ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਿੰਘੂ-ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲ ਤੱਕਤਿਆਂ ਜਿਓਂ ਹੀ ਹਰਜੀਤ ਸਿੰਘ ਬੈਠਦਾ ਹੈ ਤਾਂ ਸਰਦੀਆਂ ਦੀ ਧੁੰਦਲੀ ਲਿਸ਼ਕੋਰ ਉਹਦੇ ਚਿਹਰੇ ਦੇ ਆਰ-ਪਾਰ ਫਿਰ ਜਾਂਦੀ ਹੈ।
ਲਗਭਗ ਸਾਰੇ ਬਜੁਰਗ ਅਤੇ ਨੌਜਵਾਨ- ਪੁਰਸ਼, ਔਰਤਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੇ ਵੀ ਵੱਖੋ-ਵੱਖਰੇ ਕੰਮਾਂ ਵਿੱਚ ਆਪਣੇ ਆਪ ਨੂੰ ਰੁਝਾਈ ਰੱਖਿਆ ਹੈ। ਦੋ ਜਣੇ ਗੱਦਿਆਂ ਨੂੰ ਸਾਫ਼ ਕਰ ਰਹੇ ਹਨ, ਅਤੇ ਰਾਤ ਦੀ ਤਿਆਰੀ ਵਾਸਤੇ ਉਨ੍ਹਾਂ ਨੂੰ ਸੋਟੇ ਮਾਰ-ਮਾਰ ਕੇ ਝਾੜ ਰਹੇ ਹਨ। ਕੁਝ ਕੁ ਜਣੇ ਕੋਲੋਂ ਲੰਘਣ ਵਾਲਿਆਂ ਨੂੰ ਚਾਹ ਤੇ ਬਿਸਕੁਟ ਵੰਡ ਰਹੇ ਹਨ। ਕਈ ਲੋਕ ਆਪਣੇ ਲੀਡਰਾਂ ਦੇ ਭਾਸ਼ਣ ਸੁਣਨ ਵਾਸਤੇ ਇਸ ਵਿਸ਼ਾਲ ਇਕੱਠ ਵੱਲ ਜਾ ਰਹੇ ਹਨ। ਕੁਝ ਲੋਕ ਰਾਤ ਦੇ ਖਾਣੇ ਲਈ ਬੰਦੋਬਸਤ ਕਰ ਰਹੇ ਹਨ। ਬਾਕੀ ਕੁਝ ਲੋਕ ਇੱਧਰ-ਉੱਧਰ ਘੁੰਮਦੇ ਨਜ਼ਰੀਂ ਪੈਂਦੇ ਹਨ।
ਹਰਜੀਤ ਉਨ੍ਹਾਂ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵਿੱਚੋਂ ਇੱਕ ਹੈ ਜਿਹੜੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਗੇਟਾਂ 'ਤੇ ਧਰਨਾ ਦੇ ਰਹੇ ਹਨ, ਜੋ ਕਾਨੂੰਨ ਇਸੇ ਸਾਲ ਸਤੰਬਰ ਮਹੀਨੇ ਵਿੱਚ ਸੰਸਦ ਜ਼ਰੀਏ ਪਾਸ ਕੀਤੇ ਗਏ।
ਉਹ ਦੱਸਦਾ ਹੈ ਕਿ ਉਹ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਮਾਜਰੀ ਸੋਢੀਆਂ ਵਿੱਚ ਸਥਿਤ ਆਪਣੀ 4 ਏਕੜ ਦੀ ਜ਼ਮੀਨ ਵਿੱਚ ਚੌਲ਼ ਅਤੇ ਕਣਕ ਦੀ ਖੇਤੀ ਕਰਦਾ ਰਿਹਾ ਹੈ। ਹਰਜੀਤ ਦੀ ਉਮਰ 50 ਸਾਲ ਹੈ ਅਤੇ ਉਹ ਅਣਵਿਆਹਿਆ ਹੈ ਅਤੇ ਆਪਣੀ ਮਾਂ ਨਾਲ਼ ਰਹਿੰਦਾ ਹੈ।
2017 ਵਿੱਚ ਹੋਏ ਇੱਕ ਹਾਦਸੇ ਵਿੱਚ ਹਰਜੀਤ ਚੱਲਣ-ਫਿਰਨ ਤੋਂ ਆਰੀ ਹੋ ਗਿਆ, ਪਰ ਉਹਦੇ ਅਪੰਗ ਹੋਣ ਦੇ ਬਾਵਜੂਦ ਉਹਦਾ ਸਿਰੜ ਵੀ ਉਹਨੂੰ ਆਪਣੇ ਸਾਥੀ ਕਿਸਾਨਾਂ ਦੇ ਨਾਲ਼ ਇਸ ਧਰਨੇ ਵਿੱਚ ਸ਼ਾਮਲ ਹੋਣ ਤੋਂ ਨਾ ਰੋਕ ਪਾਇਆ। "ਮੈਂ ਆਪਣੇ ਘਰ ਦੀ ਛੱਤ 'ਤੇ ਕੰਮ ਕਰ ਰਿਹਾ ਸਾਂ, ਜਦੋਂ ਅਚਾਨਕ ਮੈਂ ਡਿੱਗ ਗਿਆ," ਹਾਦਸੇ ਬਾਰੇ ਗੱਲ ਕਰਦਿਆਂ ਉਹ ਦੱਸਦਾ ਹੈ। "ਮੇਰੇ ਚੂਕਣੇ ਦੀ ਹੱਡੀ ਟੁੱਟ ਗਈ।"
ਇਸ ਨੂੰ ਲੈ ਕੇ ਉਹ ਬਹੁਤਾ ਕੁਝ ਨਾ ਕਰ ਸਕਿਆ। "ਮੁੱਢਲੀ ਸਹਾਇਤਾ ਤੋਂ ਛੁੱਟ, ਮੈਂ ਆਪਣਾ ਸਹੀ ਇਲਾਜ ਨਹੀਂ ਕਰਵਾ ਸਕਿਆ ਕਿਉਂਕਿ ਹਰ ਹਸਤਪਾਲ ਵਾਲ਼ੇ ਇਲਾਜ ਲਈ 2-3 ਲੱਖ ਦਾ ਖਰਚਾ ਦੱਸ ਰਹੇ ਸਨ। ਦੱਸੋ ਮੈਂ ਇੰਨਾ ਪੈਸਾ ਕਿੱਥੋਂ ਲਿਆਉਂਦਾ?" '
ਸੋ ਉਹ ਇੱਥੇ ਆਪਣੀ ਸ਼ਮੂਲੀਅਤ ਕਿਵੇਂ ਕਰ ਪਾ ਰਿਹਾ ਹੈ? ਉਹ ਰੈਲੀਆਂ ਅਤੇ ਭਾਸ਼ਣਾਂ ਵੇਲੇ ਕਿਵੇਂ ਖੜ੍ਹਾ ਰਹਿੰਦਾ ਹੈ?
"ਤੁਸੀਂ ਇਸ ਟਰੈਕਟਰ ਦੇ ਚੱਕੇ ਨੂੰ ਦੇਖਦੇ ਹੋ? ਮੈਂ ਇੱਕ ਹੱਥ ਨਾਲ਼ ਇਹਨੂੰ ਘੁੱਟ ਕੇ ਫੜ੍ਹਦਾ ਹਾਂ ਅਤੇ ਦੂਜੇ ਹੱਥ ਨਾਲ਼ ਡੰਡਾ (ਸੋਟੀ) ਫੜ੍ਹਦਾ ਹਾਂ ਅਤੇ ਫਿਰ ਖੜ੍ਹਾ ਹੁੰਦਾ ਹਾਂ। ਕਦੇ-ਕਦਾਈਂ ਮੈਂ ਕਿਸੇ ਦਾ ਆਸਰਾ ਲੈਂਦਾ ਹਾਂ ਜਾਂ ਕੰਧ 'ਤੇ ਝੁੱਕ ਜਾਂਦਾ ਹਾਂ। ਡੰਡੇ ਦੀ ਸਹਾਇਤਾ ਨਾਲ਼, ਮੈਂ ਖੜ੍ਹੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ," ਉਹ ਕਹਿੰਦਾ ਹੈ।
"ਮੈਂ ਧਰਨੇ ਵਿੱਚ ਤਾਂ ਕਰਕੇ ਆਇਆਂ ਹਾਂ ਕਿਉਂਕਿ ਮੈਂ ਦਰਦ ਨਹੀਂ ਝੱਲ ਸਕਿਆ, ਸਾਡੇ ਲੋਕ ਸਾਡੇ ਸਾਰਿਆਂ ਦੇ ਹੱਕ ਵਾਸਤੇ ਜਾ ਰਹੇ ਹਨ," ਉਹ ਦੱਸਦਾ ਹੈ।"ਮੈਂ ਇੱਕ ਟਰੱਕ-ਟਰਾਲੀ ਵਿੱਚ ਲਗਭਗ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੁੱਜਿਆਂ ਹਾਂ।" ਬਾਕੀ ਕਿਸਾਨਾਂ ਨੇ ਧਰਨੇ ਦੀ ਥਾਂ ਪੁੱਜਣ ਵਿੱਚ ਉਹਦੀ ਮਦਦ ਕੀਤੀ। ਹਰਜੀਤ ਦੱਸਦਾ ਹੈ ਕਿ ਉਹਦੀ ਆਪਣੀ ਪੀੜ੍ਹ ਉਨ੍ਹਾਂ ਕਿਸਾਨਾਂ ਦੇ ਹਜ਼ੂਮ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਪੀੜ੍ਹ ਉਹ ਸਾਰੇ ਇੱਥੇ ਝੱਲ ਰਹੇ ਹਨ।
ਸੜਕ ਦੀ ਨਾਕੇਬੰਦੀ ਅਤੇ ਕੰਡਿਆਲੀ ਤਾਰ ਨੂੰ ਤੋੜਨਾ, ਅੱਥਰੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਦਾ ਸਾਹਮਣਾ ਕਰਨਾ, ਪੁਲਿਸ ਦੁਆਰਾ ਕੁੱਟਿਆ ਜਾਣਾ, ਸੜਕਾਂ ਵਿੱਚ ਪੁੱਟੇ ਟੋਇਆਂ ਨੂੰ ਪਾਰ ਕਰਨਾ- ਉਹਨੇ ਕਿਸਾਨਾਂ ਨੂੰ ਬੱਸ ਇੰਨਾ ਹੀ ਨਹੀਂ ਸਗੋਂ ਇਸ ਨਾਲ਼ੋਂ ਵੀ ਕਿਤੇ ਵੱਧ ਝੱਲਦੇ ਦੇਖਿਆ ਹੈ।'
"ਭਵਿੱਖ ਦੀਆਂ ਜਿਨ੍ਹਾਂ ਬਿਪਤਾਵਾਂ ਨੂੰ ਅੱਜ ਅਸੀਂ ਦੇਖਦੇ ਹਾਂ ਉਹ ਇਸ ਨਾਲ਼ੋਂ ਵੀ ਵੱਡੀਆਂ ਹਨ," ਹਰਜੀਤ ਦੱਸਦਾ ਹੈ। ਉਹਦਾ ਦੋਸਤ ਕੇਸਰ ਸਿੰਘ ਵੀ ਕਿਸਾਨ ਹੈ, ਸਹਿਮਤੀ ਵਿੱਚ ਸਿਰ ਹਿਲਾਉਂਦਾ ਹੈ।
ਉਹ ਮੈਨੂੰ ਜਾਣਕਾਰੀ ਦਿੰਦਾ ਹੈ ਕਿ ਸਾਡੇ ਲੀਡਰ ਕਹਿ ਰਹੇ ਹਨ,"ਅਡਾਨੀ ਅਤੇ ਅੰਬਾਨੀ ਜਿਹੇ ਕਾਰਪੋਰੇਟ ਸਾਡੀ ਜ਼ਮੀਨ 'ਤੇ ਸਾਡੀ ਮਾਲਕੀ ਨਹੀਂ ਰਹਿਣ ਦੇਣਗੇ। ਮੇਰਾ ਮੰਨਣਾ ਹੈ ਉਹ ਸਹੀ ਕਹਿੰਦੇ ਹਨ।"
ਹਾਦਸੇ ਤੋਂ ਬਾਅਦ ਖ਼ੁਦ ਖੇਤੀ ਕਰਨ ਦੇ ਅਯੋਗ ਹੋਣ ਦੀ ਸੂਰਤ ਵਿੱਚ ਹਰਜੀਤ ਨੇ ਆਪਣੀ ਚਾਰ ਏਕੜ ਜ਼ਮੀਨ ਕਿਸੇ ਹੋਰ ਕਿਸਾਨ ਨੂੰ ਠੇਕੇ 'ਤੇ ਦੇ ਦਿੱਤੀ। ਉਹ ਦੱਸਦਾ ਹੈ, ਉਹਨੇ ਦੇਖਿਆ ਹੈ ਕਿ ਕੀ-ਕੀ ਹੋਇਆ ਜਦੋਂ ਉਹਦੀ ਜ਼ਮੀਨ ਕਿਸੇ ਹੋਰ ਵੱਲੋਂ ਵਾਹੀ ਗਈ: "ਮੈਂ ਬਹੁਤ ਜ਼ਿਆਦਾ ਘਾਟਾ ਝੱਲਿਆ।"
ਸਾਲ 2019 ਵਿੱਚ ਉਹਨੇ 52,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ਼ ਜ਼ਮੀਨ ਠੇਕੇ 'ਤੇ ਦੇ ਦਿੱਤੀ। ਇੰਝ ਉਹਦੇ ਸਾਲ ਦੇ 208,000 ਰੁਪਏ (ਕਣਕ ਅਤੇ ਚੌਲ ਦੋ ਫ਼ਸਲਾਂ ਲਈ) ਬਣਦੇ ਸਨ। ਉਹਨੇ ਵਾਹੀ ਤੋਂ ਪਹਿਲਾਂ ਪਟੇਦਾਰ ਕੋਲ਼ੋਂ ਅੱਧੀ ਰਕਮ ਯਾਨਿ ਕਿ 104,000 ਰੁਪਏ ਲੈ ਲਏ। ਬਾਕੀ ਰਕਮ ਉਹਨੂੰ ਵਾਢੀ ਤੋਂ ਬਾਅਦ ਮਿਲ਼ਣੀ ਹੈ। ਇਹੀ ਉਹ ਆਮਦਨੀ ਹੋਵੇਗੀ ਜੋ ਉਹਨੂੰ ਇਸ ਸਾਲ ਆਪਣੀ ਜ਼ਮੀਨ ਤੋਂ ਪ੍ਰਾਪਤ ਹੋਵੇਗੀ।
"ਸਾਲ 2018 ਵਿੱਚ, ਜਦੋਂ ਮੈਂ ਖ਼ੁਦ ਉਸ ਜ਼ਮੀਨ 'ਤੇ ਖੇਤੀ ਕਰਦਾ ਸਾਂ, ਮੈਨੂੰ ਉਸੇ ਜ਼ਮੀਨ ਤੋਂ ਲਗਭਗ 2.5 ਲੱਖ ਰੁਪਏ ਬਣਦੇ," ਉਹ ਕਹਿੰਦਾ ਹੈ। "ਇੰਝ ਮੈਨੂੰ ਸਿੱਧਿਆਂ ਹੀ ਇੱਕ ਸਾਲ ਦਾ 46,000 ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਮਹਿੰਗਾਈ ਨੇ ਤਾਂ ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੀ ਕਰ ਛੱਡੀ। ਇਸਲਈ ਬਾਮੁਸ਼ਕਲ ਹੀ ਮੇਰੀ ਕੋਈ ਬੱਚਤ ਹੋਊ ਅਤੇ ਉੱਤੋਂ ਮੈਨੂੰ ਕੋਈ ਪੈਨਸ਼ਨ ਵੀ ਨਹੀਂ ਮਿਲ਼ਦੀ।" '
"ਮੇਰੀ ਰੀੜ੍ਹ ਦੀ ਹੱਡੀ ਵਿੱਚ ਤ੍ਰੇੜ ਵੀ ਹੈ," ਹਰਜੀਤ ਦੱਸਦਾ ਹੈ। "ਇਹ ਤ੍ਰੇੜ ਬਿਲਕੁਲ ਉਹੋ-ਜਿਹੀ ਹੀ ਹੈ ਜਿਹੋ-ਜਿਹੀ ਤੁਸੀਂ ਕੱਚ ਦੇ ਗਲਾਸ 'ਤੇ ਦੇਖਦੇ ਹੋ," ਉਹਦਾ ਦੋਸਤ ਕੇਸਰ ਦੱਸਦਾ ਹੈ।'
ਬੱਸ ਇਹੀ ਹੈ ਉਹਦੀ ਦਿੱਲੀ ਬਾਰਡਰ ਤੱਕ ਦੀ ਕਹਾਣੀ। ਰੀੜ੍ਹ ਦੀ ਹੱਡੀ ਦਾ ਜ਼ਖ਼ਮੀ ਹੋਣਾ, ਪਰ ਹਰਜੀਤ ਦਾ ਰੀੜ੍ਹ-ਰਹਿਤ ਨਾ ਹੋਣਾ। ਹਰਜੀਤ ਸਿੰਘ ਭਾਵੇਂ ਚੱਲ ਨਾ ਸਕਦਾ ਹੋਵੇ, ਪਰ ਇਨ੍ਹਾਂ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਖੜ੍ਹਾ ਲੰਮਾ ਚਿਰ ਰਹਿ ਸਕਦਾ ਹੈ।
ਤਰਜਮਾ: ਕਮਲਜੀਤ ਕੌਰ