ਉਸ ਦਿਨ ਨੋਸੂਮੁਦੀਨ ਨੇ ਬੜੇ ਹੰਝੂ ਕੇਰੇ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਆਪਣੇ ਮਾਪਿਆਂ ਨੂੰ, ਆਪਣੇ ਘਰ ਨੂੰ ਪਿਛਾਂਹ ਛੱਡ ਕੇ 10-12 ਕਿਲੋਮੀਟਰ ਦੂਰ ਜਾਣਾ ਪੈ ਰਿਹਾ ਸੀ। ਸੋਚ ਕੇ ਦੇਖੋ, ਸੱਤ ਸਾਲ ਦੇ ਬੱਚੇ ਲਈ ਸੱਚੀਓ ਇਹ ਕਿੰਨੀ ਵੱਡੀ ਗੱਲ ਰਹੀ ਹੋਵੇਗੀ ਕਿ ਉਹ ਆਪਣੇ ਮਾਪਿਆਂ ਤੋਂ ਦੂਰ ਹੋ ਜਾਵੇ। “ਮੈਨੂੰ ਬੜਾ ਬੁਰਾ ਲੱਗਿਆ ਅਤੇ ਮੈਂ ਰੋਂਦਾ ਰਿਹਾ ਰੋਂਦਾ ਰਿਹਾ। ਘਰ ਅਤੇ ਪਰਿਵਾਰ ਨੂੰ ਇੰਝ ਛੱਡਣਾ ਮੇਰੇ ਲਈ ਬੜਾ ਤਕਲੀਫ਼ਦੇਹ ਸੀ ਅਤੇ ਮੈਂ ਰੋਈ ਗਿਆ,” ਉਹ ਚੇਤੇ ਕਰਦੇ ਹਨ।
ਉਨ੍ਹਾਂ ਨੂੰ ਰਖਾਲ (ਡੰਗਰਾਂ ਦੀ ਦੇਖਭਾਲ਼ ਕਰਨ ਵਾਲ਼ਾ ਆਜੜੀ) ਵਜੋਂ ਕੰਮ ਕਰਨ ਲਈ ਭੇਜਿਆ ਜਾ ਰਿਹਾ ਸੀ। ਅੱਜ 41 ਸਾਲਾ ਨੋਸੁਮੁਦੀਨ ਦੱਸਦੇ ਹਨ,“ਮੇਰੇ ਘਰ ਭੰਗ ਭੁੱਜਦੀ ਸੀ, ਬੜੀ ਕੰਗਾਲੀ ਸੀ ਅਤੇ ਮੇਰੇ ਮਾਪਿਆਂ ਸਾਹਮਣੇ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕੋਲ਼ ਸਾਨੂੰ ਖੁਆਉਣ ਜੋਗਾ ਭੋਜਨ ਤੱਕ ਨਾ ਹੁੰਦਾ। ਖੇਤਾਂ ਵਿੱਚ ਜੋ ਕੁਝ ਵੀ ਉਗ ਜਾਂਦਾ ਉਹੀ ਸਾਡੀ ਖ਼ੁਰਾਕ ਬਣ ਜਾਂਦਾ। ਅਸੀਂ ਦਿਨ ਵਿੱਚ ਇੱਕੋ ਡੰਗ ਹੀ ਖਾਂਦੇ ਸਾਂ। ਸਾਡੇ ਪਿੰਡ ਵਿੱਚ ਬੜੇ ਵਿਰਲੇ ਪਰਿਵਾਰ ਸਨ ਜੋ ਦਿਨ ਵਿੱਚ ਦੋ ਡੰਗ ਖਾਣਾ ਖਾ ਪਾਉਂਦੇ।” ਪੜ੍ਹਾਈ ਲਿਖਾਈ ਤਾਂ ਸਾਡੇ ਲਈ ਸੋਚ ਤੋਂ ਬਾਹਰੀ ਕੋਈ ਦੁਨੀਆ ਸੀ: “ਉਸ ਵੇਲ਼ੇ ਮੈਂ ਸਕੂਲ ਜਾਣ ਦਾ ਖ਼ਵਾਬ ਵੀ ਨਹੀਂ ਸਾ ਲੈ ਸਕਦਾ ਹੁੰਦਾ। ਇੱਕ ਕੰਗਾਲ ਪਰਿਵਾਰ ਦਾ ਬੱਚਾ ਸਕੂਲ ਜਾਣ ਬਾਰੇ ਸੋਚ ਵੀ ਕਿਵੇਂ ਸਕਦਾ ਸੀ?”
ਇਸਲਈ, ਉਨ੍ਹਾਂ ਨੂੰ ਅਸਾਮ (ਉਦੋਂ) ਦੇ ਧੁਬਰੀ ਜ਼ਿਲ੍ਹੇ ਦੇ ਉਰਾਰਭੁਈ ਪਿੰਡ ਵਿਖੇ ਆਪਣੀ ਕੱਖਾਂ ਦੀ ਕੁੱਲੀ ਪਿਛਾਂਹ ਛੱਡ ਰੋਟੀ ਦੀ ਭਾਲ਼ ਵਿੱਚ ਨਿਕਲ਼ਣਾ ਪਿਆ। ਉਹ ਬੱਸ ‘ਤੇ ਸਵਾਰ ਹੋਏ 3 ਰੁਪਏ ਟਿਕਟ ਖਰਚੀ ਅਤੇ ਮਨੁੱਲਾਪਾਰਾ ਪਿੰਡ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਜਿਹੜੇ ਵਿਅਕਤੀ ਕੋਲ਼ ਕੰਮੇ ਲਾਇਆ ਗਿਆ ਸੀ ਉਹਦੇ ਕੋਲ਼ 7 ਗਾਵਾਂ ਅਤੇ 12 ਵਿਘੇ (ਕਰੀਬ 4 ਏਕੜ) ਜ਼ਮੀਨ ਸੀ। “ਰਖਾਲ ਵਜੋਂ ਕੰਮ ਕਰਨਾ ਬੇਹੱਦ ਕਸ਼ਟਦਾਇਕ ਰਿਹਾ। ਇੰਨੀ ਛੋਟੀ ਉਮਰੇ ਵੀ ਮੈਨੂੰ ਕਈ ਕਈ ਘੰਟੇ ਕੰਮ ਕਰਨਾ ਪਿਆ। ਕਦੇ ਮੈਨੂੰ ਰੱਜਵਾਂ ਭੋਜਨ ਤੱਕ ਨਾ ਮਿਲ਼ਦਾ ਅਤੇ ਜੇ ਮਿਲ਼ਦਾ ਵੀ ਤਾਂ ਬਾਸੀ। ਮਾਰੇ ਭੁੱਖ ਦੇ ਮੈਂ ਬੜਾ ਰੋਂਦਾ,” ਮੋਸੁਮੁਦੀਨ ਚੇਤੇ ਕਰਦੇ ਹਨ। “ਸ਼ੁਰੂ ਸ਼ੁਰੂ ਵਿੱਚ, ਮੈਨੂੰ ਕੰਮ ਬਦਲੇ ਕੋਈ ਪੈਸਾ ਨਾ ਦਿੱਤਾ ਜਾਂਦਾ, ਸਿਰਫ਼ ਰੋਟੀ ਮਿਲ਼ਦੀ ਅਤੇ ਸੌਣ ਨੂੰ ਥਾਂ। ਮੇਰਾ ਮਾਲਕ ਨੂੰ ਹਰ ਸਾਲ 100-120 ਮਨ ਚੌਲ਼ ਦਾ ਝਾੜ ਮਿਲ਼ ਜਾਇਆ ਕਰਦਾ। ਚਾਰ ਸਾਲਾਂ ਬਾਅਦ, ਜਦੋਂ ਉਪਜ ਵਧੀ ਤਾਂ ਮੈਨੂੰ ਵੀ ਦੋ ਮਨ ਚੌਲ਼ ਦਿੱਤੇ ਜਾਣ ਲੱਗੇ।” ਭਾਵ ਕਿ ਮਾਰਚ ਤੋਂ ਨਵੰਬਰ ਤੱਕ ਦੇ ਖੇਤੀ ਸੀਜ਼ਨ ਦੇ ਮੁੱਕਦਿਆਂ ਕਰੀਬ 80 ਕਿਲੋ ਚੌਲ਼ ਮਿਲ਼ਿਆ ਕਰਦੇ।
ਅਸਾਮ ਅਤੇ ਮੇਘਾਲਿਆ ਦੀ ਸਰਹੱਦੀ ਪੇਂਡੂ ਇਲਾਕਿਆਂ ਵਿੱਚ ਕੁਝ ਦਹਾਕੇ ਪਹਿਲਾਂ ਇੱਕ ਚਲਨ ਹੋਇਆ ਕਰਦਾ ਸੀ ਜਿੱਥੇ ਘਰ ਦੇ ਗਭਰੇਟ ਬੱਚਿਆਂ ਨੂੰ ‘ਰਖਾਲ’ ਦੀ ਹੈਸੀਅਤ ਨਾਲ਼ ਕੰਮ ਕਰਨ ਲਈ ਭੇਜਿਆ ਜਾਂਦਾ ਸੀ। ਗ਼ਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਆਮ ਕਰਕੇ ਅਮੀਰ ਕਿਸਾਨਾਂ ਕੋਲ਼ ਪਸ਼ੂਪਾਲਕਾਂ ਵਜੋਂ ‘ਕੰਮੀਂ’ ਰੱਖ ਦਿੱਤਾ ਜਾਂਦਾ, ਜਿੱਥੇ ਨਕਦ ਪੈਸਾ ਤਾਂ ਕੋਈ ਨਾ ਮਿਲ਼ਦਾ ਬੱਸ ਰੋਟੀ ਵਗੈਰਾ ਮਿਲ਼ ਜਾਇਆ ਕਰਦੀ। ਸਥਾਨਕ ਇਲਾਕਿਆਂ ਵਿੱਚ ਇਸ ਵਿਵਸਥਾ ਨੂੰ ‘ ਪੇਟਭੱਤਾ ’ (ਜਿਹਦਾ ਸ਼ਾਬਦਿਕ ਅਰਥ ਸੀ ‘ਚੌਲ਼ਾ ਨਾਲ਼ ਢਿੱਡ ਭਰਨਾ’) ਕਿਹਾ ਜਾਂਦਾ ਸੀ।
ਨੋਸੁਮੁਦੀਨ ਦੇ ਦੋਨਾਂ ਛੋਟੇ ਭਰਾਵਾਂ ਨੂੰ ਵੀ ਉਨ੍ਹਾਂ ਦੇ ਪਿੰਡ ਉਰਾਰਭੁਈ ਵਿਖੇ ‘ਰਖਾਲ’ ਵਜੋਂ ਕੰਮ ਕਰਨ ਭੇਜਿਆ ਗਿਆ ਸੀ। ਉਨ੍ਹਾਂ ਦੇ ਪਿਤਾ ਹੁਸੈਨ ਅਲੀ (ਪਿਛਲੇ ਮਹੀਨੇ ਹੀ 80 ਸਾਲ ਦੀ ਉਮਰੇ ਗੁਜ਼ਰ ਗਏ) ਇੱਕ ਬੇਜ਼ਮੀਨੇ ਕਿਸਾਨ ਸਨ। ਉਹ ਫ਼ਸਲੀ-ਵੰਡ ਪ੍ਰਣਾਲੀ ਤਹਿਤ ਪਟੇ (ਠੇਕੇ) ‘ਤੇ ਲਈ ਗਈ 7-8 ਵਿਘੇ ਜ਼ਮੀਨ ‘ਤੇ ਝੋਨੇ ਦੀ ਕਾਸ਼ਤ ਕਰਿਆ ਕਰਦੇ ਸਨ। (ਉਨ੍ਹਾਂ ਦੀ ਮਾਂ ਨਾਸਿਰਾ ਖ਼ਾਤੂਨ ਦੀ ਮੌਤ 2018 ਵਿੱਚ ਹੋਈ। ਉਹ ਇੱਕ ਸੁੱਘੜ ਘਰੇਲੂ ਔਰਤ ਸਨ।)
ਨੋਸੁਮੁਦੀਨ ਬੇਹੱਦ ਮਿਹਨਤ ਸਨ। ‘ਰਖ਼ਾਲ’ ਵਜੋਂ ਕੰਮ ਕਰਦਿਆਂ ਵੀ ਉਹ ਤੜਕੇ 4 ਵਜੇ ਉੱਠ ਜਾਂਦੇ। ‘‘ਮੈਂ ਸਵੇਰ ਦੀ ਪ੍ਰਾਰਥਨਾ ਦੌਰਾਨ ਉੱਠ ਖੜ੍ਹਾ ਹੁੰਦਾ,’’ ਉਹ ਕਹਿੰਦੇ। ਉਹ ਤੂੜੀ ਵਿੱਚ ਪਾਣੀ ਅਤੇ ਖਲ਼ (ਸਰ੍ਹੋਂ ਦੀ ਖਲ਼) ਰਲ਼ਾਉਂਦੇ ਅਤੇ ਚਾਰਾ ਤਿਆਰ ਕਰਦੇ, ਗਾਵਾਂ ਦਾ ਵਾੜਾ ਸਾਫ਼ ਕਰਦੇ ਅਤੇ ਮਾਲਕ ਦੇ ਭਰਾ ਦੇ ਨਾਲ਼ ਰਲ਼ ਗਾਵਾਂ ਨੂੰ ਝੋਨੇ ਦੇ ਖੇਤ ਲੈ ਜਾਂਦਾ। ਜਿੱਥੇ ਉਹ ਘਾਹ ਵੱਢਦੇ, ਗਾਵਾਂ ਨੂੰ ਪਾਣੀ ਡਾਹੁੰਦੇ ਅਤੇ ਹੋਰ ਕੰਮ ਪੂਰੇ ਕਰਦੇ। ਉਹ ਦੱਸਦੇ ਹਨ,“ਪੂਰੇ ਦਿਨ ਥਕਾ ਸੁੱਟਣ ਵਾਲ਼ੇ ਕੰਮ ਕਰ ਕਰ ਕੇ ਸ਼ਾਮੀਂ ਸਰੀਰ ਟੁੱਟਣ ਲੱਗਦਾ ਸੀ ਅਤੇ ਫਿਰ ਰਾਤੀਂ ਜੇ ਰੱਜਵੀਂ ਰੋਟੀ ਨਾ ਮਿਲ਼ੇ ਜਾਂ ਮਿਲ਼ੇ ਵੀ ਤਾਂ ਬੇਹੀ ਮਿਲ਼ੇ ਤਾਂ ਸੋਚ ਕੇ ਦੇਖੋ ਮਨ ‘ਤੇ ਕੀ ਬੀਤਦੀ ਹੋਵੇਗੀ? ਇੰਝ ਜਾਪਦਾ ਜਿਵੇਂ ਦੁਨੀਆ ‘ਤੇ ਮੇਰਾ ਕੋਈ ਹੈ ਹੀ ਨਹੀਂ। ਮੈਂ ਬੜਾ ਬੇਵੱਸ ਅਤੇ ਲਚਾਰ ਮਹਿਸੂਸ ਕਰਦਾ ਸਾਂ।”
ਗਾਵਾਂ ਦੇ ਵਾੜੇ ਵਿੱਚ ਬਾਂਸ ਦੀ ਬਣੀ ਮੰਜੀ ‘ਤੇ ਪੁਰਾਣੀਆਂ ਲੀਰਾਂ ਦਾ ਸਿਰਹਾਣਾ ਸਿਰ ਹੇਠ ਟਿਕਾਈ ਅਤੇ ਪਰਾਲ਼ੀ ਨੂੰ ਹੀ ਬਿਸਤਰਾ ਬਣਾਈ ਅਕਸਰ ਰੋਂਦਿਆਂ ਰਾਤਾਂ ਬੀਤਿਆ ਕਰਦੀਆਂ।
ਉਨ੍ਹਾਂ ਨੂੰ ਹਰੇਕ 2-3 ਮਹੀਨਿਆਂ ਬਾਅਦ ਹੀ ਆਪਣੇ ਪਿੰਡ ਜਾਣ ਦੀ ਆਗਿਆ ਸੀ। ਉਹ ਕਹਿੰਦੇ ਹਨ,“ਮੈਂ ਬਾਮੁਸ਼ਕਲ 2-3 ਦਿਨ ਹੀ ਘਰ ਰੁੱਕ ਪਾਉਂਦਾ ਸਾਂ। ਹਰ ਵਾਰੀਂ ਘਰ ਛੱਡ ਕੇ ਕੰਮੇ ਜਾਣਾ ਮੇਰੇ ਲਈ ਬੜਾ ਔਖ਼ਾ ਹੁੰਦਾ।”
ਜਦੋਂ ਨੋਸੁਮੁਦੀਨ 15 ਸਾਲਾਂ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਮਾਲਿਕ ਬਦਲਦੇ ਹੋਏ ਉਨ੍ਹਾਂ ਨੂੰ ਕਿਸੇ ਹੋਰ ਥਾਵੇਂ ਕੰਮੇ ਲਾ ਦਿੱਤਾ। ਇਸ ਵਾਰ ਉਨ੍ਹਾਂ ਨੂੰ ਇੱਕ ਵਪਾਰੀ-ਕਿਸਾਨ ਕੋਲ਼ ਭੇਜਿਆ ਗਿਆ ਸੀ, ਜਿਹਦੇ ਕੋਲ਼ 30-35 ਵਿਘਾ ਜ਼ਮੀਨ, ਕੱਪੜੇ ਦੀ ਇੱਕ ਦੁਕਾਨ ਅਤੇ ਹੋਰ ਵਪਾਰ ਵੀ ਸਨ। ਉਹ ਦੱਸਦੇ ਹਨ,“ਕਿਸੇ ਨਵੀਂ ਥਾਂ ਕੰਮ ‘ਤੇ ਜਾਣ ਲੱਗਿਆ ਮੈਨੂੰ ਘਰ ਦੀ ਬੜੀ ਯਾਦ ਆ ਰਹੀ ਸੀ ਅਤੇ ਮੈਨੂੰ ਰੋਣਾ ਵੀ ਬੜਾ ਆਇਆ। ਸੋਡਾ ਬੇਪਾਰੀ (ਨਵਾਂ ਮਾਲਕ) ਨੇ ਆਪਣੇ ਪਰਿਵਾਰ ਨਾਲ਼ ਮੇਰਾ ਤਾਅਰੁੱਫ਼ ਕਰਾਇਆ ਅਤੇ ਮੈਨੂੰ ਤੋਹਫ਼ੇ ਵਿੱਚ ਦੋ ਰੁਪਈਏ ਦਿੱਤੇ। ਬਾਅਦ ਵਿੱਚ ਮੈਂ ਉਸ ਪੈਸੇ ਨਾਲ਼ ਚਾਕਲੇਟ ਖਰੀਦਿਆ। ਮੈਨੂੰ ਕੁਝ ਕੁ ਰਾਹਤ ਤਾਂ ਮਿਲ਼ੀ। ਕੁਝ ਦਿਨਾਂ ਵਿੱਚ ਹੀ ਮੇਰੇ ਮਨ ਲੱਗਣ ਲੱਗਿਆ ਅਤੇ ਮੈਂ ਉਨ੍ਹਾਂ ਦੇ ਨਾਲ਼ ਆਪਣਾ ਤਾਲਮੇਲ਼ ਬਿਠਾ ਲਿਆ।”
ਫਿਰ ਉਹੀ ਕੁਝ ਚੱਲਣ ਲੱਗਿਆ ਗਾਂ ਦੇ ਵਾੜੇ ਵਿੱਚ ਸੌਣ ਲਈ ਇੱਕ ਖੂੰਝਾ ਅਤੇ ਵਾਢੀ ਸੀਜ਼ਨ ਮੁੱਕਣ ਬਾਅਦ ਦੋ ਬੋਰੀਆਂ ਚੌਲ਼ ਅਤੇ ਨਾਲ਼ 400 ਰੁਪਏ ਨਕਦ, ਜੋ ਕਿ ਮੇਰੀ ‘ਸਲਾਨਾ ਕਮਾਈ’ ਸੀ। ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮਾਂ ਵਿੱਚ ਡੰਗਰਾਂ ਨੂੰ ਚਰਾਉਣ ਲਿਜਾਣ ਅਤੇ ਗਾਵਾਂ ਦਾ ਵਾੜਾ ਸਾਫ਼ ਕਰਨ ਜਿਹੇ ਕੰਮ ਸ਼ਾਮਲ ਸਨ। ਪਰ ਨੋਸੁਮੁਦੀਨ ਦੀ ਨਵੇਂ ਕੰਮ ਨਾਲ਼ ਜ਼ਿੰਦਗੀ ਕੁਝ ਰਾਹਤਭਰੀ ਜ਼ਰੂਰ ਹੋ ਗਈ ਸੀ। ਉਹ ਹੁਣ 15 ਸਾਲਾਂ ਦੇ ਸਨ ਅਤੇ ਨਵੇਂ ਨਵੇਂ ਤਰੀਕਿਆਂ ਨਾਲ਼ ਕੰਮ ਕਰ ਸਕਦੇ ਸਨ। ਉਹ ਕਹਿੰਦੇ ਨਵਾਂ ਮਾਲਕ ਕੁਝ ਕੁਝ ਦਿਆਲੂ ਵੀ ਸੀ।
‘ ਪੰਟਾਭਾਤ ’ (ਬੇਹੇ ਚੌਲ਼) ਦੀ ਥਾਂ ਹੁਣ ਖਾਣੇ ਵਿੱਚ ਚੌਲ਼ਾਂ, ਸਬਜ਼ੀਆਂ, ਮੱਛੀ ਜਾਂ ਮੀਟ ਕਰੀ ਨੇ ਥਾਂ ਲੈ ਲਈ। ਉਹ ਦੱਸਦੇ ਹਨ,“ਜੇ ਮੈਂ ਉਨ੍ਹਾਂ ਬਜ਼ਾਰ ਜਾਂਦਾ ਤਾਂ ਮੈਨੂੰ ਰਸਗੁੱਲੇ ਖਾਣ ਨੂੰ ਮਿਲ਼ਦੇ ਸਨ ਅਤੇ ਈਦ ਮੌਕੇ ਨਵੇਂ ਕੱਪੜੇ ਵੀ ਮਿਲ਼ਦੇ। ਅਜਿਹੇ ਮੌਕੇ ਮੈਨੂੰ ਜਾਪਦਾ ਜਿਵੇਂ ਮੈਂ ਉਨ੍ਹਾਂ ਦੇ ਪਰਿਵਾਰ ਦਾ ਹੀ ਹਿੱਸਾ ਹੁੰਦਾ ਹੋਵਾਂ।”
ਪਰ ਉਨ੍ਹਾਂ ਦੇ ਪਿਤਾ ਦੀਆਂ ਯੋਜਨਾਵਾਂ ਹੀ ਬਦਲਣ ਲੱਗੀਆਂ। ਦੋ ਸਾਲ ਬਾਅਦ ਜਦੋਂ ਨੋਸੁਮੁਦੀਨ 17 ਸਾਲਾਂ ਦੇ ਹੋਏ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਨਵੀਂ ਥਾਵੇਂ ਕੰਮੇ ਭੇਜ ਦਿੱਤਾ ਗਿਆ। ਇਸ ਵਾਰ ਕੰਮ ਉਨ੍ਹਾਂ ਦੇ ਆਪਣੇ ਪਿੰਡ ਵਿਖੇ ਹੀ ਸੀ। ਪਿੰਡ ਦੀ ਪੰਚਾਇਤ ਦੇ ਮੁਖੀਆ (ਸਰਪੰਚ) ਨੇ ਉਨ੍ਹਾਂ ਨੂੰ 15,00 ਰੁਪਏ ਸਲਾਨਾ ਤਨਖ਼ਾਹ ‘ਤੇ ਰੱਖਿਆ ਅਤੇ ਨਾਲ਼ ਹੀ ਫ਼ਸਲ ਦੀ ਵਾਢੀ ਦੇ ਸੀਜ਼ਨ ਮੁੱਕਣ ‘ਤੇ ਦੋ ਬੋਰੀ ਚੌਲ਼ ਮਿਲ਼ਣ ਵਾਲ਼ੀ ਪਰੰਪਰਾ ਜਾਰੀ ਰਹੀ।
ਇੰਝ ਕਿਸੇ ਨਾ ਕਿਸੇ ਤਰ੍ਹਾਂ ਇੱਕ ਹੋਰ ਸਾਲ ਬੀਤ ਗਿਆ।
“ਮੈਂ ਅਕਸਰ ਇੰਝ ਮਹਿਸੂਸ ਹੁੰਦਾ ਜਿਵੇਂ ਮੇਰੀ ਹਯਾਤੀ ਗ਼ੁਲਾਮੀ ਵਿੱਚ ਹੀ ਲੰਘ ਜਾਣੀ ਹੈ। ਪਰ, ਉਸ ਵੇਲ਼ੇ ਮੇਰੇ ਸਾਹਮਣੇ ਕੋਈ ਹੋਰ ਰਾਹ ਵੀ ਤਾਂ ਨਹੀਂ ਸੀ।” ਫਿਰ ਵੀ ਉਨ੍ਹਾਂ ਨੇ ਉਮੀਦ ਨਾ ਛੱਡੀ ਅਤੇ ਦੂਸਰਿਆਂ ਦੇ ਗ਼ੁਲਾਮ ਬਣੇ ਰਹਿਣ ਦੇ ਨਾਲ਼ ਨਾਲ਼ ਉਨ੍ਹਾਂ ਨੇ ਆਪਣਾ ਕੁਝ ਕਰ ਗੁਜ਼ਰਨ ਦੇ ਸੁਪਨੇ ਦੇਖਣੇ ਵੀ ਨਾ ਛੱਡੇ। ਉਨ੍ਹਾਂ ਨੇ ਇਸ ਗੱਲ ‘ਤੇ ਗ਼ੌਰ ਕੀਤਾ ਕਿ 90ਵਿਆਂ ਦੇ ਆਉਣ ਨਾਲ਼ ਸਰਕਾਰ ਵੱਲੋਂ ਇਲਾਕੇ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਬਦਲਾਵਾਂ ਦੇ ਮੱਦੇਨਜ਼ਰ ਰੁਜ਼ਗਾਰ ਦੇ ਨਵੇਂ ਮੌਕੇ ਬਣੇ ਅਤੇ ਪਿੰਡ ਦੇ ਨੌਜਵਾਨ ਜੋ ਰਖਾਲ ਵਜੋਂ ਕੰਮ ਨਹੀਂ ਕਰਨਾ ਚਾਹੁੰਦੇ ਸਨ ਉਹ ਕਮਾਈ ਕਰਨ ਵਾਸਤੇ ਘਰੋਂ ਬਾਹਰ ਪੈਰ ਪੁੱਟਣ ਲੱਗੇ ਅਤੇ ਕਸਬਿਆਂ ਅਤੇ ਸ਼ਹਿਰਾਂ ਵਿਖੇ ਚਾਹ ਦੀਆਂ ਦੁਕਾਨਾਂ ਅਤੇ ਢਾਬਿਆਂ ‘ਤੇ ਕੰਮ ਕਰਕੇ ਮਹੀਨੇ ਦੇ 300-500 ਰੁਪਏ ਕਮਾਉਣ ਲੱਗੇ। ਜਦੋਂ ਘਰ ਮੁੜਦੇ ਤਾਂ ਆਮ ਲੋਕਾਂ ਮੁਕਾਬਲੇ ਵੱਧ ਨਕਦੀ ਲਈ ਮੁੜਦੇ।
ਉਨ੍ਹਾਂ ਮੁੰਡਿਆਂ ਦੇ ਨਵੇਂ-ਨਕੋਰ ਰੋਡਿਓ ਅਤੇ ਘੜੀਆਂ ਨੂੰ ਦੇਖ ਕੇ ਨੋਸੁਮੁਦੀਨ ਦੇ ਮਨ ਅੰਦਰ ਬੇਚੈਨੀ ਹੋਣ ਲੱਗਦੀ। ਕੁਝ ਮੁੰਡਿਆਂ ਨੇ ਤਾਂ ਨਵੇਂ ਸਾਈਕਲ ਤੱਕ ਖਰੀਦ ਲਏ। “ਉਹ ਅਮਿਤਾਭ ਬੱਚਨ ਅਤੇ ਮਿਥੁਨ ਚੱਕਰਵਰਤੀ ਵਾਂਗ ਬੈੱਲ-ਬਾਟਮ ਪੈਂਟਾ ਪਾਉਣ ਲੱਗੇ ਅਤੇ ਸਿਹਮਤਮੰਦ ਵੀ ਜਾਪਦੇ,” ਉਹ ਚੇਤੇ ਕਰਦਿਆਂ ਕਹਿੰਦੇ ਹਨ। “ਮੈਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦਾ ਜਿਵੇਂ ਉਹ ਸਾਰਾ ਕੁਝ ਕਿਵੇਂ ਕਰਦੇ ਹਨ ਅਤੇ ਕਿਵੇਂ ਸੰਭਾਲ਼ਦੇ ਹਨ ਵਗੈਰਾ ਵਗੈਰਾ ਅਤੇ ਅਖ਼ੀਰ ਮੈਂ ਵੀ ਉਨ੍ਹਾਂ ਦੇ ਨਾਲ਼ ਜਾਣ ਦਾ ਮਨ ਬਣਾ ਲਿਆ।”
ਨੋਸੁਮੁਦੀਨ ਨੂੰ ਆਪਣੇ ਪਿੰਡੋਂ ਕਰੀਬ 80 ਕਿਲੋਮੀਟਰ ਦੂਰ ਮੇਘਾਲਿਆ ਦੇ ਬਾਘਮਾਰਾ ਕਸਬੇ ਵਿਖੇ ਕੰਮ ਦੀ ਸੂਹ ਮਿਲ਼ੀ। ਉਨ੍ਹਾਂ ਨੇ ਚੁੱਪਚੁਪੀਤੇ ਉੱਥੇ ਜਾਣ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜਾਣ ਦੀ ਯੋਜਨਾ ਬਣਾ ਲਈ। “ਮੈਂ ਸਹਿਮਿਆ ਸਾਂ ਪਰ ਸਾਂ ਫੈਸਲਾਕੁੰਨ। ਘਰੇ ਵੀ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਇਹ ਸੋਚ ਕਿ ਕਿਤੇ ਚਿੰਤਾ ਮਾਰਿਆ ਮੇਰਾ ਪਰਿਵਾਰ ਮੇਰੇ ਮਗਰ ਮਗਰ ਹੀ ਨਾ ਆ ਜਾਵੇ ਤੇ ਕਿਤੇ ਮੈਨੂੰ ਆਪਣੇ ਨਾਲ਼ ਵਾਪਸ ਹੀ ਨਾ ਲੈ ਜਾਵੇ।”
ਇੱਕ ਦਿਨ ਸਵੇਰੇ-ਸਵੇਰੇ ਡੰਗਰਾਂ ਨੂੰ ਚਰਾਉਣ ਲਿਜਾਣ ਦੀ ਬਹਾਨੇ ਨੋਸੁਮੁਦੀਨ ਭੱਜਣ ਲੱਗੇ। “ਮੈਂ ਇੱਕ ਮੁੰਡੇ ਨੂੰ ਨਾਲ਼ ਲਿਆ ਜਿਹਦੇ ਨਾਲ਼ ਬਾਹਰ ਕੰਮ ਕਰਨ ਜਾਣ ਬਾਰੇ ਮੈਂ ਗੱਲਾਂ ਕਰਿਆ ਕਰਦਾ ਸਾਂ। ਅਸੀਂ ਉਦੋਂ ਤੱਕ ਦੌੜਦੇ ਰਹੇ ਜਦੋਂ ਤੱਕ ਕਿ ਹਤਸਿੰਗੀਮਾਰੀ ਕਸਬੇ ਦਾ ਬੱਸ ਸਟੈਂਡ ਨਹੀਂ ਆ ਗਿਆ।” ਉੱਥੋਂ ਬਾਘਮਾਰਾ ਤੱਕ ਦੇ ਸਫ਼ਰ ਵਿੱਚ ਨੌ ਘੰਟੇ ਲੱਗੇ। “ਮੈਂ ਕੁਝ ਵੀ ਖਾਧਾ ਪੀਤਾ ਨਹੀਂ। ਮੇਰੇ ਕੋਲ਼ ਤਾਂ ਟਿਕਟ (17 ਰੁਪਏ) ਜੋਗੇ ਵੀ ਪੂਰੇ ਪੈਸੇ ਨਹੀਂ ਸਨ। ਮੈਂ ਬਾਘਮਾਰਾ ਪਹੁੰਚਣ ਤੋਂ ਬਾਅਦ ਆਪਣੇ ਪਿੰਡ ਦੇ ਹੀ ਦੂਸਰੇ ਮੁੰਡੇ ਪਾਸੋਂ ਪੈਸੇ ਉਧਾਰ ਲਏ,” ਉਹ ਦੱਸਦੇ ਹਨ।
‘ਮੈਂ ਅਕਸਰ ਇੰਝ ਮਹਿਸੂਸ ਹੁੰਦਾ ਜਿਵੇਂ ਮੇਰੀ ਹਯਾਤੀ ਗ਼ੁਲਾਮੀ ਵਿੱਚ ਹੀ ਲੰਘ ਜਾਣੀ ਹੈ। ਪਰ, ਉਸ ਵੇਲ਼ੇ ਮੇਰੇ ਸਾਹਮਣੇ ਕੋਈ ਹੋਰ ਰਾਹ ਵੀ ਤਾਂ ਨਹੀਂ ਸੀ।’ ਫਿਰ ਵੀ ਉਨ੍ਹਾਂ ਨੇ ਉਮੀਦ ਨਾ ਛੱਡੀ ਅਤੇ ਦੂਸਰਿਆਂ ਦੇ ਗ਼ੁਲਾਮ ਬਣੇ ਰਹਿਣ ਦੇ ਨਾਲ਼ ਨਾਲ਼ ਉਨ੍ਹਾਂ ਨੇ ਆਪਣਾ ਕੁਝ ਕਰ ਗੁਜ਼ਰਨ ਦੇ ਸੁਪਨੇ ਦੇਖਣੇ ਵੀ ਨਾ ਛੱਡੇ
ਖਾਲੀ ਖੀਸੇ ਅਤੇ ਗੁੜ-ਗੁੜ ਕਰਦੇ ਢਿੱਡ ਦੇ ਨਾਲ਼ ਉਹ ਆਪਣੇ ਸੁਪਨਮਈ ਮੰਜ਼ਲ ‘ਤੇ ਅਪੜੇ, ਨੋਸੁਮੁਦੀਨ, ਰੋਮੋਨੀ ਚਾ ਦੁਕਾਨ (ਰੋਮੋਨੀ ਚਾਹ ਦੀ ਦੁਕਾਨ) ਦੇ ਸਾਹਮਣੇ ਬੱਸੋਂ ਉਤਰੇ। ਇਕੱਲੇ ਮੁੰਡੇ ਦੀਆਂ ਭੁੱਖ ਨਾਲ਼ ਬੇਚੈਨ ਹੋਈਆਂ ਅੱਖਾਂ ਦੇਖ ਮਾਲਕ ਨੇ ਉਨ੍ਹਾਂ ਨੂੰ ਅੰਦਰ ਸੱਦਿਆ। ਨੋਸੁਮੁਦੀਨ ਨੂੰ ਖਾਣਾ ਖੁਆਇਆ, ਰਹਿਣ ਲਈ ਥਾਂ ਦਿੱਤੀ ਗਈ ਅਤੇ ਭਾਂਡੇ ਮਾਂਜਣ ਦਾ ਕੰਮ ਦਿੱਤਾ ਗਿਆ।
ਉੱਥੇ ਨੋਸੁਮੁਦੀਨ ਦੀ ਪਹਿਲੀ ਰਾਤ ਹੰਝੂਆਂ ਦੀ ਰਾਤ ਸੀ। ਉਹ ਪਿੰਡ ਦੇ ਮਾਲਕ ਦੇ ਕੋਲ਼ ਬਾਕੀ ਪਈ ਆਪਣੀ ਤਨਖ਼ਾਹ ਦੇ 1000 ਰੁਪਿਆਂ ਬਾਰੇ ਸੋਚ ਕੇ ਰੋਂਦੇ ਰਹੇ। ਉਸ ਸਮੇਂ ਸਿਰਫ਼ ਪੈਸੇ ਹੀ ਉਨ੍ਹਾਂ ਦੀ ਚਿੰਤਾ ਸਨ। “ਮੈਨੂੰ ਬੜਾ ਅਫ਼ਸੋਸੋ ਹੋਇਆ। ਮੇਰੀ ਸਖ਼ਤ ਮੁਸ਼ੱਕਤ ਤੋਂ ਬਾਅਦ ਵੀ ਇੰਨੀ ਵੱਡੀ ਰਾਸ਼ੀ ਹੱਥੋਂ ਖੁੱਸ ਗਈ।”
ਮਹੀਨੇ ਬੀਤਣ ਲੱਗੇ। ਉਨ੍ਹਾਂ ਨੇ ਚਾਹ ਵਾਲ਼ੇ ਕੱਪ ਅਤੇ ਪਲੇਟਾਂ ਧੋਣੀਆਂ ਅਤੇ ਮੇਜ਼ ਲਾਉਣਾ ਸਿੱਖ ਲਿਆ। ਉਨ੍ਹਾਂ ਨੇ ਗਰਮਾ-ਗਰਮ ਚਾਹ ਬਣਾਉਣੀ ਵੀ ਸਿੱਖ ਲਈ। ਉਨ੍ਹਾਂ ਨੂੰ ਮਹੀਨੇ ਦੇ 500 ਰੁਪਏ ਮਿਲ਼ਦੇ ਅਤੇ ਉਨ੍ਹਾਂ ਦੇ ਪੂਰੇ ਦਾ ਪੂਰਾ ਪੈਸਾ ਬਚਾਇਆ। ਉਹ ਕਹਿੰਦੇ ਹਨ,“ਜਦੋਂ ਮੇਰੇ ਕੋਲ਼ 1,500 ਇਕੱਠੇ ਹੋ ਗਏ ਤਾਂ ਲੱਗਿਆ ਕਿ ਮਾਂ-ਪਿਓ ਨੂੰ ਮਿਲ਼ਣ ਜਾਣਾ ਚਾਹੀਦਾ ਹੈ। ਮੈਨੂੰ ਪਤਾ ਸੀ ਇੰਨੇ ਪੈਸੇ ਉਨ੍ਹਾਂ ਲਈ ਬੜੇ ਮਦਦ ਹੋਣਗੇ। ਮੈਂ ਵੀ ਘਰ ਜਾਣ ਲਈ ਬੇਸਬਰਾ ਹੋ ਰਿਹਾ ਸਾਂ।”
ਘਰ ਮੁੜਨ ਬਾਅਦ ਉਨ੍ਹਾਂ ਨੇ ਆਪਣੀ ਸਾਰੀ ਬਚਤ ਪਿਤਾ ਨੂੰ ਸੌਂਪ ਦਿੱਤੀ। ਪਰਿਵਾਰ ਦਾ ਵਰ੍ਹਿਆਂ ਪੁਰਾਣਾ ਕਰਜ਼ਾ ਲਾਹ ਦਿੱਤਾ ਗਿਆ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੰਝ ਘਰੋਂ ਭੱਜ ਜਾਣ ਮੁਆਫ਼ੀ ਵੀ ਮਿਲ਼ ਗਈ।
ਇੱਕ ਮਹੀਨੇ ਬਾਅਦ ਨੋਸੁਮੁਦੀਨ ਬਾਘਮਾਰਾ ਵਾਪਸ ਗਏ ਅਤੇ ਚਾਹ ਦੀ ਦੂਸਰੀ ਦੁਕਾਨ ‘ਤੇ ਭਾਂਡੇ ਮਾਂਜਣ ਦਾ ਕੰਮ ਕਰਨ ਲੱਗੇ ਜਿੱਥੇ ਉਨ੍ਹਾਂ ਨੂੰ 1000 ਰੁਪਏ ਤਨਖਾਹ ਮਿਲ਼ਦੀ। ਛੇਤੀ ਹੀ ਉਨ੍ਹਾਂ ਨੂੰ ਵੇਟਰ ਬਣਾ ਦਿੱਤਾ ਗਿਆ ਉਹ ਚਾਹ ਦੇਣ, ਮਿਠਾਈਆਂ ਅਤੇ ਸਨੈਕਸ ਜਿਵੇਂ ਪੂਰੀ-ਸਬਜ਼ੀ, ਪਰੌਂਠੇ, ਸਮੋਸੇ, ਰਸਮਲਾਈ, ਰਸਗੁੱਲਾ ਅਤੇ ਹੋਰ ਚੀਜ਼ਾਂ ਪਹੁੰਚਾਉਣ ਅਤੇ ਪਰੋਸਣ ਦਾ ਕੰਮ ਕਰਨ ਲੱਗੇ। ਉਹ ਸਵੇਰੇ 4 ਵਜੇ ਤੋਂ ਰਾਤੀਂ 8 ਵਜੇ ਤੱਕ ਕੰਮ ਕਰਦੇ ਸਨ। ਸਾਰੇ ਵੇਟਰ-ਕਾਮੇ ਢਾਬੇ ‘ਤੇ ਹੀ ਸੌਂਦੇ ਸਨ।
ਉਨ੍ਹਾਂ ਨੇ ਇੱਥੇ ਕਰੀਬ ਚਾਰ ਸਾਲਾਂ ਤੱਕ ਕੰਮ ਕੀਤਾ ਅਤੇ ਨਿਯਮਿਤ ਰੂਪ ਨਾਲ਼ ਘਰੇ ਪੈਸੇ ਭੇਜਦੇ ਰਹੇ। ਜਦੋਂ ਉਨ੍ਹਾਂ ਨੇ 4,000 ਰੁਪਏ ਬਚਾ ਲਏ ਤਾਂ ਨੋਸੁਮੁਦੀਨ ਨੇ ਵਾਪਸ ਘਰ ਮੁੜਨ ਦਾ ਫ਼ੈਸਲਾ ਕੀਤਾ।
ਆਪਣੀ ਬਚਤ ਦੇ ਪੈਸਿਆਂ ਨਾਲ਼ ਉਨ੍ਹਾਂ ਨੇ ਇੱਕ ਬਲਦ ਖਰੀਦਿਆ ਅਤੇ ਪਟੇ ‘ਤੇ ਲਈ ਜ਼ਮੀਨ ਨੂੰ ਵਾਹੁਣ ਲੱਗੇ। ਪਿੰਡ ਵਿੱਚ ਇਸ ਕੰਮ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਵਾਹੀ, ਬਿਜਾਈ, ਗੋਡੀ ਦੇ ਕੰਮ ਵਿੱਚ ਉਨ੍ਹਾਂ ਦਾ ਪੂਰਾ ਦਿਨ ਨਿਕਲ਼ ਜਾਂਦਾ ਸੀ।
ਇੱਕ ਸਵੇਰ ਮੇਰੇ ਖੇਤ ਦੇ ਕੋਲ਼ੋਂ ਦੀ ਹਾਲੋਈ (ਹਲਵਾਈ) ਦਾ ਇੱਕ ਸਮੂਹ ਲੰਘ ਰਿਹਾ ਸੀ। “ਮੈਂ ਪੁੱਛਿਆ ਕਿ ਉਹ ਐਲੂਮੀਨੀਅਮ ਦੀਆਂ ਵੱਡੀਆਂ ਵੱਡੀਆਂ ਪਰਾਤਾਂ ਵਿੱਚ ਕੀ ਲਿਜਾ ਰਹੇ ਸਨ। ਉਨ੍ਹਾਂ ਨੇ ਕਿਹਾ ਰਸਗੁੱਲੇ। ਤਦ ਮੈਨੂੰ ਸਮਝ ਆਇਆ ਕਿ ਇਹ ਮੁਨਾਫ਼ੇ ਦਾ ਸੌਦਾ ਹੈ। ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਹੋਇਆ ਕਿ ਮੈਂ ਜਿਹੜੀ ਚਾਹ ਦੀ ਦੁਕਾਨ ‘ਤੇ ਕੰਮ ਕੀਤਾ ਉੱਥੇ ਰਸਗੁੱਲੇ ਬਣਾਏ ਜਾਂਦੇ ਸਨ, ਪਰ ਮੈਂ ਉਨ੍ਹਾਂ ਨੂੰ ਬਣਾਉਣਾ ਨਾ ਸਿੱਖਿਆ।”
ਨੋਸੁਮੁਦੀਨ ਹੁਣ ਜ਼ਿੰਦਗੀ ਵਿੱਚ ‘ਸਥਾਪਤ ਹੋਣਾ’ ਚਾਹੁੰਦੇ ਸਨ। ਉਹ ਦੱਸਦੇ ਹਨ,“ਮੇਰੀ ਉਮਰ (20 ਸਾਲ ਦੇ ਕਰੀਬ) ਦੇ ਮੁੰਡਿਆਂ ਦੇ ਵਿਆਹ ਹੋ ਚੁੱਕੇ ਸਨ। ਉਨ੍ਹਾਂ ਵਿੱਚੋਂ ਕਈ ਪਿਆਰਵੱਸ ਪਏ ਹੋਏ ਸਨ। ਮੈਨੂੰ ਜਾਪਿਆ ਕਿ ਹੁਣ ਵੇਲ਼ਾ ਹੈ ਕਿ ਮੈਨੂੰ ਵੀ ਜੀਵਨ-ਸਾਥਣ ਲੱਭ ਲੈਣਾ ਚਾਹੀਦਾ ਹੈ, ਆਪਣਾ ਘਰ ਬਣਾਉਣਾ ਅਤੇ ਬੱਚਿਆਂ ਦੇ ਨਾਲ਼ ਖੁਸ਼ਹਾਲ ਜੀਵਨ ਜਿਊਣਾ ਚਾਹੀਦਾ ਹੈ।” ਉਹ ਇੱਕ ਕਿਸਾਨ ਦੇ ਖੇਤਾਂ ਦੀ ਸਿੰਜਾਈ ਕਰ ਰਹੀ ਇੱਕ ਔਰਤ ਵੱਲ ਖਿੱਚੇ ਗਏ। ਉਹ ਉਹਨੂੰ ਝੋਨੇ ਦੇ ਹਰੇ-ਭਰੇ ਖੇਤਾਂ ਵਿੱਚ ਕੰਮ ਕਰਦਿਆਂ ਦੇਖਿਆ ਕਰਦੇ। ਇੱਕ ਦਿਨ ਉਨ੍ਹਾਂ ਨੇ ਜਿਵੇਂ ਕਿਵੇਂ ਗੱਲ ਕਰਨ ਦੀ ਹਿੰਮਤ ਕੀਤੀ। ਪਰ ਬੇੜਾ ਹੀ ਗ਼ਰਕ ਹੋ ਗਿਆ। ਉਹ ਭੱਜ ਗਈ ਅਤੇ ਅਗਲੇ ਦਿਨ ਤੋਂ ਕੰਮ ‘ਤੇ ਆਉਣਾ ਹੀ ਬੰਦ ਕਰ ਦਿੱਤਾ।
“ਮੈਂ ਉਹਦੀ ਉਡੀਕ ਕੀਤੀ ਪਰ ਉਹ ਦੋਬਾਰਾ ਕਦੇ ਨਜ਼ਰ ਹੀ ਨਾ ਆਈ,” ਉਹ ਚੇਤਾ ਕਰਦਿਆਂ ਕਹਿੰਦੇ ਹਨ। “ਉਸ ਤੋਂ ਬਾਅਦ ਮੈਂ ਆਪਣੇ ਜੀਜਾ ਨਾਲ਼ ਗੱਲ ਕੀਤੀ ਅਤੇ ਉਨ੍ਹਾਂ ਨੇ ਮੇਰੇ ਲਈ ਕੁੜੀ ਲੱਭਣੀ ਸ਼ੁਰੂ ਕੀਤੀ।” ਉਨ੍ਹਾਂ ਨੇ ਪਰਿਵਾਰ ਦੀ ਮਰਜ਼ੀ ਨਾਲ਼ ਵਿਆਹ ਕੀਤਾ। ਹੁਣ 35 ਵਰ੍ਹਿਆਂ ਦੀ ਹੋ ਚੁੱਕੀ ਉਨ੍ਹਾਂ ਦੀ ਪਤਨੀ, ਬਾਲੀ ਖ਼ਾਤੂਨ, ਨੇੜਲੇ ਪਿੰਡ ਦੇ ਇੱਕ ਹਲਵਾਈ ਦੀ ਧੀ ਹਨ। (ਬਾਅਦ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਹਿਲੀ ਦਫ਼ਾ ਜਿਸ ‘ਤੇ ਉਨ੍ਹਾਂ ਦਾ ਦਿਲ ਆਇਆ ਸੀ ਉਹ ਉਨ੍ਹਾਂ ਦੀ ਪਤਨੀ ਦੀ ਚਾਚੀ ਸੀ।)
ਵਿਆਹ ਤੋਂ ਬਾਅਦ ਪਤਨੀ ਦੇ ਪਰਿਵਾਰ ਤੋਂ ਮਿਠਾਈ ਬਣਵਾਉਣ ਦਾ ਹੁਨਰ ਸਿੱਖਣ ਦਾ ਮੌਕਾ ਉਨ੍ਹਾਂ ਦੇ ਹੱਥ ਲੱਗਿਆ। ਪਹਿਲੀ ਵਾਰ ਉਨ੍ਹਾਂ ਨੇ ਤਿੰਨ ਲੀਟਰ ਦੁੱਧ ਤੋਂ ਮਿਠਾਈ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ 100 ਰਸਗੁੱਲੇ ਬਣਾਏ। ਘਰ-ਘਰ ਜਾ ਕੇ 1 ਰੁਪਏ ਵਿੱਚ ਇੱਕ ਰਸਗੁੱਲਾ ਵੇਚਦਿਆਂ ਉਨ੍ਹਾਂ ਨੇ 50 ਰੁਪਏ ਦਾ ਮੁਨਾਫ਼ਾ ਕਮਾਇਆ।
ਛੇਤੀ ਹੀ ਇਹ ਕੰਮ ਉਨ੍ਹਾਂ ਦੀ ਸਥਾਈ ਆਮਦਨੀ ਦਾ ਵਸੀਲਾ ਬਣ ਗਿਆ। ਸਮੇਂ ਦੇ ਨਾਲ਼ ਨਾਲ਼ ਉਹ ਪਰਿਵਾਰ ਦੇ ਕਰਜ਼ੇ ਲਾਹੁਣ ਅਤੇ ਅਕਾਲ ਜਾਂ ਹੜ੍ਹ ਕਾਰਨ ਖੇਤਾਂ ਵਿੱਚ ਹੋਏ ਨੁਕਸਾਨ ਦੀ ਪੂਰਤੀ ਕਰਨ ਵਿੱਚ ਕਾਮਯਾਬ ਰਹੇ।
ਸਾਲ 2005 ਵਿੱਚ 25 ਸਾਲ ਦੀ ਉਮਰੇ ਨੋਸੁਮੁਦੀਨ ਆਪਣੇ ਪਿੰਡੋਂ ਤਕਰੀਬਨ 35 ਕਿਲੋਮੀਟਰ ਦੂਰ ਮੇਘਾਲਿਆ ਦੇ ਦੱਖਣ-ਪੱਛਮੀ ਗਾਰੋ ਪਹਾੜੀਆਂ ਵਾਲੇ ਜ਼ਿਲ੍ਹਿਆਂ ਦੀ ਸੀਮਾ ਵਿਖੇ ਪੈਂਦੇ ਮਹੇਂਦਰਗੰਜ ਕਸਬੇ ਗਏ। ਉਨ੍ਹਾਂ ਨੇ ਅਜਿਹੀਆਂ ਗੱਲਾਂ ਸੁਣੀਆਂ ਸਨ ਕਿ ਉੱਥੇ ਮਿਠਾਈ ਦਾ ਵਪਾਸ ਕਾਫ਼ੀ ਵਧੀਆ ਚੱਲੇਗਾ। ਪਰ ਕਸਬੇ ਤੋਂ ਅਣਜਾਣ ਹੋਣ ਕਾਰਨ ਇਹ ਕੰਮ ਸੌਖ਼ਾ ਨਹੀਂ ਸੀ। ਉਨ੍ਹੀਂ ਦਿਨੀ ਲਗਾਤਾਰ ਹੁੰਦੀਆਂ ਲੁੱਟ ਦੀਆਂ ਵਾਰਦਾਤਾਂ ਨੇ ਮਾਹੌਲ ਕੁਝ ਕੁਝ ਅਸੁਖਾਵਾਂ ਬਣਾਇਆ ਹੋਇਆ ਸੀ। ਲੋਕ ਚੌਕੰਨੇ ਹੋ ਗਏ ਹੋਏ ਸਨ। ਨੋਸੁਮੁਦੀਨ ਨੂੰ ਕਿਰਾਏ ਦੀ ਥਾਂ ਦੀ ਭਾਲ਼ ਕਰਦਿਆਂ 3 ਮਹੀਨੇ ਬੀਤ ਗਏ ਅਤੇ ਮਿਠਾਈਆਂ ਦੇ ਪੱਕੇ ਗਾਹਕ ਲੱਗਣ ਵਿੱਚ ਤਿੰਨ ਸਾਲਾਂ ਦਾ ਸਮਾਂ ਲੱਗਿਆ।
ਉਨ੍ਹਾਂ ਕੋਲ਼ ਕੋਈ ਜਮ੍ਹਾ-ਪੂੰਜੀ ਵੀ ਨਹੀਂ ਸੀ, ਇਸਲਈ ਉਨ੍ਹਾਂ ਨੇ ਪੈਸੇ ਬਾਅਦ ਵਿੱਚ ਦੇਣ ਦੀ ਸ਼ਰਤ ਨਾਲ਼ ਆਪਣਾ ਵਪਾਰ ਸ਼ੁਰੂ ਕੀਤਾ ਅਤੇ ਸਾਰੀ ਸਪਲਾਈ ਵਾਸਤੇ ਪੈਸੇ ਦੇਣ ਲਈ ਕੁਝ ਕੁ ਸਮਾਂ ਲੈ ਲਿਆ। ਉਨ੍ਹਾਂ ਦੀ ਪਤਨੀ ਬਾਲੀ ਖ਼ਾਤੂਨ 2015 ਵਿੱਚ ਮਹੇਂਦਰਗੰਜ ਆ ਗਈ। ਸਮਾਂ ਬੀਤਣ ਦੇ ਨਾਲ਼ ਨਾਲ਼ ਉਨ੍ਹਾਂ ਦੇ ਘਰ ਤਿੰਨ ਬੱਚੇ ਹੋਏ। ਉਨ੍ਹਾਂ ਦੀ ਧੀ ਰਾਜਮੀਨਾ ਖ਼ਾਤੂਨ ਹੁਣ 18 ਸਾਲਾਂ ਦੀ ਹੋ ਚੁੱਕੀ ਹੈ ਅਤੇ ਬੇਟਾ ਫ਼ੋਰਿਦੁਲ ਇਸਲਾਮ 17 ਸਾਲਾਂ ਅਤੇ ਦੂਜੇ ਬੇਟੇ ਸੋਰਿਫੁਲ ਇਸਲਾਮ 11 ਸਾਲਾਂ ਦੇ ਹੋ ਚੁੱਕੇ ਹਨ। ਦੋਵੇਂ ਸਕੂਲ ਜਾਂਦੇ ਸਨ।
ਪਿਛਲੇ ਕੁਝ ਸਾਲਾਂ ਤੋਂ ਨੋਸੁਮੁਦੀਨ ਨੂੰ ਹਰ ਮਹੀਨੇ 18,000-20,000 ਰੁਪਏ ਦਾ ਮੁਨਾਫ਼ਾ ਹੋ ਰਿਹਾ ਹੈ। ਪਰਿਵਾਰ ਦੇ ਵਪਾਰ ਦਾ ਹੋਰ ਵਿਸਤਾਰ ਹੋ ਗਿਆ। ਹੁਣ ਰਸਗੁੱਲਿਆਂ ਦੇ ਨਾਲ਼ ਨਾਲ਼ ਉਹ ਅਤੇ ਬਾਲੀ ਖ਼ਾਤੂਨ ਨੇ ਜਲੇਬੀਆਂ ਵੀ ਬਣਾਉਂਦੇ ਹਨ।
ਨੋਸੁਮੁਦੀਨ ਹਫ਼ਤੇ ਵਿੱਚ 6-7 ਦਿਨ ਕੰਮ ਕਰਦੇ ਹਨ, ਬਾਕੀ ਸੀਜ਼ਨ ਦੀ ਜੋ ਮੰਗ ਹੋਵੇ। ਉਹ ਅਤੇ ਬਾਲੀ ਖ਼ਾਤੂਨ, ਆਮ ਤੌਰ ‘ਤੇ ਰਸਗੁੱਲੇ ਦੁਪਹਿਰ ਜਾਂ ਸ਼ਾਮੀਂ ਬਣਾਉਂਦੇ ਹਨ। ਇਹਦੇ ਲਈ ਉਹ 5 ਲੀਟਰ ਦੁੱਧ ਅਤੇ 2 ਕਿਲੋ ਖੰਡ ਦਾ ਇਸਤੇਮਾਲ ਕਰਦੇ ਹਨ ਅਤੇ ਫਿਰ ਕਿਤੇ ਜਾ ਕੇ 100 ਚਿੱਟੇ ਰਸੀਲੇ ਰਸਗੁੱਲੇ ਬਣਦੇ ਹਨ ਜਿਨ੍ਹਾਂ ਨੂੰ ਉਹ ਸੰਭਾਲ਼ ਲੈਂਦੇ ਹਨ। ਤਿਰਕਾਲਾਂ ਤੋਂ ਪਹਿਲਾਂ ਉਹ ਜਲੇਬੀਆਂ ਬਣਾਉਣ ਲੱਗਦੇ ਹਨ ਕਿਉਂਕਿ ਉਨ੍ਹਾਂ ਨੂੰ ਤਾਂ ਤਾਜ਼ਾ ਬਣਾ ਕੇ ਵੇਚਣਾ ਹੁੰਦਾ ਹੈ। ਨੋਸੁਮੁਦੀਨ ਦੋਵਾਂ ਚੀਜ਼ਾਂ ਨੂੰ ਬੜੇ ਕਰੀਨੇ ਨਾਲ਼ ਟਿਕਾਉਂਦੇ ਹਨ ਅਤੇ ਫਿਰ ਪਿੰਡ ਦੇ ਘਰੋ-ਘਰੀ ਜਾ ਕੇ ਜਾਂ ਪਿੰਡ ਦੇ ਚਾਹ ਦੀਆਂ ਦੁਕਾਨਾਂ ‘ਤੇ ਜਾ ਕੇ ਵੇਚਦੇ ਹਨ ਅਤੇ ਦੁਪਹਿਰ ਦੇ 2 ਵਜੇ ਘਰ ਮੁੜ ਆਉਂਦੇ ਹਨ।
ਛੋਟੇ ਪੱਧਰ ਮਿਠਾਈਆਂ ਬਣਾਉਣ ਦੀ ਉਨ੍ਹਾਂ ਦੀ ਦੁਨੀਆ ਅਚਾਨਕ ਉਦੋਂ ਠਹਿਰ ਗਈ ਜਦੋਂ ਮਾਰਚ 2020 ਵਿੱਚ ਕੋਵਿਡ-19 ਦੇ ਸੰਕ੍ਰਮਣ ਕਾਰਨ ਅਚਾਨਕ ਦੇਸ਼-ਵਿਆਪੀ ਤਾਲਾਬੰਦੀ ਲਾ ਦਿੱਤੀ ਗਈ। ਉਹਦੇ ਬਾਅਦ ਦੇ ਕੁਝ ਹਫ਼ਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਮੁਸ਼ਕਲਾਂ ਭਰੇ ਰਹੇ। ਉਨ੍ਹਾਂ ਨੇ ਚੌਲ਼, ਦਾਲ, ਸੁੱਕੀਆਂ ਮੱਛੀਆਂ ਅਤੇ ਲਾਲ ਮਿਰਚ ਪਾਊਡਰ ਦੇ ਨਾ ਮਾਤਰ ਸਟਾਕ ਨਾਲ਼ ਡੰਗ ਟਪਾਇਆ। ਅੱਗੇ ਉਨ੍ਹਾਂ ਦੇ ਮਕਾਨ-ਮਾਲਕ ਨੇ ਚੌਲ਼ ਅਤੇ ਸਬਜ਼ੀਆਂ ਜਮ੍ਹਾਂ ਕਰਨ ਦਾ ਬੰਦੋਬਸਤ ਕੀਤਾ। (ਕਿਉਂਕਿ ਨੋਸੁਮੁਦੀਨ ਮਹੇਂਦਰਗੰਜ ਵਿਖੇ ਬਤੌਰ ਪ੍ਰਵਾਸੀ ਮਜ਼ਦੂਰ ਰਹਿੰਦੇ ਸਨ, ਇਸਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸੇ ਵੀ ਮਦਦ, ਜਾਂ ਰਾਸ਼ਨ ਕਾਰਡ ਦੇ ਹੱਕਦਾਰ ਨਹੀਂ ਸਨ।)
ਕੁਝ ਦਿਨਾਂ ਬਾਅਦ ਉਹ ਘਰ ਬੈਠੇ ਬੈਠੇ ਅੱਕ ਗਏ ਅਤੇ ਗੁਆਂਢੀਆਂ ਨੂੰ ਰਸਗੁੱਲੇ ਵੇਚਣ ਵਿੱਚ ਕਾਮਯਾਬ ਰਹੇ ਅਤੇ ਇਸ ਤੋਂ ਉਨ੍ਹਾਂ ਨੂੰ 800 ਰੁਪਏ ਆਮਦਨੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਮਦਨੀ ਰਹਿ ਹੀ ਨਹੀਂ ਗਈ ਸੀ।
ਤਾਲਾਬੰਦੀ ਦੇ ਲਾਗੂ ਹੋਣ ਬਾਅਦ ਇੱਕ ਮਹੀਨੇ ਦਾ ਸਮਾਂ ਬੀਤ ਗਿਆ ਸੀ। ਇੱਕ ਦਿਨ ਦੁਪਹਿਰ ਦੇ ਸਮੇਂ ਉਨ੍ਹਾਂ ਦੇ ਮਕਾਨ-ਮਾਲਕ ਨੇ ਉਨ੍ਹਾਂ ਅੱਗੇ ਜਲੇਬੀ ਖਾਣ ਦੀ ਇੱਛਾ ਜ਼ਾਹਰ ਕੀਤੀ। ਨੋਸੁਮੁਦੀਨ ਨੇ ਘਰ ਪਈ ਸਮੱਗਰੀ ਨਾਲ਼ ਥੋੜ੍ਹੀਆਂ ਜਿਹੀਆਂ ਜਲੇਬੀਆਂ ਬਣਾਈਆਂ। ਬੱਸ ਫਿਰ ਗੁਆਂਢੀ ਵੀ ਉਨ੍ਹਾਂ ਕੋਲ਼ੋਂ ਜਲੇਬੀਆਂ ਮੰਗਣ ਆਉਣ ਲੱਗੇ। ਨੋਸੁਮੁਦੀਨ ਨੇ ਨੇੜਲੀ ਦੁਕਾਨ ਤੋਂ ਆਟਾ, ਖੰਡ ਅਤੇ ਪਾਮ ਆਇਲ ਉਧਾਰ ਚੁੱਕਿਆ। ਉਹ ਹਰ ਦਿਨ ਦੁਪਹਿਰ ਵੇਲ਼ੇ ਜਲੇਬੀਆਂ ਬਣਾਉਣ ਲੱਗੇ ਅਤੇ ਇੰਝ ਉਨ੍ਹਾਂ ਨੂੰ ਰੋਜ਼ ਦੀ 400-500 ਰੁਪਏ ਕਮਾਈ ਹੋਣ ਲੱਗੀ।
ਅਪ੍ਰੈਲ ਮਹੀਨੇ ਜਦੋਂ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੋਏ ਤਾਂ ਜਲੇਬੀ ਦੀ ਮੰਗ ਹੋਰ ਵੱਧ ਗਈ। ਨੇੜੇ ਹੀ ਪੁਲਿਸ ਚੌਕੀ ਹੋਣ ਦੇ ਬਾਵਜੂਦ ਉਹ ਮਾਸਕ ਲਾ ਕੇ ਸੈਨੀਟਾਈਜ਼ਰ ਵਰਤ ਕੇ ਜਿਵੇਂ ਕਿਵੇਂ ਸਾਵਧਾਨੀ ਨਾਲ਼ ਪਿੰਡ ਜਾ ਕੇ ਜਲੇਬੀ ਵੇਚ ਆਉਂਦੇ ਸਨ। ਇਸ ਨਾਲ਼ ਤਾਲਾਬੰਦੀ ਦੌਰਾਨ ਹੋਈ ਹਾਨੀ ਦੀ ਪੂਰਤੀ ਹੋਣ ਲੱਗੀ ਅਤੇ ਕਰਜਾ ਵੀ ਲੱਥ ਗਿਆ।
ਤਾਲਾਬੰਦੀ ਹਟਾਏ ਜਾਣ ਬਾਅਦ ਉਹ ਫਿਰ ਤੋਂ ਰਸਗੁੱਲੇ ਅਤੇ ਜਲੇਬੀ ਦਾ ਵਪਾਰ ਕਰਨ ਲੱਗੇ। ਹਾਲਾਂਕਿ, ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਮਦਨੀ ਦਾ ਕਾਫ਼ੀ ਸਾਰਾ ਹਿੱਸਾ ਉਨ੍ਹਾਂ ਦੇ ਪਿਤਾ, ਪਤਨੀ ਅਤੇ ਬੇਟੀ ਦੀ ਸਿਹਤ ਸਬੰਧੀ ਦਿੱਕਤਾਂ 'ਤੇ ਖ਼ਰਚ ਹੋਇਆ।
2020 ਦੇ ਅੰਤ ਵਿੱਚ ਨੋਸੁਮੁਦੀਨ ਨੇ ਅਸਾਮ ਸਥਿਤ ਆਪਣੇ ਪਿੰਡ ਉਰਾਰਭੁਈ ਵਿਖੇ ਆਪਣਾ ਖ਼ੁਦ ਦਾ ਮਕਾਨ ਉਸਾਰਨਾ ਸ਼ੁਰੂ ਕੀਤਾ। ਉਨ੍ਹਾਂ ਦੀ ਬਚਤ ਦਾ ਕਾਫ਼ੀ ਵੱਡਾ ਹਿੱਸਾ ਇਸ ਵਿੱਚ ਖਪ ਗਿਆ।
ਉਹਦੇ ਬਾਅਦ 2021 ਦੀ ਤਾਲਾਬੰਦੀ ਆਈ। ਨੋਸੁਮੁਦੀਨ ਦੇ ਪਿਤਾ ਦੀ ਤਬੀਅਤ ਠੀਕ ਨਹੀਂ ਸੀ (ਜੁਲਾਈ ਵਿੱਚ ਉਨ੍ਹਾਂ ਦੀ ਮੌਤ ਹੋ ਗਈ)। ਉਨ੍ਹਾਂ ਦਾ ਵਪਾਰ ਆਮ ਤੌਰ 'ਤੇ ਬਿਲਕੁਲ ਠੱਪ ਪਿਆ ਰਹਿੰਦਾ ਸੀ। ਉਹ ਕਹਿੰਦੇ ਹਨ,"ਮਹਾਂਮਾਰੀ ਦੌਰਾਨ ਮੇਰੀ ਆਮਦਨੀ ਡਾਵਾਂਡੋਲ ਹੋ ਗਈ। ਮੈਂ ਨੇੜੇ ਤੇਲ਼ ਦੇ ਪਿੰਡਾਂ ਵਿੱਚ ਤੁਰ ਤੁਰ ਕੇ ਮਿਠਾਈ ਵੇਚਣ ਜਾਂਦਾ ਹਾਂ, ਕਦੇ-ਕਦੇ 20-25 ਕਿਲੋ ਮਿਠਾਈਆਂ ਦਾ ਭਾਰ ਚੁੱਕੀ 20-25 ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਹੁਣ ਮੈਂ ਹਫ਼ਤੇ ਦੇ 6-7 ਦਿਨ ਦੀ ਬਜਾਇ 2-3 ਦਿਨ ਹੀ ਸਮਾਨ ਵੇਚ ਪਾ ਰਿਹਾ ਹਾਂ। ਮੈਨੂੰ ਥਕਾਵਟ ਰਹਿਣ ਲੱਗੀ ਹੈ। ਅਜਿਹੇ ਮੌਕੇ ਜ਼ਿੰਦਗੀ ਹੋਰ ਮੁਸ਼ਕਲ ਹੋ ਗਈ ਹੈ। ਪਰ ਓਨੀ ਮੁਸ਼ਕਲ ਨਹੀਂ ਜਿੰਨੀ ਬਚਪਨ ਵਿੱਚ ਹੋਇਆ ਕਰਦੀ ਸੀ। ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਅੱਜ ਵੀ ਹੰਝੂ ਕਿਰਨ ਲੱਗਦੇ ਨੇ।"
ਰਿਪੋਰਟਰ ਦਾ ਨੋਟ: ਨੋਸੁਮੁਦੀਨ ਸ਼ੇਖ ਆਪਣੇ ਪਰਿਵਾਰ ਦੇ ਨਾਲ਼ ਮਹੇਂਦਰਗੰਜ ਸਥਿਤ ਮੇਰੇ ਮਾਪਿਆਂ ਦੁਆਰਾ ਬਣਾਏ ਗਏ ਪੁਰਾਣੇ ਮਕਾਨ ਵਿੱਚ 2015 ਤੋਂ ਕਿਰਾਏਦਾਰ ਵਜੋਂ ਰਹਿੰਦੇ ਰਹੇ ਹਨ। ਉਨ੍ਹਾਂ ਦੇ ਚਿਹਰੇ ਦੇ ਚਿਹਰੇ ' ਤੇ ਹਰ ਵੇਲ਼ੇ ਮੁਸਕਾਨ ਰਹਿੰਦੀ ਹੈ , ਉਹ ਮੇਰੇ ਮਾਪਿਆਂ ਦੀ ਹਰ ਸੰਭਵ ਮਦਦ ਕਰਦੇ ਹਨ ਅਤੇ ਕਦੇ-ਕਦਾਈਂ ਸਾਡੇ ਬਗ਼ੀਚੀ ਦੀ ਵੀ ਦੇਖਭਾਲ਼ ਕਰਦੇ ਹਨ।
ਤਰਜਮਾ: ਕਮਲਜੀਤ ਕੌਰ