ਨੁਸਰਤ ਬਾਨੋ ਨੇ ਔਰਤਾਂ ਨੂੰ ਅੱਲ੍ਹੜ ਉਮਰੇ ਬੱਚੇ ਨਾ ਪੈਦਾ ਕਰਨ ਵਾਸਤੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਰਾਜੀ ਕਰ ਲਿਆ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਔਰਤਾਂ ਦੇ ਸਹੁਰੇ ਪਰਿਵਾਰ ਨਾਲ਼ ਇਸ ਗੱਲ ਨੂੰ ਲੈ ਕੇ ਲੜਾਈ ਲੜਨੀ ਪਈ ਹੈ ਕਿ ਉਹ ਉਨ੍ਹਾਂ ਨੂੰ ਗਰਭਨਿਰੋਧਕਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਅਤੇ ਸਿਰਫ਼ ਇੰਨਾ ਹੀ ਨਹੀਂ ਉਹ (ਨੁਸਰਤ) ਇਨ੍ਹਾਂ ਔਰਤਾਂ ਨੂੰ ਪ੍ਰਸਵ ਲਈ ਹਸਪਤਾਲ ਵੀ ਲੈ ਕੇ ਗਈ। ਪਰ ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਰਾਮਪੁਰ ਪਿੰਡ ਦੀ ਰਹਿਣ ਵਾਲ਼ੀ 35 ਸਾਲਾ ਆਸ਼ਾ ਵਰਕਰ ਨੁਸਰਤ ਦਾ ਮੰਨਣਾ ਹੈ ਕਿ ਕੰਮ ਦੌਰਾਨ ਉਨ੍ਹਾਂ ਲਈ ਸਭ ਤੋਂ ਵੱਧ ਮੁਸ਼ਕਲਾਂ ਪੁਰਸ਼ਾਂ ਨੂੰ ਨਸਬੰਦੀ ਕਰਾਉਣ ਲਈ ਰਾਜ਼ੀ ਕਰਨ ਵਿੱਚ ਪੇਸ਼ ਆਈਆਂ ਹਨ।

ਉਨ੍ਹਾਂ ਨੇ ਫ਼ਾਰਬਿਗੰਜ ਬਲਾਕ ਸਥਿਤ ਪਿੰਡ ਵਿੱਚ ਸਾਡੇ ਨਾਲ਼ ਗੱਲ ਕੀਤੀ ਜਿਸ ਪਿੰਡ ਦੀ ਅਬਾਦੀ ਕਰੀਬ 3,400 ਹੈ, ਉਨ੍ਹਾਂ ਨੇ ਸਾਨੂੰ ਦੱਸਿਆ,''ਪਿਛਲੇ ਸਾਲ (2018) ਸਿਰਫ਼ ਇੱਕੋ ਹੀ ਪੁਰਸ਼ ਇਹਦੇ ਵਾਸਤੇ ਸਹਿਮਤ ਹੋਇਆ ਅਤੇ ਜਦੋਂ ਨਸਬੰਦੀ ਪੂਰੀ ਹੋ ਗਈ ਤਾਂ ਉਨ੍ਹਾਂ ਦੀ ਪਤਨੀ ਮੈਨੂੰ ਚੱਪਲ ਨਾਲ਼ ਮਾਰਨ ਆ ਗਈ,'' ਹੱਸਦਿਆਂ ਨੁਸਰਤ ਬਾਨੋ ਦੱਸਦੀ ਹਨ, ਜੋ ਖ਼ੁਦ ਚਾਰ ਬੱਚਿਆਂ ਦੀ ਮਾਂ ਹਨ।

ਨਸਬੰਦੀ ਨੂੰ ਲੈ ਕੇ ਰਾਮਪੁਰ ਦੇ ਪੁਰਸ਼ਾਂ ਅੰਦਰ ਜੋ ਝਿਜਕ ਹੈ ਉਹੀ ਝਿਜਕ ਬਿਹਾਰ ਦੇ ਹੋਰਨਾਂ ਪਿੰਡਾਂ ਅੰਦਰ ਵੀ ਦਿਖਾਈ ਦਿੰਦੀ ਹੈ। ਵਿਨੈ ਕੁਮਾਰ ਨੇ ਪਿਛਲੇ ਸਾਲ, ਠੀਕ ਉਸ ਸਮੇਂ ਜਦੋਂ ਉਹ ਬਿਹਾਰ ਸਰਕਾਰ ਦੁਆਰਾ ਹਰ ਸਾਲ ਨਵੰਬਰ ਵਿੱਚ ਪੂਰੇ ਰਾਜ ਵਿੱਚ ਅਯੋਜਿਤ ਕੀਤੇ ਜਾਣ ਵਾਲ਼ੇ ਅਗਾਮੀ ਪੁਰਸ਼ ਨਸਬੰਦੀ ਹਫ਼ਤੇ ਲਈ, ਦੂਸਰੇ ਪੜਾਅ ਦਾ ਪ੍ਰਚਾਰ ਸ਼ੁਰੂ ਕਰਨ ਵਾਲ਼ੇ ਸਨ, ਸਾਨੂੰ ਦੱਸਿਆ,''ਉਨ੍ਹਾਂ ਦਾ ਸਭ ਤੋਂ ਵੱਡਾ ਡਰ ਇਹ ਹੁੰਦਾ ਹੈ ਕਿ ਉਨ੍ਹਾਂ ਦੀ ਖਿੱਲੀ ਉਡਾਈ ਜਾਵੇਗੀ ਅਤੇ ਦੂਸਰੇ ਪੁਰਸ਼ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਉਹ ਇਹ ਵੀ ਸੋਚਦੇ ਹਨ ਕਿ ਉਹ ਕਮਜ਼ੋਰ ਹੋ ਜਾਣਗੇ ਅਤੇ ਦੋਬਾਰਾ ਸੰਭੋਗ ਕਰਨ ਯੋਗ ਨਹੀਂ ਰਹਿਣਗੇ, ਜੋ ਕਿ ਇੱਕ ਮਿੱਥ ਹੈ।''

38 ਸਾਲਾ ਕੁਮਾਰ ਨੇ ਪਿਛਲਾ ਪੂਰਾ ਸਾਲ ਜਹਾਨਾਬਾਦ ਦੇ ਮਖ਼ਦੂਮਪੁਰ ਬਲਾਕ ਸਥਿਤ ਤਕਰੀਬਨ 3,400 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ ਬਿੱਰਾ ਵਿੱਚ, ਬਤੌਰ ਵਿਕਾਸ ਮਿੱਤਰ ਸਰਕਾਰੀ ਨੌਕਰੀ ਦਾ ਕੰਮ ਸੰਭਾਲ਼ਦਿਆਂ ਬਿਤਾਇਆ ਹੈ। ਉਨ੍ਹਾਂ ਦੇ ਕਾਰਜਾਂ ਵਿੱਚ ਰਾਜ ਦੁਆਰਾ ਸੰਚਾਲਤ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਕਾਰਜਾਂ ਵਿੱਚ ਪੁਰਸ਼ਾਂ ਨੂੰ ਨਸਬੰਦੀ ਲਈ ਰਾਜ਼ੀ ਕਰਨ ਜਿਹਾ ਅਸੰਭਵ ਕੰਮ ਵੀ ਸ਼ਾਮਲ ਹੈ- ਜੋ ਮਹਿਜ ਇੱਕ ਛੋਟੀ ਜਿਹੀ ਸਰਜਰੀ ਹੈ ਜਿਹਦੇ ਦੌਰਾਨ ਪੁਰਸ਼ ਵੈਸ ਡੇਫੇਰਨ (ਸ਼ੁਕਰਾਣੂ ਲਿਜਾਣ ਵਾਲ਼ੀ ਛੋਟੀ ਟਿਊਬ) ਨੂੰ ਬੰਨ੍ਹ/ਸੀਲ ਕਰ ਦਿੱਤਾ ਜਾਂਦਾ ਹੈ।

ਇਹ ਗੱਲ ਉਸ ਰਾਜ ਦੇ ਮਾਮਲੇ ਵਿੱਚ ਵਿਸ਼ੇਸ਼ ਰੂਪ ਨਾਲ਼ ਮਹੱਤਵਪੂਰਨ ਹੈ, ਜਿੱਥੇ ਪੁਰਸ਼ ਨਸਬੰਦੀ ਦੀ ਦਰ ਘਟਦੇ ਘਟਦੇ 0.6 ਫੀਸਦ ਤੋਂ 0 ਫੀਸਦ ਤੱਕ ਰਹਿ ਗਈ ਹੈ। ਇਹ ਅੰਕੜੇ ਐੱਨਐੱਫ਼ਐੱਚਐੱਸ-3 (2005-06) ਤੋਂ ਐੱਨਐੱਫ਼ਐੱਚਐੱਸ-4 (2015-16) ਤੱਕ ਦੇ ਵਕਫ਼ੇ ਦੇ ਹਨ। ਬਿਹਾਰ ਵਿੱਚ ਇਸੇ ਵਕਫ਼ੇ ਦੌਰਾਨ ਮਹਿਲਾ ਨਸਬੰਦੀ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ; ਵਰਤਮਾਨ ਵਿੱਚ 15 ਤੋਂ 49 ਸਾਲ ਦੀਆਂ ਵਿਆਹੁਤਾ ਔਰਤਾਂ ਦੇ ਮਾਮਲੇ ਵਿੱਚ ਇਹ ਅੰਕੜਾ 23.8 ਫੀਸਦ ਤੋਂ ਘਟ ਕੇ 20.7 ਫੀਸਦ ਤੱਕ ਪਹੁੰਚ ਗਿਆ ਹੈ; ਪਰ ਫਿਰ ਵੀ ਇਹ ਪੁਰਸ਼ ਨਸਬੰਦੀ ਦੇ ਅੰਕੜਿਆਂ ਦੇ ਮੁਕਾਬਲੇ ਵਿੱਚ ਕਾਫ਼ੀ ਵੱਧ ਹੈ।

ਬਿਹਾਰ ਦੇ ਅੰਕੜੇ ਰਾਸ਼ਟਰ-ਵਿਆਪੀ ਨਸਬੰਦੀ ਨੂੰ ਲੈ ਕੇ ਇੱਚ ਚਲਨ ਦਿਖਾਉਂਦੇ ਹਨ: ਐੱਨਐੱਫਐੱਚਐੱਸ-4 ਵਿੱਚ ਦਰਜ ਅੰਕੜਿਆਂ ਮੁਤਾਬਕ, ਵਰਤਮਾਨ ਸਮੇਂ ਵਿੱਚ 36 ਫੀਸਦ ਵਿਆਹੁਤਾ ਔਰਤਾਂ (15-49 ਸਾਲ ਦੇ ਉਮਰ ਵਰਗ) ਨੇ ਨਸਬੰਦੀ ਕਰਾਈ ਹੈ, ਜਦੋਂਕਿ ਵਿਆਹੁਤਾ ਪੁਰਸ਼ਾਂ ਵਿੱਚ ਸਿਰਫ਼ 0.3 ਫੀਸਦ ਪੁਰਸ਼ ਹੀ ਇਸ ਪ੍ਰਕਿਰਿਆ ਵਿੱਚੋਂ ਦੀ ਗੁਜ਼ਰੇ ਹਨ।

ਦੇਸ਼ ਅੰਦਰ ਕੰਡੋਮ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ। ਵਰਤਮਾਨ ਸਮੇਂ ਵਿੱਚ 15-49 ਸਾਲ ਦੀ ਉਮਰ ਦੀਆਂ ਵਿਆਹੁਤਾ ਔਰਤਾਂ ਵਿੱਚ ਸਿਰਫ਼ 5.6 ਫੀਸਦ ਔਰਤਾਂ ਗਰਭਨਿਰੋਧਕ ਦੇ ਉਪਾਅ ਵਜੋਂ ਕੰਡੋਮ ਦੀ ਵਰਤੋਂ ਕੀਤੇ ਜਾਣ ਦੀ ਰਿਪੋਰਟ ਕਰਦੀਆਂ ਹਨ।

'As women, we can’t be seen talking to men about sterilisation' say ASHA workers in Rampur village of Bihar's Araria district: Nusrat Banno (left), Nikhat Naaz (middle) and Zubeida Begum (right)
PHOTO • Amruta Byatnal

ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਰਾਮਪੁਰ ਪਿੰਡ ਦੀਆਂ ਆਸ਼ਾ ਵਰਕਰਾਂ ਦਾ ਕਹਿਣਾ ਹੈ ' ਮਹਿਲਾ ਹੋਣ ਨਾਤੇ ਆਮ ਤੌਰ ' ਤੇ ਅਸੀਂ ਪੁਰਸ਼ਾਂ ਨਾਲ਼ ਨਸਬੰਦੀ ਕਰਾਉਣ ਬਾਰੇ ਗੱਲ ਨਹੀਂ ਕਰ ਪਾਉਂਦੀਆਂ : ' ਤਸਵੀਰ ਅੰਦਰ ਨੁਸਰਤ ਬਾਨੋ (ਖੱਬੇ), ਨਿਖ਼ਤ ਨਾਜ਼ (ਦਰਮਿਆਨ) ਅਤੇ ਜ਼ੁਬੇਦਾ ਬੇਗ਼ਮ (ਸੱਜੇ)

ਇਸ ਤਰ੍ਹਾਂ ਦੇ ਅਸੰਤੁਲਨ ਨੂੰ ਦੂਰ ਕਰਨ ਲਈ ਬਿਹਾਰ ਵਿੱਚ ਸਾਲ 2018 ਤੋਂ ਵਿਕਾਸ ਮਿੱਤਰਾਂ (ਤਰੱਕੀ ਸਹਾਇਕ ਜਾਂ ਤਰੱਕੀ ਦੋਸਤ, ਜਿਸ ਵਾਸਤੇ ਘੱਟੋਘੱਟ ਯੋਗਤਾ 12ਵੀਂ ਹੈ) ਦੀ ਭਰਤੀ ਕੀਤੀ ਗਈ ਹੈ; ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ ਦੇ ਕੋਲ਼ ਉਪਲਬਧ ਅੰਕੜਿਆਂ ਮੁਤਾਬਕ, ਪੂਰੇ ਰਾਜ ਵਿੱਚ ਉਨ੍ਹਾਂ ਦੀ ਗਿਣਤੀ 9,149 ਹੈ ਜਿਸ ਵਿੱਚੋਂ ਜਹਾਨਾਬਾਦ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਗਿਣਤੀ 123 ਅਤੇ ਅਰਰਿਆ ਜ਼ਿਲ੍ਹੇ ਵਿੱਚ ਇਹ ਗਿਣਤੀ 227 ਹੈ; ਇਹ ਸਭ ਇਸਲਈ ਕੀਤਾ ਗਿਆ ਤਾਂਕਿ ਪੁਰਸ਼ਾਂ ਦੀ ਨਸਬੰਦੀ ਦੇ ਮਾਮਲਿਆਂ ਵਿੱਚ ਵਾਧਾ ਹੋਵੇ ਅਤੇ ਅਣਚਾਹੇ ਗਰਭ ਨੂੰ ਰੋਕਣ ਦੀ ਦਿਸ਼ਾ ਵਿੱਚ ਪੁਰਸ਼ਾਂ ਦੀ ਸ਼ਮੂਲੀਅਤ ਵਿੱਚ ਵਾਧੇ ਨੂੰ ਯਕੀਨੀ ਬਣਾਇਆ ਜਾ ਸਕੇ।

ਵਿਕਾਸ ਮਿੱਤਰ, ਵਿਨੈ ਕੁਮਾਰ ਦੇ ਕਾਰਜਾਂ ਵਿੱਚ ਸ਼ਾਮਲ ਕੁਝ ਹੋਰ ਕੰਮਾਂ ਅੰਦਰ ਪਖ਼ਾਨਿਆਂ ਦੀ ਉਸਾਰੀ, ਕਰਜ਼ੇ ਦੀ ਪੁਸ਼ਟੀ ਅਤੇ ਉਹਦੀ ਵੰਡ ਨੂੰ ਯਕੀਨੀ ਬਣਾਉਣ ਦੇ ਨਾਲ਼ ਨਾਲ਼ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵੀ ਸ਼ਾਮਲ ਹੈ। ਅਜਿਹੇ ਰਾਜ ਵਿੱਚ ਹੋਣ ਕਾਰਨ ਜਿੱਥੇ ਸੋਕਾ ਅਤੇ ਹੜ੍ਹ ਜਿਹੀਆਂ ਕੁਦਰਤੀ ਆਫ਼ਤਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਅਕਾਲ ਵਿੱਚ ਰਾਹਤ ਅਤੇ ਅਪੂਰਤੀ ਨੂੰ ਯਕੀਨੀ ਬਣਾਉਣ ਅਤੇ ਹੜ੍ਹ ਪ੍ਰਭਾਵਤ ਲੋਕਾਂ ਦੀ ਰਾਹਤ ਸੂਚੀ ਤਿਆਰ ਕਰਨ ਅਤੇ ਉਹਦੀ ਪੁਸ਼ਟੀ ਕਰਨੀ ਪੈਂਦੀ ਹੈ।

ਵਿਕਾਸ ਮਿੱਤਰਾਂ ਨੂੰ ਬਿਹਾਰ ਮਹਾਂਦਲਿਤ ਵਿਕਾਸ ਮਿਸ਼ਨ ਦੁਆਰਾ ਪ੍ਰਤੀ ਮਹੀਨੇ 10,000 ਰੁਪਏ ਮਿਲ਼ਦੇ ਹਨ ਅਤੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਜ ਵਿੱਚ ਮਹਾਦਲਿਤ ਜਾਂ ਹਾਸ਼ੀਏ ਦੇ ਪਏ ਸਮੂਹਾਂ ਵਜੋਂ ਸੂਚੀਬੱਧ 21 ਪਿਛੜੀਆਂ ਜਾਤੀਆਂ ਵੱਲ ਧਿਆਨ ਕੇਂਦਰਤ ਕਰਕੇ ਉਨ੍ਹਾਂ ਦੇ ਵਿਕਾਸ ਲਈ ਕੰਮ ਕਰਨ। ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਹੁੰਦੇ ਹਨ ਅਤੇ ਬਲਾਕ ਕਲਿਆਣ ਅਧਿਕਾਰੀ ਨੂੰ ਰਿਪੋਰਟ ਕਰਦੇ ਹਨ। ਪੁਰਸ਼ਾਂ ਨੂੰ ਨਸਬੰਦੀ ਕਰਾਉਣ ਲਈ ਰਾਜ਼ੀ ਕਰਨ ਦੀ ਸੂਰਤ ਵਿੱਚ, ਵਿਕਾਸ ਮਿੱਤਰ ਨੂੰ ਹਰੇਕ ਕੇਸ (ਹਰੇਕ ਪੁਰਸ਼) ਵਾਸਤੇ 400 ਰੁਪਏ ਵਾਧੂ ਵੀ ਮਿਲ਼ਦੇ ਹਨ।

ਬਿਹਾਰ ਵਿੱਚ ਪੁਰਸ਼ ਨਸਬੰਦੀ 'ਤੇ ਕੇਂਦਰਤ ਹਫ਼ਤੇ ਦਾ ਸਲਾਨਾ ਅਯੋਜਨ ਮੌਕੇ ਜਿਹਦੀਆਂ ਤਿਆਰੀਆਂ  ਵਿਨੈ ਕੁਮਾਰ ਰੁਝੇ ਹੋਏ ਸਨ ਜਦੋਂ ਮੇਰੀ ਮੁਲਾਕਾਤ ਉਨ੍ਹਾਂ ਨਾਲ਼ ਹੋਈ। ਇਹ ਹਫ਼ਤਾ 'ਪੁਰਸ਼ਾਂ ਦੀ ਸ਼ਮੂਲੀਅਤ' ਦੀ ਦਿਸ਼ਾ ਵਿੱਚ ਇੱਕ ਅਜਿਹੀ ਹੀ ਪਹਿਲ ਹੈ। ਬਿਹਾਰ ਭਾਰਤ ਵਿੱਚ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਪਰਿਵਾਰ ਨਿਯੋਜਨ ਵਿਸ਼ੇਸ਼ ਰੂਪ ਨਾਲ਼ ਯੋਜਨਾਵਾਂ ਦੇ ਕੇਂਦਰ ਵਿੱਚ ਹੈ। ਇੱਥੇ 15-49 ਉਮਰ ਵਰਗ ਦੇ ਲੋਕਾਂ ਵਿੱਚ ਕੁੱਲ ਪ੍ਰਜਨਨ ਦਰ (ਟੀਐੱਫ਼ਆਰ)3.41 ਹੈ,  ਜੋ ਕਿ ਭਾਰਤ ਵਿੱਚ ਸਭ ਤੋਂ ਵੱਧ ਹੈ (ਅਤੇ ਰਾਜ ਦੇ ਕੁਝ ਹੋਰਨਾਂ ਜ਼ਿਲ੍ਹਿਆਂ ਵਾਂਗਰ ਅਰਰਿਆ ਜ਼ਿਲ੍ਹੇ ਦੀ ਵੀ ਕੁੱਲ ਪ੍ਰਜਨਨ ਦਰ ਅਜੇ ਵੀ 3.93 ਹੈ ਜੋਕਿ ਬਹੁਤ ਵੱਧ ਹੈ)। ਰਾਸ਼ਟਰੀ ਪੱਧਰ 'ਤੇ ਕੁੱਲ ਪ੍ਰਜਨਨ ਦਰ ਦਾ ਔਸਤ 2.18 (ਐੱਨਐੱਫ਼ਐੱਚਐੱਸ-4) ਹੈ।

ਹਾਲਾਂਕਿ, ਵਿਕਾਸ ਮਿੱਤਰਾਂ (ਜੋ ਹੋਰਨਾਂ ਵਾਂਗਰ ਜਨਤਕ ਸਿਹਤ ਖੇਤਰ ਪ੍ਰਤੀ ਪ੍ਰਤੀਬੱਧ ਕਾਰਕੁੰਨ ਹਨ) ਦੁਆਰਾ ਨਸਬੰਦੀ ਦੇ ਲਈ ਜਾਗਰੂਕਤਾ ਫੈਲਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਤੋਂ ਦਹਾਕੇ ਪਹਿਲਾਂ 'ਪੁਰਸ਼ਾਂ ਦੀ ਸ਼ਮੂਲੀਅਤ' ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ; 1981 ਤੋਂ ਕੇਂਦਰ ਸਰਕਾਰ ਨੇ ਨਸਬੰਦੀ ਲਈ ਬਤੌਰ ਪ੍ਰੋਤਸਾਹਨ ਰਾਸ਼ੀ ਨਕਦ ਰਾਸ਼ੀ ਵੀ ਦੇਣੀ ਸ਼ੁਰੂ ਕੀਤੀ ਹੈ ਅਤੇ ਹੁਣ ਨਸਬੰਦੀ ਕਰਾਉਣ ਵਾਲ਼ੇ ਹਰੇਕ ਪੁਰਸ਼ ਨੂੰ 3,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ।

Vasectomy week pamphlets in Araria district: Bihar's annual week-long focus on male sterilisation is one of several attempts at 'male engagement'
PHOTO • Amruta Byatnal
Vasectomy week pamphlets in Araria district: Bihar's annual week-long focus on male sterilisation is one of several attempts at 'male engagement'
PHOTO • Amruta Byatnal

ਅਰਰਿਆ ਜ਼ਿਲ੍ਹੇ ਵਿੱਚ ' ਪੁਰਸ਼ ਨਸਬੰਦੀ ਹਫ਼ਤੇ ' ਨਾਲ਼ ਜੁੜੇ ਪੈਂਫਲੇਟ : ਬਿਹਾਰ ਵਿੱਚ ਪੁਰਸ਼ ਨਸਬੰਦੀ ' ਤੇ ਕੇਂਦਰਤ ਹਫ਼ਤੇ ਦਾ ਸਲਾਨਾ ਅਯੋਜਨ, ਨਸਬੰਦੀ ਵਿੱਚ ਪੁਰਸ਼ਾਂ ਦੀ ਸ਼ਮੂਲੀਅਤ ਵਧਾਉਣ ਦੀ ਦਿਸ਼ਾ ਵਿੱਚ ਕੀਤੀ ਗਈ ਇੱਕ ਜ਼ਰੂਰੀ ਪਹਿਲ ਹੈ

ਫਿਰ ਵੀ ਲੈਂਗਿਕ ਸਮਾਨਤਾ ਨੂੰ ਮੱਦੇਨਜ਼ਰ ਰੱਖਦਿਆਂ ਗਰਭਨਿਰੋਧਕਾਂ ਦੀ ਉਪਲਬਧਤਾ ਓਨੇ ਵੱਡੇ ਪੈਮਾਨੇ 'ਤੇ ਨਹੀਂ ਹੋ ਸਕੀ ਹੈ। ਪੂਰੇ ਭਾਰਤ ਅੰਦਰ ਅੱਜ ਵੀ ਔਰਤਾਂ ਹੀ ਇਸ ਜ਼ਿੰਮੇਦਾਰੀ ਦਾ ਭਾਰ ਢੋਅ ਰਹੀਆਂ ਹਨ ਅਤੇ ਅੱਜ ਵੀ ਔਰਤਾਂ ਕੋਲ਼ੋਂ ਹੀ ਬੱਚਿਆਂ ਦਰਮਿਆਨ ਫ਼ਰਕ ਨੂੰ ਯਕੀਨੀ ਬਣਾਉਣ ਅਤੇ ਅਣਚਾਹੇ ਗਰਭ ਨੂੰ ਰੋਕਣ ਲਈ ਕੋਸ਼ਿਸ਼ ਕੀਤੇ ਜਾਣ ਦੀ ਉਮੀਦਰ ਰੱਖੀ ਜਾਂਦੀ ਹੈ। ਭਾਰਤ ਵਿੱਚ ਵਰਤਮਾਨ ਸਮੇਂ 48 ਫੀਸਦ ਵਿਆਹੁਤਾ ਔਰਤਾਂ (15 ਤੋਂ 49 ਸਾਲ ਦੀ ਉਮਰ ਵਰਗ ਦੀਆਂ) ਨਸਬੰਦੀ, ਬੱਚੇਦਾਨੀ ਅੰਦਰ ਰੱਖੇ ਜਾਂਦੇ ਯੰਤਰਾਂ (ਆਈਯੂਡੀ), ਗੋਲ਼ੀਆਂ ਅਤੇ ਇੰਜੈਕਸ਼ਨ ਲੈਣ ਜਿਹੇ ਗਰਭਨਿਰੋਧਕ ਤਰੀਕਿਆਂ ਨੂੰ ਇਸਤੇਮਾਲ ਵਿੱਚ ਲਿਆਉਂਦੀਆਂ ਹਨ (ਜਿਨ੍ਹਾਂ ਨੂੰ ਐੱਨਐੱਫ਼ਐੱਚਐੱਸ-4 ਵਿੱਚ 'ਗਰਭਨਿਰੋਧਕ ਦੇ ਆਧੁਨਿਕ ਤਰੀਕਿਆਂ' ਤਹਿਤ ਵਰਗੀਕ੍ਰਿਤ ਕੀਤਾ ਗਿਆ ਹੈ)। ਪੂਰੇ ਦੇਸ਼ ਅੰਦਰ ਸਾਰੇ ਗਰਭਨਿਰੋਧਕ ਤਰੀਕਿਆਂ ਵਿੱਚ ਔਰਤ ਨਸਬੰਦੀ ਹੀ ਸਭ ਤੋਂ ਵੱਧ ਪ੍ਰਚਲਿਤ ਹੈ।

ਗਰਭਨਿਰੋਧਕ ਗੋਲ਼ੀਆਂ, ਕੰਡੋਮ ਅਤੇ ਆਈਯੂਡੀ ਜਿਹੇ ਅਸਥਾਈ ਤਰੀਕਿਆਂ ਦੀ ਤੁਲਨਾ ਵਿੱਚ ਭਾਰਤ ਅੰਦਰ ਔਰਤ ਜਾਂ ਪੁਰਸ਼ ਨਸਬੰਦੀ ਜਿਹੇ ਸਥਾਈ ਤਰੀਕਿਆਂ 'ਤੇ ਹੀ ਜ਼ੋਰ ਰਹਿੰਦਾ ਹੈ, ਜਿਹਦੀ ਵੱਡੇ ਪੱਧਰ 'ਤੇ ਅਲੋਚਨਾ ਵੀ ਹੁੰਦੀ ਰਹੀ ਹੈ। ਔਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਇੱਕ ਹੈਲਥ ਇਨਿਸ਼ਏਟਿਵ ਦੇ ਪ੍ਰਮੁੱਖ ਅਤੇ ਸੀਨੀਅਰ ਫ਼ੈਲੋ ਉਮੇਨ ਸੀ ਕੁਰੀਯਨ ਦੱਸਦੇ ਹਨ,''ਭਾਰਤ ਵਿੱਚ ਵੱਡੇ ਪੱਧਰ 'ਤੇ ਮਹਿਲਾ ਨਸਬੰਦੀ ਹੀ ਚਲਨ ਵਿੱਚ ਹੈ, ਕਿਉਂਕਿ ਇਹ (ਪਰਿਵਾਰ ਨਿਯੋਜਨ ਦੇ ਟੀਚੇ ਵਾਸਤੇ) ਇੱਕ ਸੁਖਾਲਾ ਅਤੇ ਸ਼ਾਰਟਕਟ ਹੈ ਅਤੇ ਘਰਾਂ ਵਿੱਚ ਔਰਤਾਂ ਦੀ ਗੱਲ ਓਨੀ ਸੁਣੀ ਵੀ ਨਹੀਂ ਜਾਂਦੀ।''

ਰਾਜ ਦਾ ਪਰਿਵਾਰ ਨਿਯੋਜਨ ਤੰਤਰ, ਔਰਤਾਂ ਨੂੰ ਆਪਣੇ ਪ੍ਰਜਨਨ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਮਰੱਥ ਬਣਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਦਾ ਹੈ, ਜਿਸ ਅੰਦਰ ਉਨ੍ਹਾਂ ਦੇ ਜਨਮ ਨਿਯੰਤਰਣ ਦੇ ਅਧਿਕਾਰ, ਗਰਭਪਾਤ ਲਈ ਕਨੂੰਨੀ ਸਹਾਇਤਾ ਪ੍ਰਾਪਤ ਕਰਨਾ ਅਤੇ ਪ੍ਰਜਨਨ ਨਾਲ਼ ਜੁੜੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਕਾਫ਼ੀ ਸਾਰੇ ਯਤਨ ਨੁਸਰਤ ਬਾਨੋ ਜਿਹੀ ਆਸ਼ਾ ਵਰਕਰਾਂ ਜ਼ਰੀਏ ਕੀਤੇ ਗਏ ਹਨ, ਜੋ ਸਿੱਧੇ-ਸਿੱਧੇ ਜ਼ਮੀਨ 'ਤੇ ਕੰਮ ਕਰਨ ਵਾਲ਼ੀ ਕਮਿਊਨਿਟੀ ਹੈਲਥ ਵਰਕਰ ਹਨ; ਉਹ ਰਿਪ੍ਰੋਡੈਕਟਿਵ ਹੈਲਥ ਲਈ ਕਾਊਂਸਲਿੰਗ ਵੀ ਮੁਹੱਈਆ ਕਰਵਾਉਂਦੀ ਹਨ ਅਤੇ ਫੌਲੋ-ਅਪ ਕਰਦੀ ਰਹਿੰਦੀ ਹਨ। ਆਸ਼ਾ ਵਰਕਰਾਂ ਨੂੰ ਨਸਬੰਦੀ ਵਾਸਤੇ ਔਰਤਾਂ ਨੂੰ ਭਰਤੀ ਕਰਾਉਣ 'ਤੇ 500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਮਿਲ਼ਦੀ ਹੈ ਅਤੇ ਨਸਬੰਦੀ ਕਰਾਉਣ ਵਾਲ਼ੀਆਂ ਔਰਤਾਂ ਨੂੰ 3,000 ਰੁਪਏ ਦਿੱਤੇ ਜਾਂਦੇ ਹਨ।

ਪੁਰਸ਼ਾਂ ਨੂੰ ਜਿੱਥੇ ਨਸਬੰਦੀ ਦੀ ਸਰਜਰੀ ਵਿੱਚੋਂ ਉਭਰਦਿਆਂ ਕਰੀਬ ਹਫ਼ਤੇ ਕੁ ਦਾ ਸਮਾਂ ਲੱਗਦਾ ਹੈ, ਉੱਥੇ ਹੀ ਔਰਤਾਂ ਨੂੰ ਪੂਰੀ ਤਰ੍ਹਾਂ ਸਿਹਤਯਾਬ ਹੁੰਦਿਆਂ ਹੁੰਦਿਆਂ ਕਦੇ-ਕਦਾਈਂ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਨਸਬੰਦੀ ਲਈ ਕੀਤੀ ਗਈ ਸਰਜਰੀ ਤੋਂ ਬਾਅਦ ਆਮ ਤੌਰ 'ਤੇ ਪੁਰਸ਼ਾਂ ਨੂੰ ਫ਼ੌਰਨ ਛੁੱਟੀ ਦੇ ਦਿੱਤੀ ਜਾਂਦੀ ਹੈ, ਜਦੋਂਕਿ ਔਰਤਾਂ ਨੂੰ ਘੱਟ ਤੋਂ ਘੱਟ ਇੱਕ ਰਾਤ ਸਿਹਤ ਕੇਂਦਰ ਵਿਖੇ ਰੁਕਣਾ ਪੈਂਦਾ ਹੈ।

ਬਾਵਜੂਦ ਇਹਦੇ, ਕਈ ਔਰਤਾਂ ਨੂੰ ਡਰ ਸਤਾਉਂਦਾ ਰਹਿੰਦਾ ਹੈ ਕਿ ਜੇ ਉਹ ਨਸਬੰਦੀ ਨਹੀਂ ਕਰਾਉਣਗੀਆਂ, ਤਾਂ ਉਨ੍ਹਾਂ ਨੂੰ ਹੋਰ ਬੱਚੇ ਜੰਮਣ ਲਈ ਮਜ਼ਬੂਰ ਕੀਤਾ ਜਾਵੇਗਾ ਅਤੇ ਅਕਸਰ ਉਹ ਆਪਣੇ ਪਤੀ ਜਾਂ ਸਹੁਰੇ ਪਰਿਵਾਰ ਨੂੰ ਬਗ਼ੈਰ ਦੱਸਿਆਂ ਹੀ ਸਰਜਰੀ ਕਰਾਉਣਾ ਚੁਣ ਲੈਂਦੀਆਂ ਹਨ; ਜਿਵੇਂ ਕਿ ਵਿਨੈ ਕੁਮਾਰ ਦੀ ਪਤਨੀ ਨੇ ਕੀਤਾ ਸੀ।

Vikas Mitras Vinay Kumar and Ajit Kumar Manjhi work in Jehanabad district: for convincing men to undergo vasectomies, they earn Rs. 400 per person enlisted
PHOTO • Amruta Byatnal
Vikas Mitras Vinay Kumar and Ajit Kumar Manjhi work in Jehanabad district: for convincing men to undergo vasectomies, they earn Rs. 400 per person enlisted
PHOTO • Amruta Byatnal

ਵਿਕਾਸ ਮਿੱਤਰ ਵਿਨੈ ਕੁਮਾਰ ਅਤੇ ਅਜੀਤ ਕੁਮਾਰ ਮਾਂਝੀ ਜਹਾਨਾਬਾਦ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ : ਨਸਬੰਦੀ ਲਈ ਰਾਜ਼ੀ ਹੋਣ ਵਾਲ਼ੇ ਹਰੇਕ ਆਦਮੀ ਪ੍ਰਤੀ ਉਹ 400 ਰੁਪਏ ਕਮਾਉਂਦੇ ਹਨ

ਨਸਬੰਦੀ ਕਰਾਉਣ ਲਈ ਕੁਮਾਰ ਜਿਨ੍ਹਾਂ ਪੁਰਸ਼ਾਂ ਨੂੰ ਸਲਾਹ ਦਿੰਦੇ ਹਨ, ਉਨ੍ਹਾਂ ਵਾਂਗਰ ਉਹ ਖ਼ੁਦ ਵੀ ਨਸਬੰਦੀ ਨਾਲ਼ ਜੁੜੇ ਵਹਿਮਾਂ ਵਿੱਚ ਯਕੀਨ ਕਰਦੇ ਹਨ ਅਤੇ ਡਰਦੇ ਹਨ ਅਤੇ ਉਹ ਕਹਿੰਦੇ ਵੀ ਹਨ ਕਿ ਉਹ ਇਸ ਪ੍ਰਕਿਰਿਆ ਤੋਂ ਬਾਅਦ 'ਕਾਫ਼ੀ ਕਮਜ਼ੋਰਹੋਣ ਜਾਣ' ਦੇ ਖ਼ਦਸ਼ੇ ਤੋਂ ਹੀ ਸਹਿਮ ਗਏ ਸਨ। ਉਹ ਦੱਸਦੇ ਹਨ,''ਮੈਨੂੰ ਨਹੀਂ ਪਤਾ ਸੀ ਕਿ ਇਸ ਬਾਰੇ ਕਿਹਦੇ ਨਾਲ਼ ਗੱਲ ਕੀਤੀ ਜਾਵੇ।'' ਦੋ ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਆਪ ਨਸਬੰਦੀ ਕਰਾਉਣ ਦਾ ਫ਼ੈਸਲਾ ਲਿਆ ਸੀ ਅਤੇ ਇਹਦੇ ਲਈ ਉਨ੍ਹਾਂ ਨੇ ਨਾ ਤਾਂ ਆਪਣੇ ਪਤੀ ਨਾਲ਼ ਕੋਈ ਸਲਾਹ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੀ ਦਿੱਤੀ।

ਕੁਮਾਰ ਅਤੇ ਹੋਰ ਵਿਕਾਸ ਮਿੱਤਰ ਆਮ ਤੌਰ 'ਤੇ ਆਪਣੇ ਹੀ ਦਲਿਤ ਅਤੇ ਮਹਾਂਦਲਿਤ ਭਾਈਚਾਰਿਆਂ ਦੇ ਅੰਦਰ ਹੀ ਕੰਮ ਕਰਦੇ ਹਨ, ਪਰ ਪੁਰਸ਼ ਨਸਬੰਦੀ ਲਈ ਉਹ ਕਦੇ-ਕਦੇ ਉੱਚੀ ਜਾਤੀ ਦੇ ਪੁਰਸ਼ਾਂ ਨਾਲ਼ ਵੀ ਸੰਪਰਕ ਸਾਧਦੇ ਹਨ, ਜਿਹਦੇ ਲਈ ਉਨ੍ਹਾਂ ਨੂੰ ਵੱਖਰੀਆਂ ਚੁਣੌਤੀਆਂ ਨਾਲ਼ ਦੋ ਹੱਥ ਹੋਣਾ ਪੈਂਦਾ ਹੈ।

42 ਸਾਲਾ ਅਜੀਤ ਕੁਮਾਰ ਮਾਂਝੀ, ਉਹ ਵੀ ਇੱਕ ਵਿਕਾਸ ਮਿੱਤਰ ਹਨ, ਦੱਸਦੇ ਹਨ,''ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਉੱਚੀ ਜਾਤੀ ਦੇ ਪੁਰਸ਼ ਨਸਬੰਦੀ ਦੀ ਪ੍ਰਕਿਰਿਆ ਨੂੰ ਲੈ ਕੇ ਸਾਡੇ ਤੋਂ ਅਜਿਹੇ ਸਵਾਲ ਪੁੱਛ ਸਕਦੇ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਸਾਡੇ ਕੋਲ਼ ਵੀ ਨਾ ਹੋਵੇ।'' ਅਜੀਤ ਜਹਾਨਾਬਾਦ ਜ਼ਿਲ੍ਹੇ ਦੇ ਮਖ਼ਦੂਮਪੁਰ ਬਲਾਕ ਸਥਿਤ ਕਲਾਨੌਰ ਪਿੰਡ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਤਿੰਨ ਬੇਟੇ ਅਤੇ ਇੱਕ ਬੇਟੀ ਹੈ।

ਕਦੇ-ਕਦੇ ਇਹਦਾ ਰਤਾ ਉਲਟਾ ਅਸਰ ਵੀ ਦੇਖਣ ਨੂੰ ਮਿਲ਼ਦਾ ਹੈ। ਸਾਲ 2018 ਵਿੱਚ ਮਾਂਝੀ ਨੇ ਦੋ ਲੋਕਾਂ ਦਾ ਨਾਂਅ ਸੂਚੀ ਵਿੱਚ ਪਾਇਆ। ਉਹ ਦੱਸਦੇ ਹਨ,''ਮੈਂ ਇੱਕ ਆਦਮੀ ਨਾਲ਼ ਗੱਲ ਕਰ ਰਿਹਾ ਸਾਂ ਅਤੇ ਉਹਨੇ ਕਿਹਾ ਕਿ ਮੈਂ ਇਕੱਲਾ ਨਹੀਂ ਜਾਊਂਗਾ। ਸਾਰੇ ਲੋਕ ਮੇਰੇ 'ਤੇ ਹੱਸਣਗੇ। ਇਸਲਈ, ਮੈਂ ਉਹਦੇ ਗੁਆਂਢੀ ਨੂੰ ਵੀ ਰਾਜ਼ੀ ਕਰ ਲਿਆ। ਇਸ ਤਰ੍ਹਾਂ ਉਨ੍ਹਾਂ ਅੰਦਰ ਰਤਾ ਕੁ ਆਤਮਵਿਸ਼ਵਾਸ ਆ ਗਿਆ।''

ਪਰ, ਨਸਬੰਦੀ ਕਰਾਉਣ ਦੇ 13 ਮਹੀਨਿਆਂ ਬਾਅਦ ਵੀ ਉਨ੍ਹਾਂ ਪੁਰਸ਼ਾਂ ਵਿੱਚੋਂ ਕਿਸੇ ਨੂੰ ਵੀ 3,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਹੀਂ ਮਿਲ਼ੀ ਹੈ। ਮਾਂਝੀ ਕਹਿੰਦੇ ਹਨ ਕਿ ਇੰਝ ਅਕਸਰ ਹੁੰਦਾ ਹੈ ਅਤੇ ਇਸੇ ਕਾਰਨ ਕਰਕੇ ਲੋਕਾਂ ਨੂੰ ਨਸਬੰਦੀ ਰਾਜ਼ੀ ਕਰ ਸਕਣਾ ਹੋਰ ਮੁਸ਼ਕਲ ਹੋ ਨਿਬੜਦਾ ਹੈ। ਪੈਸਾ ਬੈਂਕ ਖ਼ਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ, ਪਰ ਪਿੰਡਾਂ ਦੇ ਸਾਰੇ ਪੁਰਸ਼ਾਂ ਦੇ ਕੋਲ਼ ਬੈਂਕ ਖਾਤੇ ਨਹੀਂ ਹਨ। ਇਸ ਕਰਕੇ ਵਿਕਾਸ ਮਿੱਤਰਾਂ ਦੇ ਕੰਮ ਦਾ ਬੋਝ ਕੁਝ ਵੱਧ ਜਾਂਦਾ ਹੈ। ਵਿਨੈ ਕੁਮਾਰ ਕਹਿੰਦੇ ਹਨ,''ਜੇ ਕਿਸੇ ਦੇ ਕੋਲ਼ ਬੈਂਕ ਖਾਤਾ ਨਹੀਂ ਹੈ ਤਾਂ ਮੈਂ ਬੈਂਕ ਵਿੱਚ ਉਨ੍ਹਾਂ ਦਾ ਖਾਤਾ ਖੁਲਵਾਉਂਦਾ ਹਾਂ।'' ਮੈਂ ਜਿੰਨੇ ਵੀ ਵਿਕਾਸ ਮਿੱਤਰਾਂ ਨਾਲ਼ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ ਕੋਈ ਵੀ 2019 ਵਿੱਚ ਪੂਰੇ ਸਾਲ ਦੀ ਮਿਆਦ ਵਿੱਚ ਤਿੰਨ-ਚਾਰ ਤੋਂ ਜ਼ਿਆਦਾ ਪੁਰਸ਼ਾਂ ਨੂੰ ਨਸਬੰਦੀ ਦੇ ਲਈ ਰਾਜ਼ੀ ਨਹੀਂ ਕਰ ਪਾਇਆ ਸਾਂ।

Vikas Mitra Malati Kumar and Nandkishore Manjhi: 'We work as a team. I talk to the women, he talks to their husbands', she says
PHOTO • Amruta Byatnal

ਵਿਕਾਸ ਮਿੱਤਰ ਮਾਲਤੀ ਕੁਮਾਰ ਅਤੇ ਨੰਦਕਿਸ਼ੋਰ ਮਾਂਝੀ : ' ਅਸੀਂ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਾਂ। ਮੈਂ ਔਰਤਾਂ ਨਾਲ਼ ਗੱਲ ਕਰਦੀ ਹਾਂ ਅਤੇ ਇਹ (ਨੰਦਕਿਸ਼ੋਰ) ਉਨ੍ਹਾਂ ਦੇ ਪਤੀਆਂ ਨਾਲ਼ ਗੱਲ ਕਰਦੇ ਹਨ '

ਨਸਬੰਦੀ ਕਰਾਉਣ ਲਈ ਕਿਸੇ ਪੁਰਸ਼ ਨੂੰ ਰਾਜ਼ੀ ਕਰਨ ਵਿੱਚ ਉਹਦੀ ਪਤਨੀ ਨੂੰ ਸਮਝਾ ਸਕਣਾ ਵੀ ਮੁਸ਼ਕਲ ਹੁੰਦਾ ਹੈ। ਮਾਲਤੀ ਕੁਮਾਰ ਮਖ਼ਦੂਮਪੁਰ ਬਲਾਕ ਦੇ ਕੋਹਾਰਾ ਪਿੰਡ ਵਿੱਚ ਤਾਇਨਾਤ ਵਿਕਾਸ ਮਿੱਤਰ ਹਨ, ਪਰ ਪੁਰਸ਼ਾਂ ਨਾਲ਼ ਗੱਲ ਕਰਨ ਲਈ ਉਹ ਆਪਣੇ ਪਤੀ ਨੰਦਕਿਸ਼ੋਰ ਮਾਂਝੀ 'ਤੇ ਨਿਰਭਰ ਹਨ। ਉਹ ਕਹਿੰਦੀ ਹਨ,''ਅਸੀਂ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਾਂ। ਮੈਂ ਔਰਤਾਂ ਨਾਲ਼ ਗੱਲ ਕਰਦੀ ਹਾਂ, ਇਹ ਉਨ੍ਹਾਂ ਦੇ ਪਤੀਆਂ ਨਾਲ਼ ਗੱਲ ਕਰਦੇ ਹਨ।''

''ਮੈਂ ਉਨ੍ਹਾਂ ਤੋਂ ਪੁੱਛਦਾ ਹਾਂ ਕਿ ਜੇਕਰ ਤੁਹਾਡਾ ਪਰਿਵਾਰ ਪਹਿਲਾਂ ਤੋਂ ਹੀ ਪੂਰਾ ਹੈ ਤਾਂ ਤੁਸੀਂ ਹੋਰ ਬੱਚੇ ਪੈਦਾ ਕਰਕੇ ਉਨ੍ਹਾਂ ਦੀ ਦੇਖਭਾਲ਼ ਕਿਵੇਂ ਕਰੋਗੇ,'' ਨੰਦਕਿਸ਼ੋਰ ਮਾਂਝੀ ਕਹਿੰਦੇ ਹਨ। ਅਕਸਰ ਉਨ੍ਹਾਂ ਦੀ ਇਸ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਆਸ਼ਾ ਵਰਕਰਾਂ ਵੀ ਆਪਣੇ ਪਤੀਆਂ ਨੂੰ ਮਦਦ ਕਰਨ ਲਈ ਕਹਿੰਦੀਆਂ ਹਨ। ਨੁਸਰਤ ਬਾਨੋ ਕਹਿੰਦੀ ਹਨ,''ਔਰਤ ਹੋਣ ਨਾਤੇ ਅਸੀਂ ਪੁਰਸ਼ਾਂ ਨਾਲ਼ ਨਸਬੰਦੀ ਬਾਰੇ ਗੱਲ ਨਹੀਂ ਕਰ ਪਾਉਂਦੀਆਂ। ਉਹ ਕਹਿੰਦੇ ਹਨ,'ਤੁਸੀਂ ਇਹ ਸਭ ਸਾਨੂੰ ਕਿਉਂ ਦੱਸ ਰਹੀਆਂ ਹੋ? ਮੇਰੀ ਪਤਨੀ ਨਾਲ਼ ਗੱਲ ਕਰੋ।' ਇਸਲਈ, ਮੈਂ ਆਪਣੇ ਪਤੀ ਨੂੰ ਉਨ੍ਹਾਂ ਨਾਲ਼ ਗੱਲ ਕਰਕੇ ਉਨ੍ਹਾਂ ਨੂੰ ਰਾਜ਼ੀ ਕਰਨ ਲਈ ਕਹਿੰਦੀ ਹਾਂ।''

ਔਰਤਾਂ ਦੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਪਰਿਵਾਰ ਨਿਯੋਜਨ ਦੇ ਸੰਦਰਭ ਵਿੱਚ 'ਪੁਰਸ਼ਾਂ ਦੀ ਸ਼ਮੂਲੀਅਤ' ਭਾਵ ਨਸਬੰਦੀ ਲਈ ਸਿਰਫ਼ ਪੁਰਸ਼ਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਕਰਨ ਤੱਕ ਹੀ ਸੀਮਤ ਨਹੀਂ ਹੈ। ਇਸ ਵਿੱਚ ਗੱਲਬਾਤ ਸ਼ੁਰੂ ਕਰਨਾ ਵੀ ਸ਼ਾਮਲ ਹੈ, ਉਨ੍ਹਾਂ ਨੂੰ ਇਹ ਦੱਸਣਾ ਵੀ ਕਿ ਕਿੰਨੇ ਬੱਚੇ ਪੈਦਾ ਕਰਨੇ ਹਨ ਅਤੇ ਉਨ੍ਹਾਂ ਨੂੰ ਕਿਸ ਤਰੀਕੇ ਦੇ ਗਰਭਨਿਰੋਧਕਾਂ ਦੀ ਚੋਣ ਕਰਨੀ ਚਾਹੀਦੀ ਹੈ, ਇਨ੍ਹਾਂ ਸਾਰੀਆਂ ਗੱਲਾਂ ਵਿੱਚ ਉਨ੍ਹਾਂ ਦੀ ਪਤਨੀ ਦੀ ਰਾਇ ਲੈਣੀ ਵੀ ਓਨੀ ਹੀ ਜ਼ਰੂਰੀ ਹੈ। ਅਰਰਿਆ ਜ਼ਿਲ੍ਹੇ ਦੇ ਰਾਮਪੁਰ ਪਿੰਡ ਵਿੱਚ ਰਹਿਣ ਵਾਲ਼ੀ 41 ਸਾਲਾ ਆਸ਼ਾ ਵਰਕਰ ਨਿਖ਼ਤ ਨਾਜ਼, ਜੋ ਖ਼ੁਦ ਤਿੰਨ ਬੱਚਿਆਂ ਦੀ ਮਾਂ ਹਨ, ਕਹਿੰਦੀ ਹਨ,''ਇਸ ਵਿੱਚ ਸਮਾਂ ਲੱਗਦਾ ਹੈ ਅਤੇ ਦੋਵਾਂ ਨੂੰ ਗਰਭਨਿਰੋਧਕ ਦੇ ਸਭ ਤਰੀਕਿਆਂ ਦੇ ਨਫ਼ੇ-ਨੁਕਸਾਨ ਬਾਰੇ ਭਰੋਸਾ ਦਵਾਉਣਾ ਵੀ ਬੇਹੱਦ ਲਾਜ਼ਮੀ ਹੈ।''

ਔਰਤਾਂ ਦੀ ਇੱਕ ਸ਼ਿਕਾਇਤ ਇਹ ਵੀ ਰਹਿੰਦੀ ਹੈ ਕਿ ਨਸਬੰਦੀ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰ ਸਕਦੀ ਹੈ, ਉਨ੍ਹਾਂ ਨੂੰ  ਇਸ ਮਸਲੇ ਬਾਰੇ ਵੀ ਸੋਚਣਾ ਪੈਂਦਾ ਹੈ। ਇੱਕ ਘਟਨਾ ਨੂੰ ਚੇਤੇ ਕਰਦਿਆਂ ਜਿਸ ਵਿੱਚ ਇੱਕ ਆਦਮੀ ਦੀ ਪਤਨੀ ਨੇ ਉਨ੍ਹਾਂ ਨੂੰ (ਨੁਸਰਤ ਨੂੰ) ਚੱਪਲ ਨਾਲ਼ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਨੁਸਰਤ ਕਹਿੰਦੀ ਹਨ,''ਉਹ ਵੀ ਡਰ ਗਈ ਸੀ ਕਿ ਇੰਝ ਕਰਨਾ ਕਿਤੇ ਉਨ੍ਹਾਂ ਦੇ ਪਤੀ ਨੂੰ ਨਪੁੰਸਕ ਨਾ ਬਣਾ ਛੱਡੇ ਅਤੇ ਉਹ ਪਿੰਡ ਵਾਲ਼ਿਆਂ ਦੇ ਹਾਸੇ ਦੇ ਪਾਤਰ ਬਣ ਕੇ ਨਾ ਰਹਿ ਜਾਣ।''

ਅਤੇ ਫਿਰ ਉਹ ਸਵਾਲ ਪੁੱਛਣ ਦੇ ਲਹਿਜੇ ਵਿੱਚ ਕਹਿੰਦੀ ਹਨ,''ਔਰਤਾਂ ਨੂੰ ਆਪਣੇ ਵਿਆਹੁਤਾ ਜੀਵਨ ਨੂੰ ਬਚਾਉਣ ਦਾ ਡਰ ਲਹਿੰਦਾ ਹੈ, ਪਰ ਕੀ ਪੁਰਸ਼ਾਂ ਨੂੰ ਸਿਰਫ਼ ਖਿੱਲੀ ਉਡਾਏ ਜਾਣ ਤੋਂ ਹੀ ਸਹਿਮ ਜਾਂਦੇ ਹਨ?''

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Amruta Byatnal

அம்ருதா ப்யாட்னல் தில்லியை சேர்ந்த சுயாதீன பத்திரிகையாளர். சுகாதாரம், பாலினம், குடியுரிமை ஆகியவற்றை சார்ந்து இயங்குகிறார்.

Other stories by Amruta Byatnal
Illustration : Priyanka Borar

ப்ரியங்கா போரர், தொழில்நுட்பத்தில் பல விதமான முயற்சிகள் செய்வதன் மூலம் புதிய அர்த்தங்களையும் வெளிப்பாடுகளையும் கண்டடையும் நவீன ஊடக கலைஞர். கற்றுக் கொள்ளும் நோக்கிலும் விளையாட்டாகவும் அவர் அனுபவங்களை வடிவங்களாக்குகிறார், அதே நேரம் பாரம்பரியமான தாள்களிலும் பேனாவிலும் அவரால் எளிதாக செயல்பட முடியும்.

Other stories by Priyanka Borar
Editor : Hutokshi Doctor
Series Editor : Sharmila Joshi

ஷர்மிளா ஜோஷி, PARI-ன் முன்னாள் நிர்வாக ஆசிரியர் மற்றும் எழுத்தாளர். அவ்வப்போது கற்பிக்கும் பணியும் செய்கிறார்.

Other stories by Sharmila Joshi
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur