ਉਹ ਕਿਸੇ ਨਾਇਕ ਵਾਂਗ ਪ੍ਰਵੇਸ ਕਰਦੀ ਹੈ। ਉਸ ਟਿੱਪਣੀ ਤੋਂ ਠੀਕ 5 ਕੁ ਮਿੰਟ ਬਾਅਦ ਜਦੋਂ 6 ਬੰਦੇ ਇਸ ਗੱਲ ਨੂੰ ਲੈ ਕੇ ਸਹੁੰ ਖਾ ਰਹੇ ਹੁੰਦੇ ਹਨ ਕਿ ਕਟਹਲ ਦਾ ਕਾਰੋਬਾਰ ਕੋਈ ਔਰਤ ਕਰ ਹੀ ਨਹੀਂ ਸਕਦੀ- ਕਿਉਂਕਿ ਇਸ ਕੰਮ ਅੰਦਰ ਢੋਆਢੁਆਈ, ਇੰਨਾ ਵਜ਼ਨ ਚੁੱਕਣਾ ਤੇ ਹੋਰ ਵੀ ਕਈ ਖ਼ਤਰਿਆਂ ਦਾ ਸਾਹਮਣਾ ਕੋਈ ਔਰਤ ਨਹੀਂ ਕਰ ਸਕਦੀ। ਉਦੋਂ ਹੀ ਲਕਸ਼ਮੀ ਦੁਕਾਨ ਅੰਦਰ ਆਉਂਦੀ ਹੈ। ਪੀਲ਼ੀ ਸਾੜੀ ਵਿੱਚ ਮਲਬੂਸ ਲਕਸ਼ਮੀ ਨੇ ਆਪਣੇ ਧੌਲ਼ੇ ਵਾਲ਼ਾਂ ਦਾ ਜੂੜਾ ਬਣਾਇਆ ਹੈ ਤੇ ਕੰਨਾਂ ਤੇ ਨੱਕ ਵਿੱਚ ਸੋਨੇ ਦੀਆਂ ਟੂੰਬਾਂ ਪਾਈਆਂ ਹਨ। ''ਉਹ ਇਸ ਕਾਰੋਬਾਰ ਦੀ ਸਭ ਤੋਂ ਅਹਿਮ ਵਿਅਕਤੀ ਹੈ,'' ਇੱਕ ਕਿਸਾਨ ਬੜੇ ਵੱਖਰੇ ਐਲਾਨੀਆ ਤਰੀਕੇ ਨਾਲ਼ ਕਹਿੰਦਾ ਹੈ।
''ਉਹੀ ਹੈ ਜੋ ਸਾਡੀ ਪੈਦਾਵਾਰ ਦਾ ਮੁੱਲ ਤੈਅ ਕਰਦੀ ਹੈ।''
65 ਸਾਲਾ ਏ.ਲਕਸ਼ਮੀ ਪਨਰੂਤੀ ਵਿਖੇ ਕਟਹਲ ਦਾ ਕਾਰੋਬਾਰ ਕਰਨ ਵਾਲ਼ੀ ਇਕਲੌਤੀ ਔਰਤ ਹਨ। ਉਹ ਉਨ੍ਹਾਂ ਵਡੇਰੀ ਉਮਰ ਦੀਆਂ ਔਰਤ ਵਪਾਰੀਆਂ ਵਿੱਚੋਂ ਇੱਕ ਹਨ ਜੋ ਖੇਤੀ ਦੇ ਕਾਰੋਬਾਰ ਨਾਲ਼ ਜੁੜੀਆਂ ਹਨ।
ਤਮਿਲਨਾਡੂ ਦੇ ਕੁਡਲੌਰ ਜ਼ਿਲ੍ਹੇ ਦਾ ਪਨਰੂਤੀ ਕਸਬਾ ਆਪਣੇ ਕਟਹਲ ਲਈ ਬਹੁਤ ਮਸ਼ਹੂਰ ਹੈ। ਕਟਹਲ ਦੇ ਮੌਸਮ ਦੌਰਾਨ ਰੋਜ਼ਾਨਾ ਇੱਥੇ ਸੈਂਕੜੇ ਟਨ ਕਟਹਲ ਖ਼ਰੀਦੇ ਤੇ ਵੇਚੇ ਜਾਂਦੇ ਹਨ। ਹਰ ਸਾਲ, ਲਕਸ਼ਮੀ ਹਜ਼ਾਰਾਂ-ਹਜ਼ਾਰ ਕਿਲੋ ਕਟਹਲ ਦਾ ਮੁੱਲ ਤੈਅ ਕਰਦੀ ਹਨ ਜੋ ਕਸਬੇ ਦੀ ਕਟਹਲ ਮੰਡੀਆਂ ਵਜੋਂ ਕੰਮ ਕਰਦੀਆਂ 22 ਦੁਕਾਨਾਂ ਵਿੱਚ ਵੇਚੇ ਜਾਂਦੇ ਹਨ। ਉਹ ਹਰੇਕ 1000 ਰੁਪਏ ਮਗਰ 50 ਰੁਪਏ ਦਾ ਬੜਾ ਨਿਗੂਣਾ ਜਿਹਾ ਕਮਿਸ਼ਨ ਲੈਂਦੀ ਹਨ। ਕਿਸਾਨ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ਼ ਥੋੜ੍ਹਾ ਵੱਧ ਕੁਝ ਦੇ ਦਿੰਦੇ ਹਨ। ਉਹ ਅੰਦਾਜ਼ਾ ਲਾਉਂਦੀ ਹਨ ਕਿ ਜਦੋਂ ਮੌਸਮ ਪੂਰੇ ਜ਼ੋਰਾਂ 'ਤੇ ਹੁੰਦਾ ਹੈ ਤਾਂ ਉਨ੍ਹਾਂ ਨੂੰ 1,000 ਅਤੇ 2,000 ਰੁਪਏ ਦਿਹਾੜੀ ਬਣ ਜਾਂਦੀ ਹੈ।
ਇੰਨਾ ਪੈਸਾ ਕਮਾਉਣ ਲਈ ਉਹ 12 ਘੰਟੇ ਕੰਮ ਕਰਦੀ ਹਨ। ਉਨ੍ਹਾਂ ਦਾ ਕੰਮ ਅੱਧੀ ਰਾਤੀਂ 1 ਵਜੇ ਸ਼ੁਰੂ ਹੁੰਦਾ ਹੈ। ''ਜੇ ਸਾਰਾਕੂ (ਪੈਦਾਵਾਰ) ਬਹੁਤੀ ਹੋਵੇ ਤਾਂ ਵਪਾਰੀ ਮੈਨੂੰ ਥੋੜ੍ਹੀ ਪਹਿਲਾਂ ਸੱਦਣ ਮੇਰੇ ਘਰ ਵੀ ਆ ਜਾਂਦੇ ਹਨ,'' ਲਕਸ਼ਮੀ ਖੋਲ੍ਹ ਦੇ ਦੱਸਦੀ ਹਨ। ਉਹ ਆਟੋ ਰਾਹੀਂ ਸਵੇਰੇ 3 ਵਜੇ ਮੰਡੀ ਪਹੁੰਚਦੀ ਹਨ। ਉਨ੍ਹਾਂ ਦੇ ਕੰਮ ਦੀ 'ਦਿਹਾੜੀ' ਦਾ ਪਹਿਲਾ ਹਿੱਸਾ ਦੁਪਹਿਰ 1 ਵਜੇ ਤੱਕ ਚੱਲਦਾ ਹੈ, ਇਸ ਤੋਂ ਬਾਅਦ ਉਹ ਘਰ ਜਾਂਦੀ ਹਨ ਤੇ ਕੁਝ ਖਾ ਪੀ ਕੇ ਅਰਾਮ ਕਰਦੀ ਹਨ। ਅਰਾਮ ਸਿਰਫ਼ ਉਦੋਂ ਤੱਕ ਜਦੋਂ ਤੱਕ ਕਿ ਦੋਬਾਰਾ ਮੰਡੀ ਜਾਣ ਦਾ ਸਮਾਂ ਨਹੀਂ ਹੋ ਜਾਂਦਾ...
''ਮੈਨੂੰ ਕਟਹਲ ਦੀ ਫ਼ਸਲ ਦੇ ਵਧਣ-ਫੁਲਣ ਬਾਰੇ ਬਹੁਤਾ ਕੁਝ ਨਹੀਂ ਪਤਾ,'' ਉਹ ਮੈਨੂੰ ਦੱਸਦੀ ਹਨ, ਉਨ੍ਹਾਂ ਦੀ ਅਵਾਜ਼ ਘੰਟਿਆ-ਬੱਧੀ ਗੱਲਾਂ ਕਰਨ ਤੇ ਚੀਕਦੇ ਰਹਿਣ ਕਾਰਨ ਖਰ੍ਹਵੀ ਹੋ ਗਈ ਹੈ। ''ਹਾਂ ਪਰ ਮੈਨੂੰ ਵਿਕਰੀ ਬਾਰੇ ਕੁਝ ਕੁਝ ਪਤਾ ਹੈ।'' ਲਕਸ਼ਮੀ ਸਰਲ ਸੁਭਾਅ ਦੀ ਹਨ ਜੋ ਸੁਭਾਵਕ ਹੀ ਹੈ- ਆਖ਼ਰਕਾਰ ਉਹ ਤਿੰਨ ਦਹਾਕਿਆਂ ਤੋਂ ਬਤੌਰ ਵਪਾਰੀ ਕੰਮ ਕਰ ਰਹੀ ਹਨ ਤੇ ਉਸ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ 20 ਸਾਲ ਚੱਲਦੀਆਂ ਰੇਲਾਂ ਵਿੱਚ ਫਲ ਵੇਚੇ ਸਨ।
ਕਟਹਲ ਦੇ ਕੰਮ ਵਿੱਚ ਪੈਣ ਦਾ ਉਨ੍ਹਾਂ ਦਾ ਇਹ ਸਫ਼ਰ 12 ਸਾਲਾਂ ਦੀ ਉਮਰੇ ਸ਼ੁਰੂ ਹੋਇਆ। ਛੋਟੀ ਉਮਰੇ ਲਕਸ਼ਮੀ ਅੱਧੀ ਸਾੜੀ ਪਹਿਨਦੀ ਤੇ ਭਾਫ਼ ਇੰਜਣ ਨਾਲ਼ ਚੱਲਣ ਵਾਲ਼ੀਆਂ ਕਾਰੀ ਵੰਡੀ (ਯਾਤਰੀ ਗੱਡੀਆਂ) ਵਿੱਚ ਪਾਲਾ ਪਾਰਮ ਵੇਚਦੀ, ਜੋ ਤਮਿਲਨਾਡੂ ਦਾ ਇੱਕ ਫਲ ਹੈ। ਹੁਣ ਇਹ 65 ਸਾਲਾ ਬਜ਼ੁਰਗ ਔਰਤ ਇੱਕ ਅਜਿਹੇ ਘਰ ਵਿੱਚ ਰਹਿੰਦੀ ਹਨ, ਜਿਹਦੇ ਬਾਹਰ ਮੱਥੇ 'ਤੇ ਲਿਖਿਆ- ਲਕਸ਼ਮੀ ਵਿਲਾ।
ਇਹ ਘਰ ਲਕਸ਼ਮੀ ਨੇ ਖ਼ੁਦ ਬਣਾਇਆ, ਦੁਨੀਆ ਦਾ ਸਭ ਤੋਂ ਵੱਡਾ ਫਲ ਵੇਚ ਕੇ ਤੇ ਉਹਦਾ ਕਾਰੋਬਾਰ ਕਰਕੇ।
*****
ਕਟਹਲ ਦਾ ਮੌਸਮ ਕਈ ਵਾਰੀ ਜਨਵਰੀ ਜਾਂ ਫਰਵਰੀ ਵਿੱਚ ਸ਼ੁਰੂ ਹੁੰਦਾ ਹੈ ਤੇ ਆਉਂਦੇ ਛੇ ਮਹੀਨੇ ਚੱਲਦਾ ਰਹਿੰਦਾ ਹੈ। 2021 ਵਿੱਚ ਉੱਤਰ-ਪੂਰਬੀ ਮਾਨਸੂਨ ਦੌਰਾਨ ਬਹੁਤ ਤੇਜ਼ ਤੇ ਬੇਮੌਸਮਾਂ ਮੀਂਹ ਪੈਣ ਨਾਲ਼ ਫੁੱਲ ਤੇ ਫਲ ਅੱਠ ਹਫ਼ਤਿਆਂ ਦੀ ਦੇਰੀ ਨਾਲ਼ ਲੱਗੇ। ਅਪ੍ਰੈਲ ਮਹੀਨੇ ਵਿੱਚ ਕਿਤੇ ਜਾ ਕੇ ਫਲ ਮੰਡੀ ਪੁੱਜਿਆ ਅਤੇ ਇਹ ਮੌਸਮ ਅਗਸਤ ਤੱਕ ਖਿੱਚਿਆ ਗਿਆ।
'ਜੈਕ' (ਕਟਹਲ ਨੂੰ ਆਮ ਬੋਲਚਾਲ਼ ਦੀ ਭਾਸ਼ਾ ਵਿੱਚ ਜੈਕ/ਜੈਕਫਰੂਟ ਕਿਹਾ ਜਾਂਦਾ ਹੈ) ਦੱਖਣੀ ਭਾਰਤ ਦੇ ਪੱਛਮੀ ਘਾਟਾਂ ਦਾ ਮੂਲ਼ ਫ਼ਲ ਹੈ। ਇਹ ਨਾਮ ਮਲਿਆਲਮ ਸ਼ਬਦ ਚੱਕਾ ਤੋਂ ਲਿਆ ਗਿਆ। ਇਹਦਾ ਵਿਗਿਆਨਕ ਨਾਮ: ਆਰਟੋਕਾਰਪਸ ਹੇਟੇਰੋਫਿਲਸ ਹੈ।
ਪਾਰੀ ਦੀ ਟੀਮ ਅਪ੍ਰੈਲ 2022 ਵਿੱਚ ਪਹਿਲੀ ਦਫ਼ਾ ਪਨਰੂਤੀ ਦੇ ਵਪਾਰੀਆਂ ਤੇ ਕਿਸਾਨਾਂ ਨੂੰ ਮਿਲ਼ਣ ਗਈ। ਕਿਸਾਨ ਅਤੇ ਕਮਿਸ਼ਨ ਏਜੰਟ 40 ਸਾਲਾ ਆਰ. ਵਿਜੈਕੁਮਾਰ ਨੇ ਆਪਣੀ ਦੁਕਾਨ ਵਿੱਚ ਸਾਡਾ ਸੁਆਗਤ ਕੀਤਾ। ਇਹ ਦੁਕਾਨ ਇੱਕ ਸਧਾਰਣ ਢਾਂਚਾ ਹੀ ਸੀ ਜਿਹਦੀ ਛੱਤ ਤੇ ਕੰਧਾਂ ਫੂਸ ਨਾਲ਼ ਬਣੀਆਂ ਸਨ ਤੇ ਹੇਠਾਂ ਕਾਫ਼ੀ ਪੱਕੀ ਮਿੱਟੀ ਦਾ ਫ਼ਰਸ਼ ਸੀ। ਇਸੇ ਕੁੱਲੀਨੁਮਾ ਦੁਕਾਨ ਦਾ ਉਹ ਇੱਕ ਸਾਲ ਦਾ 50,000 ਰੁਪਏ ਕਿਰਾਇਆ ਦਿੰਦੇ ਹਨ। ਦੁਕਾਨ ਅੰਦਰ ਸੁੱਖ-ਸੁਵਿਧਾਵਾਂ ਦੀ ਗੱਲ ਕਰੀਏ ਤਾਂ ਖੂੰਜੇ ਵਿੱਚ ਪਿਆ ਬੈਂਚ ਤੇ ਕੁਝ ਕੁ ਕੁਰਸੀਆਂ ਹੀ ਸਨ।
ਲਮਕ ਰਹੀਆਂ ਰੰਗ-ਬਿਰੰਗੀਆਂ ਝੰਡੀਆਂ (ਕਾਗ਼ਜ਼ੀ-ਰਿਬਨ) ਕਿਸੇ ਪੁਰਾਣੇ ਮਨਾਏ ਜਸ਼ਨ ਦੀ ਯਾਦ ਦਵਾਉਂਦੀਆਂ, ਮਾਲ਼ਾ ਚੜ੍ਹੀ ਪਿਤਾ ਦੀ ਤਸਵੀਰ, ਇੱਕ ਡੈਸਕ, ਕਟਹਲ ਦੀਆਂ ਖੇਪਾਂ- ਇਹ ਸਭ ਰਲ਼ ਕੇ ਇੱਕ ਵਿਲੱਖਣ ਦਿੱਖ ਪੇਸ਼ ਕਰਦੇ ਜਾਪਦੇ। ਲਾਂਘੇ ਵਿੱਚ ਕਰੀਬ 100 ਫਲਾਂ ਦੀ ਪਈ ਢੇਰੀ ਕਿਸੇ ਹਰੀ ਪਹਾੜੀ ਵਾਂਗਰ ਜਾਪਦੀ।
''ਇਹ ਖੇਪ ਕੋਈ 25,000 ਰੁਪਏ ਦੀ ਹੈ,'' ਵਿਜੈਕੁਮਾਰ ਦੱਸਦੇ ਹਨ। ਆਖ਼ਰੀ ਵਾਲ਼ੀ ਖੇਪ- ਦੋ ਪਾਰਟੀਆਂ ਨੂੰ ਵੇਚੀ ਗਈ, ਜੋ ਇਨ੍ਹਾਂ ਫਲਾਂ ਨੂੰ ਚੇਨੱਈ ਦੇ ਅਡਯਾਰ ਲਿਜਾਂਦੇ ਹਨ- ਵਿੱਚ 60 ਫਲ ਸਨ ਜਿਹਦੀ ਕੀਮਤ ਕਰੀਬ 18,000 ਰੁਪਏ ਹੈ।
ਕਟਹਲ ਦੀ ਉਪਜ ਨੂੰ ਅਖ਼ਬਾਰ ਵਾਲ਼ੀ ਵੈਨ ਅੰਦਰ ਭਰ ਕੇ ਇੱਥੋਂ 185 ਕਿਲੋਮੀਟਰ ਦੂਰ ਚੇਨੱਈ ਭੇਜਿਆ ਜਾਂਦਾ ਹੈ। ''ਜੇਕਰ ਉੱਤਰ ਵੱਲ ਭੇਜਣਾ ਹੋਵੇ ਤਾਂ ਅਸੀਂ ਟਾਟਾ ਏਸ ਟਰੱਕ ਵਿੱਚ ਭੇਜੀਦਾ ਹੈ। ਸਾਡੇ ਕੰਮ ਦੀਆਂ ਦਿਹਾੜੀਆਂ ਕਾਫ਼ੀ ਲੰਬੀਆਂ ਹੁੰਦੀਆਂ ਹਨ। ਜਦੋਂ ਕੰਮ ਦਾ ਜ਼ੋਰ ਹੁੰਦਾ ਹੈ ਤਾਂ ਅਸੀਂ ਇੱਥੇ ਸਵੇਰੇ 3 ਜਾਂ 4 ਵਜੇ ਆ ਜਾਂਦੇ ਹਾਂ ਤੇ ਰਾਤੀਂ 10 ਵਜੇ ਤੱਕ ਰਹਿੰਦੇ ਹਾਂ,'' ਵਿਜੈਕੁਮਾਰ ਕਹਿੰਦੇ ਹਨ। ''ਕਟਹਲ ਦੀ ਮੰਗ ਬਹੁਤ ਜ਼ਿਆਦਾ ਹੈ। ਹਰ ਕੋਈ ਇਹਨੂੰ ਬੜੇ ਚਾਵਾਂ ਨਾਲ਼ ਖਾਂਦਾ ਹੈ। ਇੱਥੋਂ ਤੱਕ ਕਿ ਮਧੂਮੇਹ ਦੇ ਮਰੀਜ਼ ਵੀ ਇਹਦੀਆਂ ਚਾਰ ਫਲ਼ੀਆਂ (ਸੋਲਾਇਸ) ਖਾਂਦੇ ਹਨ।'' ਅੱਗੇ ਉਹ ਹੱਸਦਿਆਂ ਕਹਿੰਦੇ ਹਨ,''ਸਿਰਫ਼ ਅਸੀਂ ਹਾਂ ਜੋ ਇਹਨੂੰ ਖਾ ਖਾ ਕੇ ਥੱਕ ਗਏ ਹਾਂ।''
ਵਿਜੈਕੁਮਾਰ ਦੱਸਦੇ ਹਨ ਕਿ ਪੂਰੇ ਪਨਰੂਤੀ ਵਿਖੇ ਥੋਕ ਦੀਆਂ ਕੁੱਲ 22 ਦੁਕਾਨਾਂ ਹਨ। ਕਰੀਬ 25 ਸਾਲ ਪਹਿਲਾਂ ਇਸੇ ਇਲਾਕੇ ਵਿੱਚ ਉਨ੍ਹਾਂ ਦੇ ਪਿਤਾ ਦੀ ਵੀ ਦੁਕਾਨ ਹੁੰਦੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਹੁਣ ਵਿਜੈਕੁਮਾਰ ਪਿਛਲੇ 15 ਸਾਲਾਂ ਤੋਂ ਦੁਕਾਨ ਚਲਾ ਰਹੇ ਹਨ। ਹਰ ਦੁਕਾਨ ਰੋਜ਼ਾਨਾ 10 ਟਨ ਫ਼ਲਾਂ ਦਾ ਕਾਰੋਬਾਰ ਕਰਦੀ ਹੈ। ''ਜੇਕਰ ਪੂਰੇ ਤਮਿਲਨਾਡੂ ਦੀ ਗੱਲ ਕਰੀਏ ਤਾਂ ਪਨਰੂਤੀ ਬਲਾਕ ਵਿੱਚ ਸਭ ਤੋਂ ਵੱਧ ਕਟਹਲ ਉਗਦੇ ਹਨ,'' ਉਹ ਸਮਝਾਉਂਦਿਆਂ ਕਹਿੰਦੇ ਹਨ। ਸਾਡੇ ਨੇੜੇ ਹੀ ਗਾਹਕਾਂ ਦੀ ਉਡੀਕ ਵਿੱਚ ਕੁਝ ਕਿਸਾਨ ਬੈਂਚ 'ਤੇ ਬੈਠੇ ਹਨ ਜੋ ਸਹਿਮਤੀ ਵਿੱਚ ਸਿਰ ਹਿਲਾਉਂਦੇ ਹੋਏ ਸਾਡੀ ਗੱਲਬਾਤ ਵਿੱਚ ਸ਼ਾਮਲ ਹੋ ਜਾਂਦੇ ਹਨ।
ਪੁਰਸ਼ ਵੇਸ਼ਤਿਸ ਜਾਂ ਲੂੰਗੀ ਦੇ ਨਾਲ਼ ਕਮੀਜ਼ਾਂ ਪਹਿਨਦੇ ਹਨ। ਉਹ ਇੱਕ ਦੂਜੇ ਨੂੰ ਜਾਣਦੇ ਹਨ ਤੇ ਇਸ ਕਾਰੋਬਾਰ ਵਿੱਚ ਵਾਕਫ਼ੀਅਤ ਹੋਣਾ ਆਮ ਗੱਲ ਹੈ। ਇੱਥੇ ਗੱਲਬਾਤ ਉੱਚੇ ਸੁਰ ਵਿੱਚ ਹੁੰਦੀ ਹੈ, ਫ਼ੋਨਾਂ ਦੀਆਂ ਘੰਟੀਆਂ ਵੀ ਬਹੁਤ ਉੱਚੀਆਂ ਹਨ ਤੇ ਨੇੜਿਓਂ ਲੰਘਣ ਵਾਲ਼ੀਆਂ ਗੱਡੀਆਂ ਵੀ ਕੰਨ-ਪਾੜ੍ਹਵੀਂ ਅਵਾਜ਼ ਕੱਢਦੀਆਂ ਜਾਂਦੀਆਂ ਹਨ, ਉਨ੍ਹਾਂ ਦੇ ਹਾਰਨ ਇੰਨੇ ਚੀਕਵੇਂ ਹਨ ਜਿਵੇਂ ਤੁਹਾਨੂੰ ਵਿੰਨ੍ਹ ਹੀ ਸੁੱਟਣਗੇ।
47 ਸਾਲਾ ਕੇ. ਪੱਤੂਸਾਮੀ, ਕਟਹਲ ਦੀ ਖੇਤੀ ਦਾ ਆਪਣਾ ਤਜ਼ਰਬਾ ਸਾਂਝਾ ਕਰਦੇ ਹਨ। ਉਹ ਪਨਰੂਤੀ ਤਾਲੁਕਾ ਦੇ ਕੱਟਾਂਡੀਕੁੱਪਮ ਤੋਂ ਹਨ ਤੇ 50 ਰੁੱਖਾਂ ਦੇ ਮਾਲਕ ਹਨ। ਉਨ੍ਹਾਂ ਨੇ 600 ਦੇ ਕਰੀਬ ਰੁੱਖ ਪਟੇ 'ਤੇ ਵੀ ਦਿੱਤੇ ਹੋਏ ਹਨ। ਹਰੇਕ 100 ਰੁੱਖਾਂ ਦੀ ਕੀਮਤ ਕੋਈ 1.25 ਲੱਖ ਰੁਪਏ ਹੈ। ''ਮੈਂ ਪਿਛਲੇ 25 ਸਾਲਾਂ ਤੋਂ ਇਸੇ ਕਾਰੋਬਾਰ ਵਿੱਚ ਹਾਂ ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਸ ਕੰਮ ਵਿੱਚ ਬੜੀਆਂ ਅਨਿਸ਼ਚਿਤਤਾਵਾਂ ਵੀ ਹਨ,'' ਉਹ ਕਹਿੰਦੇ ਹਨ।
ਮੰਨ ਲਓ ਜੇ ਬਹੁਤ ਸਾਰੇ ਫਲ ਲੱਗ ਵੀ ਜਾਣ, ਪੱਤੂਸਾਮੀ ਤਰਕ ਦਿੰਦਿਆਂ ਕਹਿੰਦੇ ਹਨ,''ਉਨ੍ਹਾਂ ਵਿੱਚੋਂ 10 ਸੜ ਜਾਣਗੇ, 10 ਟੁੱਟ ਜਾਣਗੇ, 10 ਡਿੱਗ ਪੈਣਗੇ ਅਤੇ ਬਾਕੀ ਦੇ 10 ਜਾਨਵਰ ਨਿਗ਼ਲ ਜਾਣਗੇ।''
ਬਹੁਤੇ ਪੱਕੇ ਫਲਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਉਹ ਡੰਗਰਾਂ ਦੀ ਖ਼ੁਰਾਕ ਬਣ ਜਾਂਦੇ ਹਨ। ਔਸਤਨ 5 ਤੋਂ 10 ਫ਼ੀਸਦ ਫਲ ਬਰਬਾਦ ਹੋ ਜਾਂਦੇ ਹਨ। ਮੌਟੇ ਤੌਰ 'ਤੇ ਜੇ ਇਸ ਬਰਬਾਦੀ ਦੀ ਦਰ ਕੱਢਣੀ ਹੋਵੇ ਤਾਂ ਮੌਸਮ ਦੇ ਜ਼ੋਰ ਵੇਲ਼ੇ ਹਰੇਕ ਦੁਕਾਨ 'ਤੇ ਹਰ ਰੋਜ਼ ਪੁੱਜਣ ਵਾਲ਼ੇ ਅੱਧੇ ਜਾਂ ਇੱਕ ਟਨ ਕਟਹਲ ਦੇ ਬਰਾਬਰ ਬਣ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੈਦਾਵਾਰ ਦਾ ਇੱਕ ਵੱਡਾ ਹਿੱਸਾ ਡੰਗਰਾਂ ਦੀ ਖ਼ੁਰਾਕ ਹੀ ਬਣਦਾ ਹੈ।
ਪਸ਼ੂਆਂ ਵਾਂਗਰ, ਰੁੱਖ ਵੀ ਇੱਕ ਨਿਵੇਸ਼ ਹੀ ਹੁੰਦੇ ਹਨ। ਪੇਂਡੂ ਅਬਾਦੀ ਉਨ੍ਹਾਂ ਨੂੰ ਕਿਸੇ ਸਟਾਕ (ਜਮ੍ਹਾ-ਪੂੰਜੀ) ਵਾਂਗਰ ਸਮਝਦੀ ਹੈ- ਜਿਹਦਾ ਮੁੱਲ ਵੱਧਦਾ ਰਹਿੰਦਾ ਹੈ ਅਤੇ ਚੰਗਾ ਲਾਭ ਮਿਲ਼ਣ 'ਤੇ ਉਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ। ਗੱਲ ਨੂੰ ਸਮਝਾਉਂਦਿਆਂ ਵਿਜੈਕੁਮਾਰ ਤੇ ਉਨ੍ਹਾਂ ਦੇ ਦੋਸਤ ਕਹਿੰਦੇ ਹਨ ਕਿ ਇੱਕ ਵਾਰੀਂ ਜਦੋਂ ਕਟਹਲ ਦੇ ਰੁੱਖ ਦਾ ਤਣਾ 8 ਗਿੱਠਾਂ ਚੌੜਾ ਤੇ 7 ਜਾਂ 9 ਫੁੱਟ ਉੱਚਾ ਹੋ ਜਾਵੇ ਤਾਂ ਅਜਿਹੇ ਸੂਰਤੇ-ਹਾਲ ਵਿੱਚ ਇਹਦੀ ''ਸਿਰਫ਼ ਲੱਕੜ ਵੇਚ ਕੇ ਹੀ 50,000 ਰੁਪਏ ਮਿਲ਼ ਜਾਂਦੇ ਹਨ।''
ਜਿੰਨਾ ਸੰਭਵ ਹੋਵੇ, ਕਿਸਾਨ ਰੁੱਖਾਂ ਨੂੰ ਨਹੀਂ ਕੱਟਦੇ, ਪੱਤੂਸਾਮੀ ਕਹਿੰਦੇ ਹਨ। ''ਅਸੀਂ ਤਾਂ ਇਨ੍ਹਾਂ (ਰੁੱਖਾਂ) ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਦੋਂ ਪੈਸਿਆਂ ਦੀ ਲੋੜ ਪੈਂਦੀ ਹੈ, ਖ਼ਾਸ ਕਰਕੇ ਜਦੋਂ ਬੀਮਾਰੀ ਦੀ ਹਾਲਤ ਹੋਵੇ ਜਾਂ ਪਰਿਵਾਰ ਵਿੱਚ ਵਿਆਹ ਦਾ ਮੌਕਾ ਹੋਵੇ ਤਾਂ ਅਸੀਂ ਇੱਕ ਵੱਡੇ ਸਾਰੇ ਰੁੱਖ ਦੀ ਚੋਣ ਕਰਦੇ ਹਾਂ ਤੇ ਉਹਨੂੰ ਵੇਚ (ਲੱਕੜ ਵਾਸਤੇ) ਦਿੰਦੇ ਹਾਂ।'' ਇਸ ਨਾਲ਼ ਕਿਸਾਨ ਨੂੰ ਦੋ ਕੁ ਲੱਖ ਮਿਲ਼ ਹੀ ਜਾਂਦੇ ਹਨ। ਜੋ ਕਿਸੇ ਸੰਕਟ ਵਿੱਚੋਂ ਉਭਰਨ ਜਾਂ ਕਲਯਾਨਮ (ਵਿਆਹ) ਲਈ ਕਾਫ਼ੀ ਰਹਿੰਦੇ ਹਨ...
''ਇੱਧਰ ਆਇਓ,'' ਦੁਕਾਨ ਦੇ ਮਗਰਲੇ ਪਾਸੇ ਜਾਂਦਿਆਂ ਪੱਤੂਸਾਮੀ ਮੈਨੂੰ ਕਹਿੰਦੇ ਹਨ। ਇੱਥੇ ਕਦੇ ਕਟਹਲ ਦੇ ਵੱਡੇ-ਵੱਡੇ ਦਰਜ਼ਨ ਕੁ ਰੁੱਖ ਹੁੰਦੇ ਸਨ, ਉਹ ਦੱਸਦੇ ਹਨ। ਹੁਣ ਇੱਥੇ ਅਸੀਂ ਸਿਰਫ਼ ਪਾਲਾ ਕਾਨੂ (ਕਟਹਲ ਦੇ ਛੋਟੇ ਬੂਟੇ) ਹੀ ਦੇਖ ਸਕਦੇ ਹਾਂ। ਵੱਡੇ ਰੁੱਖਾਂ ਨੂੰ ਇਸ ਜ਼ਮੀਨ ਦੇ ਮਾਲਕ ਨੇ ਆਪਣੇ ਖ਼ਰਚੇ ਪੂਰੇ ਕਰਨ ਖ਼ਾਤਰ ਵੇਚ ਦਿੱਤਾ। ਬਾਅਦ ਵਿੱਚ, ਉਹਨੇ ਕਟਹਲ ਦੇ ਨਵੇਂ ਬੂਟੇ ਬੀਜੇ। ''ਇਹ ਹਾਲੇ ਸਿਰਫ਼ ਦੋ ਸਾਲਾਂ ਦੇ ਹਨ,'' ਪੱਤੂਸਾਮੀ ਛੋਟੇ ਤੇ ਪਤਲੇ ਰੁੱਖਾਂ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ। ''ਜਦੋਂ ਕਟਹਲ ਦਾ ਰੁੱਖ ਕੁਝ ਸਾਲਾਂ ਦਾ ਹੋ ਜਾਵੇ ਬੱਸ ਉਦੋਂ ਹੀ ਫਲ ਦੇਣ ਲੱਗਦਾ ਹੈ।''
ਹਰ ਸਾਲ, ਮੌਸਮ ਦੀ ਪਹਿਲੀ ਫ਼ਸਲ ਤਾਂ ਜਾਨਵਰਾਂ ਦੇ ਢਿੱਡ ਅੰਦਰ ਹੀ ਜਾਂਦੀ ਹੈ। ''ਬਾਂਦਰ ਆਪਣੇ ਦੰਦਾਂ ਨਾਲ਼ ਇਨ੍ਹਾਂ ਨੂੰ ਪਾੜ੍ਹ ਦਿੰਦੇ ਹਨ ਤੇ ਫਿਰ ਆਪਣੇ ਹੱਥਾਂ ਨਾਲ਼ ਖਾਂਦੇ ਹਨ। ਗਲਹਿਰੀਆਂ ਨੂੰ ਵੀ ਕਟਹਲ ਖਾਸੇ ਪਸੰਦ ਹਨ।''
ਰੁੱਖਾਂ ਨੂੰ ਪਟੇ 'ਤੇ ਦੇਣਾ ਹੀ, ਹਰ ਕਿਸੇ ਲਈ ਚੰਗਾ ਰਹਿੰਦਾ ਹੈ, ਪੱਤੂਸਾਮੀ ਕਹਿੰਦੇ ਹਨ। ''ਦੇਖੋ ਨਾ, ਇੰਝ ਰੁੱਖਾਂ ਦੇ ਮਾਲਕ ਨੂੰ ਹਰ ਸਾਲ ਇੱਕਮੁਸ਼ਤ (ਉੱਕੀ-ਪੁੱਕੀ) ਰਾਸ਼ੀ ਮਿਲ਼ ਜਾਂਦੀ ਹੈ ਤੇ ਫਿਰ ਨਾ ਹੀ ਉਹਨੂੰ ਫਲ ਤੋੜਨ ਤੇ ਬਚਾਉਣ ਦੀ ਲੋੜ ਰਹਿੰਦੀ ਹੈ ਤੇ ਨਾ ਹੀ ਸਮੇਂ ਸਿਰ ਮੰਡੀ ਲਿਜਾਣ ਦੀ ਚਿੰਤਾ ਹੀ ਰਹਿੰਦੀ ਹੈ। ਜਦੋਂਕਿ ਮੇਰੇ ਜਿਹਾ ਕੋਈ ਵਿਅਕਤੀ- ਕਿਉਂਕਿ ਮੈਂ ਵੱਡੀ ਗਿਣਤੀ ਵਿੱਚ ਰੁੱਖਾਂ ਦੀ ਦੇਖਭਾਲ਼ ਕਰਦਾ ਹਾਂ- ਇਸਲਈ ਮੈਂ ਇੱਕੋ ਵਾਰੀਂ 100 ਜਾਂ 200 ਫਲ ਕੱਟ ਸਕਦਾ ਹਾਂ ਤੇ ਮੰਡੀ ਲਿਜਾ ਸਕਦਾ ਹਾਂ।'' ਇਹ ਦੋਵਾਂ ਧਿਰਾਂ ਲਈ ਓਨਾ ਚਿਰ ਨਫ਼ੇ ਦਾ ਸੌਦਾ ਰਹਿੰਦਾ ਹੈ ਜਿੰਨਾ ਚਿਰ ਰੁੱਖ ਵਧੀਆ ਝਾੜ ਦੇਣ, ਜਲਵਾਯੂ ਮਾਫ਼ਕ ਰਹੇ ਅਤੇ ਫਲ ਵੀ ਚੰਗੀ ਤਰ੍ਹਾਂ ਵੱਧਦੇ-ਫੁੱਲਦੇ ਰਹਿਣ...
ਅਫ਼ਸੋਸ ਦੀ ਗੱਲ ਹੈ ਕਿ ਕੁਝ ਵੀ ਕਿਉਂ ਨਾ ਵਾਪਰੇ, ਕਿਸਾਨ ਭਾਅ ਨਿਰਧਾਰਤ ਨਹੀਂ ਕਰ ਸਕਦੇ। ਜੇਕਰ ਉਹ ਭਾਅ ਨਿਰਧਾਰਤ ਸਕਦੇ ਹੁੰਦੇ ਤਾਂ ਕੀਮਤਾਂ ਵਿੱਚ ਇੰਨਾ ਤਿੱਖਾ ਤੇ ਤਿਗੁਣਾ ਵਖਰੇਵਾਂ ਨਾ ਹੁੰਦਾ। ਜਿਵੇਂ 2022 ਵਿੱਚ ਹੀ ਦੇਖੋ, ਜਦੋਂ ਇੱਕ ਟਨ ਕਟਹਲ ਦੀ ਕੀਮਤ 10,000 ਅਤੇ 30,000 ਦੇ ਵਿਚਕਾਰ ਤੈਰ ਰਹੀ ਸੀ।
''ਜਦੋਂ ਭਾਅ ਉੱਚਾ ਹੁੰਦਾ ਤਾਂ ਜਾਪਦਾ ਜਿਵੇਂ ਬੜਾ ਮੁਨਾਫ਼ਾ ਹੋ ਰਿਹਾ ਹੋਣਾ,'' ਵਿਜੈਕੁਮਰਾ ਆਪਣੇ ਲੱਕੜ ਦੇ ਡੈਸਕ ਦੇ ਦਰਾਜ਼ ਵੱਲ ਇਸ਼ਾਰਾ ਕਰਦੇ ਹਨ। ਉਹ ਦੋਵਾਂ ਧਿਰਾਂ ਵੱਲੋਂ ਪੰਜ ਫ਼ੀਸਦ ਕਮਿਸ਼ਨ ਕਮਾਉਂਦੇ ਹਨ। ''ਪਰ ਜੇਕਰ ਇੱਕ ਗਾਹਕ ਵੀ ਤੁਹਾਨੂੰ ਠੱਗ ਲਵੇ ਤਾਂ ਸਾਰਾ ਕੁਝ ਖੁੱਸ ਜਾਂਦਾ ਹੈ। ਤਦ ਤੁਹਾਨੂੰ ਹਰ ਖਾਨਾ ਖਾਲੀ ਕਰਕੇ,'' ਉਹ ਦਰਾਜ਼ 'ਤੇ ਠੱਕ-ਠੱਕ ਕਰਦਿਆਂ ਕਹਿੰਦੇ ਹਨ,''ਕਿਸਾਨ ਨੂੰ ਭੁਗਤਾਨ ਕਰਨਾ ਪਵੇਗਾ। ਇਹ ਸਾਡੀ ਨੈਤਿਕ ਜ਼ਿੰਮੇਦਾਰੀ ਬਣਦੀ ਹੈ, ਕਿ ਨਹੀਂ?''
ਕਟਹਲ ਦੇ ਕਿਸਾਨਾਂ ਤੇ ਉਤਪਾਦਕਾਂ ਨੇ ਅਪ੍ਰੈਲ 2022 ਦੇ ਸ਼ੁਰੂ ਵਿੱਚ ਸੰਗਮ ਨਾਮਕ ਇੱਕ ਕਮੇਟੀ ਬਣਾਈ। ਵਿਜੈਕੁਮਾਰ ਇਹਦੇ ਸਕੱਤਰ ਹਨ। ''ਇਹ ਅਜੇ 10 ਦਿਨ ਪੁਰਾਣੀ ਹੈ। ਹਾਲੇ ਤਾਂ ਅਸੀਂ ਇਹਨੂੰ ਰਜਿਸਟਰਡ ਵੀ ਨਹੀਂ ਕਰਾਇਆ,'' ਉਹ ਕਹਿੰਦੇ ਹਨ। ਉਨ੍ਹਾਂ ਨੂੰ ਇਸ ਕਮੇਟੀ ਤੋਂ ਵੱਡੀਆਂ ਉਮੀਦਾਂ ਹਨ। ''ਅਸੀਂ ਭਾਅ ਤੈਅ ਕਰਨਾ ਚਾਹੁੰਦੇ ਹਾਂ। ਫਿਰ, ਅਸੀਂ ਕੁਲੈਕਟਰ ਨੂੰ ਮਿਲ਼ਣ ਜਾਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਕਿਸਾਨਾਂ ਅਤੇ ਇਸ ਉਦਯੋਗ ਦੀ ਮਦਦ ਕਰਨ ਲਈ ਕਹਿਣਾ ਚਾਹੁੰਦੇ ਹਾਂ। ਅਸੀਂ ਉਤਪਾਦਕਾਂ ਵਾਸਤੇ ਕੁਝ ਪ੍ਰੋਤਸਾਹਨ ਰਾਸ਼ੀ ਦੇ ਨਾਲ਼ ਨਾਲ਼ ਕੁਝ ਸਹੂਲਤਾਂ- ਜਿਵੇਂ ਮੁੱਖ ਤੌਰ 'ਤੇ ਫਲਾਂ ਨੂੰ ਸੁਰੱਖਿਅਤ ਰੱਖਣ ਲਈ ਕੋਲਡ ਸਟੋਰੇਜ ਵੀ ਚਾਹਾਂਗੇ। ਇਹ ਸਭ ਤਾਂ ਹੀ ਸੰਭਵ ਹੈ ਜੇਕਰ ਅਸੀਂ ਸੰਗਠਤ ਹੋਈਏ, ਫਿਰ ਹੀ ਅਸੀਂ ਉਨ੍ਹਾਂ ਕੋਲ਼ ਜਾ ਸਕਦੇ ਹਾਂ ਤੇ ਕੁਝ ਮੰਗਾਂ ਰੱਖ ਸਕਦੇ ਹਾਂ, ਹੈ ਕਿ ਨਹੀਂ?''
ਹਾਲ ਦੀ ਘੜੀ, ਉਹ ਵੱਧ ਤੋਂ ਵੱਧ ਪੰਜ ਦਿਨ ਹੀ ਫਲ ਨੂੰ ਬਚਾ ਕੇ ਰੱਖ ਸਕਦੇ ਹਨ। ''ਸਾਨੂੰ ਇਸ ਮਿਆਦ ਨੂੰ ਵਧਾਉਣ ਦੀ ਲੋੜ ਹੈ,'' ਮਨ ਵਿੱਚ ਉਮੀਦ ਪਾਲ਼ੀ ਲਕਸ਼ਮੀ ਕਹਿੰਦੀ ਹਨ। ਉਹ ਸੋਚਦੀ ਹਨ ਕਿ ਜੇਕਰ ਛੇ ਮਹੀਨੇ ਫਲਾਂ ਦੀ ਸਾਂਭ ਹੋ ਜਾਵੇ ਤਾਂ ਬਹੁਤ ਵਧੀਆ ਰਹੇਗਾ। ਵਿਜੈਕੁਮਾਰ ਚਾਹੁੰਦੇ ਹਨ ਕਿ ਭਾਵੇਂ ਇਸ ਤੋਂ ਅੱਧੇ ਸਮੇਂ ਲਈ ਹੀ ਹੋ ਜਾਵੇ। ਇਸ ਵੇਲ਼ੇ, ਤਾਂ ਹਾਲਤ ਇਹ ਹੈ ਕਿ ਉਹ ਕੁਝ ਦਿਨਾਂ ਵਿੱਚ ਹੀ ਅਣਵਿਕੇ ਫ਼ਲਾਂ ਨੂੰ ਸੁੱਟਣ ਲਈ ਜਾਂ ਪ੍ਰਚੂਨ ਵਿਕਰੇਤਾਵਾਂ ਨੂੰ ਦੇਣ ਲਈ ਮਜ਼ਬੂਰ ਹਨ- ਜੋ ਸੜਕ ਕਿਨਾਰੇ ਲੱਗਣ ਵਾਲ਼ੀਆਂ ਦੁਕਾਨਾਂ ਵਿੱਚ ਇਨ੍ਹਾਂ ਨੂੰ ਫ਼ਲਾਂ ਨੂੰ ਕੱਟ ਕੱਟ ਕੇ ਵੇਚਦੇ ਹਨ।
*****
''ਕਟਹਲ ਵਾਸਤੇ ਕੋਲਡ-ਸਟੋਰੇਜ ਹੋਣਾ ਅਜੇ ਸਿਰਫ਼ ਇੱਕ ਇੱਛਾ ਹੀ ਹੈ। ਤੁਸੀਂ ਆਲੂ ਜਾਂ ਸੇਬ ਨੂੰ ਲੰਬੇ ਸਮੇਂ ਤੱਕ ਰੱਖ ਸਕਦੇ ਹੋ। ਪਰ ਕਟਹਲ ਨੂੰ ਲੈ ਕੇ ਅਜੇ ਕੋਈ ਪ੍ਰਯੋਗ ਨਹੀਂ ਹੋਇਆ ਹੈ। ਇੱਥੋਂ ਤੱਕ ਕਿ ਕਟਹਲ ਤੋਂ ਬਣਨ ਵਾਲ਼ੇ ਚਿਪਸ ਵੀ ਸੀਜ਼ਨ ਤੋਂ ਸਿਰਫ਼ ਦੋ ਮਹੀਨਿਆਂ ਤੱਕ ਹੀ ਉਪਲਬਧ ਰਹਿੰਦੇ ਹਨ,'' ਸ਼੍ਰੀ ਪੈਡਰੇ ਕਹਿੰਦੇ ਹਨ, ਜੋ ਨਿਵੇਕਲੀ ਕੰਨੜ ਖੇਤੀ ਮੈਗ਼ਜ਼ੀਨ ਆਦਿਕੇ ਪਤ੍ਰਿਕੇ (ਅਰੇਕਾ ਪਤ੍ਰਿਕਾ) ਦੇ ਪੱਤਰਕਾਰ ਅਤੇ ਸੰਪਾਦਕ ਹਨ।
''ਇਹ ਗੱਲ ਕਿਸੇ ਮਾਅਰਕੇ ਤੋਂ ਘੱਟ ਨਹੀਂ ਰਹਿਣੀ,'' ਉਹ ਕਹਿੰਦੇ ਹਨ,''ਜੇਕਰ ਅਸੀਂ ਪੂਰਾ ਸਾਲ ਬਹੁਤੇ ਨਹੀਂ ਤਾਂ ਘੱਟੋ-ਘੱਟ ਦਰਜਨ ਕੁ ਕਟਹਲ ਹੀ ਉਪਲਬਧ ਕਰਾਉਣ ਯੋਗ ਹੋ ਸਕੀਏ।''
PARI ਨਾਲ਼ ਇੱਕ ਟੈਲੀਫੋਨ ਇੰਟਰਵਿਊ ਵਿੱਚ, ਪੈਡਰੇ ਕਟਹਲ ਦੀ ਕਾਸ਼ਤ ਬਾਰੇ ਕਈ ਮਹੱਤਵਪੂਰਨ ਅਤੇ ਤਿੱਖੇ ਨੁਕਤਿਆਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ। ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲੀ ਗੱਲ ਸਾਡੇ ਕੋਲ਼ ਕਟਹਲ ਦਾ ਕੋਈ ਅੰਕੜਾ ਹੀ ਨਹੀਂ ਹੈ। ''ਇਨ੍ਹਾਂ ਦੀ ਗਿਣਤੀ ਦੀ ਥਾਹ ਪਾਉਣੀ ਮੁਸ਼ਕਲ ਹੈ ਅਤੇ ਇਸ 'ਚ ਕਾਫ਼ੀ ਭੰਬਲਭੂਸਾ ਵੀ ਹੈ। 10 ਸਾਲ ਪਹਿਲਾਂ ਤੀਕਰ ਇਹ ਇੱਕ ਅਣਗੌਲ਼ੀ ਤੇ ਖਿੰਡੀ-ਪੁੰਡੀ ਫ਼ਸਲ ਹੁੰਦੀ ਸੀ। ਪਨਰੂਤੀ ਇੱਕ ਬਿਹਤਰੀਨ ਅਪਵਾਦ ਬਣ ਕੇ ਉਭਰਿਆ ਹੈ।''
ਪੈਡਰੇ ਧਿਆਨ ਦਵਾਉਂਦੇ ਹਨ, ਕਟਹਲ ਦੀ ਕਾਸ਼ਤ ਵਿੱਚ ਭਾਰਤ ਦੁਨੀਆ ਵਿੱਚ ਨੰਬਰ ਇੱਕ 'ਤੇ ਹੈ। ''ਕਟਹਲ ਦੇ ਰੁੱਖ ਤਾਂ ਹਰ ਕਿਤੇ ਹੁੰਦੇ ਹਨ, ਪਰ ਆਲਮੀ ਪੱਧਰ 'ਤੇ ਜੇਕਰ ਵੈਲਿਊ ਐਡੀਸ਼ਨ (ਉਤਪਾਦ ਤੋਂ ਕੁਝ ਹੋਰ ਸਿਰਜਣਾ) ਦੀ ਗੱਲ ਕਰੀਏ ਤਾਂ ਇਸ ਨਕਸ਼ੇ ਵਿੱਚ ਅਸੀਂ ਕਿਤੇ ਵੀ ਨਹੀਂ ਹਾਂ।'' ਦੇਸ਼ ਦੇ ਅੰਦਰ, ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਜਿਹੇ ਰਾਜ ਕੁਝ-ਕੁਝ ਵੈਲਿਊ ਐਡੀਸ਼ਨ ਕਰਦੇ ਹਨ, ਜਦੋਂਕਿ ਤਮਿਲਨਾਡੂ ਲਈ ਇਹ ਨਵਾਂ ਉਦਯੋਗ ਹੈ।
ਵੈਸੇ ਇਹ ਸ਼ਰਮ ਦੀ ਗੱਲ ਹੈ, ਪੈਡਰੇ ਕਹਿੰਦੇ ਹਨ, ਕਿਉਂਕਿ ਕਟਹਲ ਇੱਕ ਬਹੁ-ਮੁਖੀ ਫਲ ਹੈ। ''ਕਟਹਲ 'ਤੇ ਕਾਫ਼ੀ ਖੋਜ ਕੀਤੇ ਜਾਣ ਦੀ ਲੋੜ ਹੈ। ਇੱਕ ਵੱਡੇ ਰੁੱਖ ਨੂੰ ਲੱਗਣ ਵਾਲ਼ੇ ਤਿੰਨ ਫ਼ਲ ਹੀ ਇੱਕ ਟਨ ਦੇ ਹੋ ਸਕਦੇ ਹਨ।'' ਨਾਲ਼ ਹੀ, ਹਰੇਕ ਰੁੱਖ ਤੋਂ ਪੰਜ ਸੰਭਾਵਤ ਕਿਸਮ ਦੀ ਕੱਚੀ ਸਮੱਗਰੀ ਮਿਲ਼ ਜਾਂਦੀ ਹੈ: ਪਹਿਲਾ ਹੈ ਕੋਮਲ ਕਟਹਲ ਫਲ। ਦੂਜਾ ਹੈ ਇਹਦਾ ਸਬਜ਼ੀ ਵਜੋਂ ਵਰਤਿਆ ਜਾਣਾ। ਫਿਰ ਆਉਂਦੀ ਹੈ ਕੱਚੇ ਫਲ ਦੀ ਵਾਰੀ ਜੋ ਪਾਪੜ ਤੇ ਚਿਪਸ ਬਣਾਉਣ ਲਈ ਵਰਤਿਆ ਜਾਂਦਾ ਹੈ। ਚੌਥਾ ਹੈ ਹਰਦਿਲ ਅਜ਼ੀਜ ਪੱਕਿਆ ਹੋਇਆ ਕਟਹਲ। ਅਖ਼ੀਰ 'ਤੇ ਵਾਰੀ ਆਉਂਦੀ ਹੈ ਬੀਜ ਦੀ।
''ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕਟਹਲ ਇੱਕ 'ਸੂਪਰਫੂਡ', ਵੀ ਹੈ, ਉਹ ਕਹਿੰਦੇ ਹਨ। ''ਬਾਵਜੂਦ ਇਹਦੇ ਨਾ ਤਾਂ ਕੋਈ ਖੋਜ ਕੇਂਦਰ ਹੈ ਤੇ ਨਾ ਹੀ ਸਿਖਲਾਈ ਦੀ ਕੋਈ ਸੁਵਿਧਾ ਹੀ। ਨਾ ਕੇਲੇ ਤੇ ਆਲੂਆਂ ਵਾਂਗਰ ਹੀ ਕਟਹਲ ਦੇ ਵਿਗਿਆਨੀ ਜਾਂ ਸਲਾਹਕਾਰ ਹੀ ਮੌਜੂਦ ਹਨ।''
ਕਟਹਲ ਦੇ ਇੱਕ ਕਾਰਕੁੰਨ ਵਜੋਂ, ਪੈਡਰੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਖੱਪਿਆਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ''ਮੈਂ ਪਿਛਲੇ 15 ਸਾਲਾਂ ਤੋਂ ਕਟਹਲ ਬਾਰੇ ਲਿਖ ਰਿਹਾ ਹਾਂ, ਜਾਣਕਾਰੀ ਫੈਲਾ ਰਿਹਾ ਹਾਂ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹਾਂ। ਇਹ ਸਾਡੇ ਮੈਗਜ਼ੀਨ ਐਡੀਕ ਪੈਤ੍ਰਿਕੇ ਦੀ ਹੋਂਦ ਦੇ 34 ਸਾਲਾਂ ਦਾ ਲਗਭਗ ਅੱਧਾ ਸਮਾਂ ਬਣਦਾ ਹੈ। ਅਸੀਂ ਸਿਰਫ ਕਟਹਲ 'ਤੇ ਹੀ 34 ਤੋਂ ਵੱਧ ਕਵਰ ਸਟੋਰੀਜ਼ ਕੀਤੀਆਂ ਹਨ!"
ਹਾਲਾਂਕਿ ਪੈਡਰੇ ਕਟਹਲ 'ਤੇ ਸਕਾਰਾਤਮਕ ਕਹਾਣੀਆਂ ਨੂੰ ਉਜਾਗਰ ਕਰਨ ਲਈ ਉਤਸੁਕ ਹਨ – ਅਤੇ ਉਹ ਗੱਲਬਾਤ ਦੌਰਾਨ ਕਈਆਂ ਕਹਾਣੀਆਂ ਨੂੰ ਸੂਚੀਬੱਧ ਵੀ ਕਰਦੇ ਹਨ, ਜਿਸ ਵਿੱਚ ਭਾਰਤ ਅੰਦਰ ਕਟਹਲ ਦੀ ਲਜੀਜ਼ ਆਈਸਕ੍ਰੀਮ ਵੀ ਸ਼ਾਮਲ ਕਰਦੇ ਹਨ – ਉਹ ਸਮੱਸਿਆਵਾਂ ਨੂੰ ਉਜਾਗਰ ਨਹੀਂ ਕਰਦੇ। ''ਸਫ਼ਲਤਾ ਦੀ ਪਹਿਲੀ ਪੌੜੀ ਹੈ ਕੋਲਡ ਸਟੋਰੇਜ ਦਾ ਬਣਨਾ। ਸਾਡੀ ਪਹਿਲੀ ਤਰਜੀਹ ਹੈ ਪੱਕੇ ਹੋਏ ਕਟਹਲ ਦੇ ਜੰਮੇ ਰੂਪ ਨੂੰ ਪੂਰਾ ਸਾਲ ਉਪਲਬਧ ਕਰਾਉਣਾ। ਇਹ ਕੋਈ ਰਾਕੇਟ ਸਾਇੰਸ ਤਾਂ ਨਹੀਂ ਹੈ ਪਰ ਅਸੀਂ ਇਸ ਦਿਸ਼ਾ ਵੱਲ ਛੋਟੇ-ਛੋਟੇ ਡਗ ਵੀ ਤਾਂ ਨਹੀਂ ਭਰੇ।''
ਫਿਰ ਇਸ ਫਲ ਦੀ ਇੱਕ ਵਿਲੱਖਣ ਸਮੱਸਿਆ ਹੋਰ ਵੀ ਹੈ- ਤੁਸੀਂ ਬਾਹਰੋਂ ਦੇਖ ਕੇ ਇਹਦੀ ਗੁਣਵੱਤਾ ਦਾ ਪਤਾ ਨਹੀਂ ਲਾ ਸਕਦੇ। ਪਨਰੂਤੀ ਦੇ ਹਾਲਾਤਾਂ ਦੇ ਬਿਲਕੁਲ ਉਲਟ, ਜਿੱਥੇ ਕਟਹਲ ਦੀ ਬੜੀ ਸਾਵਧਾਨੀ ਨਾਲ਼ ਵਾਢੀ ਕੀਤੀ ਜਾਂਦੀ ਤੇ ਜਿੱਥੇ ਇਸ ਫਲ ਦੀ ਯਕੀਨੀ ਵਿਕਰੀ ਵਾਸਤੇ ਇੱਕ ਮੰਡੀ ਵੀ ਹੈ। ਬਾਕੀ ਹੋਰ ਥਾਵੇਂ, ਕਟਹਲ ਉਗਾਉਣ ਵਾਲ਼ੇ ਇਲਾਕਿਆਂ ਵਿੱਚ ਕਿਤੇ ਕੋਈ ਬਜ਼ਾਰ ਤੱਕ ਨਹੀਂ ਹੈ। ਕੋਈ ਕਿਸਾਨ-ਪੱਖੀ (ਅਨੁਕੂਲਤ) ਸਪਲਾਈ ਕੜੀ ਵੀ ਨਹੀਂ ਹੈ। ਇਸ ਸਭ ਦਾ ਨਤੀਜਾ ਬਹੁਤ ਸਾਰੇ ਫਲਾਂ ਦੀ ਬਰਬਾਦੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਇਸ ਬਰਬਾਦੀ ਨਾਲ਼ ਨਜਿੱਠਣ ਲਈ ਅਸੀਂ ਕੀ ਕੀਤਾ, ਪੈਡਰੇ ਪੁੱਛਦੇ ਹਨ। ''ਕੀ ਇਹ ਅਨਾਜ ਨਹੀਂ? ਆਖ਼ਰ, ਅਸੀਂ ਸਿਰਫ਼ ਚੌਲ਼ਾਂ ਤੇ ਕਣਕ ਨੂੰ ਹੀ ਇੰਨੀ ਅਹਿਮੀਅਤ ਕਿਉਂ ਦਿੰਦੇ ਹਾਂ?''
ਕਾਰੋਬਾਰ ਨੂੰ ਹੁਲਾਰਾ ਦੇਣ ਵਾਸਤੇ, ਪਨਰੂਤੀ ਦੇ ਕਟਹਲ ਨੂੰ ਹਰ ਪਾਸੇ ਭੇਜਿਆ ਜਾਣਾ ਚਾਹੀਦਾ ਹੈ, ਹਰੇਕ ਰਾਜ, ਹਰੇਕ ਦੇਸ਼, ਵਿਜੈਕੁਮਾਰ ਕਹਿੰਦੇ ਹਨ। ''ਇਹਦਾ ਵੱਧ ਪ੍ਰਚਾਰ ਹੋਣਾ ਚਾਹੀਦਾ ਹੈ,'' ਉਹ ਕਹਿੰਦੇ ਹਨ। ''ਫਿਰ ਕਿਤੇ ਜਾ ਕੇ ਸਾਨੂੰ ਇਹਦਾ ਢੁੱਕਵਾਂ ਭਾਅ ਮਿਲ਼ੇਗਾ।''
ਚੇਨੱਈ ਦੇ ਵਿਸ਼ਾਲ ਕੋਯਾਮਬੇਡੂ ਦੀ ਥੋਕ ਮੰਡੀ ਪਰਿਸਰ ਵਿਖੇ ਪੈਂਦੀ ਅੰਨਾ ਫਰੂਟ ਮਾਰਕਿਟ ਵਿਖੇ, ਕਟਹਲ ਵਪਾਰੀਆਂ ਦੀ ਵੀ ਇਸੇ ਤਰ੍ਹਾਂ ਦੀ ਮੰਗ ਹੈ: ਕੋਲਡ ਸਟੋਰੇਜ ਅਤੇ ਯਾਰਡ ਦੀਆਂ ਬਿਹਤਰ ਸੁਵਿਧਾਵਾਂ। ਇੱਥੋਂ ਦੇ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲ਼ੇ ਸੀ.ਆਰ. ਕੁਮਰਾਵੇਲ ਦਾ ਕਹਿਣਾ ਹੈ ਕਿ ਕੀਮਤ ਵਿੱਚ 100 ਤੋਂ 400 ਰੁਪਏ ਪ੍ਰਤੀ ਫਲ ਦੇ ਹਿਸਾਬ ਨਾਲ਼ ਉਤਰਾਅ-ਚੜਾਆ ਆਉਂਦਾ ਰਹਿੰਦਾ ਹੈ।
''ਕੋਯਾਮਬੇਡੂ ਵਿਖੇ, ਅਸੀਂ ਫਲਾਂ ਦੀ ਬੋਲੀ ਲਾਉਂਦੇ ਹਾਂ। ਜਦੋਂ ਸਪਲਾਈ ਵੱਧ ਹੁੰਦੀ ਹੈ ਤਾਂ ਸੁਭੈਕੀਂ ਕੀਮਤ ਡਿੱਗ ਜਾਂਦੀ ਹੈ। ਇੰਝ ਬਹੁਤ ਜ਼ਿਆਦਾ ਬਰਬਾਦੀ ਹੋ ਜਾਂਦੀ ਹੈ- ਕਈ ਵਾਰੀ ਤਾਂ ਫ਼ਲ ਦਾ 5 ਜਾਂ ਕਈ ਵਾਰੀ 10 ਫ਼ੀਸਦ ਵੀ ਬਰਬਾਦ ਹੁੰਦਾ ਦੇਖਿਆ ਜਾ ਸਕਦਾ ਹੈ। ਜੇ ਕਿਤੇ ਅਸੀਂ ਫਲ ਨੂੰ ਸਾਂਭ ਸਕਦੇ ਹੁੰਦੇ ਤੇ ਬਾਅਦ ਵਿੱਚ (ਦੋਬਾਰਾ) ਵੇਚ ਪਾਉਂਦੇ ਤਾਂ ਇੰਝ ਕਿਸਾਨ ਵੀ ਬਾਅਦ ਵਿੱਚ ਮਿਲ਼ਣ ਵਾਲ਼ੇ ਬਿਹਤਰ ਰੇਟਾਂ ਤੋਂ ਲਾਭ ਚੁੱਕ ਪਾਉਂਦੇ।'' ਕੁਮਾਰਵੇਲ ਅੰਦਾਜ਼ਾ ਲਾਉਂਦੇ ਹਨ ਕਿ ਇਸ ਸੂਰਤੇ ਹਾਲ ਵਿੱਚ 10 ਦੁਕਾਨਾਂ ਵਿੱਚੋਂ ਹਰ ਦੁਕਾਨ ਹਰ ਰੋਜ਼ 50,000 ਰੁਪਏ ਦਾ ਵਪਾਰ ਕਰ ਸਕੇਗੀ। ''ਪਰ ਹਾਲ ਦੀ ਘੜੀ ਕਾਰੋਬਾਰ ਸਿਰਫ਼ ਮੌਸਮ ਦੌਰਾਨ ਹੀ ਹੁੰਦਾ ਹੈ- ਸਾਲ ਦੇ ਕਰੀਬ ਪੰਜ ਮਹੀਨੇ।''
ਤਮਿਲਨਾਡੂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 2022-23 ਦੇ ਨੀਤੀ ਨੋਟ ਵਿੱਚ ਕਟਹਲ ਦੇ ਉਤਪਾਦਕਾਂ, ਇਸ ਕੰਮ ਨਾਲ਼ ਜੁੜੇ ਲੋਕਾਂ ਤੇ ਵਪਾਰੀਆਂ ਨਾਲ਼ ਕੁਝ ਵਾਅਦੇ ਕੀਤੇ ਹਨ। ਨੀਤੀ ਨੋਟ ਜ਼ਿਕਰ ਕਰਦਾ ਹੈ ਕਿ ''ਕਟਹਲ ਦੀ ਖੇਤੀ ਅਤੇ ਬਾਕੀ ਪ੍ਰਕਿਰਿਆਵਾਂ ਦੇ ਵਿਸ਼ਾਲ ਮੌਕਿਆਂ ਦਾ ਲਾਹਾ ਲੈਣ ਦੇ ਮੱਦੇਨਜ਼ਰ ਕੁਡਲੌਰ ਜ਼ਿਲ੍ਹੇ ਦੇ ਪਨਰੂਤੀ ਬਲਾਕ ਦੇ ਪਿੰਡ ਪਾਨੀਕਨਕੁੱਪਮ ਵਿਖੇ 5 ਕਰੋੜ ਦੀ ਲਾਗਤ ਨਾਲ਼ ਇੱਕ ਖ਼ਾਸ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ।''
ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਨਰੂਤੀ ਕਟਹਲ ਲਈ ਭੂਗੋਲਿਕ ਸੰਕੇਤ (ਜੀਆਈ) ਟੈਗ ਪ੍ਰਾਪਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ "ਆਲਮੀ ਮੰਡੀਆਂ ਵਿੱਚ ਵਧੇਰੇ ਮੁੱਲ ਪ੍ਰਾਪਤ ਕੀਤਾ ਜਾ ਸਕੇ।''
ਹਾਲਾਂਕਿ, ਲਕਸ਼ਮੀ ਇਸ ਗੱਲੋਂ ਹੈਰਾਨ ਹਨ ਕਿ ''ਬਹੁਤੇ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਹੈ ਕਿ ਪਨਰੂਤੀ ਹੈ ਕਿੱਥੇ।'' ਇਹ 2002 ਵਿੱਚ ਆਈ ਤਮਿਲ ਫ਼ਿਲਮ ਸੋਲਾ ਮਰਾਂਧਾ ਕਧਾਈ (ਇੱਕ ਵਿਸਰੀ ਪ੍ਰੇਮਕਥਾ) ਕਾਰਨ ਹੀ ਸੰਭਵ ਹੋਇਆ ਜਿਹਨੇ ਇਸ ਕਸਬੇ ਨੂੰ ਮਸ਼ਹੂਰ ਕਰ ਦਿੱਤਾ, ਉਹ ਧਿਆਨ ਦਵਾਉਂਦੀ ਹਨ। ''ਫ਼ਿਲਮ ਦਾ ਨਿਰਦੇਸ਼ਕ ਤੰਕਰ ਬਚਨ ਇਸੇ ਇਲਾਕੇ ਤੋਂ ਹਨ। ਇਸ ਫ਼ਿਲਮ ਵਿੱਚ ਮੇਰੀ ਵੀ ਇੱਕ ਝਲਕ ਹੈ,'' ਉਹ ਬੜੇ ਫ਼ਖ਼ਰ ਨਾਲ਼ ਕਹਿੰਦੀ ਹਨ। ''ਸ਼ੂਟਿੰਗ ਬੜੀ ਗਰਮੀ ਵਿੱਚ ਹੋਈ, ਪਰ ਇਹ ਬੜੀ ਦਿਲਚਸਪ ਸੀ।''
*****
ਕਟਹਲ ਦੇ ਮੌਮਸ ਦੌਰਾਨ ਲਕਸ਼ਮੀ ਦੀ ਮੰਗ ਬਹੁਤ ਵੱਧ ਜਾਂਦੀ ਹੈ। ਕਟਹਲ ਪ੍ਰੇਮੀਆਂ ਨੇ ਤਾਂ ਉਨ੍ਹਾਂ ਦੇ ਨੰਬਰ ਨੂੰ ਸਪੀਡ-ਡਾਇਲ 'ਤੇ ਲਾਇਆ ਹੁੰਦਾ ਹੈ। ਉਹ ਜਾਣਦੇ ਹਨ ਕਿ ਉਹ ਉਨ੍ਹਾਂ ਨੂੰ ਸਭ ਤੋਂ ਉੱਤਮ ਫਲ ਦੇਵੇਗੀ।
ਲਕਸ਼ਮੀ ਉਨ੍ਹਾਂ ਦੇ ਭਰੋਸੇ ਨੂੰ ਬਰਕਰਾਰ ਰੱਖਦੀ ਹਨ। ਇਹ ਇਸ ਕਾਰਨ ਨਹੀਂ ਕਿ ਉਹ ਪਨਰੂਤੀ ਦੀਆਂ 20 ਮੰਡੀਆਂ ਨਾਲ਼ ਜੁੜੀ ਹੋਈ ਹਨ, ਸਗੋਂ ਇਸ ਕਾਰਨ ਵੀ ਕਿ ਉਹ ਕਟਹਲ ਸਪਲਾਈ ਕਰਨ ਵਾਲ਼ੇ ਬਹੁਤ ਸਾਰੇ ਕਿਸਾਨਾਂ ਨੂੰ ਜਾਣਦੀ ਹਨ। ਅਕਸਰ, ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਫ਼ਸਲ ਕਦੋਂ ਪੱਕੇਗੀ। ਉਹ ਇਸ ਸਭ ਦਾ ਪਤਾ ਕਿਵੇਂ ਲਾਉਂਦੀ ਹਨ? ਲਕਸ਼ਮੀ ਜਵਾਬ ਨਹੀਂ ਦਿੰਦੀ। ਜ਼ਾਹਰਾ ਤੌਰ 'ਤੇ ਕਈ ਦਹਾਕਿਆ ਤੋਂ ਇਹ ਜਾਣਨਾ ਹੀ ਤਾਂ ਉਨ੍ਹਾਂ ਦਾ ਕੰਮ ਰਿਹਾ ਹੈ ਤੇ ਉਹ ਕਰਦੀ ਵੀ ਬਾਖ਼ੂਬੀ ਹਨ।
ਉਹ ਅਜਿਹੇ ਮਰਦ-ਪ੍ਰਧਾਨ ਖੇਤਰ ਵਿੱਚ ਆ ਕਿਵੇਂ ਗਈ? ਇਸ ਵਾਰ ਉਹ ਮੈਨੂੰ ਜਵਾਬ ਦਿੰਦੀ ਹਨ। ''ਤੁਹਾਡੇ ਜਿਹੇ ਲੋਕ ਮੈਨੂੰ ਫਲ ਖਰੀਦਣ ਲਈ ਕਹਿੰਦੇ ਹਨ ਤੇ ਮੈਂ ਉਨ੍ਹਾਂ ਵਾਸਤੇ ਚੰਗੀ ਕੀਮਤ 'ਤੇ ਫਲ ਪ੍ਰਾਪਤ ਕਰਦੀ ਹਾਂ।'' ਉਹ ਸਪੱਸ਼ਟ ਕਰਦੀ ਹਨ ਕਿ ਉਹ ਵਪਾਰੀ ਦੀ ਭਾਲ਼ ਵੀ ਕਰਦੀ ਹਨ। ਇਹ ਗੱਲ ਵੀ ਸਾਫ਼ ਹੈ ਕਿ ਵਪਾਰੀ ਤੇ ਕਿਸਾਨ ਉਨ੍ਹਾਂ ਦੇ ਫ਼ੈਸਲੇ ਦਾ ਆਦਰ ਕਰਦੇ ਹਨ। ਉਹ ਉਨ੍ਹਾਂ ਦੇ ਕਹੇ ਸਵਾਗਤ ਕਰਦੇ ਹਨ ਤੇ ਉਨ੍ਹਾਂ ਬਾਰੇ ਵੱਧ-ਚੜ੍ਹ ਕੇ ਬੋਲਦੇ ਵੀ ਹਨ।
ਜਿਸ ਇਲਾਕੇ ਵਿੱਚ ਉਹ ਰਹਿੰਦੀ ਹਨ, ਹਰ ਕੋਈ ਤੁਹਾਨੂੰ ਦੱਸ ਦੇਵੇਗਾ ਕਿ ਉਨ੍ਹਾਂ ਦਾ ਘਰ ਕਿੱਥੇ ਹੈ। ''ਪਰ ਮੇਰਾ ਸਿਰਫ਼ ਸਿਲਾਰਈ ਵਿਆਪਰਮ (ਇੱਕ ਛੋਟਾ ਕਾਰੋਬਾਰ) ਹੈ,'' ਉਹ ਕਹਿੰਦੀ ਹਨ, ''ਮੇਰਾ ਕੰਮ ਤਾਂ ਹਰੇਕ ਲਈ ਚੰਗੀ ਕੀਮਤ ਹਾਸਲ ਕਰਨਾ ਹੈ।''
ਜਿਵੇਂ ਹੀ ਕਟਹਲ ਦੀਆਂ ਖੇਪਾਂ ਮੰਡੀ ਪਹੁੰਚਦੀਆਂ ਹਨ, ਲਕਸ਼ਮੀ ਭਾਅ ਟੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕਰਦੀ ਹਨ। ਇਸ ਸਭ ਲਈ ਉਨ੍ਹਾਂ ਨੂੰ ਸਿਰਫ਼ ਇੱਕ ਚਾਕੂ ਚਾਹੀਦਾ ਹੁੰਦਾ ਹੈ। ਫਲ ਨੂੰ ਫੜ੍ਹ ਕੇ ਕੁਝ ਥਪਕੀਆਂ ਦੇਣ ਨਾਲ਼ ਹੀ ਉਹ ਦੱਸ ਸਕਦੀ ਹਨ ਕਿ ਫਲ ਪੱਕਿਆ ਹੈ ਜਾਂ ਕੱਚਾ ਹੈ ਜਾਂ ਫਿਰ ਅਗਲੇ ਦਿਨ ਖਾਣਯੋਗ ਹੋ ਜਾਵੇਗਾ। ਜੇ ਕਿਤੇ ਉਨ੍ਹਾਂ ਨੂੰ ਆਪਣੀ ਪਰਖ 'ਤੇ ਕੋਈ ਖ਼ਦਸ਼ਾ ਹੋਵੇ ਤਾਂ ਉਹ ਫਲ ਦੀ ਛਿਲਤਰ ਵਿੱਚ ਛੋਟਾ ਜਿਹਾ ਚੀਰਾ ਲਾ ਕੇ ਇਕ ਫਲੀ ਨੂੰ ਬਾਹਰ ਖਿੱਚ ਕੇ ਦੂਹਰੀ-ਜਾਂਚ ਕਰਦੀ ਹਨ। ਭਾਵੇਂਕਿ ਇਹ ਜਾਂਚ ਸੋਨੇ ਦੀ ਮਿਆਰੀ ਜਾਂਚ ਜਿਹੀ ਹੈ, ਪਰ ਇਹ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਕਿਉਂਕਿ ਇਸ ਵਾਸਤੇ ਫਲ ਨੂੰ ਪੰਕਚਰ ਕਰਨਾ ਪੈਂਦਾ ਹੈ।
''ਪਿਛਲੇ ਸਾਲ, ਉਸੇ ਅਕਾਰ ਦਾ ਪਾਲਾ 120 ਰੁਪਏ ਵਿੱਚ ਵਿਕਿਆ ਤੇ ਹੁਣ ਉਹਦੀ ਕੀਮਤ 250 ਰੁਪਏ ਹੈ। ਭਾਅ ਇਸ ਲਈ ਉੱਚੇ ਹਨ ਕਿਉਂਕਿ ਇਸ ਮਾਨਸੂਨ ਦੇ ਮੀਂਹ ਨੇ ਫ਼ਸਲ ਨੂੰ ਖ਼ਾਸਾ ਨੁਕਸਾਨ ਪਹੁੰਚਾਇਆ ਹੈ।'' ਉਹ ਪੇਸ਼ਨੀਗੋਈ ਕਰਦਿਆਂ ਕਹਿੰਦੀ ਹਨ ਕਿ ਆਉਣ ਵਾਲ਼ੇ ਕੁਝ ਮਹੀਨਿਆਂ (ਜੂਨ) ਵਿੱਚ ਹਰੇਕ ਦੁਕਾਨ 'ਤੇ 15 ਟਨ ਫਲ ਪਹੁੰਚ ਜਾਣਗੇ। ਉਸ ਵੇਲ਼ੇ ਭਾਅ ਬੜੀ ਤੇਜ਼ੀ ਨਾਲ਼ ਡਿੱਗਣਗੇ।
ਜਦੋਂ ਤੋਂ ਉਹ ਇਸ ਕਾਰੋਬਾਰ ਵਿੱਚ ਆਈ ਹਨ, ਕਟਹਲ ਦਾ ਕਾਰੋਬਾਰ ਕਾਫ਼ੀ ਵਧਿਆ ਹੈ, ਲਕਸ਼ਮੀ ਕਹਿੰਦੀ ਹਨ। ਰੁੱਖਾਂ ਦੀ ਗਿਣਤੀ ਵਧੀ ਹੈ, ਜ਼ਿਆਦਾ ਫਲ ਲੱਗੇ ਹਨ ਤੇ ਵਪਾਰ ਵੀ ਫੈਲਿਆ ਹੈ। ਹਾਲਾਂਕਿ, ਕਿਸਾਨ ਆਪਣੀ ਉਪਜ ਨੂੰ ਕਿਸੇ ਖ਼ਾਸ ਕਮਿਸ਼ਨ ਏਜੰਟ ਕੋਲ਼ ਹੀ ਲਿਆਉਂਦੇ ਹਨ। ਇਹਦੇ ਮਗਰ ਜੇ ਭਰੋਸਾ ਇੱਕ ਕਾਰਨ ਹੈ ਤਾਂ ਦੂਜਾ ਕਾਰਨ ਉਹ ਕਰਜ਼ਾ ਹੈ, ਜੋ ਉਨ੍ਹਾਂ ਦਾ ਉਹ ਖ਼ਾਸ ਏਜੰਟ ਉਨ੍ਹਾਂ ਨੂੰ ਦਿੰਦਾ ਹੈ। ਲਕਸ਼ਮੀ ਵਿਸਤਾਰ ਨਾਲ਼ ਦੱਸਦਿਆਂ ਕਹਿੰਦੀ ਹਨ ਕਿ ਉਹ ਸਲਾਨਾ ਫ਼ਸਲ ਦੇ ਬਦਲੇ 10,000 ਰੁਪਏ ਤੋਂ ਲੈ ਕੇ 1 ਲੱਖ ਤੱਕ ਦੀ ਉਧਾਰੀ ਲੈ ਲੈਂਦੇ ਹਨ ਤੇ ਇਸ ਉਧਾਰੀ ਨੂੰ ਅਗਲੀ ਵਿਕਰੀ ਵੇਲ਼ੇ 'ਐਡਜੈਸਟ' ਕਰ ਲੈਂਦੇ ਹਨ।
ਲਕਸ਼ਮੀ ਦਾ ਬੇਟਾ ਰਘੂਨਾਥ ਵੱਖਰੀ ਵਿਆਖਿਆ ਪੇਸ਼ ਕਰਦੇ ਹਨ। ''ਜਿਨ੍ਹਾਂ ਕਿਸਾਨਾਂ ਕੋਲ਼ ਪਾਲਾ ਮਰਮ ਦੇ ਵੱਡੇ ਹਿੱਸੇ ਹਨ, ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਸਿਰਫ਼ ਫਲ ਹੀ ਨਹੀਂ ਵੇਚਣਗੇ- ਉਹ ਵੱਧ ਮੁਨਾਫ਼ਾ ਕਮਾਉਣ ਲਈ ਉਤਪਾਦ ਤੋਂ ਕੁਝ ਹੋਰ ਸਿਰਜਣਾ ਚਾਹੁੰਦੇ ਹਨ।'' ਉਹ ਕਟਹਲ ਤੋਂ ਚਿਪਸ ਤੇ ਜੈਮ ਬਣਾਉਂਦੇ। ਹੋਰ ਤਾਂ ਹੋਰ, ਕੱਚੇ ਫਲ ਨੂੰ ਪਕਾਇਆ ਜਾਂਦਾ ਜੋ ਮੀਟ (ਗੋਸ਼ਤ) ਦੇ ਵਿਕਲਪ ਵਜੋਂ ਵਰਤਿਆ ਜਾਂਦਾ ਹੈ।
''ਕੁਝ ਫ਼ੈਕਟਰੀਆਂ ਹਨ ਜਿੱਥੇ ਫਲੀਆਂ ਨੂੰ ਸੁਕਾਇਆ ਤੇ ਉਹਦਾ ਪਾਊਡਰ ਬਣਾਇਆ ਜਾਂਦਾ ਹੈ,'' ਰਘੂਨਾਥ ਕਹਿੰਦੇ ਹਨ। ਇਹਨੂੰ ਦਲੀਏ ਵਿੱਚ ਉਬਾਲ਼ ਕੇ ਖਾਧਾ ਜਾਂਦਾ ਹੈ। ਫ਼ਲਾਂ ਦੇ ਮੁਕਾਬਲੇ ਇਹ ਉਤਪਾਦ ਅਜੇ ਉਸ ਦੌੜ ਵਿੱਚ ਸ਼ਾਮਲ ਨਹੀਂ ਹੋਏ ਹਨ ਪਰ ਫ਼ੈਕਟਰੀ ਮਾਲਕਾਂ ਦਾ ਯਕੀਨ ਹੈ ਕਿ ਉਹ ਸਮਾਂ ਛੇਤੀ ਆਵੇਗਾ।''
ਘਰ ਜੋ ਲਕਸ਼ਮੀ ਨੇ ਬਣਾਇਆ ਉਹ ਪੂਰੀ ਤਰ੍ਹਾਂ ਕਟਹਲ ਤੋਂ ਹੋਣ ਵਾਲ਼ੀ ਕਮਾਈ ਸਿਰ ਬਣਿਆ ਹੈ।
''ਇਹ 20 ਸਾਲ ਪੁਰਾਣਾ ਹੈ,'' ਉਹ ਘਰ ਦੇ ਫ਼ਰਸ਼ ਨੂੰ ਉਂਗਲਾਂ ਨਾਲ਼ ਛੂੰਹਦਿਆਂ ਕਹਿੰਦੀ ਹਨ। ਪਰ ਇਸ ਘਰ ਦੇ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਦੋਵਾਂ ਦੀ ਮੁਲਾਕਾਤ ਲਕਸ਼ਮੀ ਦੀ ਨੌਕਰੀ ਵੇਲ਼ੇ ਹੋਈ, ਜਦੋਂ ਉਹ ਰੇਲ ਵਿੱਚ ਕਟਹਲ ਵੇਚਦਿਆਂ ਕੁਡਲੌਰ ਤੋਂ ਪਨਰੂਤੀ ਤੱਕ ਸਫ਼ਰ ਕਰਿਆ ਕਰਦੀ ਸਨ, ਜਿੱਥੇ ਉਨ੍ਹਾਂ (ਪਤੀ) ਦਾ ਚਾਹ ਦਾ ਖੋਖਾ ਹੁੰਦਾ ਸੀ।
ਉਨ੍ਹਾਂ ਦਾ ਪ੍ਰੇਮ-ਵਿਆਹ ਸੀ। ਉਹ ਪ੍ਰੇਮ ਅਜੇ ਤੱਕ ਉਨ੍ਹਾਂ ਸੁੰਦਰ ਤਸਵੀਰਾਂ ਵਿੱਚ ਵਾਸ ਕਰਦਾ ਹੈ, ਜੋ ਲਕਸ਼ਮੀ ਨੇ ਪਨਰੂਤੀ ਦੇ ਇੱਕ ਕਲਾਕਾਰ ਪਾਸੋਂ ਪੇਂਟ ਕਰਵਾਈਆਂ ਸਨ। ਪਤੀ ਦੀ ਇੱਕ ਪੇਟਿੰਗ 'ਤੇ ਲਕਸ਼ਮੀ ਨੇ 7,000 ਰੁਪਏ ਖਰਚੇ। ਦੂਜੀ ਪੇਟਿੰਗ 'ਤੇ 6,000 ਰੁਪਏ ਦਾ ਖਰਚਾ ਆਇਆ। ਉਹ ਮੈਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੀ ਹਨ, ਉਨ੍ਹਾਂ ਦੀ ਅਵਾਜ਼ ਖਰ੍ਹਵੀ ਜ਼ਰੂਰ ਹੈ ਪਰ ਜੋਸ਼-ਭਰਪੂਰ ਹੈ। ਮੈਨੂੰ ਉਨ੍ਹਾਂ (ਲਕਸ਼ਮੀ) ਦੇ ਕੁੱਤੇ ਦੀ ਜੋ ਇੱਕ ਗੱਲ ਬੜੀ ਚੰਗੀ ਲੱਗੀ: ਉਹ ਸੀ ''ਉਹਦੀ ਵਫ਼ਾਦਾਰੀ, ਉਹਦੀ ਚਲਾਕੀ ਤੇ ਉਹਦਾ ਉਹ ਲਾਡ ਜੋ ਕਦੇ ਨਹੀਂ ਭੁੱਲਿਆ ਜਾਣਾ।''
ਦੁਪਹਿਰ ਦੇ ਕਰੀਬ 2 ਵੱਜੇ ਹਨ ਪਰ ਲਕਸ਼ਮੀ ਨੇ ਹਾਲੇ ਤੱਕ ਕੁਝ ਨਹੀਂ ਖਾਧਾ। ਮੈਂ ਛੇਤੀ ਹੀ ਖਾ ਲਵਾਂਗੀ, ਉਹ ਕਹਿੰਦੀ ਹਨ ਤੇ ਗੱਲਬਾਤ ਜਾਰੀ ਰੱਖਦੀ ਹਨ। ਮੌਸਮ ਜਦੋਂ ਜ਼ੋਰਾਂ 'ਤੇ ਹੁੰਦਾ ਹੈ ਤਾਂ ਉਨ੍ਹਾਂ ਕੋਲ਼ ਘਰ ਦੇ ਕੰਮ ਲਈ ਸਮਾਂ ਨਹੀਂ ਬੱਚਦਾ। ਉਨ੍ਹਾਂ ਦੀ ਨੂੰਹ ਕਾਯਲਵਿਰਹੀ ਸਾਰੇ ਕੰਮ ਕਰਦੀ ਹਨ।
ਦੋਵੇਂ ਔਰਤਾਂ ਮੈਨੂੰ ਕਟਹਲ ਤੋਂ ਬਣਨ ਵਾਲ਼ੇ ਪਕਵਾਨਾਂ ਬਾਰੇ ਦੱਸਦੀਆਂ ਹਨ। ''ਬੀਜਾਂ ਨਾਲ਼, ਅਸੀਂ ਉਪਮਾ ਬਣਾਉਂਦੇ ਹਾਂ। ਕੱਚੀਆਂ ਫਲ਼ੀਆਂ ਦੀ ਪਹਿਲਾਂ ਅਸੀਂ ਛਿਲਤਰ ਲਾਹੁੰਦੇ ਹਾਂ, ਫਿਰ ਇਹਨੂੰ ਹਲਦੀ ਪਾਊਡਰ ਨਾਲ਼ ਉਬਾਲ਼ਦੇ ਹਾਂ, ਕੂੰਡੀ ਵਿੱਚ ਪੀਂਹਦੇ ਹਾਂ, ਫਿਰ ਕੁਝ ਉਲੂਥਮ ਪਰੂਪੂ (ਕਾਲ਼ੇ ਛੋਲੇ) ਰਲ਼ਾਉਂਦੇ ਹਾਂ ਤੇ ਇਹਨੂੰ ਕੱਦੂਕੱਛ ਕੀਤੇ ਨਾਰੀਅਲ ਨਾਲ਼ ਸਜਾਉਂਦੇ ਹਾਂ। ਜੇਕਰ ਫਲ਼ੀ ਆਟੇ ਜਿਹੀ (ਪਾਊਡਰੀ) ਹੋ ਜਾਵੇ ਤਾਂ ਇਹਨੂੰ ਥੋੜ੍ਹੇ ਜਿਹੇ ਤੇਲ ਵਿੱਚ ਭੁੰਨਿਆ ਹੈ ਤੇ ਮਿਰਚ ਪਾਊਡਰ ਨਾਲ਼ ਖਾਧਾ ਜਾ ਸਕਦਾ ਹੈ।'' ਬੀਜਾਂ ਨੂੰ ਸਾਂਭਰ ਵਿੱਚ ਰਲ਼ਾਇਆ ਜਾਂਦਾ ਹੈ ਤੇ ਕੱਚੀ ਫਲ਼ੀਆਂ ਨੂੰ ਬਿਰਿਆਨੀ ਵਿੱਚ। ਲਕਸ਼ਮੀ ਪਾਲੇ ਨਾਲ਼ ਬਣੇ ਇਨ੍ਹਾਂ ਪਕਵਾਨਾਂ ਨੂੰ '' ਅਰੂਮਈ '' (ਸ਼ਾਨਦਾਰ) ਤੇ ''ਲਜੀਜ਼'' ਦੱਸਦੀ ਹਨ।
ਜ਼ਿਆਦਾ ਕਰਕੇ, ਲਕਸ਼ਮੀ ਭੋਜਨ ਦੇ ਮਾਮਲੇ ਵਿੱਚ ਬਹੁਤੀ ਉਲਝਦੀ ਹੀ ਨਹੀਂ। ਉਹ ਚਾਹ ਪੀਂਦੀ ਹਨ ਤੇ ਨੇੜਲੇ ਕਿਸੇ ਵੀ ਭੋਜਨ-ਸਟਾਲ ਤੋਂ ਖਾਣਾ ਖਾ ਲੈਂਦੀ ਹਨ। ਉਨ੍ਹਾਂ ਨੂੰ ''ਪ੍ਰੈਸ਼ਰ ਅਤੇ ਸ਼ੂਗਰ'' ਹੈ, ਭਾਵ ਹਾਈ-ਬਲੱਡ ਪ੍ਰੈਸ਼ਰ ਤੇ ਮਧੂਮੇਹ। ''ਮੈਨੂੰ ਸਮੇਂ-ਸਿਰ ਖਾਣਾ ਪੈਂਦਾ ਹੈ, ਨਹੀਂ ਤਾਂ ਮੈਨੂੰ ਚੱਕਰ ਆਉਣ ਲੱਗਦੇ ਹਨ।'' ਉਸ ਸਵੇਰ ਵੀ ਉਨ੍ਹਾਂ ਨੂੰ ਘਬਰਾਹਟ ਮਹਿਸੂਸ ਹੋਈ ਤੇ ਉਹ ਛੋਹਲੇ-ਪੈਰੀਂ ਵਿਜੈਕੁਮਾਰ ਦੀ ਦੁਕਾਨ 'ਚੋਂ ਬਾਹਰ ਚਲੀ ਗਈ। ਭਾਵੇਂਕਿ ਉਨ੍ਹਾਂ ਦੇ ਕੰਮ ਦੀ ਦਿਹਾੜੀ ਬੜੀ ਲੰਬੀ ਹੁੰਦੀ ਹੈ ਤੇ ਰਾਤ ਕਾਫ਼ੀ ਦੇਰ ਤੱਕ ਕੰਮ ਕਰਨਾ ਪੈਂਦਾ ਹੈ ਪਰ ਬਾਵਜੂਦ ਉਹਦੇ ਲਕਸ਼ਮੀ ਨੂੰ ਕੁਝ ਵੀ ਭਿਆਨਕ ਨਹੀਂ ਲੱਗਦਾ। ''ਕੋਈ ਸਮੱਸਿਆ ਨਹੀਂ ਆਉਂਦੀ।''
30 ਸਾਲ ਪਹਿਲਾਂ ਜਦੋਂ ਉਹ ਰੇਲ ਵਿੱਚ ਫਲ ਵੇਚਦੀ ਹੁੰਦੀ ਤਾਂ ਉਸ ਵੇਲ਼ੇ ਕਟਹਲ 10 ਰੁਪਏ ਵਿੱਚ ਵਿਕਦਾ ਸੀ। (ਇਹ ਮੌਜੂਦਾ ਕੀਮਤ ਤੋਂ 20 ਅਤੇ 30 ਗੁਣਾ ਦੇ ਵਿਚਾਲੇ ਕਿਤੇ ਹੈ।) ਲਕਸ਼ਮੀ ਚੇਤੇ ਕਰਦੀ ਹਨ ਕਿ ਉਦੋਂ ਰੇਲ ਦੇ ਡੱਬੇ ਪੇਟੀ (ਸੰਦੂਕ) ਜਿਹੇ ਹੁੰਦੇ। ਖੜ੍ਹੇ ਹੋਣ ਨੂੰ ਕੋਈ ਗਲਿਆਰਾ ਜਿਹਾ ਨਾ ਹੁੰਦਾ। ਕਿਸੇ ਮੂਕ (ਅਣਬੋਲੇ) ਸਮਝੌਤੇ ਮੁਤਾਬਕ, ਇੱਕ ਕੋਚ ਵਿੱਚ ਸਿਰਫ਼ ਇੱਕੋ ਵਿਕ੍ਰੇਤਾ ਹੀ ਜਾ ਸਕਦਾ ਸੀ। ਪਹਿਲੇ ਵਾਲ਼ਿਆਂ (ਵਿਕ੍ਰੇਤਾਵਾਂ) ਦੇ ਉਤਰਨ ਤੋਂ ਬਾਅਦ ਹੀ ਦੂਜਾ ਕੋਈ ਅੰਦਰ ਜਾ ਪਾਉਂਦਾ। ''ਉਦੋਂ ਦੇ ਟਿਕਟ ਜਾਂਚਣ ਵਾਲ਼ੇ ਕਿਰਾਇਆ ਲੈਣ ਜਾਂ ਟਿਕਟ ਖਰੀਦਣ 'ਤੇ ਜ਼ੋਰ ਨਾ ਦਿੰਦੇ। ਅਸੀਂ ਮੁਫ਼ਤ ਹੀ ਸਫ਼ਰ ਕਰਦੇ। ਪਰ,'' ਉਹ ਮਸਾਂ-ਸੁਣੀਦੀਂ ਅਵਾਜ਼ ਵਿੱਚ ਕਹਿੰਦੀ ਹਨ,''ਬਦਲੇ ਵਿੱਚ ਸਾਨੂੰ ਉਨ੍ਹਾਂ ਨੂੰ ਕੁਝ ਕਟਹਲ ਜ਼ਰੂਰ ਦੇਣੇ ਪੈਂਦੇ...''
ਉਹ ਯਾਤਰੂ-ਰੇਲਾਂ ਹੁੰਦੀਆਂ; ਜੋ ਬੜੀ ਹੌਲ਼ੀ-ਹੌਲ਼ੀ ਚੱਲਦੀਆਂ ਤੇ ਆਉਣ ਵਾਲ਼ੇ ਹਰ ਛੋਟੇ ਤੋਂ ਛੋਟੇ ਸਟੇਸ਼ਨਾਂ 'ਤੇ ਵੀ ਰੁਕਦੀਆਂ। ਗੱਡੀ ਵਿੱਚ ਚੜ੍ਹਨ ਤੇ ਉਤਰਨ ਵਾਲ਼ੇ ਕਈ ਲੋਕ ਫਲ ਖਰੀਦਦੇ। ਹਾਲਾਂਕਿ, ਲਕਸ਼ਮੀ ਦੀ ਕਮਾਈ ਬੜੀ ਨਿਗੂਣੀ ਸੀ। ਉਨ੍ਹਾਂ ਨੂੰ ਪੂਰੀ ਤਰ੍ਹਾਂ ਚੇਤਾ ਨਹੀਂ ਕਿ ਉਦੋਂ ਉਹ ਕਿੰਨੀ ਕੁ ਕਮਾਈ ਕਰ ਲਿਆ ਕਰਦੀ ਸਨ ਪਰ ਇੰਨਾ ਜ਼ਰੂਰ ਕਹਿੰਦੀ ਹਨ,'' ਉਦੋਂ 100 ਰੁਪਏ ਬੜੀ ਵੱਡੀ ਰਕਮ ਹੋਇਆ ਕਰਦੀ ਸੀ।''
''ਮੈਂ ਸਕੂਲ ਨਹੀਂ ਗਈ। ਜਦੋਂ ਮੈਂ ਬੜੀ ਛੋਟੀ ਸਾਂ ਉਦੋਂ ਹੀ ਮੇਰੇ ਮਾਪੇ ਗੁਜ਼ਰ ਗਏ।'' ਰੋਜ਼ੀਰੋਟੀ ਕਮਾਉਣ ਖ਼ਾਤਰ ਉਨ੍ਹਾਂ ਨੇ ਕਈ ਰੇਲਾਂ ਵਿੱਚ ਸਫ਼ਰ ਕੀਤਾ ਅਤੇ ਚਿਦਾਂਬਰਮ, ਕੁਡਲੌਰ, ਚੇਂਗਲਪੁਟ, ਵਿਲੂਪੁਰਮ ਦੀਆਂ ਗੱਡੀਆਂ ਵਿੱਚ ਫਲ ਵੇਚੇ। ''ਢਿੱਡ ਭਰਨ ਲਈ, ਮੈਂ ਸਟੇਸ਼ਨਾਂ ਦੀਆਂ ਕੰਟੀਨਾਂ ਤੋਂ ਇਮਲੀ ਜਾਂ ਦਹੀਂ ਦੇ ਖੱਟੇ ਚੌਲ਼ ਖਰੀਦ ਲਿਆ ਕਰਦੀ। ਜਦੋਂ ਮੈਨੂੰ ਗ਼ੁਸਲ ਜਾਣਾ ਹੁੰਦਾ ਤਾਂ ਰੇਲ ਦੇ ਡੱਬਿਆਂ ਦੇ ਪਖ਼ਾਨੇ ਵਰਤ ਲੈਂਦੀ। ਇਹ ਬੜਾ ਮੁਸ਼ਕਲ ਕੰਮ ਸੀ। ਪਰ ਮੇਰੇ ਸਾਹਮਣੇ ਹੋਰ ਕੋਈ ਚਾਰਾ ਵੀ ਕੀ ਸੀ?''
ਹੁਣ ਉਨ੍ਹਾਂ ਕੋਲ਼ ਵਿਕਲਪ ਹੈ- ਹੁਣ ਜਦੋਂ ਕਟਹਲ ਦਾ ਮੌਸਮ ਨਹੀਂ ਹੁੰਦਾ ਤਾਂ ਉਹ ਘਰੇ ਰਹਿ ਕੇ ਅਰਾਮ ਕਰਦੀ ਹਨ। "ਮੈਂ ਚੇਨੱਈ ਜਾਂਦੀ ਹਾਂ ਅਤੇ ਦੋ ਹਫ਼ਤੇ ਇੱਧਰ-ਉੱਧਰ ਘੁੰਮ ਕੇ ਆਪਣੇ ਰਿਸ਼ਤੇਦਾਰਾਂ ਨਾਲ਼ ਸਮਾਂ ਬਿਤਾਉਂਦੀ ਹਾਂ। ਬਾਕੀ ਸਾਰਾ ਸਮਾਂ, ਮੈਂ ਇੱਥੇ ਆਪਣੇ ਪੋਤੇ ਸਰਵੇਸ਼ ਨਾਲ਼ ਬਿਤਾਉਂਦੀ ਹਾਂ," ਉਹ ਆਪਣੇ ਨੇੜੇ ਹੀ ਖੇਡ ਰਹੇ ਛੋਟੇ ਲੜਕੇ ਵੱਲ ਦੇਖ ਕੇ ਮੁਸਕਰਾਉਂਦਿਆਂ ਕਹਿੰਦੀ ਹਨ।
ਕਾਯਲਵਿਰਹੀ ਥੋੜ੍ਹੇ ਹੋਰ ਵੇਰਵੇ ਜੋੜਦੀ ਹਨ। ''ਉਹ ਆਪਣੇ ਸਾਰੇ ਰਿਸ਼ਤੇਦਾਰਾਂ ਦੀ ਮਦਦ ਕਰਦੀ ਹਨ; ਉਹ ਉਨ੍ਹਾਂ ਨੂੰ ਗਹਿਣੇ ਲੈ ਕੇ ਦਿੰਦੀ ਹਨ। ਜੇ ਕੋਈ ਮਦਦ ਮੰਗਦਾ ਹੈ, ਉਹ ਕਦੇ ਨਾਂਹ ਨਹੀਂ ਕਹਿੰਦੀ।''
ਲਕਸ਼ਮੀ ਨੇ ਆਪਣੇ ਜੀਵਨ ਕਾਲ਼ ਵਿੱਚ ਖ਼ੁਦ ਕਈ ਵਾਰੀ 'ਨਾਂਹ' ਸ਼ਬਦ ਸੁਣਿਆ ਹੀ ਹੋਵੇਗਾ। ਸ਼ਾਇਦ ਇਹੀ ਉਹ ਧੱਕਾ ਹੋਵੇਗਾ ਜਿਹਨੇ ਉਨ੍ਹਾਂ ਦੀ ਜ਼ਿੰਦਗੀ ਨੂੰ '' ਸੌਂਧਾ ਊਰਈਪੂ ''' (ਆਪਣੀ ਕਿਰਤ) ਨਾਲ਼ ਤਬਦੀਲ ਕਰ ਦਿੱਤਾ ਹੋਣਾ। ਉਨ੍ਹਾਂ ਦੀ ਕਹਾਣੀ ਸੁਣਨਾ ਕਟਹਲ ਖਾਣ ਜਿਹਾ ਹੈ- ਜਿਹਨੂੰ ਚਖਣ ਤੋਂ ਪਹਿਲਾਂ ਤੁਸੀਂ ਉਹਦੀ ਮਿਠਾਸ ਦਾ ਕਿਆਸ ਨਹੀਂ ਲਾ ਸਕਦੇ ਤੇ ਜਦੋਂ ਤੁਸੀਂ ਉਹਨੂੰ ਜ਼ੁਬਾਨ 'ਤੇ ਰੱਖਦੇ ਹੋ ਤਾਂ ਉਹਦਾ ਸੁਆਦ ਯਾਦਗਾਰੀ ਹੋ ਨਿਬੜਦਾ ਹੈ।
ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਰਿਸਰਚ ਫੰਡਿੰਗ ਪ੍ਰੋਗਰਾਮ 2020 ਤਹਿਤ ਗ੍ਰਾਂਟ ਹਾਸਲ ਹੋਇਆ ਹੈ।
ਕਵਰ ਫ਼ੋਟੋ : ਐੱਮ. ਪਲਾਨੀ ਕੁਮਾਰ
ਤਰਜਮਾ: ਕਮਲਜੀਤ ਕੌਰ