ਦੱਖਣ ਮੁੰਬਈ ਦੇ ਭੁਲੇਸ਼ਵਰ ਇਲਾਕੇ ਦੀਆਂ ਭੀੜੀਆਂ ਗਲ਼ੀਆਂ ਕਿਸੇ ਭੁੱਲ-ਭੁਲੱਈਏ ਨਾਲ਼ੋਂ ਘੱਟ ਨਹੀਂ। ਇਨ੍ਹਾਂ ਵਿੱਚੋਂ ਹੀ ਇੱਕ ਗਲ਼ੀ ਵਿੱਚ ਮੰਜ਼ੂਰ ਆਲਮ ਸ਼ੇਖ ਰਹਿੰਦੇ ਹਨ ਜੋ ਹਰ ਰੋਜ਼ ਸਵੇਰੇ 5 ਵਜੇ ਉੱਠਦੇ ਹਨ ਅਤੇ ਆਪਣੇ ਕੰਮ 'ਤੇ ਨਿਕਲ਼ ਜਾਂਦੇ ਹਨ। ਅਕਸਰ ਚੈੱਕ ਲੂੰਗੀ ਪਹਿਨਣ ਵਾਲ਼ੇ ਸ਼ੇਖ, 550 ਲੀਟਰ ਪਾਣੀ ਦੀ ਟੈਂਕੀ (ਲੋਹੇ ਦੀ) ਨੂੰ ਧੱਕਾ ਲਾਉਂਦੇ ਹਨ ਅਤੇ ਕੋਵਾਸਜੀ ਪਲੇਟ ਟੈਂਕ ਵਿਖੇ ਲਿਜਾ ਕੇ ਪਾਣੀ ਨਾਲ਼ ਭਰਦੇ ਹਨ। ਇਹ ਥਾਂ ਉਨ੍ਹਾਂ ਦੀ ਰਿਹਾਇਸ਼ ਤੋਂ ਇੱਕ ਕਿਲੋਮੀਟਰ ਦੂਰ ਹੈ। ਮਿਰਜ਼ਾ ਗਾਲਿਬ ਮਾਰਕਿਟ ਦੇ ਕੋਲ਼ ਦੁਧ ਬਜ਼ਾਰ ਵਿਖੇ ਬਣੇ ਜਨਤਕ ਪਖ਼ਾਨੇ ਦੇ ਐਨ ਨਾਲ਼ ਕਰਕੇ ਕੋਨੇ ਵਾਲ਼ੀ ਖੁੱਲ੍ਹੀ ਜਿਹੀ ਥਾਂ ਹੀ ਉਨ੍ਹਾਂ ਦਾ ਘਰ ਹੈ। ਪਾਣੀ ਭਰ ਕੇ ਉਹ ਦੁਧ ਮਾਰਕਿਟ ਆਉਂਦੇ ਹਨ, ਤੈਅ ਥਾਂ 'ਤੇ ਆਪਣੀ ਠੇਲ੍ਹੇਨੁਮਾ ਟੈਂਕੀ ਖੜ੍ਹੀ ਕਰਦੇ ਹਨ ਅਤੇ ਦੁਕਾਨਾਂ ਅਤੇ ਨੇੜੇ ਘਰਾਂ ਦੇ ਆਪਣੇ ਗਾਹਕਾਂ ਨੂੰ ਪਾਣੀ ਸਪਲਾਈ ਕਰਨ ਲੱਗਦੇ ਹਨ।
50 ਸਾਲਾ ਮੰਜ਼ੂਰ ਉਨ੍ਹਾਂ ਵਿਰਲੇ ਬਚੇ ਭਿਸ਼ਤੀਆਂ ਵਿੱਚੋਂ ਇੱਕ ਹਨ ਜੋ ਰੋਜ਼ੀਰੋਟੀ ਕਮਾਉਣ ਖਾਤਰ ਇਸ ਕੰਮ ਵਿੱਚ ਲੱਗੇ ਹੋਏ ਹਨ। ਉਹ ਪਿਛਲੇ ਚਾਰ ਦਹਾਕਿਆਂ ਤੋਂ ਮੁੰਬਈ ਦੇ ਅੰਦਰੂਨੀ (ਇਤਿਹਾਸਕ) ਇਲਾਕਿਆਂ ਦੇ ਨਿਵਾਸੀਆਂ ਨੂੰ ਪੀਣ ਵਾਸਤੇ, ਸਾਫ਼-ਸਫ਼ਾਈ ਕਰਨ ਅਤੇ ਕੱਪੜੇ ਧੋਣ ਵਾਸਤੇ ਪਾਣੀ ਸਪਲਾਈ ਕਰਦੇ ਆਏ ਹਨ। ਜਦੋਂ ਤੱਕ ਕੋਵਿਡ-19 ਮਹਾਂਮਾਰੀ ਨੇ ਭਿਸ਼ਤੀਆਂ ਦੇ ਇਸ ਪੇਸ਼ੇ ਵਿੱਚ ਵਿਘਨ ਨਹੀਂ ਪਾਇਆ ਸੀ, ਉਦੋਂ ਤੀਕਰ ਮੰਜ਼ੂਰ, ਭੁਲੇਸ਼ਵਰ ਇਲਾਕੇ ਦੇ ਉਨ੍ਹਾਂ ਟਾਂਵੇਂ-ਵਿਰਲੇ ਮਸ਼ਕਵਾਲ਼ਿਆਂ ਵਿੱਚੋਂ ਹੀ ਸਨ ਜੋ ਮਸ਼ਕਾਂ ਵਿੱਚ ਪਾਣੀ ਭਰ ਕੇ ਥਾਓਂ-ਥਾਈਂ ਪਹੁੰਚਾਉਂਦੇ ਹੁੰਦੇ ਸਨ- ਮਸ਼ਕ ਚਮੜੇ (ਬੱਕਰੀ ਦੇ) ਦਾ ਬਣਿਆ ਇੱਕ ਥੈਲਾ ਹੁੰਦਾ ਹੈ ਜਿਸ ਅੰਦਰ ਲਗਭਗ 30 ਲੀਟਰ ਪਾਣੀ ਭਰਿਆ ਜਾਂਦਾ ਹੈ।
ਪਰ ਮਸ਼ਕਾਂ ਵਿੱਚ ਪਾਣੀ ਭਰ ਕੇ ਸਪਲਾਈ ਕਰਨ ਦੀ ਇਹ ਪ੍ਰਥਾ ''ਹੁਣ ਮੁੱਕ ਗਈ ਹੈ'', ਮੰਜ਼ੂਰ ਕਹਿੰਦੇ ਹਨ ਜੋ ਖ਼ੁਦ 2021 ਤੋਂ ਬਾਅਦ ਮਸ਼ਕ ਦੀ ਥਾਂ ਪਲਾਸਟਿਕ ਦੀਆਂ ਬਾਲ਼ਟੀਆਂ ਵਰਤਣ ਲੱਗੇ ਹਨ। ''ਹਾਲਾਤ ਹੁਣ ਇਹ ਹਨ ਕਿ ਬਜ਼ੁਰਗ ਭਿਸ਼ਤੀਆਂ ਦੇ ਹੁਣ ਘਰ ਵਾਪਸੀ ਦਾ ਵੇਲ਼ਾ ਆ ਗਿਆ ਹੈ ਅਤੇ ਹੁਣ ਨੌਜਵਾਨ (ਭਿਸ਼ਤੀਆਂ) ਨੂੰ ਨਵੀਂਆਂ-ਨਵੀਂਆਂ ਨੌਕਰੀਆਂ ਲੱਭਣੀਆਂ ਪੈਣਗੀਆਂ,'' ਉਹ ਕਹਿੰਦੇ ਹਨ। 'ਭਿਸ਼ਤੀ' ਸ਼ਬਦ ਫ਼ਾਰਸੀ (ਪਰਸ਼ੀਨਅਨ) ਭਾਸ਼ਾ ਦਾ ਮੂਲ਼ ਹੈ ਅਤੇ ਇਹਦਾ ਮਤਲਬ ਹੈ 'ਪਾਣੀ ਦਾ ਵਾਹਕ'। ਇਸ ਭਾਈਚਾਰੇ ਨੂੰ ਸੱਕਾ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਜੋ 'ਪਾਣੀ ਦਾ ਵਾਹਕ' ਜਾਂ 'ਕੱਪ ਧਾਰਕ' ਲਈ ਇੱਕ ਅਰਬੀ ਸ਼ਬਦ ਹੈ। ਭਿਸ਼ਤੀ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਅਤੇ ਗੁਜਰਾਤ (ਜਿੱਥੇ ਇਸ ਭਾਈਚਾਰੇ ਨੂੰ ਪਖਾਲੀ ਵੀ ਕਿਹਾ ਜਾਂਦਾ ਹੈ) ਵਿਖੇ ਹੋਰ ਪਿਛੜੀਆਂ ਸ਼੍ਰੇਣੀਆਂ (ਓਬੀਸੀ) ਵਜੋਂ ਸੂਚੀਬੱਧ ਹਨ।
''ਕਦੇ ਭਿਸ਼ਤੀਆਂ ਦਾ ਪਾਣੀ ਸਪਲਾਈ ਦੇ ਇਸ ਕਾਰੋਬਾਰ ਵਿੱਚ ਰਾਜ ਰਿਹਾ ਹੈ। ਮੁੰਬਈ ਦੀਆਂ ਵੱਖੋ-ਵੱਖ ਥਾਵਾਂ 'ਤੇ ਪਾਣੀ ਦੀਆਂ ਅਜਿਹੀਆਂ ਟੈਂਕੀਆਂ ਉਨ੍ਹਾਂ ਦੀ ਮਾਲਕੀ ਹੁੰਦੀਆਂ ਸਨ,'' ਮੰਜ਼ੂਰ ਕਹਿੰਦੇ ਹਨ। ''ਹਰੇਕ ਟੈਂਕੀ ਵਿੱਚੋਂ ਪਾਣੀ ਢੋਹਣ ਲਈ 8 ਤੋਂ 12 ਬੰਦੇ ਕੰਮੀਂ ਲੱਗੇ ਰਹਿੰਦੇ ਸਨ।'' ਪੁਰਾਣੀ ਮੁੰਬਈ ਵਿਖੇ ਜਦੋਂ ਭਿਸ਼ਤੀਆਂ ਦੇ ਇਸ ਖ਼ੁਸ਼ਹਾਲ ਕਾਰੋਬਾਰ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਤਾਂ ਬਹੁਤੇ ਭਿਸ਼ਤੀ ਹੋਰਨੀਂ ਥਾਵੀਂ ਕੰਮ ਲੱਭਣ ਲੱਗੇ, ਮੈਨੂੰ ਮੁਖ਼ਾਤਬ ਹੋ ਕੇ ਉਹ ਕਹਿੰਦੇ ਹਨ। ਭੁਲੇਸ਼ਵਰ ਵਿਖੇ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਿੰਡਾਂ ਤੋਂ ਆਉਣ ਵਾਲ਼ੇ ਪ੍ਰਵਾਸੀ ਮਜ਼ਦੂਰਾਂ ਨੇ ਹੌਲ਼ੀ-ਹੌਲ਼ੀ ਉਨ੍ਹਾਂ ਦੀ ਥਾਂ ਲੈ ਲਈ।
ਮੰਜ਼ੂਰ 1980ਵਿਆਂ ਦੇ ਦੌਰ ਵਿੱਚ ਮੁੰਬਈ ਆਏ ਸਨ। ਉਨ੍ਹਾਂ ਦਾ ਪਿੰਡ ਕੱਛਰਸੂਲਪੁਰ, ਬਿਹਾਰ ਦੇ ਕਠਿਹਾਰ ਜ਼ਿਲ੍ਹੇ ਵਿੱਚ ਪੈਂਦਾ ਹੈ। ਭਿਸ਼ਤੀ ਦੇ ਕੰਮ ਵਿੱਚ ਆਉਣ ਤੋਂ ਕੁਝ ਮਹੀਨੇ ਪਹਿਲਾਂ ਤੀਕਰ ਉਨ੍ਹਾਂ ਨੇ ਵੜਾ ਪਾਵ ਵੇਚਿਆ। ਜਨਮ ਤੋਂ ਭਿਸ਼ਤੀ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਭੁਲੇਸ਼ਵਰ ਇਲਾਕੇ ਦੇ ਡੋਂਗਰੀ ਅਤੇ ਭਿੰਡੀ ਬਜ਼ਾਰ ਇਲਾਕਿਆਂ ਵਿਖੇ ਪਾਣੀ ਢੋਹਣ ਦਾ ਕੰਮ ਕੀਤਾ।
''ਮੈਨੂੰ ਰਾਜਸਥਾਨ ਦੇ ਇੱਕ ਭਿਸ਼ਤੀ, ਮੁਮਤਾਜ਼ ਦੁਆਰਾ ਕੰਮ 'ਤੇ ਰੱਖਿਆ ਗਿਆ ਅਤੇ ਸਿਖਲਾਇਕ ਬਣਾਇਆ ਗਿਆ। ਉਸ ਸਮੇਂ ਉਹਦੇ ਕੋਲ਼ ਆਪਣੀਆਂ ਚਾਰ ਟੈਂਕੀਆਂ (ਲੋਹੇ ਦੀਆਂ ਠੇਲ੍ਹੇਨੁਮਾ) ਹੁੰਦੀਆਂ ਸਨ। ਹਰੇਕ ਟੈਂਕੀ ਇੱਕ ਵੱਖਰੀ ਥਾਵੇਂ (ਗੁਆਂਢੀ ਮੁਹੱਲਿਆਂ) ਖੜ੍ਹੀ ਕੀਤੀ ਹੁੰਦੀ ਅਤੇ ਉੱਥੋਂ ਦੀ 7-8 ਬੰਦੇ ਮਸ਼ਕਾਂ ਵਿੱਚ ਪਾਣੀ ਭਰ ਭਰ ਕੇ ਥਾਓਂ-ਥਾਈਂ ਪਹੁੰਚਾਇਆ ਕਰਦੇ,'' ਮੰਜ਼ੂਰ ਕਹਿੰਦੇ ਹਨ।
ਮੁਮਤਾਜ਼ ਨਾਲ਼ ਕਰੀਬ 5 ਸਾਲ ਕੰਮ ਕਰਨ ਤੋਂ ਬਾਅਦ, ਮੰਜ਼ੂਰ ਨੇ ਆਪਣੀ ਗੱਡੀ ਖ਼ੁਦ ਤੋਰਨ ਦਾ ਫ਼ੈਸਲਾ ਕੀਤਾ ਅਤੇ ਕੰਮ ਦੀ ਸ਼ੁਰੂਆਤ ਕਿਰਾਏ 'ਤੇ ਟੈਂਕੀ ਲੈ ਕੇ ਕੀਤੀ। ''ਇੱਥੋਂ ਤੱਕ ਕਿ 20 ਸਾਲ ਪਹਿਲਾਂ ਤੀਕਰ ਸਾਡੇ ਕੋਲ਼ ਬਹੁਤ ਕੰਮ ਹੋਇਆ ਕਰਦਾ ਸੀ। ਹੁਣ ਸਾਡੀ ਹਾਲਤ ਇਹ ਹੋ ਗਈ ਕਿ ਸਾਡੇ ਕੋਲ਼ ਪਹਿਲਾਂ ਨਾਲ਼ੋਂ ਸਿਰਫ਼ 25 ਫੀਸਦ ਕੰਮ ਹੀ ਬਚਿਆ ਹੈ। ਜਦੋਂ ਪਾਣੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਵਿਕਣਾ ਸ਼ੁਰੂ ਹੋਇਆ ਤਾਂ ਯਕੀਨ ਜਾਣੋਂ ਸਾਡੇ ਕੰਮ ਨੂੰ ਬਹੁਤ ਵੱਡੀ ਸੱਟ ਵੱਜੀ,'' ਮੰਜ਼ੂਰ ਕਹਿੰਦੇ ਹਨ। 1991 ਵਿੱਚ ਭਾਰਤੀ ਅਰਥਚਾਰੇ ਅੰਦਰ ਉਦਾਰੀਕਰਨ ਦੇ ਉਦੈ ਦੇ ਨਾਲ਼ ਬੋਤਲਬੰਦ ਪਾਣੀ ਦੇ ਤੇਜ਼ੀ ਨਾਲ਼ ਪੈਰ ਪਸਾਰਦੇ ਉਦਯੋਗ ਨੇ ਭੁਲੇਸ਼ਵਰ ਦੇ ਭਿਸ਼ਤੀਆਂ ਦੇ ਕੰਮ 'ਤੇ ਪਹਿਲਾ ਮੁੱਕਾ ਜੜਿਆ। 1999 ਅਤੇ 2004 ਦੇ ਵਕਫ਼ੇ ਵਿਚਕਾਰ ਭਾਰਤ ਅੰਦਰ ਬੋਤਲਬੰਦ ਪਾਣੀ ਦੀ ਖ਼ਪਤ ਤਿਗਣੀ ਹੋ ਗਈ । 2002 ਵਿੱਚ ਇਸ ਸਨਅਤ ਦਾ ਕਾਰੋਬਾਰ (ਟਰਨਓਵਰ) ਅੰਦਾਜ਼ਨ 1,000 ਕਰੋੜ ਹੋ ਗਿਆ।
ਉਦਾਰੀਕਰਨ ਨੀਤੀ ਨੇ ਬੜੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ-ਛੋਟੀਆਂ ਦੁਕਾਨਾਂ ਨੂੰ ਮਾਲ਼ (Malls) ਨਿਗ਼ਲ ਗਏ, ਵਿਹੜਿਆਂ (ਬਸਤੀਆਂ) ਦੀ ਥਾਂ ਗਗਨਚੁੰਬੀ ਇਮਾਰਤਾਂ ਉਸਰ ਗਈਆਂ ਅਤੇ ਟੈਂਕਰਾਂ ਨੇ ਮੋਟਰਾਂ ਨਾਲ਼ ਪਾਈਪ ਜੋੜ ਕੇ ਪਾਣੀ ਢੋਹਣਾ/ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਰਿਹਾਇਸ਼ੀ ਇਮਾਰਤਾਂ ਤੋਂ ਆਉਂਦੀ ਪਾਣੀ ਦੀ ਮੰਗ ਹੌਲ਼ੀ-ਹੌਲ਼ੀ ਘਟਣ ਲੱਗੀ ਅਤੇ ਹੁਣ ਸਿਰਫ਼ ਛੋਟੇ ਕਾਰੋਬਾਰੀ ਜਿਵੇਂ ਦੁਕਾਨਾਂ ਵਾਲ਼ੇ ਜਾਂ ਵਰਕਸ਼ਾਪਾਂ ਵਾਲ਼ੇ ਹੀ ਮਸ਼ਕਵਾਲ਼ਿਆਂ ਵੱਲੋਂ ਸਪਲਾਈ ਕੀਤੇ ਜਾਂਦੇ ਪਾਣੀ 'ਤੇ ਨਿਰਭਰ ਹੋ ਕੇ ਰਹਿ ਗਏ। ''ਇਮਾਰਤਾਂ ਵਿੱਚ ਰਹਿਣ ਵਾਲ਼ਿਆਂ ਨੇ ਟੈਂਕਰਾਂ ਨੂੰ ਪਾਣੀ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ। ਪਾਣੀ ਵਾਸਤੇ ਲੋਕਾਂ ਨੇ ਪਾਈਪਲਾਈਨਾਂ ਜੋੜ ਲਈਆਂ। ਹੁਣ ਵਿਆਹਾਂ ਅਤੇ ਹੋਰਨਾਂ ਸਮਾਗਮਾਂ ਵਿੱਚ ਵੀ ਬੋਤਲਬੰਦ ਪਾਣੀ ਨੇ ਆਪਣੀ ਥਾਂ ਬਣਾ ਲਈ, ਇੱਕ ਸਮਾਂ ਸੀ ਜਦੋਂ ਅਜਿਹੀ ਥਾਵੇਂ ਅਸੀਂ ਹੀ ਪਾਣੀ ਪਹੁੰਚਾਇਆ ਕਰਦੇ ਸਾਂ,'' ਮੰਜ਼ੂਰ ਹਿਰਖ਼ੇ ਮਨ ਨਾਲ਼ ਕਹਿੰਦੇ ਹਨ।
ਮਹਾਂਮਾਰੀ ਤੋਂ ਪਹਿਲਾਂ, ਜਿੱਥੇ ਮੰਜ਼ੂਰ ਹਰੇਕ ਮਸ਼ਕ (30 ਲੀਟਰ) ਢੋਹਣ ਮਗਰ 15 ਰੁਪਏ ਕਮਾ ਲਿਆ ਕਰਦੇ, ਹੁਣ, ਪਾਣੀ ਦੀ 15 ਲੀਟਰ ਬਾਲਟੀ ਮਗਰ 10 ਰੁਪਏ ਕਮਾਉਂਦੇ ਹਨ। ਉਹ ਹਰ ਮਹੀਨੇ ਕਿਰਾਏ ਦੀ ਟੈਂਕੀ ਲਈ 170 ਰੁਪਏ ਦਿੰਦੇ ਹਨ ਅਤੇ ਟੈਂਕੀ ਭਰਵਾਉਣ ਲਈ ਦਿਨ ਦੇ 50 ਰੁਪਏ ਤੋਂ 80 ਰੁਪਏ ਹੋਰ ਖਰਚਦੇ ਹਨ। ਜਿਨ੍ਹਾਂ ਮੰਦਰਾਂ ਅਤੇ ਸਕੂਲਾਂ ਵਿੱਚ ਖੂਹ ਹਨ ਉਹ ਆਪਣਾ ਪਾਣੀ ਭਿਸ਼ਤੀਆਂ ਨੂੰ ਵੇਚਦੇ ਹਨ। ''ਪਹਿਲਾਂ ਅਸੀਂ ਮਹੀਨੇ ਦੇ 10,000-15,000 ਰੁਪਏ ਬਚਾ ਲਿਆ ਕਰਦੇ ਪਰ ਹੁਣ ਅਸੀਂ 4,000-5,000 ਰੁਪਏ ਵੀ ਬਾਮੁਸ਼ਕਲ ਹੀ ਬਚਾ ਪਾਉਂਦੇ ਹਾਂ,'' ਆਪਣੇ ਡੁੱਬ ਰਹੇ ਕਾਰੋਬਾਰ ਦੀ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਦੀ ਤੁਲਨਾ ਕਰਦਿਆਂ ਮੰਜ਼ੂਰ ਕਹਿੰਦੇ ਹਨ।
ਇਸ ਕਾਰੋਬਾਰ ਵਿੱਚ ਉਨ੍ਹਾਂ ਦੇ ਹਿੱਸੇਦਾਰ, 50 ਸਾਲਾ ਆਲਮ (ਆਪਣੀ ਇੰਨਾ ਨਾਮ ਹੀ ਲੈਂਦੇ ਹਨ), ਵੀ ਬਿਹਾਰ ਦੇ ਉਸੇ ਪਿੰਡੋਂ ਹੀ ਹਨ। ਆਲਮ ਅਤੇ ਮੰਜ਼ੂਰ ਸਾਲ ਦੇ 3-6 ਮਹੀਨੇ ਮੁੰਬਈ ਵਿਖੇ ਕੰਮ ਕਰਦੇ ਹਨ ਅਤੇ ਬਾਕੀ ਦਾ ਸਮਾਂ ਪਿੰਡ ਰਹਿੰਦੇ ਆਪਣੇ ਪਰਿਵਾਰ ਨਾਲ਼ ਬਿਤਾਉਂਦੇ ਹਨ। ਘਰੇ ਰਹਿੰਦਿਆਂ ਉਹ ਆਪਣੇ ਖੇਤਾਂ ਦਾ ਧਿਆਨ ਰੱਖਦੇ ਹਨ ਜਾਂ ਖੇਤ ਮਜ਼ਦੂਰੀ ਕਰਦੇ ਹਨ।
ਮਾਰਚ 2020 ਨੂੰ ਲੱਗੀ ਦੇਸ਼-ਵਿਆਪੀ ਤਾਲਾਬੰਦੀ ਦੌਰਾਨ, ਜੋ ਕਿ ਵੱਧ ਕੇ ਜੂਨ 2020 ਤੱਕ ਚਲੀ ਗਈ, ਭੁਲੇਸ਼ਵਰ ਦੇ ਇਨ੍ਹਾਂ ਮਸ਼ਕਵਾਲ਼ਿਆਂ ਕੋਲ਼ ਟਾਂਵੇਂ-ਟਾਂਵੇਂ ਗਾਹਕ ਹੀ ਬਚੇ ਰਹਿ ਗਏ। ਇੰਨਾ ਹੀ ਨਹੀਂ ਇਸ ਦੌਰਾਨ (ਤਾਲਾਬੰਦੀ ਦੌਰਾਨ) ਇਲਾਕੇ ਦੇ ਇਸ ਛੋਟੇ ਜਿਹੇ ਕਾਰੋਬਾਰ ਨਾਲ਼ ਜੁੜਿਆ ਸਹਾਇਕ ਸਟਾਫ਼, ਜੋ ਦਿਨ ਵੇਲ਼ੇ ਕੰਮ ਕਰਦਾ ਅਤੇ ਰਾਤੀਂ ਫੁੱਟਪਾਥ 'ਤੇ ਹੀ ਸੌਂ ਜਾਇਆ ਕਰਦਾ। ਪਰ ਕਈ ਦੁਕਾਨਾਂ ਬੰਦ ਹੋ ਗਈਆਂ ਅਤੇ ਉਨ੍ਹਾਂ ਦੇ ਕਾਮੇ ਘਰਾਂ ਨੂੰ ਮੁੜ ਗਏ। ਇਸਲਈ ਮੰਜ਼ੂਰ, ਜਿਨ੍ਹਾਂ ਸਿਰ ਆਪਣੇ ਪੰਜ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਸੀ, ਓਨਾ ਪੈਸੇ ਨਾ ਕਮਾ ਪਾਉਂਦੇ ਕਿ ਮਗਰ ਆਪਣੇ ਪਰਿਵਾਰ ਨੂੰ ਭੇਜੇ ਜਾ ਸਕਣ। ਉਨ੍ਹਾਂ ਨੇ 2021 ਦੀ ਸ਼ੁਰੂਆਤ ਵੇਲ਼ੇ ਸ਼ਹਿਰ ਦੇ ਹਾਜੀ ਅਲੀ ਇਲਾਕੇ ਵਿਖੇ ਇੱਕ ਇਮਾਰਤ ਦੀ ਉਸਾਰੀ ਕਰਦੇ ਇੱਕ ਮਿਸਤਰੀ ਦੇ ਸਹਾਇਕ ਵਜੋਂ ਕੰਮ ਫੜ੍ਹ ਲਿਆ ਅਤੇ ਉਨ੍ਹਾਂ ਨੂੰ 600 ਰੁਪਏ ਦਿਹਾੜੀ ਮਿਲ਼ਦੀ।
ਮਾਰਚ 2021 ਨੂੰ, ਮੰਜ਼ੂਰ ਨੇ ਆਪਣਾ ਪਿੰਡ (ਗੱਛਰਸੂਲਪੁਰ) ਛੱਡ ਦਿੱਤਾ, ਜਿੱਥੇ ਉਹ ਖੇਤ ਮਜ਼ਦੂਰੀ ਕਰਕੇ 200 ਰੁਪਏ ਦਿਹਾੜੀ ਕਮਾਉਂਦੇ। ਕਮਾਏ ਪੈਸੇ ਨਾਲ਼ ਉਨ੍ਹਾਂ ਆਪਣੇ ਘਰ ਦੀ ਮੁਰੰਮਤ ਕੀਤੀ। ਚਾਰ ਮਹੀਨੇ ਬਾਅਦ, ਉਹ ਮੁੰਬਈ ਵਾਪਸ ਪਰਤੇ ਅਤੇ ਨਲ ਬਜ਼ਾਰ ਇਲਾਕੇ ਵਿਖੇ ਬਤੌਰ ਮਸ਼ਕਵਾਲ਼ੇ ਕੰਮ ਦੋਬਾਰਾ ਸ਼ੁਰੂ ਕੀਤਾ। ਪਰ ਉਨ੍ਹਾਂ ਦੇ ਚਮੜੇ ਦੇ ਇਸ ਝੋਲ਼ੇ ਨੂੰ ਮੁਰੰਮਤ ਦੀ ਲੋੜ ਸੀ, ਧਿਆਨ ਰਹੇ ਮਸ਼ਕ ਨੂੰ ਹਰ ਦੋ ਮਹੀਨੇ ਵਿੱਚ ਮੁਰੰਮਤ ਦੀ ਲੋੜ ਪੈਂਦੀ ਹੈ। ਇਸਲਈ ਮੁਰੰਮਤ ਵਾਸਤੇ ਮੰਜ਼ੂਰ ਯੁਨੁਸ ਸ਼ੇਖ ਦੀ ਭਾਲ਼ ਕਰਨ ਲੱਗੇ।
60 ਸਾਲਾ ਯੁਨੁਸ, ਭਿੰਡੀ ਬਜ਼ਾਰ ਵਿਖੇ ਸ਼ਿਲਪਕਾਰੀ ਕਰਕੇ ਅਤੇ ਮਸ਼ਕ ਦੀ ਮੁਰੰਮਤ ਕਰਕੇ ਆਪਣੀ ਰੋਜ਼ੀਰੋਟੀ ਕਮਾਉਂਦੇ। ਮਾਰਚ 2020 ਦੀ ਤਾਲਾਬੰਦੀ ਤੋਂ ਚਾਰ ਮਹੀਨਿਆਂ ਬਾਅਦ, ਯੁਨੁਸ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਆਪਣੇ ਘਰ ਚਲੇ ਗਏ। ਉਸੇ ਸਾਲ ਜਦੋਂ ਦਸੰਬਰ ਵਿੱਚ ਉਹ ਮੁੰਬਈ ਵਾਪਸ ਆਏ ਤਾਂ ਉਨ੍ਹਾਂ ਦੇ ਹੱਥ ਵਿੱਚ ਕੋਈ ਬਹੁਤਾ ਕੰਮ ਨਹੀਂ ਸੀ। ਉਸ ਪੂਰੇ ਇਲਾਕੇ ਵਿੱਚ ਸਿਰਫ਼ 10 ਮਸ਼ਕਵਾਲੇ ਹੀ ਬਚੇ ਸਨ ਅਤੇ ਕੋਵਿਡ-19 ਤਾਲਾਬੰਦੀਆਂ ਤੋਂ ਬਾਅਦ ਉਹ ਵੀ ਮੁਰੰਮਤ ਬਦਲੇ ਘੱਟ ਪੈਸੇ ਹੀ ਦੇ ਪਾਉਂਦੇ। 2021 ਦੇ ਸ਼ੁਰੂ ਵਿੱਚ ਯੁਨੁਸ ਸੱਖਣੇ ਹੱਥੀਂ ਬਹਿਰਾਇਚ ਮੁੜ ਗਏ...ਕਦੇ ਨਾ ਵਾਪਸ ਮੁੜਨ ਦੀ ਉਮੀਦ ਪਾਲ਼ੀ। ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ ਦੀ ਮਾਰ ਨੇ ਉਨ੍ਹਾਂ ਅੰਦਰ ਮਸ਼ਕਾਂ ਦੀ ਮੁਰੰਮਤ ਕਰਨ ਜੋਗੀ ਤਾਕਤ ਵੀ ਨਹੀਂ ਛੱਡੀ।
35 ਸਾਲਾ ਬਾਬੂ ਨੱਯਰ ਮੁਤਾਬਕ ਇਹ ਸਮਾਂ ਮਸ਼ਕ ਦੇ ਉਨ੍ਹਾਂ ਦੇ ਕੰਮ ਦੇ ਅਖ਼ੀਰੀ ਦਿਨ ਸਮਝੋ। ''ਮੈਂ ਆਪਣੀ ਮਸ਼ਕ ਸੁੱਟ ਦਿੱਤੀ ਹੈ ਕਿਉਂਕਿ ਹੁਣ ਇਹ ਮੁਰੰਮਤ ਦੇ ਕਾਬਲ ਵੀ ਨਹੀਂ ਰਹੀ।'' ਹੁਣ ਉਹ ਭਿੰਡੀ ਬਜ਼ਾਰ ਵਿਖੇ ਨਵਾਬ ਅਯਾਜ਼ ਮਸਜਿਦ ਦੇ ਨੇੜੇ-ਤੇੜੇ ਦੀਆਂ ਦੁਕਾਨਾਂ ਵਿੱਚ ਪਾਣੀ ਸਪਲਾਈ ਕਰਨ ਲਈ ਪਲਾਸਟਿਕ ਦੀ ਕੈਨੀ ਦੀ ਵਰਤੋਂ ਕਰਦੇ ਹਨ। ''ਅੱਜ ਤੋਂ ਛੇ ਮਹੀਨੇ ਪਹਿਲਾਂ ਤੱਕ ਮਸ਼ਕਾਂ ਦੀ ਵਰਤੋਂ ਕਰਨ ਵਾਲ਼ੇ 5-6 ਲੋਕ ਸਨ। ਸਾਰਿਆਂ ਨੇ ਮਸ਼ਕਾਂ ਲਾਂਭੇ ਰੱਖ ਕੇ ਬਾਲਟੀਆਂ ਜਾਂ ਹਾਂਡਾ (ਐਲੂਮੀਨੀਅਮ ਦੇ ਘੜੇ) ਚੁੱਕ ਲਏ ਹਨ,'' ਯੁਨੁਸ ਦੇ ਚਲੇ ਜਾਣ ਤੋਂ ਬਾਅਦ ਬਾਬੂ ਨੇ ਕਿਹਾ।
ਮਸ਼ਕ ਦਾ ਕੋਈ ਹੋਰ ਮੁਰੰਮਤ ਕਰਨ ਵਾਲ਼ਾ ਨਾ ਮਿਲ਼ਣ ਦੀ ਸੂਰਤ ਵਿੱਚ ਮੰਜ਼ੂਰ ਨੂੰ ਵੀ ਪਲਾਸਟਿਕ ਦੀਆਂ ਬਾਲਟੀਆਂ ਹੀ ਚੁੱਕਣੀਆਂ ਪਈਆਂ। ''ਯੁਨੁਸ ਤੋਂ ਬਾਅਦ, ਮਸ਼ਕ ਦੀ ਮੁਰੰਮਤ ਕਰਨ ਵਾਲ਼ਾ ਕੋਈ ਨਹੀਂ ਸੀ,'' ਮੰਜ਼ੂਰ ਨੇ ਪੁਸ਼ਟੀ ਕਰਦਿਆਂ ਕਿਹਾ। ਹੁਣ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਪਾਣੀ ਦੀਆਂ ਬਾਲਟੀਆਂ ਚੁੱਕ ਕੇ ਪੌੜੀਆਂ ਚੜ੍ਹਨ ਵਿੱਚ ਬਹੁਤ ਦਿੱਕਤ ਆਉਂਦੀ ਹੈ। ਮਸ਼ਕ ਰਾਹੀਂ ਪੌੜੀਆਂ ਚੜ੍ਹਨੀਆਂ ਸੌਖ਼ੀਆਂ ਸਨ ਕਿਉਂਕਿ ਮਸ਼ਕ ਮੋਢੇ ਨਾਲ਼ ਲਮਕਾਈ ਜਾਂਦੀ ਸੀ ਅਤੇ ਇਸ ਅੰਦਰ ਕਾਫ਼ੀ ਜ਼ਿਆਦਾ ਮਾਤਰਾ ਵਿੱਚ ਪਾਣੀ ਸਮਾ ਜਾਇਆ ਕਰਦਾ ਸੀ। ''ਸਾਡਾ ਭਿਸ਼ਤੀਆਂ ਦਾ ਕੰਮ ਹੁਣ ਆਪਣੇ ਅਖ਼ੀਰੀ ਸਾਹਾਂ 'ਤੇ ਹੈ,'' ਬਾਬੂ ਕਿਆਸ ਲਾਉਂਦੇ ਹਨ। ''ਇਸ ਕੰਮ ਵਿੱਚ ਕੋਈ ਬਚਤ ਨਹੀਂ। ਸਾਡੇ ਕੰਮ ਦੀ ਥਾਂ ਹੁਣ ਮੋਟਰਾਂ ਅਤੇ ਪਾਈਪਾਂ ਨੇ ਲੈ ਲਈ ਹੈ।''
ਤਰਜਮਾ: ਕਮਲਜੀਤ ਕੌਰ