11 ਦਸੰਬਰ ਦੀ ਸਵੇਰ ਜਦੋਂ ਉਹ ਬਿਜਲੀ ਦੀਆਂ ਤਾਰਾਂ ਲਾਹ ਰਹੇ ਸਨ ਤਾਂ ਨੇੜਲਾ ਇੱਕ ਦੁਕਾਨਦਾਰ ਭਾਵੁਕ ਹੋ ਗਿਆ। ''ਉਹਨੇ ਕਿਹਾ ਕਿ ਉਹਨੂੰ ਸਾਡੇ ਸਾਰਿਆਂ ਦੀ ਯਾਦ ਆਵੇਗੀ ਅਤੇ ਸਾਡੇ ਬਗ਼ੈਰ ਬੜਾ ਇਕੱਲਾ ਰਹਿ ਜਾਵੇਗਾ। ਸੱਚ ਦੱਸੀਏ ਤਾਂ ਇਹ ਸਾਡੇ ਲਈ ਵੀ ਬੜਾ ਔਖ਼ਾ ਕੰਮ ਹੈ। ਪਰ ਹੁਣ ਸਾਡੀ ਜਿੱਤ ਹੀ ਸਭ ਤੋਂ ਵੱਡਾ ਜਸ਼ਨ ਹੈ,'' ਗੁਰਵਿੰਦਰ ਸਿੰਘ ਨੇ ਕਿਹਾ।

ਸਵੇਰ ਦੇ ਕਰੀਬ 8:15 ਵੱਜੇ ਸਨ ਜਦੋਂ ਗੁਰਵਿੰਦਰ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੇ ਆਪਣੇ ਤੰਬੂ ਉਧੇੜਣੇ ਸ਼ੁਰੂ ਕਰ ਦਿੱਤੇ ਜੋ ਪੱਛਮੀ ਦਿੱਲੀ ਦੇ ਟੀਕਰੀ ਬਾਰਡਰ ਵਿਖੇ ਪਿਛਲੇ ਸਾਲ ਗੱਡੇ ਗਏ ਸਨ। ਬਾਂਸਾਂ ਦੇ ਜੋੜਾਂ ਨੂੰ ਉਧੇੜਨ ਵਾਸਤੇ ਕਦੇ ਉਹ ਡਾਂਗ ਵਰਤਦੇ ਅਤੇ ਕਦੇ ਇੱਟਾਂ ਮਾਰ ਮਾਰ ਕੇ ਤੰਬੂਆਂ ਦੀਆਂ ਨੀਹਾਂ ਭੰਨ੍ਹਦੇ। ਕਰੀਬ 20 ਮਿੰਟਾਂ ਦੇ ਅੰਦਰ ਅੰਦਰ ਸਾਰੇ ਤੰਬੂ ਇੱਕ ਢੇਰ ਵਿੱਚ ਤਬਦੀਲ ਹੋ ਗਏ ਅਤੇ ਤੰਬੂ ਉਧੇੜਨ ਵਾਲ਼ੇ ਚਾਹ ਅਤੇ ਪਕੌੜੇ ਖਾਣ ਲਈ ਰੁੱਕ ਗਏ।

''ਆਪਣੇ ਇਹ ਆਸਰੇ ਅਸੀਂ ਆਪਣੇ ਹੱਥੀਂ ਬਣਾਏ ਸਨ ਅਤੇ ਹੁਣ ਆਪਣੇ ਹੱਥੀਂ ਹੀ ਉਧੇੜ ਰਹੇ ਹਾਂ,'' 34 ਸਾਲਾ ਗੁਰਵਿੰਦਰ ਸਿੰਘ ਨੇ ਕਿਹਾ, ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਵਿਖੇ ਪੈਂਦੇ ਪਿੰਡ ਡਾਂਗੀਆਂ ਵਿੱਚ ਉਨ੍ਹਾਂ ਦਾ ਟੱਬਰ ਆਪਣੀ ਛੇ ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ ਅਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ''ਫ਼ਤਹਿ ਹੋ ਕੇ ਘਰਾਂ ਨੂੰ ਮੁੜਨਾ ਬੜੀ ਖ਼ੁਸ਼ੀ ਦੀ ਗੱਲ ਹੈ, ਪਰ ਇੱਥੇ ਰਹਿ ਕੇ ਬਣੇ ਰਿਸ਼ਤਿਆਂ ਨੂੰ ਇੰਝ ਛੱਡ ਕੇ ਜਾਣ ਦਾ ਦੁੱਖ ਵੀ ਹੈ।''

''ਜਦੋਂ ਧਰਨਾ ਸ਼ੁਰੂ ਹੋਇਆ ਤਾਂ ਇੱਥੇ ਕੁਝ ਵੀ ਨਹੀਂ ਸੀ। ਅਸੀਂ ਸੜਕਾਂ 'ਤੇ ਹੀ ਸੌਂ ਜਾਇਆ ਕਰਦੇ ਪਰ ਫਿਰ ਅਸੀਂ ਇਹ ਘਰ ਉਸਾਰੇ,'' 35 ਸਾਲਾ ਦੀਦਾਰ ਸਿੰਘ ਨੇ ਕਿਹਾ ਜੋ ਜ਼ਿਲ੍ਹਾ ਲੁਧਿਆਣਾ ਦੇ ਉਸੇ ਪਿੰਡ (ਡਾਂਗੀਆਂ) ਵਿੱਚ ਹੀ ਰਹਿੰਦੇ ਹਨ ਅਤੇ ਆਪਣੀ ਸੱਤ-ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ, ਆਲੂ ਅਤੇ ਹਰੀਆਂ ਸਬਜ਼ੀਆਂ ਉਗਾਉਂਦੇ ਹਨ। ''ਅਸੀਂ ਇੱਥੇ ਰਹਿ ਕੇ ਬੜਾ ਕੁਝ ਸਿੱਖਿਆ, ਖ਼ਾਸ ਕਰਕੇ ਸਾਂਝ-ਭਿਆਲ਼ੀ ਦੇ ਅਹਿਸਾਸ... ਜੋ ਅਸਾਂ ਇੱਥੇ ਇਕੱਠਿਆਂ ਰਹਿੰਦਿਆਂ ਮਹਿਸੂਸ ਕੀਤੇ। ਸਰਕਾਰਾਂ ਦਾ ਸਾਨੂੰ ਲੜਾਉਂਦੀਆਂ ਹਨ। ਪਰ ਜਦੋਂ ਪੰਜਾਬ, ਹਰਿਆਣਆ ਅਤੇ ਉੱਤਰ ਪ੍ਰਦੇਸ਼ ਦੇ ਸਾਡੇ ਵੀਰ ਅਤੇ ਭੈਣਾਂ ਇੱਥੇ ਰਲ਼ ਮਿਲ਼ ਬੈਠੇ ਤਾਂ ਅਸੀਂ ਮਹਿਸੂਸ ਕੀਤਾ ਕਿ ਅਸੀਂ ਤਾਂ ਇੱਕ ਹਾਂ।''

It’s difficult for us [to leave]. But the win of the farmers is a bigger celebration', said Gurwinder Singh.
PHOTO • Naveen Macro
Farmer from his village in Ludhiana district dismantling their Tikri settlement
PHOTO • Naveen Macro

ਖੱਬੇ : ' ਇੱਥੇ ਸਭ ਛੱਡ ਕੇ ਜਾਣਾ ਸਾਡੇ ਲਈ ਔਖ਼ਾ ਹੈ। ਪਰ ਕਿਸਾਨਾਂ ਦੀ ਫ਼ਤਹਿ ਸਭ ਤੋਂ ਵੱਡਾ ਜ਼ਸ਼ਨ ਹੈ, ' ਗੁਰਵਿੰਦਰ ਸਿੰਘ ਨੇ ਕਿਹਾ। ਸੱਜੇ : ਟੀਕਰੀ ਵਿਖੇ ਗੱਡੇ ਆਪਣੇ ਤੰਬੂਆਂ ਨੂੰ ਉਧੇੜਦੇ ਜ਼ਿਲ੍ਹਾ ਲੁਧਿਆਣਾ ਵਿਖੇ ਪੈਂਦੇ ਉਨ੍ਹਾਂ ਦੇ ਪਿੰਡ ਦੇ ਕਿਸਾਨ ਸਾਥੀ

ਸਰਕਾਰ ਵੱਲੋਂ ਤਿੰਨੋਂ ਵਿਵਾਦਤ ਖੇਤੀ ਕਨੂੰਨਾਂ ਨੂੰ ਰੱਦ ਕਰਨ ਅਤੇ ਹੋਰ ਮੰਗਾਂ ਪ੍ਰਤੀ ਸਹਿਮਤੀ ਜਤਾਉਣ ਤੋਂ ਬਾਅਦ, 9 ਦਸੰਬਰ ਨੂੰ, 40 ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਦੀ ਪ੍ਰਮੁੱਖ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਐਲਾਨ ਕੀਤਾ ਕਿ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨ ਨੂੰ ਮੁਅੱਤਲ ਕਰ ਰਹੇ ਹਨ।

ਹਾਲਾਂਕਿ ਕਿ ਕਈ ਵੱਡੇ ਮਸਲੇ ਜਿਓਂ ਦੇ ਤਿਓਂ ਹੀ ਹਨ ਜਿਨ੍ਹਾਂ ਵਿੱਚ ਫ਼ਸਲਾਂ ਲਈ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ, ਕਿਸਾਨੀ ਕਰਜ਼ੇ ਜਿਹੇ ਹੋਰ ਮੁੱਦੇ ਆਉਂਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੇਂਦਰ ਸਰਕਾਰ ਨਾਲ਼ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਜਾਰੀ ਰੱਖੇਗੀ।

''ਅਸੀਂ ਇਸ ਧਰਨੇ ਨੂੰ ਮੁਅੱਤਲ ਕੀਤਾ ਹੈ ਨਾ ਕਿ ਖ਼ਤਮ। ਸਮਝ ਲਓ ਬਈ ਜਿਵੇਂ ਫ਼ੌਜੀ ਛੁੱਟੀ ਜਾਂਦੇ ਹਨ, ਅਸੀਂ ਕਿਸਾਨ ਵੀ ਛੁੱਟੀ 'ਤੇ ਹੀ ਜਾ ਰਹੇ ਹਾਂ। ਜੇ ਇਸ ਸਰਕਾਰ ਨੇ ਸਾਨੂੰ ਮਜ਼ਬੂਰ ਕੀਤਾ ਤਾਂ ਅਸੀਂ ਵਾਪਸ ਆਵਾਂਗੇ,'' ਦੀਦਾਰ ਨੇ ਕਿਹਾ।

''ਜੇ ਇਸ ਸਰਕਾਰ ਨੇ ਐੱਮਐੱਸਪੀ ਜਾਂ ਬਾਕੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਸਾਨੂੰ ਪਰੇਸ਼ਾਨ ਕੀਤਾ ਤਾਂ ਯਕੀਨਨ ਅਸੀਂ ਮੁੜਾਂਗੇ ਅਤੇ ਮੁੜਾਂਗੇ ਵੀ ਬਿਲਕੁਲ ਪਹਿਲਾਂ ਵਾਂਗਰ ਹੀ,'' ਗੁਰਵਿੰਦਰ ਨੇ ਗੱਲ ਜੋੜਦਿਆਂ ਕਿਹਾ।

ਡਾਂਗੀਆਂ ਪਿੰਡ ਦੇ ਪ੍ਰਦਰਸ਼ਨਕਾਰੀਆਂ ਦੀ ਢਾਣੀ ਤੋਂ ਕੁਝ ਮੀਟਰ ਦੂਰ, ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਸਤਬੀਰ ਗੋਦਾਰਾ ਅਤੇ ਢਾਣੀ ਭੋਜਰਾਜ ਪਿੰਡ ਦੇ ਹੋਰ ਕਿਸਾਨਾਂ ਨੇ ਆਪਣਾ ਮਾਲ਼-ਅਸਬਾਬ ਇੱਕ ਛੋਟੇ ਜਿਹੇ ਟਰੱਕ ਵਿੱਚ ਲੱਦ ਲਿਆ ਸੀ ਜਿਸ ਵਿੱਚ ਦੋ ਪੱਖੇ, ਪਾਣੀ ਦੇ ਡਰੰਮ ਅਤੇ ਕੂਲਰ (ਏਅਰ), ਤਰਪਾਲਾਂ ਅਤੇ ਲੋਹੇ ਦੇ ਪਾਈਪ/ਸਰੀਏ ਵਗੈਰਾ ਸਨ।

'We will return if we have to fight for MSP. Our andolan has only been suspended', said Satbir Godara (with orange scarf).
PHOTO • Naveen Macro
'When we would come here to collect waste, they fed poor people like us two times a day', said Kalpana Dasi
PHOTO • Naveen Macro

ਖੱਬੇ : ' ਜੇ ਸਾਨੂੰ ਐੱਮਐੱਸਪੀ ਵਾਸਤੇ ਲੜਨਾ ਪਿਆ ਤਾਂ ਅਸੀਂ ਮੁੜਾਂਗੇ। ਸਾਡਾ ਅੰਦੋਲਨ ਸਿਰਫ਼ ਮੁਅੱਤਲ ਹੋਇਆ ਹੈ, ' ਸਤਬੀਰ ਗੋਦਾਰਾ (ਕੇਸਰੀ ਪਰਨੇ ਵਾਲ਼ੇ) ਨੇ ਕਿਹਾ। ਸੱਜੇ : ' ਜਦੋਂ ਵੀ ਅਸੀਂ ਇੱਥੋਂ ਕਬਾੜ (ਬੋਤਲਾਂ ਤੇ ਪਲਾਸਟਿਕ) ਵਗੈਰਾ ਲੈਣ ਆਉਂਦੇ ਤਾਂ ਕਿਸਾਨ ਸਾਨੂੰ ਹਰ ਰੋਜ਼ ਦੋ ਡੰਗ ਰੋਟੀ ਖੁਆਉਂਦੇ ਰਹੇ, ' ਕਲਪਨਾ ਦਾਸੀ ਨੇ ਕਿਹਾ

''ਅਸੀਂ ਇਹ ਟਰੱਕ ਆਪਣੇ ਪਿੰਡੋਂ ਮੰਗਵਾਇਆ ਹੈ ਅਤੇ ਸਾਨੂੰ ਸਿਰਫ਼ ਡੀਜ਼ਲ ਦਾ ਖਰਚਾ ਹੀ ਦੇਣਾ ਪੈਣਾ ਹੈ,'' 44 ਸਾਲਾ ਸਤਬੀਰ ਨੇ ਕਿਹਾ। ''ਇਹ ਪੂਰਾ ਸਮਾਨ ਸਾਡੇ ਜ਼ਿਲ੍ਹੇ ਦੇ ਨੇੜੇ ਧਨੀ ਗੋਪਾਲ ਚੌਕ ਵਿਖੇ ਲਾਹਿਆ ਜਾਵੇਗਾ। ਖ਼ਬਰੇ ਸਾਨੂੰ ਦੋਬਾਰਾ ਅਜਿਹੇ ਸੰਘਰਸ਼ ਦੀ ਲੋੜ ਪੈ ਗਈ ਤਾਂ?  ਫਿਰ ਸਾਨੂੰ ਤਿਆਰ ਤਾਂ ਰਹਿਣਾ ਹੀ ਪੈਣਾ। ਅਜੇ ਵੀ ਸਾਡੀਆਂ ਸਾਰੀਆਂ ਮੰਗਾਂ ਕਿੱਥੇ ਪੂਰੀਆਂ ਹੋਈਆਂ। ਇਸਲਈ ਅਸੀਂ ਇਹ ਸਾਰਾ ਸਮਾਨ ਇੱਕੋ ਥਾਏਂ ਹੀ ਬੰਨ੍ਹਿਆਂ ਰਹਿਣ ਦੇਣਾ।  ਹੁਣ ਅਸੀਂ ਜਾਣ ਗਏ ਹਾਂ ਕਿ ਸਰਕਾਰ ਨੂੰ ਸਬਕ ਕਿਵੇਂ ਸਿਖਾਉਣਾ ਏ।'' ਸਭ ਦੇ ਠਹਾਕੇ ਗੂੰਜ ਗਏ।

''ਅਸੀਂ ਸਰਕਾਰ ਨੂੰ ਥੋੜ੍ਹਾ ਸਮਾਂ ਦਿੱਤਾ ਹੈ। ਅਸੀਂ ਮੁੜਾਂਗੇ ਜੇਕਰ ਸਾਨੂੰ ਐੱਮਐੱਸਪੀ ਵਾਸਤੇ ਲੜਨਾ ਪਿਆ ਤਾਂ। ਸਾਡਾ ਅੰਦੋਲਨ ਸਿਰਫ਼ ਮੁਅੱਤਲ ਹੋਇਆ ਹੈ,'' ਸਤਬੀਰ ਨੇ ਕਿਹਾ। ''ਇਹ ਵਰ੍ਹਾ ਸਾਡੇ ਲਈ ਇਤਿਹਾਸਕ ਹੋ ਨਿਬੜਿਆ। ਅਸੀਂ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲ਼ਿਆਂ ਦਾ ਸਾਹਮਣਾ ਕੀਤਾ। ਸਾਡਾ ਰਾਹ ਰੋਕਣ ਵਾਸਤੇ ਉਨ੍ਹਾਂ ਨੇ ਸੜਕਾਂ 'ਤੇ ਵੱਡੇ ਵੱਡੇ ਪੱਥਰ ਵਿਛਾ ਛੱਡੇ। ਅਸੀਂ ਹਰ ਮੁਸੀਬਤ ਦਾ ਟਾਕਰਾ ਕੀਤਾ ਅਤੇ ਅਖ਼ੀਰ ਟੀਕਰੀ ਅੱਪੜ ਗਏ।''

11 ਦਸੰਬਰ ਦੀ ਸਵੇਰ 9 ਵਜੇ, ਕਿਸਾਨਾਂ ਦੇ ਕਈਆਂ ਜੱਥੇ ਟੀਕਰੀ ਤੋਂ ਵਾਪਸ ਰਵਾਨਾ ਹੋਏ। ਬਾਕੀ ਜਿਨ੍ਹਾਂ ਨੇ ਆਪਣਾ ਸਮਾਨ ਵਗੈਰਾ ਬੰਨ੍ਹ ਲਿਆ ਹੋਇਆ ਸੀ ਉਹ ਵੀ ਤੁਰਨ ਨੂੰ ਤਿਆਰ ਸਨ। ਬੰਦਿਆਂ ਨੇ ਟਰਾਲੀਆਂ ਵਿੱਚ ਵਿਛਾਏ ਗੱਦਿਆਂ 'ਤੇ ਆਪੋ-ਆਪਣੀ ਥਾਂ ਮੱਲ ਲਈ। ਉਨ੍ਹਾਂ ਦੀਆਂ ਟਰਾਲੀਆਂ ਵਿੱਚ ਮੰਜੀਆਂ, ਤਿਰਪਾਲਾਂ ਅਤੇ ਹੋਰ ਵਸਤਾਂ ਵੀ ਵਾਪਸੀ ਲਈ ਤਿਆਰ ਸਨ। ਕਈ ਟਰੱਕਾਂ 'ਤੇ ਸਵਾਰ ਹੋ ਮੁੜ ਰਹੇ ਸਨ ਅਤੇ ਬਾਕੀ ਕਈ ਕਾਰਾਂ ਅਤੇ ਬਲੈਰੋ ਗੱਡੀਆਂ ਵਿੱਚ।

ਉਨ੍ਹਾਂ ਵਿੱਚੋਂ ਬਹੁਤੇਰੇ ਜੱਥੇ ਵੈਸਟਰ ਪੈਰੀਫਰੇਲ ਐਕਸਪ੍ਰੈਸ ਦਾ ਰਾਹ ਫੜ੍ਹਨ ਲਈ ਸਿੱਧੇ ਵੱਧ ਰਹੇ ਸਨ, ਜਦੋਂ ਕਿ ਬਾਕੀ ਹੋਰ ਜੱਥੇ ਦਿੱਲੀ-ਰੋਹਤਕ ਰੋਡ (ਹਰਿਆਣਾ ਦੇ ਬਹਾਦਰਗੜ੍ਹ ਸ਼ਹਿਰ ਵੱਲ) ਖੱਬੇ ਪਾਸੇ ਮੁੜ ਰਹੇ ਸਨ, ਇਸੇ ਥਾਂ 'ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ, ਏਕਤਾ ਉਗਰਾਹਾਂ) ਤਾਇਨਾਤ ਰਹੀ ਸੀ।

ਉਸੇ ਸੜਕ 'ਤੇ 30 ਸਾਲਾ ਕਲਪਨਾ ਦਾਸੀ ਜੋ ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦੀ ਰਹਿਣ ਵਾਲ਼ੀ ਹਨ, ਆਪਣੇ 10 ਸਾਲਾ ਬੇਟੇ ਅਕਾਸ਼ ਦੇ ਨਾਲ਼ ਬਹਾਦੁਰਗੜ੍ਹ ਵਿਖੇ ਕੂੜਾ ਚੁਗਣ ਦਾ ਕੰਮ ਕਰਦੀ ਹਨ। ਉਹ ਧਰਨੇ ਦੀ ਥਾਂ ਤੋਂ ਕੂੜਾ-ਕਰਕਟ ਚੁਗਣ ਆਇਆ ਕਰਦੀ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੀ ਸਨ ਕਿ ਧਰਨੇ 'ਤੇ ਬੈਠੇ ਕਿਸਾਨਾਂ ਨੇ ਇੱਕ ਨਾ ਇੱਕ ਦਿਨ ਮੁੜਨਾ ਤਾਂ ਸੀ ਹੀ ਪਰ ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ। ''ਅਸੀਂ ਜਦੋਂ ਵੀ ਇੱਥੇ ਕੂੜਾ-ਕਰਕਟ ਚੁਗਣ ਆਉਂਦੇ ਤਾਂ ਉਹ ਸਾਨੂੰ ਦਿਨ ਦੇ ਦੋ ਡੰਗ ਖਾਣਾ ਖੁਆਉਂਦੇ,'' ਉਨ੍ਹਾਂ ਨੇ ਕਿਹਾ।

'Hundreds of tractors will first reach Buttar in Moga, two-three villages before ours. We will be welcomed there with flowers, and then we will finally reach our village', said Sirinder Kaur.
PHOTO • Naveen Macro
With other other farm protesters from her village washing utensils to pack in their tractor-trolley
PHOTO • Naveen Macro

ਖੱਬੇ: 'ਸੈਂਕੜੇ ਟਰੈਕਟਰ ਮੋਗਾ ਦੇ ਬੁੱਟਰ ਵਿਖੇ ਅੱਪੜਨਗੇ, ਸਾਡੇ ਪਿੰਡਾਂ ਤੋਂ ਦੋ-ਤਿੰਨ ਪਿੰਡ ਪਹਿਲਾਂ। ਉੱਥੇ ਸਾਡਾ ਫੁੱਲਾਂ ਨਾਲ਼ ਸੁਆਗਤ ਕੀਤਾ ਜਾਵੇਗਾ ਅਤੇ ਫਿਰ ਅਖ਼ੀਰ ਅਸੀਂ ਆਪਣੇ ਪਿੰਡ ਅੱਪੜਾਂਗੇ,' ਸਿਰੀਂਦਰ ਕੌਰ ਨੇ ਕਿਹਾ। ਸੱਜੇ: ਉਨ੍ਹਾਂ ਦੇ ਪਿੰਡ ਦੇ ਬਾਕੀ ਪ੍ਰਦਰਸ਼ਨਕਾਰੀ ਟਰੈਕਟਰ-ਟਰਾਲੀਆਂ ਵਿੱਚ ਲੱਦਣ ਤੋਂ ਪਹਿਲਾਂ ਭਾਂਡੇ ਮਾਂਜਦੇ ਹੋਏ

ਇਸ ਸੜਕ ਦੇ ਮੂਹਰੇ ਜਾਂਦੇ (ਰੋਹਤਕ ਨੂੰ) ਟਰੈਕਟਰਾਂ ਨੂੰ ਪਲਾਸਿਟਕ ਅਤੇ ਕਾਗ਼ਜ਼ ਦੇ ਫੁੱਲਾਂ ਤੇ ਲਿਸ਼ਕਣੀਆਂ ਝੰਡੀਆਂ ਅਤੇ ਯੂਨੀਅਨ ਦੇ ਝੰਡਿਆਂ ਨਾਲ਼ ਸਜਾਇਆ ਗਿਆ ਹੈ। ਅਸੀਂ ਆਪਣੇ ਟਰੈਕਟਰਾਂ ਨੂੰ ਵੀ ਇੰਝ ਹੀ ਸਜਾਇਆ ਹੋਇਆ ਹੈ ਅਤੇ ਕਿਸੇ ਜਸ਼ਨ ਮਨਾਉਂਦੀ ਬਰਾਤ ਵਾਂਗਰ ਅੱਗੇ ਵੱਧਦੇ ਜਾਵਾਂਗੇ,'' 50 ਸਾਲਾ ਸਿਰੀਂਦਰ ਕੌਰ ਨੇ ਕਿਹਾ, ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਤੋਂ ਹਨ। ਇੱਕ ਟਰਾਲੀ ਵਿੱਚ ਉਨ੍ਹਾਂ ਦੇ ਗੱਦੇ, ਭਾਂਡੇ ਅਤੇ ਬਾਕੀ ਸਮਾਨ ਲੱਦਿਆ ਗਿਆ, ਇੱਕ ਦੂਸਰੀ ਟਰਾਲੀ ਵਿੱਚ ਬੰਦਿਆਂ ਨੇ ਬੈਠਣਾ ਸੀ, ਜਦੋਂਕਿ ਔਰਤਾਂ ਇੱਕ ਵੱਖਰੀ ਮੈਟਾਡੋਰ ਵਿੱਚ ਸਵਾਰ ਹੋਈਆਂ।

''ਸੈਂਕੜੇ ਟਰੈਕਟਰ ਮੋਗਾ ਦੇ ਬੁੱਟਰ ਵਿਖੇ ਅੱਪੜਨਗੇ, ਸਾਡੇ ਪਿੰਡਾਂ ਤੋਂ ਦੋ-ਤਿੰਨ ਪਿੰਡ ਪਹਿਲਾਂ। ਉੱਥੇ ਸਾਡਾ ਫੁੱਲਾਂ ਨਾਲ਼ ਸੁਆਗਤ ਕੀਤਾ ਜਾਵੇਗਾ ਅਤੇ ਫਿਰ ਅਖ਼ੀਰ ਅਸੀਂ ਆਪਣੇ ਪਿੰਡ ਅੱਪੜਾਂਗੇ,'' ਸਿਰੀਂਦਰ ਕੌਰ ਨੇ ਕਿਹਾ। ਡਾਲਾ ਪਿੰਡ ਵਿਖੇ ਉਨ੍ਹਾਂ ਦਾ ਪਰਿਵਾਰ ਝੋਨੇ, ਕਣਕ ਅਤੇ ਕਾਬਲੀ ਛੋਲਿਆਂ ਦੀ ਕਾਸ਼ਤ ਕਰਦਾ ਹੈ। ਉਨ੍ਹਾਂ ਦੀ ਪਿਛੋਕੜ ਸੁਤੰਤਰਤਾ ਸੈਲਾਨੀਆਂ ਦੀ ਹੈ, ਉਨ੍ਹਾਂ ਨੇ ਕਿਹਾ। ਇਸ ਸਮੇਂ (11 ਦਸੰਬਰ ਤੀਕਰ),''ਮੇਰਾ ਇੱਕ ਦਿਓਰ ਟੀਕਰੀ, ਇੱਕ ਦਿਓਰ ਸਿੰਘੂ ਵਿਖੇ ਪ੍ਰਦਰਸ਼ਨ ਵਿੱਚ ਮੌਜੂਦ ਰਹੇ ਹਨ ਅਤੇ ਮੇਰਾ ਪਰਿਵਾਰ ਇੱਥੇ (ਬਹਾਦੁਰਗੜ੍ਹ, ਰੋਹਤਕ ਰੋਡ) ਤਾਇਨਾਤ ਰਿਹਾ। ਸਾਡਾ ਪਰਿਵਾਰ ਯੋਧਿਆਂ ਦਾ ਪਰਿਵਾਰ ਹੈ ਅਤੇ ਹੁਣ ਅਸੀਂ ਇਹ ਲੜਾਈ ਵੀ ਜਿੱਤ ਲਈ ਹੈ। ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਸਾਡੀ ਮੰਗ ਮੰਨੀ ਗਈ ਹੈ ਹੁਣ ਅਸੀਂ ਉਵੇਂ ਹੀ ਕਰਾਂਗੇ ਜਿਵੇਂ ਸਾਡੀ ਯੂਨੀਅਨ (ਬੀਕੇਯੂ ਏਕਤਾ ਉਗਰਾਹਾਂ) ਕਹਿੰਦੀ ਹੈ।''

ਇੱਕ ਹੋਰ ਟਰਾਲੀ ਵਿੱਚ ਸਵਾਰ 48 ਸਾਲਾ ਕਿਰਨਪ੍ਰੀਤ ਕੌਰ ਕਾਫ਼ੀ ਥੱਕੀ ਹੋਈ ਜਾਪ ਰਹੀ ਸਨ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬਧਨੀ ਕਲਾਂ ਤੋਂ ਹਨ। ''ਅਸੀਂ ਸਿਰਫ਼ ਇੱਕ ਘੰਟਾ ਹੀ ਸੁੱਤੇ। ਕੱਲ੍ਹ ਤੋਂ ਹੀ ਅਸੀਂ ਸਮਾਨ ਬੰਨ੍ਹ ਰਹੇ ਹਾਂ,'' ਉਨ੍ਹਾਂ ਨੇ ਕਿਹਾ। ''ਅਸੀਂ ਜਿੱਤ ਦਾ ਜਸ਼ਨ ਮਨਾਉਣ ਵਿੱਚ ਮਘਨ ਰਹੇ ਜੋ ਸਵੇਰੇ 3 ਵਜੇ ਤੀਕਰ ਚੱਲਿਆ।''

ਪਿਛਾਂਹ ਘਰੇ, ਉਨ੍ਹਾਂ ਦਾ ਪਰਿਵਾਰ 15 ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ, ਮੱਕੀ, ਸਰ੍ਹੋਂ ਅਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ,''ਇੱਥੇ ਰਹਿ ਕੇ ਮੈਂ ਸਿੱਖਿਆ ਕਿ ਸ਼ਾਂਤਮਈ ਪ੍ਰਦਰਸ਼ਨ ਕਿਵੇਂ ਕਰੀਦਾ ਹੈ ਅਤੇ ਖ਼ਾਸ ਕਰਕੇ ਉਦੋਂ ਜਦੋਂ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹੋਈਏ ਤਾਂ ਜਿੱਤ ਕਿਵੇਂ ਯਕੀਨੀ ਹੋ ਸਕਦੀ ਹੁੰਦੀ ਹੈ।''

ਕਿਰਨਪ੍ਰੀਤ ਨੇ ਕਿਹਾ ਕਿ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਪੂਰੀ ਦੀ ਪੂਰੀ ਥਾਂ ਦੀ ਸਫ਼ਾਈ ਕਰ ਦਿੱਤੀ ਜੋ ਅਸਾਂ ਘੇਰੀ ਹੋਈ ਸੀ। ''ਮੈਂ ਮਿੱਟੀ ਅੱਗੇ ਸੀਸ ਨਿਵਾਇਆ। ਇਸੇ ਮਿੱਟੀ ਨੇ ਸਾਨੂੰ ਪ੍ਰਦਰਸ਼ਨ ਕਰਨ ਦੀ ਥਾਂ ਦਿੱਤੀ। ਜਿਸ ਮਿੱਟੀ ਦੀ ਤੁਸੀਂ ਪੂਜਾ ਕਰਦੇ ਹੋ ਉਹ ਆਪਣਾ ਮੁੱਲ ਮੋੜਦੀ ਹੀ ਮੋੜਦੀ ਹੈ।''

Kiranpreet Kaur, Amarjeet Kaur, and Gurmeet Kaur, all from Badhni Kalan, ready to move in a village trolley. 'We have only slept for an hour. Since yesterday we have been packing. There was a victory celebration till 3 a.m.', said Kiranpreet.
PHOTO • Naveen Macro
'Our villagers will welcome us', said Pararmjit Kaur, a BKU leader from Bathinda
PHOTO • Naveen Macro

ਖੱਬੇ : ਕਿਰਨਪ੍ਰੀਤ ਕੌਰ, ਅਮਰਜੀਤ ਕੌਰ ਅਤੇ ਗੁਰਮੀਤ ਕੌਰ, ਤਿੰਨੋਂ ਹੀ ਬਧਨੀ ਕਲਾਂ ਤੋਂ ਹਨ ਅਤੇ ਪਿੰਡ ਜਾਣ ਲਈ ਟਰਾਲੀ ਵਿੱਚ ਸਵਾਰ ਹਨ। ' ਅਸੀਂ ਸਿਰਫ਼ ਇੱਕ ਘੰਟਾ ਹੀ ਸੁੱਤੇ। ਕੱਲ੍ਹ ਤੋਂ ਹੀ ਅਸੀਂ ਸਮਾਨ ਬੰਨ੍ਹ ਰਹੇ ਹਾਂ, '' ਉਨ੍ਹਾਂ ਨੇ ਕਿਹਾ। '' ਅਸੀਂ ਜਿੱਤ ਦਾ ਜਸ਼ਨ ਮਨਾਉਣ ਵਿੱਚ ਮਘਨ ਰਹੇ ਜੋ ਸਵੇਰੇ 3 ਵਜੇ ਤੀਕਰ ਚੱਲਿਆ, ' ਕਿਰਨਪ੍ਰੀਤ ਨੇ ਕਿਹਾ। ਸੱਜੇ : ' ਸਾਡੇ ਪਿੰਡ ਵਾਲ਼ੇ ਸਾਡਾ ਸੁਆਗਤ ਕਰਨਗੇ, ' ਪਰਮਜੀਤ ਕੌਰਨ ਨੇ ਕਿਹਾ ਜੋ ਬੀਕੇਯੂ, ਬਠਿੰਡਾ ਦੀ ਲੀਡਰ ਹਨ

ਬਹਾਦੁਰਗੜ੍ਹ ਵਿਖੇ ਬੀਕੇਯੂ ਦੀ ਮੇਨ ਸਟੇਜ ਦੇ ਕੋਲ਼ ਮੌਜੂਦ ਪਰਮਜੀਤ ਕੌਰ ਜੋ ਬਠਿੰਡਾ ਜ਼ਿਲ੍ਹੇ ਦੀ ਮਹਿਲਾ ਯੂਨੀਅਨ ਲੀਡਰ ਹਨ, ਹਰ ਕਿਸੇ ਨੂੰ ਟਰਾਲੀਆਂ ਵਿੱਚ ਥਾਂ ਦਵਾਉਣ ਵਿੱਚ ਰੁੱਝੀ ਹੋਈ ਸਨ। 60 ਸਾਲਾ ਪਰਮਜੀਤ ਕੌਰ ਨੇ ਸੜਕ ਦੇ ਡਿਵਾਈਡਰ ਦਾ ਉਹ ਹਿੱਸਾ ਸਾਫ਼ ਕੀਤਾ ਜਿੱਥੇ ਉਹ ਆਲੂ, ਟਮਾਟਰ, ਸਰ੍ਹੋਂ ਅਤੇ ਹਰੀਆਂ ਸਬਜ਼ੀਆਂ ਉਗਾਇਆ ਕਰਦੀ ਸਨ। (ਦੇਖੋ ਸਟੋਰੀ: ਟੀਕਰੀ ਦੀ ਕਿਸਾਨ : ' ਅਸੀਂ ਇਹ ਸਾਰੇ ਤਸ਼ੱਦਦ ਤਾਉਮਰ ਚੇਤੇ ਰੱਖਾਂਗੇ ' )। ''ਮੈਂ ਸਬਜ਼ੀਆਂ ਤੇ ਫ਼ਸਲ ਨੂੰ ਕੱਟਿਆ ਅਤੇ ਸਾਰਾ ਕੁਝ ਮਜ਼ਦੂਰਾਂ ਨੂੰ ਦੇ ਦਿੱਤਾ,'' ਉਨ੍ਹਾਂ ਨੇ ਕਿਹਾ। ''ਅਸੀਂ ਆਪਣੇ ਨਾਲ਼ ਬਹੁਤ ਥੋੜ੍ਹਾ ਕੁਝ ਹੀ ਵਾਪਸ ਲਿਜਾ ਰਹੇ ਹਾਂ। ਅਸੀਂ ਲੱਕੜਾਂ, ਤਿਰਪਾਲਾਂ ਇੱਥੋਂ ਦੀ ਗ਼ਰੀਬ ਲੋਕਾਂ ਨੂੰ ਦੇ ਦਿੱਤੀਆਂ ਤਾਂ ਕਿ ਉਹ ਆਪਣੇ ਘਰ ਬਣਾ ਲੈਣ।''

ਅੱਜ ਰਾਤੀਂ, ਸਾਡੀ ਟਰਾਲੀ ਰਸਤੇ ਵਿੱਚ ਪੈਂਦੇ ਕਿਸੇ ਗੁਰੂਦੁਆਰਾ ਸਾਹਬ  ਵਿਖੇ ਰੁਕੇਗੀ ਅਤੇ ਅਗਲੀ ਸਵੇਰ ਅਸੀਂ ਚਾਲੇ ਪਾਵਾਂਗੇ। ''ਸਾਡੇ ਪਿੰਡ ਵਾਸੀ ਸਾਡਾ ਸੁਆਗਤ ਕਰਨਗੇ। ਅਸੀਂ ਰੱਜ ਕੇ ਖ਼ੁਸ਼ੀਆਂ ਮਨਾਵਾਂਗੇ ਕਿ ਅਖ਼ੀਰ ਅਸੀਂ ਆਪਣੀਆਂ ਜ਼ਮੀਨਾਂ ਬਚਾ ਲਈਆਂ। ਵੈਸੇ ਸਾਡਾ ਸੰਘਰਸ਼ ਅਜੇ ਮੁੱਕਿਆ ਨਹੀਂ। ਅਸੀਂ ਦੋ ਦਿਨ ਅਰਾਮ ਕਰਾਂਗੇ ਅਤੇ ਫਿਰ ਪੰਜਾਬ ਵਿੱਚ ਰਹਿ ਕੇ ਹੀ ਆਪਣੀਆਂ ਹੋਰਨਾਂ ਮੰਗਾਂ ਵਾਸਤੇ ਸੰਘਰਸ਼ ਵਿੱਢ ਦਿਆਂਗੇ।''

ਜਦੋਂ ਉਹ ਬੋਲ ਰਹੀ ਸਨ ਤਾਂ ਆਪੋ-ਆਪਣੀਆਂ ਟਰੈਕਟਰ-ਟਰਾਲੀਆਂ ਵਿੱਚ ਸਵਾਰ ਕਿਸਾਨਾਂ ਦੀ ਇੱਕ ਕਾਫ਼ਲਾ ਉਨ੍ਹਾਂ ਦੇ ਕੋਲ਼ੋਂ ਦੀ ਲੰਘ ਰਿਹਾ ਸੀ। ਮੁੜਦੇ ਕਿਸਾਨਾਂ ਦੇ ਵਾਹਨਾਂ ਦੀ ਭੀੜ ਦੇ ਪ੍ਰਬੰਧਨ ਵਾਸਤੇ ਹਰਿਆਣਾ ਪੁਲਿਸ ਤਾਇਨਾਤ ਕੀਤੀ ਗਈ ਸੀ। ਧਰਨਾ ਸਥਲ ਦੇ ਸ਼ੁਰੂ ਵਿੱਚ ਇੱਕ ਜੇਸੀਬੀ ਮਸ਼ੀਨ ਉਨ੍ਹਾਂ ਪੱਥਰਾਂ ਨੂੰ ਤੋੜ ਤੋੜ ਹਟਾਉਂਦੀ ਹੋਈ ਜਿਨ੍ਹਾਂ ਨੂੰ ਪਿਛਲੇ ਸਾਲ ਪ੍ਰਸ਼ਾਸਨ ਨੇ ਥਾਂ ਥਾਂ ਜੜ੍ਹਿਆ ਸੀ ਤਾਂ ਕਿ ਕਿਸਾਨਾਂ ਨੂੰ ਦਿੱਲੀ ਅੰਦਰ ਵੜ੍ਹਨ ਤੋਂ ਰੋਕਿਆ ਜਾ ਸਕੇ। ਵੈਸੇ ਇਹ ਥਾਂ ਪੰਜਾਬ ਕਿਸਾਨ ਯੂਨੀਅਨ ਦੀ ਸਟੇਜ ਤੋਂ ਕੋਈ ਬਹੁਤੀ ਦੂਰ ਨਹੀਂ ਸੀ।

ਸਵੇਰ ਦੇ 11 ਵੱਜਦੇ ਵੱਜਦੇ, ਟੀਕਰੀ ਦੀ ਜਮ਼ੀਨ ਤੋਂ ਹਰ ਸ਼ੈਅ ਹਟਾ ਦਿੱਤੀ ਗਈ ਅਤੇ ਜੋ ਵੀ ਟਾਂਵੇ-ਟਾਂਵੇ ਪ੍ਰਦਰਸ਼ਨਕਾਰੀ ਬਚੇ ਵੀ ਸਨ, ਉਹ ਵੀ ਵਾਪਸ ਨਿਕਲ਼ਣ ਨੂੰ ਤਿਆਰ-ਬਰ-ਤਿਆਰ ਖੜ੍ਹੇ ਸਨ। ਉਹ ਥਾਂ ਜਿੱਥੇ ਪਿਛਲੇ ਇੱਕ ਸਾਲ ਤੋਂ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜਦੇ ਆਏ ਸਨ... ਅੱਜ ਸ਼ਾਂਤ ਹੋ ਗਈ। ਪਰ ਇਨ੍ਹਾਂ ਨਾਅਰਿਆਂ ਦੀ ਗੂੰਜ ਕਿਸਾਨਾਂ ਦੇ ਨਾਲ਼ ਉਨ੍ਹਾਂ ਦੀ ਪਿੰਡਾਂ ਤੀਕਰ ਗੂੰਜਦੀ ਜਾਵੇਗੀ ਜਿੱਥੇ ਉਨ੍ਹਾਂ ਨੇ ਆਪਣੀ ਲੜਾਈ ਨੂੰ ਜਾਰੀ ਰੱਖਣ ਦਾ ਇਰਾਦਾ ਕੀਤਾ ਹੋਇਆ ਹੈ।

PHOTO • Naveen Macro

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਢਾਣੀ ਭੋਜਰਾਜ ਪਿੰਡ ਦੇ ਪ੍ਰਦਰਸ਼ਨਕਾਰੀ ਕਿਸਾਨ ਪੱਛਮੀ ਦਿੱਲੀ ਨੇੜਲੇ ਟੀਕਰੀ ਧਰਨਾ ਸਥਲ ਵਿਖੇ ਆਪਣੇ ਤੰਬੂਆਂ/ਛੰਨਾਂ ਨੂੰ ਉਧੇੜਦੇ ਹੋਏ ਅਤੇ ਟਰੱਕਾਂ ਵਿੱਚ ਲੱਦਦੇ ਹੋਏ


PHOTO • Naveen Macro

ਬਾਂਸਾਂ ਦੇ ਜੋੜਾਂ ਨੂੰ ਉਧੇੜਨ ਵਾਸਤੇ ਕਦੇ ਉਹ ਡਾਂਗ ਵਰਤਦੇ ਅਤੇ ਕਦੇ ਇੱਟਾਂ ਮਾਰ ਮਾਰ ਕੇ ਤੰਬੂਆਂ ਦੀਆਂ ਨੀਹਾਂ ਭੰਨ੍ਹਦੇ


PHOTO • Naveen Macro

ਕੂਚ ਕਰਨ ਤੋਂ ਪਹਿਲਾਂ ਸਮਾਨ ਬੰਨ੍ਹਣ ਦਾ ਕੰਮ ਪਿਛਲੀ ਰਾਤ ਸ਼ੁਰੂ ਹੋ ਗਿਆ ਅਤੇ 11 ਦਸੰਬਰ ਦੀ ਅਗਲੀ ਸਵੇਰ ਤੱਕ ਜਾਰੀ ਰਿਹਾ : ' ਆਪਣੇ ਇਹ ਆਸਰੇ ਅਸੀਂ ਆਪਣੇ ਹੱਥੀਂ ਬਣਾਏ ਸਨ ਅਤੇ ਹੁਣ ਆਪਣੇ ਹੱਥੀਂ ਹੀ ਉਧੇੜ ਰਹੇ ਹਾਂ '


PHOTO • Naveen Macro

ਗੁਰਵਿੰਦਰ ਸਿੰਘ (ਫ਼ਿਰੋਜੀ ਪੱਗ ਬੰਨ੍ਹੀ, ਵਿਚਕਾਰ ਖੜ੍ਹੇ) ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਪ੍ਰਦਰਸ਼ਨਕਾਰੀ ਕਿਸਾਨ ਪੱਛਮੀ ਦਿੱਲੀ ਦੇ ਨੇੜੇ ਟੀਕਰੀ ਵਿਖੇ ਉਧੇੜੇ ਤੰਬੂਆਂ ਦੇ ਬਾਹਰ ਖੜ੍ਹੇ ਹੋਏ


PHOTO • Naveen Macro

ਬੰਦਿਆਂ ਨੇ ਟਰਾਲੀਆਂ ਵਿੱਚ ਵਿਛਾਏ ਗੱਦਿਆਂ ' ਤੇ ਆਪੋ-ਆਪਣੀ ਥਾਂ ਮੱਲ ਲਈ। ਉਨ੍ਹਾਂ ਦੀਆਂ ਟਰਾਲੀਆਂ ਵਿੱਚ ਮੰਜੀਆਂ, ਤਿਰਪਾਲਾਂ ਅਤੇ ਹੋਰ ਵਸਤਾਂ ਵੀ ਵਾਪਸੀ ਲਈ ਤਿਆਰ ਸਨ। ਕਈ ਟਰੱਕਾਂ ' ਤੇ ਸਵਾਰ ਹੋ ਮੁੜ ਰਹੇ ਸਨ ਅਤੇ ਬਾਕੀ ਕਈ ਕਾਰਾਂ ਅਤੇ ਬਲੈਰੋ ਗੱਡੀਆਂ ਵਿੱਚ


PHOTO • Naveen Macro

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਪ੍ਰਦਰਸ਼ਨਕਾਰੀ ਹਰਿਆਣਾ ਦੇ ਬਹਾਦੁਰਗੜ੍ਹ ਨੇੜਿਓਂ ਆਪਣੇ ਤੰਬੂ (ਜੋ ਕਦੇ 25 ਲੋਕਾਂ ਦਾ ਘਰ ਸੀ) ਵਿੱਚੋਂ ਪੱਖੇ ਅਤੇ ਬਿਜਲੀ ਦੇ ਕੁਨੈਕਸ਼ਨ ਲਾਹੁੰਦੇ ਹੋਏ। ਜਸਕਰਨ ਸਿੰਘ (ਪੱਖਾ ਲਾਹੁੰਦੇ ਹੋਏ) ਨੇ ਕਿਹਾ : ' ਅਸੀਂ ਖ਼ੁਸ਼ ਹਾਂ ਕਿਉਂਕਿ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ। ਜੇ ਲੋੜ ਪਈ ਤਾਂ ਅਸੀਂ ਮੁੜਾਂਗੇ '


PHOTO • Naveen Macro

ਰੋਹਤਕ ਰੋਡ ਵਿਖੇ ਗੱਡੇ ਆਪਣੇ ਤੰਬੂ ਉਧੇੜਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੇ ਲੱਕੜ ਦੇ ਮੇਜ਼ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਸਥਾਨਕ ਮਜ਼ਦੂਰਾਂ ਨੇ ਦੇ ਦਿੱਤੀਆਂ


PHOTO • Naveen Macro

' ਅਸੀਂ ਆਪਣੇ ਟਰੈਕਟਰਾਂ ਨੂੰ ਸਜਾਇਆ ਹੋਇਆ ਹੈ ਅਤੇ ਜਸ਼ਨ ਮਨਾਉਂਦੀ ਕਿਸੇ ਬਰਾਤ ਵਾਂਗ ਅੱਗੇ ਵੱਧਦੇ ਜਾਵਾਂਗੇ, ' ਸਿਰੀਂਦਰ ਕੌਰ ਨੇ ਕਿਹਾ


PHOTO • Naveen Macro

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਗਿਆਣਾ ਦੇ ਕਿਸਾਨਾਂ ਨੇ ਧਰਨੇ ਵਿਖੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਹਾਜ਼ਰ ਰਹੇ ਕਿਸਾਨਾਂ ਦਾ ਸਨਮਾਨ ਕੀਤਾ


PHOTO • Naveen Macro

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦੇ ਪ੍ਰਦਰਸ਼ਨਕਾਰੀ ਕਿਸਾਨ ਰੋਹਤਕ ਰੋਡ ਵਿਖੇ ਆਪਣੀ ਧਰਨੇ ਦੀ ਥਾਂ ਛੱਡਣ ਦੀਆਂ ਤਿਆਰੀਆਂ ਕਰਦੇ ਹੋਏ


PHOTO • Naveen Macro

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦੇ ਪ੍ਰਦਰਸ਼ਨਕਾਰੀ ਕਿਸਾਨ ਦੀ ਬੰਨ੍ਹ-ਬੰਨ੍ਹਾਈ ਦਾ ਅਤੇ ਟਰੱਕਾਂ ਵਿੱਚ ਲੱਦਣ ਦਾ ਕੰਮ ਮੁਕੰਮਲ ਹੋ ਗਿਆ। ਹੁਣ ਵੇਲ਼ਾ ਆਇਆ ਸਮੂਹ ਫ਼ੋਟੋ ਲੈਣ ਦਾ


PHOTO • Naveen Macro

ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇੱਕ ਕਿਸਾਨ, ਮੁਸਕਾਨ ਖਿੰਡਾਉਂਦਾ ਹੋਇਆ ਆਪਣੇ ਟਰੱਕ ਵਿੱਚ ਸਵਾਰ


PHOTO • Naveen Macro

ਟਰੱਕ ਵਿੱਚ ਸਵਾਰ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਕਿਸਾਨ ਧਰਨਾ ਸਥਲ ਨੂੰ ਛੱਡਦੇ ਹੋਏ- ਜੇਤੂ ਅੰਦਾਜ਼ ਵਿੱਚ


PHOTO • Naveen Macro

ਖੱਬਿਓਂ ਸੱਜੇ : ਮੁਖਤਿਆਰ ਕੌਰ, ਹਰਪਾਲ ਕੌਰ, ਬੇਯੰਤ ਕੌਰ ਅਤੇ ਹਮੀਰ ਕੌਰ ਰੋਹਤਕ ਰੋਡ ਤੋਂ ਆਪਣੇ ਧਰਨੇ ਦੀ ਥਾਂ ਤੋਂ ਵਿਦਾ ਹੋਣ ਵੇਲ਼ੇ ਗਿੱਧਾ ਪਾਉਂਦੀਆਂ ਹੋਈਆਂ


PHOTO • Naveen Macro

ਪਰਮਜੀਤ ਕੌਰ ਨੇ ਸੜਕ ਦੇ ਡਿਵਾਈਡਰ ਦਾ ਉਹ ਹਿੱਸਾ ਸਾਫ਼ ਕੀਤਾ ਜਿੱਥੇ ਉਹ ਆਲੂ, ਟਮਾਟਰ, ਸਰ੍ਹੋਂ ਅਤੇ ਹਰੀਆਂ ਸਬਜ਼ੀਆਂ ਉਗਾਇਆ ਕਰਦੀ ਸਨ। ਉਨ੍ਹਾਂ ਨੇ ਕਿਹਾ, ' ਮੈਂ ਸਬਜ਼ੀਆਂ ਤੇ ਫ਼ਸਲ ਨੂੰ ਕੱਟਿਆ ਅਤੇ ਸਾਰਾ ਕੁਝ ਮਜ਼ਦੂਰਾਂ ਨੂੰ ਦੇ ਦਿੱਤਾ '


PHOTO • Naveen Macro

ਸਵੇਰ ਦੇ 11 ਵੱਜਦੇ ਵੱਜਦੇ, ਟੀਕਰੀ ਦੀ ਜਮ਼ੀਨ ਤੋਂ ਹਰ ਸ਼ੈਅ ਹਟਾ ਦਿੱਤੀ ਗਈ ਅਤੇ ਜੋ ਵੀ ਟਾਂਵੇ-ਟਾਂਵੇ ਪ੍ਰਦਰਸ਼ਨਕਾਰੀ ਬਚੇ ਵੀ ਸਨ, ਉਹ ਵੀ ਵਾਪਸ ਨਿਕਲ਼ਣ ਨੂੰ ਤਿਆਰ-ਬਰ-ਤਿਆਰ ਖੜ੍ਹੇ ਸਨ।


PHOTO • Naveen Macro

ਹਰਿਆਣਾ ਦੇ ਬਹਾਦੁਰਗੜ੍ਹ ਦੇ ਨੇੜੇ ਪੈਂਦੀ ਸਟੇਜ ਜਿੱਥੇ ਪਿਛਲੇ ਇੱਕ ਸਾਲ ਤੋਂ ' ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ' ਦੇ ਨਾਅਰੇ ਗੂੰਜਦੇ ਆਏ ਸਨ... ਅੱਜ ਸ਼ਾਂਤ ਹੋ ਗਈ।


PHOTO • Naveen Macro

ਧਰਨਾ ਸਥਲ ਦੇ ਸ਼ੁਰੂ ਵਿੱਚ ਮਤਲਬ ਪੰਜਾਬ ਕਿਸਾਨ ਯੂਨੀਅਨ ਦੀ ਸਟੇਜ ਦੇ ਨੇੜੇ ਹੀ ਪੈਂਦੀ ਇਸ ਥਾਂ ' ਤੇ ਇੱਕ ਜੇਸੀਬੀ ਮਸ਼ੀਨ ਉਨ੍ਹਾਂ ਪੱਥਰਾਂ ਨੂੰ ਤੋੜ ਤੋੜ ਹਟਾਉਂਦੀ ਹੋਈ ਜਿਨ੍ਹਾਂ ਨੂੰ ਪਿਛਲੇ ਸਾਲ ਕਿਸਾਨਾਂ ਨੂੰ ਦਿੱਲੀ ਅੰਦਰ ਵੜ੍ਹਨ ਤੋਂ ਰੋਕਣ ਵਾਸਤੇ ਪ੍ਰਸ਼ਾਸਨ ਦੁਆਰਾ ਥਾਂ ਥਾਂ ਜੜ੍ਹਿਆ ਗਿਆ ਸੀ


PHOTO • Naveen Macro

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਕਿਸਾਨ ਆਪਣੀ ਜਿੱਤ ਦਾ ਜ਼ਸ਼ਨ ਮਨਾਉਂਦੇ ਹੋਏ


PHOTO • Naveen Macro

11 ਦਸੰਬਰ ਦੀ ਸਵੇਰ ਨੂੰ ਰੋਹਤਕ ਰੋਡ ਤੋਂ ਆਪਣੇ ਟਰੈਕਟ-ਟਰਾਲੀਆਂ, ਟਰੱਕਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਵਾਪਸ ਮੁੜਦੇ ਕਿਸਾਨ


PHOTO • Naveen Macro

ਜਿਓਂ ਹੀ ਕਿਸਾਨਾਂ ਦੇ ਵਾਹਨਾਂ ਨੇ ਘਰਾਂ ਨੂੰ ਚਾਲੇ ਪਾਏ ਤਾਂ ਭੀੜ ਦਾ ਪ੍ਰਬੰਧ ਦੇਖਣ ਲਈ ਤਾਇਨਾਤ ਹਰਿਆਣਾ ਪੁਲਿਸ


PHOTO • Naveen Macro

ਪੂਰੇ ਰਸਤੇ ਜਸ਼ਨ ਮਨਾਉਂਦੇ ਜੱਥੇ


PHOTO • Naveen Macro

ਕਿਸਾਨਾਂ ਦੇ ਘਰਾਂ ਨੂੰ ਚਾਲੇ ਪਾਉਂਦਿਆਂ ਹੀ ਉਹ ਥਾਂ ਜਿੱਥੇ ਪਿਛਲੇ ਇੱਕ ਸਾਲ ਤੋਂ ' ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ' ਦੇ ਨਾਅਰੇ ਗੂੰਜਦੇ ਆਏ ਸਨ... ਅੱਜ ਸ਼ਾਂਤ ਹੋ ਗਈ। ਪਰ ਇਨ੍ਹਾਂ ਨਾਅਰਿਆਂ ਦੀ ਗੂੰਜ ਕਿਸਾਨਾਂ ਦੇ ਨਾਲ਼ ਉਨ੍ਹਾਂ ਦੀ ਪਿੰਡਾਂ ਤੀਕਰ ਗੂੰਜਦੀ ਜਾਵੇਗੀ ਜਿੱਥੇ ਉਨ੍ਹਾਂ ਨੇ ਆਪਣੀ ਲੜਾਈ ਨੂੰ ਜਾਰੀ ਰੱਖਣ ਦਾ ਇਰਾਦਾ ਕੀਤਾ ਹੋਇਆ ਹੈ


ਤਰਜਮਾ: ਕਮਲਜੀਤ ਕੌਰ

Sanskriti Talwar

சன்ஸ்கிருதி தல்வார் புது டில்லியை சேர்ந்த சுயாதீனப் பத்திரிகையாளரும் PARI MMF-ன் 2023ம் ஆண்டு மானியப் பணியாளரும் ஆவார்.

Other stories by Sanskriti Talwar
Photographs : Naveen Macro

நவீன் மேக்ரோ தில்லியை சேர்ந்த சுயாதீன புகைப்பட பத்திரிகையாளரும் ஆவணப்பட இயக்குநரும் PARI MMF-ன் 2023ம் ஆண்டு மானியப் பணியாளரும் ஆவார்.

Other stories by Naveen Macro
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur