ਹਰ ਸਵੇਰ, ਹਿਮਾਂਸ਼ੀ ਕੁਬਾਲ ਪੈਂਟ ਅਤੇ ਟੀ-ਸ਼ਰਟ ਪਾਉਂਦੀ ਹਨ ਅਤੇ ਆਪਣੇ ਪਤੀ ਦੇ ਨਾਲ਼, ਆਪਣੇ ਛੋਟੀ ਜਿਹੀ ਬੇੜੀ ਨੂੰ ਧੱਕਾ ਲਾਉਂਦੇ ਹਨ ਅਤੇ ਪਾਣੀ ਦੇ ਐਨ ਵਿਚਕਾਰ ਹੁੰਦੀ ਹਨ ਜਦੋਂਕਿ ਸ਼ਾਮ ਨੂੰ ਰੰਗੀਨ ਸਾੜੀ ਪਾਈ, ਵਾਲ਼ਾਂ ਵਿੱਚ ਅਬੋਲੀ ਦੇ ਫੁੱਲ ਸਜਾਈ ਆਪਣੇ ਗਾਹਕਾਂ ਵਾਸਤੇ ਮੱਛੀ ਕੱਟਣ ਅਤੇ ਸਾਫ਼ ਕਰਨ ਦਾ ਕੰਮ ਕਰਦੀ ਹਨ।
30 ਸਾਲਾ ਹਿਮਾਂਸ਼ੀ ਛੋਟੀ ਉਮਰੇ ਹੀ ਮੱਛੀ ਫੜ੍ਹਨ ਦਾ ਕੰਮ ਕਰ ਰਹੀ ਹਨ- ਪਹਿਲਾਂ ਆਪਣੇ ਪਰਿਵਾਰ ਦੇ ਨਾਲ਼ ਮਾਲਵਣ ਤਾਲੁਕਾ ਦੀਆਂ ਨਦੀਆਂ ਅਤੇ ਮੁਹਾਨਿਆਂ ਵਿੱਚ ਅਤੇ ਤਿੰਨ ਸਾਲ ਪਹਿਲਾਂ ਬੇੜੀ ਖਰੀਦਣ ਬਾਅਦ, ਆਪਣੇ ਪਤੀ ਦੇ ਨਾਲ਼ ਅਰਬ ਸਾਗਰ ਵਿੱਚ ਮੱਛੀ ਫੜ੍ਹ ਜਾਂਦੀ ਹਨ। ਉਹ ਮਾਲਵਣ ਦੇ ਦਾਂਡੀ ਸਮੁੰਦਰ ਤਟ 'ਤੇ ਕੰਮ ਕਰਨ ਵਾਲ਼ੀਆਂ ਉਨ੍ਹਾਂ ਔਰਤਾਂ ਵਿੱਚੋਂ ਇੱਕ ਹਨ ਜੋ ਬੜੀ ਫ਼ੁਰਤੀ ਨਾਲ਼ ਜਾਲ਼ ਸੁੱਟ ਸਕਦੀਆਂ ਹਨ। ਇਸ ਤਾਲੁਕਾ ਦੀ ਕੁੱਲ ਵਸੋਂ 111,807 ਹੈ, ਜਿਸ ਵਿੱਚੋਂ 10,635 ਲੋਕ ਮਛੇਰੇ ਹਨ।
''ਮੱਛੀਆਂ ਦੀ ਛਟਾਈ ਵਾਸਤੇ ਮੈਂ ਆਪਣੇ ਪਤੀ ਦੇ ਨਾਲ਼ ਹੋਰਨਾਂ ਬੇੜੀਆਂ 'ਤੇ ਕੰਮ ਕਰਦੀ ਸਾਂ,'' ਉਹ ਦੱਸਦੀ ਹਨ,''ਪਰ ਤਿੰਨ ਸਾਲ ਪਹਿਲਾਂ ਸਾਡੇ ਕੋਲ਼ ਆਪਣੀ ਖ਼ੁਦ ਦੀ ਛੋਟੀ ਜਿਹੀ ਬੇੜੀ (ਬਗ਼ੈਰ ਮੋਟਰ ਦੇ ਚੱਲਣ ਵਾਲ਼ੀ) ਜੋਗੇ ਪੈਸੇ ਹੋ ਗਏ ਸਨ ਅਤੇ ਉਦੋਂ ਤੋਂ ਅਸੀਂ ਇਕੱਠਿਆਂ ਮੱਛੀ ਫੜ੍ਹ ਰਹੇ ਹਾਂ।''
ਨੇੜੇ ਹੀ, ਇੱਕ ਨੀਲਾਮਕਰਤਾ ਚੀਕਦਾ ਹੈ '' ਤੀਨਸ਼ੇ, ਤੀਨਸ਼ੇ ਦਹਾ, ਤੀਨਸ਼ੇ ਵੀਸ ! '' (300, 310, 320 ਰੁਪਏ) ਜਦੋਂ ਕਿ ਕਈ ਹੋਰ ਮਛੇਰੇ ਆਪੋ-ਆਪਣੀਆਂ ਬੇੜੀਆਂ ਰਾਹੀਂ ਫੜ੍ਹੀਆਂ ਗਈਆਂ ਮੱਛੀਆਂ ਨੂੰ ਟੋਕਰੇ ਵਿੱਚੋਂ ਕੱਢ ਕੇ ਢੇਰੀ ਲਾ ਰਹੇ ਹਨ ਤਾਂ ਕਿ ਆਉਂਦਾ-ਜਾਂਦਾ ਗਾਹਕ ਦੇਖ ਸਕੇ। ਵਪਾਰੀ ਅਤੇ ਏਜੰਟ ਭੀੜ ਨੂੰ ਚੀਰਦੇ ਹੋਏ ਸਭ ਤੋਂ ਵਧੀਆ ਸੌਦੇ ਦੀ ਭਾਲ਼ ਵਿੱਚ ਇੱਧਰ-ਓਧਰ ਮੰਡਰਾ ਰਹੇ ਹਨ। ਅਵਾਰਾ ਕੁੱਤੇ, ਬਿੱਲੀਆਂ ਅਤੇ ਪੰਛੀ ਉੱਥੇ ਪਹੁੰਚ ਕੇ ਮਜ਼ੇ ਨਾਲ਼ ਆਪਣੇ ਹਿੱਸੇ ਦੀ ਮੱਛੀ ਖਾ ਰਹੇ ਹਨ।
''ਅਸੀਂ ਆਮ ਤੌਰ 'ਤੇ ਹਰ ਸਵੇਰ ਮੱਛੀਆਂ ਫੜ੍ਹਦੇ ਹਾਂ,'' ਹਿਮਾਂਸ਼ੀ ਕਹਿੰਦੀ ਹਨ। ''ਅਤੇ ਜੇਕਰ ਖ਼ਰਾਬ ਮੌਸਮ ਜਾਂ ਹੋਰ ਕਾਰਨਾਂ ਕਰਕੇ ਅਸੀਂ ਨਾ ਜਾ ਸਕੀਏ ਤਾਂ ਮੱਛੀ ਕੱਟਣ ਅਤੇ ਉਹਨੂੰ ਸਾਫ਼ ਕਰਨ ਲਈ ਅਸੀਂ ਸਵੇਰ ਦੇ ਸਮੇਂ ਬਜ਼ਾਰ ਜਾਂਦੇ ਹਾਂ ਅਤੇ ਹਰ ਸ਼ਾਮੀਂ ਅਸੀਂ ਨੀਲਾਮੀ ਦਾ ਹਿੱਸਾ ਬਣੇ ਹੁੰਦੇ ਹਾਂ।''
ਉਂਝ ਤਾਂ ਭਾਰਤ ਦੇ ਬਹੁਤੇਰੇ ਹਿੱਸਿਆਂ ਵਿੱਚ ਮੱਛੀ ਫੜ੍ਹਨ ਦਾ ਕੰਮ ਆਮ ਤੌਰ 'ਤੇ ਪੁਰਸ਼ਾਂ ਦੁਆਰਾ ਕੀਤਾ ਜਾਂਦਾ ਹੈ, ਪਰ ਹਿਮਾਂਸ਼ੀ ਜਿਹੀਆਂ ਬਹੁਤ ਸਾਰੀਆਂ ਔਰਤਾਂ ਇਸ ਕਾਰੋਬਾਰ ਨਾਲ਼ ਜੁੜੇ ਹੋਰਨਾਂ ਕੰਮਾਂ ਜਿਵੇਂ ਇਸ ਕਾਰੋਬਾਰ ਨਾਲ਼ ਜੁੜੀ ਹਰ ਪ੍ਰਕਿਰਿਆ (ਮੱਛੀ ਫੜ੍ਹਨ ਤੋਂ ਸਾਫ਼ ਕਰਨ ਤੱਕ) ਜਿਵੇਂ ਵੇਚਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਉਹ ਪੂਰੇ ਦੇਸ਼ ਵਿੱਚ ਮੱਛੀ ਪਾਲਣ ਵਿੱਚ, ਮੱਛੀ ਫੜ੍ਹਨ ਤੋਂ ਬਾਅਦ ਦੀ ਪੂਰੀ ਕਾਰਵਾਈ ਵਿੱਚ ਖੱਪਦੇ ਲੋਕਾਂ ਦੀ ਕੁੱਲ ਸੰਖਿਆ ਦਾ 66.7 ਫ਼ੀਸਦ ਹਨ ਅਤੇ ਇਸ ਉਦਯੋਗ ਦਾ ਅਭਿੰਨ ਅੰਗ ਹਨ। ਪਿਛਲੀ ਸਮੁੰਦਰੀ ਮੱਛੀ ਜਨਗਣਨਾ (2010) ਮੁਤਾਬਕ, ਮੱਛੀ ਫੜ੍ਹਨ ਤੋਂ ਬਾਅਦ ਦੇ ਕੰਮਾਂ ਵਿੱਚ (ਮੱਛੀ ਫੜ੍ਹਨ ਦੇ ਕੰਮ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਵਿੱਚ) ਲਗਭਗ 4 ਲੱਖ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਕਰੀਬ 40,000 ਔਰਤਾਂ ਮੱਛੀ ਪਾਲਣ ਵਾਸਤੇ 'ਮੱਛੀਆਂ ਦੇ ਆਂਡੇ' ਇਕੱਠੇ ਕਰਨ ਦੇ ਕੰਮਾਂ ਵਿੱਚ ਲੱਗੀਆਂ ਹਨ।
''ਇਹ ਪੂਰੀ ਪ੍ਰਕਿਰਿਆ ਥਕਾ ਸੁੱਟਣ ਵਾਲ਼ੀ ਹੈ ਜਿਸ ਵਿੱਚ ਮੱਛੀ ਖਰੀਦਣਾ, ਢੋਆ-ਢੁਆਈ, ਬਰਫ਼ ਵਿੱਚ ਰੱਖਣਾ ਅਤੇ ਭੰਡਾਰਨ ਕਰਨਾ ਅਤੇ ਅੰਤ ਵਿੱਚ ਕੱਟਣਾ ਤੇ ਵੇਚਣਾ ਤੱਕ ਸ਼ਾਮਲ ਹੁੰਦਾ ਹੈ। ਅਸੀਂ ਇਸ ਆਪਣੀ ਹਿੰਮਤ ਨਾਲ਼ ਹਰ ਕੰਮ ਨੇਪੜੇ ਚਾੜ੍ਹਦੀਆਂ ਹਾਂ,'' ਜੁਆਨਿਤਾ (ਪੂਰਾ ਨਾਮ ਦਰਜ ਨਹੀਂ) ਕਹਿੰਦੀ ਹਨ, ਜੋ ਇੱਕ ਵਪਾਰੀ ਹਨ ਅਤੇ ਵਿਧਵਾ ਵੀ, ਜੋ ਦਾਂਡੀ ਸਮੁੰਦਰ ਤਟ 'ਤੇ ਇੱਟਾਂ ਅਤੇ ਏਸਬੇਸਟਸ ਦੀ ਛੱਤ ਨਾਲ਼ ਬਣੇ ਇੱਕ ਕਮਰੇ ਦੇ ਘਰ ਦੇ ਅੰਦਰ ਬੈਠੀ ਹਨ, ਨੇੜੇ ਹੀ ਇੱਕ ਕੰਧ 'ਤੇ ਲੋਹੇ ਦੀ ਤਾਰ ਵਿੱਚ ਪਿਰੋਏ ਕਈ ਬਿੱਲ ਲਮਕ ਰਹੇ ਹਨ ਜੋ ਇੱਥੇ ਨੀਲਾਮੀ ਦੌਰਾਨ ਮੱਛੀ ਖਰੀਦਣ ਵੇਲ਼ੇ ਦੇ ਹਨ।
ਜੁਆਨਿਤਾ ਜਿਹੀਆਂ ਮਹਿਲਾ ਵਪਾਰੀਆਂ ਦੇ ਬਗ਼ੈਰ ਮੱਛੀ ਦੀ ਨਿਲਾਮੀ ਮੁਕੰਮਲ ਨਹੀਂ ਹੁੰਦੀ, ਜੋ ਵੰਨ-ਸੁਵੰਨੀਆਂ ਮੱਛੀਆਂ ਖਰੀਦਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਸਥਾਨਕ ਬਜ਼ਾਰ ਜਾਂ ਨੇੜੇ-ਤੇੜੇ ਦੇ ਛੋਟੇ ਸ਼ਹਿਰਾਂ ਵਿੱਚ ਵੇਚਣ ਜਾਂਦੀਆਂ ਨਹ। ਨੀਲਾਮਕਰਤਿਆਂ ਦੇ ਨਾਲ਼ ਸੌਦੇਬਾਜ਼ੀ ਕਰਨਾ ਉਨ੍ਹਾਂ ਦੀ ਰੋਜ਼ਮੱਰਾ ਦਾ ਹਿੱਸਾ ਹੈ, ਹਰੇਕ ਦੇ ਕੋਲ਼ ਸਭ ਤੋਂ ਚੰਗੇ ਭਾਅ ਪਾਉਣ ਦੇ ਆਪਣੇ ਹੀ ਦਾਅਪੇਚ ਹੁੰਦੇ ਹਨ- ਕੁਝ ਔਰਤਾਂ ਨੀਲਾਮੀ ਦੇ ਅਖ਼ੀਰ ਵਿੱਚ ਨਿਕਲ਼ ਕੇ ਆਈ ਅਖ਼ੀਰਲੀ ਕੀਮਤ ਦਾ ਭੁਗਤਾਨ ਕਰਨ ਲਈ ਸਹਿਮਤ ਹੀ ਜਾਂਦੀਆਂ ਹਨ ਅਤੇ ਨਾਲ਼ ਦੀ ਨਾਲ਼ ਨੀਲਾਮਕਰਤਾ ਨੂੰ ਕੁਝ ਵਾਧੂ ਮੱਛੀਆਂ ਦੇਣ ਲਈ ਮਨ੍ਹਾ ਲੈਂਦੀਆਂ ਹਨ। ਬਾਕੀ ਕਈ ਔਰਤਾਂ ਨੀਲਾਮੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਲ੍ਹਕੜੇ ਜਿਹੇ ਥੋੜ੍ਹੀ ਛੋਟ (ਕਈ ਵਾਰ 5 ਰੁਪਏ) ਦਿੱਤੇ ਜਾਣ ਲਈ ਜ਼ੋਰ ਪਾਉਂਦੀਆਂ ਹਨ।
ਮੱਛੀ ਵੇਚਣ ਦਾ ਲੰਬਾ ਦਿਨ ਆਪਸ ਵਿੱਚ ਗੱਲਬਾਤ ਕਰਨ ਅਤੇ ਘੱਟ ਹੁੰਦੀਆਂ ਮੱਛੀਆਂ ਅਤੇ ਰਾਤ ਨੂੰ ਖਾਣ ਲਈ ਕਿਹੜੀ ਮੱਛੀ ਪਕਾਈ ਜਾਵੇ, ਇਸ ਗੱਲ਼ ਦੀ ਚਰਚਾ ਕਰਨ ਵਿੱਚ ਲੰਘਦਾ ਹੈ। ਇੱਥੋਂ ਦੀਆਂ ਔਰਤਾਂ ਆਮ ਤੌਰ 'ਤੇ ਮੱਛੀ ਦੀ ਸਫ਼ਾਈ ਕਰਨ ਦਾ ਵੀ ਕੰਮ ਕਰਦੀਆਂ ਹਨ। ਧੋਣ ਅਤੇ ਛਿੱਲਣ ਤੋਂ ਲੈ ਕੇ ਆਂਦਰਾਂ ਦੀ ਸਫ਼ਾਈ ਕਰਨ ਅਤੇ ਕੱਟਣ ਤੱਕ, ਹਰੇਕ ਮੱਛੀ ਦਾ ਸਰਜੀਕਲ ਸ਼ੁੱਧਤਾ ਨਾਲ਼ ਰੱਖਰਖਾਅ ਕੀਤਾ ਜਾਂਦਾ ਹੈ।
''ਨੌਵੀਂ ਕਲਾਸ ਦੇ ਬਾਅਦ ਮੈਂ ਸਕੂਲ ਜਾਣਾ ਛੱਡ ਦਿੱਤਾ ਸੀ ਅਤੇ ਉਦੋਂ ਤੋਂ ਮੱਛੀ ਸੁਕਾਉਣ ਦਾ ਕੰਮ ਕਰ ਰਹੀ ਹਾਂ। ਮੈਨੂੰ ਆਪਣਾ ਢਿੱਡ ਭਰਨ ਲਈ ਹੱਥ ਪੈਰ ਮਾਰਨੇ ਪੈਂਦੇ ਸਨ,'' ਮਾਲਵਣ ਤਾਲੁਕਾ ਦੇ ਦੇਵਬਾਂਗ ਪਿੰਡ ਦੀ ਇੱਕ ਮਜ਼ਦੂਰ, 42 ਸਾਲਾ ਬੇਨੀ ਫਰਨਾਡੀਸ ਕਹਿੰਦੀ ਹਨ, ਜੋ ਕਰੀਬ 4,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹਨ। ਉਨ੍ਹਾਂ ਨੇ ਇੱਕ ਬਾਂਹ ਵਿੱਚ ਆਪਣਾ ਬੱਚਾ ਚੁੱਕਿਆ ਹੈ ਤੇ ਦੂਜੇ ਹੱਥ ਨਾਲ਼ ਸੁੱਕੀ ਮੱਛੀ ਦੀ ਟੋਕਰੀ ਨੂੰ ਬੜੀ ਕੁਸ਼ਤਲਾ ਦੇ ਨਾਲ਼ ਲਹਿਰਾਉਂਦੀ ਹਨ। ਮੱਛੀ ਸੁਕਾਉਣ ਦਾ ਕੰਮ ਵੀ ਪੂਰੇ ਭਾਰਤ ਵਿੱਚ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ ਅਤੇ ਲੂੰਹਦੀ ਧੁੱਪੇ ਕਈ ਘੰਟਿਆਂ ਦੀ ਮੁਸ਼ੱਕਤ ਕਰਨੀ ਪੈਂਦੀ ਹੈ। ''ਮਾਨਸੂਨ ਦੌਰਾਨ ਸਾਡੇ ਕੋਲ਼ ਮੱਛੀ ਸੁਕਾਉਣ ਦਾ ਕੋਈ ਕੰਮ ਨਹੀਂ ਹੁੰਦਾ, ਇਸਲਈ ਅਸੀਂ ਛੋਟਾ-ਮੋਟਾ ਕੰਮ ਕਰਕੇ ਜੀਵਨ ਬਸਰ ਕਰਦੇ ਹਾਂ,'' ਬੇਨੀ ਕਹਿੰਦੀ ਹਨ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਹਿਮਾਂਸ਼ੀ, ਜੁਆਨਿਤਾ ਅਤੇ ਬੇਨੀ ਜਿਹੀਆਂ ਔਰਤਾਂ ਖ਼ਾਸ ਤੌਰ 'ਤੇ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਦੀ ਕਮਜ਼ੋਰ ਮੈਂਬਰ ਹਨ ਅਤੇ ਖ਼ਾਸ ਰੂਪ ਨਾਲ਼ ਮੱਛੀ ਪਾਲਣ ਦੀ ਵਰਤਮਾਨ ਹਾਲਤ ਤੋਂ ਪ੍ਰਭਾਵਤ ਹਨ- ਛੋਟੇ ਮਛੇਰਿਆਂ ਨੂੰ ਹੱਦੋਂ ਵੱਧ ਮੱਛੀਆਂ ਫੜ੍ਹੇ ਜਾਣ, ਮਸ਼ੀਨੀਕ੍ਰਿਤ ਮੱਛੀ ਪਾਲਣ ਦੀ ਹੈਜੇਮਨੀ, ਮੱਛੀਆਂ ਦੇ ਸ਼ਿਕਾਰ ਵਿੱਚ ਘਾਟ, ਜਲਵਾਯੂ ਤਬਦੀਲੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਤੇ ਇਸ ਕਾਰੋਬਾਰ ਵਿੱਚ ਬਹੁਤੇਰੀਆਂ ਔਰਤਾਂ ਨੂੰ ਪੁਰਸ਼ ਮਛੇਰਿਆਂ ਦੇ ਬਰਾਬਰ ਲਾਭ ਅਤੇ ਸਬਸਿਡੀ ਨਹੀਂ ਮਿਲ਼ਦੀ ਹਾਲਾਂਕਿ ਉਹ ਵੀ ਇਸ ਕੰਮ ‘ਤੇ ਓਨੀਆਂ ਹੀ ਨਿਰਭਰ ਹਨ ਜਿੰਨੇ ਕਿ ਪੁਰਸ਼। ਉਦਾਹਰਣ ਲਈ, ਮਾਨਸੂਨ ਵਿੱਚ ਮੱਛੀ ਫੜ੍ਹਨ ‘ਤੇ ਲੱਗੀ ਰੋਕ ਦੌਰਾਨ, ਕੁਝ ਰਾਜਾਂ ਵਿੱਚ ਮਛੇਰਿਆਂ ਦੇ ਪਰਿਵਾਰਾਂ ਨੂੰ ਸਰਕਾਰ ਪਾਸੋਂ ਮਹੀਨੇਵਾਰ ਮੁਆਵਜ਼ਾ ਮਿਲ਼ਦਾ ਹੈ। ਪਰ ਇਹ ਮੁਆਵਜ਼ਾ ਮਹਿਲਾ ਮਛੇਰਿਆਂ (ਪੁਰਸ਼ ਮਛੇਰਿਆਂ ਤੋਂ ਬਗ਼ੈਰ) ਦੇ ਪਰਿਵਾਰਾਂ ਨੂੰ ਨਹੀਂ ਦਿੱਤਾ ਜਾਂਦਾ।
ਓਧਰ ਦਾਂਡੀ ਸਮੁੰਦਰ ਤਟ ‘ਤੇ ਸ਼ਾਮ ਢਲ਼ਦਿਆਂ ਹੀ ਔਰਤਾਂ ਦੂਸਰੇ ਕੰਮੀਂ ਲੱਗ ਜਾਂਦੀਆਂ ਹਨ- ਆਪਣੇ ਬੱਚਿਆਂ ਨੂੰ ਸੰਭਾਲ਼ਦੀਆਂ ਹਨ, ਘਰ ਦੇ ਕੰਮ ਨਬੇੜਦੀਆਂ ਹਨ ਅਤੇ ਇੰਝ ਕਈ ਹੋਰ ਕੰਮ ਕਰਦੀਆਂ ਹਨ। ਤਿਰਕਾਲਾਂ ਪੈਂਦਿਆਂ ਹੀ ਉਨ੍ਹਾਂ ਦੇ ਕੰਮ ਦੀ ਥਾਂ ਸਮੁੰਦਰ ਦਾ ਤਟ ਨਹੀਂ ਉਨ੍ਹਾਂ ਦੇ ਘਰ ਹੁੰਦੇ ਹਨ।
ਇਹ ਲੇਖ ਦਕਸ਼ਿਨ ਫਾਊਂਡੇਸ਼ਨ ਦੇ ਇੱਕ ਪ੍ਰੋਜੈਕਟ ਦੇ ਹਿੱਸਾ ਦੇ ਰੂਪ ਵਿੱਚ ਲੇਖਕਾਂ ਦੁਆਰਾ ਕੀਤੇ ਗਏ ਕੰਮ ‘ ਤੇ ਅਧਾਰਤ ਹੈ
ਤਰਜਮਾ: ਕਮਲਜੀਤ ਕੌਰ