2007 ਵਿੱਚ ਪੋਲਾਮਾਰਾਸੇਟੀ ਪਦਮਾਜਾ ਦੇ ਵਿਆਹ ਵੇਲ਼ੇ ਪਰਿਵਾਰ ਨੇ ਉਨ੍ਹਾਂ ਦੇ ਦਾਜ ਵਿੱਚ 25 ਤੁਲਮ (250 ਗ੍ਰਾਮ) ਸੋਨੇ ਦੇ ਗਹਿਣੇ ਦਿੱਤੇ ਸਨ। ਘੜੀਆਂ ਦੀ ਮੁਰੰਮਤ ਕਰਕੇ ਜੀਵਨ ਬਸਰ ਕਰਨ ਵਾਲ਼ੀ 31 ਸਾਲਾ ਪਦਮਾਜਾ ਦੱਸਦੀ ਹਨ,“ਮੇਰੇ ਪਤੀ ਨੇ ਸਾਰੇ ਗਹਿਣ ਵੇਚ-ਵਟ ਲਏ ਤੇ ਅਖ਼ੀਰ ਮੈਨੂੰ ਛੱਡ ਵੀ ਦਿੱਤਾ।”
ਪਦਮਾਜਾ ਦੇ ਪਤੀ ਨੇ ਇੱਕ ਇੱਕ ਕਰਕੇ ਸਾਰੇ ਗਹਿਣੇ ਵੇਚ ਦਿੱਤੇ ਤੇ ਸ਼ਰਾਬ ਪੀ ਗਿਆ। ਉਹ ਕਹਿੰਦੀ ਹਨ,“ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨਾ ਸੀ।” ਇਸਲਈ ਉਨ੍ਹਾਂ ਨੇ ਘੜੀਆਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਦੇ ਪਤੀ ਨੇ 2008 ਵਿੱਚ ਪਰਿਵਾਰ ਨਾਲ਼ ਤੋੜ-ਵਿਛੋੜੀ ਕੀਤੀ ਉਸ ਵੇਲ਼ੇ ਸ਼ਾਇਦ ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਘੜੀਆਂ ਦੀ ਮੁਰੰਮਤ ਕਰਨ ਵਾਲ਼ੀ ਇਕਲੌਤੀ ਔਰਤ ਸਨ।
ਉਦੋਂ ਤੋਂ ਹੀ, ਉਹ ਘੜੀਆਂ ਦੀ ਛੋਟੀ ਜਿਹੀ ਦੁਕਾਨ ‘ਤੇ 6,000 ਰੁਪਏ ਮਹੀਨਾ ਦੀ ਤਨਖ਼ਾਹ ‘ਤੇ ਕੰਮ ਕਰ ਰਹੀ ਹਨ। ਪਰ ਮਾਰਚ ਵਿੱਚ ਜਦੋਂ ਕੋਵਿਡ-19 ਤਾਲਾਬੰਦੀ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਕਮਾਈ ਵੀ ਪ੍ਰਭਾਵਤ ਹੋਣੋਂ ਨਾ ਰਹਿ ਸਕੀ। ਉਸ ਮਹੀਨੇ ਉਨ੍ਹਾਂ ਨੂੰ ਸਿਰਫ਼ ਅੱਧੀ ਤਨਖ਼ਾਹ ਹੀ ਮਿਲ਼ੀ ਤੇ ਅਪ੍ਰੈਲ ਤੇ ਮਈ ਵਿੱਚ ਇੱਕ ਵੀ ਪੈਸਾ ਨਾ ਮਿਲ਼ਿਆ।
ਸ਼ਹਿਰ ਦੇ ਕੰਚਰਪਾਲੇਮ ਇਲਾਕੇ ਵਿਖੇ ਆਪਣੇ ਦੇ ਬੇਟਿਆਂ- ਅਮਨ (13 ਸਾਲਾ) ਤੇ ਰਾਜੇਸ਼ (10 ਸਾਲਾ) ਨਾਲ਼ ਰਹਿਣ ਵਾਲ਼ੀ ਪਦਮਾਜਾ ਦੱਸਦੀ ਹਨ,“ਮਈ ਤੱਕ ਦਾ ਕਿਰਾਇਆ ਮੈਂ ਕਿਸੇ ਤਰ੍ਹਾਂ ਆਪਣੀ ਬਚਤ ਪੂੰਜੀ ਨਾਲ਼ ਤਾਰ ਦਿੱਤਾ। ਮੈਨੂੰ ਉਮੀਦ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਜਾਰੀ ਰੱਖ ਪਾਊਂਗੀ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ਼ੋਂ ਵੱਧ (10ਵੀਂ ਤੋਂ) ਪੜ੍ਹ-ਲਿਖ ਜਾਣ।”
ਪਦਮਾਜਾ ਦੀ ਕਮਾਈ ਨਾਲ਼ ਹੀ ਪੂਰੇ ਪਰਿਵਾਰ ਦਾ ਖ਼ਰਚਾ ਚੱਲ਼ਦਾ ਹੈ, ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਵੀ ਸ਼ਾਮਲ ਹਨ। ਉਨ੍ਹਾਂ ਦੇ ਬੇਰੁਜ਼ਗਾਰ ਪਤੀ ਕੋਲ਼ੋਂ ਕਦੇ ਕਿਸੇ ਕਿਸਮ ਦੀ ਵਿੱਤੀ ਸਹਾਇਤਾ ਨਹੀਂ ਮਿਲ਼ਦੀ। ਪਦਮਾਜਾ ਕਹਿੰਦੀ ਹਨ,“ਉਹ ਹੁਣ ਵੀ ਆਉਂਦਾ ਹੈ ਪਰ ਸਿਰਫ਼ ਉਦੋਂ ਹੀ ਜਦੋਂ ਉਸ ਕੋਲ਼ ਕੋਈ ਪੈਸਾ ਨਹੀਂ ਹੁੰਦਾ।” ਪਤੀ ਦੇ ਆਉਣ ‘ਤੇ ਉਹ ਉਨ੍ਹਾਂ ਨੂੰ ਆਪਣੇ ਨਾਲ਼ ਰੁਕਣ ਦਿੰਦੀ ਹਨ।
ਉਹ ਚੇਤੇ ਕਰਦੀ ਹਨ,“ਘੜੀਆਂ ਦੀ ਮੁਰੰਮਤ ਦਾ ਕੰਮ ਸਿੱਖਣਾ ਅਚਾਨਕ ਲਿਆ ਗਿਆ ਫ਼ੈਸਲਾ ਸੀ। ਜਦੋਂ ਮੇਰੇ ਪਤੀ ਸਾਨੂੰ ਛੱਡ ਗਏ ਤੇ ਮੇਰੇ ਹੱਥ ਵਿੱਚ ਕੋਈ ਹੁਨਰ ਨਹੀਂ ਸੀ। ਮੈਂ ਡਰਪੋਕ ਜਿਹੀ ਸਾਂ ਤੇ ਮੇਰੇ ਕੋਈ ਬਹੁਤੇ ਦੋਸਤ ਵੀ ਨਹੀਂ ਸਨ। ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਕਿ ਕਰਾਂ ਤਾਂ ਕੀ ਕਰਾਂ, ਉਦੋਂ ਹੀ ਮੇਰੀ ਇੱਕ ਸਹੇਲੀ ਨੇ ਮੈਨੂੰ ਇਸ ਕੰਮ ਬਾਰੇ ਸੁਝਆ ਦਿੱਤਾ।” ਉਨ੍ਹਾਂ ਦੀ ਸਹੇਲੀ ਦੇ ਭਰਾ, ਐੱਮਡੀ ਮੁਸਤਫ਼ਾ ਨੇ ਪਦਮਾਜਾ ਨੂੰ ਘੜੀਆਂ ਠੀਕ ਕਰਨੀਆਂ ਸਿਖਾਈਆਂ। ਵਿਸ਼ਾਖਾਪਟਨਮ ਦੇ ਰੁਝੇਵੇਂ ਭਰੇ ਇਸ ਇਲਾਕੇ ਜਗਦੰਬਾ ਜੰਕਸ਼ਨ ਵਿਖੇ ਉਨ੍ਹਾਂ ਦੀ ਘੜੀਆਂ ਦੀ ਇੱਕ ਦੁਕਾਨ ਹੈ। ਪਦਮਾਜਾ ਜਿੱਥੇ ਕੰਮ ਕਰਦੀ ਹਨ ਉਹ ਦੁਕਾਨ ਵੀ ਉੱਥੇ ਜਿਹੇ ਕਰਕੇ ਹੀ ਹੈ। ਛੇ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦਾ ਇਸ ਕੰਮ ਵਿੱਚ ਚੰਗਾ ਹੱਥ ਬੈਠ ਚੁੱਕਿਆ ਹੈ।
ਤਾਲਾਬੰਦੀ ਤੋਂ ਪਹਿਲਾਂ, ਪਦਮਾਜਾ ਦਿਨ ਦੀਆਂ ਕਰੀਬ 12 ਘੜੀਆਂ ਦੀ ਮੁਰੰਮਤ ਕਰ ਲਿਆ ਕਰਦੀ। ਉਹ ਕਹਿੰਦੀ ਹਨ,“ਮੈਂ ਕਦੇ ਸੋਚਿਆ ਹਗੀ ਨਹੀਂ ਸੀ ਕਿ ਮੈਂ ਕਦੇ ਮੈਕੇਨਿਕ ਬਣਾਂਗੀ, ਪਰ ਮੈਨੂੰ ਇਸ ਕੰਮ ਵਿੱਚ ਮਜ਼ਾ ਆਉਂਦਾ ਹੈ,” ਤਾਲਾਬੰਦੀ ਕਾਰਨ, ਬਹੁਤੀਆਂ ਘੜੀਆਂ ਮੁਰੰਮਤ ਵਾਸਤੇ ਨਹੀਂ ਆਉਂਦੀਆਂ ਸਨ। ਉਹ ਕਿਸੇ ਗਾਹਕ ਦੀ ਘੜੀ ਦੇ ਟੁੱਟੇ ‘ਕ੍ਰਿਸਟਲ’ (ਪਾਰਦਰਸ਼ੀ ਕਵਰ) ਦੀ ਮੁਰੰਮਤ ਕਰਦਿਆਂ ਹਨ,“ਮੈਨੂੰ ਕਲਿਕ, ਟਿਕ-ਟਾਕ ਤੇ ਟੁੱਟੀ ਹੋਈ ਘੜੀ ਨੂੰ ਠੀਕ ਕਰਨ ਦੀਆਂ ਅਵਾਜ਼ਾਂ ਦਾ ਚੇਤਾ ਆਉਂਦਾ ਸੀ।”
ਬਗ਼ੈਰ ਕਿਸੇ ਕਮਾਈ ਤੋਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਸੀ। ਤਾਲਾਬੰਦੀ ਵਿੱਚ ਢਿੱਲ ਤੋਂ ਬਾਅਦ, ਪਦਮਾਜਾ ਨੇ ਭਾਵੇਂ ਜੂਨ ਤੋਂ ਕੰਮ ‘ਤੇ ਦੋਬਾਰਾ ਜਾਣਾ ਸ਼ੁਰੂ ਕਰ ਦਿੱਤਾ ਸੀ, ਹਾਲਾਂਕਿ, ਉਨ੍ਹਾਂ ਨੇ ਹਰ ਮਹੀਨੇ ਸਿਰਫ਼ 3,000 ਰੁਪਏ- ਉਨ੍ਹਾਂ ਨੂੰ ਅੱਧੀ ਤਨਖ਼ਾਹ ਹੀ ਮਿਲ਼ ਪਾ ਰਹੀ ਸੀ। ਜੁਲਾਈ ਵਿੱਚ ਦੋ ਹਫ਼ਤਿਆਂ ਵਾਸਤੇ ਜਗਦੰਬਾ ਜੰਕਸ਼ਨ ਵਿਖੇ ਘੜੀਆਂ ਦੀਆਂ ਦੁਕਾਨਾਂ ਬੰਦ ਰਹੀਆਂ, ਕਿਉਂਕਿ ਇਸ ਇਲ਼ਾਕੇ ਨੂੰ ਪਾਬੰਦੀਸ਼ੁਦਾ ਇਲਾਕਾ ਐਲਾਨ ਦਿੱਤਾ ਗਿਆ ਸੀ। ਉਹ ਕਹਿੰਦੀ ਹਨ ਕਿ ਅਜੇ ਤੱਕ ਕੰਮ ਵਿੱਚ ਤੇਜ਼ੀ ਨਹੀਂ ਆਈ ਹੈ। “ਮੈਂ ਹਰ ਦਿਨ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕੰਮ ਕਰਦੀ ਹਾਂ। ਮੈਂ ਕਿਸੇ ਹੋਰ ਕੰਮ ਵਿੱਚ ਆਪਣਾ ਹੱਥ ਨਹੀਂ ਅਜਮਾ ਸਕਦੀ।”
ਉਹ ਜਿਹੜੀ ਦੁਕਾਨ ‘ਤੇ ਕੰਮ ਕਰਦੀ ਹਨ ਉਹਦੇ ਠੀਕ ਸਾਹਮਣੇ ਵਾਲ਼ੇ ਪਾਸੇ ਫੁਟਪਾਥ ‘ਤੇ ਮੁਸਤਫ਼ਾ ਦੀ ਛੋਟੀ ਜਿਹੀ ਦੁਕਾਨ ਹੈ। ਨੀਲ਼ੇ ਰੰਗ ਦੀ ਇਸ ਦੁਕਾਨ ‘ਤੇ, ਇੱਕ ਅਲਮਾਰੀ ਵਿੱਚ ਬੱਚਿਆਂ ਅਤੇ ਵੱਡਿਆਂ ਵਾਸਤੇ ਕੁਝ ਘੜੀਆਂ, ਡਿਜੀਟਲ ਤੇ ਸੂਈਆਂ ਵਾਲ਼ੀਆਂ (ਐਨਾਲਾਗ) ਘੜੀਆਂ ਸਜਾਈਆਂ ਹੋਈਆਂ ਹਨ। ਉਹ ਮੁਰੰਮਤ ਦਾ ਕੰਮ ਕਰਨ ਲਈ ਵਰਤੀਂਦੇ ਵਾਧੂ ਦੇ ਪੁਰਜ਼ੇ ਤੇ ਚਿਮਟੀ ਜਿਹੇ ਸੰਦ ਅਤੇ ਅੱਖਾਂ ‘ਤੇ ਲਾਉਣ ਵਾਲ਼ਾ ਲੂਪ ਅਲਮਾਰੀ ਦੀ ਸੈਲਫ਼ ਦੇ ਹੇਠਲੇ ਪਾਸੇ ਰੱਖਦੇ ਹਨ।
ਤਾਲਾਬੰਦੀ ਤੋਂ ਪਹਿਲਾਂ ਮੁਸਤਫ਼ਾ ਦਿਹਾੜੀ ਦੇ 700- 1,000 ਰੁਪਏ ਤੱਕ ਕਮਾ ਲੈਂਦੇ ਸਨ, ਪਰ ਜੂਨ ਵਿੱਚ ਦੁਕਾਨ ਦੋਬਾਰਾ ਖੋਲ੍ਹਣ ਤੋਂ ਬਾਅਦ ਉਨ੍ਹਾਂ ਦੀ ਆਮਦਨੀ ਘੱਟ ਕੇ ਸਿਰਫ਼ 50 ਰੁਪਏ ਰਹਿ ਗਈ। ਇਸਲਈ, ਜਦੋਂ ਕਰੋਨਾ ਨੂੰ ਫ਼ੈਲਣ ਤੋਂ ਰੋਕਣ ਲਈ ਇਸ ਇਲਾਕੇ ਨੂੰ ਪਾਬੰਦੀਸ਼ੁਦਾ ਐਲਾਨਿਆ ਗਿਆ ਅਤੇ ਜੁਲਾਈ ਵਿੱਚ ਉਨ੍ਹਾਂ ਨੂੰ ਆਪਣੀ ਦੁਕਾਨ ਬੰਦ ਕਰਨੀ ਪਈ ਤਾਂ ਉਨ੍ਹਾਂ ਨੇ ਉਹਨੂੰ ਬੰਦ ਹੀ ਰਹਿਣ ਦਿੱਤਾ। ਉਹ ਦੱਸਦੇ ਹਨ,“ਕਾਰੋਬਾਰ ਚੱਲ ਨਹੀਂ ਰਿਹਾ ਸੀ ਤੇ ਆਉਣ-ਜਾਣ ਲਈ ਜ਼ਿਆਦਾ ਪੈਸੇ ਖਰਚਣੇ ਪੈ ਰਹੇ ਸਨ।” ਨਵਾਂ ਸਟਾਕ ਜਮ੍ਹਾਂ ਕਰਨ ਲਈ ਉਨ੍ਹਾਂ ਨੂੰ ਹਰ ਛੇ ਮਹੀਨੇ ਵਿੱਚ 40,000-50,000 ਰੁਪਏ ਦੀ ਲੋੜ ਹੁੰਦੀ ਹੈ। ਇਸਲਈ, ਉਹ ਜੁਲਾਈ ਤੋਂ ਆਪਣੀ ਬਚਤ ਦੇ ਸਹਾਰੇ ਗੁਜ਼ਾਰਾ ਕਰ ਰਹੇ ਹਨ।
ਮੁਸਤਫ਼ਾ ਤਕਰੀਬਨ ਪੰਜ ਸਾਲ ਤੋਂ ਘੜੀਆਂ ਠੀਕ ਕਰਨ ਦਾ ਕੰਮ ਕਰ ਰਹੇ ਹਨ। ਬੀਕਾਮ ਦੀ ਡਿਗਰੀ ਹਾਸਲ ਕਰਨ ਵਾਲ਼ੇ 59 ਸਾਲਾ ਮੁਸਤਫ਼ਾ ਕਹਿੰਦੇ ਹਨ,“ਮੈਂ 10 ਸਾਲ ਦੀ ਉਮਰੇ ਹੀ ਆਪਣੇ ਦਾਦਾ ਤੇ ਪਿਤਾ ਪਾਸੋਂ ਇਹ ਹੁਨਰ ਸਿੱਖਿਆ ਸੀ।” ਉਨ੍ਹਾਂ ਦੇ ਦਾਦਾ ਤੇ ਪਿਤਾ ਵੀ ਘੜੀਸਾਜ਼ (ਘੜੀਆਂ ਦਾ ਨਿਰਮਾਤਾ ਤੇ ਮੁਰੰਮਤ ਕਰਨ ਵਾਲ਼ੇ) ਸਨ, ਜਿਨ੍ਹਾਂ ਦੀਆਂ ਕੰਚਰਪਾਲੇਮ ਵਿਖੇ ਦੁਕਾਨਾਂ ਸਨ। ਮੁਸਤਫ਼ਾ ਨੇ ਆਪਣੀ ਖ਼ੁਦ ਦੀ ਦੁਕਾਨ 1992 ਵਿੱਚ ਖੋਲ੍ਹੀ ਸੀ।
“ਅਤੀਤ ਵਿੱਚ ਸਾਡੇ ਪੇਸ਼ੇ ਦਾ ਸਨਮਾਨ ਕੀਤਾ ਜਾਂਦਾ ਸੀ। ਸਾਨੂੰ ਘੜੀਸਾਜ਼ ਵਜੋਂ ਜਾਣਿਆ ਜਾਂਦਾ ਸੀ। ਮੋਬਾਇਲ ਫ਼ੋਨ ਆਉਣ ਤੋਂ ਬਾਅਦ ਘੜੀਆਂ ਨੇ ਆਪਣੀ ਕਦਰ ਗੁਆਉਣੀ ਸ਼ੁਰੂ ਕਰ ਦਿੱਤੀ ਤੇ ਸਾਡੇ ਨਾਲ਼ ਵੀ ਇਹੀ ਕੁਝ ਹੋਇਆ।” ਸਾਲ 2003 ਤੱਕ, ਉਹ ਵਿਸ਼ਾਖਾਪਟਨਮ ਵਾਚ ਮੇਕਰਸ ਐਸੋਸੀਏਸ਼ਨ ਦੇ ਮੈਂਬਰ ਵੀ ਸਨ। ਮੁਸਤਫ਼ਾ ਚੇਤੇ ਕਰਦਿਆਂ ਦੱਸਦੇ ਹਨ,“ਇਹ ਇੱਕ ਯੂਨੀਅਨ ਵਾਂਗਰ ਸੀ, ਜਿਸ ਵਿੱਚ ਘੜੀਆਂ ਦੇ ਕੀਰਬ 60 ਸੀਨੀਅਰ ਮਕੈਨਿਕ ਸਨ। ਅਸੀਂ ਹਰ ਮਹੀਨੇ ਮਿਲ਼ਦੇ ਸਾਂ। ਉਹ ਚੰਗਾ ਵੇਲ਼ਾ ਸੀ।” ਇਹ ਯੂਨੀਅਨ 2003 ਵਿੱਚ ਭੰਗ ਹੋ ਗਈ ਅਤੇ ਉਹਦੇ ਕਈ ਸਹਿਯੋਗੀਆਂ ਨੇ ਜਾਂ ਤਾਂ ਕਾਰੋਬਾਰ ਛੱਡ ਦਿੱਤਾ ਜਾਂ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਗਏ। ਪਰ ਮੁਸਤਫ਼ਾ ਅੱਜ ਵੀ ਆਪਣੇ ਪਰਸ ਵਿੱਚ ਮੈਂਬਰਸ਼ਿਪ ਦਾ ਉਹ ਕਾਰਡ ਲਈ ਘੁੰਮਦੇ ਹਨ। ਉਹ ਕਹਿੰਦੀ ਹਨ,“ਇਹ ਮੈਨੂੰ ਪਛਾਣ ਦਿੰਦਾ ਹੈ।”
ਮੁਸਤਫ਼ਾ ਦੀ ਦੁਕਾਨ ਤੋਂ ਥੋੜ੍ਹੀ ਹੀ ਦੂਰ ਮੁਹੰਮਦ ਤਾਜੂਦੀਨ ਦੀ ਦੁਕਾਨ ਹੈ ਤੇ ਉਹ ਵੀ ਸਮੇਂ ਦੇ ਨਾਲ਼ ਆਏ ਬਦਲਾਵਾਂ ਦੀ ਗੱਲ਼ ਕਰਦੇ ਹਨ:“ਤਕਨੀਕ ਦੇ ਉੱਨਤ ਹੋਣ ਕਾਰਨ ਹੁਣ ਇਹ ਕਾਰੋਬਾਰ ਅਖ਼ੀਰਲੇ ਸਾਹ ਲੈ ਰਿਹਾ ਹੈ। ਇੱਕ ਦਿਨ ਘੜੀਆਂ ਦੀ ਮੁਰੰਮਤ ਕਰਨ ਵਾਲ਼ਾ ਕੋਈ ਨਹੀਂ ਬਚੇਗਾ।” 49 ਸਾਲਾ ਤਾਜੂਦੀਨ ਪਿਛਲੇ 20 ਸਾਲਾਂ ਤੋਂ ਘੜੀਆਂ ਦੀ ਮੁਰੰਮਤ ਕਰ ਰਹੇ ਹਨ।
ਮੂਲ਼ ਰੂਪ ਨਾਲ਼ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਏਲੁਰੂ ਸ਼ਹਿਰ ਦੇ ਰਹਿਣ ਵਾਲ਼ੇ ਤਾਜੂਦੀਨ, ਚਾਰ ਸਾਲ ਪਹਿਲਾਂ ਆਪਣੀ ਪਤਨੀ ਤੇ ਬੇਟੇ ਦੇ ਨਾਲ਼ ਵਿਸ਼ਾਖਾਪਟਨਮ ਆ ਗਏ ਸਨ। ਉਹ ਦੱਸਦੇ ਹਨ,“ਇੱਥੇ ਸਾਡੇ ਬੇਟੇ ਨੂੰ ਇੱਕ ਤਕਨੀਕੀ ਸੰਸਥਾ ਵਿੱਚ ਸਿਵਿਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਪੂਰਨ ਵਜੀਫ਼ਾ ਮਿਲ਼ਿਆ ਸੀ।”
ਉਹ ਕਹਿੰਦੇ ਹਨ,“ਤਾਲਾਬੰਦੀ ਨੇ ਮੈਨੂੰ ਅੱਡ-ਅੱਡ ਕਿਸਮ ਦੀਆਂ ਘੜੀਆਂ ਨੂੰ ਜਾਣਨ-ਸਮਝਣ ਦਾ ਸਮਾਂ ਦਿੱਤਾ, ਪਰ ਇਹਨੇ ਮੇਰੀ ਕਮਾਈ ਖੋਹ ਲਈ।” ਉਨ੍ਹਾਂ ਦੀ ਮਹੀਨੇ ਦੀ 12,000 ਰੁਪਏ ਤਨਖ਼ਾਹ ਹੋਇਆ ਕਰਦੀ ਸੀ, ਪਰ ਮਾਰਚ ਤੋਂ ਮਈ ਤੱਕ ਉਨ੍ਹਾਂ ਨੂੰ ਸਿਰਫ਼ ਅੱਧੀ ਤਨਖ਼ਾਹ ਹੀ ਮਿਲ਼ੀ। ਉਸ ਤੋਂ ਅਗਲੇ ਦੋ ਮਹੀਨੇ ਉਨ੍ਹਾਂ ਨੂੰ ਇੱਕ ਪੈਸਾ ਨਹੀਂ ਮਿਲ਼ਿਆ।
ਤਾਜੂਦੀਨ ਇੱਕ ਦਿਨ ਵਿੱਚ ਕਰੀਬ 20 ਘੜੀਆਂ ਠੀਕ ਕਰ ਲੈਂਦੇ ਸਨ, ਪਰ ਤਾਲਾਬੰਦੀ ਦੌਰਾਨ ਮੁਰੰਮਤ ਕਰਨ ਵਾਸਤੇ ਕੋਈ ਇੱਕ ਘੜੀ ਨਾ ਆਈ। ਉਨ੍ਹਾਂ ਨੇ ਘਰ ਦੀਆਂ ਕੁਝ ਘੜੀਆਂ ਠੀਕ ਕੀਤੀਆਂ। ਉਹ ਕਹਿੰਦੇ ਹਨ,“ਮੈਂ ਜ਼ਿਆਦਾਤਰ ਬੈਟਰੀਆਂ ਠੀਕ ਕੀਤੀਆਂ, ਸਸਤੀ ਤੇ ਬਗ਼ੈਰ ਬਰਾਂਡ ਵਾਲ਼ੀਆਂ ਘੜੀਆਂ ਦੇ ਗਲਾਸ (‘ਕ੍ਰਿਸਟਲ’) ਜਾਂ ਪਟੇ ਬਦਲੇ।” ਹਾਲਾਂਕਿ, ਅਗਸਤ ਵਿੱਚ ਉਨ੍ਹਾਂ ਨੂੰ ਆਪਣੀ ਪੂਰੀ ਤਨਖ਼ਾਹ ਮਿਲ਼ ਗਈ।
ਤਾਜੂਦੀਨ ਕਹਿੰਦੇ ਹਨ ਕਿ ਘੜੀਆਂ ਦੀ ਮੁਰੰਮਤ ਦਾ ਕੰਮ ਕਿਸੇ ਵਿਸ਼ੇਸ਼ ਭਾਈਚਾਰੇ ਦਾ ਰਵਾਇਤੀ ਕੰਮ ਨਹੀਂ ਰਿਹਾ ਹੈ ਤੇ ਇਹਨੂੰ ਕਿਸੇ ਪਾਸਿਓਂ ਕੋਈ ਸਹਾਇਤਾ ਵੀ ਨਹੀਂ ਮਿਲ਼ਦੀ। ਉਨ੍ਹਾਂ ਦਾ ਕਹਿਣਾ ਹੈ ਕਿ ਘੜੀਸਾਜ਼ਾਂ ਨੂੰ ਸਰਕਾਰੀ ਸਹਾਇਤਾ ਮਿਲ਼ਣੀ ਚਾਹੀਦੀ ਹੈ।
ਜਗਦੰਬਾ ਜੰਕਸ਼ਨ ਦੀ ਇੱਕ ਹਰਮਨ-ਪਿਆਰੀ ਦੁਕਾਨ ਵਿੱਚ ਘੜੀਆਂ ਦੀ ਮੁਰੰਮਤ ਕਰਨ ਵਾਲ਼ੇ ਐੱਸ.ਕੇ. ਏਲੀਯਾਸੀਨ ਕਹਿੰਦੇ ਹਨ,“ਸ਼ਾਇਦ ਕੁਝ ਵਿੱਤੀ ਸਹਾਇਤਾ ਮਿਲ਼ਣ ਦੀ ਸੂਰਤ ਵਿੱਚ ਸਾਡਾ ਕੰਮ ਸਰ ਜਾਵੇਗਾ: ਖ਼ਾਸ ਕਰਕੇ ਇਨ੍ਹਾਂ ਔਖ਼ੇ ਦਿਨਾਂ ਵਿੱਚ।” ਉਨ੍ਹਾਂ ਨੂੰ ਵੀ ਅਪ੍ਰੈਲ ਤੋਂ ਜੂਨ ਤੱਖ ਉਨ੍ਹਾਂ ਦੀ ਪੂਰੀ ਤਨਖ਼ਾਹ-15,000 ਰੁਪਏ ਨਹੀਂ ਮਿਲ਼ੀ ਸੀ ਤੇ ਮਾਰਚ, ਜੁਲਾਈ ਤੇ ਅਗਸਤ ਵਿੱਚ ਉਨ੍ਹਾਂ ਨੂੰ ਸਿਰਫ਼ ਅੱਧੀ ਤਨਖ਼ਾਹ ਮਿਲ਼ੀ। 40 ਸਾਲਾ ਏਲੀਯਾਸੀਨ ਕਹਿੰਦੇ ਹਨ,“ਮੇਰੇ ਬੱਚਿਆਂ ਦੇ ਸਕੂਲ ਦੀ ਫ਼ੀਸ ਭਰਨ ਅਤੇ ਨਵੀਂ ਕਿਤਾਬਾਂ ਖਰੀਦਣ ਲਈ ਲਗਾਤਾਰ ਫ਼ੋਨ ਆਉਂਦੇ ਰਹੇ।” ਉਨ੍ਹਾਂ ਦੇ 10 ਤੇ 9 ਸਾਲਾਂ ਰਦੇ ਦੋ ਬੱਚੇ ਹਨ। “ਅਸੀਂ ਮੇਰੀ ਪਤਨੀ ਦੀ ਕਮਾਈ ਨਾਲ਼ ਗੁਜ਼ਾਰਾ ਚਲਾ ਰਹੇ ਸਾਂ।” ਉਨ੍ਹਾਂ ਦੀ ਪਤਨੀ ਆਬੀਦਾ, ਜੋ ਇੱਕ ਪ੍ਰਾਇਮਰੀ ਸਕੂਲ ਵਿਖੇ ਅਧਿਆਪਕਾ ਹਨ ਤੇ ਮਹੀਨੇ ਦਾ 7,000 ਰੁਪਿਆ ਕਮਾਉਂਦੀ ਹਨ ਤੇ ਪਰਿਵਾਰ ਨੇ ਬੱਚਿਆਂ ਦੀ ਫ਼ੀਸ ਤੇ ਕਿਤਾਬਾਂ ਵਾਸਤੇ ਆਬੀਦਾ ਦੇ ਮਾਪਿਆਂ ਕੋਲ਼ੋਂ 18,000 ਰੁਪਏ ਉਧਾਰ ਚੁੱਕੇ ਸਨ।
25 ਸਾਲ ਦੀ ਉਮਰੇ ਏਲੀਯਾਸੀਨ ਨੇ ਇਸ ਇਲ਼ਾਕੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਦੱਸਦੇ ਹਨ,“ਘੜੀਆਂ ਦੀ ਮੁਰੰਮਤ ਕਰਨਾ ਮੇਰੀ ਪਤਨੀ ਦਾ ਪਰਿਵਾਰਕ ਪੇਸ਼ਾ ਸੀ। ਉਹ ਕੰਮ ਮੈਨੂੰ ਇੰਨਾ ਚੰਗਾ ਲੱਗਿਆ ਕਿ ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਨੂੰ ਇਹ ਕੰਮ ਸਿਖਾਉਣ ਲਈ ਕਿਹਾ। ਇਸ ਹੁਨਰ ਨੇ ਮੈਨੂੰ ਜੀਊਂਦੇ ਰੱਖਣ ਦੀ ਤਾਕਤ ਤੇ ਸਾਧਨ ਬਖ਼ਸ਼ੇ।” ਏਲੀਯਾਸੀਨ, ਵਿਸ਼ਾਖਾਪਟਨਮ ਵਿਖੇ ਵੱਡੇ ਹੋਏ ਪਰ ਸਕੂਲ ਕਦੇ ਨਹੀਂ ਗਏ।
ਹਾਲਾਂਕਿ, ਏਲੀਯਾਸੀਨ ਦੇ ਕੋਲ਼ ਇੰਨੇ ਪੈਸੇ ਨਹੀਂ ਹਨ ਕਿ ਉਹ ਓਨੀਆਂ ਮਹਿੰਗੀਆਂ ਘੜੀਆਂ ਖਰੀਦ ਸਕਣ ਜਿਨ੍ਹਾਂ ਦੀ ਉਹ ਮੁਰੰਮਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘੜੀ ਦੇ ਵੱਡੇ ਬ੍ਰਾਂਡ ਆਮ ਤੌਰ ‘ਤੇ ਉਹਦੀ ਮੁਰੰਮਤ ਕਰਵਾਉਣ ਤੋਂ ਬਚਦੇ ਹਨ ਤੇ ਇਸ ਕੰਮ ਲਈ ਕਿਸੇ ਨੂੰ ਕੰਮ ‘ਤੇ ਵੀ ਨਹੀਂ ਰੱਖਦੇ। ਖ਼ਰਾਬ ਹੋਣ ਦੀ ਸੂਰਤ ਵਿੱਚ ਘੜੀ ਦੇ ‘ਮੂਵਮੈਂਟ’ (ਘੜੀ ਦੀ ਅੰਦਰਲੀ ਮਸ਼ੀਨ) ਨੂੰ ਅਕਸਰ ਠੀਕ ਕਰਨ ਦੀ ਬਜਾਇ ਨਵੇਂ ਨਾਲ਼ ਬਦਲ ਦਿੱਤਾ ਜਾਂਦਾ ਹੈ। ਉਹ ਕਹਿੰਦੇ ਹਨ,“ਅਸੀਂ ਘੜੀ ਦੇ ਮੈਕੇਨਿਕ, ਮੂਵਮੈਂਟ ਨੂੰ ਠੀਕ ਕਰ ਸਕਦੇ ਹਾਂ। ਅਸੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਹਾਂ ਜੋ ਗ਼ੈਰ-ਜ਼ਰੂਰੀ ਰੂਪ ਨਾਲ਼ ਦੁਨੀਆ ਦੇ ਘੜੀ ਬ੍ਰਾਂਡਾਂ ਦੁਆਰਾ ਬਦਲ ਦਿੱਤੀ ਜਾਂਦੀ ਹੈ। ਮੈਨੂੰ ਆਪਣੇ ਕੰਮ ‘ਤੇ ਫਖ਼ਰ ਹੈ।”
ਹੱਥਾਂ ਵਿੱਚ ਇੰਨਾ ਹੁਨਰ ਹੋਣ ਦੇ ਬਾਵਜੂਦ ਵੀ ਏਲੀਯਾਸੀਨ, ਮੁਸਤਫ਼ਾ ਤੇ ਜਗਦੰਬਾ ਜੰਕਸ਼ਨ ਦੇ ਹੋਰ ਘੜੀਸਾਜ਼, 68 ਸਾਲਾ ਮੁਹੰਮਦ ਹਬੀਬੁਰ ਰਹਿਮਾਨ ਦਾ ਸਨਮਾਨ ਕਰਦੇ ਹਨ। ਉਨ੍ਹਾਂ ਮੁਤਾਬਕ ਉਹ ਕਿਸੇ ਵੀ ਕਿਸਮ ਦੀ ਘੜੀ ਦੀ ਮੁਰੰਮਤ ਕਰ ਸਕਦੇ ਹਨ, ਜਿਸ ਵਿੱਚ ਪੇਂਡੂਲਮ ਘੜੀਆਂ ਜਿਵੇਂ ਵਿੰਟੇਜ ਟਾਈਮਪੀਸ ਵੀ ਸ਼ਾਮਲ ਹਨ। ਉਹ ਇੱਕ ਪਲ ਵਿੱਚ ਪੁਰਾਣੀਆਂ ਘੜੀਆਂ ਦੀ ਪੇਚੀਦਾ ਮਸ਼ੀਨਰੀ ਨੂੰ ਠੀਕ ਕਰ ਸਕਦੇ ਹਨ ਤੇ ਗੋਤਾਖੋਰੀ ਵਾਲ਼ੀਆਂ ਘੜੀਆਂ ਤੇ ਕੁਆਰਟਜ਼ ਘੜੀਆਂ ਦੇ ਮਾਹਰ ਹਨ। ਹਬੀਬੁਰ (ਸਭ ਤੋਂ ਉਤਾਂਹ ਕਵਰ ਫ਼ੋਟੋ ਵਿੱਚ) ਕਹਿੰਦੇ ਹਨ,“ਕੁਝ ਹੀ ਲੋਕ ਬਚੇ ਹਨ ਜੋ ਪੇਂਡੂਲਮ ਘੜੀਆਂ ਨੂੰ ਪਸੰਦ ਕਰਦੇ ਹਨ। ਅੱਜਕੱਲ੍ਹ ਸਾਰਾ ਕੁਝ ਡਿਜ਼ੀਟਲ ਹੋ ਗਿਆ ਹੈ।”
ਜਿਹੜੀ ਦੁਕਾਨ ‘ਤੇ ਹਬੀਬੁਰ ਕੰਮ ਕਰਦੇ ਸਨ ਉਹਦੇ ਮਾਲਕ ਨੇ ਉਨ੍ਹਾਂ ਨੂੰ ਕਰੋਨਾ ਵਾਇਰਸ ਕਾਰਨ ਘਰੇ ਹੀ ਰਹਿਣ ਲਈ ਕਿਹਾ ਸੀ। ਉਹ ਕਹਿੰਦੇ ਹਨ,“ਫਿਰ ਵੀ ਮੈਂ ਆ ਜਾਂਦਾ ਹਾਂ। ਮੈਨੂੰ ਘੜੀਆਂ ਦੀ ਮੁਰੰਮਤ ਕਰਨੀ ਹੀ ਪੈਣੀ ਹੈ।” ਪਿਛਲੇ 5-6 ਸਾਲਾਂ ਤੋਂ ਉਨ੍ਹਾਂ ਨੂੰ ਸਿਰਫ਼ 4,500 ਮਹੀਨਾ ਤਨਖ਼ਾਹ ਮਿਲ਼ ਰਹੀ ਹੈ ਜਦੋਂਕਿ 2014 ਤੱਕ ਉਨ੍ਹਾਂ ਦੀ ਤਨਖ਼ਾਹ 8,000-12,000 ਰੁਪਏ ਸੀ। ਜਦੋਂ ਦੁਕਾਨ ਦੇ ਨਵੇਂ ਮਾਲਕ ਨੂੰ ਪਤਾ ਲੱਗਿਆ ਕਿ ਵਿੰਟੇਜ ਘੜੀਆਂ ਦੀ ਮੁਰੰਮਤ ਦੀ ਮੰਗ ਕੋਈ ਬਹੁਤੀ ਨਹੀਂ ਤਾਂ ਉਨ੍ਹਾਂ ਨੇ ਹਬੀਬੁਰ ਦੀ ਤਨਖ਼ਾਹ ਘਟਾ ਦਿੱਤੀ।
ਹਬੀਬੁਰ ਕਹਿੰਦੇ ਹਨ,“ਕਰੋਨਾ ਵਾਇਰਸ ਤੋਂ ਪਹਿਲਾਂ ਵੀ ਮੇਰੇ ਕੋਲ਼ ਮੁਰੰਮਤ ਵਾਸਤੇ ਕੋਈ ਬਹੁਤੀਆਂ ਘੜੀਆਂ ਨਾ ਆਉਂਦੀਆਂ। ਮੈਂ ਹਰ ਮਹੀਨੇ ਸ਼ਾਇਦ 40 ਘੜੀਆਂ ਦੀ ਮੁਰੰਮਤ ਕਰਦਾ ਸਾਂ। ਹੁਣ ਇੱਕ ਹਫ਼ਤੇ ਵਿੱਚ ਸਿਰਫ਼ ਇੱਕ ਜਾਂ ਦੋ ਘੜੀਆਂ ਹੀ ਆਉਂਦੀਆਂ ਹਨ।” ਅਪ੍ਰੈਲ ਤੇ ਮਈ ਵਿੱਚ ਉਨ੍ਹਾਂ ਨੂੰ ਤਨਖ਼ਾਹ ਨਾ ਮਿਲ਼ੀ, ਪਰ ਜੂਨ ਤੋਂ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲ਼ ਰਹੀ ਹੈ। “ਜੇ ਉਹ ਮੇਰੀ ਤਨਖ਼ਾਹ ਕੱਟਣਗੇ ਤਾਂ ਘਰ ਦਾ ਗੁਜਾਰਾ ਚਲਾਉਣਾ ਮੁਸ਼ਕਲ ਹੋ ਜਾਊਗਾ।” ਹਬੀਬੁਰ ਤੇ ਉਨ੍ਹਾਂ ਦੀ 55 ਸਾਲਾ ਪਤਨੀ, ਜੁਲੇਖ਼ਾ ਬੇਗ਼ਮ ਆਪਣੀ ਸਾਂਝੀ ਕਮਾਈ ਨਾਲ਼ ਘਰ ਦਾ ਖਰਚਾ ਚਲਾਉਂਦੇ ਹਨ। ਤਾਲਾਬੰਦੀ ਤੋਂ ਪਹਿਲਾਂ, ਉਹ ਕੱਪੜੇ ਸਿਊਂ ਕੇ ਮਹੀਨਾ ਦਾ ਲਗਭਗ 4,000-5,000 ਰੁਪਏ ਕਮਾ ਲੈਂਦੀ ਸਨ।
ਹਬੀਬੁਰ ਜਦੋਂ 15 ਸਾਲ ਦੇ ਸਨ ਤਾਂ ਕੰਮ ਦੀ ਭਾਲ਼ ਵਿੱਚ ਵਿਸ਼ਾਖਾਪਟਨਮ ਆਏ ਸਨ। ਉਨ੍ਹਾਂ ਦੇ ਪਿਤਾ ਓੜੀਸਾ ਦੇ ਗਜਪਤੀ ਜ਼ਿਲ੍ਹੇ ਦੇ ਪਰਲਾਖੇਮੁੰਡੀ ਸ਼ਹਿਰ ਦੇ ਇੱਕ ਘੜੀਸਾਜ਼ ਸਨ। ਉਹ ਚੇਤੇ ਕਰਦੇ ਹਨ ਕਿ ਜਦੋਂ ਉਹ ਅਜੇ 20 ਸਾਲਾਂ ਦੇ ਸਨ ਤਾਂ ਵਿਸ਼ਾਖਾਪਟਨਮ ਵਿੱਚ ਘੜੀ ਦੇ ਕਰੀਬ 250-300 ਮਕੈਨਿਕ ਹੋਇਆ ਕਰਦੇ ਸਨ। ਉਹ ਦੱਸਦੇ ਹਨ,“ਪਰ ਹੁਣ ਮੁਸ਼ਕਲ ਨਾਲ਼ ਹੀ 50 ਮਕੈਨਿਕ ਬਚੇ ਰਹਿ ਗਏ ਨੇ। ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ, ਸ਼ਾਇਦ ਕੋਈ ਵੀ ਨਾ ਬਚਿਆ ਰਹੇਗਾ।”
ਉਨ੍ਹਾਂ ਨੇ ਆਪਣੀਆਂ ਚਾਰ ਧੀਆਂ ਵਿੱਚੋਂ ਸਭ ਤੋਂ ਛੋਟੀ ਬੇਟੀ ਨੂੰ ਇਹ ਹੁਨਰ ਸਿਖਾਇਆ ਹੈ; ਬਾਕੀ ਤਿੰਨ ਧੀਆਂ ਦਾ ਵਿਆਹ ਹੋ ਚੁੱਕਿਆ ਹੈ। ਉਹ ਬੀ.ਕਾਮ. ਦੀ ਪੜ੍ਹਾਈ ਕਰ ਰਹੀ ਆਪਣੀ 19 ਸਾਲਾ ਧੀ ਬਾਰੇ ਦੱਸਦੇ ਹਨ,“ਉਹਨੂੰ ਇਹ ਕੰਮ ਪਸੰਦ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੇ ਸਮਿਆਂ ਦੀ ਬਿਹਤਰੀਨ ਘੜੀਸਾਜ਼ ਬਣੇਗੀ।”
ਹਬੀਬੁਰ ਦਾ ਇੱਕ ਹੋਰ ਸੁਪਨਾ ਹੈ: ਉਹ ਘੜੀਆਂ ਦਾ ਆਪਣਾ ਬ੍ਰਾਂਡ ਸਥਾਪਤ ਕਰਨਾ ਚਾਹੁੰਦੇ ਹੋ। ਹਬੀਬੁਰ ਕਹਿੰਦੇ ਹਨ,“ਘੜੀ ਦੀ ਮੁਰੰਮਤ ਕਰਨਾ ਸਮੇਂ ਨੂੰ ਠੀਕ ਕਰਨ ਜਿਹਾ ਹੈ। ਮੈਨੂੰ ਆਪਣੀ ਉਮਰ ਦੀ ਪਰਵਾਹ ਨਹੀਂ ਹੈ। ਮੈਂ ਜਦੋਂ ਕਿਸੇ ਘੜੀ ‘ਤੇ ਕੰਮ ਕਰਦਾ ਹਾਂ ਤਾਂ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨਾ ਸਮਾਂ ਲੱਗੇਗਾ। ਜਦੋਂ ਤੱਕ ਕੋਈ ਘੜੀ ਠੀਕ ਨਹੀਂ ਹੋ ਜਾਂਦੀ ਮੈਂ ਉਸ ‘ਤੇ ਕੰਮ ਜਾਰੀ ਰੱਖਦਾ ਹਾਂ। ਮੈਂ ਖ਼ੁਦ ਨੂੰ 20ਵੇਂ ਵਰ੍ਹੇ ਵਿੱਚ ਮਹਿਸੂਸ ਕਰਦਾ ਹਾਂ।”
ਤਰਜਮਾ: ਕਮਲਜੀਤ ਕੌਰ