“ਅਸੀਂ ਸਾਹ ਸਾਹ ਨਹੀਂ ਲੈ ਸਕਦੇ,” ਕਾਮਿਆਂ ਨੇ ਕਿਹਾ।
ਤੇਲੰਗਾਨਾ ਦੇ ਨਲਗੋਂਡਾ ਜ਼ਿਲੇ ਦੇ ਇਸ ਖਰੀਦ ਕੇਂਦਰ ਵਿਚ ਉਹ ਜਿਹੜਾ ਮਾਸਕ ਪਾ ਕੇ ਰੱਖਦੇ ਹਨ, ਉਹ ਪਸੀਨੇ ਵਿਚ ਭਿੱਜ ਜਾਂਦਾ ਹੈ। ਮੁੰਜੀ (ਝੋਨਾ/ਜੀਰੀ) ਦੇ ਢੇਰਾਂ ਤੋਂ ਉੱਠਦੀ ਧੂੜ ਕਾਰਨ ਉਨ੍ਹਾਂ ਦੀ ਚਮੜੀ ਉਤੇ ਖਾਰਸ਼ ਹੁੰਦੀ ਹੈ, ਛਿੱਕਾਂ ਅਤੇ ਖੰਘ ਵੀ ਆਉਂਦੀ ਹੈ। ਇਹ ਕਾਮੇ ਕਿੰਨੇ ਮਾਸਕ ਬਦਲ ਸਕਦੇ ਹਨ? ਕਿੰਨੀ ਵਾਰ ਆਪਣੇ ਹੱਥ ਅਤੇ ਚਿਹਰੇ ਨੂੰ ਧੋ ਅਤੇ ਪੂੰਝ ਸਕਦੇ ਹਨ? ਉਹ ਕਿੰਨੀ ਵਾਰ ਆਪਣਾ ਮੂੰਹ ਢੱਕ ਸਕਦੇ ਹਨ – ਜਦੋਂ ਉਹਨਾਂ ਨੂੰ 10 ਘੰਟਿਆਂ ਵਿੱਚ 3,200 ਬਾਰਦਾਨੇ ਦੀਆਂ ਬੋਰੀਆਂ(ਹਰ ਇੱਕ ਦਾ ਭਾਰ 40 ਕਿਲੋਗ੍ਰਾਮ) ਨੂੰ ਭਰਨਾ ਪੈਂਦਾ ਹੈ ਤੇ ਖਿੱਚਣਾ, ਤੋਲਣਾ, ਸਿਲਾਈ ਕਰਨਾ ਅਤੇ ਚੁੱਕ ਚੁੱਕ ਕੇ ਟਰੱਕਾਂ ਵਿੱਚ ਲੱਦਣਾ ਪੈਂਦਾ ਹੈ?
ਇਹ 48 ਕਾਮੇ 128 ਟਨ ਮੂੰਜੀ ਜਾਂ ਫ਼ਿਰ ਇੱਕ ਮਿੰਟ ਵਿੱਚ 213 ਕਿਲੋਗ੍ਰਾਮ ਫ਼ਸਲ ਸਾਂਭਦੇ ਹਨ, ਉਹ ਵੀ 43-44 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਦੇ ਤਾਪਮਾਨ ਵਿੱਚ । ਉਨ੍ਹਾਂ ਦਾ ਕੰਮ ਸਵੇਰੇ 3 ਵਜੇ ਸ਼ੁਰੂ ਹੁੰਦਾ ਹੈ ਅਤੇ ਦੁਪਹਿਰ 1 ਵਜੇ ਤੱਕ ਖ਼ਤਮ ਹੁੰਦਾ ਹੈ। ਜ਼ਿਆਦਾ ਗਰਮ ਤੇ ਖ਼ੁਸ਼ਕ ਮੌਸਮ ਵਿੱਚ ਇਹੀ ਕੰਮ ਸਵੇਰੇ 9 ਵਜੇ ਸ਼ੁਰੂ ਹੋ ਕੇ ਅਗਲੇ ਚਾਰ ਘੰਟੇ ਜਾਰੀ ਰਹਿੰਦਾ ਹੈ।
ਅਜਿਹੇ ਮੌਕੇ ਮਾਸਕ ਪਾ ਰੱਖਣ ਲਈ ਕਹਿਣਾ ਅਤੇ ਦੂਰੀ ਬਣਾਈ ਰੱਖੋ ਵਰਗੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿਣਾ ਕਿੰਨੀ ਸਮਝਦਾਰੀ ਦੀ ਗੱਲ ਹੈ ਅਤੇ ਖ਼ਾਸ ਕਰਕੇ ਜਦੋਂ ਤੁਸੀਂ ਮੁੰਜੀ ਖਰੀਦ ਕੇਂਦਰ ‘ਤੇ ਕੰਮ ਕਰ ਰਹੇ ਹੋਵੋ ਜਿੱਥੇ ਅਜਿਹਾ ਕਰਨਾ ਅਸੰਭਵ ਹੈ। ਜਿਵੇਂ ਕਿ ਕਾਂਗਲ ਮੰਡਲ ਦੇ ਕਾਂਗਲ ਪਿੰਡ ਦੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਹਨ। ਅਤੇ ਰਾਜ ਦੇ ਖੇਤੀਬਾੜੀ ਮੰਤਰੀ ਨਿਰੰਜਨ ਰੈਡੀ ਨੇ ਵੀ ਅਪ੍ਰੈਲ ਵਿੱਚ ਸਥਾਨਕ ਮੀਡੀਆ ਨੂੰ ਤੇਲੰਗਾਨਾ ਵਿੱਚ ਅਜਿਹੇ 7,000 ਕੇਂਦਰਾਂ ਦੇ ਹੋਣ ਬਾਰੇ ਦੱਸਿਆ।
ਅਤੇ ਉਹ ਇਸ ਕੰਮ ਲਈ ਕੀ ਕਮਾਉਂਦੇ ਹਨ? ਇੱਥੇ 12 ਕਾਮਿਆਂ ਦੇ ਚਾਰ ਸਮੂਹ ਹਨ ਅਤੇ ਹਰੇਕ ਕਾਮੇ ਨੂੰ ਲਗਭਗ 900 ਰੁਪਏ ਦਿਹਾੜੀ ਮਿਲਦੀ ਹੈ।ਪਰ, ਤੁਹਾਨੂੰ ਇਹ ਨੌਕਰੀ ਸਿਰਫ਼ ਹਰ ਬਦਲਵੇਂ (ਇੱਕ ਦਿਨ ਛੱਡ ਕੇ ਅਗਲੇ ਦਿਨ) ਦਿਨ ਮਿਲਦੀ ਹੈ। ਕੁੱਲ 45 ਦਿਨਾਂ ਦੀ ਖਰੀਦ ਮਿਆਦ ਦੌਰਾਨ ਇੱਥੇ ਹਰੇਕ ਕਾਮੇ ਨੂੰ 23 ਦਿਨ ਕੰਮ ਮਿਲ਼ਦਾ ਹੈ, ਭਾਵ ਕਿ ਉਹ 20,750 ਰੁਪਏ ਕਮਾਉਂਦੇ ਹਨ।
ਇਸ ਸਾਲ, ਹਾੜ੍ਹੀ ਦੇ ਸੀਜ਼ਨ ਵਿੱਚ ਮੁੰਜੀ ਦੀ ਖਰੀਦ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋਈ। ਇਹੀ ਉਹ ਸਮਾਂ ਸੀ ਜਦੋਂ ਵਾਢੀ ਹੋਣੀ ਸੀ ਤੇ ਉਸ ਵੇਲ਼ੇ ਕੋਵਿਡ-19 ਤਾਲਾਬੰਦੀ ਜਾਰੀ ਸੀ ਭਾਵ 23 ਮਾਰਚ ਤੋਂ 31 ਮਈ ਤੱਕ ਦਾ ਪੂਰਾ ਸਮਾਂ ਤਾਲਾਬੰਦੀ ਦੇ ਲੇਖੇ ਲੱਗ ਗਿਆ।
ਤਰਜ਼ਮਾ: ਨਵਨੀਤ ਕੌਰ