ਟਾਈਲਾਂ ਬਣਾਉਣ ਵਿੱਚ ਨਹਾਕੁਲ ਪਾਂਡੋ ਦੀ ਮਦਦ ਕਰਨ ਲਈ ਪੂਰੇ ਦਾ ਪੂਰਾ ਬਮਦਾਭਾਈਸਾ ਮੁਹੱਲਾ ਅੱਗੇ ਆਇਆ। ਇਹ ਇੱਕਜੁਟਤਾ ਦਾ ਪ੍ਰਦਰਸ਼ਨ ਸੀ ਅਤੇ ਇੱਕ ਸਾਂਝੀ (ਭਾਈਚਾਰਕ) ਕੋਸ਼ਿਸ਼ ਵੀ ਜਿੱਥੇ ਟਾਈਲਾਂ ਬਣਾਉਂਦੇ ਲੋਕ ਆਪੋ-ਆਪਣੀ ਵਾਰੀ ਆਉਣ 'ਤੇ ਮੁਫ਼ਤ ਵਿੱਚ ਆਪਣੀ ਸੇਵਾ ਦੇ ਰਹੇ ਸਨ ਅਤੇ ਹਰ ਕਿਸੇ ਵਾਸਤੇ ਨਹਾਕੁਲ ਵੱਲੋਂ ਘਰ ਦੀ ਕੱਢੀ ਸ਼ਰਾਬ ਨੂੰ ਇੰਝ ਅੱਗਿਓਂ-ਅੱਗੇ ਪਾਸ ਕਰਨਾ ਕਿਸੇ ਇਨਾਮ ਤੋਂ ਘੱਟ ਨਹੀਂ ਸੀ।
ਪਰ ਉਹ ਸਾਰੇ ਜਣੇ ਉਨ੍ਹਾਂ ਦੀ ਛੱਤ ਲਈ ਟਾਈਲਾਂ ਕਿਉਂ ਬਣਾ ਰਹੇ ਸਨ? ਸਵਾਲ ਇਹ ਹੈ ਕਿ ਆਖ਼ਰ ਟਾਈਲਾਂ ਤੋਂ ਪਹਿਲਾਂ ਵਾਲ਼ੀ ਉਨ੍ਹਾਂ ਦੀ (ਨਹਾਕੁਲ) ਛੱਤ ਦਾ ਕੀ ਬਣਿਆ? ਉਨ੍ਹਾਂ ਦੇ ਘਰ 'ਤੇ ਇੱਕ ਸਰਸਰੀ ਨਜ਼ਰ ਮਾਰਿਆਂ ਬੁਨਿਆਦੀ ਢਾਂਚੇ ਵਿੱਚ ਕਿਤੇ-ਕਿਤੇ ਪੈਚ ਦਿਖਾਈ ਪਏ, ਜਿੱਥੇ ਟਾਈਲਾਂ ਦੇ ਪੂਰੇ ਦੇ ਪੂਰੇ ਹਿੱਸਾ ਗਾਇਬ ਸਨ।
''ਇਹ ਸਰਕਾਰੀ ਲੋਨ ਸੀ,'' ਥਕੇਵੇਂ ਮਾਰੇ ਨਹਾਕੁਲ ਕਹਿੰਦੇ ਹਨ। ''ਮੈਂ 4,800 ਰੁਪਏ ਦਾ ਉਧਾਰ ਲਿਆ ਅਤੇ ਦੋ ਗਾਵਾਂ ਖਰੀਦੀਆਂ।'' ਇਹ ਕਰਜ਼ਾ ਅਧਿਕਾਰਤ ਸਕੀਮ ਦਾ ਮੁੱਖ ਹਿੱਸਾ ਸੀ ਭਾਵ 'ਸਾਫ਼ਟ ਲੋਨ' ਜਿਸ ਰਾਸ਼ੀ ਵਿੱਚ ਸਬਸਿਡੀ ਦਾ ਹਿੱਸਾ ਸ਼ਾਮਲ ਸੀ ਅਤੇ ਗਾਵਾਂ ਲੈਣ ਦੀ ਸੂਰਤ ਵਿੱਚ ਵਿਆਜ-ਦਰ ਵੀ ਘੱਟ ਸੀ ਅਤੇ 1994 ਵਿੱਚ ਸਰਗੁਜਾ ਦੇ ਇਸ ਹਿੱਸੇ (ਇਹ ਜ਼ਿਲ੍ਹਾ ਉਦੋਂ ਮੱਧ ਪ੍ਰਦੇਸ਼ ਦਾ ਹਿੱਸਾ ਸੀ ਅਤੇ ਹੁਣ ਛੱਤੀਸਗੜ੍ਹ ਦਾ) ਵਿੱਚ ਤੁਸੀਂ ਇੰਨੀ ਰਕਮ ਨਾਲ਼ ਦੋ ਗਾਵਾਂ ਲੈ ਸਕਦੇ ਸੋ।
ਦਰਅਸਲ ਨਹਾਕੁਲ ਕਿਸੇ ਵੀ ਤਰ੍ਹਾਂ ਦਾ ਉਧਾਰ ਲੈਣ ਦੀ ਇੱਛਾ ਨਹੀਂ ਰੱਖਦੇ ਸਨ। ਜਿਸ ਪਾਂਡੋ ਆਦਿਵਾਸੀ ਭਾਈਚਾਰੇ ਨਾਲ਼ ਉਨ੍ਹਾਂ ਦਾ ਤਾਅਲੁਕ ਸੀ, ਉਸ ਭਾਈਚਾਰੇ ਦੇ ਮੈਂਬਰ ਕਰਜ਼ਾ ਲੈਣ ਤੋਂ ਖ਼ਬਰਦਾਰ ਹੋ ਗਏ ਸਨ ਕਿਉਂਕਿ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਚੁੱਕਿਆ ਹੋਇਆ ਕਰਜ਼ਾ ਜ਼ਮੀਨਾਂ ਗੁਆ ਕੇ ਹੀ ਲੱਥਦਾ ਹੈ। ਪਰ ਇਹ ਤਾਂ ਸਰਕਾਰੀ ਕਰਜ਼ਾ ਸੀ, ਖ਼ਾਸ ਕਰਕੇ ਆਦਿਵਾਸੀਆਂ ਦੇ ਲਾਭ ਲਈ ਸਥਾਨਕ ਬੈਂਕ ਦੁਆਰਾ ਵੰਡਿਆ ਜਾ ਰਿਹਾ ਸੀ। ਜਿਸ ਦਾ ਮਤਲਬ ਸੀ ਕਰਜ਼ਾ ਲੈਣ ਵਿੱਚ ਜ਼ਿਆਦਾ ਨੁਕਸਾਨ ਨਹੀਂ ਸੀ ਹੋ ਸਕਦਾ। ਜਿਵੇਂ ਅਕਸਰ ਕਿਹਾ ਹੀ ਜਾਂਦਾ ਹੈ- ਉਸ ਸਮੇਂ ਅਨੁਸਾਰ ਇਹ ਚੰਗਾ ਵਿਚਾਰ ਜਾਪਦਾ ਸੀ।
''ਪਰ ਮੈਂ ਕਰਜ਼ਾ ਮੋੜ ਨਾ ਸਕਿਆ,'' ਨਹਾਕੁਲ ਨੇ ਕਿਹਾ। ਪਾਂਡੋ ਇੱਕ ਗ਼ਰੀਬ ਤਬਕਾ ਹੈ, ਜੋ 'ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ' ਵਜੋਂ ਸੂਚੀਬੱਧ ਹੈ। ਜਿੱਥੋਂ ਤੱਕ ਗੱਲ ਨਹਾਕੁਲ ਦੀ ਰਹੀ ਤਾਂ ਉਹ ਆਪਣੇ ਭਾਈਚਾਰੇ ਦਾ ਅਪਵਾਦ ਨਹੀਂ ਸਨ।
''ਕਿਸ਼ਤਾਂ ਅਦਾ ਕਰਨ ਦਾ ਦਬਾਅ ਕਾਫ਼ੀ ਜ਼ਿਆਦਾ ਸੀ,'' ਉਨ੍ਹਾਂ ਨੇ ਸਾਨੂੰ ਦੱਸਿਆ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਵੱਲੋਂ ਹੁੰਦੀ ਤਾੜਨਾ ਬਾਬਤ ਵੀ ਦੱਸਿਆ। ''ਮੈਂ ਵੱਖੋ-ਵੱਖ ਚੀਜ਼ਾਂ ਵੇਚ ਕੇ ਥੋੜ੍ਹੀ ਬਹੁਤ ਅਦਾਇਗੀ ਕੀਤੀ। ਅਖ਼ੀਰ, ਮੈਂ ਆਪਣੀ ਛੱਤ ਦੀਆਂ ਟਾਈਲਾਂ ਲਾਹ ਕੇ ਵੇਚ ਦਿੱਤੀਆਂ ਤਾਂ ਕਿ ਥੋੜ੍ਹਾ ਬਹੁਤ ਜੁਗਾੜ ਤਾਂ ਕਰ ਸਕਾਂ।''
ਨਹਾਕੁਲ ਨੂੰ ਗ਼ਰੀਬੀ ਤੋਂ ਮੁਕਤੀ ਦਵਾਉਣ ਵਾਲ਼ਾ ਕਰਜ਼ਾ ਉਨ੍ਹਾਂ ਦੀ ਛੱਤ ਖਾ ਕੇ ਹੀ ਸਿਰੋਂ ਲੱਥਿਆ। ਸੱਚੀਓ ਇੰਝ ਹੀ ਹੋਇਆ। ਹੁਣ ਉਨ੍ਹਾਂ ਕੋਲ਼ ਗਾਵਾਂ ਵੀ ਨਾ ਰਹੀਆਂ ਕਿਉਂਕਿ ਕਿਸ਼ਤ ਅਦਾ ਕਰਨ ਲਈ ਉਹ ਵੀ ਵੇਚਣੀਆਂ ਪਈਆਂ। ਕਿੱਥੇ ਵਿਚਾਰਾ ਨਹਾਕੁਲ ਸੋਚ ਰਿਹਾ ਸੀ ਕਿ ਇਹ ਸਕੀਮ ਉਹਦੇ ਫ਼ਾਇਦੇ ਵਾਸਤੇ ਸੀ, ਪਰ ਉਹ ਤਾਂ 'ਟੀਚਾ' (ਸਰਕਾਰ ਵੱਲੋਂ) ਪ੍ਰਾਪਤੀ ਦਾ ਇੱਕ ਮੋਹਰਾ ਹੀ ਸੀ। ਸਾਨੂੰ ਬਾਅਦ ਵਿੱਚ ਆਲ਼ੇ-ਦੁਆਲ਼ੇ ਉਨ੍ਹਾਂ ਗ਼ਰੀਬ ਆਦਿਵਾਸੀਆਂ ਤੋਂ ਪਤਾ ਚੱਲਿਆ ਕਿ ਉਨ੍ਹਾਂ ਸਭ ਨੂੰ ਅਜਿਹੀ ਸਕੀਮ ਦਾ ਤਜ਼ਬਰਾ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੇ ਵੀ ਸਜਾ-ਰੂਪੀ ਕੀਮਤ ਚੁਕਾਈ ਹੈ।
''ਨਹਾਕੁਲ ਅਤੇ ਉਨ੍ਹਾਂ ਜਿਹੇ ਕਈ ਲੋਕਾਂ ਨੂੰ ਉਸ ਪੈਸੇ ਦੀ ਲੋੜ ਸੀ ਜੋ ਉਨ੍ਹਾਂ ਨੇ ਕਰਜ਼ੇ ਦੇ ਰੂਪ ਵਿੱਚ ਲਿਆ ਸੀ ਪਰ ਜਿਹੜੀਆਂ ਚੀਜ਼ਾਂ ਖ਼ਾਤਰ ਉਨ੍ਹਾਂ ਨੇ ਕਰਜ਼ਾ ਲਿਆ ਸੀ, ਉਹ ਚੀਜ਼ਾਂ ਤਾਂ ਲੈ ਨਾ ਸਕੇ,'' ਵਕੀਲ ਮੋਹਨ ਕੁਮਾਰ ਗਿਰੀ ਨੇ ਕਿਹਾ ਜਿਨ੍ਹਾਂ ਨੇ ਮੈਨੂੰ ਆਪਣੀ ਜੱਦੀ ਥਾਂ ਸਰਗੁਜਾ ਦੇ ਨਾਲ਼ ਪੈਂਦੇ ਕਈ ਪਿੰਡਾਂ ਦੀ ਸੈਰ ਕਰਾਈ। ''ਉਨ੍ਹਾਂ ਨੇ ਜਿਹੜੇ ਕਾਰਜਾਂ ਦੀ ਪੂਰਤੀ ਲਈ ਕਰਜ਼ਾ ਚੁੱਕਿਆ ਸੀ, ਹੁਣ ਉਨ੍ਹਾਂ ਲੋੜਾਂ ਦੀ ਕੋਈ ਪ੍ਰਸੰਗਕਤਾ ਹੀ ਨਹੀਂ ਰਹੀ। ਅਕਸਰ, ਤੁਸੀਂ ਕਰਜ਼ਾ ਲੈਂਦੇ ਹੋ ਤਾਂ ਕਿ ਸਿਰ ਦੀ ਛੱਤ ਸੁਰੱਖਿਅਤ ਰਹੇ। ਪਰ ਨਹਾਕੁਲ ਨੇ ਜੋ ਕਰਜ਼ਾ ਲਿਆ ਸੀ ਉਸ ਕਰਜ਼ੇ ਨੇ ਉਹਦੇ ਸਿਰੋਂ ਛੱਤ ਵੀ ਖੋਹ ਲਈ। ਹੁਣ ਤੁਸੀਂ ਸਮਝੇ ਕਿ ਕਿਉਂ ਲੋਕੀਂ ਅਜੇ ਵੀ ਸ਼ਾਹੂਕਾਰਾਂ ਪਾਸੋਂ ਉਧਾਰ ਚੁੱਕਦੇ ਹਨ?''
ਅਸੀਂ ਦੋਵੇਂ ਉਨ੍ਹਾਂ ਲੋਕਾਂ 'ਤੇ ਨੀਝ ਗੱਡੀ ਉੱਥੋਂ ਨਿਕਲ਼ੇ ਰਹੇ ਸਾਂ ਜੋ ਇਸ ਨਿਰਾਕਾਰ ਮਿੱਟੀ ਨੂੰ ਆਪਣੇ ਹੁਨਰਮੰਦ ਹੱਥਾਂ ਦੇ ਜਾਦੂ ਨਾਲ਼ ਟਾਈਲਾਂ ਦਾ ਰੂਪ ਦੇਈ ਜਾ ਰਹੇ ਸਨ। ਜਦੋਂਕਿ ਸਾਡੇ ਦਲ ਦੇ ਦੋ ਹੋਰ ਸਾਥੀਆਂ ਦਾ ਧਿਆਨ ਲੋਕਾਂ ਦੇ ਜਾਦੂਈ ਕੰਮ ਵੱਲ ਨਹੀਂ ਸਗੋਂ ਉਨ੍ਹਾਂ ਦੇ ਹੱਥਾਂ ਵਿੱਚ ਸ਼ਰਾਬ ਜਿਹੇ ਪਦਾਰਥ ਨੂੰ ਵੱਲ ਸੀ।
ਤਸਵੀਰਾਂ ਤੋਂ ਬਗ਼ੈਰ ਪ੍ਰਕਾਸ਼ਤ ਕਿਤਾਬ Everybody Loves a Good Drought ਦੇ ਖਰੜੇ ਤੋਂ ਲਈ ਮੂਲ਼ ਕਹਾਣੀ 'ਕਰਜ਼ਾ ਲਓ, ਆਪਣੀ ਛੱਤ ਗਵਾਓ' ਵਿੱਚੋਂ ਕੁਝ ਅੰਸ਼- ਤਸਵੀਰਾਂ ਸਣੇ।
ਤਰਜਮਾ: ਕਮਲਜੀਤ ਕੌਰ