ਦੀਪਿਕਾ ਕਮਾਨ ਦੀਆਂ ਸਿੱਖਿਅਤ ਅੱਖਾਂ ਲਗਭਗ ਇੱਕੋ ਜਿਹੇ ਦਿਸਣ ਵਾਲੇ ਨਰ ਅਤੇ ਮਾਦਾ ਕੀੜਿਆਂ ਵਿੱਚ ਫ਼ਰਕ ਕਰ ਸਕਦੀਆਂ ਹਨ। “ਇਹ ਇੱਕੋ ਜਿਹੇ ਲੱਗਦੇ ਹਨ, ਪਰ ਪਹਿਲਾ ਦੂਜੇ ਨਾਲੋਂ ਲੰਮਾ ਹੁੰਦਾ ਹੈ। ਇਹ ਹੀ ਨਰ ਹੈ,” ਲਗਭਗ 13 ਸੈਂਟੀਮੀਟਰ ਲੰਮੇ ਖੰਭਾਂ ਵਾਲੇ ਭੂਰੇ ਅਤੇ ਮਿੱਟੀ ਰੰਗੇਂ ਜੀਵਾਂ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦੇ ਹਨ। “ਇਹ ਛੋਟੇ ਅਤੇ ਮੋਟੇ ਮਾਦਾ ਹਨ।”

ਦੀਪਿਕਾ ਅਸਾਮ ਦੇ ਮਾਜੁਲੀ ਜ਼ਿਲ੍ਹੇ ਦੇ ਚਿਤਾਦਰ ਚੁੱਕ ਪਿੰਡ ਦੀ ਵਸਨੀਕ ਹਨ ਅਤੇ ਉਹਨਾਂ ਨੇ ਏਰੀ ਰੇਸ਼ਮ ਦੇ ਕੀੜੇ ( Samia ricini) ਪਾਲਣੇ ਸ਼ੁਰੂ ਕੀਤੇ ਸੀ। ਉਹਨਾਂ ਨੇ ਇਹ ਆਪਣੀ ਮਾਤਾ ਅਤੇ ਦਾਦੀ ਤੋਂ ਸਿੱਖਿਆ ਸੀ।

ਏਰੀ ਅਸਾਮ ਦੀ ਬ੍ਰਹਮਪੁੱਤਰ ਘਾਟੀ ਅਤੇ ਗੁਆਂਢੀ  ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਪੈਦਾ ਕੀਤੀ ਜਾਣ ਵਾਲੀ ਰੇਸ਼ਮ ਦੀ ਇੱਕ ਕਿਸਮ ਹੈ। ਮੀਸਿੰਗ (ਜਿਸਨੂੰ ਮੀਸ਼ਿੰਗ ਵੀ ਕਿਹਾ ਜਾਂਦਾ ਹੈ) ਭਾਈਚਾਰੇ ਨੇ ਰੇਸ਼ਮ ਦੇ ਕੀੜੇ ਅਤੇ ਬੁਣੇ ਹੋਏ ਏਰੀ ਕਪੜਿਆਂ ਨੂੰ ਆਪਣੀ ਵਰਤੋਂ ਲਈ ਪਾਲਿਆ ਹੈ, ਪਰ ਵਪਾਰਕ ਵਿਕਰੀ ਲਈ ਰੇਸ਼ਮ ਬੁਣਨਾ ਇਸ ਭਾਈਚਾਰੇ ਲਈ ਮੁਕਾਬਲਤਨ ਇੱਕ ਨਵਾਂ ਅਭਿਆਸ ਹੈ।

“ਹੁਣ ਸਮਾ ਬਦਲ ਗਿਆ ਹੈ,” 28 ਸਾਲਾ ਦੀਪਿਕਾ ਦਾ ਕਹਿਣਾ ਹੈ। “ਅੱਜਕਲ੍ਹ ਛੋਟੀਆਂ-ਛੋਟੀਆਂ ਕੁੜੀਆਂ ਵੀ ਰੇਸ਼ਮ ਦੇ ਕੀੜੇ ਪਾਲਣਾ ਸਿੱਖ ਰਹੀਆਂ ਹਨ ਅਤੇ ਅਭਿਆਸ ਕਰ ਰਹੀਆਂ ਹਨ।”

PHOTO • Prakash Bhuyan

ਦੀਪਿਕਾ ਕਾਮਨ ਰੇਸ਼ਮ ਦੇ ਕੀੜੇ ਪਾਲ਼ਦੀ ਹਨ। ਉਹ ਏਰੀ ਰੇਸ਼ਮ ਦੇ ਕੀੜਿਆਂ ਦੀ ਫੀਡਿੰਗ ਟਰੇਅ ਨੂੰ ਸਾਫ ਕਰ ਕੇ ਭਰ ਰਹੀ ਹਨ ਜੋ ਏਰਾ ਪਾਤ ਦੇ ਪੱਤਿਆਂ ’ਤੇ ਆਪਣਾ ਭੋਜਨ ਕਰਦੇ ਹਨ

ਰੇਸ਼ਮ ਦੇ ਕੀੜੇ ਪਾਲ਼ਣਾ ਸ਼ੁਰੂ ਕਰਨ ਲਈ ਲੋਕ ਜਾਂ ਤਾਂ ਮਾਜੁਲੀ ਦੇ ਸੈਰੀਕਲਚਰ ਵਿਭਾਗ ਤੋਂ ਆਂਡੇ ਖ਼ਰੀਦ ਸਕਦੇ ਹਨ- ਜੋ ਕੁਝ ਕਿਸਮਾਂ ਲਈ ਇੱਕ ਪੈਕਟ ਦੀ ਕੀਮਤ 400 ਕੁ ਰੁਪਏ ਹੁੰਦੀ ਹੈ- ਜਾਂ ਉਹ ਪਿੰਡ ਵਿੱਚ ਉਹਨਾਂ ਲੋਕਾਂ ਤੋਂ ਪ੍ਰਾਪਤ ਕਰ ਸਕਦੇ ਹਨ ਜੋ ਪਹਿਲਾਂ ਹੀ ਇਸ ਕੰਮ ਵਿੱਚ ਲੱਗੇ ਹੋਏ ਹਨ। ਦੀਪਿਕਾ ਅਤੇ ਉਹਨਾਂ ਦੇ ਪਤੀ ਉਦੈ ਅਕਸਰ ਪਿੰਡ ਵਿੱਚੋਂ ਹੀ ਲੈਂਦੇ ਹਨ ਕਿਉਂਕਿ ਇਹ ਉਹਨਾਂ ਨੂੰ ਮੁਫ਼ਤ ਮਿਲ ਜਾਂਦੇ ਹਨ। ਇਹ ਜੋੜਾ ਇੱਕ ਸਮੇਂ ਤਿੰਨ ਜੋੜਿਆਂ ਤੋਂ ਵੱਧ ਕੀੜੇ ਨਹੀਂ ਰੱਖਦੇ ਕਿਉਂਕਿ ਅਜਿਹਾ ਕਰਨ ਦਾ ਮਤਲਬ ਹੈ ਅੰਡਿਆਂ ’ਚੋਂ ਨਿਕਲੇ ਲਾਰਵਾ ਨੂੰ ਖੁਆਉਣ ਲਈ ਅਰਿੰਡ ਦੇ ਹੋਰ ਪੱਤਿਆਂ ਨੂੰ  ਲਿਆਉਣਾ। ਕਿਉਂਕਿ ਉਹਨਾਂ ਕੋਲ ਕੋਈ ਏਰਾ ਬਾਗ ਨਹੀਂ ਹੈ ਇਸ ਲਈ ਉਹਨਾਂ ਨੂੰ ਪੱਤਿਆਂ ਦਾ ਚਾਰਾ ਲਿਆਉਣਾ ਪੈਂਦਾ ਹੈ।

“ਇਹ ਬਹੁਤ ਜ਼ਿਆਦਾ ਕੰਮ ਹੁੰਦਾ ਹੈ। ਇਹ [ਅਰਿੰਡ ਦੇ ਪੱਤੇ] ਜ਼ਮੀਨ ਦੇ ਛੋਟੇ ਜਿਹੇ ਹਿੱਸੇ ’ਤੇ ਨਹੀਂ ਉਗਾਏ ਜਾ ਸਕਦੇ। ਸਾਨੂੰ ਬਾਂਸ ਦੀ ਵਾੜ ਬਣਾਉਣੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਬੱਕਰੀਆਂ ਇਸ ਨੂੰ ਖਰਾਬ ਨਾ ਕਰਨ,” ਉਹ ਅੱਗੇ ਕਹਿੰਦੇ ਹਨ।

ਕੈਟਰਪਿਲਰ ਖਾਣ ਦੇ ਸ਼ੋਕੀਨ ਹੁੰਦੇ ਹਨ ਅਤੇ ਇਸ ਲਈ ਉਹਨਾਂ ਦੇ ਖਾਣ ਲਈ ਲੋੜੀਂਦੇ ਅਰਿੰਡ ਦੇ ਪੱਤੇ ਇਕੱਠੇ ਕਰਨਾ ਮੁਸ਼ਕਿਲ ਹੋ ਜਾਂਦਾ ਹੈ। “ਇੱਥੋਂ ਤੱਕ ਕਿ ਸਾਨੂੰ ਰਾਤ ਨੂੰ ਉੱਠ ਕੇ ਵੀ ਉਹਨਾਂ ਨੂੰ ਖਵਾਉਣਾ ਪੈਂਦਾ ਹੈ। ਉਹ ਜਿੰਨਾ ਜ਼ਿਆਦਾ ਖਾਂਦੇ ਹਨ ਉਨਾਂ ਹੀ ਰੇਸ਼ਮ ਪੈਂਦਾ ਕਰਦੇ ਹਨ।” ਉਦੈ ਨੇ ਇਹ ਵੀ ਦੱਸਿਆ ਕਿ ਉਹ ਕੇਸਰੂ ( Heteropanax fragrans ) ਵੀ ਖਾਂਦੇ ਹਨ। ਪਰ ਇਹ ਸਿਰਫ ਇੱਕ ਹੀ ਚੀਜ ਹੋਵੇਗੀ: “ਉਹ ਆਪਣੇ ਜੀਵਨ ਕਾਲ ਵਿੱਚ ਬਾਕੀ ਸਭ ਛੱਡ ਕੇ ਸਿਰਫ ਇੱਕ ਖ਼ਾਸ ਪੱਤੇ ਹੀ ਖਾਂਦੇ ਹਨ।”

ਜਦੋਂ ਉਹ ਕਕੂਨ ਬਣਾਉਣ ਲਈ ਤਿਆਰ ਹੋ ਜਾਂਦੇ ਹਨ ਤਾਂ ਪੋਕਾ ਪੋਲੂ (ਕੈਟਰਪਿਲਰ) ਢੁਕਵੀਂ ਥਾਂ ਦੀ ਭਾਲ ਵਿੱਚ ਆਲੇ-ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਰੁਪਾਂਤਰਨ ਦੀ ਉਡੀਕ ਲਈ ਉਹਨਾਂ ਨੂੰ ਕੇਲੇ ਦੇ ਪੱਤੇ ਜਾਂ ਪਰਾਲੀ ‘ਤੇ ਰੱਖਿਆ ਜਾਂਦਾ ਹੈ। “ਇੱਕ ਵਾਰ ਜਦੋਂ ਉਹ ਧਾਗਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਉਹ ਸਿਰਫ ਦੋ ਕੁ ਦਿਨਾਂ ਲਈ ਹੀ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਹ ਕਕੂਨ ਵਿੱਚ ਹੀ ਸਮਾ ਜਾਂਦੇ ਹਨ,” ਦੀਪਿਕਾ ਦੱਸਦੇ ਹਨ।

PHOTO • Prakash Bhuyan
PHOTO • Prakash Bhuyan

ਖੱਬੇ : ਦੀਪਿਕਾ ਅਤੇ ਉਦੈ ਦੇ ਘਰ ਦੀ ਕੰਧ ਤੇ ਲਮਕਦੇ ਏਰੀ ਰੇਸ਼ਮ ਦੇ ਕਕੂਨ ਮਾਦਾ ਕੀੜਿਆਂ ਦੇ ਕਕੂਨ ਨਰ ਕੀੜਿਆਂ ਦੇ ਕਕੂਨ ਤੋਂ ਵੱਡੇ ਹੁੰਦੇ ਹਨ ਸੱਜੇ : ਰੇਸ਼ਮ ਦੇ ਕੀੜਿਆਂ ਨੂੰ ਇੱਕ ਪਲੇਟ ਵਿੱਚ ਰੱਖ ਕੇ ਭੋਜਨ ਦਿੱਤਾ ਜਾਂਦਾ ਹੈ

*****

ਰੇਸ਼ਮ ਦਾ ਧਾਗਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਕੂਨ ਬਨਣ ਦੀ ਪ੍ਰਕਿਰਿਆ ਤੋਂ ਲਗਭਗ 10 ਦਿਨ ਬਾਅਦ ਸ਼ੁਰੂ ਹੁੰਦੀ ਹੈ। “ਜੇਕਰ ਅਸੀੰ ਇਹਨਾਂ ਨੂੰ ਇਸ ਤੋੰ ਵੱਧ ਸਮੇਂ ਲਈ ਰੱਖਦੇ ਹਾਂ ਤਾਂ ਕੈਟਰਪਿਲਰ ਪਤੰਗਿਆਂ ਵਿੱਚ ਬਦਲ ਜਾਂਦੇ ਹਨ ਅਤੇ ਉੱਡ ਜਾਂਦੇ ਹਨ,” ਦੀਪਿਕਾ ਕਹਿੰਦੇ ਹਨ।

ਸਿਲਕ ਪ੍ਰਾਪਤ ਕਰਨ ਦੇ ਦੋ ਤਰੀਕੇ ਹਨ: ਜਾਂ ਤਾਂ ਰੂਪਾਂਤਰਨ ਪੂਰਾ ਹੋਣ ਅਤੇ ਪਤੰਗਿਆਂ ਦੇ ਉੱਡ ਜਾਣ ਦਾ ਇੰਤਜ਼ਾਰ ਕੀਤਾ ਜਾਵੇ ਤਾਂ ਕੇ ਓਹ ਪਿੱਛੇ ਰੇਸ਼ਮ ਛੱਡ ਜਾਣ ਜਾਂ ਫਿਰ ਪਰੰਪਰਾਗਤ ਮਿਸਿੰਗ ਅਭਿਆਸ ਜਿਸ ਵਿੱਚ ਕਕੂਨ ਨੂੰ ਉਬਾਲਿਆ ਜਾਂਦਾ ਹੈ।

ਦੀਪਿਕਾ ਦਾ ਕਹਿਣਾ ਹੈ ਕਿ ਕਕੂਨ ਨੂੰ ਉਬਾਲੇ ਬਿਨਾਂ ਹੱਥਾਂ ਨਾਲ ਰੇਸ਼ਮ ਕੱਢਣਾ ਮੁਸ਼ਕਿਲ ਹੈ। ਪਤੰਗਾ ਨਿਕਲਣ ਤੋਂ ਬਾਅਦ ਇਹ ਜਲਦੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। “ਉਬਾਲਣ ਵੇਲੇ ਅਸੀਂ ਇਹ ਧਿਆਨ ਰੱਖਦੇ ਹਾਂ ਕਿ ਇਹ ਨਰਮ ਹੋ ਗਏ ਹਨ ਜਾਂ ਨਹੀਂ” ਉਦੈ ਅੱਗੇ ਕਹਿੰਦੇ ਹਨ। “ਅੱਗ ‘ਤੇ ਲਗਭਗ ਅੱਧਾ ਘੰਟਾ ਲੱਗ ਜਾਂਦਾ ਹੈ।”

ਪੋਲੂ ਪੋਕਾ (ਕੈਟਰਪਿਲਰ) ਇੱਕ ਸੁਆਦੀ ਚੀਜ ਹੈ ਜਿਸਨੂੰ ਉਬਲੇ ਹੋਏ ਕਕੂਨ ਵਿੱਚੋਂ ਕੱਢਣ ਤੋਂ ਬਾਅਦ ਖਾਦਾ ਜਾਂਦਾ ਹੈ। “ਇਸਦਾ ਸੁਆਦ ਮੀਟ ਵਰਗਾ ਹੁੰਦਾ ਹੈ,” ਦੀਪਿਕਾ ਦਾ ਕਹਿਣਾ ਹੈ। “ਇਸਨੂੰ ਤਲਿਆ ਜਾਂ ਪਾਟੋਤ ਦੀਆ [ਇੱਕ ਪਕਵਾਨ ਜਿਸ ਵਿੱਚ ਕੋਈ ਸਬਜ਼ੀ, ਮੀਟ ਜਾਂ ਮੱਛੀ ਨੂੰ ਕੇਲੇ ਦੇ ਪੱਤਿਆਂ ਵਿੱਚ ਲਪੇਟ ਕੇ ਚੁੱਲ੍ਹੇ ਤੇ ਸੇਕਿਆ ਜਾਂਦਾ ਹੈ] ਦੀ ਤਰ੍ਹਾਂ ਖਾਧਾ ਜਾ ਸਕਦਾ ਹੈ।”

ਪ੍ਰਾਪਤ ਕੀਤੇ ਰੇਸ਼ੇ ਨੂੰ ਸਾਫ ਕਰਕੇ, ਕੱਪੜੇ ਵਿੱਚ ਲਪੇਟ ਕੇ, ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਫਿਰ ਇਸ ਧਾਗੇ ਨੂੰ ਇੱਕ ਟਕੁਰੀ ਜਾਂ ਪੋਪੀ (ਕੱਤਲੇ) ਦੀ ਮਦਦ ਨਾਲ ਕੱਤਿਆ ਜਾਂਦਾ ਹੈ। “250 ਗ੍ਰਾਮ ਏਰੀ ਰੇਸ਼ਮ ਤਿਆਰ ਕਰਨ ਨੂੰ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ,” ਦੀਪਿਕਾ ਦੱਸਦੇ ਹਨ ਜੋ ਹਰ ਰੋਜ਼ ਘਰੇਲੂ ਕੰਮ ਕਰਨ ਤੋਂ ਬਾਅਦ ਧਾਗਾ ਕੱਤਦੇ ਹਨ। ਇੱਕ ਰਵਾਇਤੀ ਸਾਡੋਰ ਮਖੇਲਾ ਪਹਿਰਾਵਾ ਤਿਆਰ ਕਰਨ ਲਈ ਲਗਭਗ ਇੱਕ ਕਿਲੋਗ੍ਰਾਮ ਧਾਗੇ ਦੀ ਲੋੜ ਹੁੰਦੀ ਹੈ।

PHOTO • Prakash Bhuyan
PHOTO • Prakash Bhuyan

ਖੱਬੇ: ਮਾਦਾ ਕੀੜਾ ਆਂਡੇ ਦਿੰਦਾ ਹੋਇਆ। ਜਦੋਂ ਪਤੰਗੇ ਕਕੂਨ ਵਿੱਚੋਂ ਬਾਹਰ ਆਉਂਦੇ ਹਨ ਉਹ ਪਹਿਲਾਂ ਹੀ ਪ੍ਰੋੜ ਹੁੰਦੇ ਹਨ ਅਤੇ ਮੇਲ ਕਰਨ ਤੇ ਜਣਣ ਲਈ ਤਿਆਰ ਹੁੰਦੇ ਹਨ।  ਸੱਜੇ: ਏਰੀ ਰੇਸ਼ਮ ਕਕੂਨ ਤੋਂ ਬਾਹਰ ਆਉਂਦਾ ਹੋਇਆ ਪਤੰਗਾ। ਏਰੀ ਰੇਸ਼ਮ ਦੇ ਕੀੜੇ ਆਪਣੇ ਆਂਡਿਆਂ ਤੋਂ ਤਿੰਨ ਚਾਰ ਹਫਤਿਆਂ ਬਾਅਦ ਕਕੂਨ ਬਣਾਉਣਾ ਸ਼ੁਰੂ ਕਰਦੇ ਹਨ। ਇਸ ਸਮੇਂ ਤੱਕ ਰੇਸ਼ਮ ਦੇ ਕੀੜੇ ਆਪਣਾ ਸ਼ੈੱਡਿੰਗ ਦਾ ਚੌਥਾ ਅਤੇ ਆਖਰੀ ਚੱਕਰ ਪੂਰਾ ਕਰ ਲੈਂਦੇ ਹਨ ਅਤੇ ਪਤੰਗਿਆਂ ਵਿੱਚ ਰੂਪਾਂਤਰਨ ਲਈ ਤਿਆਰ ਹੁੰਦੇ ਹਨ। ਇਸ ਪ੍ਰਕਿਰਿਆ ਲਈ ਰੇਸ਼ਮ ਦੇ ਕੀੜਾ ਫਿਲਾਮੈਂਟ ਨੂੰ ਛੁਪਾ ਕੇ ਆਪਣੇ ਆਲੇ ਦੁਆਲੇ ਕਕੂਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਪੂਰਾ ਕਕੂਨ ਬਣਨ ਵਿੱਚ ਲਗਭਗ ਦੋ-ਤਿੰਨ ਦਿਨ ਲੱਗ ਜਾਂਦੇ ਹਨ। ਇਹ ਰੇਸ਼ਮ ਦਾ ਕੀੜਾ ਅਗਲੇ ਤਿੰਨ ਹਫਤੇ ਉਸੇ ਕਕੂਨ ਵਿੱਚ ਰਹਿੰਦਾ ਹੈ ਜਿੱਥੇ ਇਹ ਪੂਰੀ ਤਰ੍ਹਾਂ ਪਤੰਗੇ ਵਿੱਚ ਬਦਲ ਜਾਂਦਾ ਹੈ

PHOTO • Prakash Bhuyan
PHOTO • Prakash Bhuyan

ਖੱਬੇ: ਕਕੂਨ ਤੋਂ ਪ੍ਰਾਪਤ ਏਰੀ ਰੇਸ਼ਮ ਦੇ ਧਾਗੇ ਕੱਤਣ ਲਈ ਇਹਨਾਂ ਰਵਾਇਤੀ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ: ਟਕੁਰੀ ਦੀ ਵਰਤੋਂ ਏਰੀ ਰੇਸ਼ਮ ਦੇ ਧਾਗੇ ਨੂੰ ਕੱਤਣ ਲਈ ਕੀਤੀ ਜਾਂਦੀ ਹੈ ਜਦਕਿ ਪੋਪੀ ਨੂੰ ਕੱਤਲੇ ਦੇ ਭਾਰ ਵੱਜੋ ਵਰਤਿਆ ਜਾਂਦਾ ਹੈ। ਪੋਪੀ ਰੇਸ਼ਮ ਦੇ ਕਈ ਬਰੀਕ ਰੇਸ਼ਿਆਂ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਵਿੱਚ ਮਦਦ ਕਰਦਾ ਹੈ। ਸੱਜੇ: ਤਲੇ ਹੋਏ ਰੇਸ਼ਮ ਦੇ ਕੀੜੇ ਇਕ ਕਟੋਰੇ ਵਿੱਚ ਪਰੋਸੇ ਜਾਂਦੇ ਹਨ। ਉੱਤਰ-ਪੂਰਵੀ ਭਾਰਤ ਵਿੱਚ ਮਿਸ਼ਿੰਗ ਅਤੇ ਹੋਰ ਬਹੁਤ ਸਾਰੇ ਭਾਈਚਾਰਿਆਂ ਵਿੱਚ ਰੇਸ਼ਮ ਦੇ ਕੀੜੇ ਇੱਕ ਸੁਆਦੀ ਭੋਜਨ ਵਜੋਂ ਖਾਧੇ ਜਾਂਦੇ ਹਨ

ਜਦੋਂ ਇਹ ਧਾਗੇ ਪਹਿਲੀ ਵਾਰ ਕੱਤੇ ਜਾਂਦੇ ਹਨ, ਇਹ ਚਿੱਟੇ ਹੁੰਦੇ ਹਨ, ਪਰ ਵਾਰ-ਵਾਰ ਧੋਣ ਨਾਲ ਇਹ ਬਾਅਦ ਵਿਚ ਏਰੀ ਦੇ ਵਿਲੱਖਣ ਪੀਲੇ ਰੰਗ ਵਿਚ ਬਦਲ ਜਾਂਦੇ ਹਨ।

“ਇੱਕ ਮੀਟਰ ਏਰੀ ਰੇਸ਼ਮ ਇੱਕ ਦਿਨ ਵਿੱਚ ਬੁਣਿਆ ਜਾ ਸਕਦਾ ਹੈ ਜੇਕਰ ਅਸੀਂ ਸੁਬਹ ਸ਼ੁਰੂ ਕਰਕੇ ਸਾਰਾ ਦਿਨ ਇਸਤੇ ਲੱਗੇ ਰਹੀਏ,” ਉਹ ਅੱਗੇ ਕਹਿੰਦੇ ਹਨ।

ਇਹ ਰੇਸ਼ਮ ਦੇ ਧਾਗੇ ਸੂਤੀ ਧਾਗੇ ਨਾਲ ਰਲ਼ਾ ਕੇ ਵੀ ਬੁਣੇ ਜਾਂਦੇ ਹਨ। ਦੀਪਿਕਾ ਦਾ ਕਹਿਣਾ ਹੈ ਕਿ ਇਸ ਕੱਪੜੇ ਦੀ ਵਰਤੋੰ ਕਮੀਜ਼ਾਂ, ਸਾੜੀਆਂ ਅਤੇ ਅਸਾਮੀ ਔਰਤਾਂ ਦੁਆਰਾ ਪਾਏ ਜਾਣ ਵਾਲੇ ਰਵਾਇਤੀ ਪਹਿਰਾਵੇ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇੱਕ ਨਵੇਂ ਰੁਝਾਨ ਤਹਿਤ ਏਰੀ ਤੋਂ ਸਾੜੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।

ਨਵੇਂ ਰੁਝਾਨਾਂ ਦੇ ਬਾਵਜੂਦ ਰੇਸ਼ਮ ਦੇ ਕਾਰੋਬਾਰ ਨੂੰ ਕਾਇਮ ਰੱਖਣ ਵਿੱਚ ਸਖ਼ਤ ਮਿਹਨਤ ਲੱਗਦੀ ਹੈ। “ਰੇਸ਼ਮ ਦੇ ਕੀੜਿਆਂ ਨੂੰ ਪਾਲਣ ਅਤੇ ਫਿਰ ਕੱਪੜੇ ਬੁਣਨ ਵਿੱਚ ਬਹੁਤ ਸਮਾਂ ਲੱਗਦਾ ਹੈ,” ਦੀਪਿਕਾ ਕਹਿੰਦੇ ਹਨ ਜਿਨ੍ਹਾਂ ਨੇ ਹੁਣ ਰੇਸ਼ਮ ਉਤਪਾਦਨ ਦਾ ਕੰਮ ਛੱਡ ਦਿੱਤਾ ਹੈ। ਘਰ ਦੇ ਕੰਮ-ਕਾਰ, ਮੌਸਮੀ ਖੇਤੀਬਾੜੀ ਦੇ ਕੰਮ ਅਤੇ ਆਪਣੇ ਚਾਰ ਸਾਲ ਦੇ ਬੇਟੇ ਦੀ ਪਰਵਰਿਸ਼ ਕਰਨ ਦੇ ਨਾਲ ਇਸ ਕੰਮ ਲਈ ਕੋਈ ਸਮਾਂ ਨਹੀਂ ਰਹਿੰਦਾ।

*****

ਜਾਮਿਨੀ ਪੇਏਂਗ ਆਪਣੇ ਚਾਲੀ ਦੇ ਦਹਾਕੇ ਵਿੱਚ ਇੱਕ ਮਾਹਿਰ ਬੁਣਨਕਾਰ ਹਨ ਅਤੇ ਭਾਰਤ ਦੀ ਸ਼ਿਲਪਕਾਰੀ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਹਨ। ਉਹ ਲਗਭਗ ਇੱਕ ਦਹਾਕੇ ਤੋਂ ਏਰੀ ਰੇਸ਼ਮ ਦੇ ਕੱਪੜੇ ਬੁਣ ਰਹੇ ਹਨ ਅਤੇ ਇਸ ਸ਼ਿਲਪਕਾਰੀ ਵਿੱਚ ਘੱਟਦੀ ਰੁਚੀ ਬਾਰੇ ਚਿੰਤਤ ਹਨ। “ਅੱਜਕਲ੍ਹ ਸਾਡੇ ਵਿਚਕਾਰ ਅਜਿਹੇ ਲੋਕ ਹਨ ਜਿਨ੍ਹਾਂ ਨੇ ਕਦੇ ਰੇਸ਼ੇ ਨੂੰ ਛੂਹਿਆ ਤੱਕ ਨਹੀਂ ਹੈ। ਉਹ ਇਹ ਫ਼ਰਕ ਨਹੀਂ ਕਰ ਸਕਦੇ ਕਿ ਅਸਲ ਏਰੀ ਕੀ ਹੈ। ਅਸੀਂ ਇਥੋਂ ਤੱਕ ਪਹੁੰਚ ਗਏ ਹਾਂ।”

ਦਸਵੀਂ ਜਮਾਤ ਵਿੱਚ ਪੜ੍ਹਦਿਆਂ ਜਾਮਿਨੀ ਨੇ ਟੈਕਸਟਾਇਲ ਅਤੇ ਬੁਣਾਈ ਦਾ ਕੋਰਸ ਕੀਤਾ। ਕਾਲਜ ਦਾਖ਼ਲਾ ਲੈਣ ਤੋਂ ਪਹਿਲਾਂ ਉਹਨਾਂ ਨੇ ਕੁਝ ਸਾਲ ਇਸਦਾ ਅਭਿਆਸ ਕੀਤਾ। ਗ੍ਰੈਜੂਏਸ਼ਨ ਤੋਂ ਬਾਅਦ ਉਹ ਇੱਕ ਗ਼ੈਰ-ਸਰਕਾਰੀ ਸੰਸਥਾ ਵਿੱਚ ਸ਼ਾਮਿਲ ਹੋ ਗਏ ਅਤੇ ਰਵਾਇਤੀ ਰੇਸ਼ਮ ਦੀ ਬੁਣਾਈ ਦੇਖਣ ਲਈ ਮਾਜੁਲੀ ਦੇ ਪਿੰਡਾਂ ਦਾ ਦੌਰਾ ਕਰਨ ਸ਼ੁਰੂ ਕਰ ਦਿੱਤਾ।

PHOTO • Prakash Bhuyan
PHOTO • Prakash Bhuyan

ਖੱਬੇ : ਅਸਾਮ ਦੇ ਮਾਜੁਲੀ ਵਿੱਚ ਕਮਲਾਬਾੜੀ ਵਿੱਚ ਆਪਣੀ ਦੁਕਾਨ ਵਿੱਚ ਇੱਕ ਫੋਟੋ ਲਈ ਪੋਜ਼ ਦਿੰਦੇ ਹੋਏ ਜਾਮਿਨੀ ਪੇਇੰਗ ਸੱਜੇ : ਇੱਕ ਵਿਰਾਸਤੀ ਏਰੀ ਸ਼ਾਲ

PHOTO • Prakash Bhuyan
PHOTO • Prakash Bhuyan

ਜਾਮਿਨੀ ਪੇਇੰਗ ਦੀ ਵਰਕਸ਼ਾਪ ਵਿੱਚ ਬੁਣਾਈ ਦੇ ਸੰਦ

“ਜਿਨ੍ਹਾਂ ਘਰਾਂ ਵਿੱਚ ਏਰੀ ਪਾਲ਼ੇ ਜਾਂਦੇ ਹਨ ਉੱਥੇ ਬੱਚੇ ਆਪਣੀਆਂ ਮਾਵਾਂ ਤੋਂ ਸਿੱਖਦੇ ਹਨ,” ਮਾਜੁਲੀ ਦੇ ਜਾਮਿਨੀ ਕਹਿੰਦੇ ਹਨ। “ਮੈਨੂੰ ਟਾਟ-ਬਾਤੀ [ਬੁਣਾਈ] ਜਾਂ ਕੱਤਣਾ ਨਹੀਂ ਸਿਖਾਇਆ ਗਿਆ। ਮੈਂ ਇਹ ਆਪਣੀ ਮਾਂ ਨੂੰ ਦੇਖ ਕੇ ਸਿੱਖਿਆ ਹੈ।”

ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਔਰਤਾਂ ਅਜੇ ਵੀ ਰੇਸ਼ਮ ਕੱਪੜੇ ਪਹਿਣਦੀਆਂ ਸਨ ਜੋ ਉਹਨਾਂ ਦੇ ਆਪਣੇ ਹੱਥੀ ਬਣਾਏ ਹੁੰਦੇ ਸਨ, ਕਿਉਂਕਿ ਮਸ਼ੀਨੀ ਬਣੇ ਆਮ ਕੱਪੜੇ ਅੱਜ ਵਾਂਗ ਉਪਲਬਧ ਨਹੀਂ ਸਨ। ਔਰਤਾਂ ਏਰੀ, ਨੂਨੀ ਅਤੇ ਮੁਗਾ ਰੇਸ਼ਮ ਤੋਂ ਬਣੇ ਸਾਡਰ-ਮਖ਼ੇਲਾ ਪਹਿਨਦੀਆਂ ਸਨ। “ਔਰਤਾਂ ਜਿੱਥੇ ਵੀ ਜਾਂਦੀਆਂ ਸਨ ਆਪਣੀ ਟਕੁਰੀ [ਕੱਤਲਾ] ਨਾਲ ਲੈ ਕੇ ਜਾਂਦੀਆਂ ਸਨ।”

ਇਸ ਸਭ ਨੇ ਜਾਮਿਨੀ ਨੂੰ ਪ੍ਰੇਰਤ ਕੀਤਾ। “ਫਿਰ ਮੈਂ ਫ਼ੈਸਲਾ ਕੀਤਾ ਕਿ ਮੈਂ ਏਰੀ ਰੇਸ਼ਮ ਦੇ ਕੀੜੇ ਪਾਲ਼ਾਂਗੀ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਸਿਖਲਾਈ ਦੇਵਾਂਗੀ।” ਵਰਤਮਾਨ ਵਿੱਚ ਉਹ ਮਾਜੁਲੀ ਦੀਆਂ 25 ਔਰਤਾਂ ਨੂੰ ਬੁਣਾਈ ਅਤੇ ਟੈਕਸਟਾਇਲ ਦੀ ਸਿਖਲਾਈ ਦੇ ਰਹੇ ਹਨ। ਉਹਨਾਂ ਦਾ ਕੰਮ ਦੇਸ਼ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਬ੍ਰਿਟਿਸ਼ ਮਿਊਜ਼ੀਅਮ ਵਿੱਚ ਪੇਸ਼ ਕੀਤਾ ਇੱਕ ਹਿੱਸਾ ਵੀ ਸ਼ਾਮਿਲ ਹੈ।

“ਏਰੀ ਕੱਪੜਿਆਂ ਦੀ ਮੰਗ ਬਹੁਤ ਜ਼ਿਆਦਾ ਹੈ ਪਰ ਅਸੀਂ ਇਸ ਨੂੰ ਰਵਾਇਤੀ ਤਰੀਕਿਆਂ ਨਾਲ ਬਣਾਉਂਦੇ ਹਾਂ।” ਜਾਮਿਨੀ ਕਹਿੰਦੇ ਹਨ। ਹੋਰ ਥਾਵਾਂ ‘ਤੇ ਏਰੀ ਕੱਪੜਾ ਮਸ਼ੀਨਾਂ ਰਾਹੀਂ ਵੀ ਬੁਣਿਆ ਜਾਂਦਾ ਹੈ; ਬਿਹਾਰ ਦੇ ਭਾਗਲਪੁਰ ਦੇ ਰੇਸ਼ਮ ਨੇ ਅਸਾਮ ਦੇ ਬਜ਼ਾਰਾਂ ਵਿੱਚ ਹੜ੍ਹ ਲਿਆ ਰੱਖਿਆ ਹੈ।

ਹੱਥਾਂ ਨਾਲ ਬਣੀਆਂ ਵਸਤੂਆਂ ਦੀ ਕੀਮਤ ਧਾਗਿਆਂ ਦੀ ਕਿਸਮ, ਬਣਾਉਣ ਲਈ ਵਰਤੀਆਂ ਗਈਆਂ ਤਕਨੀਕਾਂ ਦੇ ਨਾਲ-ਨਾਲ ਡਿਜ਼ਾਈਨ ਦੀਆਂ ਪੇਚੀਦਗੀਆਂ ‘ਤੇ ਨਿਰਭਰ ਕਰਦਾ ਹੈ। ਰਵਾਇਤੀ ਡਿਜ਼ਾਈਨ ਨਾਲ ਤਿਆਰ ਕੀਤੇ ਇੱਕ ਏਰੀ ਸਟੋਲ ਦੀ ਕੀਮਤ 3,500 ਤੋਂ ਉੱਪਰ ਜਾ ਸਕਦੀ ਹੈ। ਹੱਥੀਂ ਤਿਆਰ ਕੀਤੇ ਸਾਡਰ- ਮਖੇਲਾ ਦੀ ਬਜ਼ਾਰੀ ਕੀਮਤ 8,000 ਤੋਂ ਸ਼ੁਰੂ ਹੁੰਦੀ ਹੈ ਅਤੇ ਸਥਾਨਕ ਬਜ਼ਾਰ ਵਿੱਚ 15,000 ਤੋਂ 20,000 ਤੱਕ ਜਾ ਸਕਦੀ ਹੈ।

“ਪਹਿਲਾਂ ਅਸਾਮੀ ਕੁੜੀਆਂ ਆਪਣੇ ਪ੍ਰੇਮੀਆਂ ਲਈ ਗਮਸ਼ਾ, ਰੁਮਾਲ ਅਤੇ ਸਿਰਹਾਣਿਆਂ ਦੇ ਗਲਾਫ਼ ਅਤੇ ਸਾਡੀਆਂ ਮੀਸਿੰਗ ਕੁੜੀਆਂ ਵੀ ਗਾਲੁਕ ਬੁਣਿਆ ਕਰਦੀਆਂ ਸਨ,” ਉਹ ਦੱਸਦੇ ਹਨ। ਜਾਮਿਨੀ ਦਾ ਮੰਨਣਾ ਹੈ ਕਿ ਜੇਕਰ ਲੋਕ ਪਰੰਪਰਾਗਤ ਤਰੀਕਿਆਂ ਨੂੰ ਮੁੜ ਸੁਰਜੀਤ ਨਹੀਂ ਕਰਨਗੇ ਅਤੇ ਉਹਨਾਂ ਨੂੰ ਆਪਣੀ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚਾਉਂਣਗੇ ਤਾਂ ਇਹ ਅਮੀਰ ਸੱਭਿਆਚਾਰਕ ਵਿਰਸਾ ਅਲੋਪ ਹੋ ਜਾਵੇਗਾ। “ਇਸ ਲਈ ਮੇਰੇ ਤੋਂ ਜਿੰਨਾ ਹੋ ਰਿਹਾ ਹੈ, ਮੈਂ ਇਸ ਨੂੰ ਇੱਕ ਜ਼ਿੰਮੇਵਾਰੀ ਵਜੋਂ ਨਿਭਾ ਰਹੀ ਹਾਂ।”

ਇਹ ਸਟੋਰੀ ਮ੍ਰਿਣਾਲਨੀ ਮੁਖ਼ਰਜੀ ਫਾਊਂਡੇਸ਼ਨ (MMF) ਦੀ ਫੈਲੋਸ਼ਿਪ ਦੁਆਰਾ ਸਮਰਥਤ ਹੈ

ਅਨੁਵਾਦ: ਇੰਦਰਜੀਤ ਸਿੰਘ

Prakash Bhuyan

பிரகாஷ் புயன் அசாமை சேர்ந்த கவிஞரும் புகைப்படக் கலைஞரும் ஆவார். அசாமிலுள்ள மஜுலியில் கைவினை மற்றும் பண்பாடுகளை ஆவணப்படுத்தும் 2022-23ன் MMF-PARI மானியப்பணியில் இருக்கிறார்.

Other stories by Prakash Bhuyan
Editor : Swadesha Sharma

ஸ்வதேஷ ஷர்மா ஒரு ஆய்வாளரும் பாரியின் உள்ளடக்க ஆசிரியரும் ஆவார். பாரி நூலகத்துக்கான தரவுகளை மேற்பார்வையிட தன்னார்வலர்களுடன் இணைந்து பணியாற்றுகிறார்.

Other stories by Swadesha Sharma
Translator : Inderjeet Singh

Inderjeet Singh is an Assistant Professor in the Department of English, Punjabi University, Patiala. Translation Studies being his major focus, he has translated ‘The Diary of A Young Girl’ from English to Punjabi.

Other stories by Inderjeet Singh