ਅਸੀਂ ਵੱਡੀਆਂ ਪੈੜਾਂ ਦੇ ਨਿਸ਼ਾਨ ਲੱਭਦੇ ਹੋਏ ਪਹਾੜੀਆਂ ਅਤੇ ਖੇਤਾਂ ਵਿਚ ਘੁੰਮ ਰਹੇ ਹਾਂ।
ਸਾਨੂੰ ਕਾਫ਼ੀ ਨਿਸ਼ਾਨ ਮਿਲੇ ਜੋ ਨਰਮ ਮਿੱਟੀ ’ਤੇ ਬਣੇ ਸਨ ਅਤੇ ਖਾਣੇ ਦੀਆਂ ਪਲੇਟਾਂ ਤੋਂ ਵੀ ਵੱਡੇ ਤੇ ਡੂੰਘੇ ਜਾਪਦੇ ਹਨ। ਪੁਰਾਣੇ ਨਿਸ਼ਾਨ ਹੱਥ ਲਾਇਆਂ ਭੁਰਦੇ ਹਨ। ਬਾਕੀ ਨਿਸ਼ਾਨ ਇਸ ਗੱਲ ਵਲ ਇਸ਼ਾਰਾ ਕਰਦੇ ਹਨ ਕਿ ਉਸ ਜਾਨਵਰ ਨੇ ਕੀਤਾ ਕੀ ਹੋਣਾ: ਥੋੜ੍ਹੀ ਜਿਹੀ ਸੈਰ, ਇਕ ਚੰਗਾ ਭੋਜਨ, ਬਹੁਤ ਸਾਰਾ ਗੋਬਰ। ਚੀਜ਼ਾਂ, ਜੋ ਇਹਨਾਂ ਨੇ ਬਰਬਾਦ ਕੀਤੀਆਂ: ਗ੍ਰੇਨਾਈਟ ਦੇ ਥਮ੍ਹਲੇ, ਤਾਰਾਂ ਦੀ ਵਾੜ, ਰੁੱਖ, ਦਰਵਾਜੇ...
ਹਾਥੀਆਂ ਨੇ ਜੋ ਵੀ ਕੀਤਾ ਉਸ ਦੀਆਂ ਤਸਵੀਰਾਂ ਖਿੱਚਣ ਲਈ ਅਸੀਂ ਉਥੇ ਰੁਕੇ। ਮੈਂ ਪੈੜਾਂ ਦੀ ਇਕ ਤਸਵੀਰ ਆਪਣੇ ਸੰਪਾਦਕ ਨੂੰ ਭੇਜੀ। “ਕੀ ਇਹ ਇਕ ਹਾਥੀ ਦਾ ਹੈ?” ਉਹਨਾਂ ਦੇ ਜਵਾਬ ਵਿੱਚ ਉਮੀਦ ਭਰੀ ਹੈ। ਪਰ ਮੈਂ ਆਸ ਕਰਦੀ ਹਾਂ ਕਿ ਉਹਨਾਂ ਦੀਆਂ ਉਮੀਦਾਂ ਝੂਠੀਆਂ ਨਿਕਲਣ।
ਕਿਉਂਕਿ ਜਿਥੋਂ ਤੱਕ ਮੈਂ ਸੁਣਿਆ ਹੈ, ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੰਗਾਨਹੱਲੀ ਵਿਚ ਹਾਥੀਆਂ ਦੁਆਰਾ ਤੁਹਾਨੂੰ ਅਸੀਸ ਦੇਣ ਜਾਂ ਕੋਈ ਕੇਲਾ ਮੰਗਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਂ, ਇਹ ਰੀਤ ਮੰਦਰਾਂ ਦੇ ਹਾਥੀਆਂ ਦੀ ਹੋ ਸਕਦੀ ਹੈ। ਪਰ ਇਹ ਉਹਨਾਂ ਦੇ ਜੰਗਲੀ ਭੈਣ-ਭਰਾ ਹਨ ਜੋ ਅਕਸਰ ਭੁੱਖੇ ਰਹਿੰਦੇ ਹਨ।
ਦਸੰਬਰ 2021 ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਰਾਗੀ ਕਿਸਾਨਾਂ ਨੂੰ ਮਿਲਣ ਦੀ ਮੇਰੀ ਫੇਰੀ ਅਚਾਨਕ ਮੈਨੂੰ ਹਾਥੀਆਂ ਦੇ ਰਾਹ ’ਤੇ ਲੈ ਗਈ। ਮੈਂ ਸੋਚਿਆ ਸੀ ਕਿ ਅਸੀਂ ਕਿਸਾਨਾਂ ਦੀ ਆਰਥਿਕਤਾ ’ਤੇ ਚਰਚਾ ਕਰਾਂਗੇ। ਹਾਲਂਕਿ ਕੁਝ ਹੋਈਆਂ ਵੀ, ਪਰ ਜ਼ਿਆਦਾਤਰ, ਖ਼ੇਤ ਦਰ ਖ਼ੇਤ ਫ਼ਿਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਆਖ਼ਰ ਕਿਉਂ ਸਿਰਫ਼ ਆਪਣੇ ਘਰ ਜੋਗੀ ਰਾਗੀ (ਬਾਜਰੇ ਦੀ ਕਿਸਮ) ਉਗਾਉਣ ’ਚ ਹੀ ਸਮਰੱਥ ਹਨ, ਜਿਸਦਾ ਮੁੱਖ ਕਾਰਨ ਹਨ- ਹਾਥੀ। ਘੱਟ ਕੀਮਤਾਂ (ਉਨ੍ਹਾਂ ਨੂੰ ਆਪਣੀਆਂ ਲਾਗਤਾਂ ਤੇ ਹੋਰ ਖ਼ਰਚੇ ਪੂਰੇ ਕਰਨ ਵਾਸਤੇ ਜਿਸ ਰਾਗੀ ਨੂੰ 35-37 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚਣ ਦੀ ਲੋੜ ਹੁੰਦੀ ਹੈ ਜਦੋਂ ਉਹ ਮਹਿਜ 25-27 ਰੁਪਏ ਕਿਲੋ ਦੀ ਦਰ ‘ਤੇ ਵਿਕਦੀ ਹੈ ਤਾਂ ਉਹ ਹੋਰ ਕਸੂਤੇ ਫਸ ਜਾਂਦੇ ਹਨ), ਜਲਵਾਯੂ ਬਦਲਾਅ ਅਤੇ ਭਾਰੀ ਵਰਖਾ ਕਾਰਨ ਕਿਸਾਨਾਂ ਨੂੰ ਹੋਰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਹਾਥੀਆਂ ਦੇ ਦੰਦਾਂ, ਉਨ੍ਹਾਂ ਦੀਆਂ ਸੁੰਡਾਂ ਅਤੇ ਢੇਰਾਂ ਦੇ ਢੇਰ ਪਰਾਲ਼ੀ ਨੂੰ ਜੋੜ ਕੇ ਹਿਸਾਬ ਲਾਈਏ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਰਲ਼ ਕੇ ਕਿਸਾਨਾਂ ਦੀ ਕਮਰ ਹੀ ਤੋੜ ਦਿੱਤੀ ਹੈ।
“ ਹਾਥੀਆਂ ਵਿਚ ਬਹੁਤ ਪ੍ਰਤਿਭਾ ਹੁੰਦੀ ਹੈ। ਉਹਨਾਂ ਨੇ ਤਾਰ ਦੀ ਸਿੱਧੀਆਂ ਅਤੇ ਤਿਰਛੀਆਂ ਵਾੜਾਂ ਨੂੰ ਪਾਰ ਕਰਨਾ ਸਿੱਖ ਲਿਆ ਹੈ। ਉਹ ਜਾਣ ਗਏ ਹਨ ਕਿ ਬਿਜਲੀ ਦੀਆਂ ਵਾੜਾਂ ਨੂੰ ਸ਼ਾਰਟ-ਸਰਕਿਟ ਕਰਨ ਲਈ ਦਰੱਖਤਾਂ ਨੂੰ ਕਿਵੇਂ ਵਰਤਣਾ ਹੈ,” ਅਨੰਦਰਾਮੂ ਰੈਡੀ ਦਸਦੇ ਹਨ। “ਉਹ ਹਮੇਸ਼ਾ ਝੁੰਡ ਦੀ ਤਲਾਸ਼ ਵਿਚ ਰਹਿੰਦੇ ਹਨ।” ਅਨੰਦ, ਦੇਂਕਾਨੀਕੋਟਈ ਤਾਲੁਕ ਵਿਖੇ ਵਾਡਰਾ ਪਾਲਯਮ ਦੇ ਇਕ ਕਿਸਾਨ ਹਨ। ਉਹ ਸਾਨੂੰ ਮੇਲਾਗਿਰੀ ਰਿਜ਼ਰਵ ਜੰਗਲ ਦੇ ਕਿਨਾਰੇ ਤਕ ਲੈ ਜਾਂਦੇ ਹਨ। ਇਹ ਕਾਵੇਰੀ ਉੱਤਰੀ ਜੰਗਲੀ ਜੀਵ ਸੈਂਕਚੁਰੀ ਦਾ ਹਿੱਸਾ ਹੈ।
ਸਾਲਾਂ ਤੋਂ ਹਾਥੀ ਜੰਗਲਾਂ ਤੋਂ ਨਿਕਲ ਕੇ ਖ਼ੇਤਾਂ ਵਿਚ ਆਉਂਦੇ ਰਹੇ ਹਨ। ਪੈਕੀਡਰਮਸ (ਮੋਟੀ ਚਮੜੀ ਵਾਲੇ ਜਾਨਵਰ) ਦੇ ਝੁੰਡ ਪਿੰਡ ਵਿਚ ਆਉਂਦੇ, ਰਾਗੀ ਫ਼ਸਲ ਦਾ ਬਹੁਤਾ ਹਿੱਸਾ ਖਾ ਜਾਂਦੇ ਅਤੇ ਬਾਕੀ ਬਚਦੀ ਨੂੰ ਲਤਾੜ ਜਾਂਦੇ। ਇਸ ਨੇ ਕਿਸਾਨਾਂ ਨੂੰ ਦੂਜੀਆਂ ਫ਼ਸਲਾਂ ਜਿਵੇਂ ਕਿ ਟਮਾਟਰ, ਸੂਰਜਮੁਖੀ, ਗੁਲਾਬ ਆਦਿ ਬਾਰੇ ਸੋਚਣ ਲਈ ਮਜਬੂਰ ਕੀਤਾ। ਜਿਸ ਦੀ, ਉਹਨਾਂ ਅਨੁਸਾਰ, ਇਕ ਚੰਗੀ ਮਾਰਕਿਟ ਹੈ ਅਤੇ ਜਿਹਨਾਂ ਵਿਚ ਹਾਥੀਆਂ ਨੂੰ ਕੋਈ ਰੁਚੀ ਨਹੀ ਹੈ। “2018-19 ਵਿਚ ਇਥੇ ਬਿਜਲੀ ਵਾਲੀ ਵਾੜ ਲਾਏ ਜਾਣ ਤੋਂ ਬਾਅਦ ਝੁੰਡ ਆਉਣੇ ਬੰਦ ਹੋ ਗਏ। ਪਰ ਮੋਤਈ ਵਾਲ, ਮਖਾਨਾ, ਗਿਰੀ ਵਰਗੇ ਨਰ ਹਾਥੀਆਂ ਨੂੰ ਕੋਈ ਸ਼ੈਅ ਵੀ ਨਹੀ ਰੋਕ ਪਾਉਂਦੀ। ਉਹਨਾਂ ਦੀ ਭੁੱਖ ਉਹਨਾਂ ਨੂੰ ਸਾਡੇ ਖ਼ੇਤਾਂ ਵੱਲ ਧੂਹ ਲਿਆਉਂਦੀ ਹੈ,” ਉਹਨਾਂ ਨੇ ਮੈਨੂੰ ਯਕੀਨ ਦਿਵਾਉਂਦੇ ਕਿਹਾ।
“ਜੰਗਲ ਦੀ ਗੁਣਵੱਤਾ ਵੀ ਮਨੁੱਖ ਅਤੇ ਹਾਥੀ ਦੇ ਟਕਰਾਅ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।” ਐੱਸ.ਆਰ. ਸੰਜੀਵ ਕੁਮਾਰ ਦਸਦੇ ਹਨ, ਜੋ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਅਤੇ ਧਰਮਪੁਰੀ ਜ਼ਿਲ੍ਹੇ ਦੇ ਆਨਰੇਰੀ ਵਾਈਲਡ ਲਾਈਫ਼ ਵਾਰਡਨ ਹਨ। ਉਨ੍ਹਾਂ ਦੇ ਅੰਦਾਜ਼ੇ ਅਨੁਸਾਰ, ਸਿਰਫ਼ ਕ੍ਰਿਸ਼ਨਾਗਿਰੀ ਵਿੱਚ ਹੀ ਤਕਰੀਬਨ 330 ਪਿੰਡ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ।
ਇਲਾਕੇ ਵਿੱਚ ਮੇਰੀ ਫੇਰੀ ਤੋਂ ਥੋੜ੍ਹੀ ਦੇਰ ਬਾਅਦ ਹੀ ਸੰਜੀਵ ਕੁਮਾਰ, ਜੋ ਕਿ ਇੱਥੇ ਇੱਕ ਵਾਈਲਡ ਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਐੱਨ.ਜੀ.ਓ. ਕੈਨੇਥ ਐਂਡਰਸਨ ਨੇਚਰ ਸੁਸਾਇਟੀ (KANS) ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ, ਨੇ ਇੱਕ ਜ਼ੂਮ ਕਾੱਲ ‘ਤੇ ਮੇਰੇ ਨਾਲ਼ ਗੱਲਬਾਤ ਕੀਤੀ ਅਤੇ ਸਕ੍ਰੀਨ ‘ਤੇ ਦਿੱਸਦੇ ਚਿੱਤਰ ‘ਤੇ ਹਾਥੀ ਦੇ ਅਕਾਰ ਦੇ ਕੁਝ ਕੁਝ ਚਿੰਨ੍ਹ ਜਿਹੇ ਬਣੇ ਹੋਏ ਸਨ। “ਹਰੇਕ ਚਿੰਨ੍ਹ ਅਜਿਹੇ ਹੀ ਕਿਸੇ ਪਿੰਡ ਨੂੰ ਦਰਸਾਉਂਦਾ ਹੈ, ਜਿੱਥੇ ਟਕਰਾਅ ਦੀ ਹਾਲਤ ਬਣੀ ਹੋਈ ਹੈ। ਇਹ ਅੰਕੜੇ [ਹਾਥੀਆਂ ਕਾਰਨ] ਫ਼ਸਲਾਂ ਦੇ ਨੁਕਸਾਨ ਦੇ ਦਾਅਵਿਆਂ ਤੋਂ ਲਏ ਗਏ ਹਨ,” ਉਹ ਦਸਦੇ ਹਨ।
ਹਾਥੀ ਉੱਤਰ-ਪੂਰਬੀ ਮਾਨਸੂਨ ਦੇ ਆਉਣ ਤੋਂ ਤੁਰੰਤ ਬਾਅਦ ਹਮਲਾ ਕਰਦੇ ਹਨ, ਜਦੋਂ ਫ਼ਸਲਾਂ ਵਾਢੀ ਲਈ ਤਿਆਰ ਹੁੰਦੀਆਂ ਹਨ। “ਹਰੇਕ ਸਾਲ [ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ] 12 ਤੋਂ 13 ਮਨੁੱਖੀ ਮੌਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਸੰਬਰ ਅਤੇ ਜਨਵਰੀ ਮਹੀਨੇ ਹੁੰਦੀਆਂ ਹਨ। ਇਹ ਅਕਸਰ ਰਾਗੀ ਦੀ ਵਾਢੀ ਦਾ ਸਮਾਂ ਹੁੰਦਾ ਹੈ।” ਹਾਥੀ ਵੀ ਮਰਦੇ ਹਨ। “ਇਹ ਮੌਤਾਂ ਬਦਲਾ ਲਏ ਜਾਣ ਦੀ ਕਹਾਣੀ ਕਹਿੰਦੀਆਂ ਹਨ ਅਤੇ ਰੇਲਵੇ ਲਾਈਨਾਂ ’ਤੇ, ਹਾਈਵੇ ’ਤੇ ਜਾਂ ਖੁੱਲ੍ਹੇ ਖੂਹਾਂ ਵਿੱਚ ਡਿੱਗਣ ਵਰਗੇ ਹਾਦਸੇ ਹੁੰਦੇ ਹਨ। ਕਈ ਵਾਰ ਹਾਥੀ ਜੰਗਲੀ ਸੂਰਾਂ ਲਈ ਵਿਛਾਈਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਵੀ ਆ ਜਾਂਦੇ ਹਨ।”
ਸੰਜੀਵ ਦਸਦੇ ਹਨ ਕਿ ਹਾਥੀ 100 ਤੋਂ ਵੱਧ ਕਿਸਮ ਦੇ ਪੌਦੇ ਖਾਂਦੇ ਹਨ। “ਉਹ ਪੌਦਿਆਂ ਦੇ ਕਈ ਹਿੱਸੇ ਖਾਂਦੇ ਹਨ। ਫੜ੍ਹੇ ਗਏ ਹਾਥੀਆਂ ਦੇ ਨਿਰੀਖਣ ਦੇ ਅਧਾਰ ’ਤੇ ਅਸੀਂ ਜਾਣਦੇ ਹਾਂ ਕਿ ਉਹ 200 ਕਿਲੋ ਘਾਹ ਖਾਂਦੇ ਹਨ ਅਤੇ 200 ਲੀਟਰ ਪਾਣੀ ਪੀਂਦੇ ਹਨ। “ਪਰ ਜੰਗਲੀ ਹਾਥੀਆਂ ਦੀ ਖ਼ੁਰਾਕ ਬਦਲਦੇ ਮੌਸਮ ਨਾਲ਼ ਅੱਡ-ਅੱਡ ਹੋ ਸਕਦੀ ਹੁੰਦੀ ਹੈ, ਇਸੇ ਲਈ ਉਨ੍ਹਾਂ ਦੇ ਸਰੀਰ ਦੀ ਹਾਲਤ ਵੀ ਅੱਡ ਅੱਡ ਹੋ ਸਕਦੀ ਹੁੰਦੀ ਹੈ,” ਉਹ ਕਹਿੰਦੇ ਹਨ।
ਇਸ ਤੋਂ ਇਲਾਵਾ, ਲੈਂਟਾਨਾ ਕਮਾਰਾ, ਜੋ ਕਿ ਫੁੱਲਦਾਰ ਪੌਦਿਆਂ ਦੀ ਇੱਕ ਵਿਦੇਸ਼ੀ ਕਿਸਮ ਹੈ, ਨੇ ਹੁਣ “ਹੋਸੁਰ ਇਲਾਕੇ ਦੇ 85 ਤੋਂ 90 ਫ਼ੀਸਦ ਜੰਗਲ ਨੂੰ” ਘੇਰ ਲਿਆ ਹੈ। ਇਹ ਇੱਕ ਸਖ਼ਤ ਪੌਦਾ ਹੈ, ਜਿਸ ਨੂੰ ਬੱਕਰੀਆਂ ਤੇ ਗਾਵਾਂ ਛੂੰਹਦੀਆਂ ਤੱਕ ਨਹੀਂ ਅਤੇ ਇਹ ਬਹੁਤ ਤੇਜ਼ੀ ਨਾਲ਼ ਫੈਲਦਾ ਹੈ। “ਬੰਦੀਪੁਰ ਅਤੇ ਨਗਰਹੋਲ ਵਿੱਚ ਵੀ ਅਜਿਹਾ ਹੀ ਕੁਝ ਹੈ। ਸਫਾਰੀਆਂ ਦੇ ਰਾਹਾਂ ਵਿੱਚੋਂ ਲੈਂਟਾਨਾ ਨੂੰ ਸਾਫ਼ ਕਰ ਦਿੱਤਾ ਗਿਆ ਹੈ ਤਾਂ ਜੋ ਹਾਥੀ ਉਥੇ ਘਾਹ ਖਾਣ ਲਈ ਆਉਣ ਅਤੇ ਉਨ੍ਹਾਂ ਨੂੰ ਦੇਖਿਆ ਜਾ ਸਕੇ।”
ਸੰਜੀਵ ਦੀ ਦਲੀਲ ਅਨੁਸਾਰ, ਲੈਂਟਾਨਾ, ਹਾਥੀਆਂ ਦੇ ਆਪਣੇ ਜ਼ੋਨ ਤੋਂ ਬਾਹਰ ਆਉਣ ਦਾ ਮੁੱਖ ਕਾਰਨ ਹੈ। ਇਸ ਦੇ ਇਲਾਵਾ ਹਾਥੀਆਂ ਦੇ ਲਈ ਰਾਗੀ ਰਸਦਾਰ ਅਤੇ ਬਹੁਤ ਹੀ ਲੁਭਾਉਣੀ ਫ਼ਸਲ ਹੈ। “ਜੇ ਕਿਤੇ ਮੈਂ ਵੀ ਇੱਕ (ਹਾਥੀ) ਹੁੰਦਾ, ਮੈਂ ਵੀ ਇਸ ਨੂੰ ਖਾਣ ਆਇਆ ਕਰਦਾ।” ਖ਼ਾਸ ਕਰਕੇ ਨਰ ਹਾਥੀਆਂ ਨੂੰ ਫ਼ਸਲਾਂ ’ਤੇ ਹਮਲਾ ਕਰਨ ਦੀ ਮਜਬੂਰੀ ਹੁੰਦੀ ਹੈ। 25 ਤੋਂ 35 ਸਾਲ ਦੀ ਉਮਰ ਦਰਮਿਆਨ, ਉਹ ਇੱਕ ਵਿਕਾਸ ਦਰ ਵਿੱਚੋਂ ਲੰਘਦੇ ਹਨ। ਇਸੇ ਉਮਰ ਦੇ ਹਾਥੀ ਸਭ ਤੋਂ ਵੱਡੇ ਜ਼ੋਖ਼ਮ ਲੈਂਦੇ ਹਨ।
ਪਰ ਮੋਤਈ ਵਾਲ ਅਜਿਹਾ ਨਹੀਂ ਹੈ। ਉਹ ਇੱਕ ਬਜ਼ੁਰਗ ਸਾਥੀ ਹੈ ਅਤੇ ਆਪਣੀਆਂ ਸੀਮਾਵਾਂ ਜਾਣਦਾ ਹੈ। ਸੰਜੀਵ ਦਾ ਮੰਨਣਾ ਹੈ ਕਿ ਉਹਦੀ ਉਮਰ 45 ਸਾਲ ਤੋਂ ਵੱਧ ਭਾਵ 50 ਸਾਲ ਦੇ ਕਰੀਬ ਹੈ। ਉਹ ਉਸ ਨੂੰ ‘ਸਭ ਤੋਂ ਖੁਸ਼ਮਿਜ਼ਾਜ’ ਹਾਥੀ ਕਹਿੰਦੇ ਹਨ। “ਮੈਂ ਇੱਕ ਵੀਡੀਓ ਦੇਖੀ ਹੈ ਜਦੋਂ ਉਹ ਮੁਸ਼ਤ ਸਥਿਤੀ ਵਿੱਚ ਸੀ।” (ਮੁਸ਼ਤ ਨਰ ਹਾਥੀਆਂ ਵਿੱਚ ਇੱਕ ਜੈਵਿਕ ਅਤੇ ਹਾਰਮੋਨ ਵਿਕਾਸ-ਸਬੰਧਿਤ ਸਥਿਤੀ ਹੈ ਜਿਸ ਨੂੰ ਇੱਕ ਸਧਾਰਨ ਅਤੇ ਸਿਹਤਮੰਦ ਸਥਿਤੀ ਮੰਨਿਆ ਜਾਂਦਾ ਹੈ। ਪਰ ਇਸ ਦਾ ਇਹ ਵੀ ਮਤਲਬ ਹੈ ਕਿ ਇਨ੍ਹਾਂ ਦੋ-ਤਿੰਨ ਮਹੀਨਿਆਂ ਦੌਰਾਨ ਇਹ ਹੋਰ ਜ਼ਿਆਦਾ ਗੁਸੈਲ ਹੋ ਸਕਦੇ ਹਨ।) “ਆਮ ਤੌਰ ’ਤੇ ਇਹ ਹਿੰਸਕ ਹੋ ਸਕਦੇ ਹਨ, ਪਰ ਮੋਤਈ ਵਾਲ ਤਾਂ ਬਹੁਤ ਸ਼ਾਂਤ ਸੀ। ਉਹ ਵੱਖ-ਵੱਖ ਉਮਰਾਂ ਵਾਲੇ ਹਾਥੀਆਂ ਦੇ ਝੁੰਡਾਂ ਵਿੱਚ ਰਿਹਾ ਅਤੇ ਇੱਕ ਪਾਸੇ ਚੁੱਪਚਾਪ ਖੜ੍ਹਾ ਰਹਿੰਦਾ। ਉਹਨੇ ਦੁਨੀਆ ਵੇਖੀ ਹੈ।”
ਸੰਜੀਵ ਉਸ ਨੂੰ 9.5 ਫੁੱਟ ਲੰਬਾ ਦਸਦੇ ਹਨ, ਜਿਸ ਦਾ ਵਜ਼ਨ ਸ਼ਾਇਦ 5 ਟਨ ਹੈ। “ਉਸ ਦਾ ਇੱਕ ਯਾਰ ਹੈ, ਮਖਾਨਾ ਅਤੇ ਉਹ ਦੂਜੇ ਨੌਜਵਾਨ ਨਰ ਹਾਥੀਆਂ ਨਾਲ ਟੋਲੀਆਂ ਬਣਾਉਂਦੇ ਹਨ।” ਮੈਂ ਪੁੱਛਿਆ ਕਿ ਕੀ ਉਸ ਦੇ ਬੱਚੇ ਹਨ। ਸੰਜੀਵ ਹੱਸਦੇ ਹੋਏ ਜਵਾਬ ਦਿੰਦੇ ਹਨ, “ਉਸ ਦੇ ਬਹੁਤ ਸਾਰੇ [ਬੱਚੇ] ਹੋਣਗੇ।”
ਉਹ ਖੇਤਾਂ ’ਤੇ ਹਮਲਾ ਕਿਉਂ ਕਰਦਾ ਹੈ, ਜੇਕਰ ਉਹ ਆਪਣੀ ਵਿਕਾਸ ਦਰ ਪਾਰ ਕਰ ਚੁੱਕਿਆ ਹੈ ? ਇਸ ਦੇ ਜਵਾਬ ਵਿੱਚ ਸੰਜੀਵ ਕੁਮਾਰ ਕਹਿੰਦੇ ਹਨ ਕਿ ਮੋਤਈ ਵਾਲ ਨੂੰ ਆਪਣੇ ਸਰੀਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਜਿਹਾ ਕਰਨਾ ਪੈਂਦਾ ਹੈ। “ਬਾਹਰ ਉਸ ਨੂੰ ਬਹੁਤ ਵਧੀਆ ਭੋਜਨ ਮਿਲਦਾ ਹੈ- ਰਾਗੀ, ਕਟਹਲ, ਅੰਬ - ਅਤੇ ਖਾਣ ਤੋਂ ਬਾਅਦ ਉਹ ਵਾਪਸ ਜੰਗਲ ਵਿੱਚ ਚਲਾ ਜਾਂਦਾ ਹੈ।” ਇੱਥੇ ਦੂਜੇ ਨਰ ਹਾਥੀ ਹਨ, ਜੋ ਗੋਭੀ, ਫਲੀਆਂ, ਪੱਤਾਗੋਭੀ ਆਦਿ ਖਾਂਦੇ ਹਨ। ਸੰਜੀਵ ਕਹਿੰਦੇ ਹਨ ਕਿ ਇਹ ਵਿਦੇਸ਼ੀ ਖੁਰਾਕਾਂ ਹਨ, ਜੋ ਪੈਸਟੀਸਾਈਡਾਂ ਨਾਲ ਉਗਾਈਆਂ ਜਾਂਦੀਆਂ ਹਨ।
“ਤਿੰਨ ਸਾਲ ਪਹਿਲਾਂ ਬਹੁਤ ਮਾੜੇ ਹਾਲਾਤ ਸਨ। ਜਿਨ੍ਹਾਂ ਕਿਸਾਨਾਂ ਨੇ ਟਮਾਟਰਾਂ ਅਤੇ ਫਲੀਆਂ ’ਤੇ ਖਰਚਾ ਕੀਤਾ ਸੀ, ਉਨ੍ਹਾਂ ਨੂੰ ਬਹੁਤ ਸਾਰਾ ਪੈਸਾ ਗੁਆਉਣਾ ਪਿਆ। ਹਾਥੀ ਜਦੋਂ ਖਾਣ ਲੱਗਦਾ ਹੈ ਤਾਂ ਖਾਂਦਾ ਇੱਕ ਹਿੱਸਾ ਹੈ ਪਰ ਬਰਬਾਦ ਪੰਜ ਗੁਣਾ ਕਰਦਾ ਹੈ।” ਜ਼ਿਆਦਾ ਤੋਂ ਜ਼ਿਆਦਾ ਕਿਸਾਨ ਉਨ੍ਹਾਂ ਫ਼ਸਲਾਂ ਵੱਲ ਝੁਕ ਰਹੇ ਹਨ ਜੋ ਹਾਥੀਆਂ ਨੂੰ ਨਹੀਂ ਭਰਮਾਉਂਦੀਆਂ। ਮੋਤਈ ਵਾਲ ਅਤੇ ਉਸ ਦੇ ਸਾਥੀ ਇਸ ਇਲਾਕੇ ਦੀ ਖੇਤੀਬਾੜੀ ਵਿਵਸਥਾ ਨੂੰ ਅਸਰਦਾਰ ਤਰੀਕੇ ਨਾਲ ਬਦਲ ਰਹੇ ਹਨ।
ਸਾਲਾਂ ਤੋਂ ਹਾਥੀ ਜੰਗਲਾਂ ਤੋਂ ਬਾਹਰ ਖ਼ੇਤਾਂ ਵੱਲ ਆ ਰਹੇ ਹਨ। ਪੈਕੀਡਰਮਸ ਦਾ ਝੁੰਡ ਪਿੰਡ ’ਤੇ ਹਮਲਾ ਕਰਦਾ ਹੈ ਅਤੇ ਰਾਗੀ ਫ਼ਸਲ ਦਾ ਇਕ ਵੱਡਾ ਹਿੱਸਾ ਖਾ ਜਾਂਦੇ ਹਨ
*****
‘ ਪਹਿਲਾਂ ਸਾਨੂੰ ਕੁਝ ਮੁਆਵਜ਼ਾ ਮਿਲ ਜਾਂਦਾ ਸੀ। ਹੁਣ ਉਹ [ ਅਧਿਕਾਰੀ ] ਸਿਰਫ਼ ਫੋਟੋਆਂ ਖਿੱਚਦੇ ਹਨ, ਪਰ ਸਾਨੂੰ ਮਿਲ਼ਦਾ ਕੋਈ ਪੈਸਾ ਨਹੀਂ। ’
ਵਿਨੋਧੱਮਾ, ਗੁਮਲਾਪੁਰਮ ਪਿੰਡ ਦੀ ਗੰਗਾਨਹੱਲੀ ਬਸਤੀ ਦੀ ਕਿਸਾਨ
ਗੋਪੀ ਸੰਕਰਾਸੁਬਰਾਮਣੀ, ਉਨ੍ਹਾਂ ਗਿਣਵੇਂ ਲੋਕਾਂ ਵਿੱਚੋਂ ਇੱਕ ਹਨ, ਜੋ ਮੋਤਈ ਵਾਲ ਨੂੰ ਸੱਚਮੁੱਚ ਨੇੜਿਓਂ ਮਿਲੇ ਹੋਏ ਹਨ। ਨਵਦਰਸ਼ਨਮ ਵਿੱਚ ਇੱਕ ਸਵੇਰ ਉਨ੍ਹਾਂ ਨੇ ਆਪਣੀ ਝੋਪੜੀ ਦਾ ਦਰਵਾਜ਼ਾ ਖੋਲ੍ਹਿਆ, ਜੋ ਕਿ ਗੋਲਾਪੱਲੀ ਤੋਂ ਅੱਧੇ ਘੰਟੇ ਦੀ ਦੂਰੀ ’ਤੇ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜਿੱਥੇ ਅਸੀਂ ਆਪਣੀ ਮੇਜ਼ਬਾਨ ਗੋਪਾਕੁਮਾਰ ਮੈਨਨ ਨਾਲ ਠਹਿਰੇ ਹੋਏ ਹਾਂ।
ਆਪਣੇ ਦੋਸਤ, ਗੋਪੀ ਨੂੰ ਮਿਲ਼ਣ ਦੀ ਬਜਾਏ, ਸਾਨੂੰ ਇੱਕ ਹਾਥੀ ਦਿੱਸਿਆ-ਲੰਬਾ, ਚੌੜਾ ਅਤੇ ਸ਼ਰਮੀਲਾ ਜਿਹਾ। ਸਾਨੂੰ ਦੇਖਦਿਆਂ ਹੀ ਮੋਤਈ ਵਾਲ ਇੱਕਦਮ ਦੂਰ ਚਲਾ ਗਿਆ ਸੀ। ਪਹਾੜੀ ਕਿਨਾਰੇ ਇੱਕ ਸੁੰਦਰ ਘਰ ਦੇ ਵਰਾਂਡੇ ਵਿੱਚ ਬੈਠੇ ਗੋਪੀ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਹਨ। ਕੁਝ ਰਾਗੀ ਬਾਰੇ ਅਤੇ ਬਾਕੀ ਹਾਥੀਆਂ ਬਾਰੇ।
ਇੱਕ ਐਰੋਸਪੇਸ ਇੰਜੀਨੀਅਰ ਵਜੋਂ ਸਿੱਖਿਅਤ, ਗੋਪੀ ਤਕਨਾਲੋਜੀ ਤੋਂ ਅੰਨ ਉਗਾਉਣ ਵੱਲ ਹੋ ਗਏ ਹਨ। ਹੁਣ ਕਈ ਸਾਲਾਂ ਤੋਂ ਉਹ ਗੁਮਲਾਪੁਰਮ ਪਿੰਡ ਦੀ ਗੰਗਾਨਹੱਲੀ ਬਸਤੀ ਵਿੱਚ ਨਵਦਰਸ਼ਨਮ ਟਰੱਸਟ ਦੁਆਰਾ ਪ੍ਰਬੰਧਿਤ 100 ਏਕੜ ਜ਼ਮੀਨ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ। ਟਰੱਸਟ ਇੱਥੋਂ ਦੇ ਨਿਵਾਸੀਆਂ, ਮਹਿਮਾਨਾਂ ਅਤੇ ਵਰਕਸ਼ਾਪਾਂ ਦੇ ਸਹਿਯੋਗ ’ਤੇ ਨਿਰਭਰ ਕਰਦਾ ਹੈ। “ਅਸੀਂ ਕੋਈ ਵੱਡੀਆਂ ਯੋਜਨਾਵਾਂ ਨਹੀਂ ਬਣਾਉਂਦੇ, ਸਾਡੇ ਕੋਲ ਕੋਈ ਵੱਡੇ ਬਜਟ ਵੀ ਨਹੀਂ ਹਨ, ਅਸੀਂ ਇਸ ਨੂੰ ਸਾਦਾ ਤੇ ਛੋਟਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।” ਭੋਜਨ ਸਹਿਕਾਰਤਾ ਇਸ (ਟਰੱਸਟ) ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਆਲ਼ੇ-ਦੁਆਲ਼ੇ ਦੇ ਪਿੰਡ ਵਾਸੀ ਸ਼ਾਮਿਲ ਹਨ। ਥੋੜ੍ਹੀ ਜਿਹੀ ਜ਼ਮੀਨ ਅਤੇ ਸਾਲ ਦੇ ਸਿਰਫ਼ ਕੁਝ ਮਹੀਨੇ ਹੀ ਖੇਤੀ ਕਰਨ ਦੇ ਯੋਗ ਹੋਣ ਕਾਰਨ ਉਹ ਜਿਉਂਦੇ ਰਹਿਣ ਲਈ ਜੰਗਲ ’ਤੇ ਨਿਰਭਰ ਹੋਣ ਲਈ ਮਜਬੂਰ ਹਨ।
ਗੋਪੀ ਦਸਦੇ ਹਨ, “ਅਸੀਂ 30 ਪਰਿਵਾਰਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੰਗਾਨਹੱਲੀ ਪਿੰਡ ਦੇ ਹਨ, ਨੂੰ ਜ਼ਮੀਨ ਪ੍ਰਦਾਨ ਕੀਤੀ ਅਤੇ ਮੁੱਲ-ਵਰਧਿਤ ਅੰਨ ਉਤਪਾਦਨ ਕਰਨ ਦੀ ਜਾਣਕਾਰੀ ਮੁਹੱਈਆ ਕੀਤੀ।” ਰਾਗੀ ਹੁਣ ਮੁੱਖ ਤੌਰ ’ਤੇ ਘਰਾਂ ਲਈ ਹੀ ਉਗਾਈ ਜਾਂਦੀ ਹੈ। ਬੱਸ ਸਿਰਫ਼ ਬਚੀ-ਖੁਚੀ ਫ਼ਸਲ ਹੀ ਵੇਚੀ ਜਾਂਦੀ ਹੈ।
ਪਿਛਲੇ 12 ਸਾਲਾਂ ਤੋਂ ਨਵਦਰਸ਼ਨਮ ਵਿੱਚ ਰਹਿੰਦੇ ਗੋਪੀ ਨੇ ਜੋ ਮਹੱਤਵਪੂਰਨ ਤਬਦੀਲੀ ਦੇਖੀ ਹੈ ਉਹ ਇਹ ਹੈ ਕਿ ਹੁਣ ਰਾਗੀ ਦੀ ਦੇਸੀ ਕਿਸਮ ਦੀ ਬਜਾਏ ਘੱਟ ਸਮੇਂ ਵਿੱਚ ਪੈਦਾ ਹੋਣ ਵਾਲੀ ਹਾਈਬ੍ਰਿਡ ਕਿਸਮ ਉਗਾਈ ਜਾਣ ਲੱਗੀ ਹੈ ਜੋ 4-5 ਮਹੀਨਿਆਂ ਬਜਾਏ 3 ਮਹੀਨਿਆਂ ’ਚ ਹੀ ਤਿਆਰ ਹੋ ਜਾਂਦੀ ਹੈ। ਉਹ ਕਹਿੰਦੇ ਹਨ ਕਿ ਇਹ ਬਹੁਤ ਚੰਗਾ ਹੁੰਦਾ ਹੈ ਜਦੋਂ ਖੁਸ਼ਕ ਜ਼ਮੀਨ ਵਾਲੀ ਫ਼ਸਲ ਜ਼ਮੀਨ ’ਤੇ ਜ਼ਿਆਦਾ ਦੇਰ ਤੱਕ ਰਹਿੰਦੀ ਹੈ; “ਇਸ ਦੇ ਨਾਲ ਇਹ ਵਧੇਰੇ ਪੋਸ਼ਣ ਇਕੱਠਾ ਕਰਦੀ ਹੈ।” ਜ਼ਾਹਿਰ ਹੈ ਕਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਫ਼ਸਲ ਅਜਿਹਾ ਨਹੀਂ ਕਰ ਪਾਉਂਦੀ। ਨਤੀਜਨ, ਲੋਕ ਇੱਕ ਦੀ ਬਜਾਏ ਰਾਗੀ ਦੀਆਂ ਦੋ ਪਿੰਨੀਆਂ ਖਾਂਦੇ ਹਨ। “ਇਹ ਫ਼ਰਕ ਬਿਲਕੁੱਲ ਸਪੱਸ਼ਟ ਹੈ।”
ਪਰ ਫਿਰ ਵੀ ਕਿਸਾਨ ਘੱਟ ਸਮੇਂ ਵਾਲੀ ਫ਼ਸਲ ਵੱਲ ਝੁਕ ਰਹੇ ਹਨ ਕਿਉਂਕਿ ਇਸ ਦੀ ਰਾਖੀ ਥੋੜ੍ਹੇ ਸਮੇਂ ਲਈ ਕਰਨੀ ਪੈਂਦੀ ਹੈ। ਨਾਲ ਹੀ, ਮਾਰਕਿਟ ਵਿੱਚ ਕੀਮਤਾਂ ਦਾ ਵੀ ਕੋਈ ਫ਼ਰਕ ਨਹੀਂ ਹੈ। “ਇਸ ਤੋਂ ਇਲਾਵਾ, ਕਿਸਾਨਾਂ ਨੂੰ ਉਤਪਾਦਨ ਲਈ ਇਕੱਠੇ ਹੋ ਕੇ ਸਮਾਂ ਸਾਰਨੀ ਤੈਅ ਕਰਨੀ ਪਵੇਗੀ, ” ਗੋਪੀ ਕਹਿੰਦੇ ਹਨ। “ਜੇਕਰ ਸਾਰੇ ਇਕੱਠੇ ਮਿਲ਼ ਕੇ ਰਾਖੀ ਕਰਨਗੇ- ਇੱਕ ਇਸ ਕੋਨੇ ਤੋਂ ਉੱਚੀ ਅਵਾਜ਼ ਲਗਾਏਗਾ ਅਤੇ ਦੂਜਾ ਉਸ ਕੋਨੇ ਤੋਂ- ਤਾਂ ਹਾਥੀਆਂ ਨੂੰ ਦੂਰ ਰੱਖਣ ਦੇ ਵਧੇਰੇ ਅਸਾਰ ਹੋ ਸਕਦੇ ਹਨ। ਜੇਕਰ ਬਾਕੀ ਦੂਜਿਆਂ ਨੇ ਛੇਤੀ ਤਿਆਰ ਹੋਣ ਵਾਲੀ ਫ਼ਸਲ ਦੀ ਵਾਢੀ ਕਰ ਲਈ ਹੋਵੇਗੀ ਤਾਂ ਹਾਥੀ ਤੁਹਾਡੀ ਫ਼ਸਲ ਵੱਲ ਹੀ ਆਉਣਗੇ।”
ਸਾਡੀ ਗੱਲਬਾਤ ਪੰਛੀਆਂ ਦੇ ਸੁਰੀਲੇ ਸ਼ੋਰ ਨਾਲ ਟੁੱਟ ਗਈ ਹੈ। ਚੀਂ-ਚੀਂ, ਹੱਸਣ ਅਤੇ ਗਾਉਣ ਦੀਆਂ ਅਵਾਜ਼ਾਂ ਆਉਣ ਲੱਗੀਆਂ ਹਨ ਜਿਵੇਂ ਕਿ ਉਹ ਵੀ ਜੰਗਲ ਦੀਆਂ ਖ਼ਬਰਾਂ ਸਾਂਝੀਆਂ ਕਰਨਾ ਚਾਹੁੰਦੀਆਂ ਹੋਣ।
ਦੁਪਹਿਰ ਦੇ ਖਾਣੇ - ਪਾਲਕ ਦੀ ਤਰੀ ਨਾਲ ਰਾਗੀ ਦੀਆਂ ਪਿੰਨੀਆਂ — ਤੋਂ ਬਾਅਦ ਉਹਨਾਂ ਨੇ ਸਾਨੂੰ ਮੂੰਗਫਲੀ ਦੀਆਂ ਚੁਰਚੁਰੀਆਂ ਗੋਲੀਆਂ ਅਤੇ ਰਾਗੀ ਦੇ ਸੁਗੰਧਿਤ ਲੱਡੂ ਪਕੜਾ ਦਿੱਤੇ। ਵਿਨੋਧੱਮਾ ਅਤੇ ਬੀ ਮਜੁੰਲਾ, ਜਿੰਨ੍ਹਾਂ ਨੇ ਇਹ ਬਣਾਏ ਸੀ, ਕੰਨੜ ਬੋਲਦੀਆਂ ਹਨ ( ਜੋ ਗੋਪੀ ਅਤੇ ਉਸਦੇ ਸਾਥੀ ਸਾਨੂੰ ਅਨੁਵਾਦ ਕਰਕੇ ਦੱਸਦੇ ਹਨ )। ਉਹ ਕਹਿੰਦੀਆਂ ਹਨ ਕਿ ਬਾਰਿਸ਼ ਅਤੇ ਹਾਥੀਆਂ ਕਾਰਨ ਉਹਨਾਂ ਦੀ ਬਹੁਤ ਸਾਰੀ ਰਾਗੀ ਚਲੀ ਜਾਂਦੀ ਹੈ।
ਉਹ ਸਾਨੂੰ ਦੱਸਦੇ ਹਨ ਕਿ ਉਹ ਹਰ ਰੋਜ਼ ਰਾਗੀ ਖਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਹਨ। ਬੱਚਿਆਂ ਨੂੰ ਉਦੋਂ ਤੱਕ ਮੱਧਮ ਗਾੜ੍ਹਾ ਦਲੀਆਂ ਖਵਾਇਆ ਜਾਂਦਾ ਹੈ ਜਦੋਂ ਤੱਕ ਕਿ ਉਹ ਚੌਲ ਖਾਣ ਜੋਗੇ ਵੱਡੇ ਨਹੀਂ ਹੋ ਜਾਂਦੇ। ਉਹ ਬਾਜਰੇ ਦੀ ਸਾਲਾਨਾ ਫ਼ਸਲ ਨੂੰ ਘਰ ਵਿੱਚ ਬੋਰੀਆਂ ਵਿੱਚ ਸਟੋਰ ਕਰਦੇ ਹਨ ਅਤੇ ਲੋੜ ਪੈਣ ਤੇ ਇਸ ਨੂੰ ਪੀਸ ਲੈਂਦੇ ਹਨ। ਪਰ ਇਸ ਸਾਲ ਉਹਨਾਂ ਦੇ ਘੱਟ ਝਾੜ ਨੂੰ ਇੰਨਾ ਲੰਮਾ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੋਵੇਗਾ।
ਦੋਨੋਂ ਔਰਤਾਂ ਨਵਦਰਸ਼ਨਮ ਦੇ ਕਰੀਬ ਗੰਗਾਨਹੱਲੀ ਬਸਤੀ ਤੋਂ ਹਨ ਅਤੇ ਹੁਣੇ ਦੁਪਹਿਰ ਦੇ ਖਾਣੇ ਤੋਂ ਵਾਪਸ ਆਈਆਂ ਹਨ। ਵਿਨੋਧੱਮਾ ਆਪਣੇ 4 ਏਕੜ ਅਤੇ ਮੰਜੁਲਾ ਆਪਣੇ 1.5 ਏਕੜ ਖੇਤਾਂ ਵਿੱਚ ਰਾਗੀ, ਝੋਨਾ, ਦਾਲਾਂ ਅਤੇ ਸਰ੍ਹੋਂ ਉਗਾਉਂਦੀਆਂ ਹਨ। “ਜਦੋਂ ਇੱਥੇ ਬੇ-ਮੋਸਮੀ ਬਰਸਾਤ ਹੁੰਦੀ ਹੈ ਤਾਂ ਰਾਗੀ ਦੇ ਬੀਜ ਪੌਦੇ ਵਿੱਚ ਹੀ ਪੁੰਗਰਦੇ ਹਨ” ਮੰਜੁਲਾ ਕਹਿੰਦੀ ਹਨ। ਅਤੇ ਫਿਰ ਫ਼ਸਲ ਖ਼ਰਾਬ ਹੋ ਜਾਂਦੀ ਹੈ।
ਇਸ ਤੋਂ ਬਚਣ ਲਈ ਵਿਨੋਧੱਮਾ ਦੇ ਪਰਿਵਾਰ ਨੇ ਜਲਦੀ ਵਾਢੀ ਕਰਨ ਦਾ ਅਤੇ ਦਾਣਿਆਂ ਨੂੰ ਜਲਦੀ ਵੱਖ ਕਰਨ ਲਈ ਮਸ਼ੀਨ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਉਹ ਆਪਣੇ ਹੱਥਾਂ ਨਾਲ ਹਵਾ ਵਿੱਚ ਸਾਦੇ ਇਸ਼ਾਰੇ ਕਰਦੀ ਹਨ ਅਤੇ ਉਹਨਾਂ ਦੇ ਇਹ ਇਸ਼ਾਰੇ ਭਾਸ਼ਾ ਦੇ ਇਸ ਪਾੜ ਨੂੰ ਵੀ ਪੂਰ ਦਿੰਦੇ ਹਨ।
ਮਨੁੱਖ ਅਤੇ ਜਾਨਵਰ ਸੰਘਰਸ਼ ਬਾਰੇ ਉਹਨਾਂ ਦੀ ਨਿਰਾਸ਼ਾ ਬਿਨਾਂ ਕਿਸੇ ਅਨੁਵਾਦ ਦੇ ਵੀ ਸਮਝ ਆਉਂਦੀ ਹੈ। “ਪਹਿਲਾਂ ਸਾਨੂੰ ਕੁਝ ਮੁਆਵਜ਼ਾ ਮਿਲ ਜਾਂਦਾ ਸੀ। ਹੁਣ ਉਹ (ਅਧਿਕਾਰੀ) ਤਸਵੀਰਾਂ ਖਿੱਚਦੇ ਹਨ, ਪਰ ਸਾਨੂੰ ਕੋਈ ਪੈਸਾ ਨਹੀਂ ਮਿਲਦਾ”।
ਇੱਕ ਹਾਥੀ ਕਿੰਨਾ ਕੁ ਖਾ ਸਕਦਾ ਹੈ? ਬਹੁਤ ਜ਼ਿਆਦਾ, ਗੋਪੀ ਕਹਿੰਦੇ ਹਨ। ਉਹ ਯਾਦ ਕਰਦੇ ਹਨ ਕਿ ਇੱਕ ਵਾਰ ਦੋ ਹਾਥੀ ਦੋ ਰਾਤਾਂ ਵਿੱਚ 10 ਬੋਰੀਆਂ ਰਾਗੀ ਖਾ ਗਏ, ਜਿਸ ਦੀ ਕੀਮਤ 20,000 ਰੁਪਏ ਤੋਂ ਵੀ ਵੱਧ ਸੀ। “ਇਕ ਹਾਥੀ ਨੇ ਵੀ ਇੱਕੋ ਹੱਲੇ ਵਿਚ 21 ਕਟਹਲ ਖਾ ਲਏ ਸਨ ਅਤੇ ਗੋਭੀ ਵੀ.....”
ਆਪਣੀ ਫ਼ਸਲ ਦੀ ਰਾਖੀ ਕਰਨ ਲਈ ਕਿਸਾਨ ਆਪਣੀ ਨੀਂਦ ਗੁਆਉਂਦੇ ਹਨ। ਗੋਪੀ ਯਾਦ ਕਰਦੇ ਹਨ ਕਿ ਕਿਵੇਂ ਉਹ ਰਾਗੀ ਦੇ ਸ਼ੀਜਨ ਦੌਰਾਨ ਦੋ ਸਾਲਾਂ ਲਈ, ਰਾਤ ਦਰ ਰਾਤ, ਹਾਥੀਆਂ ਦਾ ਧਿਆਨ ਰੱਖਣ ਲਈ ਮਚਾਨ (ਰਾਖੀ ਕਰਨ ਲਈ ਕਿਸੇ ਦਰੱਖ਼ਤ ’ਤੇ ਬਣਾਇਆ ਚਬੁਤਰਾ) ’ਤੇ ਬੈਠੇ ਰਹਿੰਦੇ । ਉਹਨਾਂ ਨੇ ਕਿਹਾ ਕਿ ਇਹ ਜ਼ਿੰਦਗੀ ਬਹੁਤ ਔਖੀ ਹੈ ਅਤੇ ਜਦੋਂ ਸਵੇਰ ਹੁੰਦੀ ਹੈ, ਤੁਸੀਂ ਹਾਰੇ ਹੁੰਦੇ ਹੋ। ਨਵਦਰਸ਼ਨਮ ਦੇ ਆਲੇ-ਦੁਆਲੇ ਤੰਗ ਅਤੇ ਘੁਮਾਵਦਾਰ ਸੜਕਾਂ ਤੋਂ ਅਸੀਂ ਬਹੁਤ ਸਾਰੇ ਮਚਾਨ ਦੇਖੇ ਹਨ। ਉਹਨਾਂ ਵਿੱਚੋਂ ਕੁਝ ਪੱਕੇ, ਕੁਝ ਕੱਚੇ ਅਤੇ ਕੁਝ ਤਿਆਰ ਹਨ। ਜ਼ਿਆਦਾਤਰ ਮਚਾਨਾਂ ਨਾਲ਼ ਇੱਕੋ ਕਿਸਮ ਦੀ ਘੰਟੀ ਲੱਗੀ ਹੁੰਦੀ ਹੈ। ਇੱਕ ਟੀਨ ਦਾ ਡੱਬਾ ਅਤੇ ਇਸ ਰੱਸੀ ਨਾਲ ਬੰਨ੍ਹੀ ਹੋਈ ਸੋਟੀ ਲਾਈ ਹੁੰਦੀ ਹੈ ਤਾਂਕਿ ਜਿਓਂ ਹੀ ਹਾਥੀ ਦਿੱਸੇ ਦੂਜਿਆਂ ਨੂੰ ਇਹ ਚੇਤਾਵਨੀ ਦਿੱਤੀ ਜਾ ਸਕੇ।
ਅਸਲ ਤ੍ਰਾਸਦੀ ਤਾਂ ਇਹ ਹੈ ਕਿ ਹਾਥੀ ਫਿਰ ਵੀ ਫ਼ਸਲਾਂ ਤੇ ਹਮਲਾ ਕਰ ਦਿੰਦੇ ਹਨ। “ਜੇਕਰ ਕੋਈ (ਹਾਥੀ) ਆਉਂਦਾ ਹੈ ਅਸੀਂ ਇਸਨੂੰ ਰੋਕ ਤੱਕ ਨਹੀਂ ਸਕਦੇ,” ਗੋਪੀ ਯਾਦ ਕਰਦੇ ਹੋਏ ਕਹਿੰਦੇ ਹਨ। “ਅਸੀਂ ਪਟਾਖੇ ਚਲਾਏ, ਸਭ ਕੁਝ ਕਰ ਕੇ ਦੇਖ ਲਿਆ, ਪਰ ਉਸਨੇ ਉਹੀ ਸਭ ਕੀਤਾ ਜੋ ਉਹਦਾ ਮਨ ਕੀਤਾ।”
ਗੰਗਾਨਹੱਲੀ ਵਿੱਚ ਹੁਣ ਇੱਕ ਅਜੀਬ ਸਮੱਸਿਆ ਹੈ : ਜੰਗਲਾਤ ਵਿਭਾਗ ਦੁਆਰਾ ਹਾਥੀਆਂ ਲਈ ਕੀਤੀ ਗਈ ਵਾੜ ਨਵਦਰਸ਼ਨਮ ਦੇ ਬਹੁਤ ਨੇੜੇ ਖ਼ਤਮ ਹੁੰਦੀ ਹੈ ਜਿਸ ਨਾਲ ਇੱਕ ਪਾੜ ਪੈਂਦਾ ਹੈ ਜਿੱਥੋ ਹਾਥੀ ਬਾਹਰੀ ਜ਼ਮੀਨ ’ਚ ਦਾਖ਼ਲ ਹੁੰਦੇ ਹਨ। ਇਸ ਲਈ ਜਿੱਥੇ ਪਹਿਲਾਂ ਸਾਲ ਵਿੱਚ 20 ਹਮਲੇ ਹੁੰਦੇ ਸੀ, ਹੁਣ ਇਹ ਲਗਭਗ ਹਰ ਰਾਤ ਹੁੰਦੇ ਹਨ ਜਦੋਂ ਫ਼ਸਲ ਵਾਢੀ ਲਈ ਪੱਕ ਜਾਂਦੀ ਹੈ।
“ਵਾੜ ਦੇ ਦੋਹੀਂ ਪਾਸੇ ਦੇ ਲੋਕਾਂ ਨੂੰ ਮਾਰ ਪੈ ਰਹੀ ਹੈ। ਜਦੋਂ ਤੁਸੀਂ ਇੱਕ ਵਾਰ [ਹਾਥੀਆਂ ਨੂੰ ਰੋਕਣ ਲਈ] ਸ਼ੁਰੂ ਕਰ ਦਿੰਦੇ ਹੋ, ਤੁਸੀਂ ਰੁਕ ਨਹੀਂ ਸਕਦੇ।” ਗੋਪੀ ਉਂਗਲ ਹਿਲਾ ਕੇ ਸਿਰ ਹਿਲਾਉਂਦੇ ਹਨ।
*****
‘ ਮੇਰੀ ਪਤਨੀ ਮੈਨੂੰ ਅਕਸਰ ਨਜ਼ਰਾਂ ਦੇ ਸਾਹਮਣੇ ਦੇਖਣਾ ਚਾਹੁੰਦੀ ਹੈ।'
ਹਾਥੀਆਂ ਦੁਆਰਾ ਹਮਲੇ ਤੋਂ ਫ਼ਸਲਾਂ ਦੀ ਰਾਖੀ ਕਰਨ ਵਿੱਚ ਰੁੱਝੇ ਇੱਕ 60 ਸਾਲਾ ਕਿਸਾਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੱਜ ਨੂੰ ਕਿਹਾ।
ਮਨੁੱਖ ਅਤੇ ਹਾਥੀ ਦੇ ਟਕਰਾਅ ਨੂੰ ਕਈ ਕਾਰਨਾਂ ਕਰਕੇ ਇੱਕ ਸੰਵੇਦਨਸ਼ੀਲ ਅਤੇ ਟਿਕਾਊ ਹੱਲ ਦੀ ਲੋੜ ਹੈ। ਵਿਸ਼ਵ ਪੱਧਰ ’ਤੇ ਮੌਜੂਦਾ ਪ੍ਰਬੰਧਨ ਰਣਨੀਤੀਆਂ ਦੀ ਸਮੀਖਿਆ ਕਰਦੇ ਹੋਏ ਫਰੰਟੀਅਰਜ਼ ਇਨ ਈਕੋਲੋਜੀ ਐਂਡ ਈਵੈਲੂਏਸ਼ਨ ਵਿੱਚ ਪ੍ਰਕਾਸ਼ਿਤ ਇੱਕ ਪੇਪਰ ਅਨੁਸਾਰ, “ਦੁਨੀਆਂ ਦੇ 1.2 ਬਿਲੀਅਨ ਲੋਕ ਜੋ ਪ੍ਰਤੀਦਿਨ $1.25 (USD) ਡਾਲਰ ਤੋਂ ਘੱਟ ਆਮਦਨੀ ’ਤੇ ਗੁਜ਼ਾਰਾ ਕਰ ਰਹੇ ਹਨ, ਏਸ਼ੀਆ ਅਤੇ ਅਫ਼ਰੀਕਾ ਦੇ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ ਜਿੱਥੇ ਹਾਥੀਆਂ ਦੀ ਵੱਡੀ ਅਬਾਦੀ ਵਾਸ ਕਰਦੀ ਹੈ।” ਅਤੇ ਹਾਸ਼ੀਏ ‘ਤੇ ਰਹਿ ਰਹੇ ਇਨ੍ਹਾਂ ਭਾਈਚਾਰਿਆਂ ਨੂੰ “ਜ਼ਮੀਨ ਅਤੇ ਹੋਰ ਸ੍ਰੋਤਾਂ ਨੂੰ ਲੈ ਕੇ “ਹਾਥੀ ਵਰਗੀਆਂ ਹੋਰ ਨਸਲਾਂ ਨਾਲ ਵੱਧ ਤੋਂ ਵੱਧ ਮੁਕਾਬਲਾ ਕਰਨ ਲਈ” ਮਜ਼ਬੂਰ ਕੀਤਾ ਜਾਂਦਾ ਹੈ।
ਆਨਰੇਰੀ ਵਾਈਲਡ ਲਾਈਫ਼ ਵਾਰਡਨ ਸੰਜੀਵ ਕੁਮਾਰ ਅਨੁਸਾਰ ਭਾਰਤ ਵਿੱਚ 22 ਰਾਜ ਹਾਥੀਆਂ ਦੀ ਮਾਰ ਝੱਲ ਰਹੇ ਹਨ ਜਿੰਨ੍ਹਾਂ ਵਿੱਚ ਸਭ ਤੋਂ ਵੱਧ ਮਾਰ ਤਾਮਿਲਨਾਡੂ, ਕਰਨਾਟਕ, ਕੇਰਲਾ, ਉੜੀਸਾ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਅਸਾਮ ਨੂੰ ਪੈਂਦੀ ਹੈ।
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰੇ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅਧਿਕਾਰਤ ਅੰਕੜਿਆਂ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਅਪ੍ਰੈਲ 2018 ਤੋਂ ਦਸੰਬਰ 2020 ਤੱਕ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇਹਨਾਂ ਟਕਰਾਵਾਂ ਕਾਰਨ 1,401 ਮਨੁੱਖਾਂ ਦੀ ਅਤੇ 301 ਹਾਥੀਆਂ ਦੀ ਮੌਤ ਹੋ ਚੁੱਕੀ ਹੈ।
ਕਾਗਜ਼ ਦਿਖਾਉਂਦੇ ਹਨ ਕਿ ਇਨ੍ਹਾਂ ਅੰਦਰ ਕਿਸਾਨਾਂ ਨੂੰ ਉਹਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਪੂਰਾ ਇਰਾਦਾ ਹੈ। ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰੋਜੈਕਟ ਐਲੀਫੈਂਟ ਡਿਵੀਜ਼ਨ ਦੁਆਰਾ ਜਾਰੀ 2017 ਦੇ ਭਾਰਤ ਸਰਕਾਰ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮੁਆਵਜ਼ਾ ਅਨੁਮਾਨਤ ਫ਼ਸਲ ਨੁਕਸਾਨ ਦਾ 60 ਫ਼ੀਸਦੀ ਹੋਣਾ ਚਾਹੀਦਾ ਹੈ। ਅੱਗੇ ਕਿਹਾ ਗਿਆ ਹੈ, “ਜੇਕਰ ਮੁਆਵਜ਼ਾ ਫ਼ਸਲ ਦੇ ਮੁੱਲ ਦਾ 100 ਫ਼ੀਸਦੀ ਹੋਵੇਗਾ ਤਾਂ ਕਿਸਾਨ ਆਪਣੀ ਫ਼ਸਲ ਦੀ ਰਾਖੀ ਕਰਨ ֲ’ਚ ਕੋਈ ਉਤਸ਼ਾਹ ਨਹੀਂ ਦਿਖਾਵੇਗਾ।”
ਭਾਰਤੀ ਜੰਗਲਾਤ ਸੇਵਾ ਅਧਿਕਾਰੀ (IFS) ਕੇ.ਕਾਰਤੀਕੇਯਾਨੀ ਅਤੇ ਜੰਗਲੀ ਜੀਵ ਵਾਰਡਨ, ਹੋਸੂਰ ਦੇ ਦਫ਼ਤਰ ਵਿਖੇ ਸਹਾਇਕ ਜੰਗਲਾਤ ਸੰਰਖਿਅਕ ਨੇ ਮੈਨੂੰ ਦੱਸਿਆ ਕਿ ਹੋਸੁਰ ਜੰਗਲਾਤ ਡਿਵੀਜ਼ਨ ਵਿੱਚ ਹਰ ਸਾਲ 200 ਹੈਕਟੇਅਰ ਤੋਂ ਵੱਧ ਫ਼ਸਲ ਦਾ ਨੁਕਸਾਨ ਹੁੰਦਾ ਹੈ, “ਜੰਗਲਾਤ ਵਿਭਾਗ ਨੂੰ ਕਿਸਾਨਾਂ ਦੁਆਰਾ ਫ਼ਸਲਾਂ ਦਾ ਮੁਆਵਜ਼ਾ ਮੰਗਣ ਲਈ 800 ਤੋਂ 1000 ਦਰਖ਼ਾਸਤਾਂ ਮਿਲਦੀਆਂ ਹਨ ਅਤੇ ਸਲਾਨਾ ਅਦਾਇਗੀ ਰਾਸ਼ੀ 80 ਲੱਖ ਤੋਂ 1 ਕਰੋੜ ਦੇ ਵਿਚਕਾਰ ਹੈ,” ਉਹ ਕਹਿੰਦੀ ਹਨ। ਇਸਦੇ ਵਿੱਚ ਹਰੇਕ ਮਨੁੱਖੀ ਮੌਤ ਲਈ ਅਦਾ ਕੀਤੇ 5 ਲੱਖ ਵੀ ਸ਼ਾਮਿਲ ਹਨ— ਇਸ ਖੇਤਰ ਵਿੱਚ ਹਰ ਸਾਲ 13 ਲੋਕ ਹਾਥੀਆਂ ਦੁਆਰਾ ਮਾਰੇ ਜਾਂਦੇ ਹਨ।
“ਇੱਕ ਏਕੜ ਲਈ ਵੱਧ ਤੋਂ ਵੱਧ ਮੁਆਵਜ਼ਾ 25,000 ਰੁਪਏ ਹੈ। ਬਦਕਿਸਮਤੀ ਨਾਲ ਬਾਗਬਾਨੀ ਫ਼ਸਲ ਲਈ ਇਹ ਕਾਫ਼ੀ ਨਹੀਂ ਹੈ, ਕਿਉਂਕਿ ਕਿਸਾਨਾਂ ਨੂੰ ਪ੍ਰਤੀ ਏਕੜ 70,000 ਰੁਪਏ ਤੋਂ ਵੱਧ ਦਾ ਨੁਕਸਾਨ ਹੁੰਦਾ ਹੈ,” ਕਾਰਤੀਕੇਯਾਨੀ ਦਸਦੀ ਹਨ।
ਇਸ ਤੋਂ ਇਲਾਵਾ, ਮੁਆਵਜ਼ਾ ਲੈਣ ਲਈ ਕਿਸਾਨਾਂ ਨੂੰ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ, ਖੇਤੀਵਾੜੀ ਜਾਂ ਬਾਗਬਾਨੀ ਅਫ਼ਸਰ (ਮੌਕੇ ਮੁਤਾਬਕ) ਦੁਆਰਾ ਖ਼ੇਤ ਦਾ ਮੁਆਇਨਾ ਕਰਵਾਉਣਾ ਪੈਂਦਾ ਹੈ, ਫਿਰ ਗ੍ਰਾਮ ਪ੍ਰਸ਼ਾਸਨ ਅਧਿਕਾਰੀ (VAO) ਨੂੰ ਉਹਨਾਂ ਦੇ ਜ਼ਮੀਨ ਦੇ ਦਸਤਾਵੇਜ਼ਾਂ ਦੀ ਜਾਂਚ ਤੇ ਤਸਦੀਕ ਕਰਨੀ ਪੈਂਦੀ ਹੈ ਅਤੇ ਅੰਤ ਵਿੱਚ, ਜੰਗਲਾਤ ਰੇਂਜ ਅਧਿਕਾਰੀ ਆਉਂਦਾ ਹੈ ਅਤੇ ਤਸਵੀਰਾਂ ਲੈਂਦਾ ਹੈ। ਅਖ਼ੀਰ ਜ਼ਿਲ੍ਹਾ ਜੰਗਲਾਤ ਅਧਿਕਾਰੀ (DFO) ਬਣਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੰਦਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਮੁਆਵਜ਼ੇ ਵਜੋਂ 3,000 ਤੋਂ 5,000 ਰੁਪਏ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਕਈ ਵਾਰ ਤਿੰਨ ਖੇਤੀਬਾੜੀ ਚੱਕਰਾਂ ਤੱਕ ਉਡੀਕ ਕਰਨੀ ਪੈਂਦੀ ਹੈ। “ਬਿਹਤਰ ਹੋਵੇਗਾ ਜੇਕਰ ਰਿਵੋਲਵਿੰਗ ਫੰਡ ਦੁਆਰਾ ਇਸਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਵੇ,” ਕਾਰਤੀਕੇਯਾਨੀ ਕਹਿੰਦੀ ਹਨ।
ਸੰਜੀਵ ਕੁਮਾਰ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਇਸ ਟਕਰਾਅ ਨੂੰ ਠੱਲ ਪਾਉਣ ਨਾਲ ਨਾ ਸਿਰਫ਼ ਮਨੁੱਖਾਂ ਦੀਆਂ ਜਾਨਾਂ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਚਾਇਆ ਜਾ ਸਕੇਗਾ ਅਤੇ ਉਹਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ, ਸਗੋਂ ਇਸਦੇ ਨਾਲ ਰਾਜ ਦੇ ਜੰਗਲਾਤ ਵਿਭਾਗ ਨੂੰ ਵੀ ਲੋਕਾਂ ਦੁਆਰਾ ਮੁੜ ਸਦਭਾਵਨਾ ਪ੍ਰਾਪਤ ਹੋਵੇਗੀ। “ਇਸ ਸਮੇਂ, ਹਾਥੀਆਂ ਦੀ ਰੱਖ ਦਾ ਬੋਝ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੁਆਰਾ ਚੁੱਕਿਆ ਜਾ ਰਿਹਾ ਹੈ,” ਉਹ ਅੱਗੇ ਕਹਿੰਦੇ ਹਨ।
ਸੰਜੀਵ ਮੰਨਦੇ ਹਨ ਕਿ ਮਹੀਨਿਆਂ ਬੱਧੀ, ਰਾਤ ਦਰ ਰਾਤ ਹਾਥੀਆਂ ਦੇ ਹਮਲਿਆਂ ਤੋਂ ਫ਼ਸਲਾਂ ਦੀ ਰਾਖੀ ਕਰਨਾ ਕੋਈ ਮਜ਼ੇ ਵਾਲਾ ਕੰਮ ਨਹੀਂ ਹੈ। ਇਸਦੇ ਲਈ ਕਿਸਾਨਾਂ ਨੂੰ ਕਈ-ਕਈ ਘੰਟੇ ਅਤੇ ਦਿਨ ਬੰਨ੍ਹ ਕੇ ਬੈਠਣਾ ਪੈਂਦਾ ਹੈ। ਉਹ ਇੱਕ ਕਿਸਾਨ ਨੂੰ ਯਾਦ ਕਰਦੇ ਹਨ ਜਿਸਨੇ ਗ੍ਰੀਨ ਟ੍ਰਿਬਿਊਨਲ ਮੀਟਿੰਗ ਦੌਰਾਨ ਜੱਜ ਨੂੰ ਕਿਹਾ ਸੀ, “ਮੇਰੀ ਪਤਨੀ ਮੈਨੂੰ ਨਜ਼ਰਾਂ ਦੇ ਸਾਹਮਣੇ ਦੇਖਣਾ ਚਾਹੁੰਦੀ ਹੈ।” ਸੰਜੀਵ ਦੱਸਦੇ ਹਨ ਕਿ ਉਹ ਕਿਸਾਨ 60 ਸਾਲ ਤੋਂ ਉੱਪਰ ਹੈ ਅਤੇ ਉਸਦੀ ਪਤਨੀ ਨੂੰ ਉਸ ’ਤੇ ਨਜਾਇਜ਼ ਸਬੰਧ ਹੋਣ ਬਾਰੇ ਸ਼ੱਕ ਹੈ।
ਕਿਸਾਨਾਂ ਦਾ ਤਣਾਅ ਜੰਗਲਾਤ ਵਿਭਾਗ ਲਈ ਸਮੱਸਿਆਵਾਂ ਦਾ ਝੋਲਾ ਬਣ ਗਿਆ ਹੈ। ਸੰਜੀਵ ਕੁਮਾਰ ਦੱਸਦੇ ਹਨ,“ਉਹ ਆਪਣਾ ਗੁੱਸਾ ਇਸ ਮਹਿਕਮੇ ਤੇ ਕੱਢਦੇ ਹਨ। ਉਹਨਾਂ ਦੇ ਦਫ਼ਤਰ ਦੀ ਭੰਨ-ਤੋੜ ਕੀਤੀ ਹੈ। ਉਹਨਾਂ ਨੇ ਸੜਕਾਂ ਰੋਕ ਦਿੱਤੀਆਂ, ਸਟਾਫ ਨਾਲ ਬਦਸਲੂਕੀ ਕੀਤੀ। ਇਸ ਲਈ ਜੰਗਲਾਤ ਵਿਭਾਗ ਨੂੰ ਇੱਕ ਕਦਮ ਪਿੱਛੇ ਹੋਣਾ ਪਿਆ ਅਤੇ ਸੁਰੱਖਿਆ ਗਤੀਵਿਧੀਆਂ ਵਿੱਚ ਵਿਘਨ ਪੈ ਰਿਹਾ ਹੈ।”
ਮਨੁੱਖੀ-ਹਾਥੀ ਸੰਘਰਸ਼ ਦੀ ਇਕ ਆਰਥਿਕ, ਕੁਦਰਤੀ ਅਤੇ ਇਕ ਮਨੋਵਿਗਿਆਨਕ ਕੀਮਤ ਹੈ। ਇਹ ਜਾਣਦੇ ਹੋਏ ਕਿਸੇ ਕਾਰੋਬਾਰ ਸ਼ੁਰੂ ਕਰਨ ਦੀ ਕਲਪਨਾ ਕਰਕੇ ਦੇਖੋ ਕਿ ਕਿਸੇ ਵੀ ਦਿਨ ਬਿਨਾਂ ਤੁਹਾਡੀ ਕਿਸੇ ਗਲਤੀ ਤੋਂ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ
ਇਸ ਸਭ ਤੋਂ ਇਲਾਵਾ ਹਾਥੀਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਇਹ ਅਤਿ ਜ਼ਰੂਰੀ ਇਸ ਲਈ ਹੈ ਕਿਉਂਕਿ 2017 ਵਿੱਚ ਕੀਤੀ ਗਈ ਇੱਕ ਗਣਨਾ ਅਨੁਸਾਰ ਤਾਮਿਲਨਾਡੂ ਵਿੱਚ ਹਾਥੀਆਂ ਦੀ ਗਿਣਤੀ 2,761 ਦੱਸੀ ਗਈ ਹੈ। ਇਹ ਭਾਰਤੀ ਹਾਥੀਆਂ ਦੀ ਆਬਾਦੀ ਦਾ 10 ਫ਼ੀਸਦ ਤੋਂ ਵੀ ਘੱਟ ਹਿੱਸਾ ਬਣਦਾ ਹੈ ਜੋ ਕਿ 29,964 ਹੈ।
ਬਦਲਾ ਲੈਣਾ, ਬਿਜਲੀ ਦਾ ਕਰੰਟ, ਸੜਕ ਅਤੇ ਰੇਲ ਹਾਦਸੇ ਆਦਿ ਇਹ ਸਭ ਇਸ ਛੋਟੇ ਜਿਹੇ ਜੈਨੇਟਿਕ ਪੂਲ ’ਚ ਵਿਗਾੜ ਪਾਉਂਦੇ ਹਨ। ਇੱਕ ਪੱਧਰ ’ਤੇ ਆ ਕੇ ਇਹ ਸਮੱਸਿਆ ਹੱਲ-ਰਹਿਤ ਜਾਪਦੀ ਹੈ। ਸਿਵਾਏ ਇਸਦੇ ਕਿ ਸੰਜੀਵ ਅਤੇ ਦੂਜਿਆਂ ਨੇ ਮੂਰਤੀ ਦੀ ਮਦਦ ਨਾਲ ਇੱਕ ਹੱਲ ਲੱਭਣ ਦੀ ਕੋਸ਼ਿਸ ਕੀਤੀ ਹੈ.....
*****
ਆਦਰਸ਼ਕ ਤੌਰ ਤੇ ਅਸੀਂ ਬਿਜਲੀ ਤੇ ਬਿਲਕੁਲ ਨਿਰਭਰ ਨਹੀਂ ਰਹਿਣਾ ਚਾਹੁੰਦੇ। ਸੋਲਰ ਸਿਸਟਮ ਭਰੋਸੇਯੋਗ ਨਹੀਂ ਹੈ। ਨਾਲ ਹੀ , ਹਾਥੀਆਂ ਨੂੰ ਵੀ ਬਿਜਲੀ ਦਾ ਪਤਾ ਲੱਗ ਗਿਆ ਹੈ।
ਕ੍ਰਿਸ਼ਨਾਗਿਰੀ ਅਤੇ ਧਰਮਪੁਰੀ ਜ਼ਿਲ੍ਹਿਆਂ ਦੇ ਆਨਰੇਰੀ ਜੰਗਲੀ ਜੀਵ ਵਾਰਡਨ, ਐੱਸ.ਆਰ. ਸੰਜੀਵ ਕੁਮਾਰ
ਸੰਜੀਵ ਕੁਮਾਰ ਦੱਸਦੇ ਹਨ ਹਨ ਕਿ ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਮੇਲਾਗਿਰੀ ਹਾਥੀ ਵਾੜ ਦਾ ਵਿਚਾਰ ਦੱਖਣੀ ਅਫਰੀਕਾ ਦੇ ਅਡੋ ਐਲੀਫੈਂਟ ਨੈਸ਼ਨਲ ਪਾਰਕ ਤੋਂ ਆਇਆ ਸੀ। “ਰਮਨ ਸੁਕੁਮਾਰ ਨੇ ਮੈਨੂੰ ‘ਦ ਐਲੀਫੈਂਟ ਮੈਨ ਆਫ਼ ਇੰਡੀਆ’ ਬਾਰੇ ਦੱਸਿਆ ਸੀ। ਉੱਥੇ ਉਹਨਾਂ ਨੇ ਰੇਲਵੇ ਲਾਈਨਾਂ ਅਤੇ ਐਲੀਵੇਟਰ ਦੀਆਂ ਖਰਾਬ ਕੇਬਲਾਂ ਦੀ ਵਰਤੋਂ ਕੀਤੀ ਸੀ। ਜਦੋਂ ਇੱਕ ਵਾਰ ਉਹਨਾਂ ਨੇ ਵਾੜ ਲਗਾ ਦਿੱਤੀ ਤਾਂ ਟਕਰਾਅ ਖ਼ਤਮ ਹੋ ਗਿਆ ਸੀ।” ਸੰਜੀਵ ਨੇ ਅਡੋ ਪਾਰਕ ਦਾ ਤਰੀਕਾ ਅਜ਼ਮਾਇਆ।
ਉਦੋਂ ਤੱਕ ਹੋਸੁਰ ਜੰਗਲਾਤ ਡਿਵੀਜ਼ਨ ਵਿੱਚ ਹਾਥੀਆਂ ਨੂੰ ਜੰਗਲ ਦੇ ਅੰਦਰ ਅਤੇ ਖੇਤਾਂ ਤੋਂ ਦੂਰ ਰੱਖਣ ਲਈ ਬਹੁਤ ਯਤਨ ਕੀਤੇ ਗਏ ਸਨ — ਪਰ ਕੋਈ ਵੀ ਕਾਮਯਾਬੀ ਨਾ ਮਿਲ਼ੀ। ਉਹਨਾਂ ਨੇ ਜੰਗਲ ਦੀ ਸੀਮਾ ਦੇ ਆਲੇ-ਦੁਆਲੇ ਖਾਈ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਰਵਾਇਤੀ ਸੋਲਰ ਵਾੜ ਤੇ ਤਿੱਖੇ ਬੈਰੀਅਰ ਲਗਾਏ ਅਤੇ ਇੱਥੋਂ ਤੱਕ ਕਿ ਅਫ਼ਰੀਕਾ ਤੋਂ ਕੁਝ ਕੰਡੇਦਾਰ ਦਰੱਖਤ ਵੀ ਅਯਾਤ ਕੀਤੇ। ਪਰ ਕੋਈ ਵੀ ਹੀਲਾ ਕੰਮ ਨਾ ਆਇਆ।
ਜਦੋਂ IFS ਦੀਪਕ ਬਿਲਗੀ ਨੂੰ ਹੋਸੁਰ ਡਿਵੀਜ਼ਨ ਦੇ ਡਿਪਟੀ ਕੰਜਰਵੇਟਰ ਆਫ਼ ਫਾਰੈਸਟਜ਼ ਵਜੋਂ ਤਾਇਨਾਤ ਕੀਤਾ ਗਿਆ, ਉਦੋਂ ਇੱਕ ਸਫ਼ਲਤਾ ਹਾਸਿਲ ਹੋਈ। ਬਿਲਗੀ ਨੇ ਇਸ ਵਿਚਾਰ ਵੱਲ ਧਿਆਨ ਦਿੱਤਾ, ਇਸਦੇ ਲਈ ਪੈਸੇ ਇੱਕਠੇ ਕੀਤੇ, ਕਲੈਕਟਰ ਨਾਲ ਗੱਲ ਕੀਤੀ ਅਤੇ “ਅਸੀਂ ਇੱਕ ਪ੍ਰਯੋਗਾਤਮਕ ਵਾੜ ਲਗਾਉਣ ਦਾ ਫੈਸਲਾ ਕੀਤਾ,” ਸੰਜੀਵ ਨੇ ਦੱਸਿਆ।
ਦਿਲਚਸਪ ਗੱਲ ਇਹ ਹੈ ਕਿ ਨਾ ਤਾਂ ਹਾਥੀ ਦੀ ਤਾਕਤ ਬਾਰੇ ਕੋਈ ਜ਼ਿਆਦਾ ਅੰਕੜੇ ਮੌਜੂਦ ਹਨ ਅਤੇ ਨਾ ਹੀ ਇਸ ਗੱਲ ਨੂੰ ਪੁਸ਼ਟ ਕਰਦਾ ਹੋਈ ਕੋਈ ਅੰਕੜਾ ਮੌਜੂਦ ਹੈ ਕਿ ਇੱਕ ਜਾਂ ਵੱਧ ਹਾਥੀ ਕਿੰਨੇ ਵਜ਼ਨ ਨੂੰ ਧੱਕ ਸਕਦੇ ਹਨ। ਇਸ ਲਈ ਉਹਨਾਂ ਨੇ ਮੁਧੂਮਲਾਈ ਵਿੱਚ ਇੱਕ ਪ੍ਰੋਟੋਟਾਈਪ ਸਥਾਪਿਤ ਕੀਤਾ ਅਤੇ ਇਹਨਾਂ ਨੂੰ ਕੁਮਕੀਆਂ (ਹਾਥੀ-ਬੰਦੀ ਦੀ ਸਿਖਲਾਈ) ਦੁਆਰਾ ਟੈਸਟ ਕਰਿਆ ਗਿਆ। ਉਹਨਾਂ ਵਿੱਚੋਂ ਇੱਕ ਮੂਰਤੀ ਨਾਮਕ ਬਗ਼ੈਰ ਦੰਦਾਂ ਵਾਲਾ 5 ਟਨ ਦਾ ਹਾਥੀ ਸੀ ਜੋ ਜੰਗਲਾਤ ਵਿਭਾਗ ਦੁਆਰਾ ਪੁਨਰਵਾਸ ਕਰਨ ਤੋਂ ਪਹਿਲਾਂ ਤੱਕ ਬਹੁਤ ਸਾਰੇ ਲੋਕਾਂ ਨੂੰ ਮਾਰਨ ਲਈ ਬਦਨਾਮ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਨੂੰ ਕੇਬਲ ਟੈਸਟ ਕਰਨ ਲਈ ਬੀਟਾ ਟੈਸਟਰ ਵਜੋਂ ਚੁਣਿਆ ਗਿਆ ਸੀ ਜੋ ਮਨੁੱਖ ਅਤੇ ਹਾਥੀ ਟਕਰਾਅ ਨੂੰ ਘਟਾਉਣ ਲਈ ਵਰਤੀਆਂ ਜਾਣੀਆਂ ਸੀ।
ਸੰਜੀਵ ਦੱਸਦੇ ਹਨ, “ਉਹਨੂੰ ਦੇਖ ਕੇ ਤੁਸੀਂ ਉਹਦੇ ਅਤੀਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਉਸ ਨੂੰ ਇੰਨੇ ਵਧੀਆ ਢੰਗ ਨਾਲ਼ ਸਿਖਾਇਆ ਗਿਆ ਸੀ। ਉਹ ਇੰਨਾ ਨਿਮਰ ਅਤੇ ਸਾਊ ਬਣ ਗਿਆ ਸੀ।” ਹੁਣ ਮੂਰਤੀ ਸੇਵਾਮੁਕਤ ਹੋ ਗਿਆ ਹੈ। ਜਿਵੇਂ ਮੈਨੂੰ ਦੱਸਿਆ ਗਿਆ ਹੈ ਹਾਥੀਆਂ ਦੇ ਸੇਵਾਮੁਕਤੀ ਦੀ ਉਮਰ 55 ਸਾਲ ਹੁੰਦੀ ਹੈ। ਹੁਣ ਉਹ ਇੱਕ ਚੰਗੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ ਜਿਸ ਵਿੱਚ ਸਵਾਰੀਆਂ ਜਾਂ ਸਮਾਨ ਢੋਣਾ ਸ਼ਾਮਿਲ ਹੈ ਅਤੇ ਕਦੇ-ਕਦਾਈ ਉਹ ਕੈਂਪ ਦੀਆਂ ਮਾਦਾ ਹਾਥੀਆਂ ਦੇ ਨਾਲ ਮੇਲ ਜੋਲ ਵੇਲੇ “ਸਟੱਡ” ਬਣ ਜਾਂਦਾ ਹੈ। ਜੰਗਲ ਵਿੱਚ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਇਸਦੀ ਇਜ਼ਾਜਤ ਦਿੱਤੀ ਜਾਵੇਗੀ ਕਿਉਂਕਿ ਇਸ ਕੰਮ ਲਈ ਉਹਨੂੰ ਉੱਥੋਂ ਦੇ ਨੌਜੁਆਨ ਨਰ ਹਾਥੀਆਂ ਨਾਲ ਮੁਕਾਬਲਾ ਕਰਨਾ ਪਵੇਗਾ।
ਮੂਰਤੀ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਨਿਸ਼ਚਿਤ ਹਾਲਾਤਾਂ ਵਿੱਚ ਹਾਥੀ 1800 ਕਿਲੋਗ੍ਰਾਮ ਜਿੰਨੀ ਤਾਕਤ ਲਗਾ ਸਕਦਾ ਹੈ। ਮੂਰਤੀ ਦੇ ਤਜ਼ਰਬਿਆਂ ਦੇ ਆਧਾਰ ਤੇ ਉਨ੍ਹਾਂ ਨੇ ਜਿਹੜੀ ਦੋ ਕਿਲੋਮੀਟਰ ਦੀ ਵਾੜ ਬਣਾਈ ਅਤੇ ਖੰਭੇ (ਮੂਰਤੀ ਦੇ ਤਜ਼ਰਬਿਆਂ ਤੋਂ ਸਿਖ ਕੇ) ਡਿਜ਼ਾਇਨ ਕੀਤੇ ਗਏ, ਆਨੰਦ ਦੇ ਘਰ ਤੋਂ ਬਹੁਤੀ ਦੂਰ ਨਹੀਂ ਸਨ।
“ਅਸੀਂ ਇਸ ਕੋਸ਼ਿਸ਼ ਤੋਂ ਬਹੁਤ ਕੁੱਝ ਸਿੱਖਿਆ। ਸਿਰਫ਼ ਇੱਕ ਹਫ਼ਤੇ ਵਿੱਚ ਹੀ ਮਖਾਨਾ, ਜੋ ਮੋਤਈ ਵਾਲ ਨਾਲ ਰਹਿੰਦਾ ਹੈ, ਨੇ ਇਸ ਨੂੰ ਤੋੜ ਦਿੱਤਾ। ਸਾਨੂੰ ਇਸ ਨੂੰ ਦੁਬਾਰਾ ਡਿਜ਼ਾਇਨ ਕਰਨਾ ਪਿਆ ਅਤੇ ਹੁਣ ਇਹ ਅਸਲ ਡਿਜ਼ਾਇਨ ਨਾਲੋ 3.5 ਗੁਣਾ ਮਜ਼ਬੂਤ ਹੈ। ਤਾਰ ਪਹਿਲਾਂ ਹੀ ਬਹੁਤ ਮਜ਼ਬੂਤ ਹੈ ਜੋ ਕਿ 12 ਟਨ ਭਾਰ ਝੱਲ ਸਕਦੀ ਹੈ (ਮਤਲਬ ਕਿ ਤੁਸੀਂ ਇਸ ਤਾਰ ਨਾਲ ਦੋ ਹਾਥੀਆਂ ਨੂੰ ਚੁੱਕ ਸਕਦੇ ਹੋ।”
ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਦੂਜੇ ਮਾਡਲਾਂ ਦੇ ਮੁਕਾਬਲੇ ਉਹਨਾਂ ਦੀ ਵਾੜ ਲਗਭਗ ਅਟੁੱਟ ਹੈ। ਇਹ ਪ੍ਰੀ-ਕਾਸਟ ਸਟੀਲ ਤੇ ਕੰਕਰੀਟ ਦੀਆਂ ਪੋਸਟਾਂ ਅਤੇ ਸਟੀਲ ਦੀਆਂ ਤਾਰਾਂ ਨਾਲ ਬਣਾਈ ਗਈ ਹੈ। ਹਾਥੀ ਕੋਈ ਪੋਸਟ ਜਾਂ ਤਾਰ ਨਹੀਂ ਤੋੜ ਸਕਦੇ। ਉਹ ਇਸਦੇ ਉੱਪਰ ਚੜ੍ਹ ਜਾਂ ਉਪਰੋਂ ਲੰਘ ਸਕਦੇ ਹਨ। “ਇਹ ਸਾਨੂੰ ਕਿਸੇ ਵੀ ਸਮੱਸਿਆ ਵਾਲੇ ਖੇਤਰ ’ਚ ਇੱਕ ਖ਼ਾਸ ਹੱਲ ਲੱਭਣ ਦਾ ਮੌਕਾ ਪ੍ਰਦਾਨ ਕਰਦੀ ਹੈ। ਟੀਮ ਨੇ ਫ਼ਸਲਾਂ ਨੂੰ ਤਬਾਹ ਕਰਨ ਆਉਂਦੇ ਜਾਂ ਤਬਾਹੀ ਕਰਕੇ ਮੁੜ ਰਹੇ ਹਾਥੀਆਂ ਨੂੰ ਵੀ ਕੈਮਰੇ ਵਿੱਚ ਕੈਦ ਕੀਤਾ।” ਇਸ ਤਰ੍ਹਾਂ ਉਹਨਾਂ ਦ੍ਰਿਸ਼ਾਂ ਦੇ ਆਧਾਰ ’ਤੇ ਉਹਨਾਂ ਨੇ ਆਪਣੇ ਕੰਮਾਂ ਵਿੱਚ ਸੁਧਾਰ ਕੀਤਾ। ਉਹ ਹੱਸਦੇ ਹੋਏ ਕਹਿੰਦੇ ਹਨ, “ਕਦੇ-ਕਦੇ ਹਾਥੀ ਵੀ ਸਾਡੇ ਨਾਲ ਆਉਂਦਾ ਹੈ ਅਤੇ ਸਾਨੂੰ ਦਿਖਾਉਂਦਾ ਹੈ ਕਿ ਤੁਹਾਨੂੰ ਕਿੱਥੇ ਅਤੇ ਕਿੰਨਾ ਸੁਧਾਰ ਕਰਨ ਦੀ ਜ਼ਰੂਰਤ ਹੈ।”
ਇਸ ਬਿਜਲੀ ਰਹਿਤ ਸਟੀਲ ਵਾੜ ਦੀ ਕੀਮਤ 40 ਲੱਖ ਤੋਂ 45 ਲੱਖ ਰੁਪਏ ਪ੍ਰਤੀ ਕਿਲੋਮੀਟਰ ਹੈ। ਜ਼ਿਲ੍ਹਾ ਕੁਲੈਕਟਰ ਨੇ ਕੁਝ ਨਿੱਜੀ ਖਿੱਤਿਆਂ ਤੋਂ ਸਹਾਇਤਾ ਨਾਲ ਅਤੇ ਰਾਜ ਸਰਕਾਰ ਦੀ ਤਾਮਿਲਨਾਡੂ ਇਨੋਵੇਟਿਵ ਇਨੀਸ਼ੀਏਟਿਵ ਸਕੀਮ ਦੁਆਰਾ ਪਹਿਲਾਂ 2 ਕਿਲੋਮੀਟਰ ਅਤੇ ਬਾਅਦ ਵਿੱਚ 10 ਕਿਲੋਮੀਟਰ ਵਾੜ ਲਈ ਫੰਡ ਪ੍ਰਦਾਨ ਕੀਤੇ।
ਹੁਣ ਜਿੰਨੀ ਵੀ 25 ਕਿਲੋਮੀਟਰ ਵਾੜ ਲਗਾਈ ਗਈ ਹੈ ਉਸ ਵਿੱਚੋਂ 15 ਕਿਲੋਮੀਟਰ ਬਿਜਲਈ ਰਹਿਤ ਅਤੇ 10 ਕਿਲੋਮੀਟਰ ਬਿਜਲਈ (ਸੂਰਜੀ ਊਰਜਾ) ਹਾਥੀ-ਪਰੂਫ ਵਾੜ ਹੈ। ਵੋਲਟੇਜ ਉੱਚੀ ਹੈ— 10,000 ਵੋਲਟ— ਅਤੇ ਇਹ ਸਿੱਧੇ ਕਰੰਟ ਦੀ ਇੱਕ ਛੋਟੀ ਜਿਹੀ ਮਾਤਰਾ ਹੈ ਜੋ ਹਰ ਸੈਕਿੰਟ ਵਿੱਚ ਕੰਬਦੀ ਹੈ। “ਆਮ ਤੌਰ ਤੇ ਇਸ ਨੂੰ ਛੂਹਣ ਨਾਲ ਹਾਥੀ ਨਹੀ ਮਰਦਾ,” ਸੰਜੀਵ ਦੱਸਦੇ ਹਨ। “ਬਿਜਲੀ ਨਾਲ ਮੌਤ 230V ਏਸੀ ਕਰੰਟ ਨਾਲ ਹੁੰਦੀ ਹੈ ਜੋ ਅਸੀਂ ਘਰਾਂ ਜਾਂ ਖੇਤਾਂ ਵਿੱਚ ਵਰਤਦੇ ਹਾਂ। ਇਹ ਸੁਰੱਖਿਅਤ ਹਨ ਕਿਉਂਕਿ ਇੱਥੇ ਘਰਾਂ ਵਿੱਚ ਵਰਤੀ ਜਾਣ ਵਾਲੀ ਬਿਜਲੀ ਦਾ ਸਿਰਫ਼ ਕੁਝ ਹਜ਼ਾਰਵਾਂ ਹਿੱਸਾ ਹੀ ਵਰਤਿਆ ਜਾਂਦਾ ਹੈ। ਨਹੀਂ ਤਾਂ ਇਹ ਉਹਨਾਂ ਨੂੰ ਮਾਰ ਦਿੰਦਾ।”
ਜਦੋਂ DC ਵੋਲਟੇਜ 6,000 ਵੋਲਟ ਤੱਕ ਡਿੱਗ ਜਾਂਦੀ ਹੈ— ਉਦਾਹਰਣ ਲਈ ਜਦੋਂ ਕੋਈ ਦਰੱਖਤ ਵਾੜ ਤੇ ਡਿੱਗ ਜਾਂਦਾ ਹੈ ਤਾਂ ਇਸ ਸੂਰਤ ਵਿੱਚ ਹਾਥੀ ਵਾੜ ਨੂੰ ਅਸਾਨੀ ਨਾਲ ਪਾਰ ਲੰਘ ਜਾਂਦੇ ਹਨ। ਕਈ ਨਰ ਹਾਥੀਆਂ ਵਿੱਚ ਖਾਣ ਦੀ ਇੱਛਾ ਇੰਨੀ ਤੀਬਰ ਹੁੰਦੀ ਹੈ ਕਿ ਉਹ ਬਸ ਆਪਣਾ ਰਾਹ ਬਣਾ ਹੀ ਲੈਂਦੇ ਹਨ। “ ਇਹ ਸਮਝਣਾ ਔਖਾ ਹੈ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ,” ਸੰਜੀਵ ਮੰਨਦੇ ਹਨ।
“ਆਦਰਸ਼ਕ ਤੌਰ ’ਤੇ ਅਸੀਂ ਬਿਜਲੀ ’ਤੇ ਬਿਲਕੁਲ ਨਿਰਭਰ ਨਹੀਂ ਰਹਿਣਾ ਚਾਹੁੰਦੇ। ਸੋਲਰ ਸਿਸਟਮ ਭਰੋਸੇਯੋਗ ਨਹੀਂ ਹੈ,” ਉਹ ਦਸਦੇ ਹਨ। ਨਾਲ ਹੀ ਹਾਥੀਆਂ ਨੂੰ ਬਿਜਲੀ ਦਾ ਪਤਾ ਲੱਗ ਗਿਆ ਹੈ। ਉਹ ਕੁਚਾਲਕਤਾ ਤੇ ਸੰਚਾਲਕਤਾ ਦੀ ਧਾਰਨਾ ਬਾਰੇ ਜਾਣ ਗਏ ਹਨ। ਉਹ ਇੱਕ ਤਣਾ ਜਾਂ ਦਰੱਖਤ ਚੁੱਕ ਕੇ ਵਾੜ ਤੇ ਮਾਰਕੇ ਸ਼ਾਰਟ ਸਰਕਿਟ ਕਰ ਦਿੰਦੇ ਹਨ। ਜਾਂ ਫਿਰ ਇੱਕ ਨਰ ਹਾਥੀ ਇਸ ਨੂੰ ਖਰਾਬ ਕਰਨ ਲਈ ਆਪਣੇ ਦੰਦਾਂ ਦਾ ਪ੍ਰਯੋਗ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਇਹ ਬਿਜਲੀ ਦਾ ਕੁਚਾਲਕ ਹੈ। “ ਮੇਰੇ ਕੋਲ ਇੱਕ ਹਾਥੀ ਦੀ ਤਸਵੀਰ ਹੈ ਜਿਸ ਵਿੱਚ ਉਹ ਇੱਕ ਛੋਟੀ ਟਹਿਣੀ ਨਾਲ ਵਾੜ ਦੀ ਜਾਂਚ ਕਰ ਰਿਹਾ ਹੈ ਕਿ ਇਸ ਵਿੱਚ ਬਿਜਲੀ ਤਾਂ ਨਹੀਂ,” ਸੰਜੀਵ ਹੱਸਦੇ ਹਨ।
*****
ਮੇਲਾਗਿਰੀ ਵਾੜ ਕਾਰਨ ਹਾਥੀ ਦੱਖਣ ਵੱਲ ਚਲੇ ਗਏ ਹਨ। ਚੰਗੀ ਗੱਲ ਇਹ ਹੈ ਕਿ ਇੱਥੇ ਇੱਕ ਵਿਸ਼ਾਲ ਜੰਗਲ ਹੈ ਜੋ ਅੱਗੇ ਨੀਲਗੀਰੀ ਤੱਕ ਸਾਰੇ ਪਾਸੇ ਫੈਲਿਆ ਰੋਇਆ ਹੈ।
ਕੇ.ਕਾਰਤੀਕੇਯਾਨੀ, ਭਾਰਤ ਜੰਗਲਾਤ ਸੇਵਾ ਅਧਿਕਾਰੀ
ਹਾਥੀਆਂ ਨਾਲ ਟਕਰਾਅ ਦੀ ਇੱਕ ਆਰਥਿਕ, ਕੁਦਰਤੀ ਅਤੇ ਇੱਕ ਮਨੋਵਿਗਿਆਨਕ ਕੀਮਤ ਹੈ। ਕਲਪਨਾ ਕਰੋ ਕਿ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰ ਰਹੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਕਿਸੇ ਵੀ ਦਿਨ ਬਿਨਾਂ ਤੁਹਾਡੀ ਕਿਸੇ ਗਲਤੀ ਤੋਂ ਇਹ ਮਿੱਟੀ ਵਿੱਚ ਮਿਲ ਸਕਦਾ ਹੈ। ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਰਹਿੰਦੇ ਕਿਸਾਨ ਪੀੜ੍ਹੀਆਂ ਤੋਂ ਅਜਿਹਾ ਹੀ ਜੀਵਨ ਬਤੀਤ ਕਰਦੇ ਆਏ ਹਨ ਜੋ ਇੱਥੇ ਖੇਤੀ ਕਰਦੇ ਹਨ।
ਸੰਜੀਵ ਕੁਮਾਰ ਦੱਸਦੇ ਹਨ ਕਿ ਸਥਾਨਕ ਉਪਜਾਂ ’ਤੇ ਦਾਅਵਤ ਕਰਨ ਤੋਂ ਇਲਾਵਾ, ਫ਼ਸਲਾਂ ’ਤੇ ਹਮਲਾ ਕਰਨ ਵਾਲੇ ਹਾਥੀਆਂ ਨੇ ਹੋਰ ਵੱਧ ਦੂਰੀ ਤੈਅ ਕਰਨੀ ਸਿੱਖ ਲਈ ਹੈ ਅਤੇ ਇਹ ਪਿੱਛਲੇ ਡੇਢ ਦਹਾਕੇ ਵਿੱਚ ਹੋਇਆ ਹੈ। “ਰਿਜ਼ਰਵ ਜੰਗਲ ਤੋਂ ਇੱਕ ਜਾਂ ਦੋ ਕਿਲੋਮੀਟਰ ਅੱਗੇ ਨਿਕਲਣ ਤੋਂ ਬਾਅਦ ਉਹ ਹੁਣ ਆਂਧਰਾ ਅਤੇ ਕਰਨਾਟਕ ਵਿੱਚ ਲਗਭਗ 70 ਤੋਂ 80 ਕਿਲੋਮੀਟਰ ਦੀ ਯਾਤਰਾ ਕਰਦੇ ਹਨ, ਕੁਝ ਮਹੀਨੇ ਇੱਥੇ ਬਿਤਾਉਂਦੇ ਹਨ ਅਤੇ ਫਿਰ ਵਾਪਿਸ ਆ ਜਾਂਦੇ ਹਨ।” ਹੋਸੁਰ ਖੇਤਰ ਵਿੱਚ ਹਾਥੀ ਬਹੁਤ ਭਾਰੀ ਹੁੰਦੇ ਹਨ ਜਿੱਥੇ ਫ਼ਸਲਾਂ ’ਤੇ ਬਹੁਤ ਸਾਰੇ ਹਮਲੇ ਹੁੰਦੇ ਹਨ, ਉਹ ਸਿਹਤਮੰਦ ਦਿਖਾਈ ਦਿੰਦੇ ਹਨ ਅਤੇ ਬਹੁਤ ਸਾਰੇ ਬੱਚੇ ਪੈਦਾ ਕਰਦੇ ਹਨ।
ਨੌਜੁਆਨ ਹਾਥੀ ਬਹੁਤ ਜੋਖ਼ਮ ਲੈਂਦੇ ਹਨ। “ਮੈਂ ਰਿਜ਼ਰਵ ਜੰਗਲਾਂ ਦੇ ਬਾਹਰ ਹਾਥੀਆਂ ਦੀ ਮੌਤ ਬਾਰੇ ਅੰਕੜੇ ਇਕੱਠੇ ਕੀਤੇ ਅਤੇ ਇਕ ਸਾਰਣੀ ਤਿਆਰ ਕੀਤੀ। ਤਕਰੀਬਨ 60 ਤੋਂ 70 ਫੀਸਦੀ ਮੌਤਾਂ ਨੌਜੁਆਨ ਨਰ ਹਾਥੀਆਂ ਦੀਆਂ ਹੁੰਦੀਆਂ ਹਨ।”
ਆਨੰਦਾ ਮੈਨੂੰ ਦੱਸਦੇ ਹਨ ਕਿ ਅੱਜ ਕੱਲ੍ਹ ਉਹਨਾਂ ਨੂੰ ਝੁੰਡ ਬਹੁਤ ਘੱਟ ਦਿਖਾਈ ਦਿੰਦੇ ਹਨ। ਬਸ ਮੋਤਈ ਵਾਲ, ਮਖਾਨਾ ਅਤੇ ਗਿਰੀ। ਉਹ ਅਜੇ ਵੀ ਵਾਰ-ਵਾਰ ਹਾਥੀਆਂ ਦੁਆਰਾ ਹਮਲੇ ਦੀਆਂ ਤਸਵੀਰਾਂ ਮੈਨੂੰ ਵਟਸਐਪ ’ਤੇ ਭੇਜਦੇ ਰਹਿੰਦੇ ਹਨ। ਡਿੱਗੀਆਂ ਹੋਈਆਂ ਅੰਬਾਂ ਦੀਆਂ ਟਹਿਣੀਆਂ, ਕੁਚਲੇ ਹੋਏ ਕੇਲਿਆਂ ਦੇ ਦਰੱਖਤ, ਲਤਾੜੇ ਹੋਏ ਫ਼ਲ ਅਤੇ ਹਾਥੀਆਂ ਦੇ ਗੋਬਰ ਦੇ ਢੇਰ। ਜਦੋਂ ਉਹ ਬੋਲਦੇ ਹਨ, ਉਹ ਗੁੱਸਾ ਨਹੀਂ ਕਰਦੇ।
“ਇਹ ਇਸ ਲਈ ਕਿਉਂਕਿ ਜੇਕਰ ਉਹ ਗੁੱਸਾ ਕਰਨਗੇ ਤਾਂ ਇਹ ਸਰਕਾਰ ਜਾਂ ਜੰਗਲਾਤ ਵਿਭਾਗ ਉੱਤੇ ਨਿਕਲੇਗਾ,” ਸੰਜੀਵ ਕਹਿੰਦੇ ਹਨ। “ਉਹ ਜਾਣਦੇ ਹਨ ਕਿ ਮੁਆਵਜ਼ਾ ਦੇਰੀ ਨਾਲ ਆਉਂਦਾ ਹੈ ਜਾਂ ਕਦੇ ਆਉਂਦਾ ਹੀ ਨਹੀਂ। ਇਸ ਲਈ ਉਹਨਾਂ ਨੇ ਦਾਅਵਾ ਕਰਨਾ ਬੰਦ ਕਰ ਦਿੱਤਾ ਹੈ। ਇੱਥੇ ਹੀ ਸਮੱਸਿਆ ਹੈ ਕਿਉਂਕਿ ਇਸ ਤਰ੍ਹਾਂ ਅੰਕੜੇ ਟਕਰਾਅ ਦੀ ਅਸਲ ਡੂੰਘਾਈ ਨਹੀਂ ਬਿਆਨ ਕਰ ਪਾਉਂਦੇ।
ਇਸ ਟਕਰਾਅ ਨੂੰ ਘਟਾਉਣ ਦਾ ਇੱਕੋ-ਇੱਕ ਤਰੀਕਾ ਹੈ ਕਿ ਹਾਥੀਆਂ ਨੂੰ ਜੰਗਲ ਦੇ ਅੰਦਰ ਹੀ ਡੱਕੀ ਰੱਖਿਆ ਜਾਵੇ। ਇਹ ਸਮੱਸਿਆ ਉਦੋਂ ਹੀ ਹੱਲ ਹੋਵੇਗੀ ਜਦੋਂ ਉਹਨਾਂ ਦਾ ਕੁਦਰਤੀ ਨਿਵਾਸ ਮੁੜ ਸੁਰਜੀਤ ਹੋਵੇਗਾ। “ਇਸ ਨਾਲ਼ 80 ਫੀਸਦ ਮਸਲਾ ਹੱਲ ਹੋਵੇਗਾ। ਲੈਂਟਾਨਾ ਤੋਂ ਛੁਟਕਾਰਾ ਪਾਉਣਾ ਵੀ ਜ਼ਰੂਰੀ ਹੈ।”
ਫਿਲਹਾਲ 25 ਕਿਲੋਮੀਟਰ ਵਾੜ, ਜੋ ਕਿ ਹਾਥੀਆਂ ਅਤੇ ਮਨੁੱਖਾਂ ਦੇ ਮੂੰਹ-ਰੂਬਰੂ ਹੋਣ ਵਾਲ਼ੇ ਇਲਾਕਿਆਂ ਦੀ ਸੀਮਾ ਦਾ 25 ਫ਼ੀਸਦ ਹੈ, ਨੇ ਇਸ ਟਕਰਾਅ ਨੂੰ 95 ਫੀਸਦ ਤੱਕ ਘੱਟ ਕਰ ਦਿੱਤਾ ਹੈ। “ਮੇਲਾਗਿਰੀ ਵਾੜ ਕਾਰਨ, ” ਕਾਰਤੀਕੇਯਾਨ ਕਹਿੰਦੀ ਹਨ,“ਹਾਥੀ ਦੱਖਣ ਵੱਲ ਚਲੇ ਗਏ ਹਨ। ਇਹ ਇੱਕ ਚੰਗੀ ਗੱਲ ਹੈ ਕਿਉਂਕਿ ਇੱਥੇ ਇੱਕ ਵਿਸ਼ਾਲ ਜੰਗਲ ਹੈ ਜੋ ਕਿ ਸੱਤਿਆਮੰਗਲਮ ਅਤੇ ਉਸ ਤੋਂ ਅੱਗੇ ਨੀਲਗੀਰੀ ਤੱਕ ਹਰ ਪਾਸੇ ਫੈਲਿਆ ਹੋਇਆ ਹੈ। ਇਹ ਉਹਨਾਂ ਲਈ ਬਿਹਤਰ ਜਗ੍ਹਾ ਹੈ।”
ਮੇਲਾਗਿਰੀ ਵਾੜ ਜ਼ਿਆਦਾਤਰ ਹਿੱਸੇ ਲਈ ਇੱਕ ਅਸਲ ਰੁਕਾਵਟ ਹੈ। “ਜਿੱਥੇ ਸੂਰਜੀ ਊਰਜਾ ਨਾਲ ਚੱਲਣ ਵਾਲੀ ਬਿਜਲਈ ਵਾੜ ਹੈ, ਉਹ ਮਨੋਵਿਗਿਆਨਕ ਰੁਕਾਵਟ ਹੈ। ਉਹ ਉਹਨਾਂ ਨੂੰ ਸਿਰਫ਼ ਇੱਕ ਛੋਟਾ ਜਿਹਾ ਝਟਕਾ ਦਿੰਦੀ ਹੈ ਅਤੇ ਉਹਨਾਂ ਨੂੰ ਡਰਾਉਂਦੀ ਹੈ। ਪਰ ਹਾਥੀ ਬਹੁਤ ਚੁਸਤ ਹੋ ਗਏ ਹਨ। ਡੂੰਮਣੇ ਵਾਲ਼ੀ ਵਾੜ ਜਾਂ ਚੀਤੇ ਦੀਆਂ ਦਹਾੜਾਂ ਜਾਂ ਅਲਾਰਮ ਕਲਾਕ ਹੁਣ ਕੰਮ ਨਹੀਂ ਆਉਂਦੇ।” ਸੰਜੀਵ ਕੁਮਾਰ ਕਹਿੰਦੇ ਹਨ ਕਿ ਅਸਲ ਵਿੱਚ ਤੁਸੀਂ ਹਰ ਸਮੇਂ ਹਾਥੀਆਂ ਨੂੰ ਮੂਰਖ ਨਹੀਂ ਬਣਾ ਸਕਦੇ।
ਪਰ ਹਾਥੀ ਹਮੇਸ਼ਾ ਇੱਕ ਕਦਮ ਅੱਗੇ ਜਾਪਦੇ ਹਨ। ਮੰਨੋ ਜਿਵੇਂ ਉਹਨਾਂ ਨੇ ਖ਼ੁਦ ਹੀ ਇਸ ਗੱਲ ਦਾ ਪਤਾ ਲਾ ਲਿਆ ਹੈ ਅਤੇ ਹੁਣ ਲੋਕਾਂ ਨੂੰ ਸਿਖਾ ਰਹੇ ਹਨ ਕਿ ਉਹਨਾਂ ਨੂੰ ਅੰਦਰ ਕਿਵੇਂ ਰੱਖਣਾ ਹੈ। ਉਹਨਾਂ ਨੇ ਕੈਮਰਿਆਂ ਦੇ ਜਾਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਸੰਜੀਵ ਦਸਦੇ ਹਨ, ਮੈਂ ਆਪਣੀ ਸਕਰੀਨ ਤੇ ਦੇਖਦਾ ਹਾਂ: ਦੋ ਹਾਥੀ ਵਾੜ ਕੋਲ ਆ ਕੇ ਖੜ੍ਹੇ ਹੁੰਦੇ ਹਨ ਅਤੇ ਸਾਜਿਸ਼ ਰਚਦੇ ਜਾਪਦੇ ਹਨ ਕਿ ਕਿਵੇਂ ਅਤੇ ਕਿਸ ਤਰ੍ਹਾਂ ਤਾਰਾਂ ਨੂੰ ਪਾਰ ਕਰਕੇ ਰਾਗੀ ਤੱਕ ਪਹੁੰਚਣਾ ਹੈ....
ਲੇਖਕ ਗੋਪਾਕੁਮਾਰ ਮੈਨਨ ਦਾ ਇਸ ਕਹਾਣੀ ਦੀ ਰਿਪੋਰਟਿੰਗ ਕਰਦੇ ਸਮੇਂ ਉਹਨਾਂ ਦੀ ਮਦਦ , ਉਨ੍ਹਾਂ ਦੀ ਪ੍ਰਹੁਣਾਚਾਰੀ ਅਤੇ ਕੀਮਤੀ ਜਾਣਕਾਰੀ ਦੇਣ ਲਈ ਉਹਨਾਂ ਦਾ ਧੰਨਵਾਦ ਕਰਦੀ ਹੈ ।
ਇਸ ਖੋਜ ਅਧਿਐਨ ਨੂੰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਖੋਜ ਫੰਡਿੰਗ ਪ੍ਰੋਗਰਾਮ 2020 ਦੇ ਅਧੀਨ ਫੰਡ ਕੀਤਾ ਗਿਆ ਹੈ।
ਕਵਰ ਫੋਟੋ (ਮੋਤਈ ਵਾਲ): ਨਿਸ਼ਾਂਤ ਸ਼੍ਰੀਨਿਵਾਸੀਆ।
ਤਰਜਮਾ: ਇੰਦਰਜੀਤ ਸਿੰਘ