ਸੜਕ ਦੇ ਕਿਨਾਰੇ ਬਣੇ ਢਾਬੇ 'ਤੇ ਬੈਠੇ ਕਿਸਾਨ ਜੱਥੇ ਦਾ ਬੰਸਰੀ ਦੀ ਧੁਨ ਸੁਣ ਕੇ ਧਿਆਨ ਭਟਕ ਗਿਆ। 22 ਦਸੰਬਰ ਦੀ ਸਵੇਰ ਸੀ ਅਤੇ ਚੰਦਵੜ ਕਸਬੇ ਵਿੱਚ ਬਹੁਤ ਠੰਡ ਸੀ-ਇਹ ਕਸਬਾ ਨਾਸਿਕ ਸ਼ਹਿਰ ਤੋਂ ਕਰੀਬ 65 ਕਿਲੋਮੀਟਰ ਦੂਰ ਹੈ- ਕਿਸਾਨ ਚਾਹ ਦੀ ਉਡੀਕ ਕਰ ਰਹੇ ਸਨ। ਕੁਝ ਅੱਧ-ਸੁੱਤੇ ਸਨ ਅਤੇ ਕੁਝ ਕੁ ਨਾਸ਼ਤੇ ਵਿੱਚ ਮਿਸਲ ਪਾਵ ਖਾ ਰਹੇ ਸਨ। ਪਰ ਕੋਲ੍ਹਾਪੁਰ ਜ਼ਿਲ੍ਹੇ ਦੇ ਪਿੰਡ ਜੰਬਭਾਲੀ ਪਿੰਡ ਦਾ 73 ਸਾਲਾ ਨਰਾਇਣ ਗਾਇਕਵੜ,ਬੰਸਰੀ ਵਜਾ ਰਿਹਾ ਸੀ। ਉਹ ਆਪਣੇ ਘਰ ਤੋਂ 500 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਸਵੇਰ ਦੀ ਰਸਮ ਅਦਾ ਕਰ ਰਿਹਾ ਸੀ। "ਲੋਕ ਕਹਿੰਦੇ ਹਨ ਕਿ ਦਿੱਲੀ ਦਾ ਪ੍ਰਦਰਸ਼ਨ ਪੰਜਾਬ ਅਤੇ ਹਰਿਆਣਾ ਤੋਂ ਆਏ ਕਿਸਾਨਾਂ ਤੱਕ ਹੀ ਸਿਮਟਿਆ ਹੋਇਆ ਹੈ," ਉਹਨੇ ਕਿਹਾ। "ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਰਾਸ਼ਟਰ-ਪੱਧਰੀ ਮਸਲਾ ਹੈ।"

ਗਾਇਕਵਾੜ ਉਸ 2000 ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਕਾਰਕੁੰਨਾਂ ਦੇ ਸਮੂਹ ਦਾ ਹਿੱਸਾ ਸੀ, ਜਿਹਨੇ 21 ਦਸੰਬਰ ਨੂੰ ਨਾਸਿਕ ਤੋਂ ਵਾਹਨ ਜੱਥੇ (ਕਾਫ਼ਲੇ) ਦੇ ਰੂਪ ਵਿੱਚ ਦਿੱਲੀ ਜਾਣ ਲਈ ਆਪਣੀ ਯਾਤਰਾ ਵਿੱਢੀ ਸੀ। ਪਰ ਗਾਇਕਵਾੜ ਦੀ ਯਾਤਰਾ ਇੱਕ ਦਿਨ ਪਹਿਲਾਂ ਸ਼ੁਰੂ ਹੋਈ। "ਅਸੀਂ ਸੱਤੇ ਜਣੇ ਟੈਂਪੂ ਵਿੱਚ ਸਵਾਰ ਹੋਏ ਅਤੇ 20 ਦਸੰਬਰ ਦੀ ਰਾਤ ਹੀ ਨਾਸਿਕ ਅੱਪੜ ਗਏ। ਇੱਥੇ ਪੁੱਜਣ ਵਿੱਚ ਸਾਨੂੰ 13 ਘੰਟੇ ਲੱਗੇ," ਉਹਨੇ ਦੱਸਿਆ। "ਉਮਰ ਦੇ ਨਾਲ਼ ਸੜਕ ਦਾ ਸਫ਼ਰ ਕਰਨਾ ਮੁਸ਼ਕਲ ਹੁੰਦਾ ਜਾਂਦਾ ਹੈ। ਪਰ ਮੈਂ ਆਉਣ ਦਾ ਫ਼ੈਸਲਾ ਕੀਤਾ ਕਿਉਂਕਿ ਮੈਂ ਭਗਤ ਸਿੰਘ ਦੇ ਵਿਚਾਰਾਂ ਦੇ ਭਾਰਤ ਵਿੱਚ ਯਕੀਨ ਰੱਖਦਾ ਹਾਂ। ਕਿਸਾਨਾਂ ਦੀ ਦਿੱਕਤਾਂ ਉਦੋਂ ਤੱਕ ਨਹੀਂ ਮੁੱਕਣੀਆਂ ਜਦੋਂ ਤੱਕ ਕਿ ਇਨਕਲਾਬ ਨਹੀਂ ਆਉਂਦਾ।"

ਮੁੱਖ ਰੂਪ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਏ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪੁਲਿਸ ਦੇ ਤਸ਼ੱਦਦਾਂ ਜਿਵੇਂ ਅੱਥਰੂ ਗੈਸ ਦੇ ਗੋਲਿਆਂ, ਲਾਠੀਚਾਰਜ ਦਾ ਸਾਹਮਣਾ ਕਰਨ ਦੇ ਨਾਲ਼-ਨਾਲ਼ ਹੱਡ-ਵਿੰਨ੍ਹਵੀ ਠੰਡ ਅਤੇ ਮੀਂਹ ਦਾ ਸਾਹਮਣਾ ਕਰਕੇ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਰਹੇ ਹਨ। ਉਹ ਤਿੰਨੋਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।

ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
Left: Narayan Gaikwad came from Kolhapur to join the march. Right: Kalebai More joined the jatha in Umarane
PHOTO • Shraddha Agarwal
Left: Narayan Gaikwad came from Kolhapur to join the march. Right: Kalebai More joined the jatha in Umarane
PHOTO • Parth M.N.

ਖੱਬੇ: ਮਾਰਚ ਵਿੱਚ ਹਿੱਸਾ ਲੈਣ ਲਈ ਕੋਲ੍ਹਾਪੁਰ ਤੋਂ ਆਇਆ ਨਰਾਇਣ ਗਾਇਕਵਾੜ। ਸੱਜੇ: ਕਾਲੇਬਾਈ ਮੋਰੇ ਉਮਾਰਾਨੇ ਤੋਂ ਜੱਥੇ ਵਿੱਚ ਸ਼ਾਮਲ ਹੁੰਦੀ ਹੋਈ

ਆਪਣੀ ਇਕਜੁਟਤਾ ਜਤਾਉਣ ਲਈ ਮਹਾਂਰਾਸ਼ਟਰ ਦੇ ਕਰੀਬ 20 ਜ਼ਿਲ੍ਹਿਆਂ ਦੇ ਕਿਸਾਨਾਂ ਨੇ, ਜੋ ਕੁੱਲ ਭਾਰਤੀ ਕਿਸਾਨ ਸਭਾ (AIKS) ਦੁਆਰਾ ਲਾਮਬੰਦ ਕੀਤੇ ਗਏ, ਆਪਣੇ ਉੱਤਰ ਦੇ ਸਾਥੀਆਂ ਦਾ ਸਾਥ ਦੇਣ ਦਾ ਇਰਾਦਾ ਕੀਤਾ।

21 ਦਸੰਬਰ ਦੀ ਦੁਪਹਿਰ ਨੂੰ-ਜਦੋਂ AIKS ਦੇ ਆਗੂ ਨਾਸਿਕ ਦੇ ਗੋਲਫ਼ ਕਲੱਬ ਗਰਾਊਂਡ ਵਿੱਚ ਲਾਮਬੰਦ ਹੋਏ ਅਤੇ ਕਿਸਾਨਾਂ ਨੂੰ ਭਾਸ਼ਣ ਦਿੱਤਾ-ਕਰੀਬ 50 ਟਰੱਕ, ਟੈਂਪੂ ਅਤੇ ਚੌਪਹੀਆ ਵਾਹਨਾਂ ਨੇ ਇੱਕ ਕਾਫ਼ਲਾ ਤਿਆਰ ਕੀਤਾ। ਉਸ ਤੋਂ ਠੀਕ ਬਾਅਦ ਜੱਥਾ  ਨੇ ਕਰੀਬ 1400 ਕਿਲੋਮੀਟਰ ਦੇ ਪੈਂਡੇ ਲਈ ਵਹੀਰ ਘੱਤ ਲਈ। ਚੰਦਵਾੜ ਪਹਿਲੀ ਠਾਰ੍ਹ ਸੀ; ਕਿਸਾਨਾਂ ਨੇ ਉੱਥੇ ਸੈਕੰਡਰੀ ਸਕੂਲ ਵਿੱਚ ਰਾਤ ਕੱਟੀ। ਉਨ੍ਹਾਂ ਨੂੰ ਨਿੱਘਾ ਰੱਖਣ ਲਈ ਅਲਾਵ ਬਾਲ਼ਿਆ ਗਿਆ ਅਤੇ ਰਾਤ ਦੇ ਖਾਣੇ ਵਿੱਚ ਉਨ੍ਹਾਂ ਨੇ ਖਿਚੜੀ ਖਾਧੀ। ਫਿਰ ਉਨ੍ਹਾਂ ਨੇ ਖੁਦ ਨੂੰ ਕੰਬਲਾਂ ਅਤੇ ਸਵੈਟਰਾਂ ਵਿੱਚ ਲਪੇਟਿਆ ਅਤੇ ਬਿਸਤਰਿਆਂ ਵਿੱਚ ਸਰਕ ਗਏ।

ਗਾਇਕਵਾੜ ਨੇ ਯਾਤਰਾ ਵਾਸਤੇ 4 ਸ਼ੌਲ ਲਿਆਂਦੇ। "ਉਹ ਜੀਪ ਵਿੱਚ ਸਫ਼ਰ ਕਰ ਰਹੇ ਹਨ ਅਤੇ ਉੱਥੇ ਹਵਾ ਬਹੁਤ ਪੈਂਦੀ ਹੈ," ਉਹਨੇ ਸਵੇਰੇ ਉਪਮਾ ਖਾਂਦਿਆਂ ਮੈਨੂੰ ਦੱਸਿਆ। ਅਸੀਂ ਡਿਓਲਾ ਤਾਲੁਕਾ ਦੇ ਪਿੰਡ ਉਮਰਾਨੇ ਵਿੱਚ ਸਾਂ, ਜਿੱਥੇ ਜੱਥਾ ਨਾਸ਼ਤਾ ਕਰਨ ਲਈ ਰੁੱਕਿਆ, ਇਹ ਥਾਂ ਚੰਦਵਾੜ ਤੋਂ 20 ਕਿਲੋਮੀਟਰ ਦੂਰ ਹੈ।

ਪਿੰਡ ਵਿੱਚ ਗਾਇਕਵਾੜ ਕੋਲ਼ ਤਿੰਨ ਏਕੜ ਜ਼ਮੀਨ ਹੈ, ਜਿਸ 'ਤੇ ਉਹ ਕਮਾਦ ਦੀ ਕਾਸ਼ਤ ਕਰਦਾ ਹੈ। ਉਸ ਕੋਲ਼ ਦੋ ਮੱਝਾਂ ਅਤੇ ਤਿੰਨ ਗਾਵਾਂ ਵੀ ਹਨ। "ਖੇਤੀ ਬਿੱਲਾਂ ਵਿੱਚ ਇੱਕ ਬਿੱਲ APMCs (ਖੇਤੀਬਾੜੀ ਜਿਣਸ ਮਾਰਕੀਟਿੰਗ ਕਮੇਟੀਆਂ) ਨੂੰ ਗ਼ੈਰ-ਲੋੜੀਂਦਾ ਕਰਾਰਦਾ ਹੈ ਅਤੇ ਸਰਕਾਰ ਕਹਿੰਦੀ ਹੈ ਇਹ ਹੋਰ ਨਿੱਜੀ ਕੰਪਨੀਆਂ ਨੂੰ ਜਨਮ ਦੇਵੇਗਾ। ਡੇਅਰੀ ਸੈਕਟਰ ਵਿੱਚ ਤਾਂ ਪਹਿਲਾਂ ਹੀ ਕਾਫ਼ੀ ਨਿੱਜੀ ਗੇਂਦਬਾਜ਼ ਮੌਜੂਦ ਹਨ। ਫਿਰ ਵੀ ਬਾਮੁਸ਼ਕਲ ਹੀ ਸਾਨੂੰ ਕੁਝ ਬੱਚਦਾ ਹੈ। ਨਿੱਜੀ ਕੰਪਨੀਆਂ ਨੂੰ ਸਿਰਫ਼ ਉਨ੍ਹਾਂ ਦੇ ਆਪਣੇ ਮੁਨਾਫ਼ੇ ਤੱਕ ਹੀ ਮਤਲਬ ਹੁੰਦਾ ਹੈ," ਉਹਨੇ ਕਿਹਾ।

ਜਦੋਂ ਗਾਇਕਵਾੜ ਨਾਸ਼ਤਾ ਕਰ ਰਿਹਾ ਸੀ, ਕਾਲੇਬਾਈ ਮੋਰੇ, ਜੋ 65 ਸਾਲਾ ਖੇਤ ਮਜ਼ਦੂਰ ਹੈ, ਬੜੀ ਤਾਂਘ ਨਾਲ਼ ਸੀਟ ਦੀ ਭਾਲ਼ ਕਰ ਰਹੀ ਸੀ। ਉਹ ਉਮਰਾਨੇ ਤੋਂ ਜੱਥੇ ਵਿੱਚ ਸ਼ਾਮਲ ਹੋਈ ਸੀ। "ਸਾਰੇ ਟੈਂਪੂ ਭਰੇ ਹੋਏ ਸਨ," ਪਰੇਸ਼ਾਨ ਹੋ ਕੇ ਉਹਨੇ ਮੈਨੂੰ ਦੱਸਿਆ। "ਉਹ ਮੇਰੇ ਲਈ ਵੱਖਰਾ ਵਾਹਨ ਕਿਰਾਏ 'ਤੇ ਨਹੀਂ ਲੈ ਸਕਦੇ। ਮੈਂ ਵਾਕਿਆ  ਹੀ ਦਿੱਲੀ ਜਾਣਾ ਚਾਹੁੰਦੀ ਹਾਂ।"
Top left: Left: The vehicles assembled at Golf Club Ground in Nashik. Top right: Farmers travelled in open-back tempos in the cold weather. Bottom: The group had dinner in Chandvad. They lit bonfires to keep themselves warm at night
PHOTO • Parth M.N.

ਉੱਪਰ ਖੱਬੇ: ਵਾਹਨ ਨਾਸਿਕ ਦੇ ਗੋਲਫ਼ ਕਲੱਬ ਗਰਾਊਂਡ ਵਿੱਚ ਇਕੱਠੇ ਹੋਏ। ਉੱਪਰ ਸੱਜੇ: ਕਿਸਾਨਾਂ ਨੇ ਠੰਡ ਦੇ ਮੌਸਮ ਵਿੱਚ ਵੀ ਪਿੱਛੋਂ ਖੁੱਲ੍ਹੇ ਟੈਂਪੂ ਯਾਤਰਾ ਕੀਤੀ। ਹੇਠਾਂ: ਜੱਥੇ ਨੇ ਚੰਦਵਾੜ ਵਿੱਚ ਰਾਤ ਦਾ ਭੋਜਨ ਖਾਧਾ। ਉਨ੍ਹਾਂ ਨੇ ਰਾਤ ਨੂੰ ਨਿੱਘ ਵਾਸਤੇ ਅਲਾਵ ਬਾਲ਼ਿਆ

ਗੁਲਾਬੀ ਫੁੱਲ-ਬੂਟਿਆਂ ਵਾਲ਼ੀ ਸਾੜੀ ਵਿੱਚ ਮਲਬੂਸ ਕਾਲੇਬਾਈ, ਜੋ ਨਾਸਿਕ ਦੇ ਡਿੰਡੋਰੀ ਤਾਲੁਕਾ ਵਿੱਚ ਪੈਂਦੇ ਪਿੰਡ ਸ਼ਿੰਦਵਾੜ ਤੋਂ ਹੈ, ਵਾਹਨਾਂ ਨੂੰ ਜਾਂਚਣ ਵਾਸਤੇ ਉੱਪਰ-ਨੀਚੇ ਹੋ ਰਹੀ ਸੀ। ਉਹਨੇ ਕਦੇ ਡਰਾਈਵਰਾਂ ਨਾਲ਼ ਬਹਿਸ ਕੀਤੀ, ਕਦੇ ਫਰਿਆਦ ਕੀਤੀ ਅਤੇ ਅੰਤ ਵਿੱਚ ਚੀਕ ਪਈ। ਅਖੀਰ, ਕਿਸੇ ਨੇ ਆਪਣੇ ਟੈਂਪੂ ਵਿੱਚ ਉਸ ਖਾਤਰ ਥਾਂ ਬਣਾ ਹੀ ਲਈ ਅਤੇ ਉਹਦੇ ਗੁੱਸੇ ਨਾਲ਼ ਲਾਲ ਹੋਏ ਚਿਹਰੇ 'ਤੇ ਸਕੂਨ ਦੀ ਹਲਕੀ ਜਿਹੀ ਲਕੀਰ ਫਿਰ ਗਈ। ਉਹਨੇ ਆਪਣੀ ਸਾੜੀ ਠੀਕ ਕੀਤੀ ਅਤੇ ਟੈਂਪੂ ਵਿੱਚ ਸਵਾਰ ਹੋ ਗਈ। ਦੇਖਦੇ ਹੀ ਦੇਖਦੇ ਇਹਦੇ ਚਿਹਰੇ ਤੇ ਬੱਚਿਆਂ ਜਿਹੀ ਮੁਸਕਾਨ ਫੁੱਟ ਪਈ।

"ਮੈਂ ਖੇਤ ਮਜ਼ਦੂਰ ਹਾਂ ਅਤੇ 200 ਰੁਪਏ ਦਿਹਾੜੀ ਕਮਾ ਲੈਂਦੀ ਹਾਂ," ਉਹਨੇ ਮੈਨੂੰ ਦੱਸਿਆ। "ਮੈਂ ਆਪਣੇ ਕੰਮ ਨੂੰ ਛੱਡ ਕੇ ਧਰਨੇ ਵਿੱਚ ਹਿੱਸਾ ਲੈਣ ਦੀ ਇਛੁੱਕ ਹਾਂ।" ਕਾਲੇਬਾਈ, ਜੋ ਕੰਮ ਵਾਸਤੇ ਹੋਰਨਾਂ ਕਿਸਾਨਾਂ 'ਤੇ ਨਿਰਭਰ ਰਹਿੰਦੀ ਹੈ, ਨੇ ਕਿਹਾ ਜੇਕਰ ਕਿਸਾਨ ਆਪਣੀ ਫ਼ਸਲ ਤੋਂ ਕੁਝ ਨਹੀਂ ਕਮਾ ਪਾਉਂਦਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ। "ਜਦੋਂ ਉਨ੍ਹਾਂ ਕੋਲ਼ ਪੈਸਾ ਹੀ ਨਾ ਰਿਹਾ ਤਾਂ ਉਨ੍ਹਾਂ ਨੇ ਮੇਰੇ ਜਿਹੇ ਖੇਤ ਮਜ਼ਦੂਰਾਂ ਦਾ ਕੀ ਕਰਨਾ," ਉਹਨੇ ਕਿਹਾ। "ਜੇਕਰ ਬਿਜਲੀ ਦੇ ਬਿੱਲਾਂ ਦੇ ਵਾਧੇ ਕਾਰਨ ਉਨ੍ਹਾਂ ਦੀ ਪੈਦਾਵਰ ਦੀ ਲਾਗਤ ਵੱਧਦੀ ਹੈ, ਤਾਂ ਇਹਦਾ ਅਸਰ ਮੇਰੇ ਕੰਮ 'ਤੇ ਦਿੱਸਣਾ ਹੀ ਹੈ।"

ਕਾਲੇਬਾਈ ਕੋਲੀ ਮਹਾਦੇਵ ਆਦਿਵਾਸੀ ਕਬੀਲੇ ਨਾਲ਼ ਸਬੰਧ ਰੱਖਦੀ ਹੈ। ਸ਼ਿੰਦਵਾੜ ਵਿਖੇ, ਉਹ ਦੋ ਏਕੜ ਦੀ ਪੈਲੀ ਵਿੱਚ ਖੇਤੀ ਕਰਕੇ ਡੰਗ ਟਪਾਉਂਦੀ ਹੈ ਜੋ ਜ਼ਮੀਨ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ। ਨਾਸਿਕ ਦੇ ਉਹਦੇ ਜਿਹੇ ਆਦਿਵਾਸੀ ਖਿਤੇ ਦੇ ਕਿਸਾਨ, ਆਪਣੀ ਜ਼ਮੀਨ ਦੇ ਹੱਕ ਵਾਸਤੇ ਲੜਦੇ ਰਹੇ ਹਨ ਜਿਸ ਵਿੱਚ ਉਨ੍ਹਾਂ ਨੂੰ ਨਾ-ਮਾਤਰ ਸਫ਼ਲਤਾ ਮਿਲੀ।

ਅਸ਼ੋਕ ਧਾਵਾਲੇ, ਪ੍ਰਧਾਨ AIKS, ਜੋ ਇਸੇ ਜੱਥੇ ਨਾਲ਼ ਯਾਤਰਾ ਕਰ ਰਿਹਾ ਸੀ, ਕਹਿੰਦਾ ਹੈ ਕਿ ਜੰਗਲੀ ਇਲਾਕੇ ਦੇ ਆਦਿਵਾਸੀਆਂ ਦੇ ਵੱਡੇ ਕਾਰਪੋਰੇਸ਼ਨਾਂ ਨਾਲ਼ ਅਨੁਭਵ ਬੜੇ ਮਾੜੇ ਰਹੇ ਹਨ। "ਇਹ ਤਿੰਨੋਂ ਕਨੂੰਨ ਅਜਿਹੇ ਹੋਰ ਨਿਗਮਾਂ ਵਾਸਤੇ ਰਾਹ ਪੱਧਰਾ ਕਰਦੇ ਹਨ, ਇਹੀ ਕਾਰਨ ਹੈ ਕਿ ਆਦਿਵਾਸੀ ਇਨ੍ਹਾਂ ਦੇ ਵਿਰੋਧ ਵਿੱਚ ਹਨ," ਉਹਨੇ ਕਿਹਾ। "ਸਭ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਜਿਸ ਕਰਕੇ ਅਸੀਂ ਇਸ ਜੱਥੇ ਵਿੱਚ ਵੱਡੀ ਗਿਣਤੀ ਵਿੱਚ ਹਾਂ।"

The farmers rested near the gurudwara in Kota after a meal
PHOTO • Parth M.N.

ਕੋਟਾ ਵਿੱਚ ਭੋਜਨ ਖਾਣ ਤੋਂ ਬਾਅਦ ਅਰਾਮ ਕਰਦੇ ਕਿਸਾਨ

22 ਦਸੰਬਰ ਨੂੰ ਜੱਥੇ ਨੇ 150 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਅਤੇ ਡੂਲੇ ਜ਼ਿਲ੍ਹੇ ਦੇ ਸ਼ਿਰਪੁਰ ਕਸਬੇ ਵਿੱਚ ਠਾਰ੍ਹ ਲਈ- ਜੋ ਕਿ ਮੱਧ ਪ੍ਰਦੇਸ਼ ਸੀਮਾ ਤੋਂ  ਕਰੀਬ 40 ਕਿਲੋਮੀਟਰ ਹੈ। ਮੋਟੇ ਸਵੈਟਰ ਪਾਈ ਦਿਨ ਚੜ੍ਹਿਆ ਅਤੇ ਕਾਫ਼ਲਾ ਅੱਗੇ ਵੱਧਿਆ। ਠੰਡ ਹੱਡਾਂ ਨੂੰ ਚੀਰਣ ਲੱਗੀ ਅਤੇ ਦਲ ਦੇ ਕੁਝ ਲੋਕਾਂ ਨੇ ਵਾਪਸ ਮੁੜਨ ਦਾ ਫੈਸਲਾ ਕੀਤਾ। ਗਾਇਕਵਾੜ ਪਿੱਠ-ਦਰਦ ਤੋਂ ਪੀੜਤ ਹੈ। "ਇਸ ਦਰਦ ਨਾਲ਼ ਮੈਂ ਦਿੱਲੀ ਨਹੀਂ ਪਹੁੰਚ ਸਕਦਾ," ਅਗਲੀ ਸਵੇਰ ਉਹਨੇ ਮੈਨੂੰ ਦੱਸਿਆ। ਕੁਝ ਹੋਰ ਲੋਕ ਵੀ ਵਾਪਸ ਮੁੜ ਗਏ ਕਿਉਂਕਿ ਉਹ 2-3 ਦਿਨਾਂ ਤੋਂ ਵੱਧ ਚਿਰ ਕੰਮ ਤੋਂ ਦੂਰ ਰਹਿਣਾ ਝੱਲ ਨਹੀਂ ਸਕਦੇ।

23 ਦਸੰਬਰ ਨੂੰ-ਜੱਥੇ ਦੇ ਤੀਸਰੇ ਦਿਨ- ਕਰੀਬ 1000 ਲੋਕ ਦਿੱਲੀ ਵੱਲ ਨੂੰ ਅੱਗੇ ਵਧੇ।

ਜਿਵੇਂ-ਜਿਵੇਂ ਜੱਥਾ ਆਪਣੀ ਲੰਬੀ ਯਾਤਰਾ 'ਤੇ ਅੱਗੇ ਵੱਧਦਾ ਗਿਆ, ਰਸਤੇ ਵਿੱਚ ਪੈਂਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਨ੍ਹਾਂ ਦਾ ਸੁਆਗਤ ਹੋਇਆ। ਹਾਲਾਂਕਿ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਜੱਥੇਬੰਦੀ AIKS ਦੁਆਰਾ ਵਾਹਨ ਮਾਰਚ ਲਾਮਬੰਦ ਕੀਤਾ ਗਿਆ, ਹੋਰਨਾਂ ਸਿਆਸੀ ਧਿਰਾਂ ਜਿਵੇਂ ਸ਼ਿਵਸੈਨਾ ਅਤੇ ਕਾਂਗਰਸ ਸਣੇ ਹੋਰ ਰਾਜਨੀਤਕ ਦਲਾਂ ਨੇ ਇਕਜੁਟਤਾ ਜਤਾਈ। ਸਮਾਜਿਕ ਕਾਰਕੁੰਨਾਂ ਨੇ ਵੀ ਜੱਥੇ ਨਾਲ਼ ਮੁਲਾਕਾਤ ਕੀਤੀ।

ਸੇਂਧਵਾ, ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਬਾਰਵਾਨੀ ਦੇ ਇੱਕ ਕਸਬੇ ਵਿਖੇ, ਕਾਰਕੁੰਨ ਮੇਧਾ ਪਾਟੇਕਰ ਨੇ ਕਿਸਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਅਲੋਚਨਾਤਮਕ ਨਾਅਰੇ ਲਾਏ ਅਤੇ ਥੋੜ੍ਹੀ ਦੂਰੀ ਤੱਕ ਰੈਲੀ ਦੀ ਅਗਵਾਈ ਕੀਤੀ।

ਪਰ ਮੱਧ ਪ੍ਰਦੇਸ਼ ਵਿਚਲਾ ਸੁਆਗਤ ਯੋਜਨਾ ਨਾਲ਼ੋਂ ਵੱਧ ਲੰਬਾ ਚੱਲਿਆ। ਰਾਤ 10 ਵਜੇ ਤੱਕ ਜੱਥਾ ਮਸਾਂ ਹੀ ਇੰਦੌਰ ਦੀ ਸੀਮਾ 'ਤੇ ਪੁੱਜਿਆ- ਜੋ ਰਾਜਸਥਾਨ ਦੇ ਕੋਟਾ ਤੋਂ ਕਰੀਬ 320 ਕਿਲੋਮੀਟਰ ਦੂਰ ਹੈ, ਜਿੱਥੇ ਰੈਲੀ ਨੇ ਰਾਤ ਤੱਕ ਪਹੁੰਚਣਾ ਸੀ।

ਕੁਝ ਵਿਚਾਰ-ਵਟਾਂਦਰੇ ਤੋਂ ਬਾਅਦ ਦਲ ਨੇ ਰਾਜਸਥਾਨ ਵੱਲ ਵੱਧਣਾ ਜਾਰੀ ਰੱਖਣ ਦਾ ਫੈਸਲਾ ਕੀਤਾ। 24 ਦਸੰਬਰ ਨੂੰ ਸਵੇਰੇ 7 ਵਜੇ ਕੋਟਾ ਪਹੁੰਚਣ ਵਾਸਤੇ ਯੱਖ ਕਰ ਸੁੱਟਣ ਵਾਲੀ ਰਾਤ ਵਿੱਚ ਵੀ ਵਾਹਨ ਚੱਲਦੇ ਰਹੇ।

ਪਰ ਪੂਰੀ ਰਾਤ ਕਿਸਾਨਾਂ ਨੇ ਪਿੱਛੋਂ-ਖੁੱਲ੍ਹੇ ਟੈਂਪੂਆਂ ਵਿੱਚ ਹੱਡ-ਜਮਾਊ ਹਵਾ ਨੂੰ ਬਰਦਾਸ਼ਤ ਕੀਤਾ। ਮਥੁਰਾ ਬਾਰਡੇ, ਉਮਰ 57 ਸਾਲ, ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਸ਼ਿਨਦੋਦੀ ਤੋਂ ਹੈ, ਨੇ ਕਿਹਾ ਉਹਨੇ ਕੱਪੜਿਆਂ ਦੀਆਂ ਤਿੰਨ ਤਹਿਆਂ ਲਈਆਂ ਹੋਈਆਂ ਸਨ ਫਿਰ ਵੀ ਉਹ ਜੰਮ ਰਹੀ ਸੀ। "ਮੇਰੇ ਕੋਲ਼ ਪਾਉਣ ਲਈ ਇਸ ਤੋਂ ਵੱਧ ਕੱਪੜੇ ਨਹੀਂ ਹਨ। ਮੈਂ ਆਪਣੇ ਕੰਨ ਵਲ੍ਹੇਟੇ ਅਤੇ ਕਿਸੇ ਤਰ੍ਹਾਂ ਔਖੇ-ਸੌਖੇ ਰਾਤ ਕੱਟ ਹੀ ਲਈ," ਸਵੇਰ ਵੇਲੇ ਗੁਰਦੁਆਰੇ ਵਿੱਚ ਲੰਗਰ (ਸਾਂਝੀ ਰਸੋਈ) ਛੱਕਦਿਆਂ ਉਹਨੇ ਕਿਹਾ। ਸ਼ਹਿਰ ਦੇ ਸਿੱਖ ਭਾਈਚਾਰੇ ਨੇ ਕਿਸਾਨਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਲੰਗਰ ਵਿੱਚ ਛੋਲਿਆਂ ਦੀ ਦਾਲ, ਫੁਲਕੇ ਅਤੇ ਖਿਚੜੀ ਵਰਤਾਈ। ਯਾਤਰੂਆਂ ਦੇ ਥਕਾਵਟ-ਮਾਰੇ ਦਲ ਨੇ ਗੁਰਦੁਆਰੇ ਦੇ ਨੇੜੇ ਧੁੱਪ ਵਿੱਚ ਲੇਟ ਕੇ ਅਰਾਮ ਕੀਤਾ।

Left: Farm leaders walked up to the barricades upon arriving in Shahjahanpur. Right: A policeman quickly takes a photo
PHOTO • Parth M.N.
Left: Farm leaders walked up to the barricades upon arriving in Shahjahanpur. Right: A policeman quickly takes a photo
PHOTO • Parth M.N.

ਖੱਬੇ: ਸ਼ਾਹਜਹਾਂਪੁਰ ਅੱਪੜਦਿਆਂ ਹੀ ਕਿਸਾਨ ਆਗੂ ਤੁਰ ਕੇ ਬੈਰੀਕੇਡਾਂ ਤੱਕ ਗਏ। ਸੱਜੇ: ਇੱਕ ਪੁਲਿਸ ਵਾਲਾ ਫੁਰਤੀ ਨਾਲ਼ ਫੋਟੋ ਲੈਂਦਾ ਹੋਇਆ

24 ਦਸੰਬਰ ਨੂੰ ਵਾਹਨ ਰੈਲੀ ਨੇ ਕਰੀਬ 250 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਅਤੇ ਰਾਤ ਕੱਟਣ ਲਈ ਜੈਪੁਰ ਰੁੱਕੇ।

ਅਖੀਰ 25 ਦਸੰਬਰ ਦੀ ਦੁਪਹਿਰ ਦੇ 12.30 ਵਜੇ ਰਾਜਸਥਾਨ ਅਤੇ ਹਰਿਆਣਾ ਦੀ ਸੀਮਾ 'ਤੇ ਪੈਂਦੇ ਸ਼ਾਹਜਹਾਂਪੁਰ ਅੱਪੜ ਗਏ। ਜੱਥੇ ਦੀ ਪਹੁੰਚ ਨਾਲ਼ ਧਰਨਾ ਸਥਲ ਦੇ ਵਾਤਾਵਰਣ ਵਿੱਚ ਬਿਜਲੀ ਦੀ ਲਹਿਰ ਦੌੜ ਗਈ। ਜਿਨ੍ਹਾਂ ਕਿਸਾਨਾਂ ਨੇ ਮਹਾਰਾਸ਼ਟਰ ਦੇ ਇਸ ਦਲ ਦਾ ਸਵਾਗਤ ਕੀਤਾ, ਉਹ ਪਿਛਲੇ ਦੋ ਹਫ਼ਤਿਆਂ ਤੋਂ ਰਾਸ਼ਟਰੀ ਰਾਜਮਾਰਗ 48 (NH48) 'ਤੇ ਡਟੇ ਬੈਠੇ ਹਨ।

ਕਿਸਾਨ ਆਗੂ ਆਪਣੇ ਵਾਹਨਾਂ ਤੋਂ ਉੱਤਰੇ ਅਤੇ ਹਰਿਆਣਾ ਸਰਕਾਰ ਵੱਲੋਂ ਖੜ੍ਹੇ ਕੀਤੇ ਬੈਰੀਕੇਡਾਂ ਤੱਕ (ਕਿਲੋਮੀਟਰ ਦੇ ਕਰੀਬ) ਤੁਰ ਕੇ ਗਏ। ਬੈਰੀਕੇਡਾਂ ਤੋਂ ਪਰਲੇ ਪਾਸੇ ਖੜ੍ਹੇ ਪੁਲਿਸ ਵਾਲੇ ਵੀ ਕਿਸਾਨਾਂ ਦੇ ਬੱਚੇ ਹਨ, ਉਨ੍ਹਾਂ ਨੇ ਮੈਨੂੰ ਦੱਸਿਆ। ਉਨ੍ਹਾਂ ਵਿੱਚੋਂ ਇੱਕ ਨੇ ਫਟਾਫਟ ਆਪਣਾ ਮੋਬਾਇਲ ਕੱਢਿਆ ਅਤੇ ਉਨ੍ਹਾਂ ਵੱਲ ਵੱਧ ਰਹੇ ਕਿਸਾਨਾਂ ਦੀ ਫੋਟੋ ਖਿੱਚ ਲਈ ਅਤੇ ਫੋਨ ਵਾਪਸ ਆਪਣੀ ਜੇਬ੍ਹ ਵਿੱਚ ਸਰਕਾ ਲਿਆ।

ਕਿਸਾਨ ਆਗੂ ਧਰਨਾ-ਸਥਲ 'ਤੇ ਪੂਰੀ ਦੁਪਹਿਰ ਭਾਸ਼ਣ ਦਿੰਦੇ ਰਹੇ। ਤਿਰਕਾਲਾਂ ਨੂੰ, ਜਦੋਂ ਠੰਡ ਵਧੀ ਤਾਂ NH48 'ਤੇ ਮਹਾਂਰਾਸ਼ਟ ਤੋਂ ਆਏ ਕਿਸਾਨਾਂ ਨੂੰ ਠਹਿਰਾਉਣ ਲਈ ਹੋਰ ਟੈਂਟ ਆ ਗਏ। ਇਸ ਨਾਲ਼ ਦਿੱਲੀ ਪਹੁੰਚਣ ਦਾ ਸੰਕਲਪ ਤੇ ਹਿੰਮਤ ਹੋਰ ਜੋਰ ਫੜ੍ਹ ਗਏ, ਪਰ ਉਨ੍ਹਾਂ ਦਾ ਸੰਘਰਸ਼ ਅਜੇ ਸ਼ੁਰੂ ਹੀ ਹੋਇਆ ਹੈ।

ਕਵਰ ਫੋਟੋ: ਸ਼ਰਧਾ ਅਗਰਵਾਲ

ਤਰਜਮਾ: ਕਮਲਜੀਤ ਕੌਰ
Parth M.N.

பார்த். எம். என் 2017 முதல் பாரியின் சக ஊழியர், பல செய்தி வலைதளங்களுக்கு அறிக்கை அளிக்கும் சுதந்திர ஊடகவியலாளராவார். கிரிக்கெடையும், பயணங்களையும் விரும்புபவர்.

Other stories by Parth M.N.
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur