ਐੱਸ ਰਾਮਾਸਾਮੀ ਮੈਨੂੰ ਆਪਣੇ ਇੱਕ ਪੁਰਾਣੇ ਦੋਸਤ ਨਾਲ਼ ਮਿਲ਼ਾਉਂਦੇ ਹਨ। ਉਹ ਬੜੇ ਫ਼ਖ਼ਰ ਨਾਲ਼ ਉਨ੍ਹਾਂ ਯਾਤਰੂਆਂ ਬਾਰੇ ਦੱਸਦੇ ਹਨ ਜੋ ਉਨ੍ਹਾਂ ਦੇ ਇਸ ਦੋਸਤ ਵੱਲ ਖਿੱਚੇ ਆਉਂਦੇ ਹਨ, ਜਿਨ੍ਹਾਂ ਵਿੱਚ ਅਖ਼ਬਾਰਾਂ, ਟੀ.ਵੀ. ਚੈਨਲ, ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਅਤੇ ਹੋਰ ਵੀ ਕਈ ਜਣੇ ਸ਼ਾਮਲ ਹੁੰਦੇ ਹਨ। ਉਹ ਬਗ਼ੈਰ ਕੁਝ ਖੁੰਝਾਏ ਬੜੀ ਸਾਵਧਾਨੀ ਨਾਲ਼ ਹਰ ਛੋਟੇ ਤੋਂ ਛੋਟਾ ਵੇਰਵਾ ਦੱਸਦੇ ਹਨ। ਆਖ਼ਰਕਾਰ, ਉਹ ਇੱਕ ਹਸਤੀ, ਇੱਕ ਵੀਆਈਪੀ ਬਾਰੇ ਗੱਲ ਕਰ ਰਹੇ ਹਨ।

ਉਨ੍ਹਾਂ ਦਾ ਇਹ ਦੋਸਤ ਇੱਕ 200 ਸਾਲ ਪੁਰਾਣਾ ਦਰੱਖ਼ਤ ਹੈ: ਮਾਲੀਗਾਮਪੱਟੂ ਦਾ ਮਹਾਨ ਆਯਿਰਮਕਾਚੀ।

ਆਯਿਰਮਕਾਚੀ ਇੱਕ ਪਲਾ ਮਰਮ ਹੈ, ਕਟਹਲ ਦਾ ਇੱਕ ਰੁੱਖ, ਜੋ ਬਹੁਤ ਲੰਬਾ ਤੇ ਜਰਖ਼ੇਜ਼ ਹੈ। ਇਹਦਾ ਤਣਾ ਇੰਨਾ ਮੋਟਾ ਹੈ ਕਿ ਚੁਫ਼ੇਰੇ ਘੁੰਮਣ ਵਿੱਚ 25 ਸੈਕੰਡ ਦਾ ਸਮਾਂ ਲੱਗਦਾ ਹੈ। ਇਹਦੇ ਪ੍ਰਚੀਨ ਤਣੇ ਦੁਆਲ਼ੇ ਕੋਈ ਇੱਕ ਸੌ ਤੋਂ ਵੀ ਵੱਧ ਕੰਡੇਦਾਰ ਹਰੇ ਹਰੇ ਫਲ ਲਮਕਦੇ ਹਨ। ਇਸ ਰੁੱਖ ਦੇ ਮੂਹਰੇ ਖੜ੍ਹੇ ਹੋਣਾ ਹੀ ਮਾਣ ਦੀ ਗੱਲ ਹੈ। ਇਹਦੇ ਦੁਆਲ਼ੇ ਘੁੰਮਣਾ ਕਿਸੇ ਮੋਚਨ ਤੋਂ ਘੱਟ ਨਹੀਂ। ਮੈਨੂੰ ਉਤਸੁਕ ਦੇਖ ਕੇ ਰਾਮਾਸਾਮੀ ਮੁਸਕਰਾਉਣ ਲੱਗੇ ਅਤੇ ਫ਼ਖ਼ਰ ਨਾਲ਼ ਉਨ੍ਹਾਂ ਦੀਆਂ ਮੁੱਛਾਂ ਤਣ ਗਈਆਂ ਤੇ ਅੱਖਾਂ ਲਿਸ਼ਕਣ ਲੱਗੀਆਂ। ਆਪਣੇ 71 ਸਾਲਾਂ ਦੇ ਜੀਵਨ ਵਿੱਚ ਉਨ੍ਹਾਂ ਨੇ ਬੜੇ ਮਹਿਮਾਨਾਂ ਨੂੰ ਇਸ ਰੁੱਖ ਦੁਆਲ਼ੇ ਘੁੰਮਦੇ ਦੇਖਿਆ ਹੈ। ਉਹ ਮੈਨੂੰ ਅੱਗੇ ਦੀ ਅੱਗੇ ਦੱਸਣ ਲੱਗਦੇ ਹਨ...

ਖਾਵੀ (ਕਣਕ-ਰੰਗੀ) ਲੂੰਗੀ ਬੰਨ੍ਹੀ, ਆਪਣੇ ਪਤਲੇ ਜਿਹੇ ਮੋਢਿਆਂ 'ਤੇ ਇੱਕ ਤੌਲ਼ੀਆ ਟਿਕਾਈ ਉਹ ਰੁੱਖ ਦੇ ਸਾਹਮਣੇ ਖੜ੍ਹੇ ਆਪਣੀ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,''ਅਸੀਂ ਕੁਡਲੋਰ (ਜ਼ਿਲ੍ਹੇ) ਦੇ ਪਨਰੂਤੀ ਬਲਾਕ ਦੇ ਮਾਲੀਗਾਮਪੱਟੂ ਬਸਤੀ ਵਿਖੇ ਮੌਜੂਦ ਹਾਂ। ਇਹ ਰੁੱਖ ਮੇਰੇ ਪੁਰਖ਼ਿਆਂ ਨੇ ਬੀਜਿਆ ਸੀ, ਕਰੀਬ ਪੰਜ ਪੀੜ੍ਹੀਆਂ ਪਹਿਲਾਂ। ਅਸੀਂ ਇਹਨੂੰ ' ਆਯਿਰਮਕਾਚੀ ' ਕਹਿੰਦੇ ਹਾਂ, ਭਾਵ ਕਿ 1,000 ਫਲ ਦੇਣ ਵਾਲ਼ਾ। ਹੁਣ, ਇਹ ਸਾਲ ਦੇ 200 ਤੋਂ 300 ਫਲ ਦੀ ਦਿੰਦਾ ਹੈ ਅਤੇ ਉਹ ਫਲ 8 ਤੋਂ 10 ਦਿਨਾਂ ਵਿੱਚ ਪੱਕ ਜਾਂਦਾ ਹੈ। ਇਹਦੀਆਂ ਫਲ਼ੀਆਂ ਬਹੁਤ ਸੁਆਦੀ ਹੁੰਦੀਆਂ ਹਨ, ਇਹਦਾ ਰੰਗ ਬਹੁਤ ਹੀ ਸੋਹਣਾ ਹੁੰਦਾ ਹੈ ਤੇ ਅਣਪੱਕਿਆ ਫਲ਼ ਬਿਰਿਆਨੀ ਵਿੱਚ ਪਾਇਆ ਜਾਂਦਾ ਹੈ।'' ਉਹ ਕਰੀਬ ਅੱਧਾ ਮਿੰਟ ਲਾ ਕੇ ਇਹਦੇ (ਕਟਹਲ) ਦੇ ਗੁਣਾਂ ਦੀ ਵਡਿਆਈ ਕਰਦੇ ਹਨ। ਠੀਕ ਉਸ ਰੁੱਖ ਵਾਂਗਰ ਉਸ ਨਾਲ਼ ਜੁੜੇ ਕਿੱਸੇ ਵੀ ਸਮੇਂ ਦੇ ਨਾਲ਼ ਨਾਲ਼ ਬੀਤੇ ਕਈ ਦਹਾਕਿਆਂ ਦੀ ਦੇਣ ਹਨ, ਜਿਹਨੂੰ ਉਹ ਲਗਾਤਾਰਾ ਲੋਕਾਂ ਨੂੰ ਸੁਣਾਉਂਦੇ ਰਹੇ ਹਨ।

PHOTO • M. Palani Kumar

ਐੱਸ ਰਾਮਾਸਾਮੀ ਬਾਗ਼ ਵਿੱਚ ਆਪਣੇ ਪਿਆਰੇ ਦੋਸਤ ਆਯਿਰਮਕਾਚੀ ਦੇ ਨਾਲ਼, ਜੋ 200 ਸਾਲ ਪੁਰਾਣਾ ਕਟਹਲ ਦਾ ਇੱਕ ਰੁੱਖ ਹੈ

ਪਾਰੀ ਨੇ ਸਭ ਤੋਂ ਪਹਿਲਾਂ ਅਪ੍ਰੈਲ 2022 ਦੇ ਅੱਧ ਵਿੱਚ ਕਟਹਲ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਮਿਲਣ ਲਈ ਤਾਮਿਲਨਾਡੂ ਦੇ ਕੁਡਲੋਰ ਜ਼ਿਲ੍ਹੇ ਦੇ ਪਨਰੂਤੀ ਬਲਾਕ ਦਾ ਦੌਰਾ ਕੀਤਾ ਸੀ। ਰਾਜ ਅੰਦਰ ਕਟਹਲ ਦੇ ਸਭ ਤੋਂ ਵੱਡਾ ਉਤਪਾਦਕ ਵਜੋਂ, ਇਹ ਕਸਬਾ- ਖ਼ਾਸ ਕਰਕੇ ਫਰਵਰੀ ਤੋਂ ਜੁਲਾਈ ਤੱਕ-ਕਟਹਲ ਦੀ ਪੈਦਾਵਰ ਦੇ ਸੀਜ਼ਨ ਦੌਰਾਨ- ਮਣਾਂ-ਮੂੰਹੀ ਕਟਹਲ ਦੀਆਂ ਕਤਾਰਾਂ ਨਾਲ਼ ਭਰਿਆ ਪਿਆ ਹੁੰਦਾ ਹੈ। ਫੇਰੀਵਾਲ਼ੇ ਫੁੱਟਪਾਥਾਂ ਅਤੇ ਟ੍ਰੈਫ਼ਿਕ ਜੰਕਸ਼ਨਾਂ 'ਤੇ ਲੱਗੇ ਸਟਾਲਾਂ ਤੋਂ ਫਲ਼ ਚੁੱਕਦੇ ਹਨ। ਪਨਰੂਤੀ ਕਸਬੇ ਵਿੱਚ ' ਮੰਡੀਆਂ ' ਵਜੋਂ ਕੰਮ ਕਰਨ ਵਾਲੀਆਂ ਲਗਭਗ ਦੋ ਦਰਜਨ ਦੁਕਾਨਾਂ ਇੱਥੇ 'ਥੋਕ' ਦਾ ਕਾਰੋਬਾਰ ਕਰਦੀਆਂ ਹਨ। ਹਰ ਰੋਜ਼, ਗੁਆਂਢੀ ਪਿੰਡਾਂ ਤੋਂ ਕਟਹਲ ਲੱਦੇ ਕਈ ਟਰੱਕ ਇੱਥੇ ਅਪੜਦੇ ਹਨ, ਜਿਨ੍ਹਾਂ ਨੂੰ ਚੇਨੱਈ, ਮਦੁਰਈ, ਸਲੇਮ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਤੇ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦੇ ਥੋਕ ਵਪਾਰੀਆਂ ਨੂੰ ਵੇਚਿਆ ਜਾਂਦਾ ਹੈ।

ਅਜਿਹੀ ਹੀ ਇੱਕ ਮੰਡੀ ਸੀ ਜਿੱਥੇ ਮੈਂ ਆਰ. ਵਿਜੈਕੁਮਾਰ ਨੂੰ ਮਿਲ਼ੀ, ਜਿੱਥੋਂ ਮੈਂ ਪਹਿਲੀ ਦਫ਼ਾ ਰਾਮਾਸਾਮੀ ਤੇ ਉਨ੍ਹਾਂ ਦੇ ਵਿਰਾਸਤੀ ਦਰੱਖ਼ਤ ਬਾਬਤ ਸੁਣਿਆ। ''ਉਹਨੂੰ ਜਾ ਕੇ ਮਿਲ਼ੋ, ਉਹ ਤੁਹਾਨੂੰ ਨਿੱਕੇ ਤੋਂ ਨਿੱਕਾ ਵੇਰਵਾ ਦੇਵੇਗਾ,'' ਵਿਜੈਕੁਮਾਰ ਨੇ ਮੇਰੇ ਲਈ ਚਾਹ ਖਰੀਦੀ ਤੇ ਮੇਰੇ ਵੱਲ ਹੱਥ ਵਧਾਉਂਦਿਆਂ ਮੈਨੂੰ ਬੜੇ ਭਰੋਸੇ ਨਾਲ਼ ਕਿਹਾ। ''ਉਹਨੂੰ ਆਪਣੇ ਨਾਲ਼ ਲੈ ਜਾਓ,'' ਉਨ੍ਹਾਂ ਨੇ ਅਗ਼ਲੇ ਬੈਂਚ 'ਤੇ ਬੈਠੇ ਇੱਕ ਬਜ਼ੁਰਗ ਕਿਸਾਨ ਵੱਲ ਇਸ਼ਾਰਾ ਕਰਦਿਆਂ ਕਿਹਾ।

ਮਾਲੀਗਾਮਪੱਟੂ ਕੋਈ ਪੰਜ ਕਿਲੋਮੀਟਰ ਦੂਰ ਸੀ। ਕਿਸਾਨ ਦੀਆਂ ਸਟੀਕ ਹਦਾਇਤਾਂ 'ਤੇ ਚੱਲਦੀ ਕਾਰ ਰਾਹੀਂ ਸਾਨੂੰ ਅਪੜਨ ਵਿੱਚ 10 ਮਿੰਟ ਲੱਗੇ। ''ਸੱਜੇ ਮੋੜੋ, ਉਸ ਸੜਕ ਤੋਂ ਹੇਠਾਂ ਲੱਥ ਜਾਇਓ, ਇੱਥੇ ਰੋਕੋ, ਇਹੀ ਰਾਮਾਸਾਮੀ ਦੀ ਜ਼ਮੀਨ ਹੈ,'' ਉਨ੍ਹਾਂ ਵੱਡੇ ਸਾਰੇ ਘਰ ਵੱਲ ਇਸ਼ਾਰਾ ਕਰਦਿਆਂ ਕਿਹਾ,  ਜਿਹਦੀ ਰਾਖੀ ਕਾਲ਼ੇ-ਚਿੱਟੇ ਰੰਗਾ ਬਹੁਤ ਹੀ ਖ਼ੂਬਸੂਰਤ ਕੁੱਤਾ ਬੈਠਾ ਸੀ। ਬਰਾਂਡੇ ਵਿੱਚ ਇੱਕ ਝੂਲਾ ਸੀ, ਕੁਝ ਕੁਰਸੀਆਂ ਪਈਆਂ ਸਨ, ਸਾਹਮਣੇ ਵਾਲ਼ੇ ਦਰਵਾਜ਼ੇ 'ਤੇ ਬਹੁਤ ਹੀ ਖ਼ੂਬਸੂਰਤ ਨੱਕਾਸ਼ੀ ਹੋਈ ਹੋਈ ਸੀ ਅਤੇ ਇਸ ਸਭ ਤੋਂ ਛੁੱਟ ਜੂਟ ਦੀਆਂ ਬੋਰੀਆਂ ਦਾ ਢੇਰ ਕਿਸਾਨ ਦੀ ਉਪਜ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਕੰਧਾਂ 'ਤੇ ਬੜੇ ਕਰੀਨੇ ਨਾਲ਼ ਤਸਵੀਰਾਂ, ਪੇਟਿੰਗਾਂ ਤੇ ਕਲੰਡਰ ਲਮਕ ਰਹੇ ਸਨ।

ਰਾਮਾਸਾਮੀ ਨੂੰ ਸਾਡੇ ਆਉਣ ਦੀ ਕੋਈ ਉਮੀਦ ਨਹੀਂ ਸੀ, ਪਰ ਉਨ੍ਹਾਂ ਬੜੇ ਅਦਬ ਨਾਲ਼ ਸਾਨੂੰ ਬੈਠਣ ਲਈ ਕਿਹਾ ਤੇ ਖ਼ੁਦ ਅੰਦਰੋਂ ਕਈ ਕਿਤਾਬਾਂ ਤੇ ਤਸਵੀਰਾਂ ਲੈਣ ਚਲੇ ਗਏ। ਇੱਕ ਨਾਮੀ ਮਾਹਰ ਹੋਣ ਦੇ ਨਾਤੇ, ਉਨ੍ਹਾਂ ਨੂੰ ਸਾਡੇ ਵਰਗੇ ਉਤਸੁਕ ਮੁਲਾਕਾਤੀਆਂ ਦੀ ਆਦਤ ਸੀ। ਅਪ੍ਰੈਲ ਦੀ ਨਿੱਘੀ ਦੁਪਹਿਰ ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ੇ ਤਾਂ ਉਹ ਪਲਾਸਟਿਕ ਦੀ ਕੁਰਸੀ 'ਤੇ ਬੈਠੇ ਹੋਏ ਸਨ ਤੇ ਉਨ੍ਹਾਂ ਦੇ ਐਨ ਨਾਲ਼ ਕਰਕੇ ਦੋ ਔਰਤਾਂ ਕਰੂਵਾੜੂ (ਸੁੱਕੀ ਮੱਛੀ) ਵੇਚ ਰਹੀਆਂ ਸਨ। ਉਸ ਦਿਨ ਉਨ੍ਹਾਂ ਨੇ ਮੈਨੂੰ ਕਟਹਲ ਬਾਰੇ ਇੱਕ-ਦੋ ਗੱਲਾਂ ਸਿਖਾਈਆਂ...

*****

PHOTO • Aparna Karthikeyan
PHOTO • M. Palani Kumar

ਰਾਮਾਸਾਮੀ ਕੁਡਲੋਰ ਜ਼ਿਲ੍ਹੇ ਦੇ ਪਨਰੂਤੀ ਬਲਾਕ ਦੇ ਮਾਲੀਗਾਮਪੱਟੂ ਪਿੰਡ ਵਿਖੇ ਦੁਨੀਆ ਦੇ ਸਭ ਤੋਂ ਵੱਡੇ ਫਲਾਂ ਵਿੱਚੋਂ ਇੱਕ ਕਟਹਲ ਦੀ ਕਾਸ਼ਤ ਕਰਦੇ ਹਨ। ਬਹੁਤ ਹੀ ਪੁਰਾਣਾ ਰੁੱਖ, ਆਯਿਰਮਕਾਚੀ, ਪੰਜੀ ਪੀੜ੍ਹੀਆਂ ਪਹਿਲਾਂ ਉਨ੍ਹਾਂ ਦੇ ਪੁਰਖ਼ਿਆਂ ਨੇ ਬੀਜਿਆ ਸੀ

ਸੰਸਾਰ ਦੇ ਸਭ ਤੋਂ ਵੱਡੇ ਫਲਾਂ ਵਿੱਚੋਂ ਇੱਕ, 'ਜੈਕ' (ਕਟਹਲ ਨੂੰ ਆਮ ਬੋਲਚਾਲ਼ ਦੀ ਭਾਸ਼ਾ ਵਿੱਚ ਜੈਕ/ਜੈਕਫਰੂਟ ਕਿਹਾ ਜਾਂਦਾ ਹੈ) ਦੱਖਣੀ ਭਾਰਤ ਦੇ ਪੱਛਮੀ ਘਾਟਾਂ ਦਾ ਮੂਲ਼ ਫ਼ਸਲ ਹੈ। ਇਹ ਨਾਮ ਪੁਰਤਗਾਲੀ ਸ਼ਬਦ ਜਾਕਾ ਤੋਂ ਨਿਕਲ਼ਿਆ ਹੈ। ਜੋ ਬਦਲੇ ਵਿੱਚ ਮਲਿਆਲਮ ਸ਼ਬਦ ਚੱਕਾ ਤੋਂ ਲਿਆ ਗਿਆ। ਇਹਦਾ ਵਿਗਿਆਨਕ ਨਾਮ ਥੋੜ੍ਹਾ ਔਖ਼ਾ ਹੈ: ਆਰਟੋਕਾਰਪਸ ਹੇਟੇਰੋਫਿਲਸ

ਪਰ ਇਸ ਤੋਂ ਪਹਿਲਾਂ ਕਿ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਇਸ ਕੰਡੇਦਾਰ ਹਰੇ, ਅਜੀਬ-ਦਿੱਖ ਵਾਲ਼ੇ ਫਲ ਵੱਲ ਨੂੰ ਜਾਂਦਾ, ਤਮਿਲ ਕਵੀਆਂ ਨੇ ਇਹ ਕਰ ਦਿਖਾਇਆ। ਪਾਲਾਪਾਰਮ ਕਹਾਏ ਜਾਣ ਵਾਲ਼ੇ ਇਸ ਵਿਸ਼ਾਲ ਫਲ ਨੇ 2,000 ਸਾਲ ਪਹਿਲਾਂ ਲਿਖੀਆਂ ਪ੍ਰੇਮ-ਕਵਿਤਾਵਾਂ ਵਿੱਚ ਆਪਣੀ ਨਿਰਾਲੀ ਮੌਜੂਦਗੀ ਦਰਜ ਕਰਾਈ।

ਤੇਰੀਆਂ ਸੋਹਣੀਆਂ ਅੱਖਾਂ ' ਚ ਹੰਝੂ ਦੇ
ਉਹ ਆਪਣੇ ਮਸ਼ਹੂਰ ਦੇਸ਼ ਜਾ ਮੁੜਿਆ
ਜਿੱਥੇ ਪਹਾੜੀਆਂ ਕਟਹਲ ਦੇ ਰੁੱਖਾਂ ਨਾਲ਼ ਘਿਰੀਆਂ
ਤੇ ਉਹਦੇ ਮੋਟੇ ਮੋਟੇ ਮਹਿਕਦੇ ਫਲ
ਸ਼ਹਿਦ ਦੇ ਛੱਤਿਆਂ ਨੂੰ ਪਾੜੀ
ਪਹਾੜੀ ਦਰਾੜਾਂ ' ਚੋਂ ਹੇਠਾਂ ਡਿੱਗਦੇ ਨੇ

ਆਇਨਕੁਰੂਨੌਰੂ-214 , ਸੰਗਮ ਕਵਿਤਾ

ਇੱਕ ਹੋਰ ਆਇਤ ਵਿੱਚ, ਜਿਹਨੂੰ ਅਨੁਵਾਦਕ ਸੇਂਥਿਲ ਨਾਥਨ ''ਕਪਿਲਰ ਦੀ ਨਿਵੇਕਲੀ ਕਵਿਤਾ'' ਕਿਹਾ ਹੈ, ਇੱਕ ਵਿਸ਼ਾਲ ਤੇ ਪੱਕ ਰਹੇ ਕਟਹਲ ਦੀ ਤੁਲਨਾ ਪਿਆਰ ਦੇ ਪਕੇਰੇ ਹੁੰਦੇ ਜਾਣ ਨਾਲ਼ ਕੀਤੀ ਹੈ।

ਇੱਕ ਮਲੂਕ ਟਹਿਣੀ ' ਤੇ ਲਮਕੇ ਵੱਡੇ ਫਲ ਵਾਂਗਰ, ਉਸਦਾ ਜੀਵਨ ਜਿੰਨਾ ਵੀ ਮਲੂਕ
ਕਿਉਂ ਨਾ ਹੋਵੇ ਪਰ ਉਸ ਅੰਦਰ ਪਿਆਰ ਅਥਾਹ ਹੈ
!

ਕੁਰੂਨਤੋਕਈ-18 , ਸੰਗਮ ਕਵਿਤਾ

ਕੇ.ਟੀ. ਅਚਾਰਿਆ ਇੰਡੀਅਨ ਫੂਡ : ਏ ਹਿਸਟੋਰੀਕਲ ਕੰਪੈਨੀਅਨ ਵਿੱਚ ਦੱਸਦੇ ਹਨ ਕਿ ਲਗਭਗ 400 ਈਸਾ ਪੂਰਵ ਦੇ ਬੋਧੀ ਅਤੇ ਜੈਨ ਸਾਹਿਤ ਵਿੱਚ ਕੇਲੇ, ਅੰਗੂਰ ਅਤੇ ਨਿੰਬੂ ਜਿਹੇ ਫਲਾਂ ਦੇ ਨਾਲ਼ ਨਾਲ਼ ਕਟਹਲ ਦਾ ਵੀ ਜ਼ਿਕਰ ਕਰਦਾ ਹੈ।

PHOTO • M. Palani Kumar

ਬਾਗ਼ ਦੇ ਐਨ ਵਿਚਕਾਰ, ਨੱਚਦੇ ਪਰਛਾਵਿਆਂ ਦਰਮਿਆਨ, ਰਾਮਾਸਾਮੀ ਰੁਕਦੇ ਹਨ ਤੇ ਇਨ੍ਹਾਂ ਪ੍ਰਾਚੀਨ ਰੁੱਖਾਂ ਦੀ ਅਲੱਗ ਦੀ ਦੁਨੀਆ ਵਿੱਚ ਗੁਆਚ ਜਾਂਦੇ ਹਨ

ਫਿਰ ਆਈ 16ਵੀਂ ਸਦੀ। ਅਚਾਰਿਆ ਲਿਖਦੇ ਹਨ ਕਿ ਉਸ ਸਮੇਂ ਸਮਰਾਟ ਬਾਬਰ (ਡਾਇਰੀ ਲੇਖਣ ਲਈ ਮਸ਼ਹੂਰ) ਨੇ ਹਿੰਦੂਸਤਾਨੀ ਫਲਾਂ ਦਾ ''ਸਟੀਕ ਵਰਣਨ'' ਕੀਤਾ ਸੀ। ਉਨ੍ਹਾਂ ਦੀ ਲੇਖਣੀ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਟਹਲ ਕੋਈ ਬਹੁਤਾ ਪਸੰਦ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਇਹਦੀ ਤੁਲਨਾ ਭੇਡ ਦੇ ਢਿੱਡ ਨੂੰ ਭਰ ਕੇ ਬਣਾਏ ਗਏ ਇੱਕ ਪਕਵਾਨ ਗਿਪਾ (ਹੈਗਿਸ, ਜੋ ਪੁਡਿੰਗ ਜਿਹਾ ਹੁੰਦਾ ਹੈ) ਨਾਲ਼ ਕੀਤੀ ਹੈ ਅਤੇ ਉਹਨੂੰ ''ਬੀਮਾਰ ਕਰ ਸੁੱਟਣ ਦੀ ਹੱਦ ਤੱਕ ਮਿੱਠਾ'' ਕਿਹਾ ਹੈ।

ਤਮਿਲਨਾਡੂ ਵਿੱਚ ਇਹ ਅੱਜ ਵੀ ਇੱਕ ਹਰਮਨਪਿਆਰਾ ਫਲ ਹੈ। ਤਮਿਲ ਭਾਸ਼ਾ ਵਿੱਚ ਬੁਝਾਰਤਾਂ ਤੇ ਅਖਾਉਤਾਂ ਵਿੱਚ ਮੁਕੱਨੀ ਭਾਵ ਤਮਿਲ ਪ੍ਰਦੇਸ਼ ਦੇ ਤਿੰਨੋਂ ਫਲਾਂ: ਮਾ, ਪਲਾ, ਵਾਰਈ (ਅੰਬ, ਕਟਹਲ, ਕੇਲਾ) ਦੀ ਮਿਠਾਸ ਹੈ। ਇਰਾ। ਪੰਚਵਰਣਮ ਨੇ 'ਪਲਾ ਮਰਮ: ਦਿ ਕਿੰਗ ਆਫ਼ ਫਰੂਟਸ', ਜੋ ਕਟਹਲ 'ਤੇ ਲਿਖੀ ਗਈ ਜ਼ਿਕਰਯੋਗ ਕਿਤਾਬ, ਵਿੱਚ ਕਈ ਹੋਰ ਅਖਾਉਤਾਂ ਦਾ ਵੀ ਜ਼ਿਕਰ ਕੀਤਾ ਹੈ। ਇੱਕ ਸਤਰ ਕਹਿੰਦੀ ਹੈ:

ਮੁੱਲੁਕੁੱਲੇ ਮੁੱਤੁਕੁਲਈਯਮ। ਅਧਿ ਏਨਾ ? ਪਲਾਪੜਮ।
(ਇੱਕ ਅਜਿਹੀ ਫ਼ਸਲ ਜੋ ਕੰਡਿਆਂ ਵਿੱਚ ਘਿਰਿਆ ਮੋਤੀ ਹੈ। ਉਹ ਕੀ ਹੈ? ਕਟਹਲ।)

ਹਾਲੀਆ ਸਮੇਂ ਫਲ ਨੂੰ ਪ੍ਰੈੱਸ ਵਿੱਚ ਕਾਫ਼ੀ ਚਰਚਾ ਮਿਲ਼ੀ ਹੈ। ਇੰਟਰਨੈਸ਼ਨਲ ਜਰਨਲ ਆਫ਼ ਫੂਡ ਸਾਇੰਸ ਵਿੱਚ 2019 ਵਿੱਚ ਪ੍ਰਕਾਸ਼ਤ ਇੱਕ ਪੇਪਰ ਵਿੱਚ ਆਰਐੱਸਐੱਸਐੱਨ. ਰਾਣਾਸਿੰਘੇ ਕਹਿੰਦੇ ਹਨ,''ਰਵਾਇਤੀ ਦਵਾਈਆਂ ਵਿੱਚ ਕਟਹਲ ਦੇ ਰੁੱਖ ਦੇ ਕਈ ਹਿੱਸਿਆਂ, ਜਿਸ ਵਿੱਚ ਫਲ, ਪੱਤੇ ਤੇ ਛਿੱਲੜ ਸ਼ਾਮਲ ਹਨ, ਦਾ ਕਾਫ਼ੀ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਉਸ ਵਿੱਚ ਕੈਂਸਰ-ਰੋਧੀ ਕਾਰਕ, ਬੈਕਟੀਰੀਆ ਅਤੇ ਫੰਗਲ ਲਾਗ ਨੂੰ ਰੋਕਣ ਵਾਲ਼ੇ, ਦਰਦ-ਨਿਵਾਰਕ ਅਤੇ ਹਾਇਪੋਗਲਾਇਸੇਮਿਕ ਅਸਰਾਤ (ਸ਼ੂਗਰ ਤੋਂ ਬਚਾਅ ਵਿੱਚ ਸਮਰੱਥ) ਹੁੰਦੇ ਹਨ। ਅਤੇ ਫਿਰ ਵੀ, ਇਸ ਨੂੰ "ਉਨ੍ਹਾਂ ਖੇਤਰਾਂ ਵਿਚ ਵਪਾਰਕ ਪੈਮਾਨੇ ਦੀ ਪ੍ਰੋਸੈਸਿੰਗ ਵਿਚ ਘੱਟ ਵਰਤਿਆ ਜਾਂਦਾ ਹੈ ਜਿੱਥੇ ਇਸ ਨੂੰ ਉਗਾਇਆ ਜਾਂਦਾ ਹੈ।''

*****

PHOTO • M. Palani Kumar
PHOTO • M. Palani Kumar

ਖੱਬੇ : ਰਾਮਾਸਾਮੀ ਦੇ ਬਾਗ਼ ਵਿੱਚ ਲੱਗਿਆ ਕਟਹਲ ਦਾ ਛੋਟਾ ਰੁੱਖ। ਸੱਜੇ : ਕੰਡੇਦਾਰ ਹਰੇ ਫਲ ਰੁੱਖਾਂ ਨਾਲ਼ ਲਮਕਣ ਲੱਗਦੇ ਹਨ ਅਤੇ ਜਦੋਂ ਕਟਹਲ ਦਾ ਸੀਜ਼ਨ ਆਉਂਦਾ ਹੈ ਤਾਂ ਪੂਰਾ ਤਣਾ ਫਲਾਂ ਨਾਲ਼ ਢੱਕਿਆ ਜਾਂਦਾ ਹੈ

ਤਮਿਲਨਾਡੂ ਦੇ ਕਡਲੂਰ ਜ਼ਿਲ੍ਹੇ ਦਾ ਪਨਰੂਤੀ ਬਲਾਕ ਕਟਹਲ ਦੀ ਰਾਜਧਾਨੀ ਹੈ। ਕਟਹਲ ਤੇ ਉਹਦੇ ਭੂਗੋਲ ਬਾਰੇ ਰਾਮਾਸਾਮੀ ਦੀ ਜਾਣਕਾਰੀ ਕਾਫ਼ੀ ਡੂੰਘੀ ਹੈ। ਯਾਨਿ ਜਿੱਥੇ ਪਾਣੀ ਦਾ ਪੱਧਰ ਜ਼ਮੀਨ ਤੋਂ 50 ਫੁੱਟ ਹੇਠਾਂ ਰਹਿੰਦਾ ਹੈ। ਜੇ ਇਹ ਮੀਂਹ ਨਾਲ਼ ਵੱਧਦਾ ਹੈ ਤਾਂ ਬਹੁਤੇ ਮੀਂਹ ਨਾਲ਼ ਉਹਦੀਆਂ ਮੁੱਖ ਮੋਟੀਆਂ ਜੜ੍ਹਾਂ ਸੜ ਵੀ ਜਾਂਦੀਆਂ ਹਨ। ''ਕਾਜੂ ਅਤੇ ਅੰਬ ਦੇ ਰੁੱਖ ਪਾਣੀ ਸੋਖ ਸਕਦੇ ਹਨ, ਪਰ ਕਟਹਲ ਦਾ ਰੁੱਖ ਨਹੀਂ। ਜੇ ਹੜ੍ਹ ਆਇਆ ਤਾਂ ਸਮਝੋ ਰੁੱਖ ਗਿਆ।''

ਉਨ੍ਹਾਂ ਦੇ ਅਨੁਮਾਨ ਮੁਤਾਬਕ, ਉਨ੍ਹਾਂ ਦੇ ਪਿੰਡ ਮਾਲੀਗਾਮਪੱਟੂ ਤੋਂ ਕਰੀਬ 20 ਕਿਲੋਮੀਟਰ ਦੇ ਘੇਰੇ ਅੰਦਰ ਆਉਣ ਵਾਲ਼ੇ ਖੇਤੀ ਖਿੱਤੇ ਦੇ ਇੱਕ-ਚੌਥਾਈ ਹਿੱਸੇ 'ਤੇ ਕਟਹਲ ਦੀ ਖੇਤੀ ਕੀਤੀ ਜਾਂਦੀ ਹੈ। ਤਮਿਲਨਾਡੂ ਸਰਕਾਰ ਦੇ 2022-23 ਦੇ ਐਗਰੀਕਲਚਰ ਪਾਲਿਸੀ ਨੋਟ ਮੁਤਾਬਕ, ਰਾਜ ਵਿੱਚ 3.180 ਹੈਕਟੇਅਰ ਇਲਾਕੇ ਵਿੱਚ ਕਟਹਲ ਉਗਾਇਆ ਜਾਂਦਾ ਹੈ। ਜਿਨ੍ਹਾਂ ਵਿੱਚ 718 ਹੈਕਟੇਅਰ ਇਲਾਕਾ ਕਡਲੂਰ ਜ਼ਿਲ੍ਹੇ ਵਿੱਚ ਆਉਂਦਾ ਹੈ।

ਸਾਲ 2020-21 ਦਰਮਿਆਨ, ਭਾਰਤ ਦੀ 191,000 ਹੈਕਟੇਅਰ ਜ਼ਮੀਨ 'ਤੇ ਕਟਹਲ ਦੀ ਖੇਤੀ ਕੀਤੀ ਗਈ ਸੀ। ਕਡਲੂਰ ਭਾਵੇਂ ਇੱਕ ਛੋਟਾ ਜਿਹਾ ਜ਼ਿਲ੍ਹਾ ਹੋਵੇ, ਪਰ ਇਸ ਇਲਾਕੇ ਅੰਦਰ ਕਟਹਲ ਇੱਕ ਅਹਿਮ ਫ਼ਸਲ ਹੈ ਤੇ ਤਮਿਲਨਾਡੂ ਵਿਖੇ ਉਗਣ ਵਾਲ਼ੇ ਹਰ ਚਾਰ ਕਟਹਲਾਂ ਵਿੱਚੋਂ ਇੱਕ ਕਟਹਲ ਇੱਥੇ ਹੀ ਪੈਦਾ ਹੁੰਦਾ ਹੈ।

ਇੱਕ ਪਲਾ ਮਰਮ ਦੀ ਕੀਮਤ (ਆਰਥਿਕ) ਕੀ ਹੈ? ਰਾਮਾਸਾਮੀ ਇਹਦੇ ਬਾਰੇ ਕੁਝ ਜਾਣਕਾਰੀਆਂ ਦਿੰਦੇ ਹਨ। ਉਹ ਕਹਿੰਦੇ ਹਨਕਿ 15 ਜਾਂ 20 ਸਾਲ ਪੁਰਾਣੇ ਇੱਕ ਰੁੱਖ ਲਈ ਪਟੇ ਦੀ ਰਕਮ ਕਰੀਬ 12,500 ਰੁਪਏ ਸਲਾਨਾ ਹੈ। ''ਪੰਜ ਸਾਲ ਪੁਰਾਣੇ ਰੁੱਖਾਂ ਨੂੰ ਇਹ ਕੀਮਤ ਨਹੀਂ ਮਿਲ਼ ਸਕਦੀ। ਉਸ ਨੂੰ ਸਿਰਫ਼ 3 ਜਾਂ 4 ਫਲ ਹੀ ਲੱਗਣਗੇ। ਖ਼ੈਰ ਵੈਸੇ 40 ਸਾਲ ਪੁਰਾਣੇ ਰੁੱਕ ਨੂੰ 50 ਤੋਂ ਵੱਧ ਫਲ ਲੱਗਦੇ ਹਨ।

ਜਿਓਂ ਜਿਓਂ ਰੁੱਖ ਦੀ ਉਮਰ ਵੱਧਦੀ ਹੈ ਉਹਦੀ ਪੈਦਾਵਾਰ ਵੀ ਵੱਧਦੀ ਜਾਂਦੀ ਹੈ।

ਹਰ ਇੱਕ ਰੁੱਖ ਦੇ ਹਿਸਾਬੇ ਹੋਣ ਵਾਲ਼ੀ ਕਮਾਈ ਦਾ ਮੁਲਾਂਕਣ ਕਰਨਾ ਥੋੜ੍ਹਾ ਪੇਚੀਦਾ ਕੰਮ ਵੀ ਹੈ ਤੇ ਅਨਿਸ਼ਚਿਤ ਵੀ। ਉਸ ਦਿਨ ਪਨਰੂਤੀ ਵਿਖੇ ਕਿਸਾਨਾਂ ਦੀ ਇੱਕ ਮੰਡਲੀ ਨੇ ਲੇਖੇ-ਜੋਖਾ ਕਰਦੇ ਹੋਏ ਦੱਸਿਆ ਕਿ ਕੁੱਲ ਮਿਲ਼ਾ ਕੇ ਹਰ 100 ਰੁੱਖਾਂ ਤੋਂ ਉਹ 2 ਤੋਂ 2.5 ਲੱਖ ਰੁਪਏ ਕਮਾ ਲੈਂਦੇ ਹਨ। ਇਸ ਪੈਸੇ ਵਿੱਚੋਂ 50-70 ਹਜ਼ਾਰ ਰੁਪਏ ਖਾਦ, ਕੀਟਨਾਸ਼ਕਾਂ, ਮਜ਼ਦੂਰੀ, ਢੋਆ-ਢੁਆਈ ਤੇ ਕਮਿਸ਼ਨ ਆਦਿ ਵਿੱਚ ਖੱਪ ਜਾਂਦੇ ਹਨ।

ਰਾਮਾਸਾਮੀ ਦੇ ਐਲਬਮ ਵਿੱਚ ਰਖੀ ਮਲੀਗਾਮੀਪੱਟੂ ਦੇ 200 ਸਾਲਾ ਆਯਿਰਮਕਾਚੀ ਦੀਆਂ ਤਸਵੀਰਾਂ

ਫਿਰ ਵੀ, ਅਜੇ ਕੁਝ ਇਹ ਗੱਲ ਡਾਵਾਂਡੋਲ ਹੀ ਹੈ ਕਿ ਇੱਕ ਰੁੱਖ ਨੂੰ ਕਿੰਨੇ ਫਲ ਲੱਗਣਗੇ, ਇੱਕ ਫਲ ਦੀ ਕੀਮਤ ਕਿੰਨੀ ਹੋਵੇਗੀ ਤੇ ਇੱਕ ਟਨ ਉਤਪਾਦ ਕਿੰਨੇ ਵਿੱਚ ਵਿਕੇਗਾ, ਇਨ੍ਹਾਂ ਸਾਰਿਆਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਰ, ਇੱਕ ਫਲ 150 ਤੋਂ 500 ਰੁਪਏ ਵਿੱਚ ਵਿੱਕਦਾ ਹੈ, ਜੋ ਪੈਦਾਵਾਰ ਦੇ ਮੌਸਮ 'ਤੇ ਵੀ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ, ਉਹਦੇ ਅਕਾਰ 'ਤੇ ਵੀ ਬੜਾ ਕੁਝ ਨਿਰਭਰ ਕਰਦਾ ਹੈ। ਜਿਹਦਾ ਵਜ਼ਨ 'ਆਮ ਤੌਰ 'ਤੇ' (ਪਨਰੂਤੀ ਦੇ ਫਲਾਂ ਲਈ) 8-15 ਕਿਲੋ ਵਿਚਾਲੇ ਡੋਲਦਾ ਹੁੰਦਾ ਹੈ, ਜਦੋਂ ਕਿ ਕੁਝ 50 ਕਿਲੋ ਤੱਕ ਭਾਰੇ ਵੀ ਹੁੰਦੇ ਹਨ। ਕਈ ਵਾਰੀਂ ਤਾਂ ਭਾਰ 80 ਕਿਲੋ ਤੱਕ ਚਲਾ ਜਾਂਦਾ ਹੈ। ਅਪ੍ਰੈਲ 2022 ਵਿੱਚ ਇੱਕ ਟਨ ਕਟਹਲ ਦੀ ਕੀਮਤ 30,000 ਰੁਪਏ ਸੀ ਤੇ ਆਮ ਤੌਰ 'ਤੇ (ਸਦਾ ਨਹੀਂ) ਇੱਕ ਟਨ ਵਿੱਚ ਸੌ ਫਲ ਸ਼ਾਮਲ ਹੁੰਦੇ ਹਨ।

ਇਹਦੀ ਲੱਕੜ ਵੀ ਬੜੀ ਬੇਸ਼ਕੀਮਤੀ ਹੁੰਦੀ ਹੈ। ਰਾਮਾਸਾਮੀ ਦੱਸਦੇ ਹਨ ਕਿ 40 ਸਾਲ ਪੁਰਾਣੇ ਇੱਕ ਰੁੱਖ ਦੀ ''ਲੱਕੜਾਂ ਵੇਚਣ 'ਤੇ 40,000 ਰੁਪਏ ਦੀ ਕਮਾਈ ਹੁੰਦੀ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਕਟਹਲ ਦੀ ਲੱਕੜ ਸਭ ਤੋਂ ਚੰਗੀ ਹੁੰਦੀ ਹੈ। ਇਹ ਮਜ਼ਬੂਤ ਤੇ ਪਾਣੀ ਰੋਧਕ ਹੁੰਦੀ ਹੈ। ਇੱਥੋਂ ਤੱਕ ਕਿ ਇਹ ''ਸਾਗਵਾਨ ਨਾਲ਼ੋਂ ਵੀ ਬਿਹਤਰ'' ਹੈ। ਚੰਗੀ ਲੱਕੜ ਵਾਸਤੇ ਇੱਕ ਰੁੱਖ ਦਾ ਛੇ ਫੁੱਟ ਉੱਚਾ, ਮੋਟਾ (ਆਪਣੇ ਹੱਥਾਂ ਨੂੰ ਦੋ ਫੁੱਟ ਫੈਲਾ ਕੇ ਦਿਖਾਉਂਦੇ ਹੋਏ) ਹੋਣਾ ਚਾਹੀਦਾ ਹੈ ਤੇ ਇਹ ਵੀ ਦੇਖਣਾ ਹੁੰਦਾ ਹੈ ਕਿ ਉਸ ਵਿੱਚ ਕੋਈ ਕਮੀ ਨਾ ਹੋਵੇ। ਜੇ ਉਹਦੀਆਂ ਟਹਿਣੀਆਂ ਚੰਗੀਆਂ ਹੋਣ ਤਾਂ ਉਸ ਨਾਲ਼ ਖਿੜਕੀਆਂ ਬਣ ਸਕਦੀਆਂ ਹੁੰਦੀਆਂ ਹਨ। ਰਾਮਾਸਾਮੀ ਆਪਣੇ ਮਗਰ ਇੱਕ ਖਿੜਕੀ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ,''ਜਿਵੇਂ ਦੇਖੋ ਇਹ ਖਿੜਕੀ।'' ਇਸ ਨਾਲ਼ ਉਹਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ।

ਉਨ੍ਹਾਂ ਦੇ ਪੁਰਖਿਆਂ ਨੇ ਜਿਹੜਾ ਘਰ ਬਣਵਾਇਆ ਸੀ ਉਸ ਦੇ ਮੁੱਖ ਬੂਹੇ ਦੀ ਚੁਗਾਠ ਕਟਹਲ ਦੇ ਰੁੱਖ ਦੀ ਲੱਕੜ ਦੀ ਬਣੀ ਸੀ। ਸਾਡੇ ਠੀਕ ਮਗਰਲਾ ਨੱਕਾਸ਼ੀਦਾਰ ਬੂਹਾ ਉਨ੍ਹਾਂ ਦੇ ਖੇਤ ਦੀ ਸਾਗਵਾਨ ਲੱਕੜ ਤੋਂ ਬਣਿਆ ਹੈ। ਇਹ ਉਨ੍ਹਾਂ ਦਾ ਨਵਾਂ ਘਰ ਹੈ, ਜਿੱਥੇ ਉਹ ਹੁਣ ਰਹਿੰਦੇ ਹਨ। ਉਹ ਦੱਸਦੇ ਹਨ,''ਪੁਰਾਣਾ ਬੂਹਾ ਅੰਦਰਲੇ ਪਾਸੇ ਹੈ।'' ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਦੋ ਮੋਟੀਆਂ ਚੁਗਾਠਾਂ ਦਿਖਾਈਆਂ ਜੋ ਸਮੇਂ ਦੇ ਨਾਲ਼ ਕਮਜ਼ੋਰ ਪੈ ਗਈਆਂ ਸਨ, ਉਨ੍ਹਾਂ ਦੀਆਂ ਛਿਲਤਰਾਂ ਨਿਕਲ਼ ਆਈਆਂ ਸਨ ਤੇ ਉਨ੍ਹਾਂ ਨੂੰ ਘਰ ਦੇ ਮਗਰਲੇ ਪਾਸੇ ਰੱਖਿਆ ਗਿਆ ਸੀ। ਉਹ ਥੋੜ੍ਹੇ ਫ਼ਖਰ ਨਾਲ਼ ਦੱਸਦੇ ਹਨ,''ਇਹ 175 ਸਾਲ ਪੁਰਾਣੇ ਹਨ।''

ਉਸ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਇੱਕ ਪੁਰਾਣਾ ਕੰਜੀਰਾ- ਕਟਹਲ ਦੀ ਲੱਕੜ ਤੋਂ ਬਣਿਆ ਸਾਜ਼-ਦਿਖਾਇਆ। ਉਹਦੇ ਕਿਨਾਰਿਆਂ 'ਤੇ ਛੈਣੇ ਲੱਗੇ ਸਨ। ਜਿਸ ਵਿੱਚ ਸਿਲੰਡਰ ਦੇ ਅਕਾਰ ਵਾਲ਼ੇ ਮੂੰਹ ਦੇ ਇੱਕ ਪਾਸੇ ਉਡੁੰਬੁ ਤੋਲ (ਗੋਹ ਦੀ ਚਮੜੀ) ਲੱਗੀ ਹੁੰਦੀ ਹੈ। ਕਟਹਲ ਦੀ ਲੱਕੜ ਨਾਲ਼ ਮ੍ਰਿਦੰਗ ਤੇ ਵੀਣਾ ਜਿਹੇ ਹੋਰ ਸੰਗੀਤ ਸਾਜ ਵੀ ਬਣਾਏ ਜਾਂਦੇ ਹਨ। ਰਾਮਾਸਾਮੀ ਆਪਣੇ ਹੱਥ ਵਿੱਚ ਕੰਜੀਰਾ ਫੜ੍ਹਦੇ ਹੋਏ ਕਹਿੰਦੇ ਹਨ,''ਇਹ ਪੁਰਾਣਾ ਵਾਲ਼ਾ ਸਾਜ ਮੇਰੇ ਪਿਤਾ ਦਾ ਹੈ।'' ਛੈਣਿਆਂ ਤੋਂ ਮੱਠੀ ਤੇ ਮਿੱਠੀ ਅਵਾਜ਼ ਨਿਕਲ਼ਦੀ ਹੈ।

ਰੁੱਖਾਂ ਤੇ ਫ਼ਸਲਾਂ ਬਾਰੇ ਵਿਆਪਕ ਗਿਆਨ ਰੱਖਣ ਤੋਂ ਇਲਾਵਾ ਰਾਮਾਸਾਮੀ ਇੱਕ ਮੁਦਰਾ-ਸ਼ਾਸਤਰੀ ਵੀ ਹਨ। ਉਹ ਸਿੱਕੇ ਜਮ੍ਹਾ ਕਰਦੇ ਹਨ। ਉਹ ਆਪਣੇ ਨਾਲ਼ ਲਿਆਂਦੀਆਂ ਉਨ੍ਹਾਂ ਕਿਤਾਬਾਂ ਨੂੰ ਦਿਖਾਉਂਦੇ ਹਨ ਜਿਨ੍ਹਾਂ ਅੰਦਰ ਉਨ੍ਹਾਂ ਨੇ ਸਾਲ ਤੇ ਦੁਰਲਭਤਾ ਮੁਤਾਬਕ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਉਨ੍ਹਾਂ ਸਿੱਕਿਆਂ ਨੂੰ ਦਿਖਾਇਆ ਜਿਨ੍ਹਾਂ ਨੂੰ ਖਰੀਦਣ ਬਦਲੇ ਲੋਕੀਂ 65,000 ਅਤੇ 85,000 ਰੁਪਏ ਤੱਕ ਦੇਣ ਨੂੰ ਰਾਜ਼ੀ ਸਨ। ਉਹ ਮੁਸਕਰਾ ਕੇ ਕਹਿੰਦੇ ਹਨ,''ਪਰ ਮੈਂ ਇਨ੍ਹਾਂ ਨੂੰ ਵੇਚਿਆ ਨਹੀਂ।'' ਜਦੋਂ ਮੈਂ ਉਨ੍ਹਾਂ ਸਿੱਕਿਆਂ ਦੀ ਤਾਰੀਫ਼ ਕਰ ਰਹੀ ਸਾਂ ਤਦ ਉਨ੍ਹਾਂ ਦੀ ਪਤਨੀ ਨੇ ਨਮਕੀਨ ਦੀ ਪਲੇਟ ਮੇਰੇ ਵੱਲ ਵਧਾ ਦਿੱਤੀ। ਪਲੇਟ ਵਿੱਚ ਲੂਣੇ ਕਾਜੂ ਤੇ ਏਲੰਦ ਪੜਮ (ਭਾਰਤੀ ਬੇਰ) ਸਨ। ਉਹ ਬੜੇ ਸੁਆਦੀ, ਲੂਣੇ ਤੇ ਖੱਟੇ ਸਨ। ਮੁਲਾਕਾਤ ਦੀਆਂ ਬਾਕੀ ਚੀਜ਼ਾਂ ਵਾਂਗਰ ਚਾਹ-ਪਾਣੀ ਵੀ ਤਸੱਲੀਬਖ਼ਸ਼ ਰਿਹਾ।

*****

PHOTO • M. Palani Kumar

ਕਟਹਲ ਤੋੜਨ ਦੀ ਪ੍ਰਕਿਰਿਆ ਪੇਚੀਦਾ ਤੇ ਕਲਾ ਦੀ ਮੰਗ ਕਰਦੀ ਹੈ। ਇੱਕ ਵੱਡੇ ਫਲ ਤੱਕ ਪਹੁੰਚ ਬਣਾਉਣ ਲਈ ਖੇਤ ਮਜ਼ਦੂਰ ਰੁੱਖ 'ਤੇ ਚੜ੍ਹਦਾ ਹੋਇਆ

PHOTO • M. Palani Kumar

ਜਦੋਂ ਫਲ ਤਿਆਰ ਹੋ ਜਾਂਦੇ ਹਨ ਤੇ ਉਚਾਈ 'ਤੇ ਲਮਕ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੱਟ ਕੇ ਰੱਸੀ ਸਹਾਰੇ ਮਲ੍ਹਕੜੇ ਜਿਹੇ ਹੇਠਾਂ ਲਾਇਆ ਜਾਂਦਾ ਹੈ

ਉਨ੍ਹਾਂ ਨੇ ਇੱਕ ਜਾਣਕਾਰ ਨੂੰ ਆਯਿਰਮਕਾਚੀ ਪਟੇ 'ਤੇ ਦਿੱਤਾ ਹੈ। ਉਹ ਹੱਸਦਿਆਂ ਕਹਿੰਦੇ ਹਨ,''ਪਰ ਅਸੀਂ ਫ਼ਸਲ ਦਾ ਕੁਝ ਹਿੱਸਾ ਆਪਣੇ ਕੋਲ਼ ਰੱਖ ਲਈਏ ਤਾਂ ਉਨ੍ਹਾਂ ਨੂੰ ਕੋਈ ਹਿਰਖ ਨਹੀਂ ਹੋਵੇਗਾ। ਭਾਵੇਂ ਚਾਹੀਏ ਤਾਂ ਪੂਰਾ ਵੀ ਰੱਖ ਸਕਦੇ ਹਾਂ। ਹਾਲਾਂਕਿ, ਇਹਨੂੰ ਆਯਿਰਮਕਾਚੀ (1000 ਫਲਾਂ ਵਾਲ਼ਾ) ਕਿਹਾ ਜਾਂਦਾ ਹੈ, ਪਰ ਉਹਦੀ ਸਲਾਨਾ ਫ਼ਸਲ ਉਸ ਨਾਲ਼ੋਂ ਇੱਕ ਤਿਹਾਈ ਅਤੇ ਪੰਜਵੇਂ ਹਿੱਸੇ ਦੇ ਵਿਚਾਲੇ ਹੁੰਦੀ ਹੈ। ਪਰ ਇਹ ਮਸ਼ਹੂਰ ਰੁੱਖ ਹੈ ਤੇ ਇਹਦੇ ਫਲਾਂ ਦੀ ਮੰਗ ਬੜੀ ਜ਼ਿਆਦਾ ਹੈ। ਇਹਦੇ ਕਿਸੇ ਵੀ ਇੱਕ ਦਰਮਿਆਨ ਅਕਾਰ ਦੇ ਫਲ ਵਿੱਚ ਕਰੀਬ ਦੋ ਸੌ ਫਲੀਆਂ ਹੁੰਦੀਆਂ ਹਨ। ਰਾਮਾਸਾਮੀ ਬੜੇ ਚਾਅ ਨਾਲ਼ ਦੱਸਦੇ ਹਨ,''ਇਹ ਫਲ ਖਾਣ ਵਿੱਚ ਸੁਆਦੀ ਤੇ ਪਕਾਉਣ ਲਈ ਹੋਰ ਵੀ ਉੱਤਮ ਹੁੰਦੇ ਹਨ।''

ਆਮ ਤੌਰ 'ਤੇ ਇੱਕ ਰੁੱਖ ਜਿੰਨਾ ਪੁਰਾਣਾ ਹੁੰਦਾ ਹੈ, ਉਹਦੀ ਟਹਿਣੀਆਂ ਓਨੀਆਂ ਹੀ ਮੋਟੀਆਂ ਤੇ ਉਸ 'ਤੇ ਓਨਾ ਹੀ ਵੱਧ ਫਲ਼ ਲੱਗਦੇ ਹਨ। ਰਾਮਾਸਾਮੀ ਕਹਿੰਦੇ ਹਨ,''ਰੁੱਖਾਂ ਦੀ ਦੇਖਭਾਲ਼ ਕਰਨ ਵਾਲ਼ੇ ਇਹ ਜਾਣਦੇ ਹਨ ਕਿ ਵੱਡੇ ਫਲ ਲਈ ਉਹਦੀਆਂ ਟਹਿਣੀਆਂ 'ਤੇ ਵੱਧ ਤੋਂ ਵੱਧ ਕਿੰਨੇ ਫਲ ਲੱਗੇ ਹੋਣੇ ਚਾਹੀਦੇ ਹਨ। ਜੇ ਕਿਸੇ ਨਵੇਂ ਰੁੱਖ 'ਤੇ ਬਹੁਤੇ ਫਲ ਲੱਗੇ ਹੋਣ, ਤਾਂ ਉਹ ਸਾਰੇ ਹੀ ਛੋਟੇ ਹੀ ਰਹਿਣਗੇ। ਫਲ ਦਾ ਅਕਾਰ ਦੱਸਣ ਲਈ ਉਹ ਹੱਥਾਂ ਨੂੰ ਇੰਝ ਨੇੜੇ ਲਿਆਉਂਦੇ ਹਨ ਜਿਓਂ ਨਾਰੀਅਲ ਫੜ੍ਹਿਆ ਹੋਵੇ। ਆਮ ਤੌਰ 'ਤੇ ਕਟਹਲ ਉਗਾਉਣ ਲਈ ਕਿਸਾਨ ਦਵਾਈਆਂ ਦਾ ਛਿੜਕਾਅ ਕਰਦੇ ਹਨ। ਰਾਮਾਸਾਮੀ ਦੱਸਦੇ ਹਨ ਕਿ ਇੰਝ ਅਸੰਭਵ ਤਾਂ ਨਹੀਂ ਹੈ, ਪਰ 100 ਫ਼ੀਸਦ ਜੈਵਿਕ ਤਰੀਕੇ ਨਾਲ਼ ਫਸਲ ਤਿਆਰ ਕਰਨਾ ਬੜਾ ਔਖ਼ਾ ਹੈ।

''ਜੇ ਅਸੀਂ ਇੱਕ ਵੱਡੇ ਸਾਰੇ ਰੁੱਖ 'ਤੇ ਬਹੁਤ ਥੋੜ੍ਹੇ ਜਿਹੇ ਫਲ ਲੱਗਣ ਲਈ ਛੱਡੀਏ ਤਾਂ ਹਰ ਕਟਹਲ ਬੜਾ ਵੱਡਾ ਤੇ ਭਾਰਾ ਹੋਊਗਾ। ਪਰ ਇਸ ਵਿੱਚ ਖਤਰਾ ਵੀ ਬੜਾ ਹੈ। ਉਸ 'ਤੇ ਕੀਟਾਂ ਦਾ ਹਮਲਾ ਹੋ ਸਕਦਾ ਹੈ, ਮੀਂਹ ਨਾਲ਼ ਉਹ ਖਰਾਬ ਹੋ ਸਕਦਾ ਹੈ ਜਾਂ ਤੂਫ਼ਾਨ ਨਾਲ਼ ਡਿੱਗ ਵੀ ਸਕਦਾ ਹੈ। ਅਸੀਂ ਬਹੁਤੇ ਲਾਲਚੀ ਨਹੀਂ ਹੋ ਸਕਦੇ,'' ਉਹ ਹੱਸਦਿਆਂ ਕਹਿੰਦੇ ਹਨ।

ਉਹ ਕਟਹਲ ਅਧਾਰਤ ਇੱਕ ਕਿਤਾਬ ਖੋਲ੍ਹ ਕੇ ਉਸ ਵਿੱਚ ਛਪੀਆਂ ਤਸਵੀਰਾਂ ਦਿਖਾਉਂਦੇ ਹਨ,''ਦੇਖੋ ਉਹ ਕਿਵੇਂ ਵੱਡੇ ਫਲਾਂ ਦਾ ਸੰਰਖਣ ਕਰਦੇ ਹਨ... ਫਲਾਂ ਨੂੰ ਥਾਵੇਂ ਟਿਕਾਈ ਰੱਖਣ ਲਈ ਟੋਕਰੀਆਂ ਜਿਹੀਆਂ ਬੁਣ ਦਿੰਦੇ ਹਨ ਤੇ ਰੱਸੀਆਂ ਸਹਾਰੇ ਟਹਿਣੀਆਂ ਨਾਲ਼ ਬੰਨ੍ਹ ਦਿੱਤਾ ਜਾਂਦਾ ਹੈ। ਇੰਝ, ਫਲ ਨੂੰ ਟਿਕੇ ਰਹਿਣ ਵਿੱਚ ਮਦਦ ਮਿਲ਼ਦੀ ਹੈ ਤੇ ਉਹ ਹੇਠਾਂ ਨਹੀਂ ਡਿੱਗਦੇ। ਜਦੋਂ ਉਨ੍ਹਾਂ ਨੂੰ ਕੱਟਿਆ ਜਾਂਦਾ ਹੈ ਤਾਂ ਰੱਸੀ ਸਹਾਰੇ ਹੌਲ਼ੀ-ਹੌਲ਼ੀ ਹੇਠਾਂ ਲਾਹਿਆ ਜਾਂਦਾ ਹੈ ਤੇ ਇੰਝ ਚੁੱਕਿਆ ਜਾਂਦਾ ਹੈ।'' ਇੱਕ ਤਸਵੀਰ ਵਿੱਚ ਦੋ ਆਦਮੀ ਇੱਕ ਬਹੁਤ ਵੱਡੇ ਸਾਰੇ ਕਟਹਲ ਨੂੰ ਚੁੱਕੀ ਖੜ੍ਹੇ ਸਨ, ਜੋ ਕਿਸੇ ਆਦਮੀ ਜਿੰਨਾ ਲੰਬਾ ਤੇ ਚੌੜਾ ਸੀ। ਰਾਮਾਸਾਮੀ ਇਹ ਦੇਖਣ ਲਈ ਹਰ ਰੋਜ਼ ਆਪਣੇ ਰੁੱਖਾਂ ਦਾ ਨਿਰੀਖਣ ਕਰਦੇ ਹਨ ਕਿ ਕਿਤੇ ਕਿਸੇ ਫਲ ਦੀ ਟਹਿਣੀ ਨੁਕਸਾਨੀ ਤਾਂ ਰਹਿ ਗਈ। ''ਅਸੀਂ ਫ਼ੌਰਨ ਹੀ ਰੱਸੀ ਦੀ ਟੋਕਰੀ ਤਿਆਰ ਕਰਕੇ ਉਹਨੂੰ ਫਲ ਦੇ ਹੇਠਾਂ ਬੰਨ੍ਹ ਦਿੰਦੇ ਹਾਂ।''

ਕਈ ਵਾਰੀਂ ਬੜੀ ਦੇਖਭਾਲ਼ ਦੇ ਬਾਵਜੂਦ ਵੀ ਫਲ ਟੁੱਟ ਕੇ ਡਿੱਗ ਜਾਂਦੇ ਹਨ। ਉਨ੍ਹਾਂ ਨੂੰ ਇਕੱਠਾ ਕਰਕੇ ਉਨ੍ਹਾਂ ਤੋਂ ਪਸ਼ੂਆਂ ਦਾ ਚਾਰਾ ਤਿਆਰ ਕੀਤਾ ਜਾਂਦਾ ਹੈ। ''ਉਨ੍ਹਾਂ ਕਟਹਲਾਂ ਵੱਲ ਦੇਖਿਆ? ਉਹ ਹੇਠਾਂ ਡਿੱਗ ਗਏ ਤੇ ਉਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ। ਮੇਰੀਆਂ ਗਾਵਾਂ ਤੇ ਬੱਕਰੀਆਂ ਬੜੇ ਮਜ਼ੇ ਨਾਲ਼ ਖਾਣਗੀਆਂ।'' ਕਰੂਵਾੜੂ ਵੇਚਣ ਵਾਲ਼ੀਆਂ ਔਰਤਾਂ ਨੇ ਆਪਣੀਆਂ ਕੁਝ ਮੱਛੀਆਂ ਵੇਚ ਲਈਆਂ ਹਨ। ਲੋਹੇ ਦੀ ਤੱਕੜੀ 'ਤੇ ਤੋਲੀਆਂ ਮੱਛੀਆਂ ਨੂੰ ਰਸੋਈ ਵਿੱਚ ਲਿਆਂਦਾ ਗਿਆ। ਉਨ੍ਹਾਂ ਨੂੰ ਖਾਣ ਲਈ ਡੋਸਾ ਪਰੋਸਿਆ ਗਿਆ। ਉਹ ਖਾਂਦੇ ਖਾਂਦੇ ਸਾਡੀਆਂ ਗੱਲਾਂ ਸੁਣੀ ਜਾ ਰਹੀਆਂ ਸਨ ਤੇ ਵਿੱਚੋਂ ਵਿੱਚੋਂ ਗੱਲਬਾਤ ਵਿੱਚ ਹਿੱਸਾ ਵੀ ਲੈ ਰਹੀਆਂ ਸਨ। ਉਨ੍ਹਾਂ ਨੇ ਰਾਮਾਸਾਮੀ ਨੂੰ ਕਿਹਾ,''ਸਾਨੂੰ ਇੱਕ ਕਟਹਲ ਦਿਓ, ਸਾਡੇ ਬੱਚੇ ਖਾਣਾ ਚਾਹੁੰਦੇ ਹਨ।'' ਰਾਮਾਸਾਮੀ ਨੇ ਜਵਾਬ ਦਿੱਤਾ,''ਅਗਲੇ ਮਹੀਨੇ ਆਇਓ ਤੇ ਲੈ ਜਾਇਓ।''

PHOTO • Aparna Karthikeyan

ਰਾਮਾਸਾਮੀ ਦੇ ਬਾਗ਼ ਅੰਦਰ ਵੜ੍ਹਨ ਦੇ ਰਾਹ 'ਤੇ, ਇੱਕ ਗੁਆਂਢੀ ਕਿਸਾਨ ਆਪਣੀ ਉਪਜ ਨੂੰ ਕਤਾਰਬੱਧ ਕੀਤਾ ਹੋਇਆ ਹੈ

ਰਾਮਾਸਾਮੀ ਦੱਸਦੇ ਹਨ ਕਿ ਇੱਕ ਵਾਰ ਜਦੋਂ ਫਲਾਂ ਦੀ ਤੁੜਾਈ ਹੋ ਗਈ ਤਾਂ ਉਨ੍ਹਾਂ ਨੂੰ ਮੰਡੀ ਵਿੱਚ ਕਮਿਸ਼ਨ ਏਜੰਟ ਕੋਲ਼  ਭੇਜਿਆ ਜਾਂਦਾ ਹੈ। ''ਕਿਸੇ ਗਾਹਕ ਦੇ ਆਉਣ 'ਤੇ ਉਹ ਸਾਨੂੰ ਫ਼ੋਨ ਕਰਦੇ ਹਨ ਤੇ ਸਾਨੂੰ ਫ਼ੋਨ ਕਰਦੇ ਹਨ ਤੇ ਸਾਨੂੰ ਭਾਅ ਬਾਰੇ ਪੁੱਛਦੇ ਹਨ। ਸਾਡੀ ਸਹਿਮਤੀ ਲੈਣ ਬਾਅਦ ਉਹ ਮਾਲ਼ ਵੇਚ ਕੇ ਸਾਨੂੰ ਪੈਸੇ ਦੇ ਦਿੰਦੇ ਹਨ। ਹਰ ਇੱਕ ਹਜ਼ਾਰ ਰੁਪਏ ਦੀ ਵਿਕਰੀ ਮਗਰ ਉਹ ਦੋਵੇਂ ਪਾਸਿਓਂ 50 ਜਾਂ 100 ਰੁਪਏ ਲੈਂਦੇ ਹਨ।'' ਰਾਮਾਸਾਮੀ ਖ਼ੁਸ਼ੀ-ਖ਼ੁਸ਼ੀ ਆਪਣੀ ਆਮਦਨੀ ਦਾ 5 ਤੋਂ 10 ਪ੍ਰਤੀਸ਼ਤ ਹਿੱਸਾ ਉਨ੍ਹਾਂ ਨੂੰ ਦੇਣ ਨੂੰ ਤਿਆਰ ਹੁੰਦੇ ਹਨ, ਕਿਉਂਕਿ ਇਸ ਨਾਲ਼ ''ਕਿਸਾਨ ਬਹੁਤ ਸਾਰਾ ਸਿਰਦਰਦ ਝੱਲਣ ਤੋਂ ਬਚ ਜਾਂਦੇ ਹਨ। ਸਾਨੂੰ ਕਿਸੇ ਗਾਹਕ ਦੇ ਆਉਣ ਤੱਕ ਉੱਥੇ ਖੜ੍ਹੇ ਹੋ ਕੇ ਉਡੀਕ ਨਹੀਂ ਕਰਨੀ ਪੈਂਦੀ। ਕਦੇ ਕਦੇ ਮਾਲ਼ ਵਿਕਣ ਵਿੱਚ ਇੱਕ ਤੋਂ ਵੀ ਵੱਧ ਦਿਨ ਲੱਗ ਜਾਂਦੇ ਹਨ। ਸਾਡੇ ਕੋਲ਼ ਦੂਸਰੇ ਕੰਮ ਵੀ ਤਾਂ ਹੁੰਦੇ ਹਨ ਨਾ? ਅਸੀਂ ਸਾਰਾ ਸਮਾਂ ਪਨਰੂਤੀ ਤਾਂ ਨਹੀਂ ਬਿਤਾ ਸਕਦੇ!''

ਰਾਮਾਸਾਮੀ ਦੱਸਦੇ ਹਨ ਕਿ ਦੋ ਦਹਾਕੇ ਪਹਿਲਾਂ ਤੀਕਰ ਜ਼ਿਲ੍ਹੇ ਅੰਦਰ ਦੂਸਰੀਆਂ ਫ਼ਸਲਾਂ ਵੀ ਬੀਜੀਆਂ ਜਾਂਦੀਆਂ ਸਨ। ''ਅਸੀਂ ਟੈਪਿਓਕਾ (ਸਾਬੂ ਦਾਣਾ) ਤੇ ਮੂੰਗਫਲੀ ਦੀਆਂ ਫ਼ਸਲਾਂ ਬੀਜੀਆਂ। ਜਿਓਂ-ਜਿਓਂ ਕਾਜੂ ਦੀਆਂ ਕਾਫ਼ੀ ਫੈਕਟਰੀਆਂ ਖੜ੍ਹੀਆਂ ਹੋਣ ਲੱਗੀਆਂ, ਕਿਰਤ ਦੀ ਉਪਲਬਧਤਾ ਘਟਣ ਲੱਗੀ। ਇਸ ਕਾਰਨ ਕਰਕੇ ਬਹੁਤ ਸਾਰੇ ਕਿਸਾਨ ਕਟਹਲ ਉਗਾਉਣ ਵੱਲ ਨੂੰ ਹੋ ਗਏ। ''ਕਟਹਲ ਦੀ ਖੇਤੀ ਵਿੱਚ ਕਿਰਤੀਆਂ ਤੋਂ ਥੋੜ੍ਹੇ ਹੀ ਦਿਨ ਕੰਮ ਕਰਾਉਣ ਦੀ ਲੋੜ ਪੈਂਦੀ ਹੈ, ਇੱਥੋਂ ਤੱਕ ਕਿ ਜੋ ਤੁੜਾਈ ਵੀ ਕਰਦੇ ਹਨ, ਉਨ੍ਹਾਂ ਵਾਂਗਰ,'' ਉਨ੍ਹਾਂ ਨੇ ਸੁੱਕੀਆਂ ਮੱਛੀਆਂ ਵੇਚਣ ਵਾਲ਼ੀਆਂ ਦੋ ਔਰਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ,''ਤੇ ਇਸ ਕਾਰਨ ਇੱਥੇ ਕੰਮ ਕਰਨ ਲਈ ਇਹ ਦੋਵੇਂ ਬੜੀ ਦੂਰੋਂ ਆਉਂਦੀਆਂ ਹਨ। ਇਹ ਦੂਸਰੇ ਪਿੰਡ ਤੋਂ ਹਨ।''

ਵੈਸੇ ਤਾਂ ਹੁਣ ਕਿਸਾਨ ਵੀ ਕਟਹਲ ਦੀ ਖੇਤੀ ਛੱਡਣ ਲੱਗੇ ਹਨ, ਉਹ ਦੱਸਦੇ ਹਨ। ਰਾਮਾਸਾਮੀ ਦੀ ਪੰਜ ਏਕੜ ਜ਼ਮੀਨ 'ਤੇ ਕਰੀਬ 150 ਰੁੱਖ ਲੱਗੇ ਹੋਏ ਹਨ। ਇਹੀ ਜ਼ਮੀਨ ਕਾਜੂ, ਅੰਬ ਤੇ ਇਮਲੀ ਦੇ ਬੂਟਿਆਂ ਨਾਲ਼ ਵੀ ਘਿਰੀ ਹੋਈ ਹੈ। ਉਹ ਦੱਸਦੇ ਹਨ,''ਅਸੀਂ ਕਟਹਲ ਤੇ ਕਾਜੂ ਦੇ ਰੁੱਖਾਂ ਨੂੰ ਪਟੇ 'ਤੇ ਦਿੱਤਾ ਹੋਇਆ ਹੈ। ਅਸੀਂ ਅੰਬ ਤੇ ਇਮਲੀ ਦੀ ਕਟਾਈ ਕਰਦੇ ਹਾਂ।'' ਉਨ੍ਹਾਂ ਨੇ ਪਲਾ ਮਰਮ ਯਾਨਿ ਕਟਹਲ ਦੇ ਰੁੱਖਾਂ ਦੀ ਗਿਣਤੀ ਵਿੱਚ ਕਮੀ ਕਰਨ ਦੀ ਯੋਜਨਾ ਬਣਾਈ ਹੈ। ''ਇਹਦਾ ਕਾਰਨ ਤੂਫ਼ਾਨ ਹੈ। ਥਾਨੇ ਚੱਕਰਵਾਤ ਦੌਰਾਨ, ਮੇਰੇ ਕਰੀਬ ਕਰੀਬ ਦੋ ਸੌ ਰੁੱਖ ਡਿੱਗ ਗਏ। ਸਾਨੂੰ ਉਨ੍ਹਾਂ ਨੂੰ ਪੁੱਟਣਾ ਪਿਆ... ਬਹੁਤੇ ਰੁੱਖ ਇਸੇ ਇਲਾਕੇ ਵਿੱਚ ਡਿੱਗੇ ਸਨ। ਹੁਣ ਅਸੀਂ ਕਟਹਲ ਦੀ ਥਾਂ ਕਾਜੂ ਦੇ ਬੂਟੇ ਲਾ ਰਹੇ ਹਨ।''

ਇਹਦਾ ਕਾਰਨ ਇਹ ਨਹੀਂ ਕਿ ਕਾਜੂ ਤੇ ਦੂਜੀਆਂ ਫ਼ਸਲਾਂ ਤੂਫ਼ਾਨ ਦੀ ਮਾਰ ਹੇਠ ਨਹੀਂ ਆਉਣਗੀਆਂ। ਉਹ ਕਹਿੰਦੇ ਹਨ,''ਪਰ ਕਿਉਂਕਿ ਫਸਲ ਤਾਂ ਬੀਜੇ ਜਾਣ ਦੇ ਪਹਿਲੇ ਹੀ ਸਾਲ ਤਿਆਰ ਹੋਣ ਲੱਗੀ ਹੈ। ਕਾਜੂ ਨੂੰ ਕਾਫ਼ੀ ਘੱਟ ਦੇਖਭਾਲ਼ ਦੀ ਲੋੜ ਪੈਂਦੀ ਹੈ। ਕਡਲੂਰ ਜ਼ਿਲ੍ਹੇ ਵਿੱਚ ਕਾਫ਼ੀ ਤੂਫ਼ਾਨ ਆਉਂਦੇ ਹਨ ਤੇ ਹਰ ਦਸ ਸਾਲ ਵਿੱਚ ਅਸੀਂ ਇੱਕ ਵੱਡਾ ਤੂਫ਼ਾਨ ਝੱਲਿਆ ਹੈ।'' ਉਹ ਆਪਣਾ ਸਿਰ ਹਿਲਾਉਂਦੇ ਹੋਏ ਤੇ ਹੱਥ ਨਾਲ਼ ਇਸ਼ਾਰਾ ਕਰਦੇ ਹੋਏ ਆਪਣੇ ਨੁਕਸਾਨ ਦਾ ਵੇਰਵਾ ਦੱਸਦੇ ਹਨ,''ਕਟਹਲ ਦੇ ਜੋ ਰੁੱਖ 15 ਸਾਲ ਤੋਂ ਵੱਧ ਪੁਰਾਣੇ ਹਨ, ਉਨ੍ਹਾਂ ਵਿੱਚ ਸਭ ਤੋਂ ਵੱਧ ਫਲ ਲੱਗਦੇ ਹਨ ਤੇ ਉਹੀ ਤੂਫ਼ਾਨ ਵਿੱਚ ਸਭ ਤੋਂ ਪਹਿਲਾਂ ਡਿੱਗਦੇ ਹਨ। ਸਾਨੂੰ ਬੜੀ ਤਕਲੀਫ਼ ਹੁੰਦੀ ਹੈ।''

PHOTO • Aparna Karthikeyan
PHOTO • Aparna Karthikeyan

ਖੱਬੇ: ਬੀਤੇ ਸਾਲਾਂ ਵਿੱਚ ਰਾਮਾਸਾਮੀ ਨੇ ਕਟਹਲ 'ਤੇ ਅਧਾਰਤ ਸਾਹਿਤ ਦਾ ਕਾਫ਼ੀ ਸੰਗ੍ਰਹਿ ਕੀਤਾ ਹੈ ਜਿਸ ਅੰਦਰ ਕੁਝ ਦੁਰਲਭ ਕਿਤਾਬਾਂ ਵੀ ਸ਼ਾਮਲ ਹਨ। ਸੱਜੇ: ਮੁਦਰਾ-ਸ਼ਾਸਤਰੀ ਹੋਣ ਨਾਤੇ ਰਾਮਾਸਾਮੀ ਕੋਲ਼ ਸਿੱਕਿਆਂ ਦਾ ਵੀ ਇੱਕ ਸ਼ਾਨਦਾਰ ਸੰਗ੍ਰਹਿ ਮੌਜੂਦ ਹੈ

ਕਡਲੂਰ ਦੀ ਡਿਸਟ੍ਰਿਕਟ ਡਾਇਗਨੋਸਟਿਕ ਰਿਪੋਰਟ ਸਾਨੂੰ ਵੇਰਵਾ ਦੱਸਦੀ ਹੈ (ਤੂਫ਼ਾਨ ਦੇ ਆਉਣ ਦਾ ਕਾਰਨ), ਜਿਹਦੇ ਮੁਤਾਬਕ: ''ਲੰਬੀ ਤਟੀ ਰੇਖਾ ਹੋਣ ਕਾਰਨ ਇਹ ਜ਼ਿਲ੍ਹਾ ਚੱਕਰਵਾਤੀ ਤੂਫ਼ਾਨਾਂ ਅਤੇ ਮੋਹਲੇਦਾਰ ਮੀਂਹਾਂ ਦੇ ਲਿਹਾਜ ਤੋਂ ਅਤਿ-ਸੰਵੇਦਨਸ਼ੀਲ ਹੈ, ਜਿਹਦੇ ਕਾਰਨ ਹੜ੍ਹ ਆਉਣ ਦੀ ਹਾਲਤ ਪੈਦਾ ਹੋ ਸਕਦੀ ਹੈ।''

ਸਾਲ 2012 ਦੀਆਂ ਅਖ਼ਬਾਰਾਂ ਦੀਆਂ ਰਿਪੋਰਟਾਂ ਤੋਂ ਸਾਨੂੰ ਥਾਨੇ ਚੱਕਰਵਾਤ ਨਾਲ਼ ਹੋਈ ਤਬਾਹੀ ਬਾਰੇ ਪਤਾ ਚੱਲਦਾ ਹੈ। ਇਸ ਤੂਫ਼ਾਨ ਨੇ 11 ਦਸੰਬਰ, 2011 ਨੂੰ ਕਡਲੂਰ ਜ਼ਿਲ੍ਹੇ ਵਿੱਚ ਕਾਫ਼ੀ ਤਬਾਹੀ ਮਚਾਈ। ਬਿਜਨੈੱਸ ਲਾਇਨ ਮੁਤਾਬਕ,''ਤੂਫ਼ਾਨ ਦੇ ਕਾਰਨ ਜ਼ਿਲ੍ਹੇ ਭਰ ਵਿੱਚ ਕਟਹਲ, ਅੰਬ, ਕੇਲੇ, ਨਾਰੀਅਲ, ਕਾਜੂ ਅਤੇ ਹੋਰ ਫ਼ਸਲਾਂ ਦੇ ਦੋ ਕਰੋੜ ਤੋਂ ਵੀ ਵੱਧ ਰੁੱਖ ਡਿੱਗ ਗਏ।'' ਰਾਮਾਸਾਮੀ ਦੱਸਦੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਲੱਕੜਾਂ ਚਾਹੀਦੀਆਂ ਹਨ ਉਹ ਆ ਕੇ ਲੈ ਜਾਣ। ''ਸਾਨੂੰ ਪੈਸਾ ਨਹੀਂ ਚਾਹੀਦਾ ਸੀ; ਬੱਸ ਸਾਡੇ ਕੋਲ਼ੋਂ ਡਿੱਗੇ ਹੋਏ ਰੁੱਖ ਬਰਦਾਸ਼ਤ ਨਹੀਂ ਹੋ ਪਾ ਰਹੇ ਸਨ... ਕਾਫ਼ੀ ਸਾਰੇ ਲੋਕ ਆਏ ਤੇ ਆਪਣੇ ਘਰਾਂ ਦੀ ਮੁਰੰਮਤ ਲਈ ਲੱਕੜਾਂ ਚੁੱਕ ਕੇ ਲੈ ਗਏ।''

*****

ਰਾਮਾਸਾਮੀ ਦੇ ਘਰੋਂ ਕਟਹਲ ਦਾ ਬਾਗ਼ ਥੋੜ੍ਹੀ ਹੀ ਦੂਰ ਹੈ। ਗੁਆਂਢ ਵਿੱਚ ਇੱਕ ਕਿਸਾਨ ਫਲਾਂ ਨੂੰ ਤੋੜ ਕੇ ਇੱਕ ਪਾਸੇ ਜਮ੍ਹਾ ਕਰ ਰਿਹਾ ਸੀ। ਉਨ੍ਹਾਂ ਨੂੰ ਦੇਖ ਕੇ ਇੰਝ ਜਾਪ ਰਿਹਾ ਸੀ ਜਿਵੇਂ ਬੱਚਿਆਂ ਦੀ ਖਿਡੌਣਾ ਰੇਲ ਦੇ ਛੋਟੇ-ਛੋਟੇ ਡੱਬੇ ਰੱਖੇ ਹੋਏ ਹੋਣ। ਉਨ੍ਹਾਂ ਨੇ ਫਲਾਂ ਨੂੰ ਮੰਡੀ ਲਿਜਾਣ ਵਾਲ਼ੇ ਟਰੱਕ ਦੀ ਉਡੀਕ ਵਿੱਚ ਇੱਕ ਕੋਨੇ ਵਿੱਚ ਕਟਹਲਾਂ ਨੂੰ ਕਤਾਰਬੱਧ ਕੀਤਾ ਹੋਇਆ ਸੀ। ਜਿਓਂ ਹੀ ਅਸੀਂ ਬਾਗ਼ ਅੰਦਰ ਵੜ੍ਹੇ, ਤਾਂ ਜਾਪਿਆਂ ਜਿਓਂ ਤਾਪਮਾਨ ਥੋੜ੍ਹਾ ਡਿੱਗ ਗਿਆ ਹੋਵੇ। ਹਵਾ ਥੋੜ੍ਹੀ ਠੰਡੀ-ਠੰਡੀ ਮਹਿਸੂਸ ਹੋਣ ਲੱਗੀ।

ਰਾਮਾਸਾਮੀ ਰੁੱਖਾਂ, ਪੌਦਿਆਂ ਤੇ ਫਲਾਂ ਬਾਰੇ ਗੱਲ਼ ਕਰਦਿਆਂ ਲਗਾਤਾਰ ਤੁਰਦੇ ਜਾਂਦੇ। ਉਨ੍ਹਾਂ ਦੇ ਬਾਗ਼ ਤੱਕ ਦੀ ਸੈਰ ਥੋੜ੍ਹੀ ਸਿੱਖਿਆ ਭਰਪੂਰ ਪਰ ਕਾਫ਼ੀ ਹੱਦ ਤੱਕ ਪਿਕਨਿਕ ਵਾਂਗਰ ਸੀ। ਉਨ੍ਹਾਂ ਨੇ ਸਾਨੂੰ ਕਾਫ਼ੀ ਸਾਰੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ: ਕਾਜੂ ਦੇ ਫਲ, ਜੋ ਮੋਟੇ ਤੇ ਰਸੀਲੇ ਹੁੰਦੇ ਹਨ; ਸ਼ਹਿਦ ਭਰੇ ਸੇਬ (ਮੁਰੱਬਾ ਜਿਹਾ), ਜੋ ਚੀਨੀ ਨਾਲ਼ ਭਰੇ ਹੁੰਦੇ ਹਨ; ਅਤੇ ਖੱਟੀ-ਮਿੱਠੀ ਇਮਲੀ ਦਾ ਗੁੱਦਾ, ਸਾਰਾ ਕੁਝ ਇਕੱਠਿਆਂ।

ਬਾਅਦ ਵਿੱਚ, ਉਨ੍ਹਾਂ ਨੇ ਤੇਜ਼ ਪੱਤਾ ਤੋੜਿਆ ਤੇ ਸਾਨੂੰ ਸੁੰਘਣ ਲਈ ਕਿਹਾ ਤੇ ਪੁੱਛਿਆ ਕਿ ਕੀ ਤੁਸੀਂ ਪਾਣੀ ਦਾ ਸੁਆਦ ਮਾਨਣਾ ਚਾਹੁੰਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਜਵਾਬ ਦਿੰਦੇ, ਉਹ ਛੋਹਲੇ ਪੈਰੀਂ ਖੇਤ ਦੇ ਇੱਕ ਕੋਨੇ ਵਿੱਚ ਗਏ ਤੇ ਬੰਬੀ (ਮੋਟਰ) ਚਲਾ ਦਿੱਤੀ। ਇੱਕ ਮੋਟੇ ਸਾਰੇ ਪਾਈਪ ਵਿੱਚੋਂ ਦੀ ਪਾਣੀ ਆਉਣ ਲੱਗਿਆ, ਪਾਣੀ ਇਓਂ ਲਿਸ਼ਕਾਂ ਮਾਰ ਰਿਹਾ ਸੀ ਜਿਓਂ ਦੁਪਹਿਰ ਵੇਲ਼ੇ ਹੀਰਾ ਚਮਕਦਾ ਹੋਵੇ। ਅਸੀਂ ਆਪਣੀਆਂ ਬੁੱਕਾਂ ਨਾਲ਼ ਬੋਰਵੈੱਲ ਦਾ ਪਾਣੀ ਪੀਣ ਲੱਗੇ। ਪਾਣੀ ਮਿੱਠਾ ਤਾਂ ਨਹੀਂ ਸੀ ਪਰ ਸੁਆਦੀ ਜ਼ਰੂਰ ਸੀ, ਸ਼ਹਿਰਾਂ ਦੀਆਂ ਟੂਟੀਆਂ 'ਚੋਂ ਆਉਣ ਵਾਲੇ ਕਲੋਰਿਨ ਰਲ਼ੇ ਪਾਣੀ ਨਾਲ਼ੋਂ ਮੁਖ਼ਤਲਿਫ। ਇੱਕ ਵੱਡੀ ਸਾਰੀ ਮੁਸਕਾਨ ਨਾਲ਼ ਉਨ੍ਹਾਂ ਨੇ ਬੰਬੀ ਬੰਦ ਕਰ ਦਿੱਤੀ। ਸਾਡੀ ਸੈਰ ਜਾਰੀ ਸੀ।

PHOTO • M. Palani Kumar

ਮਲੀਗਾਮੀਪੱਟੂ ਪਿੰਡ ਵਿਖੇ ਆਪਣੇ ਘਰ ਵਿੱਚ ਰਾਮਾਸਾਮੀ

ਅਸੀਂ ਦੋਬਾਰਾ ਆਯਿਰਮਕਾਚੀ ਵੱਲ ਵੱਧ ਤੁਰੇ, ਜੋ ਜ਼ਿਲ੍ਹੇ ਦਾ ਸਭ ਤੋਂ ਪੁਰਾਣਾ ਰੁੱਖ ਹੈ। ਉਹਦੀ ਗੁੰਬਦਨੁਮਾ ਟੋਪੀ (ਛੱਤਰੀ) ਹੈਰਾਨ ਕਰ ਸੁੱਟਣ ਦੀ ਹੱਦ ਤੱਕ ਵੱਡੀ ਤੇ ਸੰਘਣੀ ਸੀ। ਹਾਲਾਂਕਿ, ਲੱਕੜਾਂ ਦੇਖਿਆਂ ਉਹਦੀ ਉਮਰ ਦਾ ਪਤਾ ਲੱਗ ਰਿਹਾ ਸੀ। ਕਿਤੋਂ ਮੁੜਿਆ ਹੋਇਆ, ਕਿਤੋਂ ਖੋਖਲਾ ਹੋ ਚੁੱਕਿਆ ਹੈ, ਪਰ ਇਹਦਾ ਅਧਾਰ ਕਈ ਮਹੀਨਿਆਂ ਤੀਕਰ ਚੁਫ਼ੇਰਿਓਂ ਕਟਹਲ ਨਾਲ਼ ਘਿਰਿਆ ਰਹਿੰਦਾ ਹੈ, ਜੋ ਉਹਦੀਆਂ ਟਹਿਣੀਆਂ ਨਾਲ਼ ਲਮਕੇ ਰਹਿੰਦੇ ਹਨ। ਰਾਮਾਸਾਮੀ ਨੇ ਦੱਸਿਆ ਕਿ ''ਅਗਲੇ ਮਹੀਨੇ ਇਹ ਬੜਾ ਹੀ ਸ਼ਾਨਦਾਰ ਜਾਪੇਗਾ।''

ਬਾਗ਼ ਵਿੱਚ ਕਈ ਵੱਡੇ ਰੁੱਖ ਸਨ। ਉਹ ਸਾਨੂੰ ਦੂਜੇ ਕੋਨੇ ਵੱਲ ਲੈ ਗਏ ਤੇ ਇਸ਼ਾਰਾ ਕਰਦੇ ਹੋਏ ਕਿਹਾ,''ਉੱਥੇ 43 ਫੀਸਦ ਗਲੂਕੋਜ਼ ਵਾਲ਼ੇ ਕਟਹਲ ਲੱਗੇ ਹਨ।'' ਜ਼ਮੀਨ 'ਤੇ ਪਰਛਾਵੇਂ ਨੱਚ ਰਹੇ ਸਨ, ਟਹਿਣੀਆਂ ਆਪਸ ਵਿੱਚ ਰਗੜ ਖਾ ਰਹੀਆਂ ਸਨ ਤੇ ਚਿੜੀਆਂ ਚਹਿਕ ਰਹੀਆਂ ਸਨ। ਉੱਥੇ ਕਿਸੇ ਰੁੱਖ ਦੀ ਛਾਵੇਂ ਲੰਮੇ ਪੈ ਕੇ ਇਸ ਪੂਰੇ ਨਜ਼ਾਰੇ ਨੂੰ ਮਾਨਣ ਦਾ ਖ਼ਿਆਲ ਡੂੰਘੇਰੇ ਤੋਂ ਡੂੰਘੇਰਾ ਹੁੰਦਾ ਜਾਂਦਾ ਸੀ, ਪਰ ਰਾਮਾਸਾਮੀ ਹੁਣ ਤੱਕ ਕਟਹਲ ਦੀਆਂ ਵੰਨ-ਸੁਵੰਨੀਆਂ ਕਿਸਮਾਂ ਬਾਰੇ ਦੱਸਣ ਲੱਗੇ ਸਨ ਤੇ ਇਹ ਸਾਰਾ ਕੁਝ ਕਾਫ਼ੀ ਦਿਲਚਸਪ ਵੀ ਸੀ। ਅੰਬ ਨਾਲ਼ੋਂ ਉਲਟ, ਜਿਸ ਵਿੱਚ ਨੀਲਮ ਤੇ ਬੇਂਗਲੁਰੂ ਜਿਹੀਆਂ ਕਿਸਮਾਂ ਦੇ ਸੁਆਦ ਇਕਦਮ ਮੁਖ਼ਤਲਿਫ ਹੁੰਦੇ ਹਨ ਤੇ ਉਨ੍ਹਾਂ ਦੀ ਨਕਲ ਕਾਫ਼ੀ ਸੌਖਿਆਂ ਹੀ ਤਿਆਰ ਕੀਤੀ ਜਾ ਸਕਦੀ ਹੈ, ਕਟਹਲ ਦੀਆਂ ਕਿਸਮਾਂ ਦੀ ਨਕਲ ਤਿਆਰ ਕਰਨਾ ਕਾਫ਼ੀ ਮੁਸ਼ਕਲ ਹੈ।

ਉਨ੍ਹਾਂ ਨੇ ਇੱਕ ਬੇਹੱਦ ਮਿੱਠੇ ਫਲ ਵੱਲ ਇਸ਼ਾਰਾ ਕਰਦਿਆਂ ਕਿਹਾ,''ਮੰਨ ਲਓ, ਮੈਂ ਇਸ ਰੁੱਖ ਦੀ ਨਕਲ਼ ਤਿਆਰ ਕਰਨੀ ਚਾਹੁੰਦਾ ਹਾਂ। ਇਹਦੇ ਵਾਸਤੇ ਮੈਂ ਉਹਦੇ ਬੀਜਾਂ 'ਤੇ ਨਿਰਭਰ ਨਹੀਂ ਰਹਿ ਸਕਦਾ। ਕਿਉਂਕਿ ਇੱਕ ਫਲ ਅੰਦਰ ਭਾਵੇਂ 100 ਬੀਜ ਹੋਣ, ਪਰ ਇੰਝ ਵੀ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਵੀ ਆਪਣੀ ਮੂਲ਼ ਕਿਸਮ ਵਰਗਾ ਨਾ ਹੋਵੇ!'' ਕਾਰਨ? ਕ੍ਰਾਸ-ਪਾਲੀਨੇਸ਼ਨ (ਦੋਗ਼ਲਾ-ਪਰਾਗਨ) ਇੱਕ ਅੱਡ ਰੁੱਖ ਦੇ ਪਰਾਗਨ ਦੂਸਰੇ ਰੁੱਖ ਨੂੰ ਫਰਟੀਲਾਈਜ਼ (ਨਿਸ਼ੇਚਿਤ) ਕਰ ਸਕਦੇ ਹਨ ਤੇ ਉਹਦੇ ਕਾਰਨ ਕਿਸਮਾਂ ਵਿੱਚ ਬਦਲਾਅ ਆ ਸਕਦਾ ਹੈ।

ਉਹ ਦੱਸਦੇ ਹਨ,''ਅਸੀਂ ਮੌਸਮ ਦੇ ਸਭ ਤੋਂ ਪਹਿਲੇ ਜਾਂ ਅਖੀਰਲੇ ਫਲ ਨੂੰ ਲੈਂਦੇ ਹਾਂ। ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਉਹਦੇ 200 ਫੁਟ ਦੇ ਘੇਰੇ ਵਿੱਚ ਕੋਈ ਹਰ ਕਟਹਲ ਨਹੀਂ ਹੈ ਤੇ ਉਹਦਾ ਇਸਤੇਮਾਲ ਖ਼ਾਸ ਤੌਰ 'ਤੇ ਬੀਜ ਇਕੱਠਾ ਕਰਨ ਲਈ ਕੀਤਾ ਜਾਂਦਾ ਹੈ।'' ਨਹੀਂ ਤਾਂ ਕਿਸਾਨ ਨਕਲ ਤਿਆਰ ਕਰਨ ਜਾਂ ਅਨੁਕੂਲ ਗੁਣਾਂ ਵਾਲ਼ੇ ਫਲਾਂ, ਜਿਵੇਂ ਸੋਲਈ (ਫਲੀ) ਦੀ ਮਿਠਾਸ ਤੇ ਦ੍ਰਿੜਤਾ ਲਈ ਕਲਮ (ਪਿਓਂਦ) ਦਾ ਸਹਾਰਾ ਲੈਂਦੇ ਹਨ।

ਇਸ ਤੋਂ ਇਲਾਵਾ, ਦੂਸਰੀ ਪੇਚੀਦਗੀਆਂ ਵੀ ਹਨ। ਅੱਡ-ਅੱਡ ਸਮੇਂ (45 ਤੋਂ 55 ਜਾਂ 70 ਦਿਨ) 'ਤੇ ਤੋੜੇ ਗਏ ਫਲਾਂ ਦਾ ਸੁਆਦ ਵੀ ਅੱਡ-ਅੱਡ ਹੁੰਦਾ ਹੈ। ਕਟਹਲ ਦੀ ਖੇਤੀ ਭਾਵੇਂ ਬਹੁਤ ਜ਼ਿਆਦਾ ਮਜ਼ਦੂਰਾਂ ਸਿਰ ਨਿਰਭਰ ਨਾ ਰਹਿੰਦੀ ਹੋਵੇ, ਪਰ ਔਖ਼ੀ ਜ਼ਰੂਰ ਹੈ, ਕਿਉਂਕਿ ਇਹਦੇ ਫਲ ਬਹੁਤ ਛੇਤੀ ਖਰਾਬ ਹੋ ਜਾਂਦੇ ਹਨ। ਰਾਮਾਸਾਮੀ ਕਹਿੰਦੇ ਹਨ,''ਸਾਨੂੰ ਇੱਕ ਕੋਲਡ ਸਟੋਰੇਜ ਦੀ ਸੁਵਿਧਾ ਦੀ ਲੋੜ ਹੈ।'' ਕਰੀਬ ਕਰੀਬ ਸਾਰੇ ਕਿਸਾਨਾਂ ਤੇ ਵਪਾਰੀਆਂ ਦੀ ਇਹੀ ਮੰਗ ਹੈ। ''ਤਿੰਨ ਤੋਂ ਪੰਜ ਦਿਨ, ਉਸ ਤੋਂ ਵੱਧ ਨਹੀਂ। ਉਹਦੇ ਬਾਅਦ ਫਲ ਖ਼ਰਾਬ ਹੋ ਜਾਂਦੇ ਹਨ। ਮੈਂ ਕਾਜੂ ਦੇ ਫਲਾਂ ਨੂੰ ਸਾਲ ਕੁ ਬਾਅਦ ਵੀ ਵੇਚ ਸਕਦਾ ਹਾਂ। ਪਰ ਇਹ (ਕਟਹਲ) ਤਾਂ ਹਫ਼ਤਾ ਵੀ ਨਹੀਂ ਟਿਕ ਪਾਉਂਦਾ!''

ਆਯਿਰਮਕਾਚੀ ਤਾਂ ਜ਼ਰੂਰ ਹੀ ਖ਼ੁਸ਼ ਹੋਣਾ। ਆਖ਼ਰਕਾਰ, ਉਹ 200 ਸਾਲਾਂ ਤੋਂ ਆਪਣੀ ਥਾਵੇਂ ਜੋ ਖੜ੍ਹਾ ਹੈ...

PHOTO • M. Palani Kumar

ਖੱਬੇ: ਰਾਮਾਸਾਮੀ ਦੇ ਐਲਬਮ ਵਿੱਚ ਆਯਿਰਮਕਾਚੀ ਦੀ ਇੱਕ ਪੁਰਾਣੀ ਤਸਵੀਰ। ਸਾਲ 2022 ਵਿੱਚ, ਰਾਮਾਸਾਮੀ ਦੇ ਬਾਗ਼ ਵਿੱਚ ਫਲਾਂ ਨਾਲ਼ ਲੱਦਿਆ ਉਹੀ ਰੁੱਖ

ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਰਿਸਰਚ ਫੰਡਿੰਗ ਪ੍ਰੋਗਰਾਮ 2020 ਤਹਿਤ ਗ੍ਰਾਂਟ ਹਾਸਲ ਹੋਇਆ ਹੈ।

ਕਵਰ ਫ਼ੋਟੋ : ਐੱਮ. ਪਲਾਨੀ ਕੁਮਾਰ

ਤਰਜਮਾ: ਕਮਲਜੀਤ ਕੌਰ

Aparna Karthikeyan

அபர்ணா கார்த்திகேயன் ஒரு சுயாதீன பத்திரிகையாளர், எழுத்தாளர் மற்றும் PARI-யின் மூத்த மானியப் பணியாளர். 'Nine Rupees an Hour'என்னும் அவருடைய புத்தகம் தமிழ்நாட்டில் காணாமல் போகும் வாழ்வாதாரங்களைப் பற்றிப் பேசுகிறது. குழந்தைகளுக்கென ஐந்து புத்தகங்கள் எழுதியிருக்கிறார். சென்னையில் அபர்ணா அவரது குடும்பம் மற்றும் நாய்களுடன் வசிக்கிறார்.

Other stories by Aparna Karthikeyan
Photographs : M. Palani Kumar

எம். பழனி குமார், பாரியில் புகைப்படக் கலைஞராக பணிபுரிகிறார். உழைக்கும் பெண்கள் மற்றும் விளிம்புநிலை மக்களின் வாழ்க்கைகளை ஆவணப்படுத்துவதில் விருப்பம் கொண்டவர். பழனி 2021-ல் Amplify மானியமும் 2020-ல் Samyak Drishti and Photo South Asia மானியமும் பெற்றார். தயாநிதா சிங் - பாரியின் முதல் ஆவணப் புகைப்பட விருதை 2022-ல் பெற்றார். தமிழ்நாட்டில் மலக்குழி மரணங்கள் குறித்து எடுக்கப்பட்ட 'கக்கூஸ்' ஆவணப்படத்தின் ஒளிப்பதிவாளராக இருந்தவர்.

Other stories by M. Palani Kumar

பி. சாய்நாத், பாரியின் நிறுவனர் ஆவார். பல்லாண்டுகளாக கிராமப்புற செய்தியாளராக இருக்கும் அவர், ’Everybody Loves a Good Drought' மற்றும் 'The Last Heroes: Foot Soldiers of Indian Freedom' ஆகிய புத்தகங்களை எழுதியிருக்கிறார்.

Other stories by P. Sainath
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur