ਇਹ ਪੈਨਲ ' ਕੰਮ ਹੀ ਕੰਮ ਬੋਲੇ , ਔਰਤ ਰਹੀ ਓਹਲੇ ਦੀ ਓਹਲੇ ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ

ਇੱਟਾਂ, ਕੋਲ਼ਾ ਅਤੇ ਪੱਥਰ

ਉਹ ਸਿਰਫ਼ ਨੰਗੇ ਪੈਰੀਂ ਹੀ ਨਹੀਂ, ਸਗੋਂ ਉਨ੍ਹਾਂ ਦੇ ਸਿਰਾਂ 'ਤੇ ਲੂੰਹਦੀਆਂ ਇੱਟਾਂ ਦਾ ਵੀ ਭਾਰ ਹੈ। ਢਾਲ਼ੂ ਫੱਟੇ 'ਤੇ ਤੁਰਦੀਆਂ ਇਹ ਓੜੀਸਾ ਦੀਆਂ ਮਜ਼ਦੂਰ ਹਨ ਜੋ ਇੱਥੇ ਆਂਧਰਾ ਪ੍ਰਦੇਸ਼ ਦੇ ਭੱਠੇ 'ਤੇ ਕੰਮ ਕਰ ਰਹੀਆਂ ਹਨ। ਇੱਥੇ ਬਾਹਰ ਦਾ ਤਾਪਮਾਨ 49 ਡਿਗਰੀ ਸੈਲਸੀਅਸ ਹੈ ਪਰ ਭੱਠੇ ਦੇ ਆਸਪਾਸ ਜਿੱਥੇ ਇਹ ਔਰਤਾਂ ਕੰਮ ਕਰ ਰਹੀਆਂ ਹਨ, ਉੱਥੇ ਤਾਂ ਇਸ ਨਾਲ਼ੋਂ ਵੀ ਕਿਤੇ ਵੱਧ ਤਪਸ਼ ਹੈ।

ਪੂਰਾ ਦਿਨ ਹੱਢ-ਭੰਨ੍ਹਣ ਤੋਂ ਬਾਅਦ ਹਰੇਕ ਔਰਤ ਨੂੰ ਸਿਰਫ਼ 10-12 ਰੁਪਏ ਹੀ ਦਿਹਾੜੀ ਮਿਲ਼ਦੀ ਹੈ ਜੋ ਪੁਰਸ਼ਾਂ ਦੀ 15-20 ਰੁਪਏ ਮਿਲ਼ਣ ਵਾਲ਼ੀ ਦਿਲ-ਹਲੂੰਣਵੀ ਮਜ਼ਦੂਰੀ ਨਾਲ਼ੋਂ ਵੀ ਘੱਟ ਹੈ। ਠੇਕੇਦਾਰ 'ਪੇਸ਼ਗੀ' ਭੁਗਤਾਨ ਕਰਕੇ ਅਜਿਹੇ ਪ੍ਰਵਾਸੀ ਮਜ਼ਦੂਰਾਂ ਦੇ ਪੂਰੇ ਦੇ ਪੂਰੇ ਟੱਬਰ ਨੂੰ ਹੀ ਇੱਥੇ ਖਿੱਚ ਲਿਆਉਂਦੇ ਹਨ। ਅਜਿਹੇ ਕਰਜ਼ਿਆਂ ਕਾਰਨ ਇਹ ਪ੍ਰਵਾਸੀ ਮਜ਼ਦੂਰ ਠੇਕੇਦਾਰ ਦੇ ਨਾਲ਼ ਬੱਝ ਜਾਂਦੇ ਹਨ ਅਤੇ ਅਕਸਰ ਗੁਲਾਮ ਮਜ਼ਦੂਰ ਬਣ ਕੇ ਰਹਿ ਜਾਂਦੇ ਹਨ। ਇੱਥੇ ਕੰਮ ਕਰਨ ਆਉਣ ਵਾਲ਼ੇ 90 ਫ਼ੀਸਦ ਲੋਕ ਬੇਜ਼ਮੀਨੇ ਜਾਂ ਛੋਟੇ-ਕੰਗਾਲ਼ ਕਿਸਾਨ ਹੁੰਦੇ ਹਨ।

ਵੀਡਿਓ ਦੇਖੋ : ' ਮੈਂ ਔਰਤਾਂ ਨੂੰ ਸਮੇਂ ਦੇ 90 ਫ਼ੀਸਦ ਹਿੱਸੇ ਵਿੱਚ ਕੰਮ ਹੀ ਕਰਦੇ ਦੇਖਿਆ। ਉਹ ਹੱਢ-ਭੰਨ੍ਹਵੇਂ ਅਤੇ ਲੱਕ ਦੂਹਰੇ ਕਰਕੇ ਰੱਖ ਦੇਣ ਵਾਲ਼ੇ ਕੰਮ ਕਰ ਰਹੀਆਂ ਜਿਨ੍ਹਾਂ ਕੰਮਾਂ ਨੂੰ ਕਰਨ ਵਾਸਤੇ ਪਿੱਠ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ '

ਘੱਟੋਘੱਟ ਮਜ਼ਦੂਰੀ ਸਬੰਧੀ ਕਨੂੰਨ ਦੀਆਂ ਸ਼ਰੇਆਮ ਉੱਡਦੀਆਂ ਧੱਜੀਆਂ ਦੇ ਬਾਵਜੂਦ ਵੀ ਕੋਈ ਮਜ਼ਦੂਰ ਸ਼ਿਕਾਇਤ ਤੱਕ ਨਹੀਂ ਕਰ ਸਕਦਾ। ਪ੍ਰਵਾਸੀ ਮਜ਼ਦੂਰਾਂ ਲਈ ਬਣਾਏ ਗਏ ਪੁਰਾਣੇ ਕਨੂੰਨ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰਦੇ। ਮਿਸਾਲ ਵਜੋਂ, ਇਹ ਕਨੂੰਨ ਆਂਧਰਾ ਪ੍ਰਦੇਸ਼ ਦੇ ਕਿਰਤ ਵਿਭਾਗ ਨੂੰ ਓੜੀਆ ਮਜ਼ਦੂਰਾਂ ਦੀ ਸਹਾਇਤਾ ਲਈ ਮਜ਼ਬੂਰ ਨਹੀਂ ਕਰਦੇ। ਨਾ ਹੀ ਓੜੀਸਾ ਦੇ ਕਿਰਤ ਅਧਿਕਾਰੀਆਂ ਦੇ ਕੋਲ਼ ਆਂਧਰਾ ਪ੍ਰਦੇਸ਼ ਵਿੱਚ ਕੋਈ ਅਧਿਕਾਰ ਹੀ ਹਾਸਲ ਹੈ। ਗ਼ੁਲਾਮ ਮਜ਼ਦੂਰੀ ਦੇ ਕਾਰਨ, ਭੱਠਿਆਂ 'ਤੇ ਕੰਮ ਕਰਨ ਵਾਲ਼ੀਆਂ ਬਹੁਤ ਸਾਰੀਆਂ ਔਰਤਾਂ ਅਤੇ ਨੌਜਵਾਨ ਕੁੜੀਆਂ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀਆਂ ਹਨ।

ਇਹ ਥਾਂ ਗੋਡਾ, ਝਾਰਖੰਡ (ਸੱਜੇ ਹੇਠਾਂ) ਵਿਖੇ ਪੈਂਦੀਆਂ ਕੋਲ਼ੇ ਦੀਆਂ ਖੁੱਲ੍ਹੀਆਂ ਖਾਨਾਂ ਮਗਰ ਸਥਿਤ ਕੂੜਾ ਹੋ ਚੁੱਕੇ ਕੋਲ਼ੇ ਦਾ ਮੈਦਾਨ ਹੈ ਜਿੱਥੋਂ ਦੇ ਚਿੱਕੜ ਭਰੀ ਪਗਡੰਡੀ ਵਿੱਚੋਂ ਦੀ ਇੱਕ ਇਕੱਲੀ ਔਰਤ ਆਪਣਾ ਰਾਹ ਬਣਾ ਬਣਾ ਕੇ ਅੱਗੇ ਵੱਧ ਰਹੀ ਹੈ। ਇਸ ਇਲਾਕੇ ਦੀਆਂ ਹੋਰਨਾਂ ਔਰਤਾਂ ਵਾਂਗਰ, ਉਹ ਵੀ ਇਸ ਕੂੜੇ ਦੇ ਢੇਰ ਵਿੱਚੋਂ ਦੀ ਬੇਕਾਰ ਕੋਲ਼ਾ ਚੁਗਦੀ ਹੈ, ਜਿਹਨੂੰ ਬਾਲਣ ਦੇ ਰੂਪ ਵਿੱਚ ਵੇਚ ਕੇ ਉਹ ਕੁਝ ਪੈਸੇ ਵੱਟ ਸਕਦੀ ਹੈ। ਜੇ ਇਸ ਬੇਕਾਰ ਪਏ ਕੋਲ਼ੇ ਨੂੰ ਇਨ੍ਹਾਂ ਕਿਸਮਤ-ਮਾਰੀਆਂ ਨੇ ਨਾ ਚੁਗਿਆ ਤਾਂ ਇਹ ਕੋਲ਼ਾ ਇੱਥੇ ਹੀ ਪਿਆ ਰਹੇਗਾ। ਇਸ ਕੰਮ ਨਾਲ਼ ਉਹ ਇੱਕ ਹਿਸਾਬ ਨਾਲ ਰਾਸ਼ਟਰ ਲਈ ਊਰਜਾ ਬਚਾਉਣ ਦਾ ਕੰਮ ਹੀ ਕਰ ਰਹੀ ਹੈ, ਪਰ ਕਨੂੰਨ ਦੀ ਨਜ਼ਰ ਵਿੱਚ ਇਹ ਇੱਕ ਅਪਰਾਧ ਹੈ।

PHOTO • P. Sainath
PHOTO • P. Sainath

ਟਾਈਲਾਂ ਥੱਪਣ ਵਾਲ਼ੀ ਇਹ ਔਰਤ ਛੱਤੀਸਗੜ੍ਹ ਦੇ ਸਰਗੁਜਾ ਵਿਖੇ ਰਹਿੰਦੀ ਹੈ। ਇਹਦੇ ਪਰਿਵਾਰ ਦੇ ਸਿਰੋਂ ਛੱਤ ਗਾਇਬ ਹੋ ਚੁੱਕੀ ਹੈ ਕਿਉਂਕਿ ਉਹ ਕਰਜ਼ਾ ਨਹੀਂ ਮੋੜ ਸਕੇ। ਉਨ੍ਹਾਂ ਕੋਲ਼ ਛੱਤ ਦੀਆਂ ਟਾਈਲਾਂ ਹੀ ਬਚੀਆਂ ਹਨ, ਜਿਨ੍ਹਾਂ ਨੂੰ ਵੇਚ ਕੇ ਉਹ ਥੋੜ੍ਹਾ ਪੈਸਾ ਇਕੱਠਾ ਕਰ ਸਕਦੇ ਹਨ ਅਤੇ ਕਰਜ਼ੇ ਦੀ ਕਿਸ਼ਤ ਮੋੜ ਸਕਦੇ ਹਨ। ਇਸਲਈ ਉਨ੍ਹਾਂ ਨੂੰ ਇੰਝ ਕਰਨਾ ਪਿਆ। ਹੁਣ ਇਹ ਔਰਤ ਨਵੀਂਆਂ ਟਾਈਲਾਂ ਥੱਪ ਰਹੀ ਹੈ ਤਾਂਕਿ ਪੁਰਾਣੀਆਂ ਟਾਈਲਾਂ ਦੀ ਥਾਂ ਇਨ੍ਹਾਂ ਨਵੀਂਆਂ ਟਾਈਲਾਂ ਨੂੰ ਚਿਣਿਆ ਜਾ ਸਕੇ।

ਇਸ ਪੱਥਰ ਤੋੜਨ ਵਾਲ਼ੀ ਅਦਭੁੱਤ ਔਰਤ ਨੂੰ ਦੇਖੋ... ਇਹ ਤਮਿਲਨਾਡੂ ਦੇ ਪੁਦੁਕੋਟਾਈ ਜ਼ਿਲ੍ਹੇ ਦੀ ਰਹਿਣ ਵਾਲ਼ੀ ਹੈ। ਸਾਲ 1991 ਵਿੱਚ ਇਨ੍ਹਾਂ ਕਰੀਬ 4,000 ਕੰਗਾਲ਼ ਔਰਤਾਂ ਨੇ ਇਨ੍ਹਾਂ ਖਾਨਾਂ ਨੂੰ ਆਪਣੇ ਨਿਯੰਤਰਣ ਹੇਠ ਕਰ ਲਿਆ ਜਿੱਥੇ ਕਦੇ ਉਨ੍ਹਾਂ ਨੇ ਗ਼ੁਲਾਮ ਮਜ਼ਦੂਰ ਵਜੋਂ ਕੰਮ ਕੀਤਾ ਸੀ। ਇਹ ਉਸ ਸਮੇਂ ਦੇ ਸਥਾਨਕ ਪ੍ਰਸ਼ਾਸਨ ਦੇ ਇਸ ਜੁਝਾਰੂ ਕਦਮ ਕਾਰਨ ਹੀ ਸੰਭਵ ਹੋ ਪਾਇਆ ਸੀ। ਨਵੀਂਆਂ-ਨਵੀਂਆਂ ਪੜ੍ਹੀਆਂ ਲਿਖੀਆਂ ਔਰਤਾਂ ਦੁਆਰਾ ਸਾਂਝਿਆ ਰਲ਼ ਕੇ ਕੀਤੀ ਇਸ ਕਾਰਵਾਈ ਕਾਰਨ ਇਹ ਅਸੰਭਵ ਜਾਪਦਾ ਕੰਮ ਸੰਭਵ ਹੋ ਸਕਿਆ ਅਤੇ ਖੰਦਕ ਦੀਆਂ ਇਨ੍ਹਾਂ ਔਰਤਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਨਾਟਕੀ ਰੂਪ ਵਿੱਚ ਕੁਝ ਸੁਧਾਰ ਹੋਇਆ। ਸਰਕਾਰ ਨੇ ਵੀ ਇਨ੍ਹਾਂ ਮਿਹਨਤਕਸ਼ ਨਵੀਂਆਂ 'ਮਾਲਕਨ' ਔਰਤਾਂ ਪਾਸੋਂ ਭਾਰੀ ਮਾਲੀਆ ਕਮਾਇਆ। ਪਰ ਬਦਲਾਅ ਦੀ ਇਹ ਪੂਰੀ ਦੀ ਪੂਰੀ ਪ੍ਰਕਿਰਿਆ ਉਨ੍ਹਾਂ ਠੇਕੇਦਾਰਾਂ ਦੇ ਬਰਬਰ ਹਮਲੇ ਦਾ ਸ਼ਿਕਾਰ ਬਣ ਗਈ ਜੋ ਪਹਿਲਾਂ ਵੀ ਇਸ ਇਲਾਕੇ ਵਿੱਚ ਪੁਟਾਈ ਦਾ ਨਜਾਇਜ਼ ਧੰਦਾ ਚਲਾਉਂਦੇ ਸਨ। ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਬਾਵਜੂਦ ਇਹਦੇ ਕਾਫ਼ੀ ਸਾਰੀਆਂ ਔਰਤਾਂ ਨੇ ਅਜੇ ਵੀ ਬਿਹਤਰ ਜੀਵਨ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।

PHOTO • P. Sainath
PHOTO • P. Sainath

ਸੂਰਜ ਛਿਪਣ ਦੀ ਉਲਟ ਦਿਸ਼ਾ ਵਿੱਚ ਤੁਰਦੀਆਂ ਇਹ ਔਰਤਾਂ ਗੋਡਾ ਦੀਆਂ ਖੁੱਲ੍ਹੀਆਂ ਕੋਲ਼ਾ ਖਾਨਾਂ ਦੇ ਨਾਲ਼ ਖਹਿੰਦੇ ਬੇਕਾਰ ਕਰਕੇ ਸੁੱਟੇ ਕੋਲ਼ੇ ਦੇ ਮੈਦਾਨ ਨੂੰ ਛੱਡ ਕੇ ਜਾ ਰਹੀਆਂ ਹਨ। ਉਨ੍ਹਾਂ ਨੇ ਪੂਰਾ ਦਿਨ ਜਿੰਨਾ ਹੋ ਸਕਿਆ ਇਸ ਬੇਕਾਰ ਪਏ ਕੋਲ਼ੇ ਨੂੰ ਚੁਗਿਆ ਅਤੇ ਇਸ ਤੋਂ ਪਹਿਲਾਂ ਕਿ ਮਾਨਸੂਨ ਦੇ ਬੱਦਲ ਉਨ੍ਹਾਂ ਨੂੰ ਚਿੱਕੜ ਅਤੇ ਗਾਰੇ ਵਿੱਚ ਧਸਣ ਲਈ ਮਜ਼ਬੂਰ ਕਰਨ, ਉਹ ਉੱਥੋਂ ਦੀ ਜਾ ਰਹੀਆਂ ਹਨ। ਖਾਨਾਂ ਅਤੇ ਖੰਦਕਾਂ ਵਿੱਚ ਕੰਮ ਕਰਨ ਵਾਲ਼ੀਆਂ ਔਰਤਾਂ ਦੀ ਗਿਣਤੀ ਦੀ ਅਧਿਕਾਰਕ ਗਣਨਾ ਦਾ ਕੋਈ ਮਤਲਬ ਨਹੀਂ। ਇੰਝ ਇਸਲਈ ਹੈ ਕਿਉਂਕਿ ਨਜਾਇਜ਼ ਖਾਨਾਂ ਅਤੇ ਉਨ੍ਹਾਂ ਦੇ ਘੇਰੇ ਅੰਦਰ ਆਉਂਦੇ ਖ਼ਤਰਨਾਕ ਅਤੇ ਜਾਨਲੇਵਾ ਕੰਮ ਕਰਨ ਵਾਲ਼ੀਆਂ ਬਹੁਤ ਸਾਰੀਆਂ ਔਰਤ ਮਜ਼ਦੂਰਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਰੱਖਿਆ ਜਾਂਦਾ। ਜਿਵੇਂ ਕਿ ਇਹ ਔਰਤਾਂ, ਜੋ ਕੋਲ਼ੇ ਦੇ ਕੂੜੇ ਦੇ ਮੈਦਾਨਾਂ ਵਿੱਚੋਂ ਬਾਹਰ ਨਿਕਲ਼ ਰਹੀਆਂ ਹਨ। ਜੇ ਉਨ੍ਹਾਂ ਨੇ ਦਿਨ ਦੇ ਅੰਤ ਵਿੱਚ 10 ਰੁਪਏ ਵੀ ਵੱਟੇ ਹੋਣਗੇ ਤਾਂ ਵਢਭਾਗੀ ਮੰਨੀਆਂ ਜਾਣਗੀਆਂ।

ਇਸ ਸਭ ਦੇ ਨਾਲ਼ ਨਾਲ਼ ਇਨ੍ਹਾਂ ਸਾਰੀਆਂ ਔਰਤਾਂ ਨੂੰ ਖੰਦਕਾਂ ਅੰਦਰ ਕੀਤੇ ਜਾਣ ਵਾਲ਼ੇ ਵਿਸਫ਼ੋਟ, ਜ਼ਹਿਰਲੀਆਂ ਗੈਸਾਂ, ਪੱਥਰਾਂ ਦਾ ਘੱਟਾ ਅਤੇ ਹਵਾ ਵਿੱਚ ਘੁੱਲ਼ੀਆਂ ਵੱਖ-ਵੱਖ ਅਸ਼ੁੱਧੀਆਂ ਕਾਰਨ ਗੰਭੀਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਦੇ-ਕਦਾਈਂ ਤਾਂ 120 ਟਨ ਵਾਲ਼ੇ ਡੰਪ ਟਰੱਕ, ਖਾਨਾਂ ਦੇ ਕੰਢਿਆਂ ਵੱਲ ਆਉਂਦੇ ਹਨ ਅਤੇ ਆਪਣੇ 'ਵਾਧੂ ਦੇ ਭਾਰ' ਨੂੰ ਭਾਵ ਕਿ ਖਾਨਾਂ ਪੁੱਟਣ ਦੌਰਾਨ ਨਿਕਲ਼ੀ ਮਿੱਟੀ (ਕੋਲ਼ਾ ਰਲ਼ੀ) ਨੂੰ ਇੱਥੇ ਸੁੱਟ ਕੇ ਚੱਲਦੇ ਬਣਦੇ ਹਨ ਅਤੇ ਫਿਰ ਕੀ... ਇਹ ਗ਼ਰੀਬ ਔਰਤਾਂ ਮਿੱਟੀ ਵਿੱਚੋਂ ਬੇਕਾਰ ਕੋਲ਼ੇ ਨੂੰ ਚੁਗਣ ਲਈ ਦੌੜ ਲਾਉਂਦੀਆਂ ਹਨ, ਉਸ ਸਮੇਂ ਉਨ੍ਹਾਂ ਨੂੰ ਇਸ ਨਰਮ ਪੈ ਚੁੱਕੀ ਮਿੱਟੀ ਦੇ ਮਣਾਂ-ਮੂੰਹੀਂ ਭਾਰ ਹੇਠਾਂ ਦੱਬ ਜਾਣ ਦੀ ਪਰਵਾਹ ਵੀ ਨਹੀਂ ਹੁੰਦੀ।

PHOTO • P. Sainath

ਤਰਜਮਾ: ਕਮਲਜੀਤ ਕੌਰ

பி. சாய்நாத், பாரியின் நிறுவனர் ஆவார். பல்லாண்டுகளாக கிராமப்புற செய்தியாளராக இருக்கும் அவர், ’Everybody Loves a Good Drought' மற்றும் 'The Last Heroes: Foot Soldiers of Indian Freedom' ஆகிய புத்தகங்களை எழுதியிருக்கிறார்.

Other stories by P. Sainath
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur