"ਕੁੜੀ ਹੋਈ ਹੈ," ਡਾਕਟਰ ਨੇ ਕਿਹਾ।
ਆਸ਼ਾ ਦੇ ਇਹ ਚੌਥਾ ਬੱਚਾ ਹੋਣਾ ਹੈ-ਪਰ ਇਹ ਅੰਤਮ ਬੱਚਾ ਹੈ ਇਹ ਗੱਲ ਤੈਅ ਨਹੀਂ ਹੈ। ਉਹ ਜਨਾਨਾ ਰੋਗ ਮਾਹਰ ਵੱਲੋਂ ਆਪਣੀ ਮਾਂ ਕਾਤਾਂਬੇਨ ਨੂੰ ਢਾਰਸ ਦਿੰਦਿਆਂ ਸੁਣ ਸਕਦੀ ਸਨ: "ਮਾਂ, ਤੁਸੀਂ ਰੋਵੋ ਨਾ। ਲੋੜ ਪਈ ਤਾਂ ਮੈਂ ਅੱਠ ਹੋਰ ਸੀਜੇਰਿਅਨ ਕਰਾਂਗੀ। ਪਰ ਜਦੋਂ ਤੱਕ ਉਹ ਮੁੰਡਾ ਨਹੀਂ ਜੰਮਦੀ, ਮੈਂ ਇੱਥੇ ਹੀ ਹਾਂ। ਉਹ ਮੇਰੀ ਜਿੰਮੇਦਾਰੀ ਹੈ।"
ਇਸ ਤੋਂ ਪਹਿਲਾਂ, ਆਸ਼ਾ ਦੇ ਤਿੰਨ ਬੱਚੇ ਸਾਰੀਆਂ ਕੁੜੀਆਂ ਸਨ, ਉਨ੍ਹਾਂ ਦਾ ਜਨਮ ਸੀਜੇਰਿਅਨ ਸਰਜਰੀ ਨਾਲ਼ ਹੋਇਆ ਸੀ। ਅਤੇ ਹੁਣ ਉਹ ਡਾਕਟਰ ਕੋਲੋਂ ਅਹਿਮਦਾਬਾਦ ਸ਼ਹਿਰ ਦੇ ਮਣੀਨਗਰ ਇਲਾਕੇ ਵਿੱਚ ਇੱਕ ਨਿੱਜੀ ਕਲੀਨਿਕ ਵਿੱਚ ਭਰੂਣ ਲਿੰਗ ਜਾਂਚ ਪਰੀਖਣ ਦਾ ਫੈਸਲਾ ਸੁਣ ਰਹੀ ਸਨ। (ਅਜਿਹੀਆਂ ਜਾਂਚਾਂ ਗੈਰ-ਕਨੂੰਨੀ ਹਨ, ਪਰ ਵਿਆਪਕ ਰੂਪ ਨਾਲ਼ ਉਪਲਬਧ ਹਨ।) ਕਈ ਸਾਲਾਂ ਬਾਅਦ ਇਹ ਉਹਦੀ ਚੌਥੀ ਗਰਭ-ਅਵਸਥਾ ਸੀ। ਉਹ ਇੱਥੇ ਕਾਂਤਾਬੇਨ ਦੇ ਨਾਲ਼ 40 ਕਿਲੋਮੀਟਰ ਦੂਰ, ਖਾਨਪਾਰ ਪਿੰਡੋਂ ਆਈ ਸਨ। ਮਾਂ ਅਤੇ ਧੀ ਦੋਵੇਂ ਹੀ ਦੁਖੀ ਸਨ। ਉਹ ਜਾਣਦੀਆਂ ਸਨ ਕਿ ਆਸ਼ਾ ਦਾ ਸਹੁਰਾ ਉਹਨੂੰ ਗਰਭਪਾਤ ਨਹੀਂ ਕਰਾਉਣ ਦੇਣਗੇ। "ਇਹ ਸਾਡੇ ਯਕੀਨ ਦੇ ਖਿਲਾਫ਼ ਹੈ," ਕਾਂਤਾਬੇਨ ਨੇ ਕਿਹਾ।
ਦੂਸਰੇ ਸ਼ਬਦਾਂ ਵਿੱਚ: ਇਹ ਆਸ਼ਾ ਦੀ ਆਖ਼ਰੀ ਗਰਭਅਵਸਥਾ ਨਹੀਂ ਹੋਵੇਗੀ।
ਆਸ਼ਾ ਅਤੇ ਕਾਂਤਾਬੇਨ ਦਾ ਸਬੰਧ ਆਜੜੀਆਂ ਦੇ ਭਾਰਵਾੜ ਭਾਈਚਾਰੇ ਨਾਲ਼ ਹੈ, ਜੋ ਆਮ ਤੌਰ 'ਤੇ ਭੇਡ-ਬੱਕਰੀਆਂ ਚਰਾਉਂਦੇ ਹਨ। ਹਾਲਾਂਕਿ, ਅਹਿਮਦਾਬਾਦ ਜਿਲ੍ਹੇ ਦੇ ਢੋਲਕਾ ਤਾਲੁਕਾ ਵਿੱਚ-ਜਿੱਥੇ ਖਾਨਪਾਰ ਸਥਿਤ ਹੈ, ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ 271 ਘਰ ਅਤੇ 1,500 ਤੋਂ ਵੀ ਘੱਟ ਲੋਕ ਹਨ (ਮਰਦਮਸ਼ੁਮਾਰੀ 2011)- ਉਨ੍ਹਾਂ ਵਿੱਚੋਂ ਬਹੁਤੇਰੇ ਲੋਕ ਘੱਟ ਗਿਣਤੀ ਵਿੱਚ ਗਾਂ ਅਤੇ ਮੱਝ ਪਾਲਦੇ ਹਨ। ਰਿਵਾਇਤੀ ਸਮਾਜਿਕ ਪਦ-ਅਨੁਕ੍ਰਮਾਂ ਵਿੱਚ, ਇਸ ਭਾਈਚਾਰੇ ਨੂੰ ਆਜੜੀ ਜਾਤੀਆਂ ਵਿੱਚ ਸਭ ਤੋਂ ਹੇਠਲੇ ਤਬਕੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਇਹ ਗੁਜਰਾਤ ਵਿੱਚ ਪਿਛੜੇ ਕਬੀਲੇ ਦੇ ਰੂਪ ਵਿੱਚ ਸੂਚੀਬਧ ਹੈ।
*****
ਕਾਂਤਾਬੇਨ ਖਾਨਪਾਰ ਦੇ ਛੋਟੇ ਜਿਹੇ ਕਮਰੇ ਵਿੱਚ, ਜਿੱਥੇ ਅਸੀਂ ਉਨ੍ਹਾਂ ਨੂੰ ਉਡੀਕ ਰਹੇ ਹਾਂ, ਦਾਖ਼ਲ ਹੁੰਦੇ ਸਮੇਂ ਆਪਣੇ ਸਿਰੋਂ ਸਾੜੀ ਦਾ ਪੱਲਾ ਪਰ੍ਹਾਂ ਕਰਦੀ ਹਨ। ਇਸ ਪਿੰਡ ਅਤੇ ਨੇੜੇ-ਤੇੜੇ ਦੇ ਪਿੰਡਾਂ ਦੀਆਂ ਕੁਝ ਹੋਰ ਔਰਤਾਂ, ਆਪਣੇ ਪ੍ਰਜਨਨ ਸਿਹਤ ਸਬੰਧੀ ਮੁੱਦਿਆਂ ਬਾਰੇ ਗੱਲ ਕਰਨ ਲਈ ਸਾਡੇ ਨਾਲ਼ ਜੁੜ ਚੁੱਕੀਆਂ ਹਨ- ਹਾਲਾਂਕਿ ਗੱਲਬਾਤ ਦਾ ਇਹ ਵਿਸ਼ਾ ਕੋਈ ਸੌਖਾ ਨਹੀਂ।
"ਇਸ ਪਿੰਡ ਵਿੱਚ, ਛੋਟੇ ਅਤੇ ਵੱਡੇ 80-90 ਭਾਰਵਾੜ ਟੱਬਰ ਹਨ," ਕਾਂਤਾਬੇਨ ਕਹਿੰਦੇ ਹਨ। "ਹਰੀਜਨ (ਦਲਿਤ), ਵਾਗੜੀ, ਠਾਕੋਰ ਵੀ ਹਨ ਅਤੇ ਕੁੰਭਾਰਾਂ (ਘੁਮਿਆਰਾਂ) ਦੇ ਵੀ ਕੁਝ ਘਰ ਹਨ। ਪਰ ਬਹੁਗਿਣਤੀ ਪਰਿਵਾਰ ਭਾਰਵਾੜ ਹਨ।" ਕੋਲੀ ਠਾਕੋਰ ਗੁਜਰਾਤੀ ਵਿੱਚ ਇੱਕ ਵੱਡਾ ਜਾਤੀ ਸਮੂਹ ਹੈ-ਪਰ ਇਹ ਹੋਰ ਰਾਜਾਂ ਦੇ ਠਾਕੁਰਾਂ ਨਾਲੋਂ ਵੱਖ ਹਨ।
"ਸਾਡੀਆਂ ਕੁੜੀਆਂ ਦਾ ਵਿਆਹ ਛੇਤੀ ਹੋ ਜਾਂਦਾ ਹੈ, ਪਰ ਜਦੋਂ ਤੱਕ ਉਹ 16 ਜਾਂ 18 ਸਾਲਾਂ ਦੀਆਂ ਨਹੀਂ ਹੋ ਜਾਂਦੀਆਂ ਅਤੇ ਸਹੁਰੇ ਘਰ ਜਾਣ ਲਈ ਤਿਆਰ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਹ ਆਪਣੇ ਪਿਤਾ ਦੇ ਘਰ ਹੀ ਰਹਿੰਦੀਆਂ ਹਨ," 50 ਸਾਲਾ ਕਾਂਤਾਬੇਨ ਦੱਸਦੀ ਹਨ। ਉਨ੍ਹਾਂ ਦੀ ਧੀ, ਆਸ਼ਾ ਦੀ ਵੀ ਵਿਆਹ ਹੋ ਗਿਆ ਸੀ, 24 ਸਾਲਾ ਦੀ ਉਮਰ ਤੱਕ ਉਨ੍ਹਾਂ ਦੇ ਤਿੰਨ ਬੱਚਿਆਂ ਸਨ, ਅਤੇ ਹੁਣ ਉਹ ਚੌਥੇ ਬੱਚੇ ਦੀ ਉਮੀਦ ਕਰ ਰਹੀ ਹਨ। ਬਾਲ-ਵਿਆਹ ਸਧਾਰਣ ਗੱਲ ਹੈ ਅਤੇ ਭਾਈਚਾਰੇ ਦੀਆਂ ਜਿਆਦਾਤਰ ਔਰਤਾਂ ਨੂੰ ਉਨ੍ਹਾਂ ਦੀ ਉਮਰ, ਵਿਆਹ ਦੇ ਸਾਲ ਜਾਂ ਉਨ੍ਹਾਂ ਦੀ ਪਹਿਲੀ ਸੰਤਾਨ ਹੋਣ 'ਤੇ ਉਨ੍ਹਾਂ ਦੀ ਉਮਰ ਕਿੰਨੀ ਸੀ, ਇਸ ਬਾਰੇ ਵਿੱਚ ਸਪੱਸ਼ਟ ਰੂਪ ਨਾਲ਼ ਕੁਝ ਨਹੀਂ ਪਤਾ ਹੈ।
"ਮੈਨੂੰ ਇਹ ਤਾਂ ਯਾਦ ਨਹੀਂ ਕਿ ਮੇਰਾ ਵਿਆਹ ਕਦੋਂ ਹੋਇਆ ਸੀ, ਪਰ ਇੰਨਾ ਜ਼ਰੂਰ ਯਾਦ ਹੈ ਕਿ ਮੈਂ ਹਰ ਦੂਸਰੇ ਸਾਲ ਗਰਭਵਤੀ ਹੋ ਜਾਂਦੀ ਸੀ," ਕਾਂਤਾਬੇਨ ਕਹਿੰਦੀ ਹਨ। ਉਨ੍ਹਾਂ ਦੇ ਅਧਾਰ ਕਾਰਡ 'ਤੇ ਲਿਖੀ ਤਾਰੀਕ ਉਨ੍ਹਾਂ ਦੀ ਯਾਦਦਾਸ਼ਤ ਜਿੰਨੀ ਹੀ ਭਰੋਸੇਯੋਗ ਹੈ।
"ਮੇਰੀਆਂ ਨੌ ਕੁੜੀਆਂ ਅਤੇ ਫਿਰ ਇਹ ਦਸਵਾਂ-ਇੱਕ ਮੁੰਡਾ ਹੈ," ਉਸ ਦਿਨ ਉੱਥੇ ਮੌਜੂਦ ਔਰਤਾਂ ਵਿੱਚੋਂ ਇੱਕ, ਹੀਰਾਬੇਨ ਭਾਰਵਾੜ ਕਹਿੰਦੀ ਹਨ। "ਮੇਰਾ ਬੇਟਾ 8ਵੀਂ ਜਮਾਤ ਵਿੱਚ ਹੈ। ਮੇਰੀਆਂ 6 ਧੀਆਂ ਦਾ ਵਿਆਹ ਹੋ ਚੁੱਕਿਆ ਹੈ, ਦੋ ਦਾ ਵਿਆਹ ਹੋਣਾ ਹੈ। ਅਸੀਂ ਉਨ੍ਹਾਂ ਦਾ ਵਿਆਹ ਜੋੜਿਆਂ ਵਿੱਚ ਕਰ ਦਿੱਤਾ।" ਖਾਨਪਾਰ ਅਤੇ ਇਸ ਤਾਲੁਕਾ ਦੇ ਹੋਰਨਾ ਪਿੰਡਾਂ ਵਿੱਚ ਇਸ ਭਾਈਚਾਰੇ ਦੀਆਂ ਔਰਤਾਂ ਦਾ ਕਈ ਵਾਰ ਤੇ ਲਗਾਤਾਰ ਗਰਭਵਤੀ ਹੋਣਾ ਆਮ ਗੱਲ ਹੈ। "ਸਾਡੇ ਪਿੰਡ ਵਿੱਚ ਇੱਕ ਔਰਤ ਸੀ ਜਿਹਦਾ 13 ਗਰਭਪਾਤਾਂ ਤੋਂ ਬਾਅਦ ਇੱਕ ਬੇਟਾ ਹੋਇਆ ਸੀ," ਹੀਰਾਬੇਨ ਦੱਸਦੀ ਹਨ। "ਇਹ ਸਿਰੇ ਦਾ ਪਾਗ਼ਲਪਣ ਹੈ। ਇੱਥੋਂ ਦੇ ਲੋਕ, ਜਦੋਂ ਤੱਕ ਉਨ੍ਹਾਂ ਘਰ ਪੁੱਤ ਪੈਦਾ ਨਹੀਂ ਹੋ ਜਾਂਦਾ ਉਦੋਂ ਤੱਕ ਗਰਭਧਾਰਣ ਕਰਨ ਦਿੰਦੇ ਹਨ। ਉਹ ਕੁਝ ਵੀ ਨਹੀਂ ਸਮਝਦੇ। ਉਨ੍ਹਾਂ ਨੂੰ ਤਾਂ ਬੱਸ ਮੁੰਡਾ ਚਾਹੀਦਾ ਹੈ। ਮੇਰੀ ਸੱਸ ਦੇ ਅੱਠ ਬੱਚੇ ਸਨ। ਮੇਰੀ ਚਾਚੀ ਦੇ 16 ਸਨ। ਤੁਸੀਂ ਇਸ ਵਰਤਾਰੇ ਨੂੰ ਕੀ ਕਹੋਗੇ?"
"ਸਹੁਰੇ ਪਰਿਵਾਰ ਨੂੰ ਤਾਂ ਮੁੰਡਾ ਚਾਹੀਦਾ ਹੈ," ਰਮਿਲਾ ਭਾਰਵਾੜ ਕਹਿੰਦੀ ਹਨ, ਜੋ 40 ਸਾਲ ਦੀ ਹਨ। "ਅਤੇ ਜੇਕਰ ਤੁਸੀਂ ਇੰਜ ਨਹੀਂ ਕਰਦੇ ਹੋ, ਤਾਂ ਤੁਹਾਡੀ ਸੱਸ ਤੋਂ ਲੈ ਕੇ ਤੁਹਾਡੀ ਨਨਾਣ ਤੇ ਤੁਹਾਡੇ ਗੁਆਂਢੀ ਤੱਕ, ਹਰ ਕੋਈ ਤੁਹਾਨੂੰ ਤਾਅਨੇ ਮਾਰੇਗਾ। ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਪਾਲਣਾ ਕੋਈ ਸੁਖਾਲਾ ਕੰਮ ਤਾਂ ਹੈ ਨਹੀਂ। ਮੇਰਾ ਵੱਡਾ ਪੁੱਤ 10ਵੀਂ ਜਮਾਤ ਵਿੱਚੋਂ ਦੋ ਵਾਰ ਫੇਲ੍ਹ ਹੋ ਚੁੱਕਿਆ ਹੈ ਅਤੇ ਹੁਣ ਤੀਜੀ ਵਾਰ ਪ੍ਰੀਖਿਆ ਦੇ ਰਿਹਾ ਹੈ। ਇਹ ਗੱਲ ਸਿਰਫ਼ ਅਸੀਂ ਔਰਤਾਂ ਹੀ ਸਮਝਦੀਆਂ ਹਾਂ ਕਿ ਇਨ੍ਹਾਂ ਬੱਚਿਆਂ ਨੂੰ ਪਾਲਣ ਦਾ ਕੀ ਮਤਲਬ ਹੈ। ਪਰ ਅਸੀਂ ਕੀ ਕਰ ਸਕਦੀਆਂ ਹਾਂ?"
ਮੁੰਡੇ ਪ੍ਰਤੀ ਤੀਬਰ ਇੱਛਾ ਪਰਿਵਾਰ ਦੇ ਫੈਸਲਿਆਂ 'ਤੇ ਹਾਵੀ ਰਹਿੰਦੀ ਹੈ, ਜਿਹਦੇ ਕਾਰਨ ਔਰਤਾਂ ਦੇ ਕੋਲ਼ ਪ੍ਰਜਨਨ ਨਾਲ਼ ਸਬੰਧਤ ਕੁਝ ਕੁ ਹੀ ਵਿਕਲਪ ਬੱਚਦੇ ਹਨ। "ਕੀ ਕਰੀਏ ਜਦੋਂ ਭਗਵਾਨ ਨੇ ਸਾਡੀ ਕਿਸਮਤ ਵਿੱਚ ਪੁੱਤ ਦੀ ਉਡੀਕ ਕਰਨਾ ਹੀ ਲਿਖਿਆ ਹੈ?" ਰਮਿਲਾ ਕਹਿੰਦੀ ਹਨ। "ਪੁੱਤ ਤੋਂ ਪਹਿਲਾੰ ਮੇਰੀਆਂ ਵੀ ਤਿੰਨ ਧੀਆਂ ਸਨ। ਪਹਿਲਾਂ ਅਸੀਂ ਸਾਰੇ ਪੁੱਤ ਦੀ ਉਡੀਕ ਕਰਦੇ ਸਾਂ, ਪਰ ਹੁਣ ਚੀਜਾਂ ਕੁਝ ਕੁ ਵੱਖ ਹੋ ਸਕਦੀਆਂ ਹਨ।"
"ਕੀ ਵੱਖਰਾ? ਕੀ ਮੇਰੀਆਂ ਚਾਰ ਧੀਆਂ ਨਹੀਂ ਸਨ?" ਰੇਖਾਬੇਨ ਜਵਾਬ ਦਿੰਦੀ ਹਨ, ਜੋ ਨਾਲ਼ ਲੱਗਦੇ 1,522 ਲੋਕਾਂ ਦੀ ਅਬਾਦੀ ਵਾਲੇ ਲਾਨਾ ਪਿੰਡ ਵਿੱਚ ਰਹਿੰਦੀ ਹਨ। ਅਸੀਂ ਜਿਨ੍ਹਾਂ ਔਰਤਾਂ ਨਾਲ਼ ਗੱਲ ਕਰ ਰਹੇ ਹਾਂ, ਉਨ੍ਹਾਂ ਦਾ ਸਮੂਹ ਅਹਿਮਦਾਬਾਦ ਸ਼ਹਿਰ ਦੇ 50 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ, ਇਸ ਤਾਲੁਕਾ ਦੇ ਖਾਨਪਾਰ, ਲਾਨਾ ਅਤੇ ਅੰਬਲਿਯਾਰਾ ਪਿੰਡਾਂ ਦੀਆਂ ਵੱਖ-ਵੱਖ ਬਸਤੀਆਂ ਤੋਂ ਆਇਆ ਹੈ। ਅਤੇ ਹੁਣ ਉਹ ਨਾ ਸਿਰਫ਼ ਇਸ ਰਿਪੋਰਟਰ ਨਾਲ਼ ਗੱਲ ਕਰ ਰਹੀ ਹਨ, ਸਗੋਂ ਆਪਸ ਵਿੱਚ ਵੀ ਗੱਲਾਂ ਕਰਨ ਲੱਗੀਆਂ ਹਨ। ਰੇਖਾਬੇਨ ਨੇ ਰਮਿਲਾ ਦੇ ਇਸ ਵਿਚਾਰ 'ਤੇ ਸਵਾਲ ਚੁੱਕਿਆ ਕਿ ਸ਼ਾਇਦ ਹਾਲਤ ਬਦਲ ਰਹੀ ਹੈ: "ਮੈਂ ਵੀ ਸਿਰਫ਼ ਇੱਕ ਮੁੰਡੇ ਦੀ ਉਡੀਕ ਕਰਦੀ ਰਹੀ, ਕੀ ਮੈਂ ਨਹੀਂ ਕੀਤੀ?" ਉਹ ਪੁੱਛਦੀ ਹਨ। "ਅਸੀਂ ਭਾਰਵਾੜ ਹਾਂ, ਸਾਡੇ ਲਈ ਇੱਕ ਪੁੱਤ ਹੋਣਾ ਲਾਜ਼ਮੀ ਹੈ। ਜੇਕਰ ਸਾਡੇ ਕੋਲ਼ ਸਿਰਫ਼ ਧੀਆਂ ਹੋਣ ਤਾਂ ਵੀ ਉਹ ਸਾਨੂੰ ਬਾਂਝ ਕਹਿੰਦੇ ਹਨ।"
ਭਾਈਚਾਰੇ ਦੀਆਂ ਮੰਗਾਂ ਬਾਰੇ ਰਮਿਲਾਬੇਨ ਦੀ ਨਿਡਰ/ਦਲੇਰ ਅਲੋਚਨਾ ਦੇ ਬਾਵਜੂਦ, ਬਹੁਤੇਰੀਆਂ ਔਰਤਾਂ ਖੁਦ 'ਤੇ ਸਮਾਜਿਕ ਦਬਾਅ ਅਤੇ ਸੱਭਿਆਚਾਰਕ ਪਰੰਪਰਾਵਾਂ ਦੇ ਕਾਰਨ- 'ਮੁੰਡੇ ਨੂੰ ਤਰਜੀਹ' ਐਲਾਨਦੀਆਂ ਹਨ। ਇੰਟਰਨੈਸ਼ਨਲ ਜਰਨਲ ਆਫ਼ ਹੈਲਥ ਸਾਇੰਸੇਜ ਐਂਡ ਰਿਸਰਚ ਵਿੱਚ ਪ੍ਰਕਾਸ਼ਤ 2015 ਦੇ ਇੱਕ ਅਧਿਐਨ ਦੇ ਅਨੁਸਾਰ , ਅਹਿਮਦਾਬਾਦ ਜਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ 84 ਫੀਸਦੀ ਤੋਂ ਵੱਧ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੜਕਾ ਚਾਹੀਦਾ ਹੈ। ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਦਰਮਿਆਨ ਇਸ ਪਸੰਦਗੀ ਦੇ ਕਾਰਨ ਇਹ ਹਨ ਕਿ ਪੁਰਸ਼ਾਂ ਵਿੱਚ: "ਵੱਧ ਤਨਖਾਹ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ, ਖਾਸ ਕਰਕੇ ਖੇਤੀ ਅਰਥਵਿਵਸਥਾਵਾਂ ਵਿੱਚ; ਉਹ ਪਰਿਵਾਰ ਦੀ ਜੱਦ/ਕੁਲ ਨੂੰ ਜਾਰੀ ਰੱਖਦੇ ਹਨ; ਉਹ ਆਮ ਤੌਰ 'ਤੇ ਵਿਰਾਸਤ ਦੇ ਪ੍ਰਾਪਤ-ਕਰਤਾ ਹਨ।"
ਦੂਸਰੇ ਪਾਸੇ, ਖੋਜ ਪੇਪਰ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਆਰਥਿਕ ਬੋਝ ਸਮਝਿਆ ਜਾਂਦਾ ਹੈ, ਜਿਹਦੀ ਵਜ੍ਹਾ ਹੈ: "ਦਾਜ ਪ੍ਰਥਾ; ਵਿਆਹ ਤੋਂ ਬਾਅਦ ਉਹ ਆਮ ਤੌਰ 'ਤੇ ਪਤੀ ਦੇ ਪਰਿਵਾਰ ਦੀ ਮੈਂਬਰ ਬਣ ਜਾਂਦੀਆਂ ਹਨ; (ਅਤੇ ਉਹਦੇ ਨਾਲ਼) ਬੀਮਾਰੀ ਅਤੇ ਬੁਢਾਪੇ ਵਿੱਚ ਆਪਣੇ ਮਾਤਾ-ਪਿਤਾ ਦੀ ਜਿੰਮੇਦਾਰੀ ਨਹੀਂ ਨਿਭਾ ਪਾਉਂਦੀਆਂ।"
*****
ਨੇੜਲੇ 3,567 ਦੀ ਅਬਾਦੀ ਵਾਲੇ ਪਿੰਡ ਅੰਬਲਿਆਰਾ ਦੀ 30 ਸਾਲਾ ਜੀਲੁਬੇਨ ਭਾਰਵਾੜ ਨੇ ਕੁਝ ਸਾਲ ਪਹਿਲਾਂ, ਢੋਲਕਾ ਤਾਲੁਕਾ ਦੇ ਕੋਠ (ਜਿਹਨੂੰ ਕੋਠਾ ਵੀ ਕਿਹਾ ਜਾਂਦਾ ਹੈ) ਦੇ ਕੋਲ਼ ਇੱਕ ਸਰਕਾਰੀ ਹਸਪਤਾਲ ਤੋਂ ਨਸਬੰਦੀ ਕਰਵਾਈ ਸੀ। ਪਰ ਇਹ ਨਸਬੰਦੀ ਉਨ੍ਹਾਂ ਨੇ ਚਾਰ ਬੱਚਿਆਂ ਦੇ ਜਨਮ ਤੋਂ ਬਾਅਦ ਕਰਵਾਈ ਸੀ। "ਜਦੋਂ ਤੱਕ ਮੇਰੇ ਦੋ ਮੁੰਡੇ ਨਹੀਂ ਹੋ ਗਏ, ਮੈਨੂੰ ਉਡੀਕ ਕਰਨੀ ਪਈ," ਉਹ ਦੱਸਦੀ ਹਨ। "ਮੇਰਾ ਵਿਆਹ 7 ਜਾਂ 8 ਸਾਲ ਦੀ ਉਮਰੇ ਹੀ ਹੋ ਗਿਆ ਸੀ। ਫਿਰ ਜਦੋਂ ਮੈਂ ਬਾਲਗ਼ ਹੋ ਗਈ ਤਾਂ ਉਨ੍ਹਾਂ ਨੇ ਮੈਨੂੰ ਮੇਰੇ ਸਹੁਰੇ ਘਰ ਭੇਜ ਦਿੱਤਾ। ਉਸ ਸਮੇਂ ਮੇਰੀ ਉਮਰ 19 ਸਾਲ ਰਹੀ ਹੋਵੇਗੀ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਆਹ ਦੇ ਕੱਪੜੇ ਬਦਲ ਪਾਉਂਦੀ, ਮੈਂ ਗਰਭਵਤੀ ਹੋ ਗਈ। ਉਸ ਤੋਂ ਬਾਅਦ, ਇਹ ਲਗਭਗ ਹਰ ਦੂਸਰੇ ਸਾਲ ਹੁੰਦਾ ਰਿਹਾ ਹੈ।"
ਗਰਭਨਿਰੋਧਕ ਗੋਲੀਆਂ (ਨਿਗਲੀਆਂ ਜਾਣ ਵਾਲੀਆਂ) ਲੈਣ ਜਾਂ ਕਾਪਰ-ਟੀ (ਬੱਚੇਦਾਨੀ ਅੰਦਰ ਰੱਖੀ ਜਾਣ ਵਾਲੀ) ਲਗਾਏ ਜਾਣ ਨੂੰ ਲੈ ਕੇ ਉਹ ਅਨਿਸ਼ਚਿਤ ਸਨ। "ਮੈਂ ਉਦੋਂ ਬਹੁਤ ਘੱਟ ਜਾਣਦੀ ਸਾਂ। ਜੇਕਰ ਮੈਂ ਬਹੁਤਾ ਜਾਣਦੀ ਤਾਂ ਸ਼ਾਇਦ ਮੇਰੇ ਇੰਨੇ ਬੱਚੇ ਹੁੰਦੇ ਹੀ ਨਾ," ਉਹ ਉੱਚੀ ਅਵਾਜ਼ ਵਿੱਚ ਕਹਿੰਦੀ ਹਨ। "ਪਰ ਸਾਡੇ ਭਰਵਾੜਿਆਂ ਦਰਮਿਆਨ ਮਾਤਾ ਜੀ (ਮੇਲਾੜੀ ਮਾਂ, ਕੁੱਲ ਦੇਵੀ) ਸਾਨੂੰ ਜੋ ਕੁਝ ਦਿੰਦੀ ਹੈ, ਸਾਨੂੰ ਉਹ ਸਵੀਕਾਰਨਾ ਪੈਂਦਾ ਹੈ। ਜੇਕਰ ਮੈਂ ਦੂਸਰਾ ਬੱਚਾ ਪੈਦਾ ਨਹੀਂ ਕਰਦੀ ਤਾਂ ਲੋਕ ਗੱਲਾਂ ਕਰਦੇ। ਉਹ ਸੋਚਦੇ ਕਿ ਮੈਂ ਹੋਰ ਬੰਦਾ ਲੱਭਣ ਵਿੱਚ ਰੁਚੀ ਲੈ ਰਹੀ ਸਾਂ। ਉਨ੍ਹਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰਾਂ?"
ਜੀਲੁਬੇਨ ਦਾ ਪਹਿਲਾ ਬੱਚਾ ਇੱਕ ਮੁੰਡਾ ਸੀ, ਪਰ ਪਰਿਵਾਰ ਦਾ ਹੁਕਮ ਸੀ ਕਿ ਉਹ ਇੱਕ ਹੋਰ ਮੁੰਡਾ ਪੈਦਾ ਕਰਾਂ- ਅਤੇ ਉਹ ਦੂਸਰੇ ਦੀ ਉਡੀਕ ਕਰ ਰਹੀ ਸਨ ਕਿ ਉਨ੍ਹਾਂ ਇੱਕ ਤੋਂ ਬਾਦ ਇੱਕ ਦੋ ਕੁੜੀਆਂ ਜੰਮ ਪਈਆਂ। ਇਨ੍ਹਾਂ ਕੁੜੀਆਂ ਵਿੱਚੋਂ ਇੱਕ ਨਾ ਤਾਂ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ। "ਸਾਨੂੰ ਭਰਵਾੜਿਆਂ ਨੂੰ ਦੋ ਮੁੰਡੇ ਚਾਹੀਦੇ ਹਨ। ਅੱਜ, ਕੁਝ ਔਰਤਾਂ ਨੂੰ ਜਾਪਦਾ ਹੈ ਕਿ ਇੱਕ ਮੁੰਡਾ ਅਤੇ ਇੱਕ ਕੁੜੀ ਹੋਣਾ ਹੀ ਕਾਫੀ ਹੈ, ਪਰ ਅਸੀਂ ਫਿਰ ਵੀ ਮਾਤਾ ਜੀ ਦੇ ਅਸ਼ੀਰਵਾਦ ਦੀ ਉਮੀਦ ਰੱਖਦੇ ਹਾਂ," ਉਹ ਅੱਗੋਂ ਕਹਿੰਦੀ ਹਨ।
ਦੂਸਰੇ ਪੁੱਤ ਦੇ ਜਨਮ ਤੋਂ ਬਾਅਦ-ਇੱਕ ਹੋਰ ਔਰਤ ਦੀ ਸਲਾਹ 'ਤੇ, ਜਿਹਨੂੰ ਸੰਭਾਵਤ ਵਿਕਲਪਾਂ ਬਾਰੇ ਬੇਹਤਰ ਜਾਣਕਾਰੀ ਸੀ-ਜੀਲੁਬੇਨ ਨੇ ਆਖ਼ਰਕਾਰ ਆਪਣੀ ਨਨਾਣ ਦੇ ਨਾਲ਼, ਕੋਠ ਜਾ ਕੇ ਨਸਬੰਦੀ ਕਰਾਉਣ ਦਾ ਫੈਸਲਾ ਲਿਆ। "ਇੱਥੋਂ ਤੱਕ ਕਿ ਮੇਰੇ ਪਤੀ ਨੇ ਵੀ ਮੈਨੂੰ ਇਹ ਕਰਵਾ ਲੈਣ ਲਈ ਕਿਹਾ," ਉਹ ਦੱਸਦੀ ਹਨ। "ਉਹ ਵੀ ਜਾਣਦੇ (ਕਮਾਈ ਦੀ ਆਪਣੀ ਸੀਮਾ) ਸਨ ਕਿ ਅਖੀਰ ਉਹ ਕਿੰਨਾ ਕੁ ਕਮਾ ਕਮਾ ਕੇ ਘਰ ਲਿਆ ਸਕਦੇ ਹਨ। ਸਾਡੇ ਕੋਲ਼ ਕੋਈ ਬੇਹਤਰ ਰੁਜ਼ਗਾਰ ਨਹੀਂ ਹੈ। ਸਾਡੇ ਕੋਲ਼ ਦੇਖਭਾਲ ਕਰਨ ਲਈ ਸਿਰਫ਼ ਇਹੀ ਡੰਗਰ ਹੀ ਹਨ।"
ਢੋਲਕਾ ਤਾਲੁਕਾ ਦਾ ਭਾਈਚਾਰਾ ਸੌਰਾਸ਼ਟਰ ਜਾਂ ਕੱਛ ਦੇ ਭਾਰਵਾੜ ਆਜੜੀਆਂ ਨਾਲੋਂ ਕਾਫੀ ਅਲੱਗ ਹੈ। ਇਨ੍ਹਾਂ ਦਲਾਂ ਦੇ ਕੋਲ਼ ਭੇਡ ਅਤੇ ਬੱਕਰੀਆਂ ਦੇ ਵਿਸ਼ਾਲ ਝੁੰਡ ਹੋ ਸਕਦੇ ਹਨ, ਪਰ ਢੋਲਕਾ ਦੇ ਬਹੁਤੇਰੇ ਭਾਰਵਾੜ ਸਿਰਫ਼ ਕੁਝ ਗਾਵਾਂ ਜਾਂ ਮੱਝਾਂ ਪਾਲ਼ਦੇ ਹਨ। "ਇੱਥੇ ਹਰੇਕ ਪਰਿਵਾਰ ਵਿੱਚ ਸਿਰਫ਼ 2-4 ਜਾਨਵਰ ਹਨ," ਅੰਬਲਿਆਰਾ ਦੀ ਜਯਾਬੇਨ ਭਾਰਵਾੜ ਕਹਿੰਦੀ ਹਨ। "ਇਸ ਨਾਲ਼ ਸਾਡੀ ਘਰੇਲੂ ਜ਼ਰੂਰਤਾਂ ਬਾਮੁਸ਼ਕਲ ਹੀ ਪੂਰੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਕੋਈ ਆਮਦਨੀ ਨਹੀਂ ਹੁੰਦੀ। ਅਸੀਂ ਉਨ੍ਹਾਂ ਦੇ ਚਾਰੇ ਦਾ ਬੰਦੋਬਸਤ ਕਰਦੇ ਹਾਂ। ਕਦੇ-ਕਦੇ ਲੋਕ ਸਾਨੂੰ ਮੌਸਮ ਵਿੱਚ ਕੁਝ ਚੌਲ਼ ਦੇ ਦਿੰਦੇ ਹਨ- ਨਹੀਂ ਤਾਂ ਸਾਨੂੰ ਉਹ ਵੀ ਖਰੀਦਣਾ ਹੀ ਪੈਂਦਾ ਹੈ।"
"ਇਨ੍ਹਾਂ ਇਲਾਕਿਆਂ ਦੇ ਪੁਰਸ਼ ਆਵਾਜਾਈ, ਨਿਰਮਾਣ ਅਤੇ ਖੇਤੀ ਜਿਹੇ ਵੱਖ ਵੱਖ ਖੇਤਰਾਂ ਵਿੱਚ ਬਤੌਰ ਅਕੁਸ਼ਲ ਮਜ਼ਦੂਰ ਕੰਮ ਕਰਦੇ ਹਨ," ਮਾਲਧਾਰੀ ਸੰਗਠਨ ਦੀ ਅਹਿਮਦਾਬਾਦ ਅਧਾਰਤ ਪ੍ਰਧਾਨ/ਚੇਅਰਮੈਨ, ਭਾਵਨਾ ਰਬਾਰੀ ਕਹਿੰਦੀ ਹਨ, ਇਹ ਸੰਗਠਨ ਗੁਜਰਾਤ ਵਿੱਚ ਭਾਰਵਾੜਿਆਂ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ। "ਕੰਮ ਦੀ ਉਪਲਬਧਤਾ ਦੇ ਅਧਾਰ 'ਤੇ ਉਹ ਰੋਜਾਨਾ 250 ਤੋਂ 300 ਰੁਪਏ ਕਮਾਉਂਦੇ ਹਨ।"
ਜਯਾਬੇਨ ਨੇ ਪੁਸ਼ਟੀ ਕੀਤੀ ਕਿ ਪੁਰਸ਼ "ਬਾਹਰ ਜਾਂਦੇ ਹਨ ਅਤੇ ਮਜ਼ਦੂਰੀ ਕਰਦੇ ਹਨ। ਮੇਰਾ ਪਤੀ ਸੀਮੇਂਟ ਦੀਆਂ ਬੋਰੀਆਂ ਢੋਂਹਦਾ ਹੈ ਅਤੇ ਉਹਨੂੰ 200-250 ਰੁਪਏ ਦਿਹਾੜੀ ਮਿਲ਼ਦੀ ਹੈ।" ਅਤੇ ਉਹ ਖੁਸ਼ਕਿਸਮਤ ਹਨ ਜੋ ਨੇੜੇ ਹੀ ਇੱਕ ਸੀਮੇਂਟ ਦੀ ਫੈਕਟਰੀ ਹੈ ਜਿੱਥੇ ਉਨ੍ਹਾਂ ਨੂੰ ਬਹੁਤੇਰੇ ਦਿਨੀਂ ਕੰਮ ਮਿਲ਼ ਹੀ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਦੇ ਕੋਲ਼, ਇੱਥੋਂ ਦੇ ਕਈ ਲੋਕਾਂ ਵਾਂਗ, ਬੀਪੀਐੱਲ (ਗ਼ਰੀਬੀ ਰੇਖਾ ਤੋਂ ਹੇਠਾਂ)ਰਾਸ਼ਨ ਕਾਰਡ ਵੀ ਨਹੀਂ ਹੈ।
ਜਯਾਬੇਨ ਦੋ ਮੁੰਡਿਆਂ ਅਤੇ ਇੱਕ ਕੁੜੀ ਤੋਂ ਬਾਅਦ ਵੀ ਆਪਣੀ ਗਰਭਅਵਸਥਾ ਦੀ ਯੋਜਨਾ ਬਣਾਉਣ ਲਈ ਗਰਭਨਿਰੋਧਕ ਗੋਲੀਆਂ (ਖਾਣ ਵਾਲੀਆਂ) ਜਾਂ ਕਾਪਰ-ਟੀ ਦੀ ਵਰਤੋਂ ਕਰਨ ਤੋਂ ਡਰਦੀ ਹਨ। ਨਾ ਹੀ ਉਹ ਸਥਾਈ (ਪੱਕਾ) ਓਪਰੇਸ਼ਨ ਕਰਾਉਣਾ ਚਾਹੁੰਦੀ ਹਨ। "ਮੇਰੇ ਸਾਰੇ ਪ੍ਰਸਵ ਘਰੇ ਹੀ ਹੋਏ ਹਨ। ਮੈਂ ਉਨ੍ਹਾਂ ਸਾਰੇ ਸੰਦਾਂ ਤੋਂ ਬਹੁਤ ਡਰਦੀ ਹਾਂ ਜੋ ਉਹ ਵਰਤਦੇ ਹਨ। ਮੈਂ ਓਪਰੇਸ਼ਨ ਤੋਂ ਬਾਅਦ ਇੱਕ ਠਾਕੋਰ ਦੀ ਪਤਨੀ ਨੂੰ ਕਸ਼ਟ ਝੱਲਦੇ ਦੇਖਿਆ ਹੈ।"
"ਇਸਲਈ ਅਸੀਂ ਆਪਣੀ ਮੇਲਾੜੀ ਮਾਂ ਤੋਂ ਪੁੱਛਣ ਦਾ ਫੈਸਲਾ ਲਿਆ। ਮੈਂ ਉਨ੍ਹਾਂ ਦੀ ਆਗਿਆ ਤੋਂ ਬਗੈਰ ਓਪਰੇਸ਼ਨ ਲਈ ਨਹੀਂ ਜਾ ਸਕਦੀ। ਮਾਤਾ ਜੀ ਮੈਨੂੰ ਵੱਧ ਰਹੇ ਪੌਦੇ ਨੂੰ ਕੱਟਣ ਦੀ ਆਗਿਆ ਕਿਉਂ ਦੇਵੇਗੀ? ਪਰ ਇਨ੍ਹੀਂ ਦਿਨੀਂ ਮਹਿੰਗਾਈ ਬਹੁਤ ਜਿਆਦਾ ਹੈ। ਇੰਨੇ ਸਾਰੇ ਜੀਆਂ ਦਾ ਡੰਗ ਕਿਵੇਂ ਸਰੇਗਾ? ਤਾਂ ਮੈਂ ਮਾਤਾ ਜੀ ਨੂੰ ਕਿਹਾ ਕਿ ਮੇਰੇ ਕੋਲ਼ ਕਾਫੀ ਬੱਚੇ ਹਨ ਪਰ ਓਪਰੇਸ਼ਨ ਕਰਾਉਣ ਤੋਂ ਡਰਦੀ ਸਾਂ। ਮੈਂ ਉਨ੍ਹਾਂ ਚੜ੍ਹਾਵੇ ਦਾ ਵਾਅਦਾ ਕੀਤਾ ਹੈ। ਮਾਤਾ ਜੀ ਨੇ 10 ਸਾਲਾਂ ਤੋਂ ਮੇਰੀ ਦੇਖਭਾਲ਼ ਕੀਤੀ ਹੈ। ਮੈਨੂੰ ਇੱਕ ਵੀ ਦਵਾਈ ਨਹੀਂ ਲੈਣੀ ਪਈ।"
*****
ਇਹ ਵਿਚਾਰ ਕਿ ਉਨ੍ਹਾਂ ਦੇ ਪਤੀ ਵੀ ਨਸਬੰਦੀ ਕਰਾ ਸਕਦੇ ਹਨ, ਇਹ ਜਯਾਬੇਨ ਦੇ ਨਾਲ਼ ਨਾਲ਼ ਉੱਥੇ ਮੌਜੂਦ ਹਰ ਔਰਤ ਲਈ ਹੈਰਾਨੀ ਦੀ ਗੱਲ ਸੀ।
ਉਨ੍ਹਾਂ ਦੀ ਪ੍ਰਤਿਕਿਰਿਆ ਪੁਰਸ਼ ਨਸਬੰਦੀ ਦੇ ਬਾਰੇ ਰਾਸ਼ਟਰੀ ਅਣਇੱਛਾ ਨੂੰ ਦਰਸਾਉਂਦੀ ਹੈ। ਰਾਸ਼ਟਰੀ ਸਿਹਤ ਮਿਸ਼ਨ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ, 2017-2018 ਵਿੱਚ ਹੋਣ ਵਾਲ਼ੀਆਂ ਕੁੱਲ 14,73,418 ਨਸਬੰਦੀਆਂ ਵਿੱਚੋਂ ਪੁਰਸ਼ਾਂ ਦੀ ਨਸਬੰਦੀ ਦਰ ਸਿਰਫ਼ 6.8 ਫੀਸਦ ਸੀ, ਜਦੋਂ ਕਿ ਔਰਤਾਂ ਦੀ ਨਸਬੰਦੀ ਦੀ ਦਰ 93.1 ਫੀਸਦੀ ਸੀ।
ਸਭ ਨਸਬੰਦੀਆਂ ਦੇ ਅਨੁਪਾਤ ਦੇ ਰੂਪ ਵਿੱਚ ਪੁਰਸ਼ ਨਸਬੰਦੀ ਦੀ ਵਿਆਪਕਤਾ ਅਤੇ ਪ੍ਰਵਾਨਗੀ, ਅੱਜ ਦੀ ਤੁਲਨਾ ਵਿੱਚ 50 ਸਾਲ ਪਹਿਲਾਂ ਵੱਧ ਸੀ, ਜਿਸ ਵਿੱਚ 1970 ਦੇ ਦਹਾਕੇ ਵਿੱਚ ਖਾਸ ਕਰਕੇ 1975-77 ਦੀ ਐਮਰਜੈਂਸੀ ਦੇ ਦੌਰਾਨ ਜ਼ਬਰਦਸਤੀ ਨਸਬੰਦੀ ਕਰਾਉਣ ਤੋਂ ਬਾਅਦ ਇਸ ਵਿੱਚ ਕਾਫੀ ਗਿਰਾਵਟ ਆਈ। ਵਿਸ਼ਵ ਸਿਹਤ ਸੰਗਠਨ ਨੇ ਬੁਲੇਟਿਨ ਵਿੱਚ ਪ੍ਰਕਾਸ਼ਤ ਇੱਕ ਪੇਪਰ (ਖੋਜ) ਅਨੁਸਾਰ, ਇਹ ਅਨੁਪਾਤ 1970 ਵਿੱਚ 74.2 ਪ੍ਰਤੀਸ਼ਤ ਸੀ, ਜੋ ਕਿ 1992 ਵਿੱਚ ਘੱਟ ਕੇ ਮਹਿਜ 4.2 ਫੀਸਦੀ ਰਹਿ ਗਿਆ।
ਪਰਿਵਾਰ ਨਿਯੋਜਨ ਨੂੰ ਵੱਡੇ ਪੱਧਰ 'ਤੇ ਔਰਤਾਂ ਦੀ ਜਿੰਮੇਦਾਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਜੀਲੁਬੇਨ, ਇਸ ਸਮੂਹ ਵਿਚਲੀ ਨਸਬੰਦੀ ਕਰਾਉਣ ਵਾਲੀ ਇਕਲੌਤੀ ਔਰਤ ਹਨ, ਚੇਤੇ ਕਰਦੀ ਹਨ ਕਿ ਉਸ ਪ੍ਰਕਿਰਿਆ ਤੋਂ ਪਹਿਲਾਂ, "ਮੇਰੇ ਪਤੀ ਨੂੰ ਕੁਝ ਵੀ ਪਰਹੇਜ ਵਰਤਣ ਲਈ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਓਪਰੇਸ਼ਨ ਕਰਵਾ ਸਕਦੇ ਹਨ। ਉਂਝ ਵੀ, ਅਸੀਂ ਕਦੇ ਅਜਿਹੀਆਂ ਚੀਜਾਂ ਬਾਰੇ ਗੱਲ ਹੀ ਨਹੀਂ ਕੀਤੀ।" ਹਾਲਾਂਕਿ, ਉਹ ਦੱਸਦੀ ਹਨ ਕਿ ਉਨ੍ਹਾਂ ਦੇ ਪਤੀ ਆਪਣੀ ਮਰਜੀ ਨਾਲ਼ ਕਦੇ ਕਦੇ ਢੋਲਕਾ ਨਾਲ਼ ਉਨ੍ਹਾਂ ਲਈ ਐਮਰਜੈਂਸੀ ਗਰਭਨਿਰੋਧਕ ਗੋਲੀਆਂ "500 ਰੁਪਏ ਵਿੱਚ ਤਿੰਨ ਗੋਲੀਆਂ" ਖਰੀਦ ਕੇ ਲਿਆਉਂਦੇ ਸਨ। ਇਹ ਉਨ੍ਹਾਂ ਦੀ ਨਸਬੰਦੀ ਤੋਂ ਠੀਕ ਪਹਿਲੇ ਸਾਲਾਂ ਦੀ ਗੱਲ ਹੈ।
ਰਾਜ ਲਈ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੀ ਫੈਕਟ ਸ਼ੀਟ (2015-16) ਦੱਸਦੀ ਹੈ ਕਿ ਗ੍ਰਾਮੀਣ ਗੁਜਰਾਤ ਦੇ ਸਾਰੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਵਿੱਚ ਪੁਰਸ਼ ਨਸਬੰਦੀ ਦਾ ਹਿੱਸਾ ਸਿਰਫ਼ 0.2 ਫੀਸਦੀ ਹੈ। ਔਰਤ ਨਸਬੰਦੀ, ਅੰਦਰ ਰੱਖੇ ਜਾਣ ਵਾਲੇ ਉਪਕਰਣਾਂ ਅਤੇ ਗੋਲ਼ੀਆਂ ਸਣੇ ਹੋਰ ਸਾਰੇ ਤਰੀਕਿਆਂ ਦਾ ਖਾਮਿਆਜਾ ਔਰਤਾਂ ਨੂੰ ਭੁਗਤਣਾ ਪੈਂਦਾ ਹੈ।
ਹਾਲਾਂਕਿ ਢੋਲਕਾ ਦੀਆਂ ਭਾਰਵਾੜ ਔਰਤਾਂ ਲਈ ਨਸਬੰਦੀ ਕਰਾਉਣ ਦਾ ਮਤਲਬ ਹੈ ਪਿਤਾ-ਪੁਰਖੀ ਪਰਿਵਾਰ ਅਤੇ ਸਮੁਦਾਇਕ ਮਾਨਦੰਡਾਂ ਦੇ ਖਿਲਾਫ਼ ਜਾਣਾ ਅਤੇ ਨਾਲ਼ ਹੀ ਨਾਲ਼ ਆਪਣੇ ਡਰ 'ਤੇ ਕਾਬੂ ਪਾਉਣਾ।
"ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁੰਨ) ਕਰਮੀ ਸਾਨੂੰ ਸਰਕਾਰੀ ਹਸਪਤਾਲ ਲੈ ਜਾਂਦੀਆਂ ਹਨ," ਕਾਂਤਾਬੇਨ ਦੀ 30 ਸਾਲਾ ਨੂੰਹ, ਕਨਕਬੇਨ ਭਾਰਵਾੜ ਕਹਿੰਦੀ ਹਨ। "ਪਰ ਅਸੀਂ ਸਾਰੇ ਡਰੇ ਹੋਏ ਹਾਂ।" ਉਨ੍ਹਾਂ ਨੇ ਸੁਣਿਆ ਸੀ ਕਿ "ਓਪਰੇਸ਼ਨ ਦੌਰਾਨ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਡਾਕਟਰ ਨੇ ਗ਼ਲਤੀ ਨਾਲ਼ ਕੋਈ ਹੋਰ ਨਾਲੀ ਕੱਟ ਦਿੱਤੀ ਅਤੇ ਓਪਰੇਸ਼ਨ ਟੇਬਲ 'ਤੇ ਹੀ ਉਹਦੀ ਮੌਤ ਹੋ ਗਈ। ਇਸ ਘਟਨਾ ਨੂੰ ਅਜੇ ਇੱਕ ਸਾਲ ਵੀ ਨਹੀਂ ਹੋਇਆ ਹੈ।"
ਪਰ ਢੋਲਕਾ ਵਿੱਚ ਗਰਭਧਾਰਣ ਵੀ ਜੋਖ਼ਮ ਭਰਿਆ ਹੈ। ਸਰਕਾਰ ਦੁਆਰਾ ਸੰਚਾਲਤ ਸਮੂਹਿਕ ਆਰੋਗਯ ਕੇਂਦਰ (ਸਮੁਦਾਇਕ ਸਿਹਤ ਕੇਂਦਰ, ਸੀਐੱਚਸੀ) ਦੇ ਇੱਕ ਸਲਾਹਕਾਰ ਡਾਕਟਰ ਦਾ ਕਹਿਣਾ ਹੈ ਕਿ ਅਨਪੜ੍ਹਤਾ ਅਤੇ ਗ਼ਰੀਬੀ ਦੇ ਕਾਰਨ ਔਰਤਾਂ ਲਗਾਤਾਰ ਗਰਭਧਾਰਣ ਕਰਦੀਆਂ ਰਹਿੰਦੀਆਂ ਹਨ ਅਤੇ ਦੋ ਬੱਚਿਆਂ ਦਰਮਿਆਨ ਢੁਕਵਾਂ ਵਕਫਾ ਵੀ ਨਹੀਂ ਹੁੰਦਾ। ਅਤੇ "ਕੋਈ ਵੀ ਔਰਤ ਨਿਯਮਤ ਰੂਪ ਨਾਲ਼ ਚੈੱਕ-ਅਪ ਲਈ ਨਹੀਂ ਆਉਂਦੀ ਹੈ," ਉਹ ਦੱਸਦੇ ਹਨ। ਕੇਂਦਰ ਦਾ ਦੌਰਾ ਕਰਨ ਵਾਲੀਆਂ ਬਹੁਤੇਰੀਆਂ ਔਰਤਾਂ ਪੋਸ਼ਣ ਸਬੰਧੀ ਘਾਟਾਂ ਅਤੇ ਅਨੀਮੀਆ ਤੋਂ ਪੀੜਤ ਹੁੰਦੀਆਂ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ "ਇੱਥੇ ਆਉਣ ਵਾਲੀਆਂ ਕਰੀਬ 90 ਫੀਸਦੀ ਔਰਤਾਂ ਵਿੱਚ ਹੀਮੋਗਲੋਬਿਨ 8 ਪ੍ਰਤੀਸ਼ਤ ਤੋਂ ਘੱਟ ਪਾਇਆ ਗਿਆ ਹੈ।"
ਮਾੜੇ ਬੁਨਿਆਦੀ ਢਾਂਚੇ ਅਤੇ ਸਮੁਦਾਇਕ ਸਿਹਤ ਕੇਂਦਰਾਂ ਵਿੱਚ ਕੁਸ਼ਲ ਕਰਮਚਾਰੀਆਂ ਦੀ ਘਾਟ ਇਹਨੂੰ ਹੋਰ ਵੀ ਮਾੜਾ ਬਣਾਉਂਦੀ ਹੈ। ਕੋਈ ਸੋਨੋਗ੍ਰਾਫੀ ਮਸ਼ੀਨ ਨਹੀਂ ਹੈ ਅਤੇ ਲੰਬੇ ਸਮੇਂ ਲਈ ਕੋਈ ਕੁੱਲਵਕਤੀ ਜਨਾਨਾ ਰੋਗ ਮਾਹਰ ਜਾਂ ਮਾਨਤਾ ਪ੍ਰਾਪਤ ਅਨੇਸਥੇਟਿਸਟ ਕਾਲ 'ਤੇ ਉਪਲਬਧ ਨਹੀਂ ਹਨ। ਇੱਕ ਹੀ ਅਨੇਸਥੇਟਿਸਟ ਸਾਰੇ ਛੇ ਪੀਐੱਚਸੀ (ਮੁੱਢਲੇ ਸਿਹਤ ਕੇਂਦਰ), ਇੱਕ ਸੀਐੱਚਸੀ ਅਤੇ ਢੋਲਕਾ ਦੇ ਕਈ ਨਿੱਜੀ ਹਸਪਤਾਲਾਂ ਜਾਂ ਕਲੀਨਿਕਾਂ ਵਿੱਚ ਕੰਮ ਕਰਦਾ ਹੈ ਅਤੇ ਮਰੀਜਾਂ ਨੂੰ ਉਹਦੇ ਲਈ ਵੱਖ ਤੋਂ ਭੁਗਤਾਨ ਕਰਨਾ ਪੈਂਦਾ ਹੈ।
ਖਾਨਪਾਰ ਪਿੰਡ ਦੇ ਉਸ ਕਮਰੇ ਵਿੱਚ, ਔਰਤਾਂ ਆਪਣੇ ਹੀ ਸਰੀਰ 'ਤੇ ਨਿਯੰਤਰਣ ਦੀ ਘਾਟ ਤੋਂ ਨਰਾਜ਼, ਇੱਕ ਤੇਜ਼ ਅਵਾਜ਼ ਇਸ ਗੱਲਬਾਤ ਦੌਰਾਨ ਗੂੰਜਦੀ ਹੈ। ਇੱਕ ਸਾਲ ਦੇ ਬੱਚੇ ਨੂੰ ਗੋਦ ਵਿੱਚ ਲਈ ਇੱਕ ਨੌਜਵਾਨ ਮਾਂ ਕ੍ਰੋਧਿਤ ਹੋ ਕੇ ਪੁੱਛਦੀ ਹੈ: "ਤੇਰਾ ਕੀ ਮਤਲਬ ਹੈ ਕਿ ਕੌਣ ਫੈਸਲਾ ਕਰੇਗਾ? ਮੈਂ ਫੈਸਲਾ ਕਰੂੰਗੀ। ਇਹ ਮੇਰਾ ਸਰੀਰ ਹੈ; ਕੋਈ ਹੋਰ ਫੈਸਲਾ ਕਿਉਂ ਕਰੇਗਾ? ਮੈਨੂੰ ਪਤਾ ਹੈ ਕਿ ਮੈਨੂੰ ਹੋਰ ਬੱਚਾ ਨਹੀਂ ਚਾਹੀਦਾ। ਅਤੇ ਮੈਂ ਗੋਲ਼ੀਆਂ ਨਹੀਂ ਖਾਣਾ ਚਾਹੁੰਦੀ। ਤਾਂ ਜੇਕਰ ਮੈਂ ਗਰਭਵਤੀ ਹੋ ਗਈ ਤਾਂ ਫਿਰ ਕੀ ਹੋਵੇਗਾ, ਸਰਕਾਰ ਦੇ ਕੋਲ਼ ਸਾਡੇ ਲਈ ਦਵਾਈਆਂ ਹਨ, ਹਨ ਜਾਂ ਨਹੀਂ? ਮੈਂ ਦਵਾਈ (ਇੰਜੈਕਟੇਬਲ ਗਰਭਨਿਰੋਧਕ) ਲੈ ਲਵਾਂਗੀ। ਸਿਰਫ਼ ਮੈਂ ਹੀ ਫੈਸਲਾ ਕਰੂੰਗੀ।"
ਹਾਲਾਂਕਿ ਅਜਿਹੀ ਅਵਾਜ਼ ਦੁਰਲਭ ਹੈ। ਫਿਰ ਵੀ, ਜਿਵੇਂ ਕਿ ਰਮਿਲਾ ਭਰਵਾੜ ਨੇ ਗੱਲਬਾਤ ਦੀ ਸ਼ੁਰੂਆਤ ਵਿੱਚ ਕਿਹਾ ਸੀ: "ਹੁਣ ਚੀਜਾਂ ਥੋੜ੍ਹੀਆਂ ਵੱਖ ਹੋ ਸਕਦੀਆਂ ਹਨ।" ਖੈਰ, ਸ਼ਾਇਦ ਇੰਝ ਹੋਵੇ, ਭਾਵੇਂ ਥੋੜ੍ਹਾ ਬਹੁਤ ਹੀ।
ਇਸ ਸਟੋਰੀ ਅੰਦਰਲੀਆਂ ਸਾਰੀਆਂ ਔਰਤਾਂ ਦੇ ਨਾਮ, ਉਨ੍ਹਾਂ ਦੀ ਗੁਪਤਤਾ ਬਣਾਈ ਰੱਖਣ ਦੇ ਮੱਦੇਨਜ਼ਰ ਬਦਲ ਦਿੱਤੇ ਗਏ ਹਨ।
ਸਮਵੇਦਨਾ ਟ੍ਰਸਟ ਦੀ ਜਾਨਕੀ ਵਸੰਤ ਨੂੰ ਉਨ੍ਹਾਂ ਦੇ ਸਮਰਥਨ ਲਈ ਵਿਸ਼ੇਸ਼ ਧੰਨਵਾਦ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ