ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੰਬਈ ਦੇ ਨੇੜੇ 3600 ਕਰੋੜ ਦੀ ਲਾਗਤ ਨਾਲ਼ ਤਿਆਰ ਸ਼ਿਵਾਜੀ ਦੇ ਬੁੱਤ ਦਾ ਉਦਘਾਟਨ ਕੀਤਿਆਂ 24 ਘੰਟੇ ਵੀ ਨਹੀਂ ਸਨ ਜਦੋਂ ਕ੍ਰਿਸਮਮ ਦੀ ਸਵੇਰ, ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਮੁੰਬਈ ਤੋਂ 200 ਕਿਲੋਮੀਟਰ ਦੂਰ ਢੋਂਡੇਗਾਓਂ ਵਿਖੇ, ਯਸ਼ਵੰਤ ਤੇ ਹੀਰਾਬਾਈ ਬੇਂਡਕੁਲੇ ਆਪਣੇ ਖੇਤ ਵਿੱਚ ਪੱਕੇ ਹੋਏ ਟਮਾਟਰਾਂ ਦੀਆਂ ਵੇਲ਼ਾਂ ਨੂੰ ਪੁੱਟ ਰਹੇ ਹਨ। ਇਸ ਆਦਿਵਾਸੀ ਜੋੜੇ ਵੱਲੋਂ ਚੰਗੀ-ਭਲੀ ਖੜ੍ਹੀ ਫ਼ਸਲ, ਜਿਸ ਵਿਚ ਉਨ੍ਹਾਂ ਨੇ 20,000 ਰੁਪਏ ਦੇ ਖ਼ਰਚੇ ਤੋਂ ਇਲਾਵਾ ਹੱਥੀਂ ਕਿਰਤ ਵੀ ਕੀਤੀ ਸੀ, ਨੂੰ ਉਜਾੜਨ ਦਾ ਕਾਰਨ ਦੱਸਦਿਆਂ ਯਸ਼ਵੰਤ ਬੁੜਬੁੜਾਉਂਦੇ ਹਨ, “ਇਕ ਮਹੀਨੇ ਤੋਂ ਕੀਮਤਾਂ ਡਿੱਗੀਆਂ ਹੋਈਆਂ ਹਨ। ਹੁਣ ਫ਼ਸਲ ਨੂੰ ਖੜ੍ਹੀ ਰੱਖਣਾ ਵੀ ਸਾਡੇ ਲਈ ਘਾਟੇ ਦਾ ਸੌਦਾ ਹੈ।” ਹੁਣ ਉਹ ਜ਼ਮੀਨ ਦੀ ਵਹਾਈ ਕਰਕੇ ਇਸ ਵਿਚ ਕਣਕ ਬੀਜਣਗੇ। “ਇਸ ਨਾਲ ਘੱਟੋ-ਘੱਟ ਸਾਡੇ ਕੋਲ ਗਰਮੀਆਂ ਵਿਚ ਖਾਣ ਲਈ ਅਨਾਜ ਤਾਂ ਹੋਵੇਗਾ,” ਹੀਰਾਬਾਈ ਕਹਿੰਦੇ ਹਨ।
8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਨੋਟਬੰਦੀ ਦੇ ਐਲਾਨ ਤੋਂ ਬਾਅਦ ਪੈਦਾ ਹੋਈ ਨਕਦੀ ਦੀ ਘਾਟ ਦੇ ਕਾਰਨ ਟਮਾਟਰ ਦੀ ਕੀਮਤਾਂ ਹੋਰ ਥੱਲੇ ਡਿੱਗ ਪਈਆਂ ਜੋ ਪਹਿਲਾਂ ਹੀ ਹੇਠਾਂ ਚੱਲ ਰਹੀਆਂ ਸਨ। ਨਾਸਿਕ ਸ਼ਹਿਰ ਤੋਂ 20 ਕਿਲੋਮੀਟਰ ਦੂਰ ਗਿਰਨਾਰੇ ਮੰਡੀ ਵਿਚ ਹੁਣ ਟਮਾਟਰ ਦੀਆਂ ਕੀਮਤਾਂ 50 ਪੈਸੇ ਤੋਂ ਲੈ ਕੇ 2 ਰੁਪਏ ਪ੍ਰਤੀ ਕਿਲੋ ਤੱਕ ਰਹਿ ਗਈਆਂ ਹਨ। ਇਹ ਕੀਮਤਾਂ ਏਨੀਆਂ ਘੱਟ ਹਨ ਕਿ ਕਿਸਾਨ ਆਪਣੀ ਉਪਜ ਦੀ ਵਾਢੀ ਅਤੇ ਢੋਆ-ਢੁਆਈ ਦਾ ਖ਼ਰਚ ਵੀ ਨਹੀਂ ਕੱਢ ਪਾ ਰਹੇ। ਪਰਚੂਨ ਬਜ਼ਾਰ ਵਿਚ ਇਹ ਕੀਮਤਾਂ 6 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੀਆਂ ਹਨ। ਭਾਰਤ ਦੇ ਪ੍ਰਸਿੱਧ ਬਾਗਬਾਨੀ ਜ਼ਿਲ੍ਹਿਆਂ ਵਿਚੋਂ ਇਕ, ਪੂਰੇ ਨਾਸਿਕ ਵਿਚ, ਮਾਯੂਸ ਕਿਸਾਨ ਆਪਣੀ ਖੜ੍ਹੀ ਫ਼ਸਲ ਨੂੰ ਪੁੱਟ ਰਹੇ ਹਨ, ਇਸ ਨੂੰ ਬਾਹਰ ਢੇਰ ਕਰ ਰਹੇ ਹਨ, ਅਤੇ ਪਸ਼ੂਆਂ ਨੂੰ ਸਬਜ਼ੀਆਂ ਦੇ ਖੇਤਾਂ ਵਿਚ ਚਰਨ ਲਈ ਭੇਜਿਆ ਜਾ ਰਿਹਾ ਹੈ। ਜਦਕਿ ਵਰਖਾ ਰੁੱਤ (ਮੌਨਸੂਨ) ਵਿਚ ਇਨ੍ਹਾਂ ਕਿਸਾਨਾਂ ਨੇ ਖੇਤਾਂ ਵਿਚ ਪ੍ਰਤੀ ਏਕੜ 30,000 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਨਿਵੇਸ਼ ਕੀਤਾ ਹੈ।
ਪਿਛਲੇ ਸਾਲ ਟਮਾਟਰ ਦੀ ਕੀਮਤ 300 ਰੁਪਏ ਤੋਂ ਲੈ ਕੇ 700 ਰੁਪਏ ਪ੍ਰਤੀ ਪੇਟੀ (ਇਕ ਪੇਟੀ ਮਤਲਬ 20 ਕਿਲੋ) ਹੋ ਗਈ ਸੀ। ਇਸ ਲਈ ਕਿਸਾਨਾਂ ਨੇ ਬੜੀ ਆਸ ਨਾਲ 2016 ਦੀ ਵਰਖਾ ਰੁੱਤ ਵਿਚ ਟਮਾਟਰ ਦੀ ਬਿਜਾਈ ਕੀਤੀ। ਅਕਤੂਬਰ ਤੱਕ, ਕਿਸਾਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਇਸ ਸਾਲ ਦੇ ਚੰਗੇ ਮੌਸਮ, ਸੁੰਡੀ-ਕੀੜੇ ਦੇ ਹਮਲੇ ਤੋਂ ਬਚਾਅ, ਅਤੇ ਟਮਾਟਰ ਉਤਪਾਦਕਾਂ ਦੀ ਵਧ ਰਹੀ ਗਿਣਤੀ ਦੇ ਚੱਲਦਿਆਂ ਫ਼ਸਲ ਦਾ ਚੋਖਾ ਉਤਪਾਦਨ ਹੋਵੇਗਾ। ਮਤਲਬ ਪਿਛਲੇ ਸਾਲ ਦੀ ਤਰ੍ਹਾਂ ਬੇਸ਼ੱਕ ਜ਼ਿਆਦਾ ਕੀਮਤਾਂ ਨਾ ਹੋਣ ਪਰ ਵਾਜਬ ਕੀਮਤ ਜ਼ਰੂਰ ਮਿਲੇਗੀ। ਕਈ ਕਿਸਾਨਾਂ ਨੇ ਕਿਹਾ ਕਿ ਦੁਸਹਿਰੇ ਤੱਕ ਕੀਮਤ ਵਧੀਆ ਸੀ ਅਤੇ ਦਿਵਾਲੀ ਤੱਕ ਵੀ ਠੀਕ-ਠਾਕ ਕੀਮਤ 130 ਰੁਪਏ ਪ੍ਰਤੀ ਪੇਟੀ ਸੀ।
ਪਰ, ਜਿਉਂ ਹੀ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ, ਫ਼ਸਲਾਂ ਦੀ ਆਮਦ ਨੂੰ ਮੁਦਰਾ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਖ਼ਰੀਦਾਰੀ ਤੇ ਕੀਮਤਾਂ ਹੇਠਾਂ ਡਿੱਗ ਗਈਆਂ। ਗਿਰਨਾਰੇ ਵਿਚ ਰਹਿਣ ਵਾਲੇ ਇਕ ਕਿਸਾਨ ਨਿਤਿਨ ਗਾਇਕਰ ਕਹਿੰਦੇ ਹਨ, “11 ਨਵੰਬਰ ਤੱਕ ਕੀਮਤਾਂ ਵਿਚ ਕਾਫ਼ੀ ਗਿਰਾਵਟ ਆਈ ਅਤੇ ਉਦੋਂ ਤੋਂ ਹੀ ਇਨ੍ਹਾਂ ਵਿਚ ਸੁਧਾਰ ਨਹੀਂ ਹੋਇਆ ਹੈ।” ਉਦੋਂ ਤੋਂ ਹੀ ਇਹ ਕੀਮਤ 10 ਤੋਂ 40 ਰੁਪਏ ਪ੍ਰਤੀ ਪੇਟੀ ਤੱਕ ਡਿੱਗ ਗਈ ਹੈ। ਗਾਇਕਰ ਜ਼ੋਰ ਦੇ ਕੇ ਆਖਦੇ ਹਨ ਕਿ ਕਿਸਾਨਾਂ, ਵਪਾਰੀਆਂ, ਮਾਲ ਢੋਣ ਵਾਲਿਆਂ (ਟਰਾਂਸਪੋਟਰ), ਖੇਤੀ ਨਾਲ ਸੰਬੰਧਿਤ ਸਮੱਗਰੀ ਦੇ ਵਿਕਰੇਤਾਵਾਂ ਅਤੇ ਮਜ਼ਦੂਰਾਂ ਵਿਚਾਲੇ ਪੂਰਾ ਲੈਣ-ਦੇਣ ਅਤੇ ਪੂਰੀ ਪੇਂਡੂ ਅਰਥ-ਵਿਵਸਥਾ ਨਕਦੀ ਨਾਲ ਚੱਲਦੀ ਹੈ।
ਜ਼ਿਲ੍ਹਾ ਅਧਿਕਾਰੀ ਵੀ ਇਸ ਸਥਿਤੀ ਬਾਰੇ ਚਿੰਤਤ ਨਜ਼ਰ ਨਹੀਂ ਆ ਰਹੇ। ਨਾਸਿਕ ਦੇ ਕੁਲੈਕਟਰ ਬੀ. ਰਾਧਾਕ੍ਰਿਸ਼ਨ ਨੇ ਕਿਹਾ, “ਇਹ ਇਕ ਖੁੱਲ੍ਹਾ ਬਜ਼ਾਰ ਹੈ, ਅਤੇ ਅਸੀਂ ਇਸਨੂੰ ਹਰ ਦਿਨ, ਹਰ ਪਲ ਨਿਯੰਤ੍ਰਿਤ ਨਹੀਂ ਕਰ ਸਕਦੇ। ਕੀਮਤਾਂ ਪੂਰੀ ਤਰ੍ਹਾਂ ਇਕ ਬਜ਼ਾਰ ਅਧਾਰਿਤ ਗਤੀਵਿਧੀ ਹਨ।”
ਪਰ ਪੇਂਡੂ ਪਰਿਵਾਰਾਂ ਵਿਚ ਵੱਡੇ ਪੱਧਰ ’ਤੇ ਚਿੰਤਾ ਦਾ ਮਾਹੌਲ ਹੈ। ਗਣੇਸ਼ ਬੋਬਡੇ ਨੇ ਕਿਹਾ, “ਮੈਂ ਆਪਣੀ ਦੋ ਏਕੜ ਜ਼ਮੀਨ ਉੱਤੇ ਟਮਾਟਰ ਦੀ ਖੇਤੀ ਲਈ 2 ਲੱਖ ਰੁਪਏ ਖ਼ਰਚ ਕੀਤੇ, ਪਰ ਹੁਣ ਤੱਕ ਮੈਨੂੰ 30,000 ਰੁਪਏ ਵੀ ਨਹੀਂ ਮਿਲੇ।” “ਬਹੁਤ ਹੀ ਘੱਟ ਖ਼ਰੀਦਾਰ ਹਨ, ਜਿਸ ਕਰਕੇ ਮੈਂ ਹੁਣ ਟਮਾਟਰ ਦੇ ਖੇਤਾਂ ਵਿਚ ਆਪਣੀਆਂ ਗਊਆਂ ਨੂੰ ਚਰਨ ਲਈ ਭੇਜਦਾ ਹਾਂ,” ਸੋਮਨਾਥ ਥੇਟੇ ਨੇ ਕਿਹਾ, ਜਦੋਂ ਅਸੀਂ ਉਨ੍ਹਾਂ ਦੀ ਲੰਮੀ-ਚੌੜੀ ਜ਼ਮੀਨ ’ਤੇ ਤੁਰੇ ਜਾ ਰਹੇ ਸਾਂ, ਜਿੱਥੇ ਤਿੰਨ ਗਊਆਂ ਟਮਾਟਰ ਦੀਆਂ ਵੇਲਾਂ ਚਰ ਰਹੀਆਂ ਸਨ।
ਯੋਗੇਸ਼ ਗਾਇਕਰ ਦਾ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਆਪਣੇ 10 ਏਕੜ ਖੇਤ ਵਿਚ ਟਮਾਟਰ ਲਗਾਏ ਸਨ, ਉਹ ਕਹਿੰਦੇ ਹਨ, “ਹੁਣ ਤੱਕ ਮੈਂ 2,000 ਪੇਟੀਆਂ ਵੇਚ ਚੁੱਕਾ ਹਾਂ, ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਘਾਟੇ ਦਾ ਸੌਦਾ ਰਹੀਆਂ। ਇਹ ਸਾਰਾ ਕੁਝ ਨੋਟਾਂ ਦੇ ਰੌਲੇ ਕਰਕੇ ਹੋਇਆ ਹੈ। ਜਦੋਂ ਹੀ ਸਾਡਾ ਪੈਸੇ ਕਮਾਉਣ ਦਾ ਸਮਾਂ ਆਇਆ ਤਾਂ ਮੋਦੀ ਨੇ ਸਾਨੂੰ ਲੱਤ ਮਾਰ ਦਿੱਤੀ।”
ਇਸ ਸਾਉਣ ਰੁੱਤ ਵਿਚ ਪੂਰੇ ਦੇਸ਼ ਵਿਚ ਵਿਕਣ ਵਾਲਾ ਹਰ ਚੌਥਾ ਟਮਾਟਰ ਨਾਸਿਕ ਤੋਂ ਆਇਆ। ਭਾਰਤ ਸਰਕਾਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਵਜ਼ਨ ਦੇ ਹਿਸਾਬ ਨਾਲ 1 ਸਤੰਬਰ, 2016 ਤੋਂ ਲੈ ਕੇ 2 ਜਨਵਰੀ, 2017 ਵਿਚਕਾਰ ਵੇਚੇ ਗਏ ਟਮਾਟਰਾਂ ਵਿਚੋਂ 24 ਫ਼ੀਸਦੀ ਇਸੇ ਜ਼ਿਲ੍ਹੇ ਤੋਂ ਆਏ ਸਨ (ਮਤਲਬ 14.3 ਲੱਖ ਟਨ ਵਿਚੋਂ 3.4 ਲੱਖ ਟਨ)।
ਸਾਲਾਂ ਤੋਂ ਅਸਥਿਰ ਕੀਮਤਾਂ ਅਤੇ ਆਮਦਨ ਅਸੁਰੱਖਿਆ ਨੂੰ ਸਹਿਣ ਕਰਨ ਵਾਲੇ ਕਿਸਾਨਾਂ ਲਈ ਮਾੜੀ ਵਿਕਰੀ ਤੇ ਉਪਜ ਨੂੰ ਸੁੱਟਣਾ ਕੋਈ ਨਵੀਂ ਗੱਲ ਨਹੀਂ ਹੈ। ਮਰਾਠੀ ਭਾਸ਼ਾ ਦੇ ਖੇਤੀਬਾੜੀ ਸੰਬੰਧੀ ਰੋਜ਼ਾਨਾ ਪੱਤਰ ‘ਅਗ੍ਰੋਵਨ’ ਦੇ ਨਾਸਿਕ ਸਥਿਤ ਪੱਤਰ-ਪ੍ਰੇਰਕ ਗਿਆਨੇਸ਼ਵਰ ਉਗਲੇ ਕਹਿੰਦੇ ਹਨ, “ਪਰ ਇਸ ਖੇਤਰ ਵਿਚ ਇਸ ਪੱਧਰ ’ਤੇ ਖੜ੍ਹੀ ਫ਼ਸਲ ਦੀ ਤਬਾਹੀ ਪਹਿਲਾਂ ਕਦੇ ਨਹੀਂ ਦੇਖੀ ਗਈ। ਟਮਾਟਰ ਦੀ ਖੇਤੀ ਵਿਚ ਕਿਸਾਨ ਦਾ ਉਤਪਾਦਨ ਖ਼ਰਚਾ ਔਸਤ 90 ਰੁਪਏ ਪ੍ਰਤੀ ਪੇਟੀ ਹੈ। ਜੇਕਰ ਉਨ੍ਹਾਂ ਨੂੰ ਸਿਰਫ਼ 15 ਤੋਂ 40 ਰੁਪਏ ਪ੍ਰਤੀ ਪੇਟੀ ਕੀਮਤ ਮਿਲ ਰਹੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਨੂੰ ਕਿੰਨਾ ਘਾਟਾ ਪੈ ਰਿਹਾ ਹੈ।”
ਨਾਸਿਕ ਜ਼ਿਲ੍ਹੇ ਦੀ ਪੰਜ ਮੰਡੀਆਂ ਵਿਚ ਪਹੁੰਚੀ ਤਿਆਰ ਫ਼ਸਲ ਦੇ ਆਧਾਰ ’ਤੇ ਉਗਲੇ ਜੀ ਦੁਆਰਾ ਕੀਤੀ ਗਣਨਾ ਮੁਤਾਬਕ ਹੁਣ ਤੱਕ ਕਿਸਾਨਾਂ ਦਾ 100 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਤੇ ਸਰਕਾਰੀ ਗਣਨਾ? ਜ਼ਿਲ੍ਹਾ ਖੇਤੀਬਾੜੀ ਸੁਪਰਡੈਂਟ ਦਫ਼ਤਰ, ਨਾਸਿਕ ਦੇ ਖੇਤੀਬਾੜੀ ਨਿਗਰਾਨ, ਭਾਸਕਰ ਰਹਾਨੇ ਦੇ ਅਨੁਸਾਰ ਜ਼ਿਲ੍ਹੇ ਵਿਚ ਟਮਾਟਰ ਦੇ ਰਕਬੇ ਅਤੇ ਉਤਪਾਦਨ ਸੰਬੰਧੀ ਉਨ੍ਹਾਂ ਦਾ ਅਨੁਮਾਨ 2011-12 ਵਿਚ ਹੀ ਖ਼ਤਮ ਹੋ ਗਿਆ। “ਕਿਸਾਨਾਂ ਦੇ ਨੁਕਸਾਨ ਨੂੰ ਮਾਪਣ ਵਾਲੀ ਕੋਈ ਪ੍ਰਣਾਲੀ ਮੌਜੂਦ ਨਹੀਂ ਹੈ। ਕਿਸਾਨਾਂ ਨੂੰ ਖ਼ੁਦ ਆਪਣੀ ਆਮਦਨ ਦਾ ਹਿਸਾਬ-ਕਿਤਾਬ ਰੱਖਣਾ ਚਾਹੀਦਾ ਹੈ, ਜਿਵੇਂ ਉਹ ਖ਼ਰਚਿਆਂ ਦਾ ਹਿਸਾਬ ਰੱਖਦੇ ਹਨ,” ਉਨ੍ਹਾਂ ਨੇ ਕਿਹਾ।
ਇਸ ਸਾਲ ਗਿਰਨਾਰੇ ਮੰਡੀ ਦਾ ਧੂੜ ਭਰਿਆ ਮੈਦਾਨ, ਜੋ ਇਕ ਉੱਘੀ ਟਮਾਟਰ ਮੰਡੀ ਹੈ, ਅਸਧਾਰਨ ਤੌਰ ’ਤੇ ਕਾਫ਼ੀ ਖ਼ਾਲੀ-ਖ਼ਾਲੀ ਨਜ਼ਰ ਆ ਰਿਹਾ ਹੈ। ਹਰ ਸਾਲ ਮੰਡੀ ਨੂੰ ਜਾਣ ਵਾਲੀਆਂ ਸੜਕਾਂ ਟਮਾਟਰਾਂ ਨਾਲ ਲੱਦੇ ਟਰੈਕਟਰ-ਟਰਾਲੀਆਂ ਨਾਲ ਜਾਮ ਰਹਿੰਦੀਆਂ ਸਨ, ਪਰ ਬਦਕਿਸਮਤੀ ਨਾਲ ਇਸ ਵਾਰ ਇਹ ਖ਼ਾਲੀ ਹਨ। ਹਰ ਸਾਲ ਮਹਾਰਾਸ਼ਟਰ ਤੋਂ ਬਾਹਰ ਦੇ ਵਪਾਰੀ ਅਕਤੂਬਰ ਤੋਂ ਦਸੰਬਰ ਤੱਕ ਇੱਥੇ ਡੇਰਾ ਲਾਉਂਦੇ ਹਨ, ਇੱਥੋਂ ਟਮਾਟਰ ਖ਼ਰੀਦਦੇ ਹਨ ਅਤੇ ਪੂਰੇ ਭਾਰਤ ਵਿਚ ਪਹੁੰਚਾਉਂਦੇ ਹਨ, ਪਰ ਇਸ ਵਾਰ ਉਹ ਵੀ ਛੇਤੀ ਚਲੇ ਗਏ।
ਇਨ੍ਹਾਂ ਵਿਚ ਇਕ ਵਪਾਰੀ ਹਨ ਰਾਹਤ ਜਾਨ, ਜੋ ਇਸ ਸਮੇਂ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਆਪਣੇ ਘਰ ਵਿਚ ਹਨ। ਉਨ੍ਹਾਂ ਨੇ ਸਾਨੂੰ ਫ਼ੋਨ ਉੱਤੇ ਦੱਸਿਆ, “ਨਾਸਿਕ ਸ਼ਹਿਰ ਵਿਚ ਆਈਸੀਆਈਸੀਆਈ ਬੈਂਕ ਵਿਚ ਮੇਰਾ ਖਾਤਾ ਹੈ। ਪਰ ਉਨ੍ਹਾਂ ਨੇ ਮੈਨੂੰ ਅੱਠ ਦਿਨਾਂ ਵਿਚ ਸਿਰਫ਼ 50,000 ਰੁਪਏ ਦਿੱਤੇ। ਮੈਨੂੰ ਆਪਣੇ ਰੋਜ਼ਾਨਾ ਵਪਾਰ ਲਈ 1 ਤੋਂ 3 ਲੱਖ ਰੁਪਏ ਨਕਦੀ ਦੀ ਲੋੜ ਪੈਂਦੀ ਹੈ। ਜਿੰਨਾ ਚਿਰ ਕਿਸਾਨ ਅਤੇ ਪੈਟਰੋਲ ਪੰਪਾਂ ਵਾਲੇ ਪੁਰਾਣੇ ਨੋਟ ਲੈ ਰਹੇ ਸਨ, ਅਸੀਂ ਕਿਤੇ ਤਰ੍ਹਾਂ ਕੰਮ ਚਲਾਉਂਦੇ ਰਹੇ। ਨੋਟਾਂ ਦੀ ਥੁੜ੍ਹ ਨਾ ਹੁੰਦੀ ਤਾਂ ਮੈਂ ਉੱਥੇ 15 ਦਿਨ ਹੋਰ ਰੁਕ ਕੇ ਟਮਾਟਰਾਂ ਦੀ ਖ਼ਰੀਦਾਰੀ ਕਰਦਾ।”
ਦੂਰੋਂ ਆਏ ਵਪਾਰੀ ਜਾ ਚੁੱਕੇ ਹਨ, ਹੁਣ ਤਾਂ ਮੁੰਬਈ ਨੇੜਲੇ ਸਥਾਨਾਂ ਵਾਸ਼ੀ ਅਤੇ ਵਿਰਾੜ ਦੇ ਸਥਾਨਕ ਵਪਾਰੀ ਹੀ ਮੰਡੀ ਵਿਚ ਨਜ਼ਰ ਆਉਂਦੇ ਹਨ। ਉਹ ਵੀ ਘੱਟ ਕੀਮਤਾਂ ਅਤੇ ਨਕਦੀ ਦੀ ਕਮੀ ਨਾਲ ਸੰਘਰਸ਼ ਕਰ ਰਹੇ ਹਨ। ਅਸੀਂ ਪਿੰਪਲਗਾਉਂ ਦੇ ਰਹਿਣ ਵਾਲੇ ਵਪਾਰੀ ਕੈਲਾਸ਼ ਸਾਲਵੇ ਨੂੰ 4,000 ਰੁਪਏ ਦੇ ਕੇ 100 ਪੇਟੀਆਂ ਖ਼ਰੀਦਦੇ ਦੇਖਿਆ। ਉਨ੍ਹਾਂ ਨੇ ਕਿਹਾ, “ਮੇਰੇ ਕੋਲ ਜ਼ਿਆਦਾ ਨਕਦੀ ਨਹੀਂ ਹੈ, ਇਸ ਲਈ ਮੈਂ ਹੋਰ ਪੇਟੀਆਂ ਨਹੀਂ ਖ਼ਰੀਦ ਸਕਿਆ।” ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਗੁਜਰਾਤ ਦੇ ਸੂਰਤ ਵਿਚ ਟਮਾਟਰਾਂ ਦੇ ਖ਼ਰੀਦਾਰ ਲੱਭ ਰਹੇ ਸਨ।
“ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਅਸੀਂ ਟਮਾਟਰਾਂ ਦੇ ਵਪਾਰ ਵਿਚ ਲਗਭਗ 50 ਲੱਖ ਦਾ ਵਪਾਰ ਕੀਤਾ ਸੀ ਅਤੇ 3 ਲੱਖ ਰੁਪਏ ਕਮਾਇਆ ਸੀ,” ਸਾਲਵੇ ਨੇ ਕਿਹਾ। “ਇਸ ਸਾਲ ਹੁਣ ਤੱਕ ਅਸੀਂ ਸਿਰਫ਼ 10 ਲੱਖ ਰੁਪਏ ਦੀ ਹੀ ਫ਼ਸਲ ਖ਼ਰੀਦੀ ਹੈ, ਤੇ ਉਹਦੇ ਵਿਚ ਵੀ ਘਾਟਾ ਹੀ ਪਿਆ ਹੈ।” ਦੋ ਦਿਨਾਂ ਬਾਅਦ, ਉਨ੍ਹਾਂ ਨੇ ਸੂਰਤ ਦੇ ਰਹਿਣ ਵਾਲੇ ਇਕ ਖ਼ਰੀਦਾਰ ਨੂੰ ਟਮਾਟਰ ਘਾਟੇ ਵਿਚ ਵੇਚ ਦਿੱਤੇ।
ਪਿਛਲੇ 15 ਸਾਲਾਂ ਤੋਂ, ਅੰਗੂਰਾਂ ਤੋਂ ਬਾਅਦ ਟਮਾਟਰ ਹੀ ਇਸ ਖੇਤਰ ਦੀ ਪਸੰਦੀਦਾ ਫ਼ਸਲ ਬਣ ਚੁੱਕਾ ਹੈ। ਬੇਸ਼ੱਕ ਜ਼ਮੀਨ ਘੱਟ ਹੀ ਹੋਵੇ, ਘੱਟ ਪੂੰਜੀ ਅਤੇ ਪਾਣੀ ਦੇ ਨਾਲ, ਆਦਿਵਾਸੀ ਅਤੇ ਮਰਾਠਾ ਕਿਸਾਨ (ਜਿਵੇਂ ਬੇਂਦਕੁਲੇ ਅਤੇ ਗਾਇਕਰ, ਕ੍ਰਮਵਾਰ) ਟਮਾਟਰ ਉਗਾਉਂਦੇ ਹਨ। ਫਲਸਰੂਪ, ਟਮਾਟਰ ਦੀਆਂ ਕੀਮਤਾਂ ਦਾ ਡਿੱਗਣਾ ਤਬਾਹੀ ਭਰਿਆ ਹੈ। ਜਾਨ ਵਰਗੇ ਕਈ ਵਪਾਰੀ ਇਹ ਵੀ ਕਹਿੰਦੇ ਹਨ ਕਿ ਲੋੜ ਤੋਂ ਵਧੇਰੇ ਉਤਪਾਦਨ ਨੇ ਵੀ ਕੀਮਤਾਂ ਨੂੰ ਹੇਠਾਂ ਡੇਗਿਆ ਹੈ। ਕਿਸਾਨ ਕਹਿੰਦੇ ਹਨ ਕਿ ਇਹ ਕਾਰਨ ਵੀ ਸਹੀ ਹੋ ਸਕਦਾ ਹੈ, ਪਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ ਦੀਆਂ ਵੀ ਘੱਟ ਕੀਮਤਾਂ ਮਿਲ ਰਹੀਆਂ ਹਨ, ਜਦਕਿ ਸਬਜ਼ੀਆਂ ਤਾਂ ਏਨੀ ਵੱਡੀ ਮਾਤਰਾ ਵਿਚ ਉਗਾਈਆਂ ਨਹੀਂ ਸਨ।
“ਫੁੱਲ-ਗੋਭੀ, ਬੈਂਗਣ, ਧਨੀਆ, ਕੱਦੂ ਤੁੰਬੇ ਦਾ ਹਾਲ ਦੇਖ ਲਵੋ – ਪਿਛਲੇ ਦਿਨਾਂ ਵਿਚ ਕੀਮਤਾਂ ਕਿਹੜੀ ਫ਼ਸਲ ਦੀਆਂ ਨਹੀਂ ਡਿੱਗੀਆਂ?” ਨਾਨਾ ਅਚਾਰੀ ਨੇ ਤੰਜ਼ ਕੱਸਦਿਆਂ ਕਿਹਾ। ਧੋਂਡੇਗਾਉਂ ਪਿੰਡ ਦੇ ਆਦਿਵਾਸੀ, ਸਧਾਰਨ ਕਿਸਾਨ ਨਾਨਾ ਅਚਾਰੀ 20 ਕੁ ਦਿਨ ਪਹਿਲਾਂ 20 ਪੇਟੀਆਂ ਬੈਂਗਣ ਨਾਸਿਕ ਮੰਡੀ ਵਿਚ ਲਿਆਏ ਸਨ, ਪਰ ਕੋਈ ਖ਼ਰੀਦਾਰ ਨਾ ਮਿਲਣ ਕਰਕੇ ਵਾਪਸ ਚਲੇ ਗਏ। ਅਗਲੇ ਦਿਨ ਉਨ੍ਹਾਂ ਨੇ ਵਾਸ਼ੀ ਮੰਡੀ ਵਿਚ ਸਾਰੀਆਂ ਪੇਟੀਆਂ ਸਿਰਫ਼ 500 ਰੁਪਏ ਵਿਚ ਵੇਚ ਦਿੱਤੀਆਂ। ਆਉਣ-ਜਾਣ ਦਾ ਖ਼ਰਚਾ ਕੱਟ ਕੇ ਉਨ੍ਹਾਂ ਨੂੰ ਸਿਰਫ਼ 30 ਰੁਪਏ ਬਚੇ। ਵਡਗਾਉਂ ਪਿੰਡ ਦੇ ਇਕ ਹੋਰ ਕਿਸਾਨ ਕੇਰੂ ਕਸਬੇ ਨੇ ਸਾਨੂੰ ਦੱਸਿਆ ਕਿ ਉਸ ਨੇ ਅੱਠ ਦਿਨ ਪਹਿਲਾਂ ਹੀ ਵਾਸ਼ੀ ਮੰਡੀ ਵਿਚ 700 ਕਿਲੋ ਬੈਂਗਣ ਵੇਚੇ ਸਨ। ਉਨ੍ਹਾਂ ਨੂੰ ਸਿਰਫ਼ 200 ਦੀ ਕਮਾਈ ਹੋਈ।
ਕੁਝ ਵਪਾਰੀ ਚੈੱਕ (cheque) ਰਾਹੀਂ ਕਿਸਾਨਾਂ ਨੂੰ ਅਦਾਇਗੀ ਕਰ ਰਹੇ ਹਨ। ਪਰ ਡੀਜ਼ਲ ਖ਼ਰੀਦਣਾ ਹੁੰਦਾ ਹੈ, ਮਜ਼ਦੂਰਾਂ ਨੂੰ ਮਿਹਨਤਾਨਾ ਦੇਣਾ ਹੁੰਦਾ ਹੈ, ਖਾਦ ਖ਼ਰੀਦਣੀ ਹੁੰਦੀ ਹੈ। ਪਰ ਨਾ ਹੀ ਕਿਸਾਨਾਂ ਕੋਲ ਅਤੇ ਨਾ ਹੀ ਵਪਾਰੀਆਂ ਕੋਲ, ਕਿਸੇ ਕੋਲ ਵੀ ਇਹ ਚੈੱਕ ਬੈਂਕ ਵਿਚ ਜਮ੍ਹਾਂ ਕਰਾਉਣ ਅਤੇ ਫਿਰ ਨਕਦੀ ਲੈਣ ਲਈ ਲੰਮੀਆਂ ਕਤਾਰਾਂ ਵਿਚ ਖੜ੍ਹਨ ਦਾ ਸਮਾਂ ਨਹੀਂ। ਉਹ ਵੀ ਇਕੋ ਵੇਲੇ ਸਿਰਫ਼ ਇਕ 2,000 ਰੁਪਏ ਦਾ ਨੋਟ ਮਿਲਦਾ ਹੈ। ਇਸ ਤੋਂ ਇਲਾਵਾ, ਕਿਸਾਨ ਚੈੱਕ ਉੱਤੇ ਭਰੋਸਾ ਨਹੀਂ ਕਰਦੇ। ਵਿਜੇ ਕਸਬੇ, ਜਿਨ੍ਹਾਂ ਨੂੰ ਆਪਣੇ ਵਪਾਰੀ ਤੋਂ ਚੈੱਕ ਲੈਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਵਪਾਰੀ ਕੋਲ ਨਕਦੀ ਨਹੀਂ ਸੀ, ਨੇ ਸਾਨੂੰ ਦੱਸਿਆ ਕਿ ਜੇਕਰ ਇਹ ਚੈੱਕ ਖ਼ਾਲੀ ਨਿਕਲ ਗਿਆ ਤਾਂ ਉਸ ਕੋਲ ਪੈਸੇ ਕਢਵਾਉਣ ਦਾ ਕੋਈ ਚਾਰਾ ਨਹੀਂ ਬਚੇਗਾ।
ਡਿੱਗਦੀਆਂ ਕੀਮਤਾਂ ਅਤੇ ਨਕਦੀ ਦੀ ਕਮੀ ਦੇ ਬਹੁਤ ਮਾੜੇ ਨਤੀਜੇ ਨਿਕਲੇ ਹਨ। ਆਦਿਵਾਸੀ ਮਜ਼ਦੂਰਾਂ ਨੂੰ ਹੁਣ ਕੰਮ ਨਹੀਂ ਮਿਲ ਰਿਹਾ ਹੈ, ਤੇ 2,000 ਦਾ ਨੋਟ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕ ਰਿਹਾ ਹੈ। ਰਾਜਾਰਾਮ ਬੇਂਦਕੁਲੇ ਕਹਿੰਦੇ ਹਨ, “ਖੁੱਲ੍ਹੇ ਪੈਸੇ ਲੈਣ ਲਈ, ਦੁਕਾਨਦਾਰ ਚਾਹੁੰਦਾ ਹੈ ਕਿ ਅਸੀਂ 1100 ਰੁਪਏ ਖ਼ਰਚ ਕਰੀਏ। ਪੈਟਰੋਲ ਪੰਪ ਮਾਲਕ ਦਾ ਕਹਿਣਾ ਹੈ ਕਿ ਘੱਟੋ-ਘੱਟ 300 ਰੁਪਏ ਦਾ ਤੇਲ ਭਰਵਾਓ।” ਉਨ੍ਹਾਂ ਦੀ ਚਾਚੀ ਮਜ਼ਾਕ ਵਿਚ ਕਹਿੰਦੀ ਹੈ, “ਸਾਰਾ ਪੈਟਰੋਲ ਘਰ ਲਿਆਓ, ਆਪਾਂ ਸਾਰੇ ਪੀ ਲਵਾਂਗੇ।”
ਖੇਤੀਬਾੜੀ ਨਾਲ ਜੁੜੀ ਸਮੱਗਰੀ ਦੇ ਵਿਕਰੇਤਾ ਵੀ ਫ਼ਿਕਰਮੰਦ ਹਨ। “ਮੇਰਾ ਤਾਂ ਸਾਰਾ ਧੰਦਾ ਹੀ ਇਸ ਉੱਤੇ ਨਿਰਭਰ ਕਰਦਾ ਹੈ,” ਮੰਡੀ ਵੱਲ ਇਸ਼ਾਰਾ ਕਰਦਿਆਂ ਇਕ ਵਿਕਰੇਤਾ ਅਬਾ ਕਦਮ ਨੇ ਕਿਹਾ। “ਮੈਨੂੰ ਦੋਹਾਂ ਪਾਸਿਉਂ ਮਾਰ ਪਈ ਹੈ। ਹੁਣ ਕਿਉਂਕਿ ਕਿਸਾਨ ਆਪਣੀ ਖੜ੍ਹੀ ਫ਼ਸਲ ਤਬਾਹ ਕਰ ਰਹੇ ਹਨ, ਇਸ ਲਈ ਉਹ ਖੇਤੀ ਸੰਬੰਧੀ ਕੋਈ ਸਮੱਗਰੀ ਮੇਰੇ ਕੋਲੋਂ ਖ਼ਰੀਦ ਨਹੀਂ ਰਹੇ। ਤੇ ਕਿਉਂਕਿ ਫ਼ਸਲ ਵੇਚ ਕੇ ਵੀ ਉਨ੍ਹਾਂ ਨੂੰ ਕਮਾਈ ਨਹੀਂ ਹੋ ਰਹੀ, ਇਸ ਲਈ ਮੇਰਾ ਉਹ ਉਧਾਰ ਪੈਸਾ ਵੀ ਵਾਪਸ ਨਹੀਂ ਆ ਰਿਹਾ ਜੋ ਮੈਂ ਇਨ੍ਹਾਂ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਵੇਲੇ ਦਿੱਤਾ ਸੀ।”
ਨੋਟਬੰਦੀ ਕਰਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਤੋਂ 50 ਦਿਨਾਂ ਦਾ ਸਮਾਂ ਮੰਗਿਆ ਸੀ, ਜੋ 30 ਦਸੰਬਰ ਨੂੰ ਖ਼ਤਮ ਹੋ ਗਿਆ। ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਵੇਲੇ, ਉਮੀਦਾਂ ਨੂੰ ਦੁਖ ਨੇ ਨਿਗਲ ਲਿਆ। ਇਕ ਕਿਸਾਨ ਨੇ ਮੰਗ ਕੀਤੀ ਕਿ ਸਾਡੇ ਨੁਕਸਾਨ ਦੀ ਭਰਪਾਈ ਕਰਨ ਲਈ ਮੋਦੀ ਸਰਕਾਰ ਨੂੰ ਸਾਡੇ ਖਾਤਿਆਂ ਵਿਚ ਪੈਸਾ ਜਮ੍ਹਾਂ ਕਰਾਉਣਾ ਚਾਹੀਦਾ ਹੈ, ਦੂਜੇ ਨੇ ਕਿਹਾ ਕਿ ਸਾਡਾ ਕਰਜ਼ ਮਾਫ਼ ਕੀਤਾ ਜਾਏ, ਤੀਜੇ ਨੇ ਕਿਹਾ ਕਿ ਫ਼ਸਲੀ ਕਰਜ਼ ਉੱਤੇ ਵਿਆਜ ਦਰ ਘੱਟ ਹੋਣੀ ਚਾਹੀਦੀ ਹੈ। ਹਾਲਾਂਕਿ, 31 ਦਸੰਬਰ ਦੇ ਦਿਨ ਦੇਸ਼ ਨੂੰ ਸੰਬੋਧਿਤ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਸੰਕਟ ਅਤੇ ਨੁਕਸਾਨ ਦੀ ਗੱਲ ਵੀ ਨਹੀਂ ਕੀਤੀ।
ਹੁਣ ਸਾਰੀਆਂ ਨਜ਼ਰਾਂ ਅੰਗੂਰਾਂ ਦੀ ਫ਼ਸਲ ਉੱਤੇ ਹਨ, ਜੋ ਜਨਵਰੀ ਦੇ ਅਖ਼ੀਰ ਤੋਂ ਸ਼ੁਰੂ ਹੁੰਦੀ ਹੈ। ਅੰਗੂਰ ਦੀ ਫ਼ਸਲ ਦੀਆਂ ਚੰਗੀਆਂ ਕੀਮਤਾਂ ਮਿਲੀਆਂ ਤਾਂ ਇਸਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁਝ ਮੁਨਾਫ਼ਾ ਹੋ ਜਾਵੇਗਾ। ਅਬਾ ਕਦਮ ਵਰਗੇ ਵਿਕਰੇਤਾਵਾਂ ਦਾ ਕੁਝ ਉਧਾਰ ਮੁੜ ਆਵੇਗਾ। ਹਾਲਾਂਕਿ, ਵਪਾਰੀਆਂ ਨੂੰ ਕੋਈ ਆਸ ਨਹੀਂ ਹੈ। ਜਾਨ ਕਹਿੰਦੇ ਹਨ ਕਿ ਜਦੋਂ ਤੱਕ ਨਕਦੀ ਦੀ ਕਮੀ ਪੂਰੀ ਨਹੀਂ ਹੁੰਦੀ, ਉਹ ਕਿਸਾਨਾਂ ਤੋਂ ਫ਼ਸਲ ਹੀ ਨਹੀਂ ਖ਼ਰੀਦ ਸਕਣਗੇ। ਉਦਾਸ ਕਿਸਾਨ ਸਾਲਵੇ ਮੰਨਦੇ ਹਨ ਕਿ ਅੰਗੂਰ ਦੀ ਫ਼ਸਲ ਦੀਆਂ ਕੀਮਤਾਂ ਵੀ ਘੱਟ ਹੀ ਰਹਿਣਗੀਆਂ।
ਤਸਵੀਰਾਂ ਅਤੇ ਵੀਡੀਓ: ਚਿਤਰਾਂਗਦਾ ਚੌਧਰੀ
ਤਰਜਮਾ : ਹਰਜੋਤ ਸਿੰਘ