ਇਹ ਪੈਨਲ ' ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਇਹ ਝੁਕਣਾ ਤਾਂ ਸਾਰੀ ਉਮਰ ਦਾ ਹੈ
ਵਿਜਯਨਗਰਮ ਵਿਖੇ, ਦੁਪਹਿਰ ਦੀ ਤਪਸ਼ ਤੋਂ ਤੰਗ ਆ ਕੇ, ਉਹ ਰਤਾ ਕੁ ਰੁਕੀ। ਪਰ ਝੁਕੀ ਪਹਿਲਾਂ ਵਾਂਗਰ ਹੀ ਰਹੀ। ਉਹ ਜਾਣਦੀ ਸੀ ਕਿ ਚੰਦ ਪਲਾਂ ਬਾਅਦ ਹੀ ਉਹਨੇ ਦੋਬਾਰਾ ਇਸੇ ਮੁਦਰਾ ਵਿੱਚ ਹੀ ਕੰਮ ਸ਼ੁਰੂ ਕਰਨਾ ਹੈ ਫਿਰ ਸਿੱਧੇ ਹੋਣ ਦੀ ਲੋੜ ਹੀ ਕੀ ਹੈ।
ਕਾਜੂ ਦੇ ਇਨ੍ਹਾਂ ਖੇਤਾਂ ਵਿੱਚ, ਉਹਦੇ ਪਿੰਡ ਦੀਆਂ ਔਰਤਾਂ ਦੇ ਦੋ ਹੋਰ ਸਮੂਹ ਕੰਮ ਕਰ ਰਹੇ ਸਨ। ਇੱਕ ਸਮੂਹ, ਖੇਤ ਤੋਂ ਦੋ ਕਿਲੋਮੀਟਰ ਦੂਰ ਸਥਿਤ ਆਪਣੇ ਘਰੋਂ ਦੁਪਹਿਰ ਦੀ ਰੋਟੀ ਅਤੇ ਪਾਣੀ ਲੈ ਕੇ ਆਇਆ। ਜਦੋਂਕਿ ਦੂਸਰਾ ਸਮੂਹ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਸੀ। ਕੰਮ ਕਰਦੇ ਵੇਲ਼ੇ ਸਾਰੇ ਦੀਆਂ ਸਾਰੀਆਂ ਔਰਤਾਂ ਹੀ ਦੂਹਰੀਆਂ ਹੋਈਆਂ ਪਈਆਂ ਸਨ।
ਓੜੀਸਾ ਦੇ ਰਾਇਗੜਾ ਸਥਿਤ ਇਸ ਖੇਤ ਵਿੱਚ ਪੁਰਸ਼ ਵੀ ਸਨ। ਕੈਮਰੇ ਦੇ ਲੈਂਸ ਵਿੱਚੋਂ ਦੀ ਇਹ ਅਦਭੁੱਤ ਨਜ਼ਾਰਾ ਜਾਪਿਆ। ਸਾਰੇ ਪੁਰਸ਼ ਖੜ੍ਹੇ ਸਨ ਅਤੇ ਸਾਰੀਆਂ ਔਰਤਾਂ ਝੁਕੀਆਂ ਸਨ। ਓੜੀਸਾ ਦੇ ਨੁਆਪਾੜਾ ਵਿਖੇ ਪੈਂਦਾ ਮੀਂਹ ਵੀ ਇਸ ਔਰਤ ਨੂੰ ਨਿਰਾਈ (ਹੱਥੀਂ ਨਦੀਨ ਕੱਢਣ) ਕਰਨ ਤੋਂ ਨਾ ਰੋਕ ਸਕਿਆ। ਉਹ ਆਪਣਾ ਕੰਮ ਕਰਦੀ ਜਾ ਰਹੀ ਸੀ। ਕਮਰ ਝੁਕਾਈ ਅਤੇ ਹੱਥ ਵਿੱਚ ਛਤਰੀ ਫੜ੍ਹੀ।
'ਹੱਥੀਂ' ਪਨੀਰੀ ਲਾਉਣਾ, ਬਿਜਾਈ ਅਤੇ ਨਿਰਾਈ ਕਰਨਾ ਬੜੀ ਸਖ਼ਤ ਮਿਹਨਤ ਵਾਲ਼ਾ ਕੰਮ ਹੈ। ਲੱਕ ਤੋੜ ਕੇ ਰੱਖ ਦੇਣ ਵਾਲ਼ੀ ਇਸ ਮੁਦਰਾ ਵਿੱਚ ਘੰਟੇ ਬੱਧੀ ਝੁਕੇ ਰਹਿਣਾ ਪੈਂਦਾ ਹੈ।
ਭਾਰਤ ਵਿੱਚ 81 ਫ਼ੀਸਦ ਔਰਤਾਂ ਖੇਤੀ-ਬਾੜੀ, ਮਜ਼ਦੂਰੀ, ਜੰਗਲੀ ਉਤਪਾਦ ਇਕੱਠਾ ਕਰਨ ਅਤੇ ਡੰਗਰਾਂ ਦੀ ਦੇਖਭਾਲ਼ ਦਾ ਕੰਮ ਕਰਦੀਆਂ ਹਨ। ਖੇਤੀ-ਕਾਰਜ ਵੀ ਔਰਤਾਂ ਅਤੇ ਪੁਰਸ਼ਾਂ ਵਿਚਾਲੇ ਪੱਖਪਾਤ ਨੂੰ ਸਾਹਮਣੇ ਲਿਆਉਂਦੇ ਹਨ। ਔਰਤਾਂ ਨੂੰ ਹਲ਼ ਵਾਹੁਣ ਦੀ ਆਗਿਆ ਨਹੀਂ। ਪਰ ਖੇਤੀ ਦੇ ਬਾਕੀ ਕੰਮ ਉਹੀ ਕਰਦੀਆਂ ਹਨ, ਖ਼ਾਸ ਕਰਕੇ ਪਨੀਰੀ ਲਾਉਣਾ, ਨਿਰਾਈ ਕਰਨਾ, ਫ਼ਸਲਾਂ ਦੀ ਵਾਢੀ, ਅਨਾਜ ਦੀ ਸਫ਼ਾਈ ਅਤੇ ਵਾਢੀ ਤੋਂ ਬਾਅਦ ਦੇ ਹੋਰ ਵੀ ਕਈ ਕੰਮ ਔਰਤਾਂ ਦੇ ਹਿੱਸੇ ਹੀ ਆਉਂਦੇ ਹਨ।
ਖੇਤੀ ਕਾਰਜਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਬਿਆਨ ਕਰਦਾ ਇੱਕ ਵਿਸ਼ਲੇਸ਼ਣ:
ਕਾਸ਼ਤ ਲਈ ਜ਼ਮੀਨ ਨੂੰ ਤਿਆਰ ਕਰਨ ਮਗਰ 32 ਫ਼ੀਸਦ ਔਰਤਾਂ ਹੀ ਹਨ;
ਬੀਜ ਬੀਜਣ ਪਿੱਛੇ ਵੀ 76 ਫ਼ੀਸਦ ਔਰਤਾਂ ਹੀ ਕੰਮ ਕਰਦੀਆਂ ਹਨ;
ਪਨੀਰੀ ਲਾਉਣ ਵਾਲ਼ਿਆਂ ਵਿੱਚੋਂ 90 ਫ਼ੀਸਦ ਔਰਤਾਂ ਹੀ ਹਨ;
ਕੱਟੀ ਫ਼ਸਲ ਨੂੰ ਖੇਤਾਂ 'ਚੋਂ ਘਰ ਤੱਕ ਢੋਹਣ ਵਿੱਚ ਵੀ 82 ਫ਼ੀਸਦੀ ਔਰਤਾਂ ਹੀ ਹਨ;
ਭੋਜਨ ਬਣਾਉਣ ਦਾ 100 ਫੀਸਦ ਕੰਮ ਔਰਤਾਂ ਹੀ ਕਰਦੀਆਂ ਹਨ; ਅਤੇ
ਡੇਅਰੀ ਦੇ ਕੰਮ ਦੀ 69 ਫ਼ੀਸਦ ਮਿਹਨਤ ਔਰਤਾਂ ਦੀ ਹੀ ਹੁੰਦੀ ਹੈ।
![](/media/images/02a-ORISSA-03-08A-PS-Visible_Work_Invisibl.max-1400x1120_xgwVprI.jpg)
![](/media/images/02b-ORISSA-07-23-PS-Visible_Work_Invisible.max-1400x1120_3JqySNG.jpg)
ਇਨ੍ਹਾਂ ਵਿੱਚੋਂ ਬਹੁਤੇਰੇ ਕੰਮਾਂ ਵਿੱਚ ਰੁਝੇ ਰਹਿਣ ਦਾ ਮਤਲਬ ਹੈ ਦੇਰ ਤੱਕ ਝੁਕੇ ਰਹਿਣਾ ਜਾਂ ਚੌਂਕੜੀ ਮਾਰੀ ਕੰਮ ਕਰਨਾ। ਇਸ ਸਭ ਦੇ ਬਾਵਜੂਦ ਵੀ ਖੇਤੀ ਲਈ ਵਰਤੀਂਦੇ ਬਹੁਤੇਰੇ ਸੰਦ ਅਤੇ ਔਜ਼ਾਰ ਔਰਤਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਏ ਗਏ।
ਖੇਤਾਂ ਵਿੱਚ ਕੰਮ ਕਰਦੇ ਵੇਲ਼ੇ, ਔਰਤਾਂ ਨੂੰ ਝੁਕੇ ਰਹਿ ਕੇ ਜਾਂ ਪੈਰਾਂ ਭਾਰ ਬੈਠਿਆਂ ਹੀ ਅੱਗੇ ਅੱਗੇ ਵੱਧਦੇ ਰਹਿਣਾ ਪੈਂਦਾ ਹੈ। ਇਸਲਈ, ਉਨ੍ਹਾਂ ਦੀ ਪਿੱਠ ਅਤੇ ਪੈਰਾਂ ਵਿੱਚ ਸ਼ਦੀਦ ਪੀੜ੍ਹ ਰਹਿਣਾ ਇੱਕ ਆਮ ਗੱਲ ਹੈ। ਬਿਜਾਈ ਦੌਰਾਨ, ਅਕਸਰ ਡੂੰਘੇ ਪਾਣੀ ਵਿੱਚ ਖੜ੍ਹੇ ਰਹਿਣ ਕਾਰਨ ਇਨ੍ਹਾਂ ਔਰਤਾਂ ਨੂੰ ਚਮੜੀ ਰੋਗ ਲੱਗਣ ਦਾ ਧੁੜਕੂ ਵੀ ਲੱਗਾ ਰਹਿੰਦਾ ਹੈ।
ਬਾਕੀ ਰਹੀ ਗੱਲ ਉਨ੍ਹਾਂ ਔਜ਼ਾਰਾਂ ਜਾਂ ਸੰਦਾਂ ਦੀ ਜੋ ਪੁਰਸ਼ਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ, ਉਨ੍ਹਾਂ ਤੋਂ ਵੀ ਔਰਤਾਂ ਨੂੰ ਸੱਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦਾਤੀ ਅਤੇ ਦਾਹ (ਦਾਤਰ) ਤੋਂ ਜ਼ਖ਼ਮੀ ਹੋਣਾ ਆਮ ਗੱਲ ਹੈ, ਜਦੋਂਕਿ ਸਹੀ ਇਲਾਜ ਮਿਲ਼ਣਾ ਕਰੀਬ ਕਰੀਬ ਦੁਰਲੱਭ ਹੀ ਹੈ। ਟੈਟਸਨ ਹੋਣ ਦਾ ਖ਼ਤਰਾ ਵੀ ਸਿਰ 'ਤੇ ਮੰਡਰਾਉਂਦਾ ਰਹਿੰਦਾ ਹੈ।
![](/media/images/03a-ORISSA-07-32-PS-Visible_Work_Invisible.max-1400x1120.jpg)
![](/media/images/3b-HAC003-14-PS-Visible_Work_Invisible_Wom.max-1400x1120_UPBPujG.jpg)
![](/media/images/03c-AP018-19A-C-PS-Visible_Work_Invisible_.max-1400x1120.jpg)
ਖੇਤੀ ਨਾਲ਼ ਜੁੜੀਆਂ ਔਰਤਾਂ ਦੇ ਨਵਜਾਤਾਂ ਦੀ ਮੌਤ ਦਰ ਦਾ ਵੱਧ ਹੋਣਾ ਇੱਕ ਵੱਡੀ ਸਮੱਸਿਆ ਹੈ। ਉਦਾਹਰਣ ਵਜੋਂ, ਬਿਜਾਈ ਦੌਰਾਨ, ਔਰਤਾਂ ਦਿਨ ਦਾ ਬਹੁਤਾ ਸਮਾਂ ਝੁਕੀਆਂ ਰਹਿੰਦੀਆਂ ਹਨ ਜਾਂ ਚੌਂਕੜੀ ਮਾਰੀ ਬੈਠੀਆਂ ਰਹਿੰਦੀਆਂ ਹਨ। ਮਹਾਰਾਸ਼ਟਰ ਵਿਖੇ ਹੋਇਆ ਇੱਕ ਅਧਿਐਨ ਦੱਸਦਾ ਹੈ ਕਿ ਇਹੀ ਉਹ ਸਮਾਂ ਰਹਿੰਦਾ ਹੈ ਜਦੋਂ ਗਰਭਪਾਤ ਜਾਂ ਨਵਜਾਤ ਦੀ ਮੌਤ ਦਾ ਵੱਧ ਖ਼ਤਰਾ ਬਣਿਆ ਰਹਿੰਦਾ ਹੈ। ਲੰਬੇ ਸਮੇਂ ਤੱਕ ਚੌਂਕੜੀ ਮਾਰ ਕੇ ਬੈਠਣ ਨਾਲ਼ ਥਕਾਵਟ ਅਤੇ ਤਣਾਅ ਵੱਧਦਾ ਹੈ, ਜਿਸ ਕਾਰਨ ਬੱਚੇ ਸਮੇਂ ਤੋਂ ਪਹਿਲਾਂ ਜੰਮ ਪੈਂਦੇ ਹਨ।
ਇਸ ਤੋਂ ਇਲਾਵਾ, ਔਰਤ ਮਜ਼ਦੂਰਾਂ ਨੂੰ ਲੋੜੀਂਦਾ ਖਾਣਾ ਵੀ ਨਹੀਂ ਮਿਲ਼ਦਾ। ਇਹ ਸਭ ਗ਼ਰੀਬੀ ਕਾਰਨ ਹੀ ਹੁੰਦਾ ਹੈ। ਬਾਕੀ ਰਹਿੰਦੀ ਕਸਰ ਉਹ ਪਰੰਪਰਾ ਪੂਰੀ ਕਰ ਦਿੰਦੀ ਹੈ ਜਿਸ ਵਿੱਚ ਪਰਿਵਾਰ ਨੂੰ ਪਹਿਲਾਂ ਖਾਣਾ ਖੁਆ ਕੇ ਬਾਕੀ ਬਚਿਆ ਭੋਜਨ ਔਰਤ ਨੇ ਖਾਣਾ ਹੁੰਦਾ ਹੈ, ਜਿਸ ਕਾਰਨ ਉਹਦੀ ਹਾਲਤ ਹੋਰ ਬਦਤਰ ਹੋ ਜਾਂਦੀ ਹੈ। ਗਰਭਵਤੀ ਔਰਤਾਂ ਨੂੰ ਬਿਹਤਰ ਖਾਣਾ ਨਹੀਂ ਮਿਲ਼ਦਾ, ਹਾਲਾਂਕਿ ਉਨ੍ਹਾਂ ਨੂੰ ਇਹਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਕਿਉਂਕਿ ਜੇ ਮਾਵਾਂ ਖ਼ੁਦ ਹੀ ਕੁਪੋਸ਼ਣ ਦਾ ਸ਼ਿਕਾਰ ਹੋਣ ਤਾਂ ਦੱਸੋ ਬੱਚੇ ਦਾ ਵਜ਼ਨ ਕਿਵੇਂ ਵੱਧ ਸਕਦਾ ਹੈ। ਵਜ਼ਨ ਦਾ ਘੱਟ ਹੋਣਾ ਵੀ ਬੱਚੇ ਦੇ ਜਿਊਂਦੇ ਨਾ ਬਚਣ ਦਾ ਕਾਰਨ ਬਣਦਾ ਹੈ।
ਇਹੀ ਕਾਰਨ ਹੈ ਕਿ ਖੇਤੀ ਨਾਲ਼ ਜੁੜੀਆਂ ਔਰਤਾਂ ਬਾਰ ਬਾਰ ਗਰਭਧਾਰਨ ਕਰਨ ਅਤੇ ਆਪਣੇ ਨਵਜਾਤਾਂ ਦੀ ਮੌਤ ਦੇ ਚੱਕਰ ਵਿੱਚ ਫਸੀਆਂ ਰਹਿੰਦੀਆਂ ਹਨ, ਜੋ ਸਮੱਸਿਆ ਅੱਗੇ ਚੱਲ ਕੇ ਉਨ੍ਹਾਂ ਦੀ ਸਿਹਤ ਦੇ ਪੱਲੇ ਕੱਖ ਨਹੀਂ ਛੱਡਦੀ। ਗਰਭਅਵਸਥਾ ਅਤੇ ਪ੍ਰਸਵ ਦੌਰਾਨ, ਅਜਿਹੀਆਂ ਔਰਤਾਂ ਦੀ ਮੌਤ ਵੀ ਵੱਡੀ ਗਿਣਤੀ ਵਿੱਚ ਹੁੰਦੀ ਹੈ।
![](/media/images/04-AP008-17-PS-Visible_Work_Invisible_Wome.max-1400x1120.jpg)
ਤਰਜਮਾ: ਕਮਲਜੀਤ ਕੌਰ