ਸੁਨੀਲ ਗੁਪਤਾ ਘਰੋਂ ਕੰਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ 'ਦਫ਼ਤਰ', ਗੇਟਵੇਅ ਇੰਡੀਆ, ਪਿਛਲੇ 15 ਮਹੀਨਿਆਂ ਦੀ ਤਾਲਾਬੰਦੀ ਦੌਰਾਨ ਲੰਬੇ ਸਮੇਂ ਤੋਂ ਬੰਦ ਪਿਆ ਹੈ।
''ਸਾਡੇ ਲਈ ਤਾਂ ਇਹੀ ਦਫ਼ਤਰ (ਆਫਿਸ) ਹੈ। ਹੁਣ ਅਸੀਂ ਕਿੱਥੇ ਜਾਈਏ?'' ਉਹ ਦੱਖਣ ਮੁੰਬਈ ਸਥਿਤ ਇਸ ਸਮਾਰਕ ਵੱਲ਼ ਇਸ਼ਾਰਾ ਕਰਦਿਆਂ ਪੁੱਛਦੇ ਹਨ।
ਤਾਲਾਬੰਦੀ ਸ਼ੁਰੂ ਹੋਣ ਤੱਕ, ਸੁਨੀਲ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਸੈਰ-ਸਪਾਟੇ ਦੀ ਲੋਕਪ੍ਰਿਯ ਥਾਂ 'ਤੇ ਆਪਣਾ ਕੈਮਰਾ ਚੁੱਕੀ ਲੋਕਾਂ ਦੀ ਉਡੀਕ ਕਰਿਆ ਕਰਦੇ ਸਨ। ਜਿਓਂ ਹੀ ਲੋਕ ਚੈੱਕਪੁਆਇੰਟ ਪਾਰ ਕਰਕੇ ਗੇਟਵੇਅ ਵੱਲ ਵੱਧਦੇ ਤਾਂ ਉਹ ਅਤੇ ਉਨ੍ਹਾਂ ਜਿਹੇ ਹੋਰ ਉਤਸਾਹੀ ਫ਼ੋਟੋਗਰਾਫ਼ਰ ਲੋਕਾਂ ਨੂੰ ਆਪਣੀਆਂ ਵੰਨ-ਸੁਵੰਨੀਆਂ ਐਲਬਮਾਂ ਦਿਖਾ ਦਿਖਾ ਕੇ ਖੁਸ਼ ਕਰਿਆ ਕਰਦੇ ਅਤੇ ਕਹਿੰਦੇ: ' ਏਕ ਮਿੰਟ ਮੇਂ ਫੁਲ ਫੈਮਿਲੀ ਫ਼ੋਟੋ' ਜਾਂ 'ਕ੍ਰਿਪਾ ਇੱਕ ਫ਼ੋਟੋ ਤਾਂ ਖਿਚਾਓ '। ਕੀਮਤ ਸਿਰਫ਼ 30 ਰੁਪਏ।
ਇਸ ਸਾਲ ਅਪ੍ਰੈਲ ਦੇ ਅੱਧ ਤੋਂ ਮੁੰਬਈ ਅੰਦਰ ਲੱਗੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ, ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ, ਉਨ੍ਹਾਂ ਸਾਰਿਆਂ ਕੋਲ਼ ਬਹੁਤ ਹੀ ਥੋੜ੍ਹਾ ਕੰਮ ਬਚਿਆ। ''ਇੱਕ ਸਵੇਰ ਮੈਂ ਇੱਥੇ ਆਇਆ ਤਾਂ ਇੰਝ ਲੱਗਿਆ ਜਿਵੇਂ ਮੇਰੇ ਮੂੰਹ 'ਤੇ 'ਨੌ ਐਂਟਰੀ' ਦੀ ਮੁਹਰ ਲੱਗ ਗਈ ਹੋਵੇ,'' 39 ਸਾਲਾ ਸੁਨੀਲ ਨੇ ਅਪ੍ਰੈਲ ਮਹੀਨੇ ਵਿੱਚ ਮੈਨੂੰ ਦੱਸਿਆ। ''ਅਸੀਂ ਤਾਂ ਪਹਿਲਾਂ ਹੀ ਕਮਾਈ ਵਾਸਤੇ ਸੰਘਰਸ਼ ਕਰ ਰਹੇ ਸਾਂ ਅਤੇ ਹੁਣ ਸਾਡੀ ਆਮਦਨੀ ਮਨਫ਼ੀ ਹੋਣ ਜਾ ਰਹੀ ਹੈ। ਮੇਰੇ ਅੰਦਰ ਹੁਣ ਹੋਰ ਨੁਕਸਾਨ ਝੱਲਣ ਦੀ ਹਿੰਮਤ ਨਹੀਂ ਬਚੀ।''
ਉਨ੍ਹਾਂ ਦੇ 'ਦਫ਼ਤਰ' ਵਿੱਚ, ਜਦੋਂ ਕੰਮ ਉਪਲਬਧ ਹੁੰਦਾ ਸੀ ਤਾਂ ਸੁਨੀਲ ਅਤੇ ਗੇਟਵੇਅ ਦੇ ਹੋਰ ਫ਼ੋਟੋਗਰਾਫ਼ਰ (ਸਾਰੇ ਬੰਦੇ) 'ਰਸਮੀ' ਕੱਪੜੇ ਪਾਉਂਦੇ ਹੁੰਦੇ ਸਨ ਜਿਸ ਵਿੱਚ ਪ੍ਰੈੱਸ ਕੀਤੀਆਂ ਚਿੱਟੀਆਂ ਕਮੀਜ਼ਾਂ, ਕਾਲ਼ੀਆਂ ਪੈਂਟਾਂ, ਕਾਲ਼ੇ ਬੂਟ ਸ਼ਾਮਲ ਹੁੰਦੇ। ਉਨ੍ਹਾਂ ਵਿੱਚੋਂ ਹਰੇਕ ਦੇ ਗੱਲ ਦੁਆਲ਼ੇ ਕੈਮਰੇ ਦੀ ਵੱਧਰੀ ਲਮਕਦੀ ਹੁੰਦੀ ਅਤੇ ਪਿੱਠ 'ਤੇ ਲਮਕਦਾ ਪਿੱਠੂ ਬੈਗ ਹੁੰਦਾ। ਕਈਆਂ ਨੇ ਰੰਗ-ਬਿਰੰਗੀਆਂ ਐਨਕਾਂ ਆਪਣੀਆਂ ਕਮੀਜ਼ਾਂ ਦੇ ਨਾਲ਼ ਟੰਗੀਆਂ ਰਹਿੰਦੀਆਂ ਜੋ ਕਿ ਸੈਲਾਨੀਆਂ ਨੂੰ ਵੱਖਰੇ-ਵੱਖਰੇ ਸਟਾਇਲ ਮਾਰ ਕੇ ਫ਼ੋਟੋਆਂ ਖਿਚਾਉਣ ਲਈ ਆਕਰਸ਼ਤ ਕਰਦੀਆਂ। ਉਨ੍ਹਾਂ ਦੇ ਹੱਥਾਂ ਵਿੱਚ ਐਲਬਮਾਂ ਫੜ੍ਹੀਆਂ ਰਹਿੰਦੀਆਂ ਜਿਨ੍ਹਾਂ ਵਿੱਚ ਸਮਾਰਕ 'ਤੇ ਹੱਸਦੇ ਚਿਹਰਿਆਂ ਦੀ ਫ਼ੋਟੋਆਂ ਹੁੰਦੀਆਂ।
''ਹੁਣ ਤੁਸੀਂ ਦੇਖੋਗੇ ਕਿ ਸਾਡੀ (ਫ਼ੋਟੋਗਰਾਫਰਾਂ) ਦੀ ਗਿਣਤੀ ਵੱਧ ਹੈ ਅਤੇ ਲੋਕਾਂ ਦੀ ਘੱਟ,'' ਸੁਨੀਲ ਕਹਿੰਦੇ ਹਨ। ਮਾਰਚ 2020 ਨੂੰ ਪਹਿਲੀ ਤਾਲਾਬੰਦੀ ਸ਼ੁਰੂ ਹੋਣ 'ਤੇ, ਉਨ੍ਹਾਂ ਤੇ ਹੋਰਨਾਂ ਫ਼ੋਟੋਗਰਾਫ਼ਰਾਂ ਦੇ ਅੰਦਾਜੇ ਮੁਤਾਬਕ ਗੇਟਵੇਅ 'ਤੇ ਕਰੀਬ 300 ਫ਼ੋਟੋਗਰਾਫ਼ਰ ਕੰਮ ਕਰਦੇ ਸਨ। ਉਦੋਂ ਤੋਂ, ਉਨ੍ਹਾਂ ਦੀ ਗਿਣਤੀ ਘੱਟ ਕੇ 100 ਰਹਿ ਗਈ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਹੋਰ ਕਿੱਤੇ ਅਪਣਾ ਲਏ ਅਤੇ ਕੁਝ ਵਾਪਸ ਆਪਣੇ ਘਰੀਂ ਪਰਤ ਗਏ।
ਪਿਛਲੇ ਸਾਲ, ਅਗਸਤ ਵਿੱਚ ਸੁਨੀਲ ਨੇ ਆਪਣਾ ਕੰਮ ਦੋਬਾਰਾ ਸ਼ੁਰੂ ਕੀਤਾ। ''ਅਸੀਂ ਸਵੇਰੇ ਅਤੇ ਰਾਤੀਂ ਖੜ੍ਹੇ ਰਹਿੰਦੇ ਇੱਥੋਂ ਤੱਕ ਕਿ ਵਰ੍ਹਦੇ ਮੀਂਹ ਵਿੱਚ ਵੀ ਖੜ੍ਹੇ ਰਹਿ ਕੇ ਗਾਹਕ ਦੀ ਉਡੀਕ ਕਰਦੇ। ਦੀਵਾਲੀ (ਨਵੰਬਰ ਵਿੱਚ) ਦੌਰਾਨ ਮੇਰੇ ਕੋਲ਼ ਬੱਚਿਆਂ ਵਾਸਤੇ ਮਿਠਾਈ ਖਰੀਦਣ ਤੱਕ ਦੇ ਪੈਸੇ ਵੀ ਨਹੀਂ ਸਨ,'' ਉਹ ਕਹਿੰਦੇ ਹਨ। ਫਿਰ ਉਹ 'ਲੱਕੀ' ਨੂੰ ਮਿਲ਼ੇ ਅਤੇ ਉਹ ਤਿਓਹਾਰ ਦੇ ਦਿਨ 130 ਰੁਪਏ ਕਮਾਉਣ ਵਿੱਚ ਕਾਮਯਾਬ ਹੋ ਗਏ, ਉਹ ਅੱਗੇ ਦੱਸਦੇ ਹਨ। ਉਸ ਸਮੇਂ ਦੌਰਾਨ, ਫ਼ੋਟੋਗਰਾਫ਼ਰਾਂ ਨੂੰ ਰਾਸ਼ਨ ਵੰਡਣ ਵਾਲ਼ਿਆਂ ਕਰਨ ਵਾਲ਼ੇ ਵਿਅਕਤੀਗਤ ਦਾਨੀਆਂ ਅਤੇ ਸੰਗਠਨਾਂ ਪਾਸੋਂ ਕਦੇ-ਕਦੇ ਮਾਇਕ ਮਦਦ ਮਿਲ਼ਦੀ।
2008 ਵਿੱਚ ਇਹ ਕੰਮ ਸ਼ੁਰੂ ਕਰਨ ਵੇਲ਼ੇ, ਸੁਨੀਲ ਦੀ ਆਮਦਨੀ ਉਦੋਂ ਵੀ ਹੇਠਾਂ ਵੱਲ਼ ਖਿਸਕਦੀ ਰਹੀ: ਇੱਕ ਦਿਨ ਵਿੱਚ ਜੋ ਆਮਦਨੀ 400-1,000 ਰੁਪਏ (ਵੱਡੇ ਤਿਓਹਾਰਾਂ ਦੇ ਮੌਕੇ ਜਾਂ 10 ਫ਼ੋਟੋਆਂ ਖਿਚਾਉਣ ਵਾਲ਼ਿਆਂ ਪਾਸੋਂ ਵੱਧ ਤੋਂ ਵੱਧ 1,500 ਰੁਪਏ ਬਣ ਜਾਂਦੇ) ਸੀ ਉਹ ਸਮਾਰਟਫੋਨ ਦੇ ਪੈਰ ਪਸਾਰਣ ਤੋਂ ਬਾਅਦ ਹੋਰ ਹੇਠਾਂ ਖਿਸਕ ਕੇ ਰੋਜ਼ਾਨਾਂ ਦੀ 200-600 ਰੁਪਏ 'ਤੇ ਆ ਗਈ।
ਅਤੇ ਰਹਿੰਦੀ-ਖੂੰਹਦੀ ਕਸਰ ਪਿਛਲੇ ਸਾਲ ਲੱਗੀ ਤਾਲਾਬੰਦੀ ਨੇ ਪੂਰੀ ਕਰ ਦਿੱਤੀ, ਜਿਸ ਨਾਲ਼ ਉਨ੍ਹਾਂ ਦੀ ਰੋਜਾਨਾ ਦੀ ਆਮਦਨੀ 60-100 ਰੁਪਏ ਤੱਕ ਆ ਗਈ।
''ਪੂਰਾ ਦਿਨ ਬੋਣ੍ਹੀ (ਦਿਨ ਦੀ ਪਹਿਲੀ ਕਮਾਈ) ਨਾ ਹੋਣਾ ਸਾਡੀ ਰੋਜ਼ਮੱਰਾ ਦੀ ਕਿਮਸਤ ਬਣਦੀ ਜਾਂਦੀ ਹੈ। ਸਾਡਾ ਧੰਦਾ ਤਾਂ ਪਹਿਲਾਂ ਹੀ ਬੀਤੇ ਕੁਝ ਸਾਲਾਂ ਵਿੱਚੋਂ ਸਭ ਤੋਂ ਮਾੜੀ ਹਾਲਤ ਵਿੱਚ ਹੈ। ਪਰ ਪਹਿਲਾਂ ਕਦੇ ਇੰਨੇ ਮਾੜੇ ਹਾਲਾਤ ਨਹੀਂ ਹੁੰਦੇ ਸਨ ਜਿੰਨੇ ਕਿ ਹੁਣ ਬਣਦੇ ਜਾਂਦੇ ਹਨ,'' ਸੁਨੀਲ ਕਹਿੰਦੇ ਹਨ, ਜੋ ਆਪਣੀ ਪਤਨੀ ਸਿੰਧੂ ਅਤੇ ਤਿੰਨ ਬੱਚਿਆਂ ਦੇ ਨਾਲ਼ ਦੱਖਣ ਮੁੰਬਈ ਦੇ ਕੂਫੇ ਪਰੇਡ ਇਲਾਕੇ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਪਤਨੀ ਇੱਕ ਘਰੇਲੂ ਇਸਤਰੀ ਹਨ ਅਤੇ ਕਦੇ-ਕਦੇ ਸਿਲਾਈ ਸਿਖਾਉਂਦੀ ਹਨ।
ਸੁਨੀਲ ਉੱਤਰ ਪ੍ਰਦੇਸ਼ ਦੇ ਫਰਸਾਰਾ ਖੁਰਦ ਪਿੰਡ ਵਿੱਚੋਂ ਇਸ ਸ਼ਹਿਰ ਵਿੱਚ 1991 ਵਿੱਚ ਆਪਣੇ ਮਾਮਾ ਦੇ ਨਾਲ਼ ਆਏ ਸਨ। ਪਰਿਵਾਰ ਕੰਡੂ ਭਾਈਚਾਰੇ (ਓਬੀਸੀ/ਹੋਰ ਪਿਛੜੀ ਸ਼੍ਰੇਣੀ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ ਮਊ ਜਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਵਿੱਚ ਹਲਦੀ, ਗਰਮ ਮਸਾਲਾ ਅਤੇ ਹੋਰ ਮਸਾਲੇ ਵੇਚਿਆ ਕਰਦੇ ਸਨ। ''ਮੇਰੇ ਮਾਮਾ ਅਤੇ ਮੈਂ ਗੇਟਵੇਅ ਵਿਖੇ ਭੇਲ ਪੂਰੀ ਵੇਚਣ ਦਾ ਇੱਕ ਠੇਲਾ ਲਾ ਲਿਆ, ਜਿੱਥੇ ਕਦੇ ਕਦੇ ਅਸੀਂ ਕੁਝ ਹੋਰ ਸਮਾਨ ਜਿਵੇਂ ਪਾਪਕੌਰਨ, ਆਈਸਕ੍ਰੀਮ, ਨਿੰਬੂ ਪਾਣੀ ਵੇਚ ਲਿਆ ਕਰਦੇ। ਅਸੀਂ ਕਈ ਫ਼ੋਟੋਗਰਾਫ਼ਰਾਂ ਨੂੰ ਉੱਥੇ ਕੰਮ ਕਰਦਾ ਦੇਖਦੇ ਅਤੇ ਇੱਥੇ ਹੀ ਮੈਨੂੰ ਇਸ ਕੰਮ ਦਾ ਚਸਕਾ ਪੈ ਗਿਆ,'' ਸੁਨੀਲ ਕਹਿੰਦੇ ਹਨ।
ਸਮਾਂ ਬੀਤਣ ਦੇ ਨਾਲ਼, ਉਨ੍ਹਾਂ ਨੇ ਆਪਣੀ ਬੱਚਤ ਰਾਹੀਂ, ਕੁਝ ਦੋਸਤਾਂ ਅਤੇ ਪਰਿਵਾਰ ਪਾਸੋਂ ਉਧਾਰ ਲੈ ਕੇ 2008 ਵਿੱਚ ਨੇੜਲੀ ਬੋਰਾ ਬਜਾਰ ਮਾਰਕਿਟ ਵਿੱਚੋਂ ਪੁਰਾਣਾ ਬੇਸਿਕ ਐੱਸਐੱਲਆਰ/SLR ਕੈਮਰਾ ਅਤੇ ਪ੍ਰਿੰਟਰ ਖਰੀਦਿਆ। (2019 ਦੇ ਅਖੀਰ ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਉਧਾਰ ਚੁੱਕ ਕੇ ਨਿਕੋਨ ਡੀ7200 ਦਾ ਮਹਿੰਗਾ ਕੈਮਰਾ ਖਰੀਦਿਆ ਅਤੇ ਉਹ ਉਧਾਰ ਦਾ ਪੈਸਾ ਅਜੇ ਵੀ ਚੁਕਾ ਰਹੇ ਹਨ)।
ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਕੈਮਰਾ ਖਰੀਦਿਆ, ਸੁਨੀਲ ਨੇ ਕਾਰੋਬਾਰ ਵਿੱਚ ਉਛਾਲ ਮਹਿਸੂਸ ਕੀਤਾ ਸੀ ਕਿਉਂਕਿ ਪੋਰਟੇਬਲ ਪ੍ਰਿੰਟਰ ਦੀ ਮਦਦ ਨਾਲ਼ ਗਾਹਕਾਂ ਨੂੰ ਫੌਰਨ ਤਸਵੀਰਾਂ ਦਿੱਤੀ ਜਾ ਸਕਦੀਆਂ ਸੀ। ਪਰ ਫਿਰ ਸਮਾਰਟ ਫੋਨ ਮਿਲ਼ਣੇ ਸੌਖੀ ਗੱਲ ਹੋ ਗਈ ਅਤੇ ਉਨ੍ਹਾਂ ਦੀਆਂ ਤਸੀਵਰਾਂ ਦੀ ਮੰਗ ਘਟਣ ਲੱਗੀ। ਪਿਛਲੇ ਕੁਝ ਦਹਾਕਿਆਂ ਤੋਂ, ਕੋਈ ਵੀ ਨਵਾਂ ਚਿਹਰਾ ਇਸ ਧੰਦੇ ਵਿੱਚ ਸ਼ਾਮਲ ਨਹੀਂ ਹੋਇਆ। ਉਹ ਇਨ੍ਹਾਂ ਫ਼ੋਟੋਗਰਾਫਰਾਂ ਵਿੱਚ ਸ਼ਾਮਲ ਹੋਣ ਵਾਲ਼ਾ ਅਖੀਰਲਾ ਬੈਂਚ ਸੀ।
ਹੁਣ, ਪੋਰਟੇਬਲ ਪ੍ਰਿੰਟਰਾਂ ਤੋਂ ਇਲਾਵਾ, ਸਮਾਰਟਫੋਨ ਨਾਲ਼ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ ਕੁਝ ਫ਼ੋਟੋਗਰਾਫ਼ਰ ਆਪਣੇ ਨਾਲ਼ ਯੂਐੱਸਬੀ ਡਿਵਾਈਸ ਵੀ ਚੁੱਕੀ ਫਿਰਦੇ ਹਨ ਤਾਂ ਕਿ ਉਹ ਆਪਣੇ ਕੈਮਰੇ ਤੋਂ ਖਿੱਚੀਆਂ ਫ਼ੋਟੋਆਂ ਸਿੱਧੀਆਂ ਗਾਹਕ ਦੇ ਮੋਬਾਇਲ ਵਿੱਚ ਪਾ ਦੇਣ ਅਤੇ ਇਸ ਸੇਵਾ ਵਾਸਤੇ ਉਹ 15 ਰੁਪਏ ਲੈਂਦੇ ਹਨ।
ਸੁਨੀਲ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੇਟਵੇਅ ਵਿਖੇ ਇੱਕ ਪੀੜ੍ਹੀ ਦੇ ਫ਼ੋਟੋਗਰਾਫ਼ਰ ਪੋਲਾਰੌਇਡਜ਼ ਦੀ ਵਰਤੋਂ ਕਰਦੇ ਸਨ, ਪਰ ਉਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਛਾਪਣਾ (ਪ੍ਰਿੰਟ ਕਰਨਾ) ਅਤੇ ਇਨ੍ਹਾਂ ਨੂੰ ਸੰਭਾਲ਼ਣਾ ਬਹੁਤ ਮਹਿੰਗਾ ਪੈਂਦਾ। ਜਦੋਂ ਉਹ ਪੁਆਇੰਟ ਐਂਡ ਸ਼ੂਟ ਕੈਮਰਿਆਂ ਵੱਲ ਹੋਏ ਤਾਂ ਉਹ ਡਾਕ ਰਾਹੀਂ ਆਪਣੇ ਗਾਹਕਾਂ ਨੂੰ ਫ਼ੋਟੋਆਂ ਭੇਜਦੇ।
ਗੇਟਵੇਅ ਵਿਖੇ ਪੋਲਾਰੌਇਡਜ਼ ਦਾ ਇਸਤੇਮਾਲ ਕਰਨ ਵਾਲ਼ੀ ਪੀੜ੍ਹੀ ਵਿੱਚੋਂ ਇੱਕ ਹਨ ਗੰਗਾਰਾਮ ਚੌਧਰੀ। ''ਉਹ ਇੱਕ ਅਜਿਹਾ ਸਮਾਂ ਸੀ ਜਦੋਂ ਲੋਕ ਸਾਡੇ ਕੋਲ਼ ਆਉਂਦੇ ਅਤੇ ਸਾਨੂੰ ਆਪਣੀ ਫ਼ੋਟੋ ਖਿੱਚਣ ਲਈ ਕਹਿੰਦੇ,'' ਉਹ ਚੇਤੇ ਕਰਦੇ ਹਨ। ''ਹੁਣ ਸਾਡੇ ਵੱਲ ਕੋਈ ਧਿਆਨ ਨਹੀਂ ਦਿੰਦਾ, ਜਿਵੇਂ ਸਾਡਾ ਕੋਈ ਵਜੂਦ ਹੀ ਨਾ ਹੋਵੇ।''
ਗੰਗਾਰਾਮ ਨੇ ਬਿਹਾਰ ਦੇ ਮਧੁਰਾਈ ਜਿਲ੍ਹੇ ਵਿੱਚ ਪੈਂਦੇ ਡੁਮਰੀ ਪਿੰਡ ਵਿੱਚੋਂ ਮੁੰਬਈ ਆਣ ਕੇ ਜਦੋਂ ਗੇਟਵੇਅ ਵਿਖੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਉਹ ਮੁਸ਼ਕਲ ਨਾਲ਼ ਅੱਲ੍ਹੜ (ਗਭਰੇਟ) ਉਮਰ ਸਨ। ਉਹ ਕੇਵਟ (ਓਬੀਸੀ ਵਜੋਂ ਸੂਚੀਬੱਧ) ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ। ਉਹ ਪਹਿਲਾਂ ਕਲਕੱਤਾ ਸ਼ਿਫਟ ਹੋਏ ਜਿੱਥੇ ਉਨ੍ਹਾਂ ਦੇ ਪਿਤਾ ਨੇ ਬਤੌਰ ਰਿਕਸ਼ਾ-ਚਾਲਕ ਕੰਮ ਕੀਤਾ ਅਤੇ ਜਿੱਥੇ ਉਨ੍ਹਾਂ ਨੂੰ ਲਾਂਗਰੀ ਦੇ ਸਹਾਇਕ ਵਜੋਂ ਕੰਮ ਮਿਲ਼ਿਆ, ਇਹਦੇ ਬਦਲੇ ਉਨ੍ਹਾਂ ਨੂੰ 50 ਰੁਪਏ ਮਹੀਨਾ ਤਨਖਾਹ ਮਿਲ਼ਦੀ। ਸਾਲ ਦੇ ਅੰਦਰ-ਅੰਦਰ ਉਨ੍ਹਾਂ ਦੇ ਮਾਲਕ ਨੇ ਉਨ੍ਹਾਂ ਨੂੰ ਮੁੰਬਈ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਕੋਲ਼ ਕੰਮ ਕਰਨ ਭੇਜ ਦਿੱਤਾ।
ਕੁਝ ਚਿਰਾਂ ਬਾਅਦ, ਗੰਗਾਰਾਮ, ਜੋ ਹੁਣ ਆਪਣੀ ਉਮਰ ਦੇ 50ਵੇਂ ਵਰ੍ਹੇ ਵਿੱਚ ਹਨ, ਆਪਣੇ ਦੂਰ ਦੇ ਰਿਸ਼ਤੇਦਾਰ ਨੂੰ ਮਿਲ਼ੇ ਜੋ ਗੇਟਵੇਅ ਵਿਖੇ ਫ਼ੋਟੋਗਰਾਫ਼ਰ ਸਨ। ''ਮੈਂ ਸੋਚਿਆ ਕਿਉਂ ਨਾ ਮੈਂ ਵੀ ਇਸ ਧੰਦੇ ਵਿੱਚ ਆਪਣੀ ਕਿਸਮਤ ਅਜਮਾਵਾਂ?'' ਉਹ ਕਹਿੰਦੇ ਹਨ। 1980ਵਿਆਂ ਦੇ ਸਮੇਂ ਨੂੰ ਉਹ ਚੇਤਾ ਕਰਦੇ ਹਨ ਕਿ ਉਸ ਵੇਲ਼ੇ ਸਮਾਰਕ 'ਤੇ ਅਸੀਂ ਸਿਰਫ਼ 10-15 ਜਣੇ ਹੀ ਹੁੰਦੇ ਸਾਂ। ਕੁਝ ਸੀਨੀਅਰ ਫ਼ੋਟੋਗਰਾਫ਼ਰ ਆਪਣੇ ਵਾਧੂ ਪੋਲਾਰੌਇਡ ਜਾਂ ਪੁਆਇੰਟ-ਐਂਡ-ਸ਼ੂਟ ਕੈਮਰੇ ਕਮਿਸ਼ਨ ਲੈ ਕੇ ਉਧਾਰ ਦੇ ਦਿੰਦੇ। ਗੰਗਾਰਾਮ ਨੂੰ ਫ਼ੋਟੋ ਐਲਬਮ ਚੁੱਕੀ ਰੱਖਣ ਅਤੇ ਗਾਹਕਾਂ ਨੂੰ ਬੇਨਤੀ ਕਰਨ ਲਈ ਕਿਹਾ ਜਾਂਦਾ। ਹੌਲ਼ੀ-ਹੌਲ਼ੀ ਉਨ੍ਹਾਂ ਨੂੰ ਕੈਮਰਾ ਫੜ੍ਹਾਇਆ ਗਿਆ। ਗਾਹਕਾਂ ਤੋਂ ਪ੍ਰਤੀ ਫ਼ੋਟੋ ਲਏ ਜਾਣ ਵਾਲ਼ੇ 20 ਰੁਪਿਆਂ ਵਿੱਚੋਂ ਉਨ੍ਹਾਂ ਨੂੰ 2 ਜਾਂ 3 ਰੁਪਏ ਹੀ ਦਿੱਤੇ ਜਾਂਦੇ। ਰਾਤ ਵੇਲ਼ੇ ਉਹ ਅਤੇ ਹੋਰ ਕਈ ਜਣੇ ਕੋਬਾਲਾ ਫੁੱਟਪਾਥ 'ਤੇ ਹੀ ਸੌਂਦੇ ਅਤੇ ਦਿਨ ਵੇਲ਼ੇ ਫ਼ੋਟੋ ਖਿਚਾਉਣ ਵਾਸਤੇ ਲੋਕਾਂ ਦੀ ਭਾਲ਼ ਲਈ ਇੱਧਰ-ਉੱਧਰ ਝਾਕਦੇ ਰਹਿੰਦੇ।
''ਉਸ ਉਮਰੇ ਤੁਸੀਂ ਪੈਸਾ ਕਮਾਉਣ ਲਈ ਜੋਸ਼ ਨਾਲ਼ ਇੱਧਰ ਉੱਧਰ ਘੁੰਮਦੇ ਹੋ,'' ਮੁਸਕਰਾ ਕੇ ਗੰਗਾਰਾਮ ਕਹਿੰਦੇ ਹਨ। ''ਸ਼ੁਰੂਆਤ ਵਿੱਚ, ਜੋ ਵੀ ਫ਼ੋਟੋਆਂ ਮੈਂ ਖਿੱਚਦਾ ਉਹ ਕੁਝ ਟੇਢੀਆਂ-ਮੇਢੀਆਂ ਆਉਂਦੀਆਂ, ਪਰ ਸਮਾਂ ਬੀਤਣ ਦੇ ਨਾਲ਼-ਨਾਲ਼ ਤੁਸੀਂ ਕੰਮ ਵੀ ਸਿੱਖਦੇ ਜਾਂਦੇ ਹੋ।''
ਹਰੇਕ ਰੀਲ ਕੀਮਤੀ ਹੁੰਦੀ ਸੀ, ਇੱਕ ਰੀਲ ਵਿੱਚੋਂ 36 ਫ਼ੋਟੋਆਂ ਬਣਦੀਆਂ ਅਤੇ ਉਹਦੀ ਕੀਮਤ 35-40 ਰੁਪਏ ਰਹਿੰਦੀ। ''ਅਸੀਂ ਅੰਨ੍ਹੇਵਾਹ ਫ਼ੋਟੋਆਂ ਨਹੀਂ ਖਿੱਚ ਸਕਦੇ ਸਾਂ। ਉਦੋਂ ਹਰੇਕ ਫ਼ੋਟੋ ਬੜੀ ਸਾਵਧਾਨੀ ਅਤੇ ਸੋਚ-ਸਮਝ ਕੇ ਖਿੱਚਣੀ ਪੈਂਦੀ ਸੀ ਨਾ ਕਿ ਅੱਜ ਵਾਂਗ ਕਿ ਤੁਸੀਂ ਬਿਨਾ ਸੋਚੇ ਕਈ (ਡਿਜੀਟਲ) ਫ਼ੋਟੋਆਂ ਖਿੱਚੀ ਜਾਓ,'' ਗੰਗਾਰਾਮ ਕਹਿੰਦੇ ਹਨ। ਉਹ ਆਪਣੇ ਫਲੈਸ਼ ਤੋਂ ਬਗੈਰ ਕੈਮਰਿਆਂ ਨੂੰ ਚੇਤੇ ਕਰਦੇ ਹਨ, ਉਹ ਸੂਰਜ ਛਿਪਣ ਤੋਂ ਬਾਅਦ ਕੰਮ ਨਹੀਂ ਪਾਉਂਦੇ ਸਨ।
1980ਵਿਆਂ ਵਿੱਚ ਨੇੜੇ ਫੋਰਟ ਏਰੀਆ ਵਿੱਚ ਦੁਕਾਨਾਂ ਅਤੇ ਛੋਟੇ ਫ਼ੋਟੋ ਸਟੂਡਿਓ ਵਿੱਚ ਫ਼ੋਟੋਆਂ ਧੁਆਉਣ ਵਿੱਚ ਇੱਕ ਪੂਰਾ ਦਿਨ ਲੱਗ ਜਾਂਦਾ ਸੀ-ਹਰੇਕ ਰੀਲ ਨੂੰ ਡਿਵੈਲਪ ਕਰਨ ਲਈ 15 ਰੁਪਏ ਲੱਗਦੇ ਅਤੇ 4x5 ਇੰਚ ਦੀ ਰੰਗਦਾਰ ਫ਼ੋਟੋ ਦੀ ਛਪਾਈ 'ਤੇ 1.50 ਰੁਪਿਆ ਖਰਚਾ ਆਉਂਦਾ।
''ਪਰ ਹੁਣ ਸਾਨੂੰ ਆਪਣੇ ਢਿੱਡ ਦੀ ਖਾਤਰ ਸਾਰਾ ਕੁਝ ਚੁੱਕੀ ਫਿਰਨਾ ਪੈਂਦਾ ਹੈ,'' ਗੰਗਾਰਾਮ ਕਹਿੰਦੇ ਹਨ। ਫ਼ੋਟੋਗਰਾਫ਼ਰ ਕਰੀਬ 6-7 ਕਿਲੋ ਦਾ ਭਾਰ ਲਮਕਾਈ ਫਿਰਦੇ ਹਨ ਜਿਨ੍ਹਾਂ ਵਿੱਚ ਕੈਮਰਾ, ਪ੍ਰਿੰਟਰ, ਐਲਬਮਾਂ, ਪੇਪਰ (50 ਪੇਪਰਾਂ ਦੇ ਪੈਕਟਰ ਦੀ ਕੀਮਤ 110 ਰੁਪਏ+ ਕਾਰਟ੍ਰਿਜ ਲਾਗਤਾਂ ਵੀ ਪੈਂਦੀਆਂ ਹਨ)। ''ਅਸੀਂ ਪੂਰਾ ਦਿਨ ਗਾਹਕਾਂ ਨੂੰ ਫ਼ੋਟੋ ਖਿਚਾਉਣ ਲਈ ਮਨਾਉਣ ਖਾਤਰ ਖੜ੍ਹੇ ਰਹਿੰਦੇ ਹਾਂ। ਮੇਰੀ ਪਿੱਠ ਪੂਰੀ ਤਰ੍ਹਾਂ ਦੁਖਣ ਲੱਗਦੀ ਹੈ,'' ਗੰਗਾਰਾਮ ਕਹਿੰਦੇ ਹਨ, ਜੋ ਆਪਣੀ ਪਤਨੀ ਕੁਸੁਮ ਅਤੇ ਤਿੰਨ ਬੱਚਿਆਂ ਦੇ ਨਾਲ਼ ਨਾਰੀਮਨ ਪੁਆਇੰਟ ਝੁਗੀ ਬਸਤੀ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਪਤਨੀ ਘਰੇਲੂ ਇਸਤਰੀ ਹਨ।
ਗੇਟਵੇਅ ਵਿਖੇ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਵਿੱਚ, ਕੁਝ ਪਰਿਵਾਰ ਫ਼ੋਟੋਆਂ ਖਿਚਾਉਣ ਲਈ ਕਦੇ-ਕਦੇ ਕਿਸੇ ਫ਼ੋਟੋਗਰਾਫ਼ਰ ਨੂੰ ਆਪਣੇ ਮੁੰਬਈ ਦਰਸ਼ਨ ਟੂਰ 'ਤੇ ਨਾਲ਼ ਲੈ ਜਾਂਦੇ। ਅਜਿਹੇ ਸਮੇਂ ਗਾਹਕ ਨੂੰ ਫ਼ੋਟੋਆਂ ਡਾਕ ਜਾਂ ਕੋਰੀਅਰ ਰਾਹੀਂ ਭੇਜੀਆਂ ਜਾਂਦੀਆਂ। ਜੇਕਰ ਫ਼ੋਟੋਆਂ ਧੁੰਦਲੀਆਂ ਰਹਿ ਜਾਂਦੀਆਂ ਤਾਂ ਫ਼ੋਟੋਗਰਾਫ਼ਰ ਗਾਹਕ ਨੂੰ ਮੁਆਫੀ ਪੱਤਰ ਲਿਖ ਕੇ ਪੈਸੇ ਵਾਪਸ ਭੇਜ ਦਿਆ ਕਰਦੇ ਸਨ।
''ਇਹ ਸਾਰਾ ਕੁਝ ਭਰੋਸੇ 'ਤੇ ਟਿਕਿਆ ਸੀ ਅਤੇ ਉਹ ਭਲ਼ਾ ਵੇਲ਼ਾ ਸੀ। ਸਾਰੇ ਰਾਜਾਂ ਵਿੱਚੋਂ ਲੋਕ ਆਉਂਦੇ ਅਤੇ ਉਨ੍ਹਾਂ ਫ਼ੋਟੋਆਂ ਦੀ ਕਦਰ ਕਰਦੇ। ਉਨ੍ਹਾਂ ਵਾਸਤੇ ਇਹੀ ਇੱਕ ਅਜਿਹੀ ਯਾਦ ਹੁੰਦੀ ਜੋ ਉਹ ਵਾਪਸ ਘਰ ਜਾ ਕੇ ਆਪਣੇ ਪਰਿਵਾਰਾਂ ਨੂੰ ਦਿਖਾਉਂਦੇ। ਉਹ ਸਾਡੇ 'ਤੇ ਅਤੇ ਸਾਡੀ ਫ਼ੋਟੋਗਰਾਫੀ 'ਤੇ ਇਤਬਾਰ ਕਰਿਆ ਕਰਦੇ। ਫ਼ੋਟੋ ਖਿੱਚਣ ਦੌਰਾਨ ਸਾਡੀ ਖਾਸੀਅਤ ਇਹ ਰਹਿੰਦੀ ਕਿ ਤਸਵੀਰ ਵਿੱਚ ਇੰਝ ਹੀ ਜਾਪੇ ਜਿਵੇਂ ਸੱਚੀਓ ਤੁਸੀਂ ਗੇਟਵੇਅ ਜਾਂ ਤਾਜ਼ ਹੋਟਲ ਨੂੰ ਛੂਹ (ਉਹਦੀ ਬੋਦੀ ਤੋਂ) ਰਹੇ ਹੋਵੋ,'' ਗੰਗਾਰਾਮ ਕਹਿੰਦੇ ਹਨ।
ਉਨ੍ਹਾਂ ਦੇ ਕੰਮ ਦੇ ਬੇਹਤਰੀਨ ਸਾਲਾਂ ਵਿੱਚ ਕਈ ਤਰ੍ਹਾਂ ਦੇ ਮਸਲੇ ਹੁੰਦੇ ਸਨ, ਉਹ ਚੇਤੇ ਕਰਦੇ ਹਨ। ਉਸ ਸਮੇਂ ਵੀ ਜੇਕਰ ਗੁਸੈਲ ਗਾਹਕ ਉਨ੍ਹਾਂ ਖਿਲਾਫ਼ ਸ਼ਿਕਾਇਤ ਕਰ ਦਿੰਦੇ ਤਾਂ ਫ਼ੋਟੋਗਰਾਫ਼ਰਾਂ ਨੂੰ ਕੋਬਾਲਾ ਪੁਲਿਸ ਸਟੇਸ਼ਨ ਵੱਲੋਂ ਤਲਬ ਕੀਤਾ ਜਾਂਦਾ ਜਾਂ ਕਈ ਵਾਰੀ ਕੁਝ ਲੋਕ ਇਹ ਕਹਿੰਦਿਆਂ ਗੇਟਵੇਅ ਤੋਂ ਵਾਪਸ ਚਲੇ ਜਾਂਦੇ ਕਿ ਉਨ੍ਹਾਂ ਨਾਲ਼ ਧੋਖਾ ਹੋਇਆ ਹੈ ਅਤੇ ਉਨ੍ਹਾਂ ਨੂੰ ਫ਼ੋਟੋ ਮਿਲ਼ੀਆਂ ਹੀ ਨਹੀਂ। ''ਹੌਲ਼ੀ-ਹੌਲ਼ੀ, ਅਸੀਂ ਆਪਣੇ ਨਾਲ਼ ਡਾਕਘਰ ਤੋਂ ਸਟੈਂਪਾਂ ਲੱਗਿਆ ਰਜਿਸਟਰ ਬਤੌਰ ਸਬੂਤ ਰੱਖਣਾ ਸ਼ੁਰੂ ਕਰ ਦਿੱਤਾ,'' ਗੰਗਾਰਾਮ ਕਹਿੰਦੇ ਹਨ।
ਅਤੇ ਉਹ ਇੱਕ ਦੌਰ ਸੀ ਜਦੋਂ ਲੋਕਾਂ ਦੇ ਕੋਲ਼ ਪ੍ਰਿੰਟ ਕਰਾਉਣ ਲਈ ਪੈਸੇ ਨਹੀਂ ਸਨ ਹੁੰਦੇ। ਅਜਿਹੇ ਮੌਕੇ ਫ਼ੋਟੋਗਰਾਫ਼ਰਾਂ ਨੂੰ ਡਾਕ ਰਾਹੀਂ ਪੈਸੇ ਮਿਲ਼ਣ ਦੀ ਉਡੀਕ ਕਰਨੀ ਪੈਂਦੀ ਸੀ।
ਗੰਗਾਰਾਮ ਨੇ ਚੇਤੇ ਕਰਦਿਆਂ ਦੱਸਿਆ ਕਿ 26 ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੁਝ ਦਿਨਾਂ ਤੱਕ ਕੰਮ ਠੱਪ ਰਿਹਾ, ਪਰ ਹੌਲ਼ੀ-ਹੌਲ਼ੀ ਮੰਗ ਦੋਬਾਰਾ ਵਧਣ ਲੱਗੀ। ''ਲੋਕ ਤਾਜ ਹੋਟਲ (ਗੇਟਵੇਅ ਆਫ਼ ਇੰਡੀਆ ਦੇ ਸਾਹਮਣੇ) ਅਤੇ ਓਬਰਾਏ ਹੋਟਲ (ਹਮਲੇ ਦੀਆਂ ਦੋਵਾਂ ਥਾਵਾਂ) ਦੇ ਸਾਹਮਣੇ ਫ਼ੋਟੋਆਂ ਖਿਚਾਉਣ ਲਈ ਆਉਣ ਲੱਗੇ। ਹੁਣ ਉਨ੍ਹਾਂ ਇਮਾਰਤਾਂ ਦੀ ਆਪਣੀ ਕਹਾਣੀ ਸੀ,'' ਉਹ ਕਹਿੰਦੇ ਹਨ।
ਉਨ੍ਹਾਂ ਸਾਲਾਂ ਦੀਆਂ ਇਨ੍ਹਾਂ ਕਹਾਣੀਆਂ ਵਿੱਚ ਸ਼ਾਮਲ ਲੋਕਾਂ ਵਿੱਚ ਇੱਕ ਬੈਜਨਾਥ ਚੌਧਰੀ ਵੀ ਹਨ, ਜੋ ਗੇਟਵੇਅ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਨਾਰਮੀਨ ਪੁਆਇੰਟ ਵਿਖੇ ਓਬਰਾਏ ਹੋਟਲ ਦੇ ਬਾਹਰ ਫੁੱਟਪਾਥ 'ਤੇ ਕੰਮ ਕਰਦੇ ਹਨ। ਉਹ ਕਰੀਬ 57 ਸਾਲਾਂ ਦੇ ਬੈਜਨਾਥ ਚਾਰ ਦਹਾਕਿਆਂ ਤੋਂ ਫ਼ੋਟੋਗਰਾਫਰੀ ਦਾ ਕੰਮ ਕਰਦੇ ਆਏ ਹਨ, ਹਾਲਾਂਕਿ ਉਨ੍ਹਾਂ ਦੇ ਕਈ ਸਹਿਯੋਗੀਆਂ ਨੇ ਗੁਜਾਰੇ ਲਈ ਹੋਰ ਕੰਮ ਭਾਲ਼ ਲਏ ਹਨ।
ਉਹ 15 ਸਾਲ ਦੀ ਉਮਰੇ ਬਿਹਾਰ ਦੇ ਮਧੁਬਨੀ ਜਿਲ੍ਹੇ ਦੇ ਡੁਮਰੀ ਪਿੰਡ ਤੋਂ ਆਪਣੇ ਚਾਚਾ ਦੇ ਨਾਲ਼ ਮੁੰਬਈ ਆਏ, ਜੋ ਕੋਲਾਬਾ ਫੁੱਟਪਾਥ ਵਿਖੇ ਦੂਰਬੀਨ ਵੇਚਦੇ ਸਨ, ਜਦੋਂ ਕਿ ਪਿੰਡ ਵਿੱਚ ਪਿੱਛੇ ਰਹਿ ਗਏ ਉਨ੍ਹਾਂ ਦੇ ਮਾਂ-ਬਾਪ ਖੇਤ ਮਜ਼ਦੂਰੀ ਕਰਦੇ ਸਨ।
ਗੰਗਾਰਾਮ ਦੇ ਦੂਰ ਦੇ ਰਿਸ਼ਤੇਦਾਰ ਬੈਜਨਾਥ ਨੇ ਵੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪੋਲਾਰੌਇਡ ਦਾ ਇਸਤੇਮਾਲ ਕੀਤਾ ਸੀ ਅਤੇ ਬਾਅਦ ਵਿੱਚ ਇਹਨੂੰ ਪੁਆਇੰਟ-ਐਂਡ-ਸ਼ੂਟ ਕੈਮਰੇ ਵੱਲ ਤਬਦੀਲ ਕੀਤਾ ਗਿਆ। ਉਹ ਅਤੇ ਉਸ ਸਮੇਂ ਨਾਰੀਮਨ ਪੁਆਇੰਟ ਵਿਖੇ ਕੁਝ ਹੋਰ ਫ਼ੋਟੋਗਰਾਫ਼ਰ ਰਾਤ ਵੇਲ਼ੇ ਆਪਣੇ ਕੈਮਰਿਆਂ ਨੂੰ ਤਾਜ ਹੋਟਲ ਦੇ ਨੇੜੇ ਇੱਕ ਦੁਕਾਨ ਵਿੱਚ ਸੁਰੱਖਿਅਤ ਰੱਖ ਦਿੰਦੇ ਅਤੇ ਆਪ ਨੇੜੇ ਫੁੱਟਪਾਥਾਂ 'ਤੇ ਸੌਂ ਜਾਂਦੇ।
ਸ਼ੁਰੂਆਤੀ ਦਿਨਾਂ ਵਿੱਚ ਬੈਜਨਾਥ ਨੂੰ ਰੋਜਾਨਾ ਲਗਭਗ 6 ਤੋਂ 8 ਗਾਹਕ ਮਿਲ਼ ਜਾਂਦੇ ਅਤੇ ਉਨ੍ਹਾਂ ਨੂੰ 100-200 ਰੁਪਏ ਆਮਦਨੀ ਹੋ ਜਾਂਦੀ। ਸਮਾਂ ਬੀਤਣ ਦੇ ਨਾਲ਼-ਨਾਲ਼ ਇਹ ਕਮਾਈ ਵੱਧ ਕੇ 300-900 ਰੁਪਏ ਪ੍ਰਤੀ ਦਿਨ ਹੋ ਗਈ- ਪਰ ਇਨ੍ਹਾਂ ਸਮਾਰਟਫੋਨਾਂ ਦੇ ਆਉਣ ਨਾਲ਼ ਉਨ੍ਹਾਂ ਦੀ ਕਮਾਈ ਡਿੱਗ ਕੇ 100-300 ਰੁਪਏ ਪ੍ਰਤੀ ਦਿਨ ਹੋ ਗਈ। ਬਾਕੀ ਜਦੋਂ ਤੋਂ ਤਾਲਾਬੰਦੀ ਲੱਗੀ ਹੈ, ਸਾਡੀ ਰੋਜਾਨਾ ਦੀ ਕਮਾਈ ਘੱਟ ਕੇ 30-100 ਰੁਪਏ ਤੱਕ ਰਹਿ ਗਈ ਹੈ- ਕਈ ਵਾਰ ਤਾਂ ਖਾਤਾ ਵੀ ਨਹੀਂ ਖੁੱਲ੍ਹਦਾ।
2009 ਤੱਕ, ਉਹ 50 ਰੁਪਏ ਹਰੇਕ ਫ਼ੋਟੋ ਦੀ ਲਾਗਤ 'ਤੇ ਉੱਤਰੀ ਮੁੰਬਈ ਦੇ ਸ਼ਾਂਤਾਕਰੂਜ ਵਿੱਚ ਪਬਾਂ ਅੰਦਰ ਬਤੌਰ ਫ਼ੋਟੋਗਰਾਫ਼ਰ ਵੀ ਕੰਮ ਕਰਦੇ। ''ਸਵੇਰੇ 9 ਵਜੇ ਤੋਂ ਰਾਤੀਂ 10 ਵਜੇ ਤੱਕ, ਮੈਂ ਭੱਜਦਾ ਫਿਰਦਾ ਰਹਿੰਦਾ (ਨਾਰੀਮਨ ਪੁਆਇੰਟ)। ਅਤੇ ਰਾਤ ਦੀ ਰੋਟੀ ਤੋਂ ਬਾਅਦ ਮੈਂ ਕਲਬ ਚਲਾ ਜਾਂਦਾ,'' ਬੈਜਨਾਥ ਕਹਿੰਦੇ ਹਨ, ਜਿਨ੍ਹਾਂ ਦਾ ਵੱਡਾ ਬੇਟਾ, ਵਿਜੈ ਉਮਰ 31 ਸਾਲ, ਵੀ ਗੇਟਵੇਅ ਆਫ਼ ਇੰਡੀਆ ਵਿਖੇ ਬਤੌਰ ਫ਼ੋਟੋਗਰਾਫ਼ਰ ਕੰਮ ਕਰਦੇ ਹਨ।
ਬੈਜਨਾਥ ਅਤੇ ਹੋਰ ਫ਼ੋਟੋਗਰਾਫ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਵਾਸਤੇ ਆਗਿਆ ਦੀ ਲੋੜ ਨਾ ਪੈਂਦੀ, ਪਰ 2014 ਤੋਂ ਕਈ ਸੰਸਥਾਵਾਂ ਦੇ ਸਮੂਹ ਨੇ ਪਛਾਣ ਪੱਤਰ ਜਾਰੀ ਕੀਤੇ ਹਨ ਜਿਸ ਵਿੱਚ ਮੁੰਬਈ ਟਾਰਟ ਟਰੱਸਟ ਅਤੇ ਮਹਾਰਾਸ਼ਟਰ ਟੂਰੀਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਸ਼ਾਮਲ ਹਨ। ਇਸ ਸਿਸਮਟ ਹੇਠ ਇੱਕ ਡ੍ਰੈੱਸ ਕੋਡ ਅਤੇ ਇਖਲਾਕੀ ਵਤੀਰਾ (ਕੋਡ ਆਫ਼ ਕੰਡਕਟ) ਲਾਜ਼ਮੀ ਹੈ, ਜਿਸ ਵਿੱਚ ਸਮਾਰਕ ਵਿਖੇ ਲਵਾਰਸ ਬੈਗਾਂ ਬਾਰੇ ਅਤੇ ਔਰਤਾਂ ਨਾਲ਼ ਛੇੜਖਾਨੀ ਦੇ ਮਾਮਲਿਆਂ ਵਿੱਚ ਦਖਲ ਦੇਣਾ ਅਤੇ ਰਿਪੋਰਟ ਕੀਤਾ ਜਾਣਾ ਵੀ ਸ਼ਾਮਲ ਹੈ। (ਇਹ ਰਿਪੋਰਟ ਇਨ੍ਹਾਂ ਵੇਰਵਿਆਂ ਦੀ ਤਸਦੀਕ ਨਹੀਂ ਕਰ ਸਕੀ)
ਇਸ ਤੋਂ ਪਹਿਲਾਂ, ਉਹ ਕਹਿੰਦੇ ਹਨ, ਕਦੇ-ਕਦੇ ਨਗਰ ਨਿਗਮਾਂ ਜਾਂ ਪੁਲਿਸ ਵੱਲੋਂ ਉਨ੍ਹਾਂ 'ਤੇ ਜੁਰਮਾਨਾ ਲਾਇਆ ਜਾਂਦਾ ਅਤੇ ਉਨ੍ਹਾਂ ਨੂੰ ਕੰਮ ਕਰਨੋ ਰੋਕਿਆ ਜਾਂਦਾ। ਆਪਣੀਆਂ ਸਮੱਸਿਆਵਾਂ ਬਾਰੇ ਇਕੱਠਿਆਂ ਗੱਲ ਕਰਦਿਆਂ, ਬੈਜਨਾਥ ਅਤੇ ਗੰਗਾਰਾਮ ਨੇ ਚੇਤੇ ਕੀਤਾ ਕਿ ਉਨ੍ਹਾਂ ਨੇ 1990ਵਿਆਂ ਦੇ ਸ਼ੁਰੂਆਤ ਵਿੱਚ ਇੱਕ ਫ਼ੋਟੋਗਰਾਫ਼ਰਸ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਸੀ। ਬੈਜਨਾਥ ਕਹਿੰਦੇ ਹਨ,''ਅਸੀਂ ਆਪਣੇ ਕੰਮ ਲਈ ਕੁਝ ਪਛਾਣ ਚਾਹੁੰਦੇ ਸਾਂ ਅਤੇ ਆਪਣੇ ਹੱਕਾਂ ਲਈ ਲੜੇ ਵੀ।'' 2001 ਵਿੱਚ, ਕਰੀਬ 60-70 ਫ਼ੋਟੋਗਰਾਫਰਾਂ ਨੇ ਹੋਰਨਾਂ ਮੰਗਾਂ ਤੋਂ ਇਲਾਵਾ, ਗੈਰ-ਜ਼ਰੂਰੀ ਪਾਬੰਦੀਆਂ ਅਤੇ ਕੰਮ ਦਾ ਸਮਾਂ ਵਧਾਉਣ ਦੀ ਆਗਿਆ ਦਿੱਤੇ ਜਾਣ ਵਾਸਤੇ ਅਜ਼ਾਦ ਮੈਦਾਨ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਸਾਲ 2000 ਵਿੱਚ, ਉਨ੍ਹਾਂ ਵਿੱਚੋਂ ਕੁਝ ਨੇ ਗੇਟਵੇਅ ਆਫ਼ ਇੰਡੀਆ ਫ਼ੋਟੋਗਰਾਫ਼ਰ ਯੂਨੀਅਨ ਦਾ ਗਠਨ ਕੀਤਾ ਅਤੇ ਬੈਜਨਾਥ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਵਿਧਾਇਕਾਂ ਨਾਲ਼ ਮੁਲਾਕਾਤ ਕੀਤੀ। ਇਨ੍ਹਾਂ ਯਤਨਾਂ ਨੇ ਕੁਝ ਰਾਹਤ ਪ੍ਰਦਾਨ ਕੀਤੀ ਅਤੇ ਨਗਰਪਾਲਿਕਾ ਜਾਂ ਸਥਾਨਕ ਪੁਲਿਸ ਦੇ ਦਖਲ ਤੋਂ ਬਗੈਰ ਕੰਮ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਬੈਜਨਾਥ ਉਨ੍ਹਾਂ ਸ਼ੁਰੂਆਤੀ ਵਰ੍ਹਿਆਂ ਨੂੰ ਚੇਤੇ ਕਰਦੇ ਹਨ ਜਦੋਂ ਉਨ੍ਹਾਂ ਦੀ ਫ਼ੋਟੋਗਰਾਫੀ ਦੀ ਕਦਰ ਪੈਂਦੀ ਸੀ। ''ਅੱਜ ਮੈਂ ਹਰ ਕਿਸੇ ਨੂੰ ਫ਼ੋਟੋਗਰਾਫੀ ਕਰਦਿਆਂ ਦੇਖਦਾ ਹਾਂ। ਪਰ ਮੈਂ ਇੱਥੇ ਸਾਲਾਬੱਧੀ ਖੜ੍ਹੇ ਰਹਿ ਕੇ ਤੇ ਇੱਕ-ਇੱਕ ਫ਼ੋਟੋ ਖਿੱਚਣ ਦੇ ਨਾਲ਼ ਆਪਣੇ ਹੁਨਰ ਨੂੰ ਨਿਖਾਰਿਆ ਹੈ। ਸਾਨੂੰ ਇੱਕ ਵਾਰ ਕਲਿਕ ਕਰਨ ਦੀ ਲੋੜ ਪੈਂਦੀ ਹੈ ਜਦੋਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਇੱਕ ਸਹੀ ਫ਼ੋਟੋ ਵਾਸਤੇ ਪਤਾ ਨਹੀਂ ਕਿੰਨੀ ਵਾਰ ਕਲਿਕ ਕਰਦੀ ਜਾਂਦੀ ਹੈ ਅਤੇ ਫਿਰ ਉਹਨੂੰ (ਐਡੀਟਿੰਗ ਕਰਕੇ) ਖੂਬਸੂਰਤ ਬਣਾਉਂਦੇ ਹਨ,''ਉਹ ਇਹ ਕਹਿੰਦਿਆਂ ਹੀ ਫੁੱਟਪਾਥ ਤੋਂ ਉੱਠਣ ਲੱਗਦੇ ਹਨ ਜਿਓਂ ਹੀ ਉਨ੍ਹਾਂ ਨੂੰ ਲੋਕਾਂ ਦਾ ਇੱਕ ਸਮੂਹ ਦਿੱਸਦਾ ਹੈ। ਉਹ ਉਨ੍ਹਾਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਫ਼ੋਟੋ ਖਿਚਾਉਣ ਵਿੱਚ ਕੋਈ ਰੁਚੀ ਨਹੀਂ ਹੈ। ਉਨ੍ਹਾਂ ਵਿੱਚੋਂ ਇੱਕ ਜਣਾ ਆਪਣੀ ਜੇਬ੍ਹ ਵਿੱਚੋਂ ਫੋਨ ਕੱਢਦਾ ਹੈ ਅਤੇ ਸੈਲਫੀਆਂ ਲੈਣ ਲੱਗਦਾ ਹੈ।
ਗੇਟਵੇਅ ਆਫ਼ ਇੰਡੀਆ 'ਤੇ ਸੁਨੀਲ ਅਤੇ ਕੁਝ ਹੋਰ ਫ਼ੋਟੋਗਰਾਫ਼ਰ ਜੂਨ ਦੇ ਅੱਧ ਵਿੱਚ ਆਪਣੇ 'ਦਫ਼ਤਰਾਂ' ਵੱਲ ਮੁੜਨਾ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਅਜੇ ਵੀ ਸਮਾਰਕ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ ਇਸਲਈ ਉਹ ਤਾਜ ਹੋਟਲ ਖੇਤਰ ਦੇ ਬਾਹਰ ਖੜ੍ਹੇ ਹੋ ਕੇ ਗਾਹਕਾਂ ਨੂੰ ਰਾਜੀ ਕਰਦੇ ਹਨ। ''ਵਰ੍ਹਦੇ ਮੀਂਹ ਵਿੱਚ ਤੁਹਾਨੂੰ ਸਾਡੀ ਹਾਲਤ ਦੇਖਣੀ ਚਾਹੀਦੀ ਹੈ,'' ਸੁਨੀਲ ਕਹਿੰਦੇ ਹਨ। ''ਸਾਨੂੰ ਆਪਣੇ ਕੈਮਰੇ, ਪ੍ਰਿੰਟਰ, ਸ਼ੀਟਾਂ ਬਚਾਉਣੀਆਂ ਪੈਂਦੀਆਂ ਹਨ। ਅਸੀਂ ਸਾਰੇ ਆਪਣੇ ਨਾਲ਼ ਛੱਤਰੀ ਰੱਖਦੇ ਹਾਂ। ਸਾਨੂੰ ਸਹੀ ਫ਼ੋਟੋ ਖਿੱਚਣ ਦੀ ਕੋਸ਼ਿਸ਼ ਦੌਰਾਨ ਵੀ ਇਹ ਸਾਰਾ ਸਮਾਨ ਸੰਭਾਲਣਾ ਪੈਂਦਾ ਹੈ।''
ਪਰ ਉਨ੍ਹਾਂ ਦੀ ਕਮਾਈ ਵਿਚਲਾ ਸੰਤੁਲਨ ਦਿਨੋਂ-ਦਿਨੀਂ ਹੋਰ ਵਿਗੜਦਾ ਜਾ ਰਿਹਾ ਹੈ, ਪਰ ਕੁਝ ਲੋਕ ਅਜਿਹੇ ਵੀ ਹੋਣਗੇ ਜੋ ਸਮਾਰਟਫੋਨਾਂ-ਸੈਲਫੀ ਦੇ ਆਏ ਹੜ੍ਹ ਅਤੇ ਤਾਲਾਬੰਦੀ ਦੇ ਵਿਚਾਲੇ ਵੀ ' ਏਕ ਮਿੰਟ ਮੇਂ ਫੁਲ ਫੈਮਿਲੀ ਫ਼ੋਟੋ ' ਦੀ ਅਪੀਲ ਦਾ ਜਵਾਬ ਦਿੰਦੇ ਹਨ।
ਆਪਣੇ ਪਿੱਠੂ ਬੈਗ ਵਿੱਚ, ਸੁਨੀਲ ਆਪਣੇ ਬੱਚਿਆਂ ਦੀ ਭਰੀ ਗਈ ਫੀਸ (ਤਿੰਨੋ ਬੱਚੇ ਕੋਲਾਬਾ ਦੇ ਨਿੱਜੀ ਸਕੂਲ ਵਿੱਚ ਪੜ੍ਹਦੇ ਹਨ) ਦੀ ਪਰਚੀ ਵੀ ਰੱਖਦੇ ਹਨ। ''ਮੈਂ ਸਕੂਲ ਕੋਲ਼ੋਂ ਫੀਸ ਭਰਨ ਲਈ ਸਮਾਂ ਮੰਗਦਾ ਰਹਿੰਦਾ ਹਾਂ,'' ਉਹ ਕਹਿੰਦੇ ਹਨ। ਸੁਨੀਲ ਨੇ ਪਿਛਲੇ ਸਾਲ ਇੱਕ ਛੋਟਾ ਜਿਹਾ ਫੋਨ ਖਰੀਦਿਆ ਤਾਂਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਸਮਾਰਟਫੋਨ ਜ਼ਰੀਏ ਆਨਲਾਈਨ ਪੜ੍ਹਾਈ ਕਰ ਸਕਣ। ''ਸਾਡੀ ਉਮਰ ਤਾਂ ਲੰਘ ਚੁੱਕੀ ਹੈ ਘੱਟੋਘੱਟ ਸਾਡੇ ਬੱਚਿਆਂ ਨੂੰ ਧੁੱਪੇ ਝੁਲਸਣਾ ਨਹੀਂ ਪਵੇਗਾ। ਉਹ ਏਸੀ ਦਫ਼ਤਰ ਵਿੱਚ ਕੰਮ ਕਰਨਗੇ,'' ਉਹ ਕਹਿੰਦੇ ਹਨ। ''ਹਰ ਦਿਨ, ਮੈਂ ਕਿਸੇ ਲਈ ਯਾਦਾਂ ਬਣਾਉਣ ਅਤੇ ਉਨ੍ਹਾਂ ਦੇ ਬਦਲੇ ਵਿੱਚ ਮਿਲ਼ੇ ਪੈਸਿਆਂ ਨਾਲ਼ ਆਪਣੇ ਬੱਚਿਆਂ ਨੂੰ ਬੇਹਤਰ ਜੀਵਨ ਦੇਣ ਦੀ ਉਮੀਦ ਰੱਖਦਾ ਹਾਂ।''
ਤਰਜਮਾ: ਕਮਲਜੀਤ ਕੌਰ