪੈ ਜਾਂਦਾ ਹੈ।
ਇਹ ਝੀਲ ਪੁਲੀਯੂਤ ਪਿੰਡ ਦੀ ਦੇਵੀ ਦੇ ਪ੍ਰਾਚੀਨ ਮੰਦਰ ਦੇ ਨਾਲ਼ ਹੈ। ਰਥੀ ਇਸ ਦੇ ਬਿਲਕੁਲ ਸਾਹਮਣੇ ਭਗਵਾਨ ਗਣੇਸ਼ ਦਾ ਨਵਾਂ ਬਣਿਆ ਮੰਦਰ ਦਿਖਾਉਂਦੀ ਹਨ। ਅਸੀਂ ਇੱਕ ਵੱਡੇ ਬਰਗਦ ਦੇ ਰੁੱਖ ਦੇ ਹੇਠਾਂ ਬੈਠਦੇ ਹਾਂ ਅਤੇ ਸੰਤਰੇ ਖਾਂਦੇ ਹਾਂ। ਸਾਡੇ ਆਲ਼ੇ-ਦੁਆਲ਼ੇ ਦੀ ਹਰ ਚੀਜ਼ ਨਰਮ ਹੈ- ਸੰਘਣੇ ਜੰਗਲ ਵਿੱਚ ਦੁਪਹਿਰ ਦੀ ਰੌਸ਼ਨੀ; ਖੱਟੇ ਫਲਾਂ ਦੀ ਮਿੱਠੀ ਖੁਸ਼ਬੂ; ਸੰਤਰੀ ਅਤੇ ਕਾਲੀ ਮੱਛੀਆਂ। ਹੌਲ਼ੀ-ਹੌਲ਼ੀ ਰਥੀ ਮੈਨੂੰ ਇੱਕ ਕਹਾਣੀ ਸੁਣਾਉਂਦੀ ਹਨ,''ਇਸ ਕਹਾਣੀ ਦਾ ਨਾਮ ਪਿਥ, ਪਿਪ ਐਂਡ ਪੀਪ ਹੈ।'' ਉਹ ਕਹਾਣੀ ਸੁਣਾਉਂਦੀ ਹਨ ਤੇ ਮਗਨ ਹੋ ਕੇ ਸੁਣਦੀ ਹਾਂ।
ਰਥੀ ਨੂੰ ਕਹਾਣੀਆਂ ਨਾਲ਼ ਪਿਆਰ ਹੈ। ਉਨ੍ਹਾਂ ਦੀ ਸਭ ਤੋਂ ਪੁਰਾਣੀ ਯਾਦ ਇਹ ਹੈ ਕਿ ਉਨ੍ਹਾਂ ਦੇ ਪਿਤਾ ਸਮੁੰਦਰਮ, ਜੋ ਇੱਕ ਬੈਂਕ ਮੈਨੇਜਰ ਸਨ, ਉਨ੍ਹਾਂ ਨੂੰ ਮਿਕੀ ਮਾਊਸ ਦੀਆਂ ਕਾਮਿਕਸ ਲਿਆ ਕੇ ਦਿੰਦੇ ਸਨ। ਰਥੀ ਕਹਿੰਦੀ ਹਨ, "ਮੈਨੂੰ ਚੰਗੀ ਤਰ੍ਹਾਂ ਯਾਦ ਹੈ: ਉਹ ਮੇਰੇ ਭਰਾ ਗੰਗਾ ਲਈ ਇੱਕ ਵੀਡੀਓ ਗੇਮ, ਮੇਰੀ ਭੈਣ, ਨਰਮਦਾ ਲਈ ਇੱਕ ਖਿਡੌਣਾ ਅਤੇ ਮੇਰੇ ਲਈ ਇੱਕ ਕਿਤਾਬ ਲੈ ਕੇ ਆਉਂਦੇ। ਉਨ੍ਹਾਂ ਕੋਲ਼ ਕਿਤਾਬਾਂ ਦਾ ਬਹੁਤ ਵੱਡਾ ਭੰਡਾਰ ਸੀ। ਰਥੀ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਵਿਸ਼ਾਲ ਲਾਇਬ੍ਰੇਰੀ ਵੀ ਸੀ। "ਉਹ [ਸਕੂਲ ਵਿੱਚ] ਕਿਤਾਬਾਂ ਦੀ ਰਾਖੀ ਨਾ ਕਰਦੇ ਅਤੇ ਮੇਰੇ ਲਈ ਉਹ ਦੁਰਲੱਭ ਹਿੱਸਾ ਵੀ ਖੁੱਲ੍ਹਾ ਛੱਡ ਦਿੰਦੇ ਜੋ ਬਾਕੀਆਂ ਵਾਸਤੇ ਆਮ ਤੌਰ 'ਤੇ ਬੰਦ ਹੁੰਦਾ- ਉਹ ਸੀ ਨੈਸ਼ਨਲ ਜਿਓਗ੍ਰਾਫਿਕ ਅਤੇ ਐਨਸਾਈਕਲੋਪੀਡੀਆ," ਉਹ ਕਹਿੰਦੀ ਹਨ। ਇਹ ਸਭ ਇਸ ਲਈ ਕਿਉਂਕਿ ਮੈਨੂੰ ਕਿਤਾਬਾਂ ਪਸੰਦ ਸਨ!"
ਉਹ ਕਿਤਾਬਾਂ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਨ੍ਹਾਂ ਨੇ ਆਪਣਾ ਬਚਪਨ ਪੜ੍ਹਨ ਵਿੱਚ ਬਿਤਾਇਆ। "ਇਹ ਕਿਤਾਬ ਰੂਸੀ ਤੋਂ ਅਨੁਵਾਦ ਕੀਤੀ ਗਈ ਸੀ, ਮੈਨੂੰ ਲੱਗਦਾ ਸਾਨੂੰ ਉਹ ਕਿਤਾਬ ਨਹੀਂ ਲੱਭਣੀ ਅਤੇ ਮੈਂ ਸੋਚਿਆ ਕਿ ਸਾਨੂੰ ਇਹ ਹੁਣ ਨਹੀਂ ਮਿਲੇਗੀ। ਮੈਨੂੰ ਕਿਤਾਬ ਦਾ ਨਾਮ ਯਾਦ ਨਹੀਂ ਸੀ, ਸਿਰਫ਼ ਚਿੱਤਰ ਅਤੇ ਕਹਾਣੀ ਯਾਦ ਸੀ। ਪਿਛਲੇ ਸਾਲ ਮੈਨੂੰ ਐਮਾਜ਼ਾਨ 'ਤੇ ਕਿਤਾਬ ਲੱਭ ਪਈ। ਇਹ ਸੀਲ ਮੱਛੀ ਅਤੇ ਬੋਟਿੰਗ ਬਾਰੇ ਹੈ। ਕੀ ਤੁਸੀਂ ਉਹ ਕਹਾਣੀ ਸੁਣਨਾ ਚਾਹੁੰਦੀ ਹੋ?'' ਅਤੇ ਉਹ ਕਹਾਣੀ ਸੁਣਾਉਣ ਲੱਗਦੀ ਹਨ, ਕਹਾਣੀ ਦੀ ਲੈਅ ਵਿੱਚ ਉਨ੍ਹਾਂ ਦੀ ਆਵਾਜ਼ ਲਹਿਰਾਂ ਅਤੇ ਸਮੁੰਦਰ ਵਾਂਗ ਕਦੇ ਉੱਚੀ ਅਤੇ ਕਦੇ ਨੀਵੀਂ ਹੁੰਦੀ ਹੈ।
ਉਨ੍ਹਾਂ ਦਾ ਬਚਪਨ ਸਮੁੰਦਰ ਵਾਂਗ ਉਥਲ-ਪੁਥਲ ਭਰਪੂਰ ਅਤੇ ਕੁਝ ਅਸ਼ਾਂਤ ਸੀ। ਉਹ ਹਿੰਸਾ ਦੀਆਂ ਘਟਨਾਵਾਂ ਨੂੰ ਯਾਦ ਕਰਦੀ ਹਨ ਜੋ ਉਨ੍ਹਾਂ ਦੇ ਆਲ਼ੇ-ਦੁਆਲ਼ੇ ਵਾਪਰੀਆਂ ਸਨ ਜਦੋਂ ਉਹ ਸੈਕੰਡਰੀ ਸਕੂਲ ਵਿੱਚ ਸਨ। "ਚਾਕੂ ਮਾਰਨਾ, ਬੱਸਾਂ ਨੂੰ ਅੱਗ ਲਾ ਦੇਣਾ। ਅਸੀਂ ਲਗਾਤਾਰ ਇਸ ਬਾਰੇ ਸੁਣ ਰਹੇ ਸੀ। ਸਾਡੇ ਪਿੰਡ ਵਿੱਚ ਇੱਕ ਰਿਵਾਜ ਸੀ, ਜੋ ਤਿਉਹਾਰਾਂ ਅਤੇ ਸਮਾਗਮਾਂ ਦੌਰਾਨ ਫਿਲਮ ਦਿਖਾਉਂਦੇ ਸਨ। ਹਿੰਸਾ ਦਾ ਮੁੱਖ ਕਾਰਨ ਇਹੀ ਸੀ। ਕੋਈ ਚਾਕੂ ਚੱਲਣ ਦੀ ਘਟਨਾ ਵਾਪਰ ਜਾਂਦੀ ਸੀ। ਜਦੋਂ ਮੈਂ ਅੱਠਵੀਂ ਜਮਾਤ ਵਿੱਚ ਸੀ ਤਾਂ ਹਿੰਸਾ ਆਪਣੇ ਸਿਖਰ 'ਤੇ ਸੀ। ਕੀ ਤੁਸੀਂ ਕਰਣਨ ਫਿਲਮ ਵੇਖੀ ਹੈ? ਸਾਡੀ ਜ਼ਿੰਦਗੀ ਵੀ ਇਹੋ ਜਿਹੀ ਸੀ। ਕਰਣਨ 1995 ਦੇ ਕੋਡੀਅਨਕੁਲਮ ਵਿੱਚ ਹੋਏ ਜਾਤੀ ਦੰਗਿਆਂ ਦੀ ਇੱਕ ਕਾਲਪਨਿਕ ਕਹਾਣੀ ਹੈ ਅਤੇ ਇਸ ਵਿੱਚ ਅਦਾਕਾਰ ਧਨੁਸ਼ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੀ ਕਹਾਣੀ ਦਲਿਤ ਭਾਈਚਾਰੇ ਦੇ ਇੱਕ ਨਿਡਰ ਅਤੇ ਦਿਆਲੂ ਨੌਜਵਾਨ ਕਰਣਨ ਦੇ ਦੁਆਲੇ ਘੁੰਮਦੀ ਹੈ, ਜੋ ਜ਼ੁਲਮ ਦੇ ਵਿਰੋਧ ਦਾ ਪ੍ਰਤੀਕ ਬਣ ਜਾਂਦਾ ਹੈ। ਉੱਚ ਜਾਤੀ ਦੇ ਪਿੰਡ ਵਾਸੀਆਂ ਨੂੰ ਵਿਸ਼ੇਸ਼ ਅਧਿਕਾਰ ਅਤੇ ਸ਼ਕਤੀ ਪ੍ਰਾਪਤ ਹੈ, ਜਦੋਂ ਕਿ ਦਲਿਤਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।
1990 ਦੇ ਦਹਾਕੇ ਦੇ ਅਖੀਰ ਤੱਕ, ਜਦੋਂ ਜਿਨਸੀ ਹਿੰਸਾ ਆਪਣੇ ਸਿਖਰ 'ਤੇ ਪਹੁੰਚ ਗਈ ਸੀ, ਰਥੀ ਦੇ ਪਿਤਾ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਸਨ, ਉੱਥੇ ਕੰਮ ਕਰਦੇ ਸਨ। ਅਤੇ ਰਥੀ ਅਤੇ ਉਨ੍ਹਾਂ ਦੇ ਭੈਣ-ਭਰਾ ਪਿੰਡ ਵਿੱਚ ਆਪਣੀ ਮਾਂ ਨਾਲ਼ ਰਹਿੰਦੇ ਸਨ। ਪਰ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਲਈ ਉਨ੍ਹਾਂ ਨੂੰ ਹਰ ਸਾਲ ਵੱਖ-ਵੱਖ ਸਕੂਲਾਂ ਵਿੱਚ ਜਾਣਾ ਪਿਆ।
ਉਨ੍ਹਾਂ ਦੀ ਜ਼ਿੰਦਗੀ ਅਤੇ ਉਸਦੇ ਤਜ਼ਰਬਿਆਂ ਨੇ ਉਨ੍ਹਾਂ ਦੇ ਭਵਿੱਖੀ-ਫੈਸਲਿਆਂ ਨੂੰ ਪ੍ਰਭਾਵਿਤ ਕੀਤਾ। "ਦੇਖੋ, ਮੈਂ 30 ਸਾਲ ਪਹਿਲਾਂ ਤਿਰੂਨੇਲਵੇਲੀ ਵਿੱਚ ਇੱਕ ਪਾਠਕ ਸੀ। ਕਿਤਾਬਾਂ ਬਾਰੇ ਮੈਨੂੰ ਸਲਾਹ ਦੇਣ ਵਾਲ਼ਾ ਕੋਈ ਨਹੀਂ ਸੀ। ਮੈਂ ਸ਼ੇਕਸਪੀਅਰ ਨੂੰ ਪੜ੍ਹਨਾ ਸ਼ੁਰੂ ਕੀਤਾ ਜਦੋਂ ਮੈਂ ਐਲੀਮੈਂਟਰੀ ਸਕੂਲ ਵਿੱਚ ਸੀ। ਕੀ ਤੁਸੀਂ ਜਾਣਦੇ ਹੋ ਕਿ ਮੇਰੀਆਂ ਪਸੰਦੀਦਾ ਕਿਤਾਬਾਂ ਵਿੱਚ ਜਾਰਜ ਇਲੀਅਟ ਦੀ ਮਿਲ ਆਨ ਦਿ ਫਲੋਸ ਹੈ? ਇਹ ਰੰਗਵਾਦ ਅਤੇ ਜਮਾਤਵਾਦ ਬਾਰੇ ਹੈ। ਇਸ ਵਿੱਚ ਇੱਕ ਕਾਲੀ ਚਮੜੀ ਵਾਲ਼ੀ ਔਰਤ ਨੂੰ ਨਾਇਕਾ ਵਜੋਂ ਦਿਖਾਇਆ ਗਿਆ ਹੈ। ਇਹ ਕਿਤਾਬ ਅੰਡਰਗ੍ਰੈਜੂਏਟ ਪੱਧਰ ਦੇ ਕੋਰਸਾਂ ਵਿੱਚ ਪੜ੍ਹਾਈ ਜਾਂਦੀ ਹੈ। ਪਰ ਕਿਸੇ ਨੇ ਇਹ ਦਾਨ ਵਿੱਚ ਸਕੂਲ ਨੂੰ ਦੇ ਦਿੱਤੀ, ਇਸ ਲਈ ਮੈਂ ਇਸਨੂੰ ਚੌਥੀ ਜਮਾਤ ਵਿੱਚ ਪੜ੍ਹਿਆ ਅਤੇ ਮੈਂ ਨਾਇਕਾ ਦੀਆਂ ਭਾਵਨਾਵਾਂ ਨੂੰ ਸਮਝ ਸਕੀ। ਮੈਂ ਵੀ ਉਸ ਦੀ ਕਹਾਣੀ ਤੋਂ ਦੁਖੀ ਸੀ..."
ਬੜੇ ਸਾਲਾਂ ਬਾਅਦ, ਜਦੋਂ ਰਥੀ ਨੇ ਦੋਬਾਰਾ ਬੱਚਿਆਂ ਦੀਆਂ ਕਿਤਾਬਾਂ ਦੇਖੀਆਂ, ਤਾਂ ਇਹਨੂੰ ਆਪਣੇ ਕੈਰੀਅਰ ਦਾ ਹਿੱਸਾ ਬਣਾ ਲਿਆ। "ਮੈਂ ਇਹ ਬਿਲਕੁਲ ਹੀ ਨਾ ਸੋਚਿਆ ਸੀ ਕਿ ਤੁਹਾਡੇ ਕੋਲ਼ ਬੱਚਿਆਂ ਲਈ ਵੀ ਕਿਤਾਬਾਂ ਹਨ। ਮੈਂ ਤਾਂ ਇਹ ਵੀ ਨਾ ਸੋਚਿਆ ਕਿ ਤੁਹਾਡੇ ਕੋਲ਼ ਵੇਅਰ ਦਿ ਵਾਈਲਡ ਥਿੰਗਜ਼ ਆਰ ਅਤੇ ਫਰਡੀਨੈਂਡ ਵਰਗੀਆਂ ਕਿਤਾਬਾਂ ਹਨ। ਇਹ ਕਿਤਾਬਾਂ ਲਗਭਗ 80 ਜਾਂ 90 ਸਾਲਾਂ ਪੁਰਾਣੀਆਂ ਹਨ ਤੇ ਸ਼ਹਿਰਾਂ ਦੇ ਬੱਚਿਆਂ ਇਨ੍ਹਾਂ ਨੂੰ ਪੜ੍ਹਿਆ ਕਰਦੇ। ਇਨ੍ਹਾਂ ਨੂੰ ਦੇਖ ਕੇ ਲੱਗਦਾ ਕਾਸ਼ ਜਦੋਂ ਮੈਂ ਛੋਟੀ ਸਾਂ ਤਾਂ ਇਨ੍ਹਾਂ ਨੂੰ ਪੜ੍ਹ ਪਾਉਂਦੀ! ਉਦੋਂ ਮੇਰੀ ਯਾਤਰਾ ਥੋੜ੍ਹੀ ਅੱਡ ਹੁੰਦੀ। ਮੈਂ ਇਹ ਨਹੀਂ ਕਹਿੰਦੀ ਕਿ ਇਹ ਬਿਹਤਰ ਹੁੰਦੀ, ਪਰ ਇਹ ਅੱਡ ਜ਼ਰੂਰ ਹੁੰਦੀ।''
ਇਸ ਤੋਂ ਇਲਾਵਾ ਪੜ੍ਹਨਾ ਅਜੇ ਵੀ ਇੱਕ ਅਜਿਹੀ ਗਤੀਵਿਧੀ ਵਜੋਂ ਵੇਖਿਆ ਜਾਂਦਾ ਹੈ ਜੋ ਸਾਨੂੰ ਅਕਾਦਮਿਕ ਗਤੀਵਿਧੀ ਤੋਂ ਅਲੱਗ ਕਰਦਾ ਹੈ। "ਇਸ ਨੂੰ ਇੱਕ ਮਨੋਰੰਜਨ ਗਤੀਵਿਧੀ ਵਜੋਂ ਦੇਖਿਆ ਜਾਂਦਾ ਹੈ," ਉਹ ਸਿਰ ਹਿਲਾਉਂਦੇ ਹੋਏ ਕਹਿੰਦੀ ਹਨ, "ਹੁਨਰ ਹਾਸਲ ਕਰਨ ਦੀ ਨਜ਼ਰ ਤੋਂ ਨਹੀਂ। ਮਾਪੇ ਵੀ ਸਿਰਫ਼ ਪਾਠਕ੍ਰਮ ਦੀਆਂ ਕਿਤਾਬਾਂ ਤੇ ਸਕੂਲੀ ਗਤੀਵਿਧੀਆਂ ਨਾਲ਼ ਜੁੜੀਆਂ ਕਿਤਾਬਾਂ ਹੀ ਖ਼ਰੀਦਦੇ ਹਨ। ਉਹ ਨਹੀਂ ਸਮਝ ਪਾਉਂਦੇ ਕਿ ਮੌਜ-ਮਸਤੀ ਲਈ ਪੜ੍ਹੀਆਂ ਜਾਣ ਵਾਲ਼ੀਆਂ ਕਹਾਣੀਆਂ ਤੋਂ ਬੱਚੇ ਕਿੰਨੀਆਂ ਗੰਭੀਰ ਗੱਲਾਂ ਸਿੱਖ ਸਕਦੇ ਹਨ। ਨਾਲ਼ ਹੀ, ਪਿੰਡ ਤੇ ਸ਼ਹਿਰ ਵਿਚਾਲੇ ਕਿੰਨੀ ਵੱਡੀ ਤੇ ਡੂੰਘੀ ਖਾਈ ਹੈ। ਪੜ੍ਹਾਈ ਦੇ ਪੱਧਰ ਨੂੰ ਦੇਖੋ, ਤਾਂ ਪਿੰਡ ਦੇ ਬੱਚੇ ਸ਼ਹਿਰੀ ਬੱਚਿਆਂ ਨਾਲ਼ੋਂ ਦੋ-ਤਿੰਨ ਲੈਵਲ ਹੇਠਾਂ ਹਨ।''
ਅਤੇ ਇਹੀ ਕਾਰਨ ਹੈ ਕਿ ਰਥੀ ਨੂੰ ਪੇਂਡੂ ਬੱਚਿਆਂ ਨਾਲ਼ ਕੰਮ ਕਰਨਾ ਪਸੰਦ ਹੈ। ਉਹ ਛੇ ਸਾਲਾਂ ਤੋਂ ਸਾਹਿਤਕ ਮੇਲੇ ਅਤੇ ਪੁਸਤਕ ਮੇਲਿਆਂ ਦਾ ਆਯੋਜਨ ਕਰਦੀ ਰਹੀ ਹਨ, ਇਸ ਤੋਂ ਇਲਾਵਾ ਪਿੰਡ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਦੀ ਚੋਣ ਕਰਨ ਦੇ ਨਾਲ਼-ਨਾਲ਼ ਉਨ੍ਹਾਂ ਦਾ ਸਹੀ ਪ੍ਰਬੰਧਨ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨਾ ਵੀ ਸ਼ਾਮਲ ਹੈ। ''ਅਕਸਰ ਤੁਹਾਨੂੰ ਸਿਖਲਾਈ ਪ੍ਰਾਪਤ ਲਾਇਬ੍ਰੇਰੀਅਨ ਮਿਲ਼ਦੇ ਹਨ ਜੋ ਜਾਣਦੇ ਹਨ ਕਿ ਕਿਤਾਬਾਂ ਦੀ ਚੰਗੀ ਸੂਚੀ ਕਿਵੇਂ ਬਣਾਈ ਰੱਖਣੀ ਹੈ, ਪਰ ਜ਼ਰੂਰੀ ਨਹੀਂ ਕਿ ਉਹ ਹਮੇਸ਼ਾਂ ਜਾਣਦੇ ਹੋਣ ਕਿ ਕਿਤਾਬ ਦੇ ਅੰਦਰ ਕੀ ਹੈ।'' ਉਹ ਕਹਿੰਦੀ ਹਨ,"ਜੇ ਉਹ ਤੁਹਾਨੂੰ ਇਹ ਹੀ ਨਹੀਂ ਦੱਸ ਸਕਦੇ ਕਿ ਤੁਹਾਨੂੰ ਕੀ ਪੜ੍ਹਨਾ ਚਾਹੀਦਾ ਹੈ ਤਾਂ ਉਨ੍ਹਾਂ ਦੇ ਹੋਣ ਦਾ ਮਤਲਬ ਹੀ ਕੀ ਹੈ!"
ਰਥੀ ਮਸਾਂ ਸੁਣੀਦੀਂ ਅਵਾਜ਼ ਤੇ ਭੇਦਭਰੇ ਲਹਿਜੇ ਵਿੱਚ ਮੈਨੂੰ ਕਹਿੰਦੀ ਹਨ,"ਇੱਕ ਵਾਰ ਇੱਕ ਲਾਇਬ੍ਰੇਰੀਅਨ ਨੇ ਮੈਨੂੰ ਪੁੱਛਿਆ, 'ਮੈਡਮ, ਤੁਸੀਂ ਬੱਚਿਆਂ ਨੂੰ ਲਾਇਬ੍ਰੇਰੀ ਵਿੱਚ ਕਿਉਂ ਜਾਣ ਦਿੰਦੇ ਹੋ? ਉਸ ਸਮੇਂ ਮੇਰੀ ਪ੍ਰਤੀਕਿਰਿਆ ਦੇਖਣ ਵਾਲ਼ੀ ਸੀ!'' ਉਨ੍ਹਾਂ ਦੇ ਠਹਾਕੇ ਨੇ ਦੁਪਹਿਰ ਦੀ ਸੁਸਤੀ ਦੂਰ ਕਰ ਦਿੱਤੀ।
*****
ਘਰ ਪਰਤਦੇ ਸਮੇਂ, ਸਾਨੂੰ ਪਿਰੰਡਈ ਮਿਲਦੀ ਹੈ। ਉਹ ਝਾੜੀਆਂ ਤੇ ਪੌਦਿਆਂ ਨਾਲ਼ ਉਲਝੀਆਂ ਹੋਈਆਂ ਹਨ। ਰਥੀ ਮੈਨੂੰ ਫਿੱਕੇ ਹਰੇ ਰੰਗ ਦੀਆਂ ਟਹਿਣੀਆਂ ਦਿਖਾਉਂਦੀ ਹਨ ਜਿਨ੍ਹਾਂ ਨੂੰ ਅਸੀਂ ਚੁਗਣਾ ਹੈ। ਵੇਲ਼ ਟੁੱਟਣ ਵੇਲ਼ੇ ਤੜਾਕ ਜਿਹੀ ਅਵਾਜ਼ ਆਉਂਦੀ ਹੈ। ਉਹ ਉਨ੍ਹਾਂ ਨੂੰ ਬੁੱਕ ਵਿੱਚ ਭਰਨ ਲੱਗਦੀ ਹਨ- ਪਿਰੰਡਈ ਦਾ ਬੰਨ੍ਹਿਆ ਇੱਕ ਛੋਟਾ ਜਿਹਾ ਬੰਡਲ... 'ਸ਼ੈਤਾਨ ਦੀ ਰੀੜ੍ਹ', ਇੱਕ ਅਜਿਹਾ ਨਾਮ ਜੋ ਸਾਨੂੰ ਦੋਬਾਰਾ ਹਸਾ ਜਾਂਦਾ ਹੈ।
ਰਥੀ ਭਰੋਸਾ ਦਿੰਦੀ ਹਨ ਕਿ ਇੱਕ ਵਾਰ ਮੀਂਹ ਪੈਣ ਤੋਂ ਬਾਅਦ, ਨਵੀਆਂ ਟਹਿਣੀਆਂ ਫੁੱਟਣਗੀਆਂ, "ਅਸੀਂ ਕਦੇ ਵੀ ਗੂੜ੍ਹੇ ਹਰੇ ਹਿੱਸਿਆਂ ਨੂੰ ਨਹੀਂ ਚੁਗਦੇ। ਇਹ ਪ੍ਰਜਨਨ ਵਾਲ਼ੀ ਮੱਛੀ ਦੇ ਸ਼ਿਕਾਰ ਜਿਹਾ ਹੈ, ਹੈ ਨਾ? ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਖਾਣ ਲਈ ਛੋਟੀਆਂ ਮੱਛੀਆਂ ਕਿਵੇਂ ਮਿਲ਼ਣਗੀਆਂ?"
ਪਿੰਡ ਪਰਤਣ ਦੀ ਯਾਤਰਾ ਝੁਲਸਾਉਣ ਵਾਲ਼ੀ ਹੈ। ਧੁੱਪ ਬੜੀ ਤੇਜ਼ ਹੈ ਤੇ ਖਜੂਰ ਦੇ ਰੁੱਖਾਂ ਤੇ ਝਾੜੀਆਂ ਨਾਲ਼ ਭਰਿਆ ਜੰਗਲ ਭੂਰਾ ਤੇ ਖੁਸ਼ਕੀ ਮਾਰਿਆ ਜਾਪਦਾ ਹੈ। ਧਰਤੀ ਤਪ ਰਹੀ ਹੈ। ਪ੍ਰਵਾਸੀ ਪੰਛੀਆਂ ਦਾ ਇੱਕ ਝੁੰਡ - ਬਲੈਕ ਆਇਬਿਸ - ਜਿਵੇਂ ਹੀ ਅਸੀਂ ਨੇੜੇ ਆਉਂਦੇ ਹਾਂ, ਉਡਾਣ ਭਰਦਾ ਹੈ। ਉਹ ਆਪਣੀਆਂ ਲੱਤਾਂ ਖਿੱਚ ਕੇ ਅਤੇ ਖੰਭ ਫੈਲਾ ਕੇ ਚੁਸਤ ਢੰਗ ਨਾਲ਼ ਉੱਡਦੇ ਹਨ। ਅਸੀਂ ਪਿੰਡ ਦੇ ਚੌਕ 'ਤੇ ਪਹੁੰਚਦੇ ਹਾਂ, ਇੱਥੇ ਡਾ. ਅੰਬੇਡਕਰ ਆਪਣੇ ਹੱਥ ਵਿੱਚ ਸੰਵਿਧਾਨ ਲੈ ਕੇ ਖੜ੍ਹੇ ਹਨ। "ਮੈਨੂੰ ਲੱਗਦਾ ਹੈ ਕਿ ਹਿੰਸਾ ਤੋਂ ਬਾਅਦ ਹੀ ਸੁਰੱਖਿਅਤ ਕਰਨ ਲਈ ਉਨ੍ਹਾਂ ਦੀ ਮੂਰਤੀ ਨੂੰ ਲੋਹੇ ਦੀ ਸੀਖਾਂ ਨਾਲ਼ ਘੇਰ ਦਿੱਤਾ ਗਿਆ ਹੈ।''
ਰਥੀ ਦਾ ਘਰ ਇਸ ਮੂਰਤੀ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਹੈ। ਅਸੀਂ ਦੁਬਾਰਾ ਲਿਵਿੰਗ ਰੂਮ ਵਿੱਚ ਹਾਂ, ਉਹ ਮੈਨੂੰ ਦੱਸਦੀ ਹਨ ਕਿ ਉਨ੍ਹਾਂ ਨੂੰ ਕਹਾਣੀਆਂ ਧੁਰ-ਅੰਦਰ ਤੱਕ ਹਲ਼ੂਣ ਦਿੰਦੀਆਂ ਹਨ। "ਇੱਕ ਕਹਾਣੀਕਾਰ ਹੋਣ ਦੇ ਨਾਤੇ ਮੈਂ ਸਟੇਜ 'ਤੇ ਬਹੁਤ ਸਾਰੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੀ ਹਾਂ ਜਿਨ੍ਹਾਂ ਨੂੰ ਆਮ ਹਾਲਤਾਂ ਵਿੱਚ ਦਰਸਾ ਪਾਉਣਾ ਮੁਸ਼ਕਲ ਹੈ- ਭਾਵੇਂ ਉਹ ਪੀੜ੍ਹ ਤੇ ਥਕਾਵਟ ਜਿਹੀਆਂ ਭਾਵਨਾਵਾਂ ਹੀ ਕਿਉਂ ਨਾ ਹੋਣ, ਕਿਉਂਕਿ ਹਕੀਕਤ ਵਿੱਚ ਤੁਸੀਂ ਇਨ੍ਹਾਂ ਨੂੰ ਲੁਕਾਉਣਾ ਚਾਹੁੰਦੇ ਹੋ ਜਾਂ ਇਹਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਦੇ ਹੋ। ਪਰ ਇਹ ਅਜਿਹੀਆਂ ਭਾਵਨਾਵਾਂ ਹਨ ਜਿਨ੍ਹਾਂ ਨੂੰ ਮੈਂ ਮੰਚ 'ਤੇ ਜ਼ਰੂਰ ਪੇਸ਼ ਕਰਦੀ ਹਾਂ।''
ਉਹ ਕਹਿੰਦੀ ਹਨ ਕਿ ਦਰਸ਼ਕ ਰਥੀ ਨੂੰ ਨਹੀਂ ਵੇਖਦੇ ਬਲਕਿ ਉਸ ਕਿਰਦਾਰ ਨੂੰ ਵੇਖਦੇ ਹਨ ਜੋ ਉਹ ਨਿਭਾ ਰਹੀ ਹੁੰਦੀ ਹਨ। ਸਟੇਜ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਸਕਦਾ ਹੈ। "ਇੱਕ ਵਾਰ ਮੈਂ ਬੜੇ ਤਰੀਕੇ ਨਾਲ਼ ਰੋਣ ਦਾ ਨਾਟਕ ਕਰਨਾ ਸੀ, ਮੇਰਾ ਰੋਣਾ ਸੁਣ ਲੋਕ ਇਹ ਕਹਿੰਦਿਆਂ ਕਮਰੇ ਵੱਲ਼ ਨੂੰ ਭੱਜੇ ਕਿ ਉਨ੍ਹਾਂ ਨੇ ਕਿਸੇ ਦੇ ਰੋਣ ਦੀ ਅਵਾਜ਼ ਸੁਣੀ ਹੈ।'' ਮੈਂ ਉਨ੍ਹਾਂ ਨੂੰ ਪੁੱਛਦੀ ਹਾਂ ਕਿ ਕੀ ਉਹ ਮੈਨੂੰ ਰੋ ਕੇ ਸੁਣਾ ਸਕਦੀ ਹਨ। ਉਹ ਕਹਿੰਦੀ ਹਨ,"ਇੱਥੇ ਤਾਂ ਬਿਲਕੁਲ ਨਹੀਂ। ਘੱਟੋ-ਘੱਟ ਤਿੰਨ ਰਿਸ਼ਤੇਦਾਰ ਮੇਰਾ ਰੋਣਾ ਸੁਣ ਹਾਲ ਪੁੱਛਣ ਲਈ ਭੱਜ ਆਉਣਗੇ..."
ਮੇਰੇ ਜਾਣ ਦਾ ਸਮਾਂ ਆ ਗਿਆ ਹੈ, ਅਤੇ ਰਥੀ ਮੇਰੇ ਲਈ ਪਿਰੰਡਈ ਅਚਾਰ ਦਾ ਇੱਕ ਵੱਡਾ ਬੈਚ ਪੈਕ ਕਰਦੀ ਹਨ। ਇਹ ਤੇਲ ਨਾਲ਼ ਲਿਸ਼ਕਾਂ ਮਾਰ ਰਿਹਾ ਹੈ। ਲਸਣ ਦੀ ਖੁਸ਼ਬੂ ਹਵਾ ਵਿੱਚ ਤੈਰ ਰਹੀ ਹੈ। ਅਤੇ ਖੁਸ਼ਬੂ ਬਿਲਕੁਲ ਦੈਵੀ ਜਾਪਦੀ ਹੈ ਜੋ ਮੈਨੂੰ ਉਨ੍ਹਾਂ ਕਹਾਣੀਆਂ ਦੀ ਯਾਦ ਦਿਵਾਉਂਦੀ ਹੈ, ਜਦੋਂ ਅਸੀਂ ਹਰੀਆਂ ਕਰੂੰਬਲਾਂ ਤੇ ਨਵੀਂ ਕਹਾਣੀਆਂ ਦੀ ਭਾਲ਼ ਵਿੱਚ ਨਿਕਲੇ ਸਾਂ...
ਰਥੀ ਦੀ ਮਾਂ ਵਡੀਵੰਮਾਲ ਦਾ ਪਿਰੰਡਈ ਅਚਾਰ ਬਣਾਉਣ ਦਾ ਤਰੀਕਾ:
ਪਿਰੰਡਾਈ ਨੂੰ ਸਾਫ਼ ਕਰੋ ਅਤੇ ਇਸ ਨੂੰ ਬਾਰੀਕ ਕੱਟ ਲਓ। ਇਸ ਨੂੰ ਛਾਣਨੀ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਧੋ ਲਓ ਅਤੇ ਪਾਣੀ ਨੂੰ ਚੰਗੀ ਤਰ੍ਹਾਂ ਕੱਢ ਲਓ। ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ। ਇੱਕ ਪੈਨ ਲਓ ਅਤੇ ਇਸ ਵਿੱਚ ਪਿਰੰਡਾਈ ਲਈ ਲੋੜੀਂਦਾ ਤਿਲ ਦਾ ਤੇਲ ਪਾਓ। ਜਿਵੇਂ ਹੀ ਤੇਲ ਗਰਮ ਹੋ ਜਾਵੇ, ਸਰ੍ਹੋਂ ਦੇ ਬੀਜ ਪਾਓ ਅਤੇ ਜੇ ਤੁਸੀਂ ਚਾਹੋ ਤਾਂ ਮੇਥੀ ਅਤੇ ਲਸਣ ਦੀਆਂ ਕਲੀਆਂ ਪਾਓ। ਲਾਲ ਹੋਣ ਤੱਕ ਚੰਗੀ ਤਰ੍ਹਾਂ ਪਕਾਓ। ਇਮਲੀ ਦੇ ਇੱਕ ਗੋਲੇ ਨੂੰ ਪਹਿਲਾਂ ਹੀ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਗੁੱਦੇ ਨੂੰ ਅੱਡ ਕਰ ਲਓ। ਇਮਲੀ ਪਿਰੰਡਈ ਕਾਰਨ ਹੋਣ ਵਾਲ਼ੀ ਖੁਜਲੀ ਨੂੰ ਦੂਰ ਕਰਦੀ ਹੈ। (ਕਈ ਵਾਰ ਸਾਫ਼ ਕਰਨ ਜਾਂ ਧੋਣ ਵੇਲ਼ੇ ਵੀ ਇਨ੍ਹਾਂ ਵੇਲ਼ਾਂ ਤੋਂ ਤੁਹਾਨੂੰ ਖੁਰਕ ਹੋ ਸਕਦੀ ਹੈ।)
ਇਮਲੀ ਦਾ ਪਾਣੀ ਮਿਸ਼ਰਣ ਵਿੱਚ ਰਲ਼ਾਓ, ਇਸ ਤੋਂ ਬਾਅਦ ਨਮਕ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਹਿੰਗ ਪਾਓ। ਉਦੋਂ ਤੱਕ ਹਿਲਾਓ ਜਦੋਂ ਤੱਕ ਪਿਰੰਡਈ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ। ਛੇਤੀ ਹੀ ਤਿਲ ਦਾ ਤੇਲ ਸਤ੍ਹਾ 'ਤੇ ਤੈਰਨ ਲੱਗਦਾ ਹੈ। ਅਚਾਰ ਨੂੰ ਠੰਡਾ ਹੋਣ ਦਿਓ ਅਤੇ ਉਨ੍ਹਾਂ ਨੂੰ ਇੱਕ ਬੋਤਲ ਵਿੱਚ ਭਰੋ। ਇਹ ਇੱਕ ਸਾਲ ਲਈ ਸੁਰੱਖਿਅਤ ਰਹੇਗਾ।
ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਆਪਣੇ ਖੋਜ ਫੰਡਿੰਗ ਪ੍ਰੋਗਰਾਮ 2020 ਦੇ ਹਿੱਸੇ ਵਜੋਂ ਫੰਡ ਦਿੱਤਾ ਗਿਆ ਹੈ।
ਤਰਜਮਾ: ਕਮਲਜੀਤ ਕੌਰ