ਤਮਿਲਨਾਡੂ ਦੇ ਰਹਿਣ ਵਾਲ਼ੇ ਨਾਗੀ ਰੈਡੀ, ਬੋਲਦੇ ਕੰਨੜ ਭਾਸ਼ਾ ਹਨ ਤੇ ਲਿਖਦੇ ਤੇਲਗੂ ਹਨ। ਦਸੰਬਰ ਦੀ ਇੱਕ ਸਵੇਰ ਅਸੀਂ ਉਨ੍ਹਾਂ ਨੂੰ ਮਿਲ਼ਣ ਲਈ ਕੁਝ ਕਿਲੋਮੀਟਰ ਪੈਦਲ ਤੁਰੇ। ਆਪਣੇ ਘਰ ਬਾਰੇ ਉਨ੍ਹਾਂ ਦੱਸਿਆ ਕਿ ''ਕਦੇ ਇੱਥੇ ਨੇੜੇ'' ਹੋਇਆ ਕਰਦਾ ਸੀ। ਦਰਅਸਲ, ਇਹ ਹੜ੍ਹ ਮਾਰੂ ਝੀਲ਼ ਦੇ ਕੰਢੇ, ਇਮਲੀ ਦੇ ਬੂਟਿਆਂ ਦੀ ਛਾਵੇਂ ਹੁੰਦਾ, ਜਿਹਦੀ ਢਲ਼ਾਣ ਦੇ ਐਨ ਉਤਾਂਹ ਸਫ਼ੈਦਿਆਂ ਦੇ ਰੁੱਖ, ਨਿਵਾਣ ਵੱਲ ਅੰਬਾਂ ਦੇ ਬਾਗ਼ ਹੁੰਦੇ ਅਤੇ ਚੁਫ਼ੇਰਿਓਂ ਇਹ ਪਹਿਰੇਦਾਰ ਕੁੱਤਿਆਂ ਅਤੇ ਚਊਂ-ਚਊਂ ਕਰਦੇ ਕਤੂਰਿਆਂ ਅਤੇ ਡੰਗਰਾਂ ਦਾ ਵਾੜੇ ਨਾਲ਼ ਘਿਰਿਆ ਰਹਿੰਦਾ।

ਮੁਲਕ ਦੇ ਕਿਸਾਨ ਜਿਨ੍ਹਾਂ ਆਮ ਸਮੱਸਿਆਵਾਂ ਨਾਲ਼ ਜੂਝਦੇ ਹਨ, ਨਾਗਾ ਰੈਡੀ ਲਈ ਉਨ੍ਹਾਂ ਵਿੱਚ ਕੁਝ ਅੱਡ ਕਿਸਮ ਦਾ ਇਜਾਫ਼ਾ ਦੇਖਣ ਨੂੰ ਮਿਲ਼ਦਾ ਹੈ ਜਿੱਥੇ ਉਹ ਆਪਣੇ ਦੁਆਰਾ ਬੀਜੀ ਜਾਂਦੀ ਫ਼ਸਲ ਦੇ ਖ਼ਾਸੇ ਵਿੱਚ ਆਏ ਬਦਲਾਅ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ਸਮੱਸਿਆ ਵਿੱਚ ਤਿੰਨ ਬਹੁਤ ਹੀ ਜ਼ਿੱਦੀ ਅਤੇ ਡਰਾਉਣੇ ਕਿਰਦਾਰ ਵੀ ਹਨ: ਮੋਟਾਈ ਵਾਲ, ਮਖਾਨਾ ਅਤੇ ਗਿਰੀ, ਜੋ ਰਾਗੀ ਦੀ ਫ਼ਸਲ ਨੂੰ ਘੇਰਾ ਘੱਤੀ ਰੱਖਦੇ ਹਨ।

ਇੱਥੋਂ ਦੇ ਕਿਸਾਨਾਂ ਨੇ ਇਹ ਗੱਲ ਪੱਲੇ ਬੰਨ੍ਹੀ ਹੋਈ ਹੈ ਕਿ ਇਨ੍ਹਾਂ ਬਦਮਾਸ਼ ਹਾਥੀਆਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ- ਨਾ ਲਾਖਣਿਕ ਅਤੇ ਨਾ ਹੀ ਸ਼ਾਬਦਿਕ ਤੌਰ 'ਤੇ, ਖ਼ਾਸ ਕਰਕੇ ਉਦੋਂ ਇਨ੍ਹਾਂ ਵਿੱਚੋਂ ਹਰੇਕ ਦਾ ਭਾਰ 4,000 ਅਤੇ 5,000 ਕਿਲੋ ਦੇ ਵਿਚਕਾਰ ਹੋਵੇ ਤਾਂ ਪੱਲੇ ਬੰਨ੍ਹੀਂ ਗੱਲ ਹੋਰ ਵੀ ਪੁਖਤਾ ਹੋ ਜਾਂਦੀ ਹੈ। ਇਨ੍ਹਾਂ ਮਾਰੂ ਹਾਥੀਆਂ ਦੇ ਸਹੀ ਵਜ਼ਨ ਅਤੇ ਉੱਚਾਈ ਦੀ ਨੇੜਿਓਂ ਜਾਂਚ ਕਰਨ ਦੀ ਮੇਰੇ ਅੰਦਰਲੇ ਉਤਸ਼ਾਹ ਦੀ ਘਾਟ ਨੂੰ ਸਥਾਨਕ ਲੋਕਾਂ ਨੇ ਮਾਫ਼ ਕਰ ਦਿੱਤਾ ਹੋ ਸਕਦਾ ਹੈ।

ਅਸੀਂ ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਹਾਂ ਜਿਹਦੀਆਂ ਸੀਮਾਵਾਂ ਦੋ ਰਾਜਾਂ-ਤਮਿਲਨਾਡੂ ਅਤੇ ਕਰਨਾਟਕ ਨਾਲ਼ ਖਹਿੰਦੀਆਂ ਹਨ। ਨਾਗੀ ਰੈਡੀ ਦੀ ਬਸਤੀ, ਵਾਡਰਾ ਪਲਾਇਮ, ਜੋ ਕਿ ਡੇਂਕਾਨਿਕੋਟਈ ਤਾਲੁਕਾ ਵਿੱਚ ਪੈਂਦੀ ਹੈ, ਨਾ ਤਾਂ ਜੰਗਲ ਤੋਂ ਦੂਰ ਹੈ ਅਤੇ ਨਾ ਹੀ ਹਾਥੀਆਂ ਤੋਂ ਅਤੇ ਸੀਮੇਂਟ ਦਾ ਬਣਿਆਂ ਉਨ੍ਹਾਂ ਦਾ ਬਰਾਂਡਾ ਜਿੱਥੇ ਅਸੀਂ ਬੈਠੇ ਹਾਂ, ਉਹ ਵੀ ਉਨ੍ਹਾਂ ਦੇ ਖੇਤਾਂ ਤੋਂ ਕੁਝ ਕੁ ਮੀਟਰ ਵਿੱਥ 'ਤੇ ਸਥਿਤ ਹੈ। ਨਾਗੰਨਾ (ਪਿੰਡ ਵਾਸੀ ਇਸੇ ਨਾਮ ਨਾਲ਼ ਸੱਦਦੇ ਹਨ), 86 ਸਾਲਾ ਕਿਸਾਨ ਹਨ, ਰਾਗੀ (ਫਿੰਗਰ ਮਿਲਟ) ਦੀ ਕਾਸ਼ਤ ਕਰਦੇ ਹਨ ਜੋ ਪੋਸ਼ਣ ਨਾਲ਼ ਭਰਪੂਰ ਅਨਾਜ ਹੈ। ਉਹ ਇੱਕ ਗਵਾਹ ਵੀ ਹਨ ਉਸ ਚੰਗੇ, ਮਾੜੇ ਅਤੇ ਅਕਸਰ ਬਿਪਤਾਵਾਂ ਮਾਰੇ ਸਮੇਂ ਦੇ, ਜੋ ਇਨ੍ਹਾਂ ਰਾਗੀ ਕਿਸਾਨਾਂ ਨੇ ਦਹਾਕਿਆਂ ਤੋਂ ਹੰਢਾਏ ਹਨ।

''ਜਦੋਂ ਮੈਂ ਜੁਆਨ ਹੁੰਦਾ ਸਾਂ, ਆਨਈ (ਹਾਥੀ) ਰਾਗੀ ਦੇ ਮੌਸਮ ਦੇ ਕੁਝ ਕੁ ਦਿਨ ਹੀ ਆਇਆ ਕਰਦੇ, ਖ਼ਾਸ ਕਰਕੇ ਜਦੋਂ ਰਾਗੀ ਦੀ ਮਹਿਕ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੀ।'' ਹੁਣ? ''ਉਹ ਅਕਸਰ ਆਉਂਦੇ ਹਨ, ਉਹ ਫ਼ਸਲ ਅਤੇ ਫ਼ਲ ਖਾ ਜਾਂਦੇ ਹਨ।''

ਇਹਦੇ ਮਗਰ ਦੋ ਕਾਰਨ ਹਨ, ਨਾਗੰਨਾ ਤਮਿਲ ਵਿੱਚ ਖੁੱਲ੍ਹ ਕੇ ਦੱਸਦੇ ਹਨ। ''90ਵਿਆਂ ਤੋਂ ਬਾਅਦ ਜਿੱਥੇ ਹਾਥੀਆਂ ਦੀ ਗਿਣਤੀ ਵਿੱਚ ਇਜਾਫ਼ਾ ਹੋਇਆ ਹੈ, ਉੱਥੇ ਹੀ ਜੰਗਲਾਂ ਦਾ ਅਕਾਰ ਸੁੰਗੜਿਆ ਹੈ ਅਤੇ ਇਹ ਵਿਰਲ਼ੇ ਵੀ ਪੈ ਗਏ ਹਨ। ਇਸੇ ਲਈ, ਤਾਂ ਇਨ੍ਹਾਂ ਖੇਤਾਂ ਵਿੱਚ ਉਨ੍ਹਾਂ ਦੀ ਦਾਅਵਤ ਅਕਸਰ ਦੇਖੀ ਜਾ ਸਕਦੀ ਹੈ। ਜਿਵੇਂ ਤੁਸੀਂ ਕਦੇ ਕਿਸੇ ਵਧੀਆ ਹੋਟਲ ਵਿੱਚ ਜਾਂਦੇ ਹੋ ਤਾਂ ਆਪਣੇ ਦੋਸਤਾਂ ਨੂੰ ਦੱਸਦੇ ਹੋ ਨਾ, ਬੱਸ ਇਹੀ ਕੰਮ ਤਾਂ ਇਹ ਹਾਥੀ ਆਪਣੇ ਸਾਥੀ ਹਾਥੀਆਂ ਨਾਲ਼ ਕਰਦੇ ਹਨ,'' ਗੱਲ ਕਰਕੇ ਉਨ੍ਹਾਂ ਡੂੰਘਾ ਹਊਕਾ ਭਰਿਆ ਅਤੇ ਫਿਰ ਉਨ੍ਹਾਂ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਰਾ ਪਸਰ ਗਈ। ਵਿਅੰਗ ਭਰੀ ਇਸ ਤੁਲਨਾ ਨੇ ਜਿੱਥੇ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਖਿੰਡਾਈ, ਉੱਥੇ ਮੇਰੇ ਮੱਥੇ 'ਤੇ ਹੈਰਾਨੀ ਭਰੀ ਤਿਊੜੀ ਛੱਡ ਦਿੱਤੀ।

PHOTO • M. Palani Kumar
PHOTO • Aparna Karthikeyan

ਖੱਬੇ : ਨਾਗੀ ਰੈਡੀ ਦੇ ਖੇਤਾਂ ਵਿੱਚ ਵਾਢੀ ਨੂੰ ਤਿਆਰ ਰਾਗੀ ਦੀ ਫ਼ਸਲ। ਸੱਜੇ : ਜਿਓਂ ਹੀ ਨਾਗੀ ਰੈਡੀ ਦਾ ਬੇਟਾ ਆਨੰਦਰਾਮੂ ਜੰਗਲਾਤ ਵਿਭਾਗ ਵੱਲੋਂ ਹਾਥੀਆਂ ਨੂੰ ਭਜਾਉਣ ਲਈ ਦਿੱਤੀ ਐੱਲਈਡੀ ਟਾਰਚ ਜਗਾ ਕੇ ਦਿਖਾਉਂਦੇ ਹਨ ਤਾਂ ਉਹ ਖ਼ੁਦ ਵੀ ਦੇਖਣ ਲੱਗਦੇ ਹਨ

ਉਹ ਇਨ੍ਹਾਂ ਹਾਥੀਆਂ ਨੂੰ ਵਾਪਸ ਜੰਗਲ ਕਿਵੇਂ ਭੇਜਦੇ ਹਨ? ''ਅਸੀਂ ਵੰਨ-ਸੁਵੰਨੀਆਂ ( ਕੂਚਲ ) ਅਵਾਜ਼ਾਂ ਕੱਢਦੇ ਹਾਂ, ਟਾਰਚ ਦੀ ਰੌਸ਼ਨੀ ਸੁੱਟਦੇ ਹਾਂ,'' ਐੱਲਈਡੀ ਟਾਰਚ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ। ਉਨ੍ਹਾਂ ਦਾ ਬੇਟਾ ਆਨੰਦਰਾਮੂ ਉਰਫ਼ ਆਨੰਦਾ, ਜੰਗਲਾਤ ਵਿਭਾਗ ਵੱਲੋਂ ਦਿੱਤੀ ਟਾਰਚ ਨੂੰ ਜਗਾਉਂਦੇ ਹਨ। ਇਹਦੀ ਰੌਸ਼ਨੀ ਬੜੀ ਲਿਸ਼ਕਵੀਂ, ਚਿੱਟੀ ਅਤੇ ਬੜੀ ਦੂਰ ਤੱਕ ਜਾਂਦੀ ਹੈ। ''ਪਰ ਇਹਦੇ ਨਾਲ਼ ਸਿਰਫ਼ ਦੋ (ਕਿਸਮਾਂ) ਹਾਥੀ ਹੀ ਭੱਜਦੇ ਹਨ,'' ਨਾਗੰਨਾ ਕਹਿੰਦੇ ਹਨ।

''ਮੋਤਈ ਵਾਲ, ਲਿਸ਼ਕੋਰ ਤੋਂ ਆਪਣੀਆਂ ਅੱਖਾਂ ਨੂੰ ਬਚਾਈ ਖਾਣ ਦਾ ਕੰਮ ਜਾਰੀ ਰੱਖਦਾ ਹੈ,'' ਆਨੰਦਾ ਹਾਥੀ ਦੀ ਹਰਕਤ ਨੂੰ ਸਾਬਤ ਕਰਨ ਲਈ ਤੁਰ ਕੇ ਬਰਾਂਡੇ ਦੇ ਖੂੰਝੇ ਵਿੱਚ ਜਾਂਦੇ ਹਨ ਅਤੇ ਟਾਰਚ ਵੱਲ ਪਿੱਠ ਕਰਕੇ ਹਾਥੀ ਦੀਆਂ ਹਰਕਤਾਂ ਦੀ ਨਕਲ ਕਰਦੇ ਹਨ। ''ਮੋਤਈ ਵਾਲ ਆਪਣੇ ਥਾਓਂ ਨਹੀਂ ਹਿੱਲਦਾ, ਜਦੋਂ ਤੱਕ ਉਹ ਰੱਜ ਕੇ ਖਾ ਨਹੀਂ ਲੈਂਦਾ। ਉਸ ਵੇਲ਼ੇ ਕੁਝ ਇਵੇਂ ਹੁੰਦਾ ਹੈ ਜਿਵੇਂ ਉਹ ਕਹਿ ਰਿਹਾ ਹੋਵੇ: ਤੁਸੀਂ ਆਪਣਾ ਕੰਮ ਕਰੋ, ਮੈਨੂੰ ਮੇਰਾ ਕੰਮ ਕਰਨ ਦਿਓ।''

ਮੋਤਈ ਵਾਲ ਦਾ ਢਿੱਡ ਵੱਡਾ ਹੁੰਦਾ ਹੈ, ਇਸਲਈ ਉਹਦੇ ਸਾਹਮਣੇ ਜੋ ਆਉਂਦਾ ਹੈ, ਡਕਾਰ ਜਾਂਦਾ ਹੈ। ਰਾਗੀ ਉਹਦਾ ਪਸੰਦੀਦਾ ਭੋਜਨ ਹੈ। ਕਟਹਲ ਵੀ ਉਹਦਾ ਪਸੰਦੀਦਾ ਭੋਜਨ ਹੈ। ਜੇ ਉਹ ਉੱਚੀਆਂ ਟਾਹਣੀਆਂ ਤੱਕ ਨਾ ਪਹੁੰਚ ਸਕੇ ਤਾਂ ਉਹ ਆਪਣੇ ਅਗਲੇ ਪੈਰ ਰੁੱਖ 'ਤੇ ਕੁਝ ਇੰਝ ਟਿਕਾਉਂਦਾ ਹੈ ਕਿ ਸੁੰਡ ਸਹਾਰੇ ਟਾਹਣੀਆਂ ਤੋੜ ਸਕੇ। ਜੇ ਰੁੱਖ ਅਜੇ ਵੀ ਉੱਚਾ ਰਹੇ ਤੇ ਉਹਦੀ ਗੱਲ ਨਾ ਬਣੇ ਤਾਂ ਉਹ ਰੁੱਖ ਨੂੰ ਹਿਲਾਉਣ ਲੱਗਦਾ ਹੈ ਤੇ ਡਿੱਗਣ ਵਾਲ਼ੇ ਫ਼ਲ ਖਾ ਜਾਂਦਾ ਹੈ। ਨਾਗੰਨਾ ਕਹਿੰਦੇ ਹਨ,''ਮੋਤਈ ਵਾਲ 10 ਫੁੱਟ ਉੱਚਾ ਹਾਥੀ ਹੈ, ਜਦੋਂ ਉਹ ਆਪਣੀਆਂ ਦੋ ਲੱਤਾਂ 'ਤੇ ਖੜ੍ਹਾ ਹੋ ਜਾਵੇ ਤਾਂ ਸਮਝੋ ਖ਼ੁਦ ਨੂੰ 6 ਜਾਂ 8 ਫੁੱਟ ਹੋਰ ਉੱਚਾ ਕਰ ਲੈਂਦਾ ਹੈ।''

''ਪਰ ਮੋਤਈ ਵਾਲ ਇਨਸਾਨਾਂ 'ਤੇ ਹਮਲਾ ਨਹੀਂ ਕਰਦਾ। ਉਹ ਛੱਲੀਆਂ ਅਤੇ ਅੰਬ ਖਾਂਦਾ ਹੈ ਅਤੇ ਖੇਤ ਵਿੱਚ ਲੱਗੀ ਉੱਗੀ ਫ਼ਸਲ ਨੂੰ ਪੈਰਾਂ ਹੇਠ ਕੁਚਲਦਾ ਹੋਇਆ ਅੱਗੇ ਵੱਧਦਾ ਜਾਂਦਾ ਹੈ ਅਤੇ ਪਿਛਾਂਹ ਜੋ ਕੁਝ ਬੱਚਦਾ ਹੈ ਉਹ ਬਾਂਦਰਾਂ ਅਤੇ ਸੂਰਾਂ ਦੇ ਕੰਮ ਆਉਂਦਾ ਹੈ ਨਾਗੰਨਾ ਕਹਿੰਦੇ ਹਨ। ਸਾਨੂੰ ਹਰ ਸਮੇਂ ਹਰ ਚੀਜ਼ ਦੀ ਰਾਖੀ ਕਰਨੀ ਪੈਂਦੀ ਹੈ। ਜੇ ਨਾ ਕਰੀਏ ਤਾਂ ਦੁੱਧ ਅਤੇ ਦਹੀ ਤੱਕ ਨਹੀਂ ਬਚੇਗਾ, ਕਿਉਂਕਿ ਬਾਂਦਰ ਰਸੋਈ 'ਤੇ ਛਾਪੇਮਾਰੀ ਕਰਦੇ ਰਹਿੰਦੇ ਹਨ।

''ਹੋਰ ਗੱਲ ਤਾਂ ਛੱਡੋ, ਜੰਗਲੀ ਕੁੱਤੇ ਸਾਡੇ ਚੂਜੇ ਖਾ ਜਾਂਦੇ ਹਨ ਅਤੇ ਚੀਤੇ ਸਾਡੇ ਪਾਲਤੂ ਅਤੇ ਰਾਖੇ ਕੁੱਤਿਆਂ ਨੂੰ ਹੀ ਖਾ ਜਾਂਦੇ ਹਨ। ਅਜੇ ਪਿਛਲੇ ਹੀ ਹਫ਼ਤੇ...'' ਉਹ ਆਪਣੀ ਵੱਡੀ ਉਂਗਲ ਨਾਲ਼ ਬਿੱਲੀ ਦੇ ਸ਼ਿਕਾਰ ਕਰਨ ਆਉਣ ਦਾ ਰਾਹ ਵਾਹੁੰਦੇ ਹਨ ਅਤੇ ਇਹ ਦੇਖ ਮੈਂ ਕੰਬ ਜਾਂਦੀ ਹਾਂ। ਇਹ ਕਾਂਬਾ ਸਵੇਰ ਦੀ ਠੰਡਕ ਕਰਕੇ ਨਹੀਂ ਸਗੋਂ ਇਸ ਵਿਚਾਰ ਨਾਲ਼ ਆਇਆ ਕਿ ਇੰਨੇ ਖ਼ਤਰਿਆਂ ਵਿਚਾਲੇ ਵੀ ਕਿਵੇਂ ਰਿਹਾ ਜਾ ਸਕਦਾ ਹੈ।

ਉਹ ਟਾਕਰਾ ਕਿਵੇਂ ਕਰਦੇ ਹਨ? ''ਅਸੀਂ ਅੱਧ ਏਕੜ ਪੈਲ਼ੀ ਵਿੱਚ ਸਿਰਫ਼ ਆਪਣੇ ਗੁਜ਼ਾਰੇ ਜੋਗੀ ਹੀ ਰਾਗੀ ਉਗਾ ਰਹੇ ਹਾਂ। 80 ਕਿਲੋ ਦੀ ਇੱਕ ਬੋਰੀ ਦੀ ਕੀਮਤ ਮਹਿਜ 2,200 ਰੁਪਏ ਪੈਂਦੀ ਹੈ, ਮੁਨਾਫ਼ਾ ਤਾਂ ਦੂਰ ਦੀ ਗੱਲ ਰਹੀ, ਖ਼ਰਚੇ ਹੀ ਪੂਰੇ ਨਹੀਂ ਹੁੰਦੇ। ਰਹਿੰਦੀ-ਖੂੰਹਦੀ ਕਸਰ ਬੇਮੌਸਮੀ ਮੀਂਹ ਕੱਢ ਦਿੰਦਾ ਹੈ ਅਤੇ ਬਾਕੀ ਜੋ ਕੁਝ ਬੱਚਦਾ ਹੈ, ਉਹ ਜਾਨਵਰਾਂ ਦੇ ਢਿੱਡ ਵਿੱਚ ਚਲਾ ਜਾਂਦਾ ਹੈ,'' ਆਨੰਦਾ ਦੱਸਦੇ ਹਨ। ''ਇਸੇ ਕਰਕੇ ਆਪਣੀ ਇੱਕ ਪੈਲ਼ੀ ਵਿੱਚ ਅਸੀਂ ਸਫ਼ੈਦੇ ਦੇ ਰੁੱਖ ਬੀਜ ਲਏ ਹਨ। ਇਲਾਕੇ ਦੇ ਹੋਰਨਾਂ ਕਿਸਾਨਾਂ ਨੇ ਰਾਗੀ ਨੂੰ ਛੱਡ ਗੁਲਾਬ ਬੀਜਣੇ ਸ਼ੁਰੂ ਕਰ ਦਿੱਤੇ ਹਨ।''

ਹਾਥੀ ਇਨ੍ਹਾਂ ਫ਼ੁੱਲਾਂ 'ਤੇ ਨਜ਼ਰ ਨਹੀਂ ਰੱਖਦੇ। ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਸੰਦ ਨਹੀਂ.....

PHOTO • M. Palani Kumar

ਆਨੰਦਾਰਾਮੂ ਹਾਥੀਆਂ ਦਾ ਮਾਰਗ ਦਿਖਾਉਂਦੇ ਹੋਏ ਇਸੇ ਰਾਹੇ ਜਾਨਵਰ ਫ਼ਸਲ ਅਤੇ ਫਲ਼ ਖਾਣ ਆਉਂਦੇ ਹਨ

*****

ਰਾਗੀ ਦੇ ਇਨ੍ਹਾਂ ਖੇਤਾਂ ਕੰਢੇ,  ਝੂਲੇ ' ਤੇ ਬੈਠੀ ਮੈਂ ਗਾਵਾਂ,
ਸੀਟੀ ਮਾਰ ਤੋਤਿਆਂ ਨੂੰ, ਦੂਰ ਭਜਾਉਂਦੀ ਜਾਵਾਂ,
ਤੋਤਾ ਦਾਣਾ ਚੁਗ ਨਾ ਜਾਵੇ, ਮੈਂ ਦਰ ਦਰ ਭਟਕਦੀ ਜਾਵਾਂ,
ਮਾਹੀ ਆਵੇ ਮਨ ਮੁਸਕਾਵੇ, ਹੌਲ਼ੇ ਜਿਹੇ ਉਹ ਝੂਲਾ ਝੁਲਾਵੇ,
ਕਿਤੇ ਪਕੜ ਢਿੱਲੀ ਨਾ ਹੋਜੇ, ਸੁਪਨਾ ਇਹ ਤਬਾਹ ਨਾ ਹੋਜੇ
ਰੱਸੀ ਛੁੱਟਣ ਬਹਾਨੇ ਮੈਂ, ਜਾ ਉਹਦੀ ਹਿੱਕ ' ਚ ਸਮਾਈ
ਸਭ ਸੱਚ ਜਾਣ ਉਹਨੇ ਕਲਾਵੇ ਦੀ ਕੱਸ ਹੋਰ ਵਧਾਈ,
ਬੇਹੋਸ਼ੀ ਦੇਖੋ ਮੇਰੀ ਕਿਵੇਂ ਮੇਰੀ ਚੇਤਨਾ ' ਤੇ ਹੈ ਛਾਈ

ਇਹ ਭਾਵਨਾਤਮਕ ਸਤਰਾਂ 2,000 ਸਾਲ ਪੁਰਾਣੀਆਂ ਹਨ ਅਤੇ ਕਾਪਿਲਰ ਦੁਆਰਾ ਰਚਿਤ ਸੰਗਮ ਯੁੱਗ ਦੀ ਕਵਿਤਾ ' ਕਾਲਿਤਤੋਕਈ ' ਵਿੱਚੋਂ ਲਈਆਂ ਗਈਆਂ ਹਨ। ਰਾਗੀ ਦਾ ਸੰਦਰਭ ਅਸਧਾਰਣ ਨਹੀਂ ਸੀ, ਸੇਂਥਿਲ ਨਾਥਨ ਕਹਿੰਦੇ ਹਨ, ਜੋ OldTamilPoetry.com ਨਾਮਕ ਬਲੌਗ ਚਲਾਉਂਦੇ ਹਨ, ਅਜਿਹਾ ਬਲੌਗ ਜੋ ਸੰਗਮ ਸਾਹਿਤ ਦੀਆਂ ਕਾਵਿ ਰਚਨਾਵਾਂ ਦਾ ਤਰਜਮਾ ਕਰਦਾ ਹੈ।

''ਸੰਗਮ ਸਿਧਾਂਤ ਵਿੱਚ ਰਾਗੀ ਦੇ ਝੂਲ਼ਦੇ ਖੇਤ ਪ੍ਰੇਮ ਕਵਿਤਾਵਾਂ ਦੀ ਪਿੱਠਭੂਮੀ ਹਨ, ਸੇਂਥਿਲ ਨਾਥਨ ਕਹਿੰਦੇ ਹਨ। ''ਇੱਕ ਬੁਨਿਆਦੀ ਜਿਹੀ ਖ਼ੋਜ ਦਰਸਾਉਂਦੀ ਹੈ ਕਿ ਰਾਗੀ ਦਾ ਜ਼ਿਕਰ ਕੋਈ 125 ਵਾਰੀ ਮਿਲ਼ਿਆ, ਜੋ ਕਿ ਚੌਲ਼ਾਂ ਦੇ ਸੰਦਰਭਾਂ ਨਾਲ਼ੋਂ ਥੋੜ੍ਹਾ ਵੱਧ ਹੈ। ਇਸਲਈ ਇਹ ਕਿਆਸ ਲਾਉਣਾ ਢੁੱਕਵਾਂ ਰਹੇਗਾ ਕਿ ਸੰਗਮ ਯੁੱਗ (ਤਕਰੀਬਨ 200 ਬੀਸੀਈ-200 ਸੀਈ) ਦੌਰਾਨ ਰਾਗੀ/ਬਾਜਰਾ ਲੋਕਾਂ ਲਈ ਮਹੱਤਵਪੂਰਨ ਅਨਾਜ ਹੋਇਆ ਕਰਦਾ ਸੀ। ਉਸ ਸਮੂਹ ਵਿੱਚ ਤਿਨਈ (ਫ਼ੌਕਸਟੇਲ ਬਾਜਰਾ) ਪ੍ਰਧਾਨ ਹੁੰਦਾ ਸੀ, ਬਾਅਦ ਵਿੱਚ ਵਰਾਗੁ (ਜਾਂ ਤਾਂ ਰਾਗੀ ਜਾਂ ਕੋਦੋ ਬਾਜਰਾ) ਨੇ ਆਪਣੀ ਥਾਂ ਬਣਾਈ।''

ਕੇ.ਟੀ. ਅਚਾਰਿਆ ਆਪਣੀ ਕਿਤਾਬ ਇੰਡੀਅਨ ਫੂਡ : ਏ ਹਿਸਟੋਰੀਕਲ ਕੰਪੈਨੀਅਨ ਵਿੱਚ ਲਿਖਦੇ ਹਨ ਕਿ ਰਾਗੀ ਮੂਲ਼ ਰੂਪ ਵਿੱਚ ਯੁਗਾਂਡਾ, ਪੂਰਬੀ ਅਫਰੀਕਾ ਦੀ ਫ਼ਸਲ ਹੈ। ਇਹਨੇ ਕਈ ਸੌ ਵਰ੍ਹੇ ਪਹਿਲਾਂ ਦੱਖਣ ਭਾਰਤ ਅੰਦਰ ਆਪਣੀ ਆਮਦ ਦਾ ਰਾਹ ਪੱਧਰਾ ਕੀਤਾ ਅਤੇ ''ਕਰਨਾਟਕ ਦੀ ਤੁੰਗਭਦਰਾ ਨਦੀ ਵਿਖੇ ਪੈਂਦੇ ਹਲੌਰ ਸਥਲ (1800 ਬੀਸੀਈ) ਅਤੇ  ਤਮਿਲਨਾਡੂ ਦੇ ਪੈਯਮਪੱਲੀ (1390 ਬੀਸੀਈ) ਵਿਖੇ'' ਦੇਖਣ ਨੂੰ ਮਿਲ਼ੀ। ਇਹ ਥਾਂ ਨਾਗੰਨਾ ਦੇ ਘਰ ਤੋਂ 200 ਕਿਲੋਮੀਟਰ ਦੂਰ ਹੈ।

ਜੇ ਰਾਗੀ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਤਮਿਲਨਾਡੂ, ਕਰਨਾਟਕ ਤੋਂ ਬਾਅਦ ਰਾਗੀ ਉਤਪਾਦਨ ਵਿੱਚ ਦੂਸਰੀ ਥਾਂ ਰੱਖਦਾ ਹੈ, ਜੋ ਰਾਗੀ ਨੂੰ ਪੈਕ ਕਰਨ ਵਿੱਚ ਸਭ ਤੋਂ ਮੋਹਰੀ ਹੈ ਅਤੇ ਜਿਹਦਾ ਸਲਾਨਾ ਝਾੜ 2.745 ਲੱਖ ਮੀਟ੍ਰਿਕ ਟਨ ਨੂੰ ਛੂਹ ਜਾਂਦਾ ਹੈ। ਇਕੱਲਾ ਕ੍ਰਿਸ਼ਨਾਗਿਰੀ ਜ਼ਿਲ੍ਹਾ ਹੀ, ਜਿੱਥੇ ਨਾਗੀ ਰੈਡੀ ਦਾ ਪਿੰਡ ਹੈ, ਰਾਜ ਦੇ ਰਾਗੀ ਉਤਪਾਦਨ ਦਾ 42 ਫ਼ੀਸਦ ਪੈਦਾ ਕਰਦਾ ਹੈ

ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਓਰਗਨਾਇਜੇਸ਼ਨ (ਐੱਫ਼ਏਓ) ਰਾਗੀ ਦੀ ਇਸ ਕਿਸਮ ਦੀਆਂ ਕਈ 'ਖ਼ਾਸ ਵਿਸ਼ੇਸ਼ਤਾਵਾਂ ' ਗਿਣਾਉਂਦੀ ਹੈ। ਵਾਧੂ ਪੈਸਾ ਕਮਾਉਣ ਲਈ ਉਨ੍ਹਾਂ ਲਈ ਰਾਗੀ ਨੂੰ ਫਲ਼ੀਦਾਰ ਫ਼ਸਲਾਂ ਨਾਲ਼ ਅੰਤਰ-ਫ਼ਸਲ ਕੀਤਾ ਜਾ ਸਕਦਾ ਹੈ। ਇੰਝ ਕਰਕੇ ਘੱਟ ਲਾਗਤਾਂ (ਇਨਪੁੱਟਾਂ) ਅਤੇ ਮਿੱਟੀ ਦੀ ਘੱਟ ਜਰਖ਼ੇਜ਼ਤਾ ਦੇ ਬਾਵਜੂਦ ਵੀ ਵਾਜਬ ਝਾੜ ਹੱਥ ਲੱਗ ਸਕਦਾ ਹੈ।

PHOTO • Aparna Karthikeyan
PHOTO • Aparna Karthikeyan

ਬਾਜਰੇ ਦੀ ਫ਼ਸਲ ਦੀ ਬੱਲੀ (ਖੱਬੇ) ਅਤੇ ਇਹਦੇ ਦਾਣੇ। ਕ੍ਰਿਸ਼ਨਾਗਿਰੀ ਜ਼ਿਲ੍ਹਾ ਤਮਿਲਨਾਡੂ ਦੀ ਰਾਗੀ ਦਾ ਕੁੱਲ 42 ਫ਼ੀਸਦ ਪੈਦਾ ਕਰਦਾ ਹੈ

ਭਾਵੇਂਕਿ, ਰਾਗੀ ਦੀ ਇਸ ਕਿਸਮ ਦੇ ਝਾੜ ਅਤੇ ਮਕਬੂਲੀਅਤ ਦੋਵਾਂ ਵਿੱਚ ਗਿਰਾਵਟ ਆਈ ਹੈ। ਅਣਕਿਆਸੇ ਰੂਪ ਵਿੱਚ, ਇਹ ਗਿਰਾਵਟ ਹਰਾ ਇਨਕਲਾਬ ਆਉਣ ਨਾਲ਼ ਚੌਲ਼ਾਂ ਅਤੇ ਕਣਕ ਦੀ ਵੱਧਦੀ ਲੋਕਪ੍ਰਿਯਤਾ ਨਾਲ਼ ਮੇਲ਼ ਖਾਂਦੀ ਹੈ। ਇਹ (ਅਨਾਜ) ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਦੇ ਮਾਧਿਅਮ ਰਾਹੀਂ ਆਪਣੀ ਅਸਾਨ ਉਪਲਬਧਤਾ ਬਣਾਉਂਦੇ ਹਨ।

ਪੂਰੇ ਭਾਰਤ ਅੰਦਰ ਸਾਉਣੀ ਦੇ ਮੌਸਮ ਵਿੱਚ ਰਾਗੀ ਦੇ ਝਾੜ ਵਿੱਚ ਬੀਤੇ ਕੁਝ ਸਾਲਾਂ ਤੋਂ ਉਤਰਾਅ-ਚੜ੍ਹਾਅ ਜ਼ਰੂਰ ਦੇਖਿਆ ਗਿਆ ਹੈ, ਪਰ 2021 ਵਿੱਚ 2 ਮਿਲੀਅਨ ਟਨ ਦੇ ਕਰੀਬ ਝਾੜ ਹੋਏ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ। ਹਾਲਾਂਕਿ, 2022 ਦਾ ਪਹਿਲਾ ਅੰਦਾਜ਼ੇ ਨੇ ਗਿਰਾਵਟ ਵੱਲ ਇਸ਼ਾਰਾ ਕੀਤਾ। 2010 ਵਿੱਚ ਅੰਕੜਾ 1.89 ਮਿਲੀਅਨ ਟਨ ਸੀ। ਵਿੱਤੀ ਸਾਲ 2022 ਲਈ ਲਾਇਆ ਪ੍ਰਖੇਪ - ਪਹਿਲਾ ਅੰਦਾਜ਼ਾ- ਕਰੀਬ 1.52 ਮਿਲੀਅਨ ਟਨ ਦਾ ਹੈ।

ਰਾਗੀ 'ਤੇ ਕੰਮ ਕਰਨ ਵਾਲ਼ੇ ਇੱਕ ਵਿਕਾਸ ਸੰਗਠਨ, ਧਨ ਫਾਊਂਡੇਸ਼ਨ ਮੁਤਾਬਕ,''ਰਾਗੀ ਦੇ ਪੋਸ਼ਕ ਗੁਣਾਂ ਦੇ ਬਾਵਜੂਦ ਅਤੇ ਜਲਵਾਯੂ ਦੇ ਲਚੀਲੇਪਣ ਕਾਰਨ, ਪਿਛਲੇ ਪੰਜ ਦਹਾਕਿਆਂ ਵਿੱਚ ਭਾਰਤ ਵਿੱਚ ਫਿੰਗਰ ਬਾਜਰੇ (ਰਾਗੀ) ਦੀ ਖ਼ਪਤ ਵਿੱਚ 47 ਫ਼ੀਸਦ ਦੀ ਗਿਰਾਵਟ ਆਈ ਹੈ , ਜਦੋਂਕਿ ਛੋਟੇ ਬਾਜਰੇ ਦੀਆਂ ਕਿਸਮਾਂ ਵਿੱਚ 83 ਫ਼ੀਸਦ ਤੱਕ ਦੀ ਗਿਰਾਵਟ ਆਈ ਹੈ।

ਮੁਲਕ ਦੇ ਸਭ ਤੋਂ ਵੱਡੇ ਰਾਗੀ ਉਤਪਾਦਕ, ਗੁਆਂਢੀ ਕਰਨਾਟਕ ਵਿੱਚ, ''ਪਿੰਡ ਦੇ ਪਰਿਵਾਰਾਂ ਦੁਆਰਾ ਔਸਤ ਪ੍ਰਤੀ ਵਿਅਕਤੀ ਫਿੰਗਰ ਬਾਜਰੇ ਦੀ ਮਹੀਨੇਵਾਰ ਖ਼ਪਤ , ਜੋ ਸਾਲ 2004-05 ਵਿੱਚ 1.8 ਕਿਲੋ ਸੀ, ਸਾਲ 2011-12 ਵਿੱਚ 1.2 ਕਿਲੋਗ੍ਰਾਮ ਤੱਕ ਡਿੱਗ ਗਈ ਹੈ।

ਬਾਵਜੂਦ ਇਹਦੇ ਫ਼ਸਲ ਬਚੀ ਹੋਈ ਹੈ ਕਿਉਂਕਿ ਕੁਝ ਭਾਈਚਾਰਿਆਂ ਅਤੇ ਇਹਦੇ ਭੂਗੋਲਿਕ ਇਲਾਕਿਆਂ ਨੇ ਰਾਗੀ ਬੀਜਣੀ ਅਤੇ ਖਾਣੀ ਜਾਰੀ ਰੱਖੀ ਹੋਈ ਹੈ। ਕ੍ਰਿਸ਼ਨਾਗਿਰੀ ਵੀ ਉਨ੍ਹਾਂ ਵਿੱਚੋਂ ਇੱਕ ਹੈ।

*****

ਜਿੰਨੀ ਵੱਧ ਰਾਗੀ ਤੁਸੀਂ ਉਗਾਉਂਦੇ ਹੋ, ਓਨੇ ਹੀ ਵੱਧ ਡੰਗਰਾਂ ਨੂੰ ਤੁਸੀਂ ਪਾਲ਼ ਸਕਦੇ ਹੋ ਅਤੇ ਹਫ਼ਤੇ ਦੀ ਵਧੀਆ ਕਮਾਈ ਵੀ ਕਰ ਸਕਦੇ ਹੋ। ਲੋਕਾਂ ਨੇ ਚਾਰੇ ਦੀ ਕਿੱਲਤ ਕਾਰਨ ਆਪਣੇ ਡੰਗਰਾਂ ਨੂੰ ਵੇਚ ਦਿੱਤਾ ਹੈ।
ਗੋਪਾਕੁਮਾਰ ਮੇਨਨ, ਲੇਖਕ ਅਤੇ ਕਿਸਾਨ

PHOTO • Aparna Karthikeyan
PHOTO • Aparna Karthikeyan

ਖੱਬੇ: ਗੋਲਾਪੱਲੀ ਪਿੰਡ ਵਿਖੇ ਗੋਪਾਕੁਮਾਰ ਮੇਨਨ ਆਪਣੇ ਖੇਤ ਵਿੱਚ ਰਾਗੀ ਦੇ ਬੂਟੇ ਦੇ ਨਾਲ਼। ਸੱਜੇ: ਮੀਂਹ ਨਾਲ਼ ਨੁਕਸਾਨੀ ਰਾਗੀ ਦੀ ਨਾੜ

ਨਾਗੰਨਾ ਦੇ ਘਰ ਜਾਣ ਤੋਂ ਇੱਕ ਰਾਤ ਪਹਿਲਾਂ ਇਲਾਕੇ ਦੇ ਸਾਡੇ ਮੇਜ਼ਬਾਨ ਗੋਪਾਕੁਮਾਰ ਮੇਨਨ ਮੈਨੂੰ ਹਾਥੀ ਦੀ ਬੇਚੈਨ ਕਰ ਸੁੱਟਣ ਵਾਲ਼ੀ ਕਹਾਣੀ ਸੁਣਾਉਂਦੇ ਹਨ। ਪਿੰਡ ਗੋਲਾਪੱਲੀ ਵਿਖੇ ਦਸੰਬਰ ਦੀ ਇੱਕ ਸਵੇਰ ਅਸੀਂ ਉਨ੍ਹਾਂ ਦੇ ਘਰ ਦੀ ਛੱਤ 'ਤੇ ਬੈਠੇ ਹੋਏ ਹਾਂ। ਸਾਡੇ ਚੁਫ਼ੇਰੇ, ਹਰ ਚੀਜ਼ ਸਿਆਹ ਅਤੇ ਯੱਖ ਹੈ ਪਰ ਇਸ ਸਾਂ-ਸਾਂ-ਸਾਂ ਦੀ ਆਪਣੀ ਹੀ ਖ਼ੂਬਸੂਰਤੀ ਹੈ। ਰਾਤ ਦੇ ਕੁਝ ਜੀਵਨ ਜਾਗ ਗਏ ਹਨ; ਉਹ ਗਾਉਂਦੇ ਹਨ, ਦੌੜਾਂ ਲਾਉਂਦੇ ਹਨ... ਸਵੇਰ ਦੀ ਸ਼ਾਂਤੀ ਵਿੱਚ ਇਹ ਹੌਂਸਲਾ-ਦੇਊ ਅਤੇ ਧਿਆਨ-ਭਟਕਾਊ ਪਲ ਬਣ ਕੇ ਉੱਭਰਦੇ ਹਨ।

''ਮੋਤਈ ਵਾਲ ਇੱਥੇ ਸੀ,'' ਥੋੜ੍ਹੀ ਦੂਰ ਅੰਬ ਦੇ ਰੁੱਖ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ। ''ਉਹ ਅੰਬ ਖਾਣੇ ਲੋਚਦਾ ਸੀ ਪਰ ਫ਼ਲਾਂ ਤੱਕ ਅੱਪੜ ਨਾ ਪਾਇਆ। ਇਸਲਈ ਉਹਨੇ ਰੁੱਖ ਹੀ ਦੂਹਰਾ ਕਰ ਛੱਡਿਆ।'' ਮੈਂ ਚੁਫ਼ੇਰੇ ਨਜ਼ਰ ਘੁਮਾਉਂਦੀ ਹਾਂ ਤੇ ਹਰ ਥਾਵੇਂ ਹਾਥੀ ਦਾ ਅਕਾਰ ਉੱਭਰ ਆਉਂਦਾ ਹੈ। ''ਚਿੰਤਾ ਨਾ ਕਰੋ, ਜੇ ਉਹ ਇੱਥੇ ਹੁੰਦਾ ਤਾਂ ਤੁਸੀਂ ਜਾਣ ਜਾਂਦੇ,'' ਗੋਪਾ ਮੈਨੂੰ ਭਰੋਸਾ ਦਵਾਉਂਦੇ ਹਨ।

ਅਗਲੇ ਇੱਕ ਘੰਟੇ ਵਿੱਚ, ਗੋਪਾ ਮੈਨੂੰ ਕਈ ਕਹਾਣੀਆਂ ਸੁਣਾਉਂਦੇ ਹਨ। ਉਹ ਵਿਵਹਾਰਕ ਅਰਥ-ਸ਼ਾਸਤਰ ਦੇ ਇੱਕ ਵਸੀਲਾ ਹਨ, ਲੇਖਕ ਹਨ ਅਤੇ ਕਾਰਪੋਰੇਟ ਸੁਕਵਧਾ ਵੀ ਹਨ। ਤਕਰੀਬਨ 15 ਸਾਲ ਪਹਿਲਾਂ ਉਨ੍ਹਾਂ ਨੇ ਗੋਲਾਪੱਲੀ ਵਿਖੇ ਕੁਝ ਜ਼ਮੀਨ ਖ਼ਰੀਦੀ ਅਤੇ ਉਸ ਜ਼ਮੀਨ ਨੂੰ ਆਪਣਾ ਖੇਤ ਸਮਝ ਲਿਆ। ਸਿਰਫ਼ ਉਦੋਂ ਹੀ ਉਹ ਜਾਣ ਪਾਏ ਕਿ ਖੇਤੀ ਕਰਨੀ ਕਿੰਨਾ ਮੁਸ਼ਕਲ ਕੰਮ ਸੀ। ਹੁਣ ਉਹ ਆਪਣੇ ਦੋ ਏਕੜ ਖੇਤ ਵਿੱਚ ਨਿੰਬੂ ਦੇ ਬੂਟੇ ਅਤੇ ਕੁਲਥੀ (ਘੋੜਿਆਂ ਦਾ ਚਾਰਾ) ਬੀਜਦੇ ਹਨ। ਕੁੱਲਵਕਤੀ ਇਸ ਕਿਸਾਨ ਵਾਸਤੇ ਖੇਤੀ ਤੋਂ ਆਉਂਦੀ ਆਮਦਨ ਦੇ ਸਿਰ ਨਿਰਭਰ ਰਹਿਣਾ ਕਾਫ਼ੀ ਮੁਸ਼ਕਲ ਹੈ। ਪ੍ਰਤੀਕੂਲ ਨੀਤੀ ਦੀ ਹਾਲਤ, ਜਲਵਾਯੂ ਤਬਦੀਲੀ, ਅਣਢੁੱਕਵਾਂ ਖ਼ਰੀਦ ਮੁੱਲ ਅਤੇ ਇਨਸਾਨ-ਜਾਨਵਰ ਦੇ ਸੰਘਰਸ਼ ਨੇ ਦੇਸੀ ਰਾਗੀ ਦੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਉਹ ਕਹਿੰਦੇ ਹਨ।

''ਫਿੰਗਰ ਬਾਜਰਾ ਇਸ ਗੱਲ ਦੀ ਸ਼ਾਨਦਾਰ ਉਦਾਹਰਣ ਹੈ, ਇਹ ਸਮਝਣ ਲਈ ਕਿ ਪ੍ਰਸਤਾਵਤ ਕੀਤੇ ਗਏ ਅਤੇ ਫਿਰ ਰੱਦ ਕੀਤੇ ਗਏ ਉਨ੍ਹਾਂ ਖੇਤੀ ਕਨੂੰਨਾਂ ਨੇ ਕੰਮ ਕਿਉਂ ਨਹੀਂ ਕਰਨਾ ਸੀ,'' ਗੋਪਾ ਕਹਿੰਦੇ ਹਨ। ''ਕਨੂੰਨ ਨੇ ਕਿਹਾ ਤੁਸੀਂ ਆਪਣੀ ਫ਼ਸਲ ਕਿਸੇ ਨੂੰ ਵੀ ਵੇਚ ਸਕਦੇ ਹੋ। ਹੁਣ ਤਮਿਲਨਾਡੂ ਦੀ ਹੀ ਗੱਲ ਕਰੀਏ। ਜੇ ਇਸ ਗੱਲ ਵਿੱਚ ਦਮ ਹੁੰਦਾ ਤਾਂ ਇੱਥੋਂ ਦੇ ਕਿਸਾਨ ਹੋਰ ਹੋਰ ਰਾਗੀ ਕਿਉਂ ਨਾ ਬੀਜਦੇ, ਠੀਕ ਕਿਹਾ ਨਾ? ਫਿਰ ਕਿਉਂ ਉਹ ਆਪਣੀ ਫ਼ਸਲ ਨੂੰ ਕਰਨਾਟਕ ਲਿਜਾਂਦੇ, ਜਿੱਥੇ ਮਿਲ਼ਣ ਵਾਲ਼ਾ ਘੱਟੋਘੱਟ ਸਮਰਥਨ ਮੁੱਲ 3,377 ਰੁਪਏ ਪ੍ਰਤੀ ਕੁਵਿੰਟਲ ਹੈ (ਆਨੰਦਾ ਕਹਿੰਦੇ ਹਨ ਜੋ ਕਿ ਤਮਿਲਨਾਡੂ ਵਿਖੇ ਉਨ੍ਹਾਂ ਨੂੰ ਮਿਲ਼ਦੇ ਮੁੱਲ ਨਾਲ਼ੋਂ ਕਾਫ਼ੀ ਘੱਟ ਹੈ)?''

ਇਹ ਕਾਰਵਾਈ ਖ਼ੁਲਾਸਾ ਕਰਦੀ ਹੈ ਕਿ ਤਮਿਲਨਾਡੂ ਦੇ ਇਸ ਹਿੱਸੇ ਵਿੱਚ ਲੋਕ ਘੱਟੋਘੱਟ ਸਮਰਥਨ ਮੁੱਲ ਪਾਉਣ ਦੇ ਯੋਗ ਨਹੀਂ। ਇਸੇ ਕਰਕੇ ਤਾਂ ਜਿਵੇਂ ਗੋਪਾ ਮੇਨਨ ਕਹਿੰਦੇ ਹਨ, ਕੁਝ ਲੋਕ ਆਪਣੀ ਉਪਜ ਵੇਚਣ ਲਈ ਸਰਹੱਦੋਂ ਪਾਰ ਜਾਂਦੇ ਹਨ।

PHOTO • M. Palani Kumar
PHOTO • M. Palani Kumar

ਗੋਲਾਪੱਲੀ ਦੇ ਐਨ ਬਾਹਰ ਕਰਕੇ ਕਿਸਾਨ ਸਿਵਾ ਕੁਮਾਰਨ ਦੁਆਰਾ ਠੇਕੇ ' ਤੇ ਲਏ ਖੇਤਾਂ ਵਿਖੇ ਰਾਗੀ ਦੀ ਵਾਢੀ ਕਰਦੇ ਮਜ਼ਦੂਰ

ਆਨੰਦਾ ਦੇ ਕਹੇ ਮੁਤਾਬਕ ਅੱਜ ਦੀ ਤਰੀਕ ਵਿੱਚ ਤਮਿਲਨਾਡੂ ਦੇ ਹੋਸੁਰ ਜ਼ਿਲ੍ਹੇ ਵਿਖੇ ''ਉੱਚ ਗੁਣਵੱਤਾ ਵਾਲ਼ੀ 80 ਕਿਲੋ (ਬੋਰੀ) ਰਾਗੀ ਲਈ 2,200 ਰੁਪਏ ਅਤੇ ਦੂਜੀ ਗੁਣਵੱਤਾ ਦੀ ਰਾਗੀ ਲਈ 2,000 ਰੁਪਏ ਕੀਮਤ ਮਿਲ਼ਦੀ ਹੈ। ਪ੍ਰਭਾਵਸ਼ਾਲੀ ਢੰਗ ਨਾਲ਼ ਇੱਕ ਕਿਲੋ ਰਾਗੀ ਦੀ ਕੀਮਤ 25 ਤੋਂ 27 ਰੁਪਏ ਬਣਦੀ ਹੈ।''

ਇਸੇ ਭਾਅ ਹੇਠ ਇੱਕ ਕਮਿਸ਼ਨ ਏਜੰਟ ਕਿਸਾਨਾਂ ਕੋਲ਼ੋਂ ਉਨ੍ਹਾਂ ਦੇ ਖੇਤਾਂ ਵਿੱਚੋਂ ਉਪਜ ਖਰੀਦਦਾ ਹੈ। ਆਨੰਦਾ ਅੰਦਾਜਾ ਲਾਉਂਦੇ ਹਨ ਕਿ ਜਦੋਂ ਉਹੀ ਰਾਗੀ ਅਗਲੇ ਹੱਥ ਵੇਚੀ ਜਾਂਦੀ ਹੈ ਤਾਂ ਉਸ ਵਿਅਕਤੀ (ਏਜੰਟ) ਨੂੰ ਇੱਕ ਬੋਰੀ ਮਗਰ 200 ਰੁਪਏ ਦਾ ਨਫ਼ਾ ਹੁੰਦਾ ਹੋਵੇਗਾ। ਜੇ ਕਿਸਾਨ ਸਿੱਧਿਆਂ ਮੰਡੀ ਜਾ ਕੇ ਆਪਣੀ ਉਪਜ ਵੇਚਣ ਤਾਂ ਉੱਚ ਗੁਣਵੱਤਾ ਵਾਲ਼ੀ ਰਾਗੀ ਦੀ ਬੋਰੀ ਬਦਲੇ 2,350 ਰੁਪਏ ਤੱਕ ਕਮਾ ਸਕਦੇ ਹਨ। ਪਰ ਆਪਣੇ ਇਸ ਕਦਮ ਮਗਰ ਉਨ੍ਹਾਂ ਨੂੰ ਕੋਈ ਮੁਨਾਫ਼ਾ ਨਜ਼ਰ ਨਹੀਂ ਆਉਂਦਾ। ''ਮੈਨੂੰ ਟੈਂਪੂ ਵਿੱਚ ਬੋਰੀਆਂ ਲੱਦਣ ਲਈ ਅੱਡ ਪੈਸੇ ਦੇਣੇ ਪੈਣਗੇ ਅਤੇ ਮੰਡੀ ਦਾ ਕਮਿਸ਼ਨ ਵੱਖਰਾ ਦੇਣਾ ਹੋਵੇਗਾ...''

ਕਰਨਾਟਕ ਵਿੱਚ ਵੀ, ਜਿੱਥੇ ਭਾਵੇਂ ਐੱਮਐੱਸਪੀ ਤਮਿਲਨਾਡੂ ਨਾਲ਼ੋਂ ਬਿਹਤਰ ਮਿਲ਼ਦੀ ਹੋਵੇ, ਖਰੀਦੋ-ਫ਼ਰੋਖਤ ਵਿੱਚ ਦੇਰੀ ਦੇ ਚੱਲਦਿਆਂ ਕੁਝ ਕਿਸਾਨਾਂ ਨੂੰ ਸਮਰਥਨ ਮੁੱਲ ਨਾਲ਼ੋਂ 35 ਫ਼ੀਸਦ ਘੱਟ ਮੁੱਲ 'ਤੇ ਫ਼ਸਲ ਵੇਚਣੀ ਪੈ ਰਹੀ ਹੈ।

''ਹਰ ਥਾਵੇਂ ਵਾਜਬ ਐੱਮਐੱਸਪੀ ਲਾਗੂ ਹੋਵੇ,'' ਗੋਪਾ ਮੇਨਨ ਕਹਿੰਦੇ ਹਨ। ਜੇ ਤੁਸੀਂ 35 ਰੁਪਏ ਕਿਲੋ ਦੇ ਹਿਸਾਬ ਨਾਲ਼ ਖਰੀਦਦੇ ਹੋ ਤਾਂ ਲੋਕ ਰਾਗੀ ਉਗਾਉਣਗੇ। ਜੇ ਤੁਸੀਂ ਇੰਝ ਨਹੀਂ ਕਰਦੇ ਤਾਂ ਫਿਰ ਇਸ ਇਲਾਕੇ ਦਾ ਅਸਥਾਈ ਫ਼ਸਲੀ ਚੱਕਰ, ਜਿਸ ਵਿੱਚ ਲੋਕ ਫੁੱਲ, ਟਮਾਟਰ ਅਤੇ ਫਰੈਂਚ ਬੀਨ ਉਗਾ ਰਹੇ ਹਨ, ਸਥਾਈ ਹੋ ਨਿਬੜੇਗਾ।''

ਪਿੰਡ ਵਿਖੇ ਉਨ੍ਹਾਂ ਦਾ ਗੁਆਂਢੀ, ਅੱਧਖੜ੍ਹ ਉਮਰ ਦਾ ਕਿਸਾਨ, ਸੀਨੱਪਾ ਟਮਾਟਰ ਦੀ ਹੋਰ ਖੇਤੀ ਕਰਨੀ ਚਾਹੁੰਦਾ ਹੈ। ''ਇਹ ਲਾਟਰੀ ਤੋਂ ਘੱਟ ਨਹੀਂ,'' ਸੀਨੱਪਾ ਕਹਿੰਦੇ ਹਨ। ''ਟਮਾਟਰ ਉਗਾ ਕੇ 3 ਲੱਖ ਰੁਪਏ ਕਮਾਉਣ ਵਾਲ਼ੇ ਇੱਕ ਕਿਸਾਨ ਤੋਂ ਹਰੇਕ ਕਿਸਾਨ ਪ੍ਰਭਾਵਤ ਹੋਇਆ ਹੈ। ਪਰ ਇਸ ਫ਼ਸਲ ਲਈ ਲਾਗਤਾਂ ਦੀ ਦਰ ਕਾਫ਼ੀ ਜ਼ਿਆਦਾ ਹੈ। ਬਾਕੀ ਇਸ ਫ਼ਸਲ ਦੀ ਕੀਮਤ ਵੀ ਅਣਕਿਆਸੀ ਰਹਿੰਦੀ ਹੈ, ਕਦੇ 1 ਰੁਪਏ ਕਿਲੋ ਹੁੰਦੀ ਹੈ ਅਤੇ ਕਦੇ ਛਾਲ਼ ਮਾਰ ਕੇ 120 ਰੁਪਏ ਕਿਲੋ ਪਹੁੰਚ ਜਾਂਦੀ ਹੈ।''

ਜੇਕਰ ਸੀਨੱਪਾ ਨੂੰ ਵਾਜਬ ਭਾਅ ਮਿਲ਼ੇ ਤਾਂ ਉਹ ਟਮਾਟਰ ਦੀ ਖੇਤੀ ਛੱਡ ਰਾਗੀ ਉਗਾਉਣ ਲੱਗੇਗਾ। ''ਜਿੰਨੀ ਵੱਧ ਰਾਗੀ ਤੁਸੀਂ ਉਗਾਉਂਦੇ ਹੋ, ਓਨੇ ਹੀ ਵੱਧ ਡੰਗਰਾਂ ਨੂੰ ਤੁਸੀਂ ਪਾਲ਼ ਸਕਦੇ ਹੋ ਅਤੇ ਹਫ਼ਤੇ ਦੀ ਵਧੀਆ ਕਮਾਈ ਵੀ ਕਰ ਸਕਦੇ ਹੋ। ਲੋਕਾਂ ਨੇ ਚਾਰੇ ਦੀ ਕਿੱਲਤ ਕਾਰਨ ਆਪਣੇ ਡੰਗਰਾਂ ਨੂੰ ਵੇਚ ਦਿੱਤਾ ਹੈ।''

PHOTO • M. Palani Kumar
PHOTO • Aparna Karthikeyan

ਖੱਬੇ : ਵੱਢੀ ਹੋਈ ਫ਼ਸਲ ਪੰਡਾਂ ਵਿੱਚ ਬੱਝੀ ਹੋਈ। ਰਾਗੀ ਦਾ ਅਨਾਜ ਦੋ ਸਾਲ ਤੋਂ ਵੱਧ ਸਮੇਂ ਲਈ ਸੰਭਾਲ਼ਿਆ ਜਾ ਸਕਦਾ ਹੈ। ਸੱਜੇ : ਨਾੜਦਾਰ ਪਰੂਲ ਦੇ ਕੁੱਪ ਜਿਹੇ ਬਣਾਏ ਹੋਏ ਜੋ ਡੰਗਰਾਂ ਲਈ ਚਾਰਾ ਵਜੋਂ ਵਰਤਿਆ ਜਾਂਦਾ ਹੈ

ਰਾਗੀ ਇੱਥੋਂ ਦੇ ਲੋਕਾਂ ਲਈ ਮੁੱਖ ਅਹਾਰ ਹੈ, ਗੋਪਾ ਮੇਨਨ ਮੈਨੂੰ ਦੱਸਦੇ ਹਨ। ''ਤੁਸੀਂ ਰਾਗੀ ਸਿਰਫ਼ ਉਦੋਂ ਹੀ ਵੇਚਦੇ ਹੋ ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇ। ਇਹ ਦੋ ਸਾਲਾਂ ਤੋਂ ਵੱਧ ਸਮੇਂ ਲਈ ਸਾਂਭੀ ਜਾ ਸਕਦੀ ਹੈ ਅਤੇ ਲੋੜ ਪੈਣ 'ਤੇ ਪੀਹ ਕੇ ਖਾਧੀ ਜਾ ਸਕਦੀ ਹੈ। ਬਾਕੀ ਫ਼ਸਲਾਂ ਇੰਝ ਨਹੀਂ ਸਾਂਭੀਆਂ ਜਾਂਦੀਆਂ। ਜਾਂ ਤਾਂ ਤੁਸੀਂ ਅੱਜ ਜੈਕਪਾਟ ਮਾਰੋ, ਜੇ ਨਹੀਂ ਤਾਂ ਤੁਸੀਂ ਸਭ ਗੁਆ ਬੈਠੋਗੇ।''

ਇਸ ਇਲਾਕੇ ਵਿੱਚ ਆਪਣੀ ਹੀ ਤਰ੍ਹਾਂ ਦੇ ਕਈ ਸੰਘਰਸ਼ ਹਨ ਅਤੇ ਉਹ ਵੀ ਕਾਫ਼ੀ ਪੇਚੀਦਾ। ''ਇੱਥੇ ਬੀਜੇ ਜਾਂਦੇ ਫੁੱਲ ਮੁੱਖ ਤੌਰ 'ਤੇ ਚੇਨਈ ਮੰਡੀ ਭੇਜੇ ਜਾਂਦੇ ਹਨ,'' ਗੋਪਾ ਮੇਨਨ ਕਹਿੰਦੇ ਹਨ। ''ਤੁਹਾਡੀ ਉਪਜ ਲੈਣ ਤੁਹਾਡੇ ਖੇਤ ਦੇ ਬਾਹਰ ਹੀ ਇੱਕ ਵਾਹਨ ਆਉਂਦਾ ਹੈ ਤੇ ਤੁਹਾਨੂੰ ਪੈਸੇ ਵੀ ਮਿਲ਼ ਜਾਂਦੇ ਹਨ। ਦੂਜੇ ਪਾਸੇ ਰਾਗੀ ਦੀ ਗੱਲ ਕਰੀਏ, ਜੋ ਇੱਕ ਬੇਸ਼ਕੀਮਤੀ ਫ਼ਸਲ ਹੈ, ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ ਅਤੇ ਇਹਦੀ ਦੇਸੀ (ਜੱਦੀ) ਕਿਸਮ, ਹਾਈਬ੍ਰਿਡ ਕਿਸਮ ਜਾਂ ਜੈਵਿਕ ਕਿਸਮ ਲਈ ਇੱਕੋ ਜਿਹਾ ਭਾਅ ਹੀ ਦਿੱਤਾ ਜਾਂਦਾ ਹੈ।''

''ਅਮੀਰ ਕਿਸਾਨ ਹਾਥੀਆਂ ਹੱਥੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਬਿਜਲਈ ਵਾੜ ਅਤੇ ਕੰਧਾਂ ਵਲ਼ ਲੈਂਦੇ ਹਨ ਜਿਸ ਕਰਕੇ ਹਾਥੀ ਗ਼ਰੀਬ ਕਿਸਾਨਾਂ ਦੇ ਖੇਤਾਂ ਦਾ ਰਾਹ ਫੜ੍ਹਦੇ ਹਨ। ਮਜ਼ਬੂਰੀਵੱਸ, ਗ਼ਰੀਬ ਕਾਸ਼ਤਕਾਰ ਰਾਗੀ ਉਗਾ ਰਹੇ ਹਨ।'' ਆਪਣੀ ਗੱਲ ਜਾਰੀ ਰੱਖਦਿਆਂ ਗੋਪਾ ਕਹਿੰਦੇ ਹਨ,''ਇੱਥੋਂ ਦੇ ਕਿਸਾਨ ਹਾਥੀਆਂ ਹੱਥੋਂ ਹੋਈ ਤਬਾਹੀ ਨੂੰ ਬਹੁਤ ਜ਼ਿਆਦਾ ਝੱਲਦੇ ਹਨ। ਉਨ੍ਹਾਂ ਦਾ ਮਸਲਾ ਇਹ ਹਨ ਕਿ ਹਾਥੀ ਜਿੰਨਾ ਖਾਂਦੇ ਹਨ ਉਹਦਾ 10 ਗੁਣਾ ਤਬਾਹ ਕਰਦੇ ਹਨ। ਮੈਂ ਮੋਤਈ ਵਾਲ਼ ਹਾਥੀ ਨੂੰ 25 ਫੁੱਟ ਦੀ ਦੂਰੀ ਤੋਂ ਦੇਖਿਆ ਹੈ,'' ਉਨ੍ਹਾਂ ਦੀ ਇਸ ਗੱਲ ਨਾਲ਼ ਹਾਥੀ ਦੀਆਂ ਕਹਾਣੀਆਂ ਇੱਕ ਵਾਰ ਫਿਰ ਸਾਹ ਲੈਣ ਲੱਗਦੀਆਂ ਹਨ। ''ਲੋਕਾਂ ਵਾਂਗਰ, ਮੋਤਈ ਵਾਲ ਹਾਥੀ ਵੀ ਇੱਕ ਤੋਂ ਵੱਧ ਰਾਜਾਂ ਦੇ ਵਾਸੀ ਹਨ। ਉਹ ਤਮਿਲੀਅਨ ਵੀ ਹਨ ਅਤੇ ਕੰਨੜਿਗਾ ਵੀ, ਜਿੱਥੇ ਉਹ ਸਨਮਾਨਪੂਰਵਕ ਥਾਂ ਰੱਖਦੇ ਹਨ। ਮਖਾਨਾ ਉਹਦਾ ਨਾਇਬ ਹੈ। ਉਹ ਮਖਾਨਾ ਨੂੰ ਸਿਖਾਉਂਦਾ ਹੈ ਕਿ ਬਿਜਲਈ ਵਾੜ ਪਾਰ ਕਿਵੇਂ ਕਰੀਦੀ ਹੈ।''

ਯਕਦਮ, ਇੰਝ ਮਹਿਸੂਸ ਹੋਇਆ ਜਿਵੇਂ ਮੋਤਈ ਵਾਲ ਛੱਤ ਦੇ ਐਨ ਨਾਲ਼ ਕਰਕੇ ਖੜ੍ਹਾ ਹੋਵੇ ਅਤੇ ਸਾਰੀ ਗੁਫ਼ਤਗੂ ਸੁਣ ਰਿਹਾ ਹੋਵੇ। ''ਮੈਨੂੰ ਜਾਪਿਆ ਹੋਸੁਰ ਜਾ ਕੇ ਆਪਣੀ ਕਾਰ ਵਿੱਚ ਸੌਣਾ ਹੀ ਠੀਕ ਰਹੂਗਾ,'' ਘਬਰਾਈ ਜਿਹੀ ਮੈਂ ਮੁਸਕਰਾਈ। ਗੋਪਾ ਖ਼ੁਸ਼ ਹੋ ਗਏ ਅਤੇ ਹਾਥੀ ਦੀ ਅਵਾਜ਼ ਕੱਢਦਿਆਂ ਬੋਲੇ ''ਮੋਤਈ ਵਾਲ ਇੱਕ ਵਿਸ਼ਾਲ ਸਾਥੀ ਹੈ, ਉਹ ਬਹੁਤ ਹੀ ਵੱਡਾ ਹੈ। ਪਰ ਉਹ ਬੜਾ ਨੇਕ ਹਾਥੀ ਹੈ।'' ਮੇਰੀ ਇਹੀ ਅਰਦਾਸ ਹੁੰਦੀ ਹੈ ਕਿ ਮੈਂ ਉਹਨੂੰ ਕੀ ਕਦੇ ਵੀ ਕਿਸੇ ਵੀ ਹਾਥੀ ਨੂੰ ਨਾ ਮਿਲ਼ਾਂ। ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ...

*****

ਮੂਲ਼ ਦੇਸੀ ਰਾਗੀ ਦੀ ਗੱਲ ਕਰੀਏ ਤਾਂ ਇਹਦਾ ਝਾੜ ਘੱਟ ਹੁੰਦਾ ਹੈ ਪਰ ਸਵਾਦ ਅਤੇ ਪੋਸ਼ਕ ਤੱਕ ਬਹੁਤ ਜ਼ਿਆਦਾ ਹੁੰਦੇ ਹਨ।
ਨਾਗੀ ਰੈਡੀ, ਕ੍ਰਿਸ਼ਨਾਗਿਰੀ ਦੇ ਰਾਗੀ ਕਿਸਾਨ

PHOTO • M. Palani Kumar

ਖੱਬਿਓਂ : ਨਾਗੰਨਾ (ਨਾਗੀ ਰੈਡੀ), ਉਨ੍ਹਾਂ ਦੀ ਨੂੰਹ ਪ੍ਰਭਾ ਅਤੇ ਬੇਟਾ ਆਨੰਦਾ, ਵਾਡਰਾ ਪਲਾਇਮ ਬਸਤੀ ਵਿਖੇ ਆਪਣੇ ਘਰ ਦੇ ਬਰਾਂਡੇ ਵਿੱਚ। ਨਾਗੰਨਾ ਕਹਿੰਦੇ ਹਨ, ' ਮੈਨੂੰ ਰਾਗੀ ਦੀਆਂ ਪੰਜ ਕਿਸਮਾਂ ਚੇਤੇ ਹਨ '

ਜਦੋਂ ਨਾਗੰਨਾ ਜੁਆਨ ਹੁੰਦੇ ਸਨ ਤਾਂ ਰਾਗੀ ਉਨ੍ਹਾਂ ਦੀ ਛਾਤੀ ਤੀਕਰ ਲੰਬੀ ਉਗਿਆ ਕਰਦੀ। ਉਹ ਲੰਬੇ ਅਤੇ ਪਤਲੇ ਵਿਅਕਤੀ ਹਨ-ਉਨ੍ਹਾਂ ਦਾ ਕੱਦ 5' 10'' ਹੈ। ਉਹ ਧੋਤੀ ਅਤੇ ਬੁਨੈਣ (ਫੁਤੂਹੀ) ਪਾਉਂਦੇ ਹਨ ਅਤੇ ਮੋਢਿਆਂ ਦੁਆਲ਼ੇ ਗਮਛਾ ਵਲ਼ੀ ਰੱਖਦੇ ਹਨ। ਕਦੇ-ਕਦਾਈਂ ਸਮਾਜਿਕ ਕੰਮਾਂ ਲਈ ਜਾਣ ਦੌਰਾਨ ਉਹ ਆਪਣੇ ਨਾਲ਼ ਖੂੰਡੀ ਰੱਖਦੇ ਹਨ ਅਤੇ ਦੁੱਧ-ਚਿੱਟੀ ਕਮੀਜ਼ ਪਾਉਂਦੇ ਹਨ।

''ਮੈਨੂੰ ਰਾਗੀ ਦੀਆਂ ਪੰਜ ਕਿਸਮਾਂ ਚੇਤੇ ਹਨ,'' ਆਪਣੇ ਬਰਾਂਡੇ ਵਿੱਚ ਬੈਠੇ ਇਹ ਬੋਲਦੇ ਹੋਏ ਜਿਓਂ ਉਹ ਪਿੰਡ ਨੂੰ, ਘਰ ਨੂੰ ਅਤੇ ਵਿਹੜੇ ਨੂੰ ਘੂਰੀ ਵੱਟ ਰਹੇ ਹੋਣ। ''ਮੂਲ਼ ਨਾਤੂ (ਦੇਸੀ) ਰਾਗੀ ਦੇ ਸਿੱਟੇ ਦੀਆਂ ਚਾਰ ਜਾਂ ਪੰਜ ਹੀ ਬੱਲੀਆਂ (ਉਂਗਲਾਂ) ਹੁੰਦੀਆਂ ਸਨ। ਝਾੜ ਘੱਟ ਹੁੰਦਾ ਪਰ ਸੁਆਦ ਅਤੇ ਪੋਸ਼ਕ ਤੱਤ ਉੱਚ ਦਰਜੇ ਦੇ ਹੁੰਦੇ।''

ਉਨ੍ਹਾਂ ਦੇ ਚੇਤਿਆਂ ਵਿੱਚ ਹਾਈਬ੍ਰਿਡ ਕਿਸਮ 1980 ਵਿੱਚ ਦੇਖਣ ਨੂੰ ਮਿਲ਼ੀ। ਉਨ੍ਹਾਂ ਦੇ ਸ਼ੁਰੂਆਤੀ ਨਾਮ-ਐੱਮਆਰ, ਐੱਚਆਰ ਸਨ ਅਤੇ ਉਨ੍ਹਾਂ ਦੇ ਸਿੱਟਿਆਂ ਦੀਆਂ ਕਈ ਕਈ ਬੱਲੀਆਂ ਹੁੰਦੀਆਂ। ਫ਼ਸਲ ਦਾ ਝਾੜ 80-80 ਕਿਲੋ ਦੀਆਂ ਪੰਜ ਬੋਰੀਆਂ ਤੋਂ ਛਾਲ਼ ਮਾਰ 18 ਬੋਰੀਆਂ ਹੋ ਗਿਆ। ਪਰ ਇਹ ਜ਼ਰੂਰੀ ਨਹੀਂ ਕਿ ਸੋਧਿਆ ਹੋਇਆ ਝਾੜ ਕਿਸਾਨਾਂ ਨੂੰ ਉਤਸਾਹਤ ਕਰੇ ਹੀ- ਕਿਉਂਕਿ ਇਸ ਕਿਸਮ ਦੀ ਉਪਜ ਦਾ  ਭਾਅ ਵੀ ਇੰਨਾ ਨਹੀਂ ਕਿ ਉਨ੍ਹਾਂ ਨੂੰ ਵਪਾਰਕ ਤੌਰ 'ਤੇ ਇਸ ਕਿਸਮ ਨੂੰ ਬੀਜ ਕੇ ਲਾਭ ਵਟੋਰਨ ਲਈ ਉਤਸਾਹਤ ਕਰੇ।

ਪਿਛਲੇ 74 ਸਾਲਾਂ ਵਿੱਚ ਉਨ੍ਹਾਂ ਨੇ ਖੇਤੀ ਹੀ ਕੀਤੀ ਹੈ। ਕਰੀਬ 12 ਸਾਲ ਦੀ ਉਮਰੇ ਉਨ੍ਹਾਂ ਨੇ ਸ਼ੁਰੂਆਤ ਕੀਤੀ ਅਤੇ ਅੱਜ ਤੱਕ ਕਈ ਫ਼ਸਲਾਂ ਉਗਾਈਆਂ ਹਨ। ''ਸਾਡਾ ਪਰਿਵਾਰ ਆਪਣੀ ਲੋੜ ਦੀ ਹਰ ਫ਼ਸਲ ਉਗਾਉਂਦਾ। ਅਸੀਂ ਆਪਣੇ ਖੇਤਾਂ ਦੇ ਕਮਾਦ ਤੋਂ ਗੁੜ ਬਣਾਉਂਦੇ। ਅਸੀਂ ਤਿਲਾਂ ਦੀ ਖੇਤੀ ਕਰਦੇ ਅਤੇ ਤੇਲ ਬਣਾਉਣ ਲਈ ਲੱਕੜ ਦੇ ਕੋਹਲੂ (ਮਿੱਲ) ਵਿੱਚ ਤਿਲਾਂ ਨੂੰ ਪੀਂਹਦੇ। ਰਾਗੀ , ਚੌਲ਼, ਕੁਲਥੀ, ਮਿਰਚਾ, ਲਸਣ, ਪਿਆਜ... ਸਾਡੇ ਕੋਲ਼ ਹਰ ਸ਼ੈਅ ਹੁੰਦੀ।''

ਖੇਤ ਹੀ ਉਨ੍ਹਾਂ ਦਾ ਸਕੂਲ ਸਨ। ਰਸਮੀ ਸਕੂਲ ਬੜੀ ਦੂਰ ਸੀ ਅਤੇ ਸੀ ਵੀ ਪਹੁੰਚ ਤੋਂ ਬਾਹਰ। ਉਹ ਆਪਣੇ ਪਰਿਵਾਰ ਦੇ ਡੰਗਰਾਂ ਦਾ ਖਿਆਲ ਰੱਖਦੇ, ਜਿਨ੍ਹਾਂ ਵਿੱਚ ਬੱਕਰੀਆਂ ਅਤੇ ਗਾਵਾਂ/ਮੱਝਾਂ ਹੁੰਦੀਆਂ। ਇਹ ਕਾਫ਼ੀ ਰੁਝੇਵੇਂ ਭਰਿਆ ਜੀਵਨ ਸੀ। ਉਦੋਂ ਹਰੇਕ ਕਿਸੇ ਵਾਸਤੇ ਕੰਮ ਹੁੰਦਾ ਸੀ।

ਨਾਗੰਨਾ ਦਾ ਸਾਂਝਾ ਪਰਿਵਾਰ ਕਾਫ਼ੀ ਵੱਡਾ ਸੀ। ਕੁੱਲ ਮਿਲ਼ਾ ਕੇ 45 ਮੈਂਬਰੀ ਇਹ ਪਰਿਵਾਰ ਇੱਕ ਵੱਡੇ ਸਾਰੇ ਘਰ ਵਿੱਚ ਰਹਿੰਦਾ ਹੁੰਦਾ ਸੀ ਜੋ ਉਨ੍ਹਾਂ ਦੇ ਦਾਦਾ ਨੇ ਬਣਾਇਆ ਸੀ। ਗਲਿਓਂ ਪਾਰ ਇਹ 100 ਸਾਲ ਪੁਰਾਣੀ ਇੱਕ ਇਮਾਰਤ ਜਿਸ ਅੰਦਰ ਡੰਗਰਾਂ ਲਈ ਸ਼ੈੱਡ ਅਤੇ ਪੁਰਾਣੇ ਗੱਡੇ ਰੱਖੇ ਹੁੰਦੇ, ਸਾਲ ਦੀ ਰਾਗੀ ਦੀ ਫ਼ਸਲ ਸਾਂਭਣ ਲਈ ਬਰਾਂਡੇ ਅੰਦਰ ਹੀ ਜ਼ਮੀਨ ਹੇਠਲੀਆਂ ਭੜੋਲੀਆਂ ਜਿਹੀਆਂ ਬਣਾਈਆਂ ਗਈਆਂ ਹਨ।

PHOTO • M. Palani Kumar
PHOTO • M. Palani Kumar

ਖੱਬੇ : ਨਾਗੰਨਾ ਦੇ ਜੱਦੀ ਘਰ ਵਿਖੇ ਡੰਗਰਾਂ ਦਾ ਸ਼ੈੱਡ। ਸੱਜੇ : ਪੁਰਾਣੇ ਘਰ ਦਾ ਬਰਾਂਡਾ, ਜਿੱਥੇ ਭੂਮੀ ਹੇਠਲੀ ਭੜੋਲੀਆਂ ਬਣਾਈਆਂ ਗਈਆਂ ਹਨ

ਜਦੋਂ ਉਹ 15 ਸਾਲਾਂ ਦੇ ਸਨ, ਨਾਗੰਨਾ ਦੇ ਪਰਿਵਾਰ ਨੇ ਆਪਣੇ ਕਈ ਮੈਂਬਰਾਂ ਵਿਚਾਲੇ ਸੰਪੱਤੀ ਦੀ ਵੰਡ ਕਰ ਲਈ। ਉਨ੍ਹਾਂ ਨੂੰ ਜ਼ਮੀਨ ਦੇ ਇੱਕ ਟੁਕੜੇ ਤੋਂ ਇਲਾਵਾ, ਗਾਵਾਂ ਦਾ ਵਾੜਾ ਵੀ ਮਿਲ਼ਿਆ। ਉਸ ਪੂਰੀ ਥਾਂ ਨੂੰ ਸਾਫ਼ ਕਰਨਾ ਅਤੇ ਘਰ ਬਣਾਉਣਾ ਉਨ੍ਹਾਂ ਦੇ ਜੁੰਮੇ ਸੀ। ''ਉਸ ਸਮੇਂ ਸੀਮੇਂਟ ਦੀ ਇੱਕ ਬੋਰੀ 8 ਰੁਪਏ ਦੀ ਸੀ ਜੋ ਕਿ ਕਾਫ਼ੀ ਵੱਡੀ ਰਕਮ ਸੀ। ਅਸੀਂ ਮਿਸਤਰੀ ਨਾਲ਼ ਇੱਕ ਓਪਾਨਦਮ (ਸੌਦਾ) ਮਾਰਿਆ ਕਿ ਉਹ 1,000 ਰੁਪਿਆ ਲਵੇ ਅਤੇ ਇਹ ਘਰ ਬਣਾ ਦੇਵੇ।''

ਪਰ ਮਕਾਨ ਬਣਨ ਵਿੱਚ ਸਾਲੋ-ਸਾਲ ਲੱਗ ਗਏ। ਬੱਕਰੀਆਂ ਅਤੇ ਗੁੜ ਦੇ 100 ਟੁਕੜੇ (ਪੇਸੀਆਂ) ਵੇਚ ਕੇ ਕੰਧ ਜੋਗੀਆਂ ਇੱਟਾਂ ਖ਼ਰੀਦੀਆਂ। ਸਾਰਾ ਸਮਾਨ ਇੱਕ ਮਾਟੂ ਵਾਂਡੀ (ਗੱਡੇ) ਵਿੱਚ ਲਿਆਂਦਾ ਗਿਆ। ਉਨ੍ਹੀਂ ਦਿਨੀਂ ਪੈਸੇ ਵੱਲੋਂ ਹੱਥ ਘੁਟਵਾਂ ਰਹਿੰਦਾ। ਕੁੱਲ ਮਿਲ਼ਾ ਕੇ ਇੱਕ ਪਾੜੀ (ਇਸ ਰਾਜ ਅੰਦਰ ਮਾਪ ਦਾ ਰਵਾਇਤੀ ਤਰੀਕਾ- 60 ਪਾੜੀਆਂ 100 ਕਿਲੋ ਦੇ ਬਰਾਬਰ) ਰਾਗੀ ਮਗਰ ਵੀ ਸਿਰਫ਼ 8 ਆਨੇ ਮਿਲ਼ਦੇ।

ਵਿਆਹ ਹੋਣ ਤੋਂ ਕੁਝ ਸਾਲ ਪਹਿਲਾਂ 1970 ਵਿੱਚ ਨਾਗੰਨਾ ਆਖ਼ਰਕਾਰ ਆਪਣੇ ਘਰ ਰਹਿਣ ਆ ਗਏ। ਉਨ੍ਹਾਂ ਨੇ ਘਰ ਵਿੱਚ ਕੋਈ ਨਵੀਨ ਕਲਾਕਾਰੀ ਨਾ ਕੀਤੀ, ਉਹ ਕਹਿੰਦੇ ਹਨ,''ਬੱਸ ਮਾੜਾ ਮੋਟਾ ਰਹਿਣ ਜੋਗਾ ਬੰਦੋਬਸਤ ਕੀਤਾ।'' ਹਾਂ, ਉਨ੍ਹਾਂ ਦੇ ਪੋਤੇ ਨੇ ਮਨ-ਮੁਤਾਬਕ ਥੋੜ੍ਹਾ ਸੁਧਾਰ ਜ਼ਰੂਰ ਕੀਤਾ ਹੈ। ਇੱਕ ਤਿੱਖਾ ਨੋਕਦਾਰ ਸੰਦ ਲੈ ਕੇ ਉਹਨੇ ਪੇਰਾਈ (ਆਲ਼ਾ/ਤੇਲ਼ ਦਾ ਦੀਵਾ ਰੱਖਣ ਵਾਲ਼ੀ ਥਾਂ) ਹੇਠ ਆਪਣਾ ਨਾਮ ਅਤੇ ਪਸੰਦੀਦਾ ਅਹੁਦਾ: 'ਦਿਨੇਸ਼ ਇਜ ਦਿ ਡੌਨ' ਝਰੀਟ ਲਿਆ ਹੈ। ਅਸੀਂ ਉਸ ਸਵੇਰ 13 ਸਾਲਾ ਲੜਕੇ ਨੂੰ ਸਕੂਲ ਜਾਂਦੇ ਦੇਖਿਆ, ਸ਼ਕਲੋਂ ਡੌਨ ਨਹੀਂ ਸ਼ਰੀਫ਼ ਲੱਗਦੇ ਇਸ ਮੁੰਡੇ ਆਪਣੇ ਮੂੰਹ ਵਿੱਚ ਹੀ ਸਾਨੂੰ ਹੈਲੋ ਕਹੀ ਅਤੇ ਛੂਟ ਵੱਟ ਗਿਆ।

ਇਛੱਤ ਡੌਨ ਦੀ ਮਾਂ, ਪ੍ਰਭਾ ਨੇ ਸਾਨੂੰ ਚਾਹ ਦਿੱਤੀ। ਨਾਗੰਨਾ ਨੇ ਉਨ੍ਹਾਂ ਨੂੰ ਕੁਲਥੀ ਲਿਆਉਣ ਲਈ ਕਿਹਾ। ਉਹ ਟੀਨ ਦੇ ਡੱਬੇ ਵਿੱਚ ਭਰ ਲਿਆਈ ਅਤੇ ਜਦੋਂ ਉਹ ਇਨ੍ਹਾਂ ਨੂੰ ਛੱਟਦੀ ਤਾਂ ਇੱਕ ਸੰਗੀਤ ਪੈਦਾ ਹੁੰਦਾ। ਨਾਗੰਨਾ, ਕੋਜ਼ਾਂਬੂ  (ਸ਼ੋਰਬਾ) ਬਣਾਉਣ ਦਾ ਤਰੀਕਾ ਦੱਸਦੇ ਹਨ। ਇਨ੍ਹਾਂ ਨੂੰ ਕੱਚੇ ਵੀ ਖਾ ਲਓ ਉਹ ਕਹਿੰਦੇ ਹਨ,''ਪਾਰਾਵਿਯਿਲਾ  (ਠੀਕ ਹੈ)।'' ਅਸੀਂ ਸਾਰਿਆਂ ਨੇ ਮੁੱਠੀ-ਮੁੱਠੀ ਚੁੱਕ ਲਈ। ਉਹ ਗਿਰੀਆਂ ਕਾਫ਼ੀ ਖ਼ਸਤਾ ਅਤੇ ਸੁਆਦੀ ਹਨ। ''ਭੁੰਨ ਕੇ ਲੂਣ ਲਾ ਕੇ ਇਹ ਹੋਰ ਸੁਆਦੀ ਲੱਗਦੀਆਂ ਹਨ,'' ਨਾਗੰਨਾ ਕਹਿੰਦੇ ਹਨ। ਸਾਨੂੰ ਇਹਦੇ ਸੁਆਦ 'ਤੇ ਕੋਈ ਸ਼ੱਕ ਨਹੀਂ।

ਖੇਤੀਬਾੜੀ ਵਿੱਚ ਕੀ ਕੀ ਬਦਲਾਅ ਆਇਆ ਹੈ, ਮੈਂ ਉਨ੍ਹਾਂ ਨੂੰ ਪੁੱਛਿਆ। ''ਹਰ ਚੀਜ਼ ਬਦਲ ਗਈ। ਕੁਝ ਬਦਲਾਅ ਚੰਗੇ ਹਨ...ਪਰ ਲੋਕ,'' ਉਹ ਸਿਰ ਛੰਡਦਿਆਂ ਕਹਿੰਦੇ ਹਨ,''ਹੁਣ ਕੰਮ ਨਹੀਂ ਕਰਨਾ ਚਾਹੁੰਦੇ।'' 86 ਸਾਲ ਦੀ ਉਮਰੇ ਉਹ ਹਰ ਰੋਜ਼ ਖੇਤ ਜਾਂਦੇ ਹਨ ਅਤੇ ਪ੍ਰਭਾਵਤ ਕਰਨ ਵਾਲ਼ੇ ਸਾਰੇ ਮਸਲਿਆਂ ਬਾਰੇ ਇੱਕ ਸਪੱਸ਼ਟ ਸਮਝ ਰੱਖਦੇ ਹਨ। ''ਹੁਣ, ਭਾਵੇਂ ਤੁਹਾਡੇ ਕੋਲ਼ ਜ਼ਮੀਨ ਹੋਵੇ, ਪਰ ਤੁਸੀਂ ਕਾਮੇ ਨਹੀਂ ਰੱਖ ਸਕਦੇ,'' ਉਹ ਕਹਿੰਦੇ ਹਨ।

PHOTO • M. Palani Kumar

ਆਪਣੇ ਘਰ ਦੇ ਬਰਾਂਡੇ ਵਿੱਚ ਬੈਠਿਆਂ, ਨਾਗੰਨਾ ਆਪਣੇ ਜੁਆਨੀ ਦੇ ਦਿਨਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ

''ਲੋਕ ਤੁਹਾਨੂੰ ਦੱਸਣਗੇ ਕਿ ਰਾਗੀ ਦੀ ਵਾਢੀ ਲਈ ਮਸ਼ੀਨਾਂ ਮੌਜੂਦ ਨੇ, ਪਰ ਮਸ਼ੀਨ ਬਾਜਰੇ ਦੇ ਸਿੱਟਿਆਂ ਵਿਚਾਲ਼ੇ ਫ਼ਰਕ ਨਹੀਂ ਕਰ ਸਕਦੀ,'' ਆਨੰਦਾ ਕਹਿੰਦੇ ਹਨ। ''ਇੱਕੋ ਕਧੀਰ ( ਨਾੜ) ਵਿੱਚ ਵੀ ਕੋਈ ਸਿੱਟਾ ਪੱਕਿਆ ਹੋ ਸਕਦਾ ਅਤੇ ਕੋਈ ਸੁੱਕਿਆ ਵੀ ਅਤੇ ਕੋਈ ਕੱਚਾ-ਦੁਧੀਆ ਵੀ। ਮਸ਼ੀਨ ਉਨ੍ਹਾਂ ਨੂੰ ਇਕੱਠਿਆਂ ਹੀ ਕੱਟ ਲਵੇਗੀ। ਫਿਰ ਜਦੋਂ ਉਨ੍ਹਾਂ ਦਾਣਿਆਂ ਨੂੰ ਬੋਰੀਆਂ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਦਾਣੇ ਖ਼ਰਾਬ ਹੋ ਕੇ ਹਵਾੜ ਛੱਡਣਗੇ।'' ਹੱਥੀਂ ਵਾਢੀ ਕਰਨਾ ਇੱਕ ਮਿਹਨਤ ਭਰਿਆ ਕੰਮ ਹੈ, ''ਪਰ ਸਮਾਂ ਬਹੁਤ ਲੱਗਦਾ ਹੈ।''

ਸਿਵਾ ਕੁਮਾਰਨ ਦੀ ਠੇਕੇ ਦੀ ਪੈਲ਼ੀ ਵਿਖੇ, ਪੰਦਰ੍ਹਾਂ ਔਰਤਾਂ ਹੱਥੀਂ ਰਾਗੀ ਵੱਢ ਰਹੀਆਂ ਸਨ। ਦਾਤੀ ਆਪਣੀ ਕੱਛ ਵਿੱਚ ਦੱਬੀ ਅਤੇ 'ਸੁਪਰਡ੍ਰਾਈ ਇੰਟਰਨੈਸ਼ਲ' ਸ਼ਬਦਾਂ ਦੇ ਛਾਪੇ ਵਾਲ਼ੀ ਆਪਣੀ ਟੀ-ਸ਼ਰਟ ਦੁਆਲ਼ੇ ਤੌਲੀਆ ਵਲ੍ਹੇਟੀ, ਸ਼ਿਵਾ ਰਾਗੀ ਬਾਰੇ ਬੜੇ ਉਤਸਾਹ ਨਾਲ਼ ਬੋਲੇ।

ਗੋਲਾਪੱਲੀ ਦੇ ਬਾਹਰਵਾਰ ਉਨ੍ਹਾਂ ਦੇ ਖੇਤਾਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰੀ ਮੀਂਹ ਅਤੇ ਹਨ੍ਹੇਰੀਆਂ ਦਾ ਮੁਕਾਬਲਾ ਕੀਤਾ। 25 ਸਾਲਾ ਸਿਵਾ ਇੱਕ ਸ਼ੌਕੀ ਕਿਸਾਨ ਹਨ ਜੋ ਮੈਨੂੰ ਗਿੱਲੇ ਦਿਨਾਂ ਅਤੇ ਝਾੜ ਦੇ ਨੁਕਸਾਨ ਬਾਰੇ ਦੱਸਦੇ ਹਨ। ਰਾਗੀ ਦੇ ਬੂਟੇ ਇੱਧਰ-ਉੱਧਰ ਵਿਛੇ ਹੋਏ ਸਨ ਅਤੇ ਫਿਰ ਇਹ ਔਰਤਾਂ ਪੱਬਾਂ ਭਾਰ ਬੈਠੀਆਂ ਦਾਤੀ ਨਾਲ਼ ਰਾਗੀ ਵੱਢੀ ਅਤੇ ਰਾਗੀ ਦੀਆਂ ਭਰੀਆਂ ਬਣਾਈਆਂ। ਮੌਸਮ ਦੀ ਮਾਰ ਕਾਰਨ ਝਾੜ ਘੱਟ ਗਿਆ ਹੈ, ਜਦੋਂਕਿ ਔਰਤ ਮਜ਼ਦੂਰਾਂ ਦੇ ਕੰਮ ਦੇ ਘੰਟੇ ਇੱਕ ਤੋਂ ਦੋ ਦਿਨ ਵੱਧ ਗਏ। ਅਤੇ ਜ਼ਮੀਨ ਦਾ ਠੇਕਾ ਵੀ ਓਨਾ ਹੀ ਰਿਹਾ ਘਟਿਆ ਨਹੀਂ।

''ਦੋ ਏਕੜ ਤੋਂ ਘੱਟ ਇਸ ਖੇਤ ਬਦਲੇ ਮੈਨੂੰ ਠੇਕੇ ਦੇ ਰੂਪ ਵਿੱਚ ਸੱਤ ਬੋਰੀਆਂ ਰਾਗੀ ਦੇਣੀ ਪੈਂਦੀ ਹੈ। ਬਾਕੀ ਦੀਆਂ 12 ਜਾਂ 13 ਬੋਰੀਆਂ ਮੈਂ ਰੱਖ ਸਕਦਾ ਹਾਂ ਜਾਂ ਵੇਚ ਸਕਦਾ ਹਾਂ। ਪਰ ਨਫ਼ੇ ਦੀ ਗੱਲ ਕਰੀਏ ਤਾਂ ਉਹ ਸਿਰਫ਼ ਕਰਨਾਟਕ ਤੋਂ ਹੀ ਮਿਲ਼ਦਾ ਹੈ। ਤਮਿਲਨਾਡੂ ਵਿੱਚ ਵੀ ਸਾਨੂੰ ਇੱਕ ਕਿਲੋ ਮਗਰ 35 ਰੁਪਏ ਚਾਹੀਦੇ ਹਨ। ਮੇਰੀ ਇਹ ਗੱਲ ਲਿਖ ਲਵੋ,'' ਮੈਨੂੰ ਹਦਾਇਤ ਦਿੰਦਿਆਂ ਉਨ੍ਹਾਂ ਕਿਹਾ। ਮੈਂ ਝਰੀਟ ਲਿਆ...

ਆਪਣੇ ਵਿਹੜੇ ਵਿੱਚ ਵਾਪਸ ਆ ਕੇ, ਨਾਗੰਨਾ ਮੈਨੂੰ ਘੁਮਾਓਦਾਰ ਪੱਥਰਾਂ ਦੀਆਂ ਪੁਰਾਣੀਆਂ ਪਿੜਾਂ ਦਿਖਾਉਂਦੇ ਹਨ। ਇਹ ਵੱਡਾ ਸਾਰਾ ਸਿਲੰਡਰ ਹੈ, ਜੋ ਡੰਗਰਾਂ ਦੁਆਰਾ ਵੱਢੀ ਗਈ ਰਾਗੀ ਦੀ ਫ਼ਸਲ ਦੇ ਉੱਪਰੋਂ ਖਿੱਚਿਆ ਜਾਂਦਾ ਸੀ, ਰਾਗੀ ਜੋ ਖ਼ਾਸ ਕਰਕੇ ਗਾਂ ਦੇ ਗੋਹੇ ਨਾਲ਼ ਤਿਆਰ ਕੀਤੀ ਗਈ ਸਖ਼ਤ ਜ਼ਮੀਨ 'ਤੇ ਖਿਲਾਰੀ ਗਈ ਹੁੰਦੀ ਸੀ। ਹੌਲ਼ੀ-ਹੌਲ਼ੀ, ਪਰ ਬੜੀ ਕੁਸ਼ਲਤਾ ਦੇ ਨਾਲ਼, ਪੱਥਰ ਬੱਲੀਆਂ ਨੂੰ ਪੀਂਹਦੇ ਜਾਂਦੇ, ਰਾਗੀ ਅਤੇ ਉਹਦੇ ਨਾੜਦਾਰ ਪਰੂਲ ਅੱਡੋ-ਅੱਡ ਜਮ੍ਹਾਂ ਹੁੰਦੇ ਜਾਂਦੇ। ਰਾਗੀ ਛੱਟ ਕੇ ਅੱਡ ਕਰ ਲਈ ਜਾਂਦੀ ਅਤੇ ਫਿਰ ਘਰ ਦੇ ਮੂਹਰੇ ਬਣੇ ਟੋਏਨੁਮਾ ਭੜੋਲਿਆਂ ਵਿੱਚ ਸੰਭਾਲ਼ ਲਈ ਜਾਂਦੀ। ਪਹਿਲਾਂ-ਪਹਿਲ, ਦਾਣਿਆਂ ਨੂੰ ਪਟਸਨ ਦੇ ਬੋਰਿਆਂ ਵਿੱਚ ਸਾਂਭਿਆ ਜਾਂਦਾ ਅਤੇ ਹੁਣ ਪਲਾਸਟਿਕ ਦੇ ਤੋੜਿਆਂ ਵਿੱਚ।

''ਹੁਣ ਅੰਦਰ ਆਇਓ,'' ਨਾਗੰਨਾ ਮੈਨੂੰ ਸੱਦਦੇ ਹਨ। ''ਰੋਟੀ ਖਾ ਲਓ...'' ਪ੍ਰਭਾ ਕੋਲ਼ੋਂ ਕੁਝ ਕਹਾਣੀਆਂ ਸੁਣਨ ਲਈ ਉਤਸੁਕਤਾ ਵੱਸ ਪਈ ਮੈਂ ਉਨ੍ਹਾਂ ਦੇ ਮਗਰ ਮਗਰ ਰਸੋਈ ਤੱਕ ਗਈ।

PHOTO • M. Palani Kumar
PHOTO • M. Palani Kumar

ਖੱਬੇ : ਗੋਲਾਪੱਲੀ ਦੇ ਬਾਹਰਵਾਰ ਸਥਿਤ ਠੇਕੇ ' ਤੇ ਲਈ ਆਪਣੀ ਪੈਲ਼ੀ ਵਿੱਚੋਂ ਮੀਂਹ ਨਾਲ਼ ਨੁਕਸਾਨੀ ਆਪਣੀ ਰਾਗੀ ਦੀ ਫ਼ਸਲ ਵੱਢਦੇ ਹੋਏ ਸਿਵ ਕੁਮਾਰਨ। ਸੱਜੇ : ਮਜ਼ਦੂਰ ਸਿਵਾ ਦੇ ਖੇਤ ਵਿੱਚ ਫ਼ਸਲ ਵੱਢ ਵੱਢ ਕੇ ਭਰੀਆਂ ਬਣਾਉਂਦੇ ਹੋਏ

*****

ਜਿਓਂ ਕਬੂਤਰੀ ਦੇ ਆਂਡੇ, ਉਹ ਰਾਗੀ ਦੇ ਦਾਣੇ
ਰਹਿਣ ਮੀਂਹਾਂ ' ਚ ਪਲ਼ਦੇ, ਉਹ ਰਾਗੀ ਦੇ ਦਾਣੇ
ਜਾਣ ਦੁੱਧ ' ਚ ਪਕਾਏ, ਉਹ ਰਾਗੀ ਦੇ ਦਾਣੇ
ਫਿਰ ਸ਼ਹਿਦ ' ਚ ਮਿਲ਼ਾਏ, ਉਹ ਰਾਗੀ ਦੇ ਦਾਣੇ
ਉਹੀ ਰਾਗੀ ਦੇ ਦਾਣੇ, ਜੋ ਅਸਾਂ ਮੱਠੀ ਅੱਗ ਸੇਕ
ਭੁੰਨ੍ਹੇ ਖ਼ਰੋਗਸ਼ ਦੇ ਗੋਸ਼ਤ ਦੇ ਨਾਲ਼ ਹਨ ਖਾਣੇ

'ਪੂਰਨਾਨੂਰੂ 34', ਸੰਗਮ ਕਵਿਤਾ, ਕਵੀ ਅਲਾਥੁਰ ਕਿਜ਼੍ਹਾਰ
ਸ਼ੇਂਥਲ ਨਾਥਨ ਦੁਆਰਾ ਅਨੁਵਾਦਤ

ਕੈਲਸ਼ੀਅਮ ਅਤੇ ਆਇਰਨ ਨਾਲ਼ ਭਰਪੂਰ, ਗਲੂਟਨ-ਮੁਕਤ, ਲੰਬਾ ਜਿਊਣ ਵਾਲ਼ੀ ਇਹ ਰਾਗੀ ਇੱਕ ਗੁਣਕਾਰੀ ਅਨਾਜ ਹੈ। 2,000 ਸਾਲ ਪਹਿਲਾਂ, ਤਮਿਲ ਲੋਕਾਂ ਕੋਲ਼ ਬਾਜਰੇ ਦੀ ਇੱਕ ਮਜ਼ੇਦਾਰ ਵਿਅੰਜਨ ਵਿਧੀ ਸੀ ਜੋ ਮੀਟ, ਦੁੱਧ ਅਤੇ ਸ਼ਹਿਦ ਤੋਂ ਬਣਦੀ ਸੀ। ਅੱਜ, ਰਾਗੀ ਭੋਜਨ ਵਜੋਂ ਰਿੰਨ੍ਹੀ ਅਤੇ ਖਾਧੀ ਜਾਂਦੀ ਹੈ, ਇਹਦੀ ਸਨੈਕਸ ਬਣਦੇ ਹਨ ਅਤੇ ਛੋਟੇ ਬੱਚਿਆਂ ਨੂੰ ਘੁਆਈ ਜਾਂਦੀ ਹੈ। ਤਮਿਲਨਾਡੂ ਦੇ ਕਈ ਇਲਾਕਿਆਂ ਦੀਆਂ ਆਪੋ-ਆਪਣੀਆਂ ਵਿਅੰਜਨ ਵਿਧੀਆਂ ਹਨ। ਕ੍ਰਿਸ਼ਨਾਗਿਰੀ ਵਿਖੇ, ਰਾਗੀ ਦੇ ਮੁਢੇ (ਲੱਡੂ) ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਕਾਲੀ ਵੀ ਕਿਹਾ ਜਾਂਦਾ ਹੈ, ਜਿਵੇਂ ਕਿ ਪ੍ਰਭਾ ਦਿਖਾਉਂਦੀ ਹਨ।

ਅਸੀਂ ਪ੍ਰਭਾ ਦੀ ਰਸੋਈ ਵਿੱਚ ਹਾਂ, ਜਿੱਥੇ ਸੀਮੇਂਟ ਦੀ ਬੰਨ੍ਹੀਂ ਉੱਤੇ ਸਟੀਲ ਦਾ ਸਟੋਵ ਪਿਆ ਹੈ। ਉਹ ਐਲੂਮੀਨੀਅਮ ਦੀ ਕੜਾਈ ਵਿੱਚ ਪਾਣੀ ਪਾਉਂਦੀ ਹਨ। ਇੱਕ ਹੱਥ ਵਿੱਚ ਲੱਕੜ ਦੀ ਕੜਛੀ ਫੜ੍ਹੀ ਅਤੇ ਦੂਜੇ ਹੱਥ ਵਿੱਚ ਰਾਗੀ ਦੇ ਆਟੇ ਦਾ ਪਿਆਲਾ ਫੜ੍ਹੀ ਉਹ ਪਾਣੀ ਦੇ ਉਬਾਲ਼ੇ ਦੀ ਉਡੀਕ ਵਿੱਚ ਹਨ।

ਕੀ ਉਹ ਤਮਿਲ ਬੋਲ ਸਕਦੀ ਹਨ? ਮੈਂ ਗੱਲਬਾਤ ਸ਼ੁਰੂ ਕਰਨ ਲਈ ਪੁੱਛਿਆ। ਸਲਵਾਰ-ਕਮੀਜ਼ ਪਹਿਨੀ ਅਤੇ ਥੋੜ੍ਹੇ ਬਹੁਤ ਗਹਿਣੇ ਪਾਈ, ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਖਿੰਡਾਈ ਪ੍ਰਭਾ ਨੇ ਆਪਣਾ ਸਿਰ ਛੰਡਿਆ। ਪਰ ਉਹ ਭਾਸ਼ਾ ਸਮਝ ਲੈਂਦੀ ਹਨ ਅਤੇ ਥੋੜ੍ਹੀ ਤਮਿਲ ਵਿੱਚ ਕੰਨੜ ਦਾ ਰਸ ਮਿਲ਼ਾ ਕੇ ਜਵਾਬ ਦਿੰਦੀ ਹਨ। ''ਮੈਂ ਪਿਛਲੇ 16 ਸਾਲਾਂ ਤੋਂ ਇਹ ਬਣਾਉਂਦੀ ਆਈ ਹਾਂ, ਉਦੋਂ ਮੈਂ 15 ਸਾਲਾਂ ਦੀ ਰਹੀ ਹੋਵਾਂਗੀ,'' ਉਹ ਕਹਿੰਦੀ ਹਨ।

ਜਿਓਂ ਪਾਣੀ ਉਬਾਲ਼ੇ ਖਾਣ ਲੱਗਾ ਉਨ੍ਹਾਂ ਦਾ ਤਜ਼ਰਬਾ ਆਪਣੇ ਕੰਮੇ ਜਾ ਲੱਗਾ। ਉਹ ਰਾਗੀ ਦੇ ਆਟੇ ਦਾ ਵੱਡਾ ਸਾਰਾ ਕੱਪ ਪਾਣੀ ਵਿੱਚ ਰਲ਼ਾਉਂਦੀ ਹਨ। ਪਾਣੀ ਵਿੱਚ ਜਾਂਦਿਆਂ ਹੀ ਇਹ ਇੱਕ ਸਲੇਟੀ ਰੰਗੀ ਪੇਸਟ ਬਣ ਗਿਆ। ਸੰਨ੍ਹੀ (ਸੰਡਾਸੀ) ਸਹਾਰੇ ਕੜਾਹੀ ਨੂੰ ਫੜ੍ਹੀ, ਉਹ ਲੱਕੜ ਦੀ ਕੜਛੀ ਨਾਲ਼ ਛੋਹਲੇ ਹੱਥੀਂ ਮਿਸ਼ਰਣ ਨੂੰ ਹਿਲਾਉਂਦੀ ਜਾਂਦੀ ਹਨ। ਇਹ ਕਾਫ਼ੀ ਮੁਸ਼ਕਲ ਕੰਮ ਹੈ ਜਿਸ ਵਿੱਚ ਮੁਹਾਰਤ ਅਤੇ ਜੋਸ਼ ਦੀ ਲੋੜ ਹੈ। ਚੰਦ ਪਲਾਂ ਵਿੱਚ ਰਾਗੀ ਤਿਆਰ ਹੋ ਜਾਂਦੀ ਹੈ, ਆਟਾ ਕਿਸੇ ਗੇਂਦ ਵਾਂਗਰ ਕੜਛੀ ਦੇ ਚਾਰੇ ਪਾਸੇ ਰਿੜ੍ਹਦਾ ਜਿਹਾ ਜਾਂਦਾ ਹੈ।

ਇੰਝ ਟਿਕਟਿਕੀ ਬੰਨ੍ਹੀਂ ਕਿਸੇ ਨੂੰ ਕੰਮ ਕਰਦੇ ਦੇਖਣਾ ਕਿੰਨਾ ਮਜ਼ੇਦਾਰ ਲੱਗਦਾ ਹੈ ਨਾ, ਸ਼ਾਇਦ ਔਰਤਾਂ ਇਹ ਕੰਮ ਸੈਂਕੜੇ ਸਾਲਾਂ ਤੋਂ ਕਰਦੀਆਂ ਆਈਆਂ ਹਨ।

''ਜਦੋਂ ਮੈਂ ਜੁਆਨ ਹੁੰਦਾ ਸਾਂ ਤਾਂ ਇਹ ਕੰਮ ਚੁੱਲ੍ਹੇ 'ਤੇ ਕੀਤਾ ਜਾਂਦਾ ਅਤੇ ਮਿੱਟੀ ਦੀ ਤੋੜੀ ਦਾ ਇਸਤੇਮਾਲ ਕੀਤਾ ਜਾਂਦਾ,'' ਨਾਗੰਨਾ ਦੱਸਦੇ ਹਨ। ਉਹ ਜ਼ਾਇਕਾ ਹੀ ਵੱਖਰਾ ਸੀ। ਆਨੰਦਾ ਦੱਸਦੇ ਹਨ ਕਿ ਉਹ ਰਾਗੀ ਦੀ ਦੇਸੀ ਕਿਸਮ ਹੁੰਦੀ ਸੀ। ''ਰਿੱਝਣ ਵਾਲ਼ੀ ਰਾਗੀ ਦੀ ਮਹਿਕ ਘਰ ਦੇ ਚੁਫ਼ੇਰੇ ਫ਼ੈਲ ਜਾਇਆ ਕਰਦੀ ਅਤੇ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਂਦਾ। ਗਾਮਾ ਗਾਮਾ ਵਾਸਨਈ, '' ਉਹ ਦੇਸੀ ਰਾਗੀ ਦੀ ਮਹਿਕ ਅਤੇ ਉਹਦੇ ਗੁਣਾਂ ਨੂੰ ਬੇਮਿਸਾਲ ਦੱਸਦਿਆਂ ਕਹਿੰਦੇ ਹਨ। ''ਹਾਈਬ੍ਰਿਡ ਰਾਗੀ ਦੀ ਗੱਲ ਕਰੀਏ ਤਾਂ, ਇਹਦੀ ਮਹਿਕ ਪੂਰੇ ਘਰ ਵਿੱਚ ਤਾਂ ਛੱਡੋ ਨਾਲ਼ ਦੇ ਕਮਰੇ ਤੱਕ ਨਹੀਂ ਪਹੁੰਚਦੀ!''

PHOTO • Aparna Karthikeyan
PHOTO • Aparna Karthikeyan
PHOTO • Aparna Karthikeyan

ਖੱਬੇ : ਪ੍ਰਭਾ ਦੁਆਰਾ ਤਿਆਰ ਕੀਤਾ ਰਾਗੀ ਦਾ ਆਟਾ। ਵਿਚਕਾਰ ਅਤੇ ਸੱਜੇ : ਪ੍ਰਭਾ ਇਸ ਕੋਸੇ ਕੋਸੇ ਆਟੇ ਨੂੰ ਗ੍ਰੇਨਾਈਟ ਸਿੱਲ੍ਹ ' ਤੇ ਰੱਖੀ ਆਪਣੀਆਂ ਤਲ਼ੀਆਂ ਵਿੱਚ ਘੁਮਾ ਘੁਮਾ ਕੇ ਮੁਢੇ (ਲੱਡੂ) ਬਣਾਉਂਦੀ ਹੋਈ

ਸ਼ਾਇਦ ਆਪਣੇ ਸਹੁਰੇ ਪਰਿਵਾਰ ਦੇ ਮੌਜੂਦ ਹੋਣ ਕਾਰਨ, ਪ੍ਰਭਾ ਬਹੁਤ ਘੱਟ ਬੋਲਦੀ ਹਨ। ਉਹ ਰਸੋਈ ਦੇ ਇੱਕ ਖੂੰਜੇ ' ਤੇ ਰੱਖੀ ਗ੍ਰੇਨਾਈਟ ਦੀ ਸਿੱਲ੍ਹ ਦੇ ਕੋਲ਼ ਕੜਾਈ ਰੱਖਦੀ  ਹਨ ਅਤੇ ਭਾਫ਼ ਛੱਡਦੇ ਰਾਗੀ ਦੇ ਆਟੇ ਨੂੰ ਉਸ 'ਤੇ ਪਲ਼ਟਾ ਦਿੰਦੀ ਹਨ। ਆਪਣੀ ਤਲ਼ੀ ਦੀ ਮਦਦ ਨਾਲ਼ ਪਹਿਲਾਂ ਇਸ ਕੋਸੇ ਆਟੇ ਨੂੰ ਗੋਲ਼-ਗੋਲ਼ ਘੁਮਾਉਂਦੀ ਹੋਈ ਮੋਟੀ ਟਿਊਬ ਜਿਹੀ ਬਣਾਉਂਦੀ ਹਨ। ਫਿਰ ਆਪਣੇ ਹੱਥ ਨੂੰ ਪਾਣੀ ਨਾਲ਼ ਗਿੱਲਾ ਕਰਕੇ ਉਸ ਟਿਊਬ ਵਿੱਚੋਂ ਵੱਡਾ ਸਾਰਾ ਟੁਕੜਾ ਤੋੜ ਕੇ ਦੋਵਾਂ ਹੱਥਾਂ ਵਿੱਚ ਪੇੜੇ ਵਾਂਗ ਘੁਮਾ ਘੁਮਾ ਕੇ ਗੇਂਦ ਦਾ ਅਕਾਰ ਦੇ ਦਿੰਦੀ ਹਨ।

ਇੰਝ ਉਹ ਕਈ ਹੋਰ ਗੇਂਦਾ ਬਣਾ ਲੈਂਦੀ ਹਨ ਅਤੇ ਫਿਰ ਸਾਨੂੰ ਸਟੀਲ ਦੀਆਂ ਪਲੇਟਾਂ ਵਿੱਚ ਭੋਜਨ ਪਰੋਸਿਆ ਜਾਂਦਾ ਹੈ। ''ਦੇਖੋ, ਇੰਝ ਖਾਵੋ,'' ਰਾਗੀ ਦੇ ਮੁਢੇ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਤੋੜ ਕੇ ਕੁਲਥੀ ਸ਼ੋਰਬੇ ਵਿੱਚ ਡੁਬੋ ਕੇ ਖਾਣ ਦਾ ਢੰਗ ਦੱਸਦਿਆਂ ਨਾਗੰਨਾ ਕਹਿੰਦੇ ਹਨ। ਪ੍ਰਭਾ ਸਾਡੇ ਲਈ ਤਲ਼ੀਆਂ ਹੋਈਆਂ ਸਬਜ਼ੀਆਂ ਦਾ ਕਟੋਰਾ ਲਿਆਉਂਦੀ ਹਨ। ਇਹ ਬੜਾ ਲਜ਼ੀਜ ਖਾਣਾ ਹੈ ਤੇ ਘੰਟਿਆਂ-ਬੱਧੀ ਸਾਨੂੰ ਊਰਜਾਵਾਨ ਰੱਖਦਾ ਹੈ।

ਕ੍ਰਿਸ਼ਨਾਗਿਰੀ  ਜ਼ਿਲ੍ਹੇ ਦੇ ਨੇੜਲੇ ਬਰਗੁਰ ਵਿਖੇ, ਲਿੰਗਾਇਤ ਭਾਈਚਾਰਿਆਂ ਵੱਲੋਂ ਰਾਗੀ ਨੂੰ ਰੋਟੀਆਂ ਬਣਾਈਆਂ ਜਾਂਦੀਆਂ ਹਨ। ਲੰਬਾ ਸਮਾਂ ਪਹਿਲਾਂ ਇੱਕ ਫ਼ੇਰੀ ਦੌਰਾਨ, ਕਿਸਾਨ ਪਾਰਵਤੀ ਸਿਧਿਆ ਨੇ ਘਰੋਂ ਬਾਹਰ ਰੱਖੇ ਇੱਕ ਆਰਜ਼ੀ ਚੁੱਲ੍ਹੇ 'ਤੇ ਮੇਰੇ ਲਈ ਇਹ ਰੋਟੀਆਂ ਪਕਾਈਆਂ। ਮੋਟੀਆਂ ਅਤੇ ਸੁਆਦੀ, ਰੋਟੀਆਂ ਕਈ ਦਿਨਾਂ ਤੱਕ ਸਾਂਭੀਆਂ ਜਾਂਦੀਆਂ, ਖ਼ਾਸ ਕਰਕੇ ਆਜੜੀ ਪਰਿਵਾਰਾਂ ਲਈ, ਜਦੋਂ ਉਹ ਜੰਗਲ ਵਿੱਚ ਡੰਗਰਾਂ ਨੂੰ ਚਰਾਉਣ ਲਿਜਾਂਦੇ ਤਾਂ ਇਹੀ ਉਨ੍ਹਾਂ ਦੇ ਭੋਜਨ ਦਾ ਮੁੱਖ ਸ੍ਰੋਤ ਹੋਇਆ ਕਰਦਾ।

ਚੇਨਈ-ਅਧਾਰਤ ਭੋਜਨ ਇਤਿਹਾਸਕਾਰ, ਮਜ਼ੇਦਾਰ ਕਹਾਣੀਆਂ ਸੁਣਾਉਣ ਵਾਲ਼ੇ ਅਤੇ ਸ਼ੋਅ-ਹੋਸਟ ਰਾਕੇਸ਼ ਰਘੂਨਾਥਨ, ਪਰਿਵਾਰ ਦੇ ਇਸ ਵਿਰਾਸਤੀ ਪਕਵਾਨ ਦੇ ਨੁਸਖ਼ੇ: ਰਾਗੀ ਵੇਲ ਅਡਾਈ ਦਾ ਵਰਣਨ ਕਰਦੇ ਹਨ। ਜੋ ਇੱਕ ਮਿੱਠਾ ਪੈਨਕੇਕ ਹੈ, ਜਿਸ ਵਿੱਚ ਰਾਗੀ ਪਾਊਡਰ, ਗੁੜ, ਨਾਰੀਅਲ ਦੁੱਧ, ਇੱਕ ਚੁਟਕੀ ਇਲਾਇਚੀ ਪਾਊਡਰ ਅਤੇ ਸੁੰਡ ਦਾ ਪਾਊਡਰ ਮਿਲ਼ਾਏ ਜਾਂਦੇ ਹਨ। ''ਮੇਰੀ ਮਾਂ ਦੀ ਦਾਦੀ ਨੇ ਉਨ੍ਹਾਂ ਨੂੰ ਇਹ ਅਡਾਈ ਬਣਾਉਣੀ ਸਿਖਾਈ। ਇਹ ਪਕਵਾਨ ਤਨਜਾਵੁਰ ਇਲਾਕੇ ਵਿੱਚ ਬਣਾਇਆ ਜਾਂਦਾ ਅਤੇ ਰਵਾਇਤੀ ਤੌਰ 'ਤੇ ਕਾਰਤੀਗਈ ਦੀਪਮ (ਰੌਸ਼ਨੀਆਂ ਦਾ ਪਰੰਪਰਾਗਤ ਤਿਓਹਾਰ) ਦੇ ਦਿਨ ਰੱਖੇ ਗਏ ਵਰਤ ਨੂੰ ਤੋੜਨ ਲਈ ਖਾਧਾ ਜਾਂਦਾ।'' ਥੋੜ੍ਹੇ ਜਿਹੇ ਘਿਓ ਨਾਲ਼ ਬਣਿਆਂ ਇਹ ਫੁੱਲਿਆ ਹੋਇਆ ਪੈਨਕੇਕ ਇੱਕ ਆਦਰਸ਼ ਪਕਵਾਨ ਹੈ ਜੋ ਪੋਸ਼ਕ ਤੱਤ ਦੇਣ ਦੇ ਨਾਲ਼ ਨਾਲ਼ ਵਰਤ ਤੋਂ ਬਾਅਦ ਲਈ ਅਰਾਮਦਾਇਕ ਭੋਜਨ ਵੀ ਰਹਿੰਦਾ ਹੈ।

ਪੁਡੂਕੋਟਈ ਜ਼ਿਲ੍ਹੇ ਦੇ ਚਿਨਾ ਵੀਰਮੰਗਲਮ ਪਿੰਡ ਵਿਖੇ, ਵਿਲੇਜ ਕੁਕਿੰਗ ਚੈਨਲ ਦੇ ਮਸ਼ਹੂਰ ਰਸੋਈਏ (ਸ਼ੈੱਫ਼) ਰਾਗੀ ਤੋਂ ਪਕਵਾਨ: ਕਰੂਵਾਡੂ (ਸੁੱਕੀ ਮੱਛੀ) ਦੇ ਨਾਲ਼ ਕਾਲੀ ਤਿਆਰ ਕਰਦੇ ਹਨ। ਉਨ੍ਹਾਂ ਦੇ ਯੂ-ਟਿਊਬ ਚੈਨਲ ਦੀ ਯੂਐੱਸਪੀ ਰਵਾਇਤੀ ਵਿਅੰਜਨ ਵਿਧੀਆਂ ਨੂੰ ਮੁੜ-ਜ਼ਿੰਦਾ ਕਰ ਰਿਹਾ ਹੈ। ''ਜਦੋਂ ਮੈਂ 7 ਜਾਂ 8 ਸਾਲਾਂ ਦਾ ਸਾਂ ਉਦੋਂ ਤੋਂ ਹੀ ਰਾਗੀ ਨੂੰ ਵਿਆਪਕ ਤੌਰ 'ਤੇ ਪਕਾਇਆ ਅਤੇ ਖਾਧਾ ਜਾਂਦਾ ਰਿਹਾ ਹੈ। ਫਿਰ ਇਹ ਅਲੋਪ ਹੋ ਗਈ ਅਤੇ ਹੌਲ਼ੀ-ਹੌਲ਼ੀ ਚੌਲ਼ਾਂ ਨੇ ਉਹਦੀ ਥਾਂ ਲੈ ਲਈ,'' 33 ਸਾਲਾ ਸੁਬਰਾਮਨੀਅਮ, ਜੋ ਇਸ ਚੈਨਲ ਦੇ ਸਹਿ-ਸਹਿਯੋਗੀ ਹਨ, ਟੈਲੀਫ਼ੋਨ 'ਤੇ ਲਈ ਇੰਟਰਵਿਊ ਦੌਰਾਨ ਕਹਿੰਦੇ ਹਨ।

ਦੋ ਸਾਲ ਪੁਰਾਣੀ ਇਸ ਵਿਡਿਓ ਨੂੰ 8 ਮਿਲੀਅਨ ਲੋਕਾਂ ਨੇ ਦੇਖਿਆ- 15 ਮਿਲੀਅਨ ਗ੍ਰਾਹਕਾਂ (ਸਬਸਕਰਾਈਬਰਾਂ) ਵਾਲ਼ੇ ਇਸ ਚੈਨਲ ਵਾਸਤੇ ਇਹ ਕੋਈ ਬਹੁਤੀ ਹੈਰਾਨੀ ਦੀ ਗੱਲ ਨਹੀਂ, ਇਸ ਵੀਡਿਓ ਅੰਦਰ ਰਾਗੀ ਨੂੰ ਗ੍ਰੇਨਾਈਟ ਪੱਥਰ 'ਤੇ ਪੀਹਣ ਤੋਂ ਲੈ ਕੇ ਖ਼ਜ਼ੂਰ ਦੇ ਪੱਤਿਆਂ ਦੇ ਬਣੇ ਪਿਆਲੇ ਵਿੱਚ ਖਾਣ ਤੱਕ ਦੇ ਹਰ ਕਦਮ ਨੂੰ ਕਵਰ ਕੀਤਾ ਗਿਆ ਹੈ।

PHOTO • Aparna Karthikeyan
PHOTO • Aparna Karthikeyan

ਖੱਬੇ : ਪਿਛਲੇ ਪੰਜ ਦਹਾਕਿਆਂ ਵਿੱਚ ਰਾਗੀ ਦੀ ਖ਼ਪਤ ਘੱਟ ਰਹੀ ਹੈ। ਸੱਜੇ : ਨਾਗੰਨਾ ਦੇ ਵਿਹੜੇ ਵਿੱਚ ਪਿੜ ਦਾ ਪੱਥਰ ਜੋ ਪਸ਼ੂਆਂ ਦੁਆਰਾ ਖਿੱਚਿਆ ਜਾਂਦਾ ਸੀ

ਸਭ ਤੋਂ ਦਿਲਚਸਪ ਹਿੱਸਾ ਰਾਗੀ ਮੁੱਡੇ ਨੂੰ ਪਕਾਉਣਾ ਹੈ। ਸੁਬਰਾਮਨੀਅਮ ਦੇ ਦਾਦਾ, 75 ਸਾਲਾ ਪੇਰਿਯਾਥੰਬੀ, ਰਿੱਝੇ ਚੌਲ਼ਾਂ ਵਿੱਚ ਪੀਸੀ ਰਾਗੀ ਰਲ਼ਾਈ, ਇਹਦੇ ਗੋਲ਼ੇ ਵੱਟਣ ਅਤੇ ਉਨ੍ਹਾਂ ਨੂੰ ਚੌਲ਼ਾਂ ਦੇ ਪਾਣੀ ਵਿੱਚ ਡੁਬੋਣ ਵਾਲ਼ੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਹਨ। ਇਹ ਲੂਣਾ ਪਕਵਾਨ ਸੁੱਕੀ ਮੱਛੀ ਦੇ ਨਾਲ਼ ਖਾਧਾ ਜਾਂਦਾ ਹੈ, ਜਿਹਨੂੰ ਚੁੱਲ੍ਹੇ ਦੀ ਮੱਠੀ-ਮੱਠੀ ਅੱਗ 'ਤੇ ਓਦੋਂ ਤੀਕਰ ਭੁੰਨਿਆ ਜਾਂਦਾ ਹੈ ਜਦੋਂ ਤੱਕ ਚਮੜੀ ਸੜ ਕੇ ਇਹਦੀ ਪਪੜੀ ਨਾ ਬਣ ਜਾਵੇ। ''ਰੋਜ਼ਾਨਾ ਖਾਧੇ ਜਾਣ ਵਾਲ਼ੇ ਇਸ ਭੋਜਨ ਅੰਦਰ ਛੋਟਾ ਪਿਆਜ ਅਤੇ ਹਰੀਆਂ ਮਿਰਚਾਂ ਹੀ ਪਾਈਆਂ ਜਾਂਦੀਆਂ,'' ਉਹ ਦੱਸਦੇ ਹਨ।

ਸੁਬਰਮਨੀਅਮ ਚੌਲ਼ਾਂ ਦੀਆਂ ਦੇਸੀ ਕਿਸਮਾਂ ਬਾਰੇ ਅਤੇ ਰਾਗੀ ਦੇ ਪੋਸ਼ਕ ਤੱਤਾਂ ਬਾਰੇ ਬੜੇ ਉਤਸ਼ਾਹ ਨਾਲ਼ ਬੋਲਦੇ ਹਨ। ਉਨ੍ਹਾਂ ਨੇ ਆਪਣੇ ਭਰਾਵਾਂ ਅਤੇ ਚਚੇਰੇ ਭਰਾਵਾਂ ਨਾਲ਼ ਰਲ਼ ਕੇ, 2021 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੌਰੇ 'ਤੇ ਆਏ ਰਾਹੁਲ ਗਾਂਧੀ ਨੂੰ ਪ੍ਰਭਾਵਤ ਕੀਤਾ। ਹਰੇਕ ਵੀਡਿਓ ਦੇ ਨਾਲ਼ ਉਨ੍ਹਾਂ ਦਾ ਕੁਕਿੰਗ ਚੈਨਲ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਗਾਇਬ ਹੋ ਰਹੇ ਵਿਅੰਜਨਾਂ ਨੂੰ ਮੁੜ-ਜ਼ਿੰਦਾ ਰੱਖਣ ਦੀ ਇਸ ਕੋਸ਼ਿਸ਼ ਨਾਲ਼ ਖ਼ੁਦ ਵੀ ਜ਼ਿੰਦਾ ਰਹਿੰਦਾ ਹੈ।

*****

ਉਹ ਕਿਸਾਨ ਜਿਹੜੇ ਰਸਾਇਣਾਂ ਦਾ ਛਿੜਕਾਅ ਕਰਦੇ ਹਨ, ਆਪਣਾ ਮੁਨਾਫ਼ਾ ਹਸਪਤਾਲਾਂ ਨੂੰ ਦਾਨ ਕਰਦੇ ਹਨ।
ਆਨੰਦਰਾਮੂ, ਕ੍ਰਿਸ਼ਨਾਗਿਰੀ ਦੇ ਰਾਗੀ ਕਿਸਾਨ

ਨਾਗੰਨਾ ਦੀ ਬਸਤੀ ਦੇ ਆਸਪਾਸ ਦੇ ਖੇਤਾਂ ਵਿੱਚੋਂ ਰਾਗੀ ਗਾਇਬ ਹੋਣ ਮਗਰ ਤਿੰਨ ਕਾਰਕ ਹਨ: ਆਰਥਿਕ ਕਾਰਨ ਅਤੇ ਹਾਥੀਆਂ ਦੇ ਹਮਲੇ, ਬਾਕੀ ਸਭ ਤੋਂ ਪ੍ਰਭਾਵੀ ਕਾਰਨ ਹੈ: ਜਲਵਾਯੂ ਤਬਦੀਲੀ। ਪਹਿਲਾ ਕਾਰਕ ਪੂਰੇ ਤਮਿਲਨਾਡੂ ਦਾ ਯਥਾਰਥ ਹੈ। ਇੱਕ ਏਕੜ ਫਿੰਗਰ ਬਾਜਰਾ ਬੀਜਣ ਮਗਰ 16,000 ਤੋਂ 18,000 ਰੁਪਏ ਦੀਆਂ ਇਨਪੁਟ ਲਾਗਤਾਂ ਆਉਂਦੀਆਂ ਹਨ। ''ਜੇ ਕਿਤੇ ਮੀਂਹ ਪੈ ਜਾਵੇ ਜਾਂ ਹਾਥੀ ਹੱਲਾ ਬੋਲ ਦੇਣ ਤਾਂ ਵਾਢੀ ਦੌਰਾਨ ਹਰ ਕਿਸੇ ਨੂੰ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਅਤੇ ਇਸ ਕੰਮ 'ਤੇ ਵਾਧੂ 2000 ਰੁਪਏ ਖਰਚ ਹੋ ਜਾਂਦੇ ਹਨ,'' ਆਨੰਦਾ ਦੱਸਦੇ ਹਨ।

''ਤਮਿਲਨਾਡੂ ਅੰਦਰ 80 ਕਿਲੋ ਦੀ ਬੋਰੀ ਦੀ ਕੀਮਤ 2,200 ਰੁਪਏ ਹੈ। ਇੱਕ ਕਿਲੋ ਦੀ ਕੀਮਤ 27.50 ਰੁਪਏ ਬਣਦੀ ਹੈ। ਚੰਗੇ ਸਾਲ ਦੇ ਝਾੜ ਵਿੱਚ ਤੁਹਾਡੇ ਹੱਥ 15 ਬੋਰੀਆਂ ਲੱਗ ਸਕਦੀਆਂ ਹਨ, ਹਾਂ 18 ਬੋਰੀਆਂ ਵੀ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਵਧੀਆ ਝਾੜ ਦੇ ਬੀਜ ਬੀਜੇ ਹੋਣ। ਆਨੰਦ ਚੇਤਾਵਨੀ ਦਿੰਦਿਆਂ ਕਹਿੰਦੇ ਹਨ,''ਪਰ ਡੰਗਰਾਂ ਨੂੰ ਹਾਈਬ੍ਰਿਡ ਦੇ ਪੌਦਿਆਂ ਨਾਲ਼ ਕੋਈ ਲੈਣਾ-ਦੇਣਾ ਨਹੀਂ। ਉਹ ਤਾਂ ਦੇਸੀ ਕਿਸਮ ਹੀ ਪਸੰਦ ਕਰਦੇ ਹਨ।''

ਇਹ ਫ਼ਸਲ ਇੱਕ ਹੋਰ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਇੰਝ ਕਿ ਰਾਗੀ ਦੀ ਨਾੜ (ਪਰਾਲ਼ੀ) ਦਾ ਇੱਕ ਲੋਡ 15,000 ਰੁਪਏ ਵਿੱਚ ਵਿਕਦਾ ਹੈ ਅਤੇ ਇੱਕ ਏਕੜ ਵਿੱਚ ਤੁਸੀਂ ਦੋ ਲੋਡ ਕੱਢ ਸਕਦੇ ਹੋ। ਜਿਨ੍ਹਾਂ ਕਿਸਾਨਾਂ ਨੇ ਡੰਗਰ ਪਾਲ਼ੇ ਹੁੰਦੇ ਹਨ ਉਹ ਇਹਨੂੰ ਡੰਗਰਾਂ ਦੇ ਚਾਰੇ ਲਈ ਵਰਤਦੇ ਹਨ। ਉਹ ਇਨ੍ਹਾਂ ਦਾ ਕੁੱਪ ਜਿਹਾ ਬਣਾ ਲੈਂਦੇ ਹਨ ਅਤੇ ਪੂਰਾ ਸਾਲ ਇੰਝ ਹੀ ਰੱਖੀ ਵਰਤਦੇ ਰਹਿੰਦੇ ਹਨ। ''ਅਸੀਂ ਉਦੋਂ ਤੱਕ ਰਾਗੀ ਵੀ ਨਹੀਂ ਵੇਚਦੇ ਜਦੋਂ ਤੱਕ ਸਾਨੂੰ ਅਗਲੇ ਸਾਲ ਲਈ ਵਧੀਆ ਫ਼ਸਲ ਨਹੀਂ ਮਿਲ਼ ਜਾਂਦੀ। ਸਿਰਫ਼ ਸਾਡੀ ਹੀ ਗੱਲ ਨਹੀਂ, ਸਾਡੇ ਕੁੱਤੇ ਅਤੇ ਮੁਰਗੇ-ਮੁਰਗੀਆਂ ਵੀ ਸਿਰਫ਼ ਰਾਗੀ ਹੀ ਖਾਂਦੇ ਹਨ। ਸਭ ਦਾ ਢਿੱਡ ਭਰਨ ਲਈ ਸਾਨੂੰ ਕਾਫ਼ੀ ਰਾਗੀ ਲੋੜੀਂਦੀ ਰਹਿੰਦੀ ਹੈ।''

PHOTO • M. Palani Kumar
PHOTO • M. Palani Kumar

ਖੱਬੇ : ਆਨੰਦਾ ਆਪਣੀਆਂ ਭੇਡਾਂ ਅਤੇ ਬੱਕਰੀਆਂ ਦੇ ਨਾਲ਼ ; ਡੰਗਰ ਰਾਗੀ ਦੇ ਨਾੜਦਾਰ ਪਰੂਲ ਨੂੰ ਚਰਦੇ ਹਨ। ਸੱਜੇ : ਨਾਗੰਨਾ ਦੇ ਜੱਦੀ ਘਰ ਵਿਖੇ ਛੱਟਿਆ ਗਿਆ ਅਨਾਜ ਪਲਾਸਟਿਕ ਦੇ ਗੱਟੂਆਂ ਵਿੱਚ ਭਰ ਕੇ ਰੱਖਿਆ ਹੋਇਆ

ਆਨੰਦਰਾਮੂ ਮੂਲ਼ ਰੂਪ ਵਿੱਚ ਇਸ ਪੁਰਾਣੇ ਸੱਚ ਦੀ ਪੁਸ਼ਟੀ ਕਰ ਰਹੇ ਹਨ: ਬਾਜਰਾ ਇਸ ਜ਼ਮੀਨ ਅਤੇ ਲੋਕਾਂ ਦਾ ਕੇਂਦਰੀ ਧੁਰਾ ਹੈ, ਸਿਰਫ਼ ਇਸਲਈ ਨਹੀਂ ਕਿ ਇਹ ਪ੍ਰਾਚੀਨ ਹੈ। ਇਹ ਫ਼ਸਲ ਬਹੁਤ ਹੀ ਮਜ਼ਬੂਤ ਅਤੇ ''ਜ਼ੋਖਮ ਮੁਕਤ'' ਹੈ, ਆਨੰਦਾ ਕਹਿੰਦੇ ਹਨ। ''ਬਗ਼ੈਰ ਮੀਂਹ ਜਾਂ ਸਿੰਚਾਈ ਦੇ ਇਹ ਦੋ ਹਫ਼ਤੇ ਤੱਕ ਜਿਊਂਦੀ ਰਹਿ ਸਕਦੀ ਹੈ। ਇਸ ਫ਼ਸਲ ਨੂੰ ਬਹੁਤੇ ਕੀਟ ਵੀ ਨਹੀਂ ਪੈਂਦੇ ਇਸਲਈ ਸਾਨੂੰ ਟਮਾਟਰਾਂ ਅਤੇ ਫਲ਼ੀਆਂ ਵਾਂਗਰ ਬਹੁਤੇ ਛਿੜਕਾਅ ਵੀ ਨਹੀਂ ਕਰਨੇ ਪੈਂਦੇ। ਉਹ ਕਿਸਾਨ ਜਿਹੜੇ ਰਸਾਇਣਾਂ ਦਾ ਛਿੜਕਾਅ ਕਰਦੇ ਹਨ, ਆਪਣਾ ਮੁਨਾਫ਼ਾ ਹਸਪਤਾਲਾਂ ਨੂੰ ਦਾਨ ਕਰਦੇ ਹਨ।''

ਤਮਿਲਨਾਡੂ ਸਰਕਾਰ ਵੱਲੋਂ ਹਾਲੀਆ ਲਈ ਪਹਿਲਕਦਮੀ ਨੇ ਜ਼ਿੰਦਗੀ ਕੁਝ ਕੁਝ ਸੁਖਾਲੀ ਕਰ ਦਿੱਤੀ ਹੈ। ਰਾਜ ਸਰਕਾਰ ਨੇ ਚੇਨਈ ਅਤੇ ਕੋਇੰਬਟੂਰ ਵਿਖੇ ਜਨਤਕ ਵੰਡ ਪ੍ਰਣਾਲੀ ਰਾਸ਼ਨ ਡਿਪੂਆਂ 'ਤੇ ਰਾਗੀ ਵੰਡਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, 2022 ਦੇ ਖੇਤੀ ਬਜਟ ਦੇ ਭਾਸ਼ਣ ਵੇਲ਼ੇ ਮੰਤਰੀ ਐੱਮ.ਆਰ.ਕੇ. ਪਨੀਰਸੇਲਵਮ ਨੇ 16 ਵਾਰੀਂ (ਚੌਲ਼ਾਂ ਅਤੇ ਝੋਨਾ ਦਾ 33 ਵਾਰ) ਰਾਗੀ ਦਾ ਜ਼ਿਕਰ ਕੀਤਾ। ਰਾਗੀ ਦੀ ਲੋਕਪ੍ਰਿਯਤਾ ਵਧਾਉਣ ਦੇ ਮਤਿਆ ਵਿੱਚ ਦੋ ਖ਼ਾਸ ਇਲਾਕੇ ਸਥਾਪਤ ਕਰਨ ਦੇ ਨਾਲ਼ ਨਾਲ਼ ਰਾਜ ਅਤੇ ਜ਼ਿਲ੍ਹਾ ਪੱਧਰੀ ਤਿਓਹਾਰ ਵੀ ਰਾਗੀ ਨੂੰ ਸ਼ਾਮਲ ਕੀਤਾ ਗਿਆ ਹੈ- ''ਰਾਗੀ ਦੇ ਪੋਸ਼ਕ ਤੱਤਾਂ ਬਾਰੇ ਜਾਗਰੂਕਤਾ ਫ਼ੈਲਾਉਣ'' ਦੇ ਮੱਦੇਨਜ਼ਰ ਇਸ ਸਭ ਵਾਸਤੇ 92 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਇੰਨਾ ਹੀ ਨਹੀਂ, ਐੱਫ਼ਏਓ ਵੱਲੋਂ ਸਾਲ 2023 ਨੂੰ ਅੰਤਰਰਾਸ਼ਟਰੀ ਬਾਜਰਾ ਸਾਲ (ਇੰਟਰਨੈਸ਼ਨਲ ਇਅਰ ਆਫ਼ ਮਿਲੇਟ) ਐਲਾਨ ਕਰਨਾ ਭਾਰਤ ਵੱਲੋਂ ਪ੍ਰਸਤਾਵਤ ਇਸ ਵਿਚਾਰ ਨੂੰ ਵੀ ਉਜਾਗਰ ਕਰਦਾ ਹੈ ਜਿਸ ਵਿੱਚ ਰਾਗੀ ਨੂੰ 'ਪੌਸ਼ਟਿਕ ਅਨਾਜ' ਵਿੱਚ ਸ਼ਾਮਲ ਕੀਤਾ ਗਿਆ ਹੈ।

ਭਾਵੇਂ ਕਿ ਨਾਗੰਨਾ ਦੇ ਪਰਿਵਾਰ ਲਈ ਇਹ ਸਾਲ ਇੱਕ ਚੁਣੌਤੀ ਸਾਬਤ ਹੋਣ ਵਾਲ਼ਾ ਹੈ। ਉਨ੍ਹਾਂ ਨੇ ਜਿਵੇਂ ਕਿਵੇਂ ਕਰਕੇ ਆਪਣੇ ਅੱਧ ਏਕੜ ਖੇਤ ਵਿੱਚ ਬੀਜੀ ਰਾਗੀ ਦੀਆਂ ਤਿੰਨ ਬੋਰੀਆਂ ਝਾੜ ਹਾਸਲ ਕਰ ਲਿਆ। ਬਾਕੀ ਦੀ ਬਚੀ ਪੈਦਾਵਾਰ ਮੀਂਹਾਂ ਅਤੇ ਜੰਗਲੀ ਜਾਨਵਰਾਂ ਦੀ ਬਲ਼ੀ ਚੜ੍ਹ ਗਈ। ''ਰਾਗੀ ਦੇ ਮੌਸਮ ਦੌਰਾਨ ਹਰ ਰਾਤੀਂ ਸਾਨੂੰ ਖੇਤਾਂ ਵਿੱਚ ਗੱਡੀ ਮਚਾਨ 'ਤੇ ਚੜ੍ਹ ਕੇ ਸੌਣਾ ਪੈਂਦਾ ਹੈ ਤਾਂ ਕਿ ਨਜ਼ਰ ਰੱਖੀ ਜਾ ਸਕੇ,'' ਆਨੰਦਾ ਕਹਿੰਦੇ ਹਨ।

ਉਨ੍ਹਾਂ ਦੇ ਤਿੰਨ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਕਿਸੇ ਨੇ ਵੀ ਖੇਤੀ ਦਾ ਰਾਹ ਨਹੀਂ ਫੜ੍ਹਿਆ, ਸਗੋਂ ਨੇੜਲੇ ਕਸਬੇ, ਥਾਲੀ ਵਿਖੇ ਨੌਕਰੀ ਦੀ ਭਾਲ਼ ਕਰਦੇ ਰਹੇ ਹਨ। ਆਨੰਦਾ ਨੂੰ ਖੇਤੀਬਾੜੀ ਕਰਨ ਦਾ ਸ਼ੌਕ ਹੈ। ''ਮੈਂ ਸਕੂਲ ਵੀ ਕਿੱਥੇ ਗਿਆਂ? ਮੈਂ ਅੰਬਾਂ ਦੇ ਰੁੱਖਾਂ 'ਤੇ ਚੜ੍ਹ ਕੇ ਬੈਠਾ ਰਹਿੰਦਾ ਅਤੇ ਪਿੰਡ ਦੀ ਮੰਡੀਰ ਨਾਲ਼ ਵਾਪਸ ਘਰ ਮੁੜਦਾ। ਬੱਸ ਇਹੀ ਕੁਝ ਤਾਂ ਮੈਂ ਕਰਨਾ ਲੋਚਦਾ ਸਾਂ,'' ਆਪਣੇ ਖੇਤਾਂ ਵਿੱਚ ਉੱਗੀ ਕੁਲਥੀ ਫ਼ਸਲ ਦਾ ਮੁਆਇਨਾ ਕਰਦਿਆਂ ਉਹ ਕਹਿੰਦੇ ਹਨ।

PHOTO • M. Palani Kumar
PHOTO • Aparna Karthikeyan

ਖੱਬੇ : ਆਨੰਦਾ ਆਪਣੇ ਖੇਤ ਵਿੱਚ ਬੀਜੀ ਕੁਲਥੀ ਦੀ ਫ਼ਸਲ ਦਾ ਮੁਆਇਨਾ ਕਰਦੇ ਹੋਏ। ਸੱਜੇ : ਨਾਗੰਨਾ ਦੇ ਖੇਤ ਦੇ ਰੁੱਖ ' ਤੇ ਗੱਡੀ ਇੱਕ ਮਚਾਨ, ਜੋ ਰਾਗੀ ਦੇ ਮੌਸਮ ਵਿੱਚ ਹਾਥੀਆਂ ' ਤੇ ਨਜ਼ਰ ਰੱਖਣ ਵਾਸਤੇ ਬਣਾਈ ਗਈ ਹੈ

ਉਹ ਚੁਫ਼ੇਰੇ ਮੀਂਹ ਨਾਲ਼ ਮੱਚੀ ਤਬਾਹੀ ਦਿਖਾਉਂਦੇ ਹਨ। ''ਮੈਂ ਆਪਣੇ 86 ਸਾਲਾਂ ਵਿੱਚ ਅਜਿਹਾ ਮੀਂਹ ਨਹੀਂ ਦੇਖਿਆ,'' ਬੜੀ ਤਕਲੀਫ਼ ਨਾਲ਼ ਨਾਗੰਨਾ ਕਹਿੰਦੇ ਹਨ। ਉਨ੍ਹਾਂ ਮੁਤਾਬਕ ਅਤੇ ਉਨ੍ਹਾਂ ਦੇ ਭਰੋਸੇਮੰਦ ਪੰਚਾਂਗ, ਜੋਤਿਸ਼ ਕਲੰਡਰ ਮੁਤਾਬਕ- ਇਸ ਸਾਲ ਪੈਣ ਵਾਲ਼ਾ ਮੀਂਹ 'ਵਿਸ਼ਾਖਾ' ਹੈ, ਹਰ ਕਿਸਮ ਦਾ ਨਾਮ ਕਿਸੇ ਨਾ ਕਿਸੇ ਸਿਤਾਰੇ ਦੇ ਨਾਮ 'ਤੇ ਰੱਖਿਆ ਗਿਆ ਹੈ। '' ਓਰੂ ਮਾਸਮ, ਮਝਈ, ਮਝਈ, ਮਝਈ। '' ਪੂਰਾ ਮਹੀਨਾ, ਬੱਸ ਮੀਂਹ, ਮੀਂਹ, ਮੀਂਹ। ''ਸਿਰਫ਼ ਅੱਜ ਹੀ ਥੋੜ੍ਹੀ ਧੁੱਪ ਨਿਕਲ਼ੀ ਹੈ।'' ਅਖ਼ਬਾਰਾਂ ਦੀਆਂ ਰਿਪੋਰਟਾਂ ਉਨ੍ਹਾਂ ਦੇ ਬਿਆਨ ਨੂੰ ਪੁਸ਼ਟ ਕਰਦੀਆਂ ਹਨ ਕਿ 2021 ਵਿੱਚ ਤਮਿਲਨਾਡੂ ਅੰਦਰ 57 ਫ਼ੀਸਦ ਤੋਂ ਵੀ ਵੱਧ ਮੀਂਹ ਪਿਆ

ਗੋਪਾ ਦੇ ਖੇਤ ਵਿੱਚ ਵਾਪਸ ਤੁਰਦਿਆਂ ਸਾਨੂੰ, ਸ਼ਾਲਾਂ ਦੀ ਬੁੱਕਲ ਮਾਰੀ ਅਤੇ ਟੋਪੀਆਂ ਪਾਈ ਦੋ ਬਜ਼ੁਰਗ ਕਿਸਾਨਾਂ ਨੂੰ ਮਿਲ਼ੇ, ਜਿਨ੍ਹਾਂ ਨੇ ਆਪਣੇ ਨਾਲ਼ ਛੱਤਰੀਆਂ ਰੱਖੀਆਂ ਹੋਈਆਂ ਸਨ। ਖ਼ਾਲਸ ਕੰਨੜ ਭਾਸ਼ਾ ਵਿੱਚ ਉਹ ਸਾਨੂੰ ਰਾਗੀ ਦੀ ਖੇਤੀ ਵਿੱਚ ਆਈ ਗਿਰਾਵਟ ਬਾਰੇ ਦੱਸਦੇ ਹਨ। ਗੋਪਾ ਮੇਰੇ ਲਈ ਅਨੁਵਾਦ ਕਰਦੇ ਹਨ।

74 ਸਾਲਾ ਕੇ. ਰਾਮ ਰੈਡੀ ਕਹਿੰਦੇ ਹਨ ਕਿ ਕੁਝ ਬੀਤੇ ਦਹਾਕਿਆਂ ਦੇ ਮੁਕਾਬਲੇ ਅੱਜ ਰਾਗੀ ਸਿਰਫ਼ ''ਅੱਧੇ ਰਕਬੇ'' ਵਿੱਚ ਬੀਜੀ ਜਾਂਦੀ ਹੈ। ''ਦੋ ਏਕੜ ਪ੍ਰਤੀ ਪਰਿਵਾਰ। ਬੱਸ ਹੁਣ ਅਸੀਂ ਇੰਨਾ ਕੁ ਹੀ ਉਗਾਉਂਦੇ ਹਾਂ।'' ਬਾਕੀ ਦੀ ਬਚੀ ਜ਼ਮੀਨ ਟਮਾਟਰਾਂ ਅਤੇ ਫਲ਼ੀਆਂ ਨਾਲ਼ ਭਰੀ ਹੈ। 63 ਸਾਲਾ ਕ੍ਰਿਸ਼ਨਾ ਰੈਡੀ ਆਪਣੀ ਗੱਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਹੁਣ ਜਿਹੜੀ ਰਾਗੀ ਉਗਾਈ ਜਾਂਦੀ ਹੈ ਉਹ ਸਿਰਫ਼ ''ਹਾਈਬ੍ਰਿਡ, ਹਾਈਬ੍ਰਿਡ, ਹਾਈਬ੍ਰਿਡ'' ਹੀ ਹੈ।

'' ਨਾਤੂ ਰਾਗੀ ਸ਼ਕਤੀ ਜਾਸਤੀ (ਦੇਸ਼ੀ ਰਾਗੀ ਕਾਫ਼ੀ ਮਜ਼ਬੂਤ ਹੈ),'' ਤਾਕਤ ਦਿਖਾਉਣ ਲਈ ਉਹ ਆਪਣੇ ਡੌਲ਼ੇ ਅਕੜਾਉਂਦੇ ਹਨ। ਉਨ੍ਹਾਂ ਨੇ ਦੇਸੀ ਰਾਗੀ ਨੂੰ ਸਿਹਤਮੰਦ ਠਹਿਰਾਇਆ ਜੋ ਉਹ ਆਪਣੀ ਜੁਆਨੀ ਵੇਲ਼ੇ ਖਾਇਆ ਕਰਦੇ ਸਨ।

ਪਰ ਉਹ ਇਸ ਸਾਲ ਪਏ ਮੀਂਹ ਤੋਂ ਪਰੇਸ਼ਾਨ ਹਨ। ''ਇਹ ਸੱਚਿਓ ਬੜਾ ਡਰਾਉਣਾ ਮੰਜ਼ਰ ਰਿਹਾ,'' ਰਾਮ ਬੁੜਬੁੜਾਉਂਦੇ ਹਨ।

ਉਹ ਮੁਆਵਜ਼ਾ ਮਿਲ਼ਣ ਦੇ ਕਿਸੇ ਵੀ ਭਰੋਸੇ ਨੂੰ ਲੈ ਕੇ ਆਸਵੰਦ ਨਹੀਂ ਹਨ। ''ਨੁਕਸਾਨ ਦਾ ਕਾਰਨ ਜੋ ਵੀ ਰਿਹਾ ਹੋਵੇ, ਬਗ਼ੈਰ ਰਿਸ਼ਵਤ ਦਿੱਤਿਆਂ ਸਾਨੂੰ ਕੁਝ ਨਹੀਂ ਮਿਲ਼ਦਾ। ਇਸ ਸਭ ਤੋਂ ਇਲਾਵਾ, ਜ਼ਮੀਨ ਦਾ ਮਾਲਿਕਾਨਾ ਹੱਕ ਸਾਡੇ ਨਾਮ ਬੋਲਣਾ ਚਾਹੀਦਾ ਹੈ।'' ਬੱਸ ਇਸੇ ਕਾਰਨ ਕਰਕੇ ਕਾਸ਼ਤਕਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲ਼ਦਾ।

PHOTO • Aparna Karthikeyan
PHOTO • Aparna Karthikeyan

ਖੱਬੇ : ਗੋਲਾਪੱਲੀ ਵਿਖੇ ਕਿਸਾਨ ਕ੍ਰਿਸ਼ਨਾ ਰੈਡੀ ਅਤੇ ਰਾਮ ਰੈਡੀ (ਲਾਲ ਟੋਪੀ ਪਾਈ) ਸੱਜੇ : ਹਾਥੀਆਂ ਹੱਥੋਂ ਤਬਾਹ ਹੋਈ ਫ਼ਸਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆਨੰਦ

ਇਹ ਕੰਮ ਕਦੇ ਵੀ ਅਸਾਨ ਨਹੀਂ ਰਿਹਾ, ਆਨੰਦ ਹਿਰਖੇ ਮਨ ਨਾਲ਼ ਦੱਸਦੇ ਹਨ। ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਚਾਚੇ ਨੇ ਧੋਖਾ ਦਿੱਤਾ। ਆਨੰਦਾ ਨੇ ਧੋਖੇ ਦੀ ਇਸ ਕਹਾਣੀ ਨੂੰ ਆਪਣੇ ਤਰੀਕੇ ਨਾਲ਼ ਚਿਤਰਦਿਆਂ ਹੋਇਆਂ ਚਾਰ ਪੁਲਾਂਘਾਂ ਇਸ ਦਿਸ਼ਾ ਅਤੇ ਚਾਰ ਪੁਲਾਂਘਾਂ ਦੂਜੇ ਪਾਸੇ ਪੁੱਟੀਆਂ ਅਤੇ ਫਿਰ ਕਿਹਾ,''ਬੱਸ ਇੰਝ ਪੁਲਾਂਘਾਂ ਨਾਲ਼ ਹੀ ਮਿਣ-ਮਿਣ ਕੇ ਉਨ੍ਹਾਂ ਨੇ ਸਾਨੂੰ ਸਾਡਾ ਬਣਦਾ ਹਿੱਸਾ ਦਿੱਤਾ ਅਤੇ ਆਪਣਾ ਹਿੱਸਾ ਆਪ ਰੱਖਿਆ।''

ਮੇਰੇ ਪਿਤਾ ਪੜ੍ਹੇ-ਲਿਖੇ ਨਹੀਂ ਹਨ, ਇਸਲਈ ਉਹ ਸੌਖਿਆਂ ਹੀ ਸਹਿਮਤ ਹੋ ਗਏ। ਸਾਡੇ ਕੋਲ਼ ਸਿਰਫ਼ ਚਾਰ ਏਕੜ ਜ਼ਮੀਨ ਨੂੰ ਹੀ ਦਰਸਾਉਂਦੇ ਪੰਜੀਕ੍ਰਿਤ ਕਾਗ਼ਜ਼ਾਤ ਸਨ।'' ਅਸਲ ਵਿੱਚ ਤਾਂ ਉਹ ਇਸ ਨਾਲ਼ੋਂ ਵੀ ਕਿਤੇ ਵੱਧ ਜ਼ਮੀਨ 'ਤੇ ਖੇਤੀ ਕਰਦੇ ਹਨ। ਪਰ ਕਿਸੇ ਕਿਸਮ ਦੇ ਨੁਕਸਾਨ ਹੋਣ ਦੀ ਸੂਰਤ ਵਿੱਚ ਉਹ ਸਰਕਾਰੀ ਕਾਗ਼ਜ਼ਾਂ ਵਿੱਚ ਬੋਲਦੇ ਉਸ ਚਾਰ ਏਕੜ ਲਈ ਬਣਦੇ ਮੁਆਵਜ਼ੇ ਲਈ ਹੀ ਬਿਨੈ ਕਰ ਸਕਦੇ ਹਨ।

ਆਪਣੇ ਬਰਾਂਡੇ ਵਿੱਚ ਵਾਪਸ ਆ ਕੇ ਉਨ੍ਹਾਂ ਨੇ ਸਾਨੂੰ ਤਸਵੀਰਾਂ ਅਤੇ ਦਸਤਾਵੇਜ ਦਿਖਾਏ। ਤਸਵੀਰ ਦੱਸਦੀ ਹੈ ਕਿ ਹਾਥੀ ਕਿੱਥੇ ਹੱਲ੍ਹਾ ਬੋਲਦੇ ਹਨ ਅਤੇ ਸੂਰ ਕਿੱਥੇ। ਇੱਕ ਡਿੱਗਿਆ ਰੁੱਖ। ਦਰੜੀਆਂ ਫ਼ਸਲਾਂ। ਇੱਕ ਤਸਵੀਰ ਵਿੱਚ ਉਨ੍ਹਾਂ ਦੇ ਪਿਤਾ ਡਿੱਗੇ ਹੋਏ ਕਟਹਲ ਦੇ ਰੁੱਖ ਦੇ ਐਨ ਸਾਹਮਣੇ ਖੜ੍ਹੇ ਹਨ, ਲਾਚਾਰ ਅਤੇ ਨਿਰਾਸ਼।

''ਖੇਤੀ ਵਿੱਚ ਤੁਸੀਂ ਪੈਸਾ ਕਿਵੇਂ ਕਮਾਇਆ? ਕੀ ਤੁਸੀਂ ਵਧੀਆ ਗੱਡੀ ਖ਼ਰੀਦ ਸਕਦੇ ਹੋ? ਅਤੇ ਚੰਗੇ ਕੱਪੜੇ? ਆਮਦਨੀ ਬਹੁਤ ਹੀ ਨਿਗੂਣੀ ਹੈ ਅਤੇ ਇਹ ਗੱਲ ਮੈਂ ਇੱਕ ਜ਼ਮੀਨ ਦਾ ਮਾਲਕ ਹੋਣ ਦੇ ਨਾਤੇ ਕਹਿੰਦਾ ਹਾਂ,'' ਨਾਗੰਨਾ ਤਰਕ ਦਿੰਦੇ ਹਨ। ਉਨ੍ਹਾਂ ਨੇ ਆਪਣੇ ਕੱਪੜੇ ਬਦਲ ਲਏ: ਚਿੱਟੀ ਕਮੀਜ਼ ਅਤੇ ਨਵੀਂ ਧੋਤੀ, ਟੋਪੀ, ਮਾਸਕ ਅਤੇ ਰੁਮਾਲ। ''ਆਓ ਮੇਰੇ ਨਾਲ਼ ਮੰਦਰ ਚੱਲੀਏ,'' ਉਨ੍ਹਾਂ ਸਾਨੂੰ ਅਵਾਜ਼ ਲਾਈ ਅਤੇ ਅਸੀਂ ਖੁ਼ਸ਼ੀ-ਖ਼ੁਸ਼ੀ ਉਨ੍ਹਾਂ ਮਗਰ ਤੁਰ ਪਏ। ਜਿਹੜੇ ਤਿਓਹਾਰ ਵਿੱਚ ਸ਼ਰੀਕ ਹੋਣ ਲਈ ਅਸੀਂ ਜਾ ਰਹੇ ਸਾਂ ਉਹ ਥਾਂ ਡੇਂਕਾਨਿਕੋਟਈ ਤਾਲੁਕਾ, 'ਸਟਾਰ' ਸੜਕ ਤੋਂ ਕਰੀਬ ਅੱਧੇ ਘੰਟੇ ਦਾ ਰਾਹ ਸੀ।

ਨਾਗੰਨਾ ਸਾਡੀ ਸਪੱਸ਼ਟ ਰਹਿਨੁਮਾਈ ਕਰਦੇ ਹਨ। ਉਹ ਸਾਨੂੰ ਇਲਾਕੇ ਵਿੱਚ ਹੋਏ  ਬਦਲਾਵਾਂ ਬਾਰੇ ਦੱਸਦੇ ਹਨ। ਗ਼ੁਲਾਬ ਉਗਾਉਣ ਵਾਲ਼ੇ ਕਿਸਾਨਾਂ ਨੇ ਕਾਫ਼ੀ ਵੱਡੇ ਕਰਜ਼ੇ ਲਏ, ਉਹ ਕਹਿੰਦੇ ਹਨ। ਤਿਓਹਾਰ ਦੇ ਮੌਕਿਆਂ ਵੇਲ਼ੇ ਉਨ੍ਹਾਂ ਨੂੰ ਇੱਕ ਕਿਲੋ ਫੁੱਲਾਂ ਬਦਲੇ 50 ਰੁਪਏ ਤੋਂ 150 ਰੁਪਏ ਮਿਲ਼ ਜਾਂਦੇ ਹਨ। ਗ਼ੁਲਾਬ ਦੇ ਫੁੱਲਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਦਾ ਰੰਗ ਜਾਂ ਮਹਿਕ ਨਹੀਂ- ਸਗੋਂ ਅਸਲੀਅਤ ਤਾਂ ਇਹ ਹੈ ਕਿ ਹਾਥੀ ਇਨ੍ਹਾਂ ਨੂੰ ਖਾਣਾ ਪਸੰਦ ਨਹੀਂ ਕਰਦੇ।

PHOTO • M. Palani Kumar
PHOTO • M. Palani Kumar

ਖੱਬੇ : ਨਾਗੰਨਾ, ਡੇਂਕਾਨਿਕੋਟਈ ਦੇ ਮੰਦਰ ਦੇ ਤਿਓਹਾਰ ਜਾਣ ਲਈ ਕੂਚ ਕਰਦੇ ਹੋਏ। ਸੱਜੇ : ਤਿਓਹਾਰ ਦੇ ਜਲੂਸ ਦੀ ਅਗਵਾਈ ਕਰਦੇ ਹਾਥੀ ਨੂੰ ਦੂਸਰੇ ਮੰਦਰ ਲਿਆਂਦਾ ਗਿਆ

ਮੰਦਰ ਦੇ ਨੇੜੇ ਅੱਪੜਦਿਆਂ ਹੀ ਲੋਕਾਂ ਦਾ ਹਜ਼ੂਮ ਉੱਤਰ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਾਥੀ ਦਾ ਇੱਕ ਲੰਬਾ ਜੁਲੂਸ ਹੈ। ''ਅਸੀਂ ਆਨਈ ਨੂੰ ਮਿਲਾਂਗੇ,'' ਨਾਗੰਨਾ ਨੇ ਭਵਿੱਖਬਾਣੀ ਕੀਤੀ। ਉਹ ਸਾਨੂੰ ਲੰਗਰ ਘਰ ਵਿਖੇ ਲੰਗਰ ਛਕਣ ਲਈ ਸੱਦਾ ਦਿੰਦੇ ਹਨ। ਬਹੁਤ ਸੁਆਦੀ ਖਿਚੜੀ ਅਤੇ ਬੱਜੀ। ਛੇਤੀ ਹੀ, ਹਾਥੀ ਆਪਣੇ ਮਹੰਤ ਅਤੇ ਪੁਜਾਰੀ ਦੇ ਨਾਲ਼ ਮੰਦਰ ਅੰਦਰ ਪ੍ਰਵੇਸ਼ ਕਰਦਾ ਹੈ ਜੋ ਤਮਿਲਨਾਡੂ ਦੇ ਕਿਸੇ ਦੂਸਰੇ ਮੰਦਰ ਤੋਂ ਇੱਥੇ ਲਿਆਂਦਾ ਗਿਆ ਹੈ।

'' ਪੱਲੁਤਾ ਆਨਈ, '' ਨਾਗੰਨਾ ਕਹਿੰਦੇ ਹਨ। ਇਹਦਾ ਮਤਲਬ ਹੈ ਬੁੱਢਾ ਹਾਥੀ/ਹਥਣੀ। ਹਥਣੀ ਬੜੀ ਹੌਲ਼ੀ-ਹੌਲ਼ੀ ਤੁਰਦੀ ਹੈ। ਆਪੋ-ਆਪਣੇ ਮੋਬਾਇਲ ਫ਼ੋਨ ਚੁੱਕੀ ਲੋਕ ਸੈਂਕੜੇ ਹੀ ਤਸਵੀਰਾਂ ਲੈਂਦੇ ਹਨ। ਜੰਗਲ ਤੋਂ ਮਹਿਜ 30 ਮਿੰਟਾਂ ਦੇ ਇਸ ਫ਼ਾਸਲੇ 'ਤੇ ਇੱਕ ਹਾਥੀ ਇੱਕ ਵੱਖਰੀ ਕਹਾਣੀ ਲਿਖ ਰਿਹਾ ਹੈ।

ਬਰਾਂਡੇ ਵਿੱਚ ਬੈਠ ਕੇ ਆਨੰਦ ਦੇ ਕਹੇ ਉਹ ਸ਼ਬਦ ਮੇਰੇ ਕੰਨੀਂ ਗੂੰਜ ਗਏ। ''ਜੇ ਇੱਕ ਜਾਂ ਦੋ ਹਾਥੀ ਆਉਂਦੇ ਹੋਣ ਤਾਂ ਅਸੀਂ ਗੁੱਸਾ ਨਹੀਂ ਕਰਦੇ। ਜੁਆਨ ਨਰ ਹਾਥੀਆਂ ਲਈ ਕੋਈ ਅੜਿਕਾ ਰੁਕਾਵਟ ਨਹੀਂ ਬਣ ਸਕਦਾ। ਉਹ ਵਾੜ ਦੇ ਉੱਤੋਂ ਦੀ ਛਾਲ਼ ਮਾਰਦੇ ਹਨ ਅਤੇ ਸਭ ਡਕਾਰ ਜਾਂਦੇ ਹਨ।''

ਆਨੰਦ ਉਨ੍ਹਾਂ ਦੀ ਭੁੱਖ ਨੂੰ ਬਾਖ਼ੂਬੀ ਸਮਝਦੇ ਹਨ। ''ਅੱਧਾ ਕਿਲੋ ਭੋਜਨ ਲਈ ਅਸੀਂ ਕਿੰਨਾ ਸੰਘਰਸ਼ ਕਰਦੇ ਹਾਂ ਨਾ। ਦੱਸੋ ਹਾਥੀ ਕੀ ਕਰਨਗੇ? ਉਨ੍ਹਾਂ ਨੂੰ ਤਾਂ ਦਿਨ ਦਾ 250 ਕਿਲੋ ਅਨਾਜ ਚਾਹੀਦਾ! ਅਸੀਂ ਕਟਹਲ ਦੇ ਇੱਕ ਰੁੱਖ ਤੋਂ 3,000 ਰੁਪਏ ਕਮਾਉਂਦੇ ਹਾਂ। ਜਿਸ ਸਾਲ ਹਾਥੀ ਸਾਰਾ ਕੁਝ ਖਾ ਜਾਣ, ਅਸੀਂ ਬੈਠੇ ਇੰਨਾ ਸੋਚ ਕੇ ਮਨ ਨੂੰ ਧਰਵਾਸ ਦਿੰਦੇ ਰਹਿੰਦੇ ਹਾਂ ਕਿ ਰੱਬ ਸਾਡੇ ਦਰ 'ਤੇ ਆਇਆ ਹੈ,'' ਹੱਸਦੇ ਹੋਏ ਆਨੰਦਾ ਕਹਿੰਦੇ ਹਨ।

ਫਿਰ ਵੀ, ਉਨ੍ਹਾਂ ਦੀ ਇੱਕ ਇੱਛਾ ਬਾਕੀ ਹੈ: ਕਿਸੇ ਦਿਨ ਰਾਗੀ ਦੇ ਝਾੜ ਦੀਆਂ 30 ਤੋਂ 40 ਬੋਰੀਆਂ ਮਿਲ਼ਣ। '' ਸਾਇਨੂ, ਮੈਡਮ।'' ਮੈਨੂੰ ਕਰਨਾ ਚਾਹੀਦਾ ਹੈ।''

ਮੋਤਈ ਵਾਲ ਵੀ ਇਹੀ ਚਾਹੁੰਦਾ...

ਇਹ ਖ਼ੋਜ ਅਧਿਐਨ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਆਪਣੇ ਰਿਸਰਚ ਫੰਡਿੰਗ ਪ੍ਰੋਗਰਾਮ 2020 ਦੇ ਹਿੱਸੇ ਦੇ ਰੂਪ ਵਿੱਚ ਵਿੱਤ ਪੋਸ਼ਤ ਹੈ।

ਕਵਰ ਫ਼ੋਟੋ : ਐੱਮ. ਪਾਲਨੀ ਕੁਮਾਰ

ਕਵਿਤਾਵਾਂ ਦਾ ਅਨੁਵਾਦ ਮੈਂ ਆਮਿਰ ਮਲਿਕ ਦੀ ਮਦਦ ਨਾਲ਼ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Aparna Karthikeyan

அபர்ணா கார்த்திகேயன் ஒரு சுயாதீன பத்திரிகையாளர், எழுத்தாளர் மற்றும் PARI-யின் மூத்த மானியப் பணியாளர். 'Nine Rupees an Hour'என்னும் அவருடைய புத்தகம் தமிழ்நாட்டில் காணாமல் போகும் வாழ்வாதாரங்களைப் பற்றிப் பேசுகிறது. குழந்தைகளுக்கென ஐந்து புத்தகங்கள் எழுதியிருக்கிறார். சென்னையில் அபர்ணா அவரது குடும்பம் மற்றும் நாய்களுடன் வசிக்கிறார்.

Other stories by Aparna Karthikeyan
Photographs : M. Palani Kumar

எம். பழனி குமார், பாரியில் புகைப்படக் கலைஞராக பணிபுரிகிறார். உழைக்கும் பெண்கள் மற்றும் விளிம்புநிலை மக்களின் வாழ்க்கைகளை ஆவணப்படுத்துவதில் விருப்பம் கொண்டவர். பழனி 2021-ல் Amplify மானியமும் 2020-ல் Samyak Drishti and Photo South Asia மானியமும் பெற்றார். தயாநிதா சிங் - பாரியின் முதல் ஆவணப் புகைப்பட விருதை 2022-ல் பெற்றார். தமிழ்நாட்டில் மலக்குழி மரணங்கள் குறித்து எடுக்கப்பட்ட 'கக்கூஸ்' ஆவணப்படத்தின் ஒளிப்பதிவாளராக இருந்தவர்.

Other stories by M. Palani Kumar
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur