ਫੜ੍ਹਿਆ ਗਿਆ ਬੂਹਿਓਂ,
ਵਿੱਚ ਚੌਰਾਹੇ ਕਤਲ ਹੋਇਆ,
ਸੜਕ 'ਤੇ ਮੱਚਿਆ ਹੜਕੰਪ
ਹਾਏ ਰੱਬਾ! ਹੁਣ ਹਮੀਰ ਨਹੀਓ ਆਉਣਾ!
ਇਹ ਗੀਤ ਸਾਨੂੰ 200 ਸਾਲ ਪਿਛਾਂਹ ਲੈ ਜਾਂਦਾ ਹੈ। ਕੱਛੀ ਦੀ ਮਸ਼ਹੂਰ ਲੋਕ ਕਥਾ 'ਤੇ ਅਧਾਰਤ ਇਹ ਗੀਤ ਦੋ ਪ੍ਰੇਮੀਆਂ, ਹਮੀਰ ਤੇ ਹਾਮਲੀ ਦੀ ਕਹਾਣੀ ਦੱਸਦਾ ਹੈ। ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਵਾਨ ਨਾ ਕੀਤਾ ਤੇ ਇੰਝ ਇਹ ਪ੍ਰੇਮੀ ਜੋੜਾ ਚੋਰੀ-ਚੋਰੀ ਭੁੱਜ ਦੀ ਹਮੀਸਾਰ ਝੀਲ਼ ਕਿਨਾਰੇ ਮਿਲ਼ਣ ਲੱਗਿਆ। ਇੱਕ ਦਿਨ ਜਦੋਂ ਹਮੀਰ ਆਪਣੀ ਪ੍ਰੇਮਿਕਾ ਨੂੰ ਮਿਲ਼ਣ ਜਾ ਰਿਹਾ ਸੀ ਤਾਂ ਉਹਨੂੰ ਪਰਿਵਾਰ ਦੇ ਕਿਸੇ ਜੀਅ ਨੇ ਦੇਖ ਲਿਆ। ਉਹਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਪਿੱਛਾ ਕੀਤਾ ਗਿਆ ਤੇ ਮਾਰ ਮੁਕਾਇਆ ਗਿਆ। ਇਹ ਗੀਤ ਇੱਕ ਸ਼ੌਕ ਗੀਤ ਹੈ, ਕਿਉਂਕਿ ਇਹਦੇ ਬੋਲ ਝੀਲ਼ ਕੰਢੇ ਆਪਣੇ ਪ੍ਰੇਮੀ ਦਾ ਰਾਹ ਉਡੀਕਦੀ ਹਾਮਲੀ ਨੂੰ ਦਰਸਾਉਂਦਾ ਹੈ ਜਿਹਦਾ ਪ੍ਰੇਮੀ ਕਦੇ ਮੁੜਿਆ ਹੀ ਨਹੀਂ।
ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦਾ ਰਿਸ਼ਤਾ ਕਿਉਂ ਨਾ ਕਬੂਲਿਆ?
ਗਾਣੇ ਦੇ ਬੋਲ- ਜਿਹਨੂੰ ਵਿਆਪਕ ਰੂਪ ਵਿੱਚ ਰਸੂਡਾ ਵਜੋਂ ਜਾਣਿਆ ਜਾਂਦਾ ਹੈ- ਇਹ ਸੁਝਾਉਂਦੇ ਹਨ ਕਿ ਜਾਤ ਦਾ ਮਸਲਾ ਉਸ ਮੁੰਡੇ ਦੇ ਕਤਲ ਮਗਰਲਾ ਮੁੱਖ ਕਾਰਕ ਹੋ ਸਕਦਾ ਹੈ। ਹਾਲਾਂਕਿ, ਬਹੁਤੇਰੇ ਕੱਛੀ ਵਿਦਵਾਨ ਇਸ ਗੀਤ ਨੂੰ ਪ੍ਰੇਮੀ ਦੇ ਵਿਯੋਗ ਵਿੱਚ ਤੜਫ਼ਦੀ ਇੱਕ ਔਰਤ ਦੀ ਤਕਲੀਫ਼ ਵਜੋਂ ਦੇਖਦੇ ਹਨ ਤੇ ਇਹਨੂੰ ਪੜ੍ਹੇ ਜਾਣਾ ਤਰਜੀਹੀ ਮੰਨਦੇ ਹਨ। ਪਰ ਇੰਝ ਕਰਨਾ ਬੂਹੇ, ਚੌਰਾਹੇ ਅਤੇ ਬਾਅਦ ਵਿੱਚ ਹੋਈ ਹਿੰਸਾ ਦੇ ਹਕੀਕੀ ਸੰਦਰਭਾਂ ਦੀ ਅਣਦੇਖੀ ਹੁੰਦੀ ਹੈ।
ਇਹ ਸੂਰਵਾਣੀ ਵੱਲੋਂ ਰਿਕਾਰਡ ਕੀਤੇ ਗਏ 341 ਗੀਤਾਂ ਵਿੱਚੋਂ ਇੱਕ ਹੈ, ਸੂਰਵਾਣੀ ਇੱਕ ਅਜਿਹਾ ਭਾਈਚਾਰਕ ਰੇਡਿਓ ਸਟੇਸ਼ਨ ਹੈ ਜਿਹਨੂੰ 2008 ਵਿੱਚ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਵੱਲੋਂ ਸ਼ੁਰੂ ਕੀਤਾ ਗਿਆ ਸੀ। ਕੇਐੱਮਵੀਐੱਸ ਜ਼ਰੀਏ ਇਹ ਸੰਗ੍ਰਹਿ ਪਾਰੀ ਕੋਲ਼ ਅਪੜਿਆ ਹੈ। ਇਨ੍ਹਾਂ ਗੀਤਾਂ ਰਾਹੀਂ ਸਾਨੂੰ ਇਸ ਇਲਾਕੇ ਦੇ ਸੱਭਿਆਚਾਰ, ਭਾਸ਼ਾ ਤੇ ਸੰਗੀਤ ਨਾਲ਼ ਜੁੜੀ ਵੰਨ-ਸੁਵੰਨਤਾ ਦਾ ਪਤਾ ਚੱਲ਼ਦਾ ਹੈ। ਇਹ ਸੰਗ੍ਰਹਿ ਕੱਛ ਦੀ ਸੰਗੀਤ ਪਰੰਪਰਾ ਨੂੰ ਬਚਾਈ ਰੱਖਣ ਵਿੱਚ ਮਦਦ ਕਰਦਾ ਹੈ, ਜੋ ਕਿ ਹੁਣ ਪਤਨ ਵੱਲ ਨੂੰ ਜਾਂਦੀ ਹੋਈ ਰੇਗ਼ਿਸਤਾਨ ਦੇ ਰੇਤ ਹੇਠ ਗੁਆਚਦੀ ਜਾ ਰਹੀ ਹੈ।
ਇੱਥੇ ਪੇਸ਼ ਗੀਤਾਂ ਨੂੰ ਕੱਛ ਦੇ ਭਚਾਊ ਤਾਲੁਕਾ ਦੀ ਭਾਵਨਾ ਭੀਲ ਨੇ ਗਾਇਆ ਹੈ। ਇਸ ਇਲਾਕੇ ਵਿੱਚ ਅਕਸਰ ਵਿਆਹਾਂ ਮੌਕੇ ਰਸੂਡਾ ਵਜਾਇਆ ਜਾਂਦਾ ਹੈ। ਰਸੂਡਾ ਇੱਕ ਕੱਛੀ ਲੋਕਨਾਚ ਵੀ ਹੈ ਜਿੱਥੇ ਔਰਤਾਂ ਇੱਕ ਢੋਲਚੀ ਦੇ ਚੁਫ਼ੇਰੇ ਘੁੰਮਦਿਆਂ ਹੋਇਆਂ ਗਾਉਂਦੀਆਂ ਹਨ। ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਹਦਾ ਪਰਿਵਾਰ ਲਾਜ਼ਮੀ ਟੂੰਬਾਂ ਖ਼ਰੀਦਣ ਵਾਸਤੇ ਕਰਜਾ ਚੁੱਕਦਾ ਹੈ। ਹਮੀਰ ਦੀ ਮੌਤ ਬਾਅਦ ਹਾਮਲੀ ਉਨ੍ਹਾਂ ਟੂੰਬਾਂ ਨੂੰ ਪਾਉਣ ਦਾ ਹੱਕ ਗੁਆ ਬੈਠੀ ਹੈ ਤੇ ਇਸ ਗੀਤ ਰਾਹੀਂ ਉਹਦੇ ਦੁੱਖ ਤੇ ਉਹਦੇ ਅਥਾਹ ਕਰਜਿਆਂ ਦੀ ਗੱਲ ਕੀਤੀ ਗਈ ਹੈ।
કરછી
હમીરસર તળાવે પાણી હાલી છોરી હામલી
પાળે ચડીને વાટ જોતી હમીરિયો છોરો હજી રે ન આયો
ઝાંપલે જલાણો છોરો શેરીએ મારાણો
આંગણામાં હેલી હેલી થાય રે હમીરિયો છોરો હજી રે ન આયો
પગ કેડા કડલા લઇ ગયો છોરો હમિરીયો
કાભીયો (પગના ઝાંઝર) મારી વ્યાજડામાં ડોલે હમીરિયો છોરો હજી રે ન આયો
ડોક કેડો હારલો (ગળા પહેરવાનો હાર) મારો લઇ ગયો છોરો હમિરીયો
હાંસડી (ગળા પહેરવાનો હારલો) મારી વ્યાજડામાં ડોલે હમીરિયો છોરો હજી રે ન આયો
નાક કેડી નથડી (નાકનો હીરો) મારી લઇ ગયો છોરો હમિરીયો
ટીલડી મારી વ્યાજડામાં ડોલે હમીરિયો છોરો હજી રે ન આયો
હમીરસર તળાવે પાણી હાલી છોરી હામલી
પાળે ચડીને વાટ જોતી હમીરિયો છોરો હજી રે ન આયો
ਪੰਜਾਬੀ
ਹਮੀਰਸਰ ਦੇ ਤਟ 'ਤੇ ਖੜ੍ਹੀ ਹਾਮਲੀ ਪਈ ਉਡੀਕੇ।
ਬੰਨ੍ਹ 'ਤੇ ਚੜ੍ਹ ਕੇ ਬੈਠੀ ਉਹ ਪਈ ਉਡੀਕੇ,
ਆਪਣੇ ਮਹਿਬੂਬ ਹਮੀਰ ਦੀ ਕਰੇ ਉਡੀਕ।
ਹਾਏ ਰੱਬਾ! ਉਹ ਆਇਆ ਨਾ, ਹੁਣ ਨਹੀਓਂ ਆਉਣਾ ਉਹਨੇ!
ਫੜ੍ਹਿਆ ਗਿਆ ਬੂਹਿਓਂ, ਵਿੱਚ ਚੌਰਾਹੇ ਕਤਲ ਹੋਇਆ,
ਸੜਕ 'ਤੇ ਮੱਚਿਆ ਹੜਕੰਪ
ਹਾਏ ਰੱਬਾ! ਹਮੀਰ ਹੁਣ ਨਹੀਓ ਆਉਣਾ!
ਮੇਰਾ ਕਡਾਲਾ ਕੱਢ ਲੈ ਗਿਆ,
ਮੇਰੀ ਪਜੇਬ ਹੁਣ ਕਿਵੇਂ ਖਣਕੂ, ਕਰਜੇ ਦਾ ਭਾਰੀ ਬੋਝ ਚੁੱਕੀ।
ਗਲ਼ੇ ਦਾ ਹਾਰ ਵੀ ਲੈ ਗਿਆ ਨਾਲ਼,
ਹੁਣ ਹੰਸੁਲੀ ਨਾ ਸਜੇਗੀ ਮੇਰੇ ਅੰਗ, ਸਿਰ ਚੜ੍ਹ ਗਿਆ ਉਧਾਰ।
ਹਾਏ ਰੱਬਾ! ਹਮੀਰ ਹੁਣ ਨਹੀਓਂ
ਆਉਣਾ!
ਨੱਕ ਦੀ ਨਥਣੀ ਲੱਥ ਗਈ, ਤੇਰੇ ਸਿਵੇ ਸੰਗ ਮੱਚ ਗਈ
ਮੱਥੇ ਦਾ ਟਿੱਕਾ, ਬਿੰਦੀ ਹੁਣ ਫਭਦੀ ਨਹੀਓਂ, ਭਾਰਾ ਕਰਜਾ
ਚੁੱਕੀ।
ਹਾਏ ਰੱਬਾ! ਹਮੀਰ ਹੁਣ ਨਹੀਂਓ ਆਉਣਾ!
ਹਮੀਰਸਰ ਦੇ ਤਟ 'ਤੇ ਖੜ੍ਹੀ ਹਾਮਲੀ ਹਾਲੇ ਵੀ ਪਈ ਉਡੀਕੇ।
ਬੰਨ੍ਹ 'ਤੇ ਚੜ੍ਹ ਕੇ ਬੈਠੀ ਉਹ ਪਈ ਉਡੀਕੇ,
ਗੀਤ ਦਾ ਪ੍ਰਕਾਰ : ਲੋਕ ਗੀਤ
ਵਿਸ਼ਾ : ਪ੍ਰੇਮ, ਸ਼ੋਕ ਤੇ ਤਾਂਘ ਦਾ ਗੀਤ
ਗੀਤ : 2
ਗੀਤ ਦਾ ਸਿਰਲੇਖ : ਹਮੀਰਸਰ ਤਲਾਵੇ ਪਾਣੀ ਹਾਲੀ ਛੋਰੀ ਹਾਮਲੀ
ਧੁਨ : ਦੇਵਲ ਮਹਿਤਾ
ਗਾਇਕ : ਭਚਾਊ ਤਾਲੁਕਾ ਦੇ ਚੰਪਾਰ ਪਿੰਡ ਦੀ ਭਾਵਨਾ ਭੀਲ
ਵਰਤੀਂਦੇ ਸਾਜ਼ : ਹਰਮੋਨੀਅਮ, ਡਰੰਮ
ਰਿਕਾਰਡਿੰਗ ਦਾ ਸਾਲ : ਸਾਲ 2005, ਕੇਐੱਮਵੀਐੱਸ ਸਟੂਡੀਓ
ਗੁਜਰਾਤੀ ਅਨੁਵਾਦ : ਅਮਦ ਸਮੇਜਾ, ਭਾਰਤੀ ਗੌਰ
ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਆਪਣਾ ਸਹਿਯੋਗ ਦੇਣ ਲਈ ਖ਼ਾਸ ਸ਼ੁਕਰੀਆ। ਮੂਲ਼ ਕਵਿਤਾ ਤੋਂ ਅਨੁਵਾਦ ਵਿੱਚ ਮਦਦ ਦੇਣ ਲਈ ਭਾਰਤੀਬੇਨ ਗੌਰ ਦਾ ਤਹਿਦਿਲੋਂ ਧੰਨਵਾਦ।
ਤਰਜਮਾ: ਕਮਲਜੀਤ ਕੌਰ