ਚਿਤਮਪੱਲੀ ਪਰਮੇਸ਼ਵਰੀ ਦਾ ਮਨ ਅਕਸਰ ਭੱਜੂੰ-ਭੱਜੂੰ ਕਰਦਾ ਰਹਿੰਦਾ ਹੈ। 30 ਸਾਲਾ ਪਰਮੇਸ਼ਵਰੀ ਕਹਿੰਦੀ ਹਨ,''ਪਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਛੱਡ ਸਕਦੀ। ਹੁਣ ਮੈਂ ਹੀ ਤਾਂ ਉਨ੍ਹਾਂ ਦਾ ਵਾਹਿਦ ਸਹਾਰਾ ਹਾਂ।''
ਪਰਮੇਸ਼ਵਰੀ ਦੇ ਪਤੀ, ਚਿਤਮਪੱਲੀ ਕਮਲ ਚੰਦਰ ਕਿਸਾਨ ਸਨ। ਨਵੰਬਰ 2010 ਵਿੱਚ ਜਦੋਂ ਉਨ੍ਹਾਂ ਆਤਮਹੱਤਿਆ ਕੀਤੀ ਤਾਂ ਉਹ ਮਹਿਜ਼ 20-25 ਸਾਲਾਂ ਦੇ ਹੀ ਸਨ। ਨਿੱਕੀ ਜਿਹੀ ਮੁਸਕਾਨ ਲਈ ਉਹ ਕਹਿੰਦੀ ਹਨ,''ਉਨ੍ਹਾਂ ਸਾਡੇ ਲਈ ਕੋਈ ਰੁੱਕਾ ਨਾ ਛੱਡਿਆ, ਕਿਉਂਕਿ ਉਨ੍ਹਾਂ ਨੂੰ ਢੰਗ ਨਾਲ਼ ਲਿਖਣਾ ਨਹੀਂ ਆਉਂਦਾ ਸੀ।''
ਅਤੇ ਇੰਝ ਪਰਮੇਸ਼ਵਰੀ ਹੀ ਆਪਣੇ ਬੱਚਿਆਂ ਦੀ ਮਾਂ ਵੀ ਹੈ ਤੇ ਪਿਓ ਵੀ। ਉਨ੍ਹਾਂ ਦੇ ਦੋਵੇਂ ਬੱਚੇ ਸਰਕਾਰੀ ਸਕੂਲ ਪੜ੍ਹਦੇ ਹਨ ਤੇ ਘਰੋਂ 30 ਕਿਲੋਮੀਟਰ ਦੂਰ ਹਾਸਟਲ ਵਿੱਚ ਰਹਿੰਦੇ ਹਨ। ਉਹ ਕਹਿੰਦੀ ਹਨ,''ਮੈਨੂੰ ਉਨ੍ਹਾਂ ਦੀ ਬੜੀ ਯਾਦ ਆਉਂਦੀ ਰਹਿੰਦੀ ਹੈ।'' ਫਿਰ ਆਪੇ ਖ਼ੁਦ ਨੂੰ ਦਿਲਾਸਾ ਦਿੰਦਿਆਂ ਉਹ ਕਹਿੰਦੀ ਹਨ,''ਮੈਨੂੰ ਪਤਾ ਹੈ ਕਿ ਉਨ੍ਹਾਂ ਨੂੰ ਸਮੇਂ-ਸਿਰ ਭੋਜਨ ਮਿਲ਼ਦਾ ਹੋਣਾ।''
ਉਹ ਹਰ ਮਹੀਨੇ ਇੱਕ ਵਾਰੀਂ ਬੱਚਿਆਂ ਨੂੰ ਮਿਲ਼ਣ ਜਾਂਦੀ ਹਨ। ''ਜੇ ਮੇਰੇ ਕੋਲ਼ ਪੈਸੇ ਹੋਣ ਤਾਂ ਮੈਂ ਉਨ੍ਹਾਂ ਨੂੰ 500 ਰੁਪਏ ਤੇ ਜੇ ਥੋੜ੍ਹੇ ਪੈਸੇ ਹੋਣ ਤਾਂ 200 ਰੁਪਏ ਫੜ੍ਹਾ ਦਿੰਦੀ ਹਾਂ,'' ਉਹ ਕਹਿੰਦੀ ਹਨ।
ਇਹ ਪਰਿਵਾਰ ਮਦੀਗਾ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ, ਜਿਸ ਨੂੰ ਤੇਲੰਗਾਨਾ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਪਰਮੇਸ਼ਵਰੀ ਚਿਲਤਮਪੱਲੀ ਪਿੰਡ ਵਿਖੇ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਘਰ ਦੀ ਛੱਤ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਬਾਹਰਲੇ ਪਾਸੇ ਇੱਕ ਵੱਡਾ ਸਾਰਾ ਛੱਪਰ ਹੈ। ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਸਥਿਤ, ਇਹ ਘਰ ਉਨ੍ਹਾਂ ਦੇ ਮਰਹੂਮ ਪਤੀ ਕਮਲ ਚੰਦਰ ਦੇ ਪਰਿਵਾਰ ਦਾ ਹੈ, ਜਿੱਥੇ ਉਹ ਵਿਆਹ ਤੋਂ ਬਾਅਦ ਦੁਲਹਨ ਬਣ ਕੇ ਆਈ ਸਨ।
ਆਪਣੇ ਪਤੀ ਦੀ ਖੁਦਕੁਸ਼ੀ ਤੋਂ ਬਾਅਦ, ਪਰਮੇਸ਼ਵਰੀ ਦੀ ਰੋਜ਼ੀ-ਰੋਟੀ ਮੁੱਖ ਤੌਰ 'ਤੇ ਆਸਰਾ ਪੈਨਸ਼ਨ ਸਕੀਮ ਦੇ ਤਹਿਤ ਵਿਧਵਾ ਔਰਤਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਦੇ ਸਿਰ ‘ਤੇ ਚੱਲਦੀ ਹੈ। "ਮੈਨੂੰ 2019 ਤੱਕ 1,000 ਰੁਪਏ ਮਿਲਦੇ ਸਨ, ਪਰ ਹੁਣ ਮੈਨੂੰ ਹਰ ਮਹੀਨੇ 2,016 ਰੁਪਏ ਮਿਲਦੇ ਹਨ।
ਪੈਨਸ਼ਨ ਤੋਂ ਇਲਾਵਾ, ਉਹ ਉਸੇ ਪਿੰਡ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਮੱਕੀ ਦੇ ਖੇਤਾਂ ਵਿੱਚ ਕੰਮ ਕਰਕੇ ਹਰ ਮਹੀਨੇ ਲਗਭਗ 2,500 ਰੁਪਏ ਕਮਾ ਲੈਂਦੀ ਹਨ। ਪਰਮੇਸ਼ਵਰੀ ਦੂਜਿਆਂ ਦੇ ਖੇਤਾਂ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਵੀ ਕੰਮ ਕਰਦੀ ਹਨ ਤੇ 150-200 ਰੁਪਏ ਦਿਹਾੜੀ ਕਮਾਉਂਦੀ ਹੈ, ਪਰ ਸ਼ਾਇਦ ਹੀ ਕਦੇ ਇਹ ਕੰਮ ਮਿਲਦਾ ਹੈ।
ਉਨ੍ਹਾਂ ਦੀ ਲਗਭਗ ਸਾਰੀ ਕਮਾਈ ਪਰਿਵਾਰ ਦੀਆਂ ਮਹੀਨੇ ਭਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਖਰਚ ਹੋ ਜਾਂਦੀ ਹੈ। ਆਪਣੀ ਸਾੜ੍ਹੀ ਦੀ ਕੰਨੀ ਮਰੋੜਦਿਆਂ ਉਹ ਕਹਿੰਦੀ ਹਨ, "ਕਈ ਮਹੀਨੇ ਅਜਿਹੇ ਹੁੰਦੇ ਹਨ ਜਦੋਂ ਹੱਥ ਵਿੱਚ ਇੱਕ ਪੈਸਾ ਨਹੀਂ ਹੁੰਦਾ।''
ਇਹ ਆਮਦਨ ਉਨ੍ਹਾਂ ਲਈ ਕਾਫੀ ਨਹੀਂ ਹੈ, ਕਿਉਂਕਿ ਪਤੀ ਦੀ ਮੌਤ ਦੇ 13 ਸਾਲ ਬਾਅਦ ਵੀ ਉਹ ਦਾ ਕਰਜ਼ਾ ਚੁਕਾਉਣ ਲਈ ਸੰਘਰਸ਼ ਕਰ ਰਹੀ ਹਨ। ਸ਼ਾਹੂਕਾਰਾਂ ਨੂੰ ਮਹੀਨੇ ਦੀ ਕਿਸ਼ਤ ਭਰਨੀ ਪਰਮੇਸ਼ਵਰੀ ਲਈ ਚਿੰਤਾ ਦਾ ਕਾਰਨ ਬਣਿਆ ਰਹਿੰਦਾ ਹੈ। "ਮੈਂ ਹੀ ਨਹੀਂ ਜਾਣਦੀ ਕਰਜੇ ਦੀ ਪੰਡ ਕਿੰਨੀ ਕੁ ਭਾਰੀ ਹੈ," ਉਹ ਚਿੰਤਾ ਵਿੱਚ ਕਹਿੰਦੀ ਹਨ।
ਉਨ੍ਹਾਂ ਦੇ ਮਰਹੂਮ ਪਤੀ ਕਮਲ ਚੰਦਰ ਨੇ ਕੁਝ ਏਕੜ ਜ਼ਮੀਨ ਪਟੇ 'ਤੇ ਲਈ ਸੀ ਅਤੇ ਖਰਚਿਆਂ ਨੂੰ ਪੂਰਾ ਕਰਨ ਲਈ ਕਰਜ਼ਾ ਚੁੱਕਦੇ ਰਹੇ ਸਨ। ਮੌਤ ਤੋਂ ਪਹਿਲਾਂ ਉਨ੍ਹਾਂ ਸਿਰ 6 ਲੱਖ ਰੁਪਏ ਦਾ ਕਰਜ਼ਾ ਸੀ। ਇਹ ਕਰਜ਼ਾ ਵਿਕਾਰਾਬਾਦ ਜ਼ਿਲ੍ਹੇ ਦੇ ਪੰਜ ਵੱਖ-ਵੱਖ ਸ਼ਾਹੂਕਾਰਾਂ ਤੋਂ ਲਿਆ ਗਿਆ ਸੀ। "ਮੈਨੂੰ ਸਿਰਫ਼ ਤਿੰਨ ਲੱਖ ਰੁਪਏ ਦਾ ਹੀ ਪਤਾ ਸੀ। ਮੈਨੂੰ ਨਹੀਂ ਸੀ ਪਤਾ ਕਿ ਰਕਮ ਇੰਨੀ ਜ਼ਿਆਦਾ ਹੈ।"
ਕਮਲ ਚੰਦਰ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਜਦੋਂ ਸ਼ਾਹੂਕਾਰ ਪਰਮੇਸ਼ਵਰੀ ਨੂੰ ਮਿਲਣ ਆਏ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਮਲ ਨੇ ਦੋ ਸ਼ਾਹੂਕਾਰਾਂ ਤੋਂ ਡੇਢ ਲੱਖ ਰੁਪਏ ਅਤੇ ਤਿੰਨ ਹੋਰਾਂ ਤੋਂ 1-1 ਲੱਖ ਰੁਪਏ ਉਧਾਰ ਲਏ ਸਨ; ਉਹ ਵੀ 36 ਫ਼ੀਸਦੀ ਦੀ ਭਾਰੀ ਸਾਲਾਨਾ ਵਿਆਜ ਦਰ 'ਤੇ। ਇਨ੍ਹਾਂ ਕਰਜ਼ਿਆਂ ਦਾ ਕੋਈ ਕਾਗਜ਼ੀ ਰਿਕਾਰਡ ਨਾ ਹੋਣ ਕਾਰਨ, ਪਰਮੇਸ਼ਵਰੀ ਕੋਲ ਉਨ੍ਹਾਂ ਦਾ ਕੋਈ ਲੇਖਾ-ਜੋਖਾ ਨਹੀਂ ਸੀ।
ਉਹ ਕਹਿੰਦੀ ਹਨ, "ਮੈਂ ਹੁਣ ਸਿਰਫ ਉਨ੍ਹਾਂ 'ਤੇ ਭਰੋਸਾ ਹੀ ਕਰ ਸਕਦੀ ਹਾਂ ਕਿ ਜਦੋਂ ਮੈਂ ਆਪਣੇ ਬਕਾਏ ਦਾ ਭੁਗਤਾਨ ਕਰ ਦਿਆਂ ਤਾਂ ਉਹ ਮੈਨੂੰ ਸੂਚਿਤ ਕਰ ਦੇਣ।" ਪਿਛਲੇ ਮਹੀਨੇ ਜਦੋਂ ਉਨ੍ਹਾਂ ਨੇ ਇੱਕ ਸ਼ਾਹੂਕਾਰ ਨੂੰ ਪੁੱਛਿਆ ਕਿ ਕਿੰਨਾ ਭੁਗਤਾਨ ਹੋਰ ਕਰਨਾ ਹੈ, ਤਾਂ ਉਸਨੇ ਅੱਗਿਓਂ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਅਤੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ।
ਉਨ੍ਹਾਂ ਨੂੰ ਹਰ ਸ਼ਾਹੂਕਾਰ ਨੂੰ 2,000 ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਹਨ। ਪੈਸੇ ਦਾ ਸੰਤੁਲਨ ਬਣਾਈ ਰੱਖਣ ਲਈ, ਉਹ ਉਨ੍ਹਾਂ ਪੰਜ ਸ਼ਾਹੂਕਾਰਾਂ ਨੂੰ ਹਰ ਮਹੀਨੇ ਦੀਆਂ ਵੱਖ-ਵੱਖ ਤਰੀਕਾਂ 'ਤੇ ਭੁਗਤਾਨ ਕਰਦੀ ਹਨ। ਉਹ ਕਹਿੰਦੀ ਹਨ, "ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਇੱਕੋ ਮਹੀਨੇ ਪੰਜਾਂ ਦਾ ਭੁਗਤਾਨ ਕਰ ਸਕਾਂ, ਇਸ ਲਈ ਉਹ ਕੁਝ ਸ਼ਾਹੂਕਾਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦਿੰਦੀ ਹੈ।
"ਮੈਂ ਆਪਣੇ ਪਤੀ ਨੂੰ ਇਸ (ਆਤਮ-ਹੱਤਿਆ) ਲਈ ਕੋਈ ਦੋਸ਼ ਨਹੀਂ ਦਿੰਦੀ। ਮੈਂ ਸਮਝਦੀ ਹਾਂ। ਮੇਰੇ ਮਨ ਵਿੱਚ ਵੀ ਕਈ ਵਾਰ ਅਜਿਹੇ ਵਿਚਾਰ ਆਉਂਦੇ ਹਨ; ਪਰੰਤੂ ਮੈਂ ਇਕੱਲੇ ਹੀ ਲੜ ਰਹੀ ਹਾਂ।''
ਕਈ ਵਾਰ ਤਣਾਅ ਬਹੁਤ ਜ਼ਿਆਦਾ ਹੋ ਜਾਂਦਾ ਹੈ, ਪਰ ਜਦੋਂ ਮੈਂ ਆਪਣੇ ਬੱਚਿਆਂ ਬਾਰੇ ਸੋਚਦੀ ਹਾਂ ਤਾਂ ਮਨ ਸ਼ਾਂਤ ਹੋ ਜਾਂਦਾ ਹੈ। ਉਹ ਭਰੇ ਮਨ ਨਾਲ਼ ਕਹਿੰਦੀ ਹਨ, "ਸ਼ਾਹੂਕਾਰ ਮੇਰੇ ਬੱਚਿਆਂ ਨੂੰ ਕਰਜ਼ਾ ਮੋੜਨ ਲਈ ਕਹਿਣਗੇ [ਜੇ ਮੈਂ ਵਾਪਸ ਨਾ ਕੀਤਾ]। ਪਰ ਉਨ੍ਹਾਂ ਨੂੰ ਇਸ ਦਾ ਭੁਗਤਾਨ ਕਿਉਂ ਕਰਨਾ ਪਵੇ? ਮੈਂ ਚਾਹੁੰਦੀ ਹਾਂ ਕਿ ਉਹ ਵੱਡੇ ਸ਼ਹਿਰਾਂ ਵਿਚ ਰਹਿਣ, ਚੰਗੀ ਤਰ੍ਹਾਂ ਪੜ੍ਹਾਈ ਕਰਨ ਅਤੇ ਸਨਮਾਨਜਨਕ ਅਹੁਦਿਆਂ 'ਤੇ ਕੰਮ ਕਰਨ।"
*****
ਪਰਮੇਸ਼ਵਰੀ ਦਾ ਦਿਨ ਸਵੇਰੇ 5 ਵਜੇ ਤੋਂ ਸ਼ੁਰੂ ਹੁੰਦਾ ਹੈ। "ਜੇ ਘਰ ਵਿੱਚ ਚੌਲ਼ ਹੋਣ, ਤਾਂ ਮੈਂ ਉਹੀ ਪਕਾਉਂਦੀ ਹਾਂ। ਜਿਸ ਦਿਨ ਉਨ੍ਹਾਂ ਨੇ ਕੰਮ 'ਤੇ ਜਾਣਾ ਹੁੰਦਾ ਹੈ, ਉਸ ਦਿਨ ਉਹ ਆਪਣਾ ਲੰਚ ਪੈਕ ਕਰਦੀ ਹਨ ਅਤੇ ਸਵੇਰੇ 8 ਵਜੇ ਤੱਕ ਘਰੋਂ ਚਲੀ ਜਾਂਦੀ ਹਨ।
ਹੋਰ ਦਿਨਾਂ ਵਿੱਚ, ਉਹ ਘਰ ਦਾ ਕੰਮ ਕਰਦੀ ਹੋਈ ਵਿਹਲੇ ਸਮੇਂ ਵਿੱਚ ਇੱਕ ਛੋਟੇ ਟੈਲੀਵਿਜ਼ਨ 'ਤੇ ਪੁਰਾਣੀਆਂ, ਬਲੈਕ ਐਂਡ ਵ੍ਹਾਈਟ ਤੇਲਗੂ ਫਿਲਮਾਂ ਅਤੇ ਸੀਰੀਅਲ ਦੇਖਦੀ ਹਨ। "ਮੈਨੂੰ ਫਿਲਮਾਂ ਦੇਖਣਾ ਪਸੰਦ ਹੈ। ਪਰ ਕਈ ਵਾਰ ਮੈਂ ਇਸਨੂੰ [ਕੇਬਲ ਕਨੈਕਸ਼ਨ ਸਬਸਕ੍ਰਿਪਸ਼ਨ] ਕਟਵਾਉਣ ਬਾਰੇ ਸੋਚਦੀ ਹਾਂ," ਉਹ ਕਹਿੰਦੀ ਹਨ। ਪਰ ਇਹ 250 ਰੁਪਏ ਦਾ ਕੇਬਲ ਕਨੈਕਸ਼ਨ ਉਨ੍ਹਾਂ ਨੂੰ ਉਦਾਸੀ ਤੋਂ ਬਾਹਰ ਆਉਣ ਵਿੱਚ ਮਦਦ ਕਰਦਾ ਹੈ।
ਅਕਤੂਬਰ 2022 ਵਿੱਚ, ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਸੁਝਾਅ ਦਿੱਤਾ ਕਿ ਉਹ ਕਿਸਾਨਮਿੱਤਰਾ ਨਾਲ਼ ਸੰਪਰਕ ਕਰੇ, ਜੋ ਪੇਂਡੂ ਖੇਤਰਾਂ ਵਿੱਚ ਡਿਪਰੈਸ਼ਨ ਨਾਲ਼ ਸਬੰਧਿਤ ਮਦਦ ਦੇਣ ਵਾਲ਼ੀ ਇੱਕ ਹੈਲਪਲਾਈਨ ਹੈ। "ਮੈਨੂੰ ਉਸ ਔਰਤ ਨਾਲ਼ ਗੱਲ ਕਰਨ ਵਿੱਚ ਬਹੁਤ ਮਜ਼ਾ ਆਇਆ ਜਿਸਨੇ ਫ਼ੋਨ ਚੁੱਕਿਆ ਸੀ। ਉਹਨੇ ਕਿਹਾ ਸਭ ਕੁਝ ਠੀਕ ਹੋ ਜਾਵੇਗਾ,'' ਚੇਤੇ ਕਰਦਿਆਂ ਪਰਮੇਸ਼ਵਰੀ ਕਹਿੰਦੀ ਹਨ। ਇਹ ਹੈਲਪਲਾਈਨ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਕੰਮ ਕਰਨ ਵਾਲੀ ਇੱਕ ਗੈਰ-ਸਰਕਾਰੀ ਸੰਸਥਾ ਰੂਰਲ ਡਿਵੈਲਪਮੈਂਟ ਸਰਵਿਸ ਸੋਸਾਇਟੀ ਦੁਆਰਾ ਚਲਾਈ ਜਾ ਰਹੀ ਹੈ। ਫੋਨ ਤੋਂ ਤੁਰੰਤ ਬਾਅਦ, ਕਿਸਾਨਮਿੱਤਰਾ ਦੇ ਫੀਲਡ ਕੋਆਰਡੀਨੇਟਰ (ਕੋਆਰਡੀਨੇਟਰ) ਜੇ. ਨਰਸਿਮਹਾਮੁਲੂ ਉਨ੍ਹਾਂ ਦੇ ਘਰ ਆਏ। ਉਹ ਅੱਗੇ ਦੱਸਦੀ ਹਨ,"ਉਸ ਨੇ (ਨਰਸਿਮ੍ਹਾਲੂ ਨੇ) ਮੈਨੂੰ ਮੇਰੇ ਪਤੀ, ਬੱਚਿਆਂ ਅਤੇ ਵਿੱਤੀ ਸਮੱਸਿਆਵਾਂ ਬਾਰੇ ਪੁੱਛਿਆ। ਮੈਨੂੰ ਉਸ ਨਾਲ਼ ਗੱਲ ਕਰਨ ਵਿਚ ਬਹੁਤ ਮਜ਼ਾ ਆਇਆ।"
ਪਰਮੇਸ਼ਵਰੀ ਆਪਣੀ ਆਮਦਨੀ ਵਧਾਉਣ ਲਈ ਗਾਂ ਖਰੀਦ ਰਹੀ ਹਨ। ਉਹ ਕਹਿੰਦੀ ਹਨ, "ਉਹ (ਗਾਂ) ਮੇਰੇ ਇਕੱਲਪੁਣੇ ਨੂੰ ਘੱਟ ਕਰੇਗੀ।" ਉਨ੍ਹਾਂ ਨੇ ਗਾਂ ਨੂੰ ਖਰੀਦਣ ਲਈ ਪਹਿਲੀ ਕਿਸ਼ਤ ਵਜੋਂ 10,000 ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। "ਹਾਲਾਂਕਿ, ਗਾਂ ਅਜੇ ਤੱਕ ਮੇਰੇ ਘਰ ਨਹੀਂ ਆਈ ਹੈ ਅਤੇ ਮੈਂ ਇਸਦੀ ਉਡੀਕ ਕਰ ਰਹੀ ਹਾਂ।''
ਜੇਕਰ ਤੁਹਾਡੇ ਮਨ ਵਿਚ ਖ਼ੁਦਕੁਸ਼ੀ ਕਰਨ ਦੇ ਵਿਚਾਰ ਆ ਰਹੇ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਪਰੇਸ਼ਾਨੀ ਵਿਚ ਹੈ ਤਾਂ ਰਾਸ਼ਟਰੀ ਹੈਲਪਲਾਈਨ , ਕਿਰਨ , ਨੂੰ 1800-599-0019 (24 ਘੰਟੇ ਟੋਲ ਫਰੀ) ਉੱਤੇ ਫ਼ੋਨ ਕਰੋ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਹੈਲਪਲਾਈਨਜ਼ ਉੱਤੇ ਸੰਪਰਕ ਕਰੋ। ਮਾਨਸਿਕ ਸਿਹਤ ਪੇਸ਼ਾਵਰਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਲਈ , ਕ੍ਰਿਪਾ ਕਰਕੇ ਐਸਪੀਆਈਐਫ ਦੀ ਮਾਨਸਿਕ ਸਿਹਤ ਡਾਇਰੈਕਟਰੀ ਦੇਖੋ।
ਇਸ ਸਟੋਰੀ ਲਈ , ਲੇਖਿਕਾ ਨੂੰ ਰੰਗ ਦੇ ਤੋਂ ਗ੍ਰਾਂਟ ਮਿਲੀ ਹੈ।
ਤਰਜਮਾ: ਕਮਲਜੀਤ ਕੌਰ