ਛੱਤੀਸਗੜ੍ਹ ਦੇ ਰਾਇਪੁਰ ਜ਼ਿਲ੍ਹੇ ਦੇ ਧਮਤਰੀ ਤੋਂ ਕਰੀਬ 5 ਕਿਲੋਮੀਟਰ ਦੂਰ ਪੈਂਦੇ ਲੋਹਰਸੀ ਪਿੰਡ ਦੇ ਕੰਨਿਆ ਪ੍ਰਾਇਮਰੀ ਸਕੂਲ ਕਈ ਮਾਅਨਿਆਂ ਵਿੱਚ ਖਾਸ ਹੈ। ਉਂਝ ਤਾਂ ਸਰਸਰੀ ਨਜ਼ਰ ਮਾਰਿਆਂ ਹੀ ਸਕੂਲ ਦੇ ਪੁਰਾਣੇ ਹੋਣ ਦਾ ਪਤਾ ਚੱਲਦਾ ਹੈ; ਬਾਕੀ ਇਹਦੇ ਵਿਹੜੇ ਵਿੱਚ ਲੱਗੇ ਪਿੱਪਲ ਦੇ ਰੁੱਖ ਦਾ ਘੇਰਾ ਹੀ ਦੱਸ ਰਿਹਾ ਹੈ ਕਿ ਉਹਦੀ ਉਮਰ 80 ਜਾਂ 90 ਸਾਲ ਤੋਂ ਘੱਟ ਨਹੀਂ ਹੈ। ਅੰਦਰ ਜਾ ਕੇ ਇੱਥੋਂ ਦੀ ਵਿਦਿਆਰਥਣਾਂ ਨਾਲ਼ ਮਿਲ਼ਣ 'ਤੇ ਸਕੂਲ ਦੇ ਵਰਤਮਾਨ ਨਾਲ਼ ਰੂਬਰੂ ਹੋਣ ਦਾ ਮੌਕਾ ਮਿਲ਼ਦਾ ਹੈ ਤੇ ਉਨ੍ਹਾਂ ਦੀ ਗਤੀਸ਼ੀਲਤਾ ਦੇਖ ਕੇ ਨਜ਼ਰ ਆਉਂਦਾ ਹੈ ਕਿ ਸਕੂਲ ਦਾ ਮਾਹੌਲ ਕਿੰਨਾ ਬਿਹਤਰ ਹੈ।
ਇਸ ਸਕੂਲ ਦੀ ਸਥਾਪਨਾ ਦੇਸ਼ ਦੀ ਅਜ਼ਾਦੀ ਤੋਂ 29 ਸਾਲ ਪਹਿਲਾਂ ਸਾਲ 1918 ਵਿੱਚ ਕੀਤੀ ਗਈ ਸੀ। ਲਗਭਗ 96 ਸਾਲ ਬਾਅਦ, ਲੜਕੀਆਂ ਦੇ ਨਾਮ ਵਾਲ਼ੇ ਰਜਿਸਟਰ ਸਕੂਲ ਵਿੱਚ ਸੁਰੱਖਿਅਤ ਰੱਖੇ ਗਏ ਹਨ। ਸਕੂਲ ਦੀ ਅਧਿਆਪਕਾ ਨੀਲਿਮਾ ਨੇਤਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਪੁਰਾਣੇ ਲੱਕੜ ਦੇ ਡੱਬੇ ਵਿਚ ਰੱਖਿਆ ਰਜਿਸਟਰ ਮਿਲਿਆ, ਜਿਸ ਨੂੰ ਸਿਓਂਕ ਖਾ ਗਈ ਹੈ। ਇਸ ਵਿੱਚ ਸਕੂਲ ਦੀ ਸਥਾਪਨਾ ਦੇ ਸਾਲ ਤੋਂ, ਉਸ ਸਮੇਂ ਦੇ ਅਧਿਆਪਕਾਂ ਅਤੇ ਬੱਚਿਆਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਸੀ। ਉਨ੍ਹਾਂ ਨੇ ਰਜਿਸਟਰ 'ਤੇ ਇੱਕ ਨਵਾਂ ਕਵਰ ਚੜ੍ਹਾਇਆ ਹੈ, ਅਜਿਹੇ ਦਸਤਾਵੇਜ਼ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਸ ਵਿੱਚ ਸਕੂਲ ਦਾ ਕੀਮਤੀ ਇਤਿਹਾਸ ਹੈ।
ਅਸੀਂ ਉਨ੍ਹਾਂ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਵੀ ਦੇਖਿਆ, ਜਿਨ੍ਹਾਂ ਵਿੱਚੋਂ ਇੱਕ 'ਪ੍ਰਮੋਸ਼ਨ ਬੁੱਕ' ਹੈ। ਇਸ ਰਜਿਸਟਰ ਦੇ ਕੁਝ ਹਿੱਸਿਆਂ ਨੂੰ ਸਿਓਂਕ ਨੇ ਖਾ ਲਿਆ ਹੈ, ਜਿਸ ਕਾਰਨ ਕੁਝ ਨਾਮ ਅਤੇ ਜਾਣਕਾਰੀ ਇੰਨੀ ਸਪੱਸ਼ਟ ਨਹੀਂ ਹੈ, ਪਰ ਬਾਕੀ ਦੀ ਲਿਖਤ ਬਰਕਰਾਰ ਹੈ। ਲਿਖਤ ਦਰਸਾਉਂਦੀ ਹੈ ਕਿ ਸਿਆਹੀ-ਡੁੱਬੀ ਕਲਮ ਨਾਲ਼ ਥੋੜ੍ਹੇ ਮੋਟੇ ਅੱਖਰ ਝਰੀਟੇ ਗਏ ਹਨ, ਪਰ ਲਿਖਤ ਹੈ ਬਹੁਤ ਸੁੰਦਰ।
ਰਜਿਸਟਰ ਵਿੱਚ ਲਿਖੇ ਨਾਮ ਇਸ ਪ੍ਰਕਾਰ ਸਨ - ਬਨੀਨ ਬਾਈ ਤਾਲਿਨ, ਸੋਨਾ ਬਾਈ ਕੋਸਟਿਨ, ਦੁਰਪਤ ਬਾਈ ਲੋਹਾਰੀਨ, ਰਾਮਸੀਰ ਬਾਈ ਕਲਾਰੀਨ, ਸੁਗੰਧੀ ਬਾਈ ਗੋਂਡਿਨ - ਉਨ੍ਹਾਂ ਵਿਦਿਆਰਥੀਆਂ ਦੀਆਂ ਜਾਤਾਂ ਵੀ ਲਿਖੀਆਂ ਹੋਈਆਂ ਹਨ। ਇੰਝ ਇਸ ਲਈ ਕਿਉਂਕਿ ਇਹ ਰਜਿਸਟਰ ਅੱਜ ਦੇ ਛਪੇ ਰਜਿਸਟਰ ਵਰਗਾ ਨਹੀਂ ਹੈ, ਜਿਸ ਵਿੱਚ ਨਾਮ ਲਈ ਇੱਕ ਵੱਖਰਾ ਕਾਲਮ, ਮਾਪਿਆਂ ਦੇ ਨਾਮ ਲਈ ਇੱਕ ਵੱਖਰਾ ਕਾਲਮ ਅਤੇ ਜਾਤੀ ਲਈ ਇੱਕ ਵੱਖਰਾ ਕਾਲਮ ਹੈ; ਇਨ੍ਹਾਂ ਵਿੱਚ ਹਰ ਚੀਜ਼ ਹੱਥ ਨਾਲ਼ ਹੀ ਲਿਖੀ ਜਾਂਦੀ ਸੀ।
ਉਨ੍ਹਾਂ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਸ ਸਮੇਂ ਕਿਹੜੇ-ਕਿਹੜੇ ਵਿਸ਼ੇ ਹੋਇਆ ਕਰਦੇ ਸਨ। ਉਦਾਹਰਨ ਲਈ, ਸਾਹਿਤ ਵਿੱਚ ਸੰਵਾਦ, ਕਹਾਣੀ, ਨਾਟਕ, ਵਾਰਤਕ, ਪ੍ਰਗਟਾਵੇ, ਸ਼ਬਦਾਵਲੀ, ਕਵਿਤਾ, ਡਿਕਟੇਸ਼ਨ, ਕਵਿਤਾ, ਡਿਕਟੇਸ਼ਨ, ਅਤੇ ਲਿਖਾਈ। ਗਿਣਤੀ, ਯੋਗਾਅੰਤਰ, ਸੂਤਰ, ਇਬਾਰਤੀ, ਪਹਾੜੇ, ਲੇਖਣ, ਬੁਨਿਆਦੀ ਕਿਰਿਆ ਆਦਿ। ਸਕੂਲ ਦੇ ਇੱਕ ਅਧਿਆਪਕ ਜੋਤਿਸ਼ ਬਿਸਵਾਸ ਕਹਿੰਦੇ ਹਨ, "ਉਸ ਸਮੇਂ ਮਲਟੀਪਲ ਐਜੂਕੇਸ਼ਨ ਪ੍ਰਚਲਿਤ ਸੀ।''
ਰਜਿਸਟਰ ਦਰਸਾਉਂਦਾ ਹੈ ਕਿ ਬਹੁਤ ਸਾਰੀਆਂ ਬੱਚੀਆਂ ਨੇ ਜੁਆਨ ਹੁੰਦਿਆਂ ਹੀ ਸਕੂਲ ਛੱਡ ਦਿੱਤਾ। ਇਹ ਗੱਲ ਉਨ੍ਹਾਂ ਦੇ ਸਕੂਲ ਛੱਡਣ ਦੇ ਕਾਰਨ ਵਜੋਂ ਲਿਖੀ ਗਈ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਲੜਕੀਆਂ ਦੇ ਸਕੂਲ ਛੱਡਣ ਦਾ ਕਾਰਨ ਪ੍ਰਵਾਸ ਅਤੇ ਗਰੀਬੀ ਦੱਸਿਆ ਗਿਆ ਹੈ। ਉਸ ਸਮੇਂ ਲੋਹਾਰਸੀ ਤੋਂ ਇਲਾਵਾ ਆਮੜੀ ਅਤੇ ਮੁਜਗਹਨ ਪਿੰਡਾਂ ਦੀਆਂ ਕੁੜੀਆਂ ਵੀ ਇਸ ਸਕੂਲ ਵਿੱਚ ਪੜ੍ਹਦੀਆਂ ਸਨ।
ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ ਉਸ ਸਮੇਂ ਦੇ ਸਮਾਜ ਬਾਰੇ ਬਹੁਤ ਸਾਰੀ ਜਾਣਕਾਰੀ ਦਿੰਦਾ ਹੈ। ਸਾਲ 1918 ਦੇ ਰਜਿਸਟਰ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਇਸ ਪ੍ਰਾਇਮਰੀ ਸਕੂਲ ਦਾ ਨਾਮ ਪੁੱਤਰੀ ਸ਼ਾਲਾ ਸੀ, ਜਿਸ ਨੂੰ ਬਾਅਦ ਵਿੱਚ ਬਦਲ ਕੇ ਕੰਨਿਆ ਪ੍ਰਾਇਮਰੀ ਸਕੂਲ ਕਰ ਦਿੱਤਾ ਗਿਆ। 1918 ਵਿੱਚ ਇੱਥੇ 64 ਲੜਕੀਆਂ ਪੜ੍ਹਦੀਆਂ ਸਨ, ਜਦੋਂ ਕਿ ਅੱਜ ਕੁੜੀਆਂ ਦੀ ਕੁੱਲ ਗਿਣਤੀ 74 ਹੈ; ਇਨ੍ਹਾਂ ਵਿੱਚੋਂ ਇੱਕ ਅਨੁਸੂਚਿਤ ਜਾਤੀ, 12 ਅਨੁਸੂਚਿਤ ਕਬੀਲਿਆਂ ਅਤੇ 21 ਪੱਛੜੀਆਂ ਸ਼੍ਰੇਣੀਆਂ ਤੋਂ ਹਨ। ਸਕੂਲ ਵਿੱਚ ਤਿੰਨ ਅਧਿਆਪਕ ਪੜ੍ਹਾਉਂਦੇ ਹਨ।
ਰਜਿਸਟਰ ਦਰਸਾਉਂਦਾ ਹੈ ਕਿ ਬਹੁਤ ਸਾਰੀਆਂ ਬੱਚੀਆਂ ਨੇ ਜੁਆਨ ਹੁੰਦਿਆਂ ਹੀ ਸਕੂਲ ਛੱਡ ਦਿੱਤਾ। ਇਹ ਗੱਲ ਉਨ੍ਹਾਂ ਦੇ ਸਕੂਲ ਛੱਡਣ ਦੇ ਕਾਰਨ ਵਜੋਂ ਲਿਖੀ ਗਈ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਲੜਕੀਆਂ ਦੇ ਸਕੂਲ ਛੱਡਣ ਦਾ ਕਾਰਨ ਪ੍ਰਵਾਸ ਅਤੇ ਗਰੀਬੀ ਦੱਸਿਆ ਗਿਆ ਹੈ
ਇਸ ਸਕੂਲ ਦਾ ਇਤਿਹਾਸ ਦਿਲਚਸਪ ਹੈ, ਇਸ ਦਾ ਵਰਤਮਾਨ ਵੀ ਬਹੁਤ ਚਮਕਦਾਰ ਅਤੇ ਉਮੀਦ ਨਾਲ਼ ਭਰਿਆ ਜਾਪਦਾ ਹੈ। ਮਿਡ-ਡੇਅ ਮੀਲ ਦੇ ਸਮੇਂ, ਇੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ। ਬੱਚੀਆਂ ਸਕੂਲ ਦੇ ਅਧਿਆਪਕਾਂ ਨਾਲ਼ ਕਾਫੀ ਘੁਲ਼ੀਆਂ-ਮਿਲ਼ੀਆਂ ਜਾਪਦੀਆਂ ਹਨ ਅਤੇ ਇੱਕ ਦੋਸਤਾਨਾ ਰਿਸ਼ਤੇ ਦਾ ਅਹਿਸਾਸ ਹੁੰਦਾ ਹੈ। ਵਿਦਿਆਰਥਣਾਂ ਨੇ ਬਹੁਤ ਸਾਰੇ ਸਮੂਹ ਗੀਤ ਸਿੱਖੇ ਹਨ ਜੋ ਉਹ ਇਕੱਠੇ ਗਾਉਂਦੀਆਂ ਹਨ- ਹਿੰਦੀ ਦੇ ਨਾਲ਼-ਨਾਲ਼ ਛੱਤੀਸਗੜ੍ਹੀ ਵਿੱਚ ਵੀ। ਕਲਾਸਰੂਮਾਂ ਦੀਆਂ ਕੰਧਾਂ ਪੰਛੀਆਂ ਅਤੇ ਜਾਨਵਰਾਂ ਦੀਆਂ ਰੰਗੀਨ ਪੇਂਟਿੰਗਾਂ ਨਾਲ਼ ਸਜੀਆਂ ਹੋਈਆਂ ਹਨ। ਇਨ੍ਹਾਂ ਨੂੰ ਅਧਿਆਪਕ ਜੋਤਿਸ਼ ਬਿਸਵਾਸ ਨੇ ਪੇਂਟ ਕੀਤਾ ਹੈ। "ਇਹ ਚਿੱਤਰ ਪਾਠ ਪੁਸਤਕਾਂ 'ਤੇ ਅਧਾਰਤ ਹਨ ਅਤੇ ਬੱਚੀਆਂ ਲਈ ਪੜ੍ਹਨਾ, ਲਿਖਣਾ, ਸੋਚਣਾ ਅਤੇ ਸਮਝਣਾ ਆਸਾਨ ਬਣਾਉਂਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਤਸਵੀਰਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ਼ ਕੇ ਬਣਾਈਆਂ ਹਨ।
ਇਸ ਸਮੇਂ ਸੁਨੀਲ ਕੁਮਾਰ ਯਦੂ ਇੱਥੇ ਮੁੱਖ ਅਧਿਆਪਕ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਵਿੱਖ ਵਿੱਚ ਇੱਥੋਂ ਦੀਆਂ ਵੱਧ ਤੋਂ ਵੱਧ ਵਿਦਿਆਰਥਣਾਂ ਨਵੋਦਿਆ ਸਕੂਲ ਜਾਣ ਅਤੇ ਉਹ ਉਨ੍ਹਾਂ ਨੂੰ ਇਸ ਪੜਾਅ ਲਈ ਤਿਆਰ ਕਰ ਰਹੇ ਹਨ।
ਸਕੂਲ ਦੀ ਸਭ ਤੋਂ ਪੁਰਾਣੀ ਇਮਾਰਤ ਨੂੰ ਮੁਰੰਮਤ ਦੀ ਲੋੜ ਹੈ ਜਾਂ ਸ਼ਾਇਦ ਇੱਥੇ ਨਵੀਂ ਇਮਾਰਤ ਵੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇੱਥੇ ਵਧੇਰੇ ਖੁੱਲ੍ਹੀ ਜਗ੍ਹਾ ਵੀ ਮੁਹੱਈਆ ਕਰਵਾਈ ਜਾ ਸਕੇ। ਫਿਰ ਵੀ, ਇਸ ਸਕੂਲ ਦੇ ਇਤਿਹਾਸ ਨੂੰ ਜਾਣਨਾ ਅਤੇ ਇਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਤਸ਼ਾਹ ਵੇਖਣਾ ਚੰਗਾ ਲੱਗਦਾ ਹੈ। ਇਸ ਸਕੂਲ ਦੇ ਜ਼ਿਆਦਾਤਰ ਵਿਦਿਆਰਥੀ ਗ਼ਰੀਬ ਪਰਿਵਾਰਾਂ ਤੋਂ ਹਨ ਜਿਨ੍ਹਾਂ ਦੇ ਪੈਰੀਂ ਚੱਪਲਾਂ ਤੱਕ ਵੀ ਨਹੀਂ ਹਨ। ਪਰ, ਉਨ੍ਹਾਂ ਦੇ ਬੁਲੰਦ ਹੌਂਸਲੇ ਦੇਖਿਆਂ ਲੱਗਦਾ ਹੈ ਕਿ ਆਉਣ ਵਾਲ਼ੇ ਦਿਨਾਂ ਵਿੱਚ ਉਹ ਇਸ ਸਕੂਲ ਦਾ ਨਾਮ ਰੌਸ਼ਨ ਕਰਨਗੀਆਂ।
ਤਰਜਮਾ: ਕਮਲਜੀਤ ਕੌਰ