ਜੰਮੂ ਤੇ ਕਸ਼ਮੀਰ ਦੇ ਪਹਾੜਾਂ 'ਤੇ ਤੁਹਾਨੂੰ ਅਕਸਰ ਇਕੱਲੇ ਬੱਕਰਵਾਲ ਨਜ਼ਰੀਂ ਪੈਣਗੇ।

ਖ਼ਾਨਾਬਦੋਸ਼ ਆਜੜੀ ਵੱਡੇ-ਵੱਡੇ ਝੁੰਡਾਂ ਵਿੱਚ ਆਪਣੇ ਡੰਗਰਾਂ ਲਈ ਚਰਾਂਦਾਂ ਦੀ ਭਾਲ਼ ਵਿੱਚ ਹਿਮਾਲਿਆ ਪਾਰ ਜਾਂਦੇ ਹਨ। ਇੱਦਾਂ ਹੀ ਹਰ ਸਾਲ ਉੱਚੇਰੀਆਂ ਥਾਵਾਂ ਜਾਂ ਬੇਹਕਾਂ ਵੱਲ ਯਾਤਰਾ ਕਰਕੇ ਜਾਣ ਵਾਲ਼ੇ ਮੁਹੰਮਦ ਲਤੀਫ਼ ਕਹਿੰਦੇ ਹਨ,'' ਤਿੰਨ ਤੋਂ ਚਾਰ ਭਰਾ ਆਪਣੇ ਪਰਿਵਾਰਾਂ ਨੂੰ ਨਾਲ਼ ਲੈ ਕੇ ਯਾਤਰਾ ਕਰਦੇ ਹਨ। ਅੱਗੇ ਉਹ ਉਨ੍ਹਾਂ 5,000 ਬੱਕਰੀਆਂ, ਭੇਡਾਂ, ਘੋੜਿਆਂ, ਕੁਝ ਕੁ ਬੱਕਰਵਾਲ ਕੁੱਤਿਆਂ ਦਾ ਜ਼ਿਕਰ ਕਰਦੇ ਹਨ ਜੋ ਹਰ ਸਾਲ ਉਨ੍ਹਾਂ ਦੇ ਨਾਲ਼ ਯਾਤਰਾ ਕਰਦੇ ਹਨ, ''ਜੇ ਅਸੀਂ ਬੱਕਰੀਆਂ ਤੇ ਭੇਡਾਂ ਦੇ ਇੱਜੜਾਂ ਨੂੰ ਇਕੱਠੇ ਰੱਖੀਏ ਤਾਂ ਸੌਖ ਬਣੀ ਰਹਿੰਦੀ ਹੈ।''

ਜੰਮੂ ਦੇ ਪਠਾਰਾਂ ਤੋਂ ਪੀਰ ਪੰਜਾਲ ਅਤੇ ਹਿਮਾਲਿਆਂ ਦੀਆਂ ਹੋਰਨਾਂ ਉਚੇਰੀਆਂ ਚਰਾਂਦਾਂ ਵੱਲ ਨੂੰ ਬੱਕਰਵਾਲਾਂ ਦੀਆਂ ਇਨ੍ਹਾਂ ਯਾਤਰਾਵਾਂ ਵਿੱਚ 3,000 ਮੀਟਰ ਦੀ ਚੜ੍ਹਾਈ ਵੀ ਸ਼ਾਮਲ ਹੁੰਦੀ ਹੈ। ਉਹ ਮਾਰਚ ਦੇ ਅਖ਼ੀਰ ਵਿੱਚ ਗਰਮੀਆਂ ਆਉਣ ਤੋਂ ਪਹਿਲਾਂ ਚਾਲੇ ਪਾਉਂਦੇ ਹਨ ਤੇ ਸਤੰਬਰ ਦੇ ਆਸ-ਪਾਸ ਸਿਆਲ ਲੱਥਣ ਤੋਂ ਪਹਿਲਾਂ-ਪਹਿਲਾਂ ਵਾਪਸੀ ਕਰਨੀ ਸ਼ੁਰੂ ਕਰ ਦਿੰਦੇ ਹਨ।

ਇਨ੍ਹਾਂ ਯਾਤਰਾਵਾਂ ਦੌਰਾਨ ਇੱਕ ਪਾਸੇ ਦੀ ਫ਼ੇਰੀ ਨੂੰ 6-8 ਹਫ਼ਤੇ ਲੱਗਦੇ ਹਨ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਕੁਝ ਕੁ ਪੁਰਸ਼ ਮੋਹਰੀ ਕਤਾਰਾਂ ਵਿੱਚ ਹੁੰਦੇ ਹਨ। ''ਉਹ ਸਾਡੇ ਤੋਂ ਪਹਿਲਾਂ ਹੀ ਇਨ੍ਹਾਂ ਚਰਾਂਦਾਂ 'ਤੇ ਪਹੁੰਚ ਜਾਂਦੇ ਹਨ ਤੇ ਇੱਜੜਾਂ ਦੇ ਪੁੱਜਣ ਤੋਂ ਪਹਿਲਾਂ-ਪਹਿਲਾਂ ਉੱਥੇ ਡੇਰੇ ਪਾ ਲੈਂਦੇ ਹਨ,'' ਗੱਲ ਜਾਰੀ ਰੱਖਦਿਆਂ ਮੁਹੰਮਦ ਲਤੀਫ਼ ਕਹਿੰਦੇ ਹਨ। ਉਨ੍ਹਾਂ ਦਾ ਝੁੰਡ ਰਾਜੌਰੀ ਦੇ ਪਠਾਰਾਂ ਤੋਂ ਯਾਤਰਾ ਸ਼ੁਰੂ ਕਰਦਾ ਹੋਇਆ ਲੱਦਾਖ ਦੇ ਜ਼ੋਜਿਲਾ ਪਾਸ ਨੇੜੇ ਸਥਿਤ ਮੀਨਮਾਰਗ ਜਾ ਪੁੱਜਦਾ ਹੈ।

A flock of sheep grazing next to the Indus river. The Bakarwals move in large groups with their animals across the Himalayas in search of grazing grounds
PHOTO • Ritayan Mukherjee

ਭੇਡਾਂ ਦਾ ਇੱਜੜ ਸਿੰਧੂ ਨਦੀ ਦੇ ਨਾਲ਼-ਨਾਲ਼ ਚਰਦਾ ਹੋਇਆ। ਬੱਕਰਵਾਲ ਆਪਣੇ ਡੰਗਰਾਂ ਦੇ ਨਾਲ਼ ਵੱਡੇ ਵੱਡੇ ਝੁੰਡਾਂ ਵਿੱਚ ਚਰਾਂਦਾਂ ਦੀ ਭਾਲ਼ ਲਈ ਹਿਮਾਲਿਆ ਦੇ ਆਸ-ਪਾਸ ਘੁੰਮਦੇ ਰਹਿੰਦੇ ਹਨ

Mohammed Zabir on his way  back to Kathua near Jammu; his group is descending from the highland pastures in Kishtwar district of Kashmir
PHOTO • Ritayan Mukherjee

ਮੁਹੰਮਦ ਜ਼ਬੀਰ ਜੰਮੂ ਨੇੜੇ ਸਥਿਤ ਕੱਠੂਆ ਵਾਪਸ ਮੁੜਦਾ ਹੋਇਆ। ਉਨ੍ਹਾਂ ਦਾ ਝੁੰਡ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੀਆਂ ਉਚੇਰੀਆਂ ਚਰਾਂਦਾਂ ਤੋਂ ਹੇਠ ਉੱਤਰ ਰਿਹਾ ਹੈ

40 ਸਾਲਾਂ ਨੂੰ ਢੁੱਕਣ ਵਾਲ਼ੇ ਸ਼ੌਕਤ ਅਲੀ ਕੰਡਲ, ਜੰਮੂ ਦੇ ਕੱਠੂਆ ਜ਼ਿਲ੍ਹੇ ਵਿਖੇ ਵੱਸਣ ਵਾਲ਼ੇ 20 ਬਕਰਵਾਲ ਪਰਿਵਾਰਾਂ ਵਿੱਚੋਂ ਹੀ ਹਨ। ਸਮਾਂ ਸਤੰਬਰ 2022 ਦਾ ਹੈ, ਉਨ੍ਹਾਂ ਦਾ ਝੁੰਡ ਕਿਸ਼ਤਵਾੜ ਜ਼ਿਲ੍ਹੇ ਦੇ ਦੋਧਾਈ ਬੇਹਕ (ਉਚੇਰੀ ਚਰਾਂਦ) ਤੋਂ ਵਾਪਸ ਮੁੜ ਰਿਹਾ ਹੈ। ਇਹ ਥਾਂ ਕਈ ਪੀੜ੍ਹੀਆਂ ਤੋਂ ਉਨ੍ਹਾਂ ਲਈ ਗਰਮੀਆਂ ਹੰਢਾਉਣ ਦੀ ਠ੍ਹਾਰ ਰਿਹਾ ਹੈ। ਅਸੀਂ ਵਰਵਾਨ ਵਾਦੀ ਦੇ ਬਰਫ਼ ਲੱਦੇ ਰਾਹਾਂ ਵਿੱਚੋਂ ਹੀ ਲੰਘਦੇ ਹੋਏ ਆਏ ਹਾਂ। ''ਅਸੀਂ ਇੱਕ ਮਹੀਨੇ ਬਾਅਦ ਕੱਠੂਆ ਅੱਪੜ ਜਾਵਾਂਗੇ। ਪੂਰੇ ਪੈਂਡੇ ਵਿੱਚ ਚਾਰ ਜਾਂ ਪੰਜ ਹੋਰ ਠ੍ਹਾਰਾਂ ਆਉਣੀਆਂ ਹਨ,'' ਸ਼ੌਕਤ ਕਹਿੰਦੇ ਹਨ।

ਬਕਰਵਾਲ ਸਾਲ ਦਾ ਬਹੁਤੇਰਾ ਸਮਾਂ ਚਰਾਂਦਾਂ ਦੀ ਭਾਲ਼ ਵਿੱਚ ਤੁਰਦੇ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਭੇਡਾਂ ਨੂੰ ਖੁਰਲੀਆਂ ਵਿੱਚ ਚਾਰਾ ਨਹੀਂ ਪਾਇਆ ਜਾ ਸਕਦਾ; ਉਨ੍ਹਾਂ ਨੇ ਖੁੱਲ੍ਹੇ ਵਿੱਚ ਹੀ ਚਰਨਾ ਹੁੰਦਾ ਹੈ। ਇੱਜੜ ਦਾ ਅਰਾਮ ਅਤੇ ਖ਼ੁਰਾਕ ਸਭ ਤੋਂ ਅਹਿਮ ਮੰਨੀ ਜਾਂਦੀ ਹੈ ਕਿਉਂਖਕਿ ਇਹ ਡੰਗਰ ਹੀ ਉਨ੍ਹਾਂ ਦੀ ਕਮਾਈ ਦਾ ਮੁੱਢਲਾ ਵਸੀਲਾ ਹੁੰਦੇ ਹਨ। ਬਾਕੀ ਕਸ਼ਮੀਰੀ ਤਿਓਹਾਰਾਂ ਮੌਕੇ ਬੱਕਰੀ ਤੇ ਭੇਡ ਦਾ ਮਾਸ ਕਾਫ਼ੀ ਮਹਿੰਗਾ ਵਿਕਦਾ ਹੈ। ''ਸਾਡੀਆਂ ਭੇਡਾਂ ਤੇ ਬੱਕਰੀਆਂ ਸਾਡੇ ਲਈ ਬੜੀਆਂ ਅਹਿਮ ਹਨ। ਮੁਕਾਮੀ ਕਸ਼ਮੀਰੀਆਂ ਕੋਲ਼ ਤਾਂ ਕਮਾਈ ਵਾਸਤੇ ਅਖ਼ਰੋਟ ਤੇ ਸੇਬਾਂ ਦੇ ਬਾਗ਼ (ਬੂਟੇ) ਹੁੰਦੇ ਹਨ,'' ਸ਼ੌਕਤ ਦੇ ਇੱਕ ਬਜ਼ੁਰਗ ਰਿਸ਼ਤੇਦਾਰ ਦਾ ਕਹਿਣਾ ਹੈ। ਉਨ੍ਹਾਂ ਦੀਆਂ ਯਾਤਰਾਵਾਂ ਵਿੱਚ ਘੋੜਿਆਂ ਤੇ ਖੱਚਰਾਂ ਦੀ ਵੀ ਆਪਣੀ ਹੀ ਅਹਿਮੀਅਤ ਹੁੰਦੀ ਹੈ: ਇਨ੍ਹਾਂ ਦੀ ਲੋੜ ਨਾ ਸਿਰਫ਼ ਸੈਲਾਨੀਆਂ ਵੇਲ਼ੇ ਹੀ ਪੈਂਦੀ ਹੈ ਸਗੋਂ ਯਾਤਰਾਵਾਂ ਦੌਰਾਨ ਮੇਮਣੇ, ਪਰਿਵਾਰ ਦੇ ਜੀਅ ਬਿਠਾਉਣ ਦੇ ਨਾਲ਼ ਨਾਲ਼ ਘਰ ਦਾ ਮਾਲ਼ ਅਸਬਾਬ ਜਿਵੇਂ ਉੱਨ, ਪਾਣੀ, ਰੋਜ਼ਮੱਰਾਂ ਦੀਆਂ ਸ਼ੈਆਂ ਲੱਦਣ ਦੇ ਕੰਮ ਵੀ ਆਉਂਦੇ ਹਨ।

ਇਸ ਤੋਂ ਪਹਿਲਾਂ ਦਿਨ ਵੇਲ਼ੇ ਅਸੀਂ ਸ਼ੌਕਤ ਦੀ ਪਤਨੀ, ਸ਼ਾਮਾਬਾਨੋ ਦੇ ਨਾਲ਼ ਤਿੱਖੀ ਢਲ਼ਾਣ ਦੀ ਚੜ੍ਹਾਈ ਕੀਤੀ ਤੇ ਉਨ੍ਹਾਂ ਦੇ ਕੈਂਪ ਤੱਕ ਪੁੱਜੇ। ਉਨ੍ਹਾਂ (ਸ਼ਾਮਾਬਾਨੋ) ਨੇ ਆਪਣੇ ਸਿਰ 'ਤੇ ਪਾਣੀ ਦਾ ਘੜਾ ਚੁੱਕਿਆ ਹੋਇਆ ਸੀ ਜੋ ਪਾਣੀ ਉਹ ਹੇਠਾਂ ਵਗਦੀ ਨਦੀ ਤੋਂ ਭਰ ਲਿਆਈ ਸਨ। ਪਾਣੀ ਲਿਆਉਣ ਦਾ ਕੰਮ ਅਕਸਰ ਔਰਤਾਂ ਦੇ ਜੁੰਮੇ ਹੀ ਪੈਂਦਾ ਹੈ ਜੋ ਉਨ੍ਹਾਂ ਨੂੰ ਹਰ ਦਿਨ ਕਰਨਾ ਪੈਂਦਾ ਹੈ ਭਾਵੇਂ ਉਹ ਯਾਤਰਾ 'ਤੇ ਹੀ ਕਿਉਂ ਨਾ ਨਿਕਲ਼ੇ ਹੋਣ।

ਇਹ ਖ਼ਾਨਾਬਦੋਸ਼ ਭਾਈਚਾਰਾ, ਬਕਰਵਾਲ ਰਾਜ ਅੰਦਰ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। 2013 ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦੀ ਵਸੋਂ 1,13,198 ਦੱਸੀ ਗਈ ਹੈ। ਜੰਮੂ ਤੇ ਕਸ਼ਮੀਰ ਦੀ ਯਾਤਰਾ ਕਰਦਿਆਂ ਦੌਰਾਨ ਉਹ ਬਾਗ਼ਾਂ ਵਿਖੇ ਮੌਸਮੀ ਕਾਮਿਆਂ ਵਜੋਂ ਵੀ ਕੰਮ ਫੜ੍ਹ ਲੈਂਦੇ ਹਨ। ਉਨ੍ਹਾਂ ਦੇ ਸਲਾਨਾ ਪ੍ਰਵਾਸ, ਜੋ ਹਰ ਵਾਰੀਂ ਉਸੇ ਥਾਵੇਂ ਹੁੰਦਾ ਹੈ, ਨੇ ਕਸ਼ਮੀਰੀਆਂ ਅਤੇ ਉਨ੍ਹਾਂ ਵਿਚਾਲੇ ਮਜ਼ਬੂਤ ਸਬੰਧਾਂ ਦੀ ਨੀਂਹ ਰੱਖ ਦਿੱਤੀ ਹੈ। ਨੇੜੇ-ਤੇੜੇ ਦੇ ਪਿੰਡਾਂ 'ਚੋਂ ਡੰਗਰ ਚਰਾਉਣ ਲਈ ਆਉਣ ਵਾਲ਼ੀਆਂ ਔਰਤਾਂ ਅਕਸਰ ਇਨ੍ਹਾਂ ਯਾਤਰੂਆਂ ਦੇ ਤੰਬੂਆਂ ਵਿੱਚ ਬਹਿ ਜਾਂਦੀਆਂ ਹਨ ਤੇ ਗੱਪਾਂ ਮਾਰਨ ਲੱਗਦੀਆਂ ਹਨ।

Shaukat Ali Kandal and Gulam Nabi Kandal with others in their group discussing the day's work
PHOTO • Ritayan Mukherjee

ਸ਼ੌਕਤ ਅਲੀ ਕੰਡਲ ਅਤੇ ਗੁਲਾਮ ਨਬੀ ਕੰਡਲ ਆਪਣੇ ਝੁੰਡ ਦੇ ਹੋਰਨਾਂ ਲੋਕਾਂ ਨਾਲ਼ ਬੈਠ ਕੇ ਦਿਨ ਦੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ

At Bakarwal camps, a sharing of tea, land and life: women from the nearby villages who come to graze their cattle also join in
PHOTO • Ritayan Mukherjee

ਬਕਰਵਾਲਾਂ ਦੇ ਤੰਬੂਆਂ ਵਿਖੇ, ਚਾਹ ਦੀਆਂ ਚੁਸਕੀਆਂ ਲੈਂਦੀਆਂ ਤੇ ਆਪਣੀ ਸਰਜ਼ਮੀਨ ਤੇ ਆਪਣੇ ਦੁੱਖ-ਸੁੱਝ ਸਾਂਝੇ ਕਰਦੀਆਂ ਨੇੜਲੇ ਪਿੰਡਾਂ ਦੀਆਂ ਔਰਤਾਂ ਜੋ ਇੱਥੇ ਡੰਗਰ ਚਰਾਉਣ ਆਈਆਂ ਹਨ

''ਸਾਡਾ ਛੋਟਾ ਜਿਹਾ ਇੱਜੜ ਹੈ ਪਰ ਫਿਰ ਵੀ ਅਸੀਂ ਹਰ ਸਾਲ ਪ੍ਰਵਾਸ ਕਰਦੇ ਹਾਂ ਕਿਉਂਕਿ ਯਾਤਰਾ ਦੌਰਾਨ ਸਾਡੇ ਬੰਦੇ ਛੋਟੇ-ਮੋਟੇ ਕੰਮ ਫੜ੍ਹ ਲੈਂਦੇ ਹਨ। ਨੌਜਵਾਨ ਬੰਦੇ ਸਥਾਨਕ ਕਸ਼ਮੀਰੀ ਲੋਕਾਂ ਵਾਸਤੇ ਲੱਕੜਾਂ ਵੱਢਣ ਜਾਂ ਅਖ਼ਰੋਟ ਅਤੇ ਸੇਬ ਤੋੜਨ ਚਲੇ ਜਾਂਦੇ ਹਨ,'' ਜ਼ੋਹਰਾ ਕਹਿੰਦੀ ਹਨ। 70 ਸਾਲਾਂ ਨੂੰ ਢੁੱਕੀ ਇਸ ਮਹਿਲਾ ਨੇ ਹੱਥੀਂ ਕੱਢੀ ਕੀਤੀ ਟੋਪੀ ਪਾਈ ਹੋਈ ਹੈ। ਉਹ ਗਾਂਦਰਬਲ ਜ਼ਿਲ੍ਹੇ ਦੇ ਇੱਕ ਪਹਾੜੀ ਪਿੰਡ ਕੰਗਨ ਵਿਖੇ ਆਪਣੇ ਬਾਕੀ ਦੇ ਪਰਿਵਾਰ ਦੇ ਨਾਲ਼ ਰਹਿੰਦੀ ਹਨ। ਨਹਿਰ ਕੰਢੇ ਵੱਸੀ ਇਹ ਥਾਂ ਜੰਮੂ ਤੋਂ ਵਾਪਸ ਮੁੜਦੇ ਵੇਲ਼ੇ ਰਾਹ ਵਿੱਚ ਪੈਂਦੀ ਹੈ। ''ਜੇ ਕੁਝ ਵੀ ਨਾ ਹੋਵੇ, ਅਸੀਂ ਤਾਂ ਵੀ ਪ੍ਰਵਾਸ ਕਰਾਂਗੇ, ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਗਰਮੀ ਰੁੱਤੇ ਮੈਦਾਨਾਂ ਵਿਖੇ ਰਹਿਣਾ ਮੇਰੇ ਵੱਸੋਂ ਬਾਹਰ ਹੈ!'' ਮੁਸਕਰਾਉਂਦਿਆਂ ਉਹ ਕਹਿੰਦੀ ਹਨ।

*****

''ਉਨ੍ਹਾਂ ਵਾੜਾਂ ਵੱਲ ਦੇਖਿਓ।''

ਭਾਫ਼ ਛੱਡਦੇ ਕੱਪ ਵਿੱਚੋਂ ਚਾਹ (ਬੱਕਰੀ ਦੇ ਗਾੜੇ ਦੁੱਧ ਤੋਂ ਬਣੀ ਗੁਲਾਬੀ ਰੰਗੀ ਚਾਹ) ਦੀ ਚੁਸਕੀ ਲੈਂਦਿਆਂ, ਗੁਲਾਮ ਨਬੀ ਕੰਡਲ ਕਹਿੰਦੇ ਹਨ,''ਉਹ ਵੇਲ਼ੇ ਵਿਹਾਅ ਗਏ ਨੇ।'' ਉਹ ਉਸ ਵੇਲ਼ੇ ਦਾ ਜ਼ਿਕਰ ਕਰਦੇ ਹਨ ਜਦੋਂ ਕਿਤੇ ਕੋਈ ਵਾੜ ਨਹੀਂ ਸੀ ਹੁੰਦੀ। ਹੁਣ ਉਹ ਘਾਹ ਦੇ ਮੈਦਾਨਾਂ ਅਤੇ ਆਰਜ਼ੀ ਕੈਂਪਾਂ ਤੱਕ ਪਹੁੰਚਣ ਲਈ ਦਰਪੇਸ਼ ਆਉਂਦੀਆਂ ਅਨਿਸ਼ਚਤਤਾਵਾਂ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲ਼ੀ ਬੇਚੈਨੀ ਝੱਲਦੇ ਹਨ।

ਉਹ ਨਾਲ਼ ਦੇ ਪਹਾੜ 'ਤੇ ਨਵੀਂ ਲਾਈ ਵਾੜ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ,''ਅਸੀਂ ਸੁਣਿਆ ਹੈ ਕਿ ਆਉਂਦੇ ਸਾਲ ਸੈਨਾ ਇਸ ਥਾਂ 'ਤੇ ਕਬਜ਼ਾ ਕਰਨ ਵਾਲ਼ੀ ਹੈ। ਸਾਡੇ ਚੁਫ਼ੇਰੇ ਬੈਠੇ ਬਾਕੀ ਦੇ ਬਕਰਵਾਲ ਆਪਣੇ  ਭਾਈਚਾਰੇ ਦੇ ਬਜ਼ੁਰਗ ਨੂੰ ਬੋਲਦਿਆਂ ਸੁਣ ਰਹੇ ਹਨ, ਉਨ੍ਹਾਂ ਦੇ ਚਿਹਰਿਆਂ 'ਤੇ ਵੀ ਚਿੰਤਾ ਦੀਆਂ ਲਕੀਰਾਂ ਝਲਕ ਰਹੀਆਂ ਹਨ।

Gulam Nabi Kandal is a respected member of the Bakarwal community. He says, 'We feel strangled because of government policies and politics. Outsiders won't understand our pain'
PHOTO • Ritayan Mukherjee

ਗੁਲਾਮ ਨਬੀ ਕੰਡਲ ਬਕਰਵਾਲ ਭਾਈਚਾਰੇ ਦੇ ਸਨਮਾਨਤ ਮੈਂਬਰ ਹਨ। ਉਹ ਕਹਿੰਦੇ ਹਨ, ' ਇੰਝ ਲੱਗਦਾ ਜਿਵੇਂ ਸਰਕਾਰੀ ਨੀਤੀਆਂ ਤੇ ਸਿਆਸਤ ਸਾਡੀ ਸੰਘੀ ਘੁੱਟ ਰਹੀ ਹੋਵੇ। ਬਾਹਰੀ ਲੋਕ ਸਾਡਾ ਦੁੱਖ ਨਹੀਂ ਸਮਝਣਗੇ '

Fana Bibi is a member of Shaukat Ali Kandal's group of 20 Bakarwal families from Kathua district of Jammu
PHOTO • Ritayan Mukherjee

ਫਨਾ ਬੀਬੀ ਜੰਮੂ ਦੇ ਕੱਠੂਆ ਜ਼ਿਲ੍ਹੇ ਦੇ 20 ਬਕਰਵਾਲ ਪਰਿਵਾਰਾਂ ਦੇ ਸ਼ੌਕਤ ਅਲੀ ਕੰਡਲ ਦੇ ਝੁੰਡ ਦੀ ਮੈਂਬਰ ਹਨ

ਗੱਲ ਇੱਥੇ ਹੀ ਨਹੀਂ ਮੁੱਕਦੀ। ਘਾਹ ਦੇ ਕਈ ਮੈਦਾਨਾਂ ਨੂੰ ਸੈਰ-ਸਪਾਟੇ ਲਈ ਤਬਦੀਲ ਕੀਤਾ ਜਾ ਰਿਹਾ ਹੈ। ਸੋਨਮਾਰਗ ਅਤੇ ਪਹਲਗਾਮ ਜਿਹੇ ਕਈ ਮਸ਼ਹੂਰ ਸੈਲਾਨੀ ਸਥਲਾਂ ਵਿਖੇ ਇਸ ਸਾਲ ਯਾਤਰੂਆਂ ਦਾ ਹੜ੍ਹ ਆਇਆ ਰਿਹਾ। ਉਹ ਕਹਿੰਦੇ ਹਨ ਕਿ ਇਹੀ ਉਹ ਚਰਾਂਦਾਂ ਹਨ ਜੋ ਗਰਮੀਆਂ ਵੇਲ਼ੇ ਉਨ੍ਹਾਂ ਦੇ ਡੰਗਰਾਂ ਲਈ ਅਹਿਮ ਹਨ।

ਭਾਈਚਾਰੇ ਦੇ ਇੱਕ ਬਜ਼ੁਰਗ ਨੇ ਆਪਣਾ ਨਾਮ ਦੱਸਦੇ ਬਗ਼ੈਰ ਸਾਨੂੰ ਕਿਹਾ,''ਦੇਖੋ ਸੁਰੰਘਾਂ ਤੇ ਸੜਕਾਂ 'ਤੇ ਕਿਵੇਂ ਪੈਸਾ ਲਾਇਆ ਜਾ ਰਿਹਾ ਹੈ। ਜਿੱਧਰ ਦੇਖੋ ਵਧੀਆ ਸੜਕਾਂ ਬਣ ਰਹੀਆਂ ਹਨ, ਇਹ ਸਭ ਸੈਲਾਨੀਆਂ ਅਤੇ ਯਾਤਰੂਆਂ ਲਈ ਤਾਂ ਚੰਗਾ ਹੈ ਪਰ ਸਾਡੇ ਲਈ ਨਹੀਂ।''

ਉਹ ਉਸ ਥਾਂ ਦਾ ਜ਼ਿਕਰ ਕਰ ਰਹੇ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਗੱਡੀਆਂ ਚੱਲਣ ਯੋਗ ਸੜਕਾਂ ਨਹੀਂ ਹਨ, ਉੱਥੇ ਬਕਰਵਾਲ ਲੋਕ ਆਪਣੇ ਘੋੜੇ ਕਿਰਾਏ 'ਤੇ ਦੇ/ਲੈ ਕੇ ਆਮਦਨ ਕਮਾਉਂਦੇ ਹਨ। ਉਹ ਕਹਿੰਦੇ ਹਨ,''ਜਦੋਂ ਸੈਲਾਨੀ ਆਉਂਦੇ ਹਨ ਤਾਂ ਇਹੀ ਸਾਡੀ ਕਮਾਈ ਦਾ ਮੁੱਖ ਵਸੀਲਾ ਹੁੰਦਾ ਹੈ।'' ਪਰ ਉਨ੍ਹਾਂ ਨੂੰ ਸਿਰਫ਼ ਘੋੜੇ ਕਿਰਾਏ 'ਤੇ ਦੇਣ ਲੱਗਿਆ ਹੀ ਨਹੀਂ ਸਗੋਂ ਸੈਲਾਨੀਆਂ ਜਾਂ ਟਰੈਕਿੰਗ ਕਰਨ ਵਾਲ਼ਿਆਂ ਦੇ ਗਾਈਡ ਵਜੋਂ ਕੰਮ ਲੱਭਣ ਤੇ ਸਥਾਨਕ ਰੈਸਤਰਾਂ ਵਿਖੇ ਕੰਮ ਲੱਭਣ ਲੱਗਿਆਂ ਵੀ ਸਾਨੂੰ ਮੁਕਾਬਲਾ ਕਰਨਾ ਪੈਂਦਾ ਹੈ। 2013 ਦੀ ਰਿਪੋਰਟ ਮੁਤਾਬਕ ਬਕਰਵਾਲਾਂ ਦੀ ਔਸਤ ਸਾਖ਼ਰਤਾ ਦਰ 32 ਫ਼ੀਸਦ ਹੋਣ ਕਾਰਨ ਬਾਕੀ ਨੌਕਰੀਆਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਰਹਿੰਦੀਆਂ ਹਨ।

ਭਾਈਚਾਰਾ ਉਸ ਉੱਨ ਦਾ ਕਾਰੋਬਾਰ ਵੀ ਕਰਦਾ ਹੈ ਜਿਸ ਤੋਂ ਕਸ਼ਮੀਰੀ ਸ਼ਾਲ ਤੇ ਗਲੀਚੇ ਬਣਾਏ ਜਾਂਦੇ ਹਨ। ਬੀਤੇ ਕੁਝ ਸਾਲਾਂ ਤੋਂ, ਕਸ਼ਮੀਰੀ ਵੈਲੀ ਅਤੇ ਗੁਰੇਜ਼ੀ ਜਿਹੀਆਂ ਦੇਸੀ ਭੇਡਾਂ ਦੀਆਂ ਨਸਲਾਂ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਮੈਰੀਨੋ ਨਸਲਾਂ ਨਾਲ਼ ਮਿਲ਼ਾਇਆ ਗਿਆ ਜੋ ਕਿ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵਜੋਂ ਕੀਤਾ ਗਿਆ। ਇੱਥੇ ਵੀ, ਬਕਰਵਾਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ''ਕੁਝ ਸਾਲ ਪਹਿਲਾਂ ਜਿੱਥੇ ਇੱਕ ਕਿੱਲੋ ਉੱਨ ਕਰੀਬ 100 ਰੁਪਏ ਵਿੱਚ ਵਿਕਦੀ ਸੀ। ਹੁਣ ਓਨੀ ਉੱਨ ਬਦਲੇ ਸਾਨੂੰ ਕੋਈ 30 ਰੁਪਏ ਦੇ ਕੇ ਵੀ ਰਾਜ਼ੀ ਨਹੀਂ,'' ਕਈ ਲੋਕਾਂ ਨੇ ਸਾਨੂੰ ਇਹੀ ਦੱਸਿਆ।

Young Rafiq belongs to a Bakarwal family and is taking his herd back to his tent
PHOTO • Ritayan Mukherjee

ਬਕਰਵਾਲ ਪਰਿਵਾਰ ਨਾਲ਼ ਤਾਅਲੁੱਕ ਰੱਖਣ ਵਾਲ਼ੇ ਨੌਜਵਾਨ ਰਫ਼ੀਕ ਆਪਣੇ ਇੱਜੜ ਨੂੰ ਆਪਣੇ ਤੰਬੂ ਵਿੱਚ ਵਾਪਸ ਲਿਜਾ ਰਹੇ ਹਨ

Shoukat Ali Kandal and others in his camp, making a rope from Kagani goat's hair
PHOTO • Ritayan Mukherjee

ਤੰਬੂ ਅੰਦਰ ਮੌਜੂਦ ਸ਼ੌਕਤ ਅਲੀ ਕੰਡਲ ਅਤੇ ਬਾਕੀ ਲੋਕ, ਕਾਗਨੀ ਬੱਕਰੀ ਦੇ ਵਾਲ਼ਾਂ ਤੋਂ ਰੱਸੀ ਗੁੰਦਦੇ ਹੋਏ

ਉਨ੍ਹਾਂ ਦਾ ਕਹਿਣਾ ਹੈ ਕਿ ਭੇਡਾਂ-ਬੱਕਰੀਆਂ ਦੇ ਵਾਲ਼ਾਂ ਦੀ ਕਟਾਈ ਕਰਨ ਵਾਲ਼ੇ ਯੂਨਿਟਾਂ ਤੱਕ ਆਸਾਨ ਪਹੁੰਚ ਨਾ ਹੋਣ ਕਾਰਨ ਅਤੇ ਸੂਬੇ ਦੀ ਅਣਗਹਿਲੀ ਕਾਰਨ ਕੀਮਤਾਂ ਤੇਜ਼ੀ ਨਾਲ਼ ਡਿੱਗ ਰਹੀਆਂ ਹਨ। ਉਨ੍ਹਾਂ ਵੱਲੋਂ ਵੇਚੀ ਜਾਂਦੀ ਕੁਦਰਤੀ ਉੱਨ ਨੂੰ ਅਕ੍ਰੈਲਿਕ ਉੱਨ ਜਿਹੇ ਸਸਤੀ ਸਿੰਥੈਟਿਕ ਬਦਲਾਂ ਤੋਂ ਖ਼ਤਰਾ ਹੈ। ਕਿਉਂਕਿ ਬਹੁਤ ਸਾਰੀਆਂ ਚਰਾਦਾਂ ਵਪਾਰੀਆਂ ਜਾਂ ਦੁਕਾਨਦਾਰਾਂ ਵੱਲੋਂ ਪਹੁੰਚ ਤੋਂ ਬਾਹਰ ਹੀ ਰਹਿੰਦੀਆਂ ਹਨ, ਅਜਿਹੇ ਸਮੇਂ ਬਕਰਵਾਲ ਉੱਨ ਨੂੰ ਘੋੜਿਆਂ ਜਾਂ ਖੱਚਰਾਂ 'ਤੇ ਲੱਦ ਕੇ ਲਿਜਾਉਂਦੇ ਹਨ ਅਤੇ ਅੱਗੇ ਮੰਡੀ ਪਹੁੰਚਾਉਣ ਲਈ ਕੋਈ ਵਾਹਨ ਕਿਰਾਏ 'ਤੇ ਲੈਂਦੇ ਹਨ। ਇਸ ਸਾਲ ਕੀ ਹੋਇਆ ਕਿ ਕਈ ਬਕਰਵਾਲਾਂ ਨੇ ਆਪਣੀਆਂ ਭੇਡਾਂ ਦੀ ਜੱਤ ਲਾਹੀ ਤੇ ਚਰਾਂਦਾਂ ਵਿਖੇ ਹੀ ਪਈ ਰਹਿਣ ਦਿੱਤੀ, ਕਿਉਂਕਿ ਉਹਦੀ ਢੋਆ-ਢੁਆਈ ਦੀ ਲਾਗਤ ਮੰਡੀ ਵਿੱਚ ਉੱਨ ਬਦਲੇ ਮਿਲ਼ਣ ਵਾਲ਼ੀ ਕੀਮਤ ਨਾਲ਼ੋਂ ਕਿਤੇ ਵੱਧ ਪੈਂਦੀ ਹੈ।

ਦੂਜੇ ਪਾਸੇ ਉਹ ਬੱਕਰੀਆਂ ਦੇ ਵਾਲ਼ਾਂ ਨਾਲ਼ ਟੈਂਟ ਤੇ ਰੱਸੀਆਂ ਬਣਾਉਂਦੇ ਹਨ। ਆਪਣੇ ਅਤੇ ਆਪਣੇ ਭਰਾ ਵੱਲੋਂ ਤਾਣੀ ਰੱਸੀ ਨੂੰ ਖਿੱਚਦਿਆਂ ਸ਼ੌਕਤ ਸਾਨੂੰ ਦੱਸਦੇ ਹਨ,''ਇਸ ਕੰਮ ਵਾਸਤੇ ਕਾਗਨੀ ਬੱਕਰੀਆਂ ਖ਼ਾਸੀਆਂ ਵਧੀਆ ਰਹਿੰਦੀਆਂ ਹਨ, ਉਨ੍ਹਾਂ ਦੇ ਵਾਲ਼ ਲੰਬੇ ਹੁੰਦੇ ਹਨ।'' ਕਾਗਨੀ ਨਸਲ ਦੀਆਂ ਬੱਕਰੀਆਂ ਕਾਫ਼ੀ ਕੀਮਤੀ ਕਸ਼ਮੀਰੀ ਉੱਨ ਦਿੰਦੀਆਂ ਹਨ।

ਗਰਮੀਆਂ ਰੁੱਤੇ ਬਕਰਵਾਲ ਤੇਜ਼ੀ ਨਾਲ਼ ਆਪਣੀਆਂ ਮੰਜ਼ਲਾਂ 'ਤੇ ਪਹੁੰਚਣ ਸਕਣ ਇਸ ਵਾਸਤੇ ਸਰਕਾਰ ਨੇ 2022 ਵਿੱਚ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਡੰਗਰਾਂ ਵਾਸਤੇ ਟ੍ਰਾਂਸਪੋਰਟ ਮੁਹੱਈਆ ਕਰਵਾਈ। ਇੰਝ ਜਿਹੜੇ ਸਫ਼ਰ ਲਈ ਉਨ੍ਹਾਂ ਨੂੰ ਹਫ਼ਤੇ ਲੱਗਦੇ ਰਹੇ, ਉਹ ਇੱਕ ਦਿਨ ਵਿੱਚ ਪੂਰਾ ਹੋ ਗਿਆ। ਪਰ ਬਹੁਤੇਰੇ ਲੋਕੀਂ ਉਨ੍ਹਾਂ ਟਰੱਕਾਂ ਵਿੱਚ ਸਵਾਰ ਨਾ ਹੋ ਸਕੇ ਕਿਉਂਕਿ ਟਰੱਕ ਕਾਫ਼ੀ ਘੱਟ ਸਨ। ਇੰਝ ਪਿਛਾਂਹ ਰਹਿ ਗਿਆਂ ਨੂੰ ਉਦੋਂ ਚੁੱਕਿਆ ਗਿਆ ਜਦੋਂ ਪਹਿਲੇ ਵਾਲ਼ੇ ਲੋਕੀਂ ਥਾਓਂ-ਥਾਈਂ ਲਾਹ ਦਿੱਤੇ ਗਏ। ਭੇਡ ਪਾਲਣ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ,''ਇੱਥੇ ਹਜ਼ਾਰਾਂ ਹੀ ਬਕਰਵਾਲ ਪਰਿਵਾਰ ਰਹਿੰਦੇ ਹਨ ਤੇ ਟਰੱਕ ਸਿਰਫ਼ ਮੁੱਠੀ ਭਰ ਹੀ ਹਨ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਸੇਵਾ ਮਿਲ਼ ਹੀ ਨਹੀਂ ਪਾਉਂਦੀ।''

*****

''ਉਹ ਸਿਰਫ਼ 20 ਦਿਨ ਪਹਿਲਾਂ ਜੰਮਿਆ।''

ਮੀਨਾ ਅਖ਼ਤਰ ਤੰਬੂ ਦੇ ਇੱਕ ਪਾਸੇ ਕੱਪੜਿਆਂ ਦੀ ਛੋਟੀ ਜਿਹੀ ਗਠੜੀ ਵੱਲ ਇਸ਼ਾਰਾ ਕਰਦੀ ਹਨ। ਉਸ ਗਠੜੀ ਵੱਲ ਦੇਖ ਕੇ ਕੋਈ ਨਹੀਂ ਦੱਸ ਸਕਦਾ ਸੀ ਕਿ ਉਸ ਅੰਦਰ ਕੋਈ ਬੱਚਾ ਹੋ ਸਕਦਾ, ਉਹਦੇ ਰੋਣ ਤੱਕ ਨਹੀਂ। ਪਹਾੜਾਂ ਦੀ ਗੋਦ ਵਿੱਚ ਵੱਸੇ ਹਸਪਤਾਲ ਵਿਖੇ ਮੀਨਾ ਨੇ ਬੱਚਾ ਪੈਦਾ ਕੀਤਾ। ਜਦੋਂ ਪ੍ਰਸਵ ਦੀ ਦਿੱਤੀ ਤਰੀਕ ਲੰਘ ਗਈ ਤੇ ਮੀਨਾ ਨੂੰ ਜੰਮਣ-ਪੀੜ੍ਹਾਂ ਨਾ ਛੁੱਟੀਆਂ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

Meena Akhtar recently gave birth. Her newborn stays in this tent made of patched-up tarpaulin and in need of repair
PHOTO • Ritayan Mukherjee

ਅਜੇ ਹੁਣ ਜਿਹੇ ਹੀ ਮੀਨਾ ਨੇ ਬੱਚਾ ਪੈਦਾ ਕੀਤਾ ਹੈ। ਉਨ੍ਹਾਂ ਦਾ ਬੱਚਾ ਲੀਰਾਂ ਤੇ ਤਿਰਪਾਲ ਨਾਲ਼ ਬਣੇ ਇਸੇ ਤੰਬੂ ਵਿੱਚ ਹੀ ਰਹਿੰਦਾ ਹੈ। ਤੰਬੂ ਨੂੰ ਮੁਰੰਮਤ ਦੀ ਲੋੜ ਹੈ

Abu is the youngest grandchild of Mohammad Yunus. Children of Bakarwal families miss out on a education for several months in the year
PHOTO • Ritayan Mukherjee

ਅਬੂ, ਮੁਹੰਮਦ ਯੂਨੁਸ ਦਾ ਛੋਟਾ ਪੋਤਾ ਹੈ। ਸਾਲ ਦੇ ਕਈ ਮਹੀਨੇ ਇਨ੍ਹਾਂ ਬਕਰਵਾਲ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਛੁਟੀ ਰਹਿੰਦੀ ਹੈ

''ਮੈਨੂੰ ਕਮਜ਼ੋਰੀ ਮਹਿਸੂਸ ਹੋਈ। ਆਪਣੀ ਤਾਕਤ ਵਾਪਸ ਲਿਆਉਣ ਲਈ ਮੈਂ ਹਲਵਾ (ਸੂਜੀ ਦਾ ਦਲੀਆ) ਖਾਂਦੀ ਰਹੀ, ਪਿਛਲੇ ਦੋ ਦਿਨਾਂ ਤੋਂ ਹੀ ਮੈਂ ਰੋਟੀ ਖਾਣੀ ਸ਼ੁਰੂ ਕੀਤੀ ਹੈ,'' ਮੀਨਾ ਕਹਿੰਦੀ ਹਨ। ਉਨ੍ਹਾਂ ਦਾ ਪਤੀ ਨੇੜਲੇ ਪਿੰਡਾਂ ਵਿੱਚ ਜਾ ਕੇ ਲੱਕੜਾਂ ਕੱਟਣ ਦਾ ਕੰਮ ਕਰਦਾ ਹੈ ਤੇ ਹੁੰਦੀ ਕਮਾਈ ਨਾਲ਼ ਪਰਿਵਾਰ ਦੇ ਰੋਜ਼ਮੱਰਾ ਦੇ ਖ਼ਰਚੇ ਪੂਰੇ ਕਰਦਾ ਹੈ।

ਚਾਹ ਬਣਾਉਣ ਲਈ ਪਲਾਸਿਟਕ ਦੀ ਥੈਲੀ ਵਿੱਚੋਂ ਦੁੱਧ ਉਲਟਾਉਂਦਿਆਂ ਉਹ ਕਹਿੰਦੀ ਹਨ,''ਇਸ ਸਮੇਂ ਬੱਕਰੀਆਂ ਦੁੱਧ ਨਹੀਂ ਦੇ ਰਹੀਆਂ ਕਿਉਂਕਿ ਉਹ ਸੂਣ ਵਾਲ਼ੀਆਂ ਹਨ। ਇੱਕ ਵਾਰ ਸੂਆ ਹੋ ਜਾਵੇ ਅਸੀਂ ਦੋਬਾਰਾ ਦੁੱਧ ਚੋਣ ਲੱਗ ਜਾਵਾਂਗੇ।'' ਘਿਓ, ਦੁੱਧ ਤੇ ਪਨੀਰ ਬਕਰਵਾਲ ਲਈ, ਖ਼ਾਸ ਕਰਕੇ ਔਰਤਾਂ ਤੇ ਬੱਚਿਆਂ ਲਈ ਲੋੜੀਂਦੀ ਖ਼ੁਰਾਕ ਹਨ।

ਉੱਚੇ ਪਹਾੜਾਂ ਵਿੱਚ ਆਪਣੇ ਠਹਿਰਨ ਦੌਰਾਨ, ਜਦੋਂ ਇਹ ਲੋਕ ਤੰਬੂਆਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਬਹੁਤ ਛੋਟੇ ਬੱਚਿਆਂ ਨੂੰ ਟੈਂਟ ਦੇ ਅੰਦਰ ਖਾਣਾ ਪਕਾਉਣ ਵੇਲ਼ੇ ਉੱਠਦੇ ਨਿੱਘ ਅਤੇ ਕੰਬਲਾਂ ਨਾਲ਼ ਗਰਮ ਰੱਖਿਆ ਜਾਂਦਾ ਹੈ। ਬੱਚੇ ਤੰਬੂ ਦੇ ਆਲੇ-ਦੁਆਲੇ ਖੁੱਲ੍ਹ ਕੇ ਘੁੰਮਦੇ ਹਨ ਅਤੇ ਇੱਕ ਦੂਜੇ ਨਾਲ਼ ਖੇਡਦੇ ਹਨ। ਉਨ੍ਹਾਂ ਨੂੰ ਕੁੱਤਿਆਂ ਦੀ ਦੇਖਭਾਲ ਜਾਂ ਬਾਲਣ ਅਤੇ ਪਾਣੀ ਲਿਆਉਣ ਵਰਗੇ ਮਾਮੂਲੀ ਕੰਮ ਦਿੱਤੇ ਜਾਂਦੇ ਹਨ। ਮੀਨਾ ਕਹਿੰਦੀ ਹਨ, "ਬੱਚੇ ਸਾਰਾ ਦਿਨ ਪਹਾੜ ਤੋਂ ਨਿਕਲਣ ਵਾਲ਼ੇ ਝਰਨੇ ਵਿੱਚ ਖੇਡਦੇ ਹਨ," ਅੱਗੇ ਉਹ ਕਹਿੰਦੀ ਹਨ ਕਿ ਉਹ ਲੱਦਾਖ ਸਰਹੱਦ ਦੇ ਨੇੜੇ ਆਪਣੀ ਸਰਦੀਆਂ ਦੀ ਠਾਰ੍ਹ, ਮੀਨਾ ਮਾਰਗ ਨੂੰ ਛੱਡਣ ਲੱਗਿਆ ਉਦਾਸ ਹੋਵੇਗੀ: "ਉੱਥੇ ਜ਼ਿੰਦਗੀ ਬਹੁਤ ਵਧੀਆ ਹੈ।''

ਸ਼ੌਕਤ ਦੇ ਡੇਰੇ ਦੀ ਖਾਲਿਦਾ ਬੇਗਮ ਵੀ ਆਪਣੇ ਛੋਟੇ ਬੱਚਿਆਂ ਨਾਲ਼ ਯਾਤਰਾ ਕਰ ਰਹੀ ਹਨ, ਪਰ ਉਨ੍ਹਾਂ ਦੀ ਜਵਾਨ ਧੀ ਸਕੂਲ ਜਾਣ ਲਈ ਜੰਮੂ ਵਿੱਚ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੀ ਹੈ। "ਮੇਰੀ ਧੀ ਉੱਥੇ ਚੰਗੀ ਤਰ੍ਹਾਂ ਪੜ੍ਹ ਸਕਦੀ ਹੈ," ਉਹ ਮੁਸਕਰਾ ਕੇ ਕਹਿੰਦੀ ਹਨ। "ਬਹੁਤ ਸਾਰੇ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ਼ ਪਰਵਾਸ ਕਰਨਾ ਪੈਂਦਾ ਹੈ।" ਰਾਜ ਵੱਲੋਂ ਮੋਬਾਈਲ ਸਕੂਲ ਚਲਾਉਣ ਦੇ ਯਤਨ ਵੀ ਸਾਰਥਕ ਨਹੀਂ ਰਹੇ ਕਿਉਂਕਿ ਇਨ੍ਹਾਂ ਸਕੂਲਾਂ ਤੱਕ ਵੀ ਸਿਰਫ਼ ਕੁਝ ਬਕਰਵਾਲਾਂ ਦੀ ਹੀ ਪਹੁੰਚ ਬਣ ਪਾਉਂਦੀ ਹੈ।

In her makeshift camp, Khalda Begum serving tea made with goat milk
PHOTO • Ritayan Mukherjee

ਆਪਣੇ ਆਰਜ਼ੀ ਤੰਬੂ ਅੰਦਰ, ਖਾਲਿਦਾ ਬੇਗ਼ਮ ਬੱਕਰੀ ਦੇ ਦੁੱਧ ਤੋਂ ਬਣੀ ਚਾਹ ਵਰਤਾਉਂਦੀ ਹੋਈ

ਮੋਬਾਈਲ ਸਕੂਲਾਂ ਵਿੱਚ ਸਰਕਾਰ ਵੱਲੋਂ ਨਿਯੁਕਤ ਅਧਿਆਪਕ ਹਮੇਸ਼ਾ ਨਜ਼ਰ ਨਹੀਂ ਆਉਂਦੇ। ਕਸ਼ਮੀਰ ਨੂੰ ਲੱਦਾਖ ਨਾਲ਼ ਜੋੜਨ ਵਾਲ਼ੇ ਜ਼ੋਜਿਲਾ ਦੱਰੇ ਵਿੱਚ ਰਹਿੰਦੇ ਬਕਰਵਾਲਾਂ ਦੇ ਇੱਕ ਸਮੂਹ ਨਾਲ਼ ਸਬੰਧਤ 29-30 ਸਾਲਾਂ ਦੇ ਇੱਕ ਪਰੇਸ਼ਾਨ ਦਿਸਣ ਵਾਲ਼ੇ ਖਾਦਿਮ ਹੁਸੈਨ ਨੇ ਕਿਹਾ, "ਉਹ ਇੱਥੇ ਨਹੀਂ ਆਉਂਦੇ, ਪਰ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ।" ਉਨ੍ਹਾਂ ਦਾ ਤਾਅਲੁੱਕ ਅਜਿਹੇ ਬਕਰਵਾਲਾਂ ਦੇ ਝੁੰਡ ਨਾਲ਼ ਹੈ ਜਿਨ੍ਹਾਂ ਨੇ ਕਸ਼ਮੀਰ ਤੇ ਲੱਦਾਖ ਨੂੰ ਜੋੜ ਵਾਲ਼ੇ ਜ਼ੋਜੀ ਲਾ ਪਾਸ ਨੇੜੇ ਆਪਣਾ ਡੇਰਾ ਪਾਇਆ ਹੈ।

ਫੈਸਲ ਰਜ਼ਾ ਬੋਕਰਾ ਕਹਿੰਦੇ ਹਨ, “ਨੌਜਵਾਨ ਪੀੜ੍ਹੀ ਵਧੇਰੇ ਸਿੱਖਿਆ ਪ੍ਰਾਪਤ ਕਰ ਰਹੀ ਹੈ। ਉਹ ਖਾਨਾਬਦੋਸ਼ ਜੀਵਨ ਦੀ ਬਜਾਏ ਹੋਰ ਬਦਲ ਅਪਣਾ ਰਹੇ ਹਨ। ਉਨ੍ਹਾਂ ਲਈ ਇਹ [ਖਾਨਾਬਦਰੀ] ਜੀਵਨ ਜਿਊਣਾ ਔਖਾ ਹੈ।'' ਜੰਮੂ ਅਤੇ ਪੀਰ ਪੰਜਾਲ ਖੇਤਰਾਂ ਵਿਚ ਉਜਾੜੇ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਲਈ ਗੁੱਜਰ ਬਕਰਵਾਲ ਯੂਥ ਵੈਲਫੇਅਰ ਕਾਨਫਰੰਸ ਦੇ ਸੂਬਾਈ ਪ੍ਰਧਾਨ ਫੈਸਲ ਰਜ਼ਾ ਪੈਦਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਸਨ। ਉਹ ਅੱਗੇ ਕਹਿੰਦੇ ਹਨ, “ਸਾਡੇ ਨੌਜਵਾਨਾਂ ਲਈ ਇਹ ਆਸਾਨ ਨਹੀਂ ਹੈ। ਜਦੋਂ ਅਸੀਂ ਲੋਕਾਂ ਨਾਲ਼ ਵਿਚਰਣ ਲੱਗਦੇ ਹਾਂ ਤਾਂ ਸਾਨੂੰ ਅਜੇ ਵੀ ਬਹੁਤ ਸਾਰੇ ਕਲੰਕ ਦਾ ਸਾਹਮਣਾ ਕਰਨਾ ਪੈਂਦਾ ਹੈ, ਜ਼ਿਆਦਾਤਰ ਸ਼ਹਿਰਾਂ ਵਿੱਚ। ਇਹ ਰਵੱਈਆ [ਪੱਖਪਾਤੀ] ਸਾਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।” ਫੈਜ਼ਲ ਰਜ਼ਾ ਗੁੱਜਰਾਂ ਅਤੇ ਬਕਰਵਾਲਾਂ ਨੂੰ ਪਿਛੜੇ ਕਬੀਲਿਆਂ ਵਜੋਂ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।

12 ਬਕਰਵਾਲ ਪਰਿਵਾਰ ਸ਼੍ਰੀਨਗਰ ਸ਼ਹਿਰ ਦੇ ਬਾਹਰਵਾਰ ਜ਼ਕੋਰਾ ਵਿੱਚ ਰਹਿੰਦੇ ਹਨ - ਇੱਕ ਹਾਈਡ੍ਰੋਇਲੈਕਟ੍ਰਿਕ ਡੈਮ ਪ੍ਰੋਜੈਕਟ ਨੇ ਉਹਨਾਂ ਦੇ ਸਰਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਇਸਲਈ ਉਹ ਇੱਥੇ ਵਸ ਗਏ ਹਨ। ਅਲਤਾਫ (ਬਦਲਿਆ ਹੋਇਆ ਨਾਮ) ਦਾ ਜਨਮ ਇੱਥੇ ਹੋਇਆ ਸੀ ਅਤੇ ਹੁਣ ਸ਼੍ਰੀਨਗਰ ਵਿੱਚ ਇੱਕ ਸਕੂਲ ਬੱਸ ਚਲਾਉਂਦੇ ਹਨ। "ਮੈਂ ਆਪਣੇ ਬਜ਼ੁਰਗਾਂ, ਬਿਮਾਰ ਮਾਪਿਆਂ ਅਤੇ ਬੱਚਿਆਂ ਲਈ ਇੱਥੇ ਰਹਿਣ ਦਾ ਫੈਸਲਾ ਕੀਤਾ," ਉਹ ਦੱਸਦੇ ਹਨ ਤੇ ਨਾਲ਼ ਹੀ ਕਹਿੰਦੇ ਹਨ ਕਿ ਉਸਨੇ ਆਪਣੇ ਭਾਈਚਾਰੇ ਵਿੱਚ ਦੂਜਿਆਂ ਵਾਂਗ ਪਰਵਾਸ ਕਿਉਂ ਨਹੀਂ ਕੀਤਾ।

ਆਪਣੇ ਭਾਈਚਾਰੇ ਦੇ ਅਨਿਸ਼ਚਿਤਤਾ ਭਰੇ ਭਵਿੱਖ ਅਤੇ ਕੰਡਿਆਲ਼ੀ ਤਾਰ, ਸੈਰ-ਸਪਾਟੇ ਅਤੇ ਬਦਲਦੀਆਂ ਜ਼ਿੰਦਗੀਆਂ ਤੋਂ ਦਰਪੇਸ਼ ਕਈ ਖਤਰਿਆਂ ਦਾ ਵਰਣਨ ਕਰਨ ਵਾਲ਼ੇ ਗੁਲਾਮ ਨਬੀ ਬੜੇ ਹਿਰਖੇ ਮਨ ਨਾਲ਼ ਪੁੱਛਦੇ ਹਨ,''ਤੁਸੀਂ ਮੇਰਾ ਦਰਦ ਕਿਵੇਂ ਜਾਣੋਗੇ?''

Bakarwal sheep cannot be stall-fed; they must graze in the open
PHOTO • Ritayan Mukherjee

ਬਕਰਵਾਲ ਭੇਡਾਂ ਖੁਰਲ਼ੀਆਂ ਵਿੱਚੋਂ ਨਹੀਂ ਖਾਂਦੀਆਂ; ਉਨ੍ਹਾਂ ਨੇ ਖੁੱਲ੍ਹੇ ਵਿੱਚ ਚਰਨਾ ਹੁੰਦਾ ਹੈ

Arshad Ali Kandal is a member Shoukat Ali Kandal's camp
PHOTO • Ritayan Mukherjee

ਸ਼ੌਕਤ ਅਲੀ ਕੰਡਲ ਦੇ ਖ਼ੇਮੇ ਦੇ ਮੈਂਬਰ ਅਰਸ਼ਦ ਅਲੀ ਕੰਡਲ

Bakarwals often try and camp near a water source. Mohammad Yusuf Kandal eating lunch near the Indus river
PHOTO • Ritayan Mukherjee

ਬਕਰਵਾਲ ਅਕਸਰ ਪਾਣੀ-ਸ੍ਰੋਤਾਂ ਦੇ ਨੇੜੇ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸਿੰਧੂ ਨਦੀ ਨੇੜੇ ਦੁਪਹਿਰ ਦੀ ਰੋਟੀ ਖਾਂਦੇ ਮੁਹੰਮਦ ਯੁਨੂਸ ਕੰਡਲ

Fetching water for drinking and cooking falls on the Bakarwal women. They must make several trips a day up steep climbs
PHOTO • Ritayan Mukherjee

ਪੀਣ ਅਤੇ ਖਾਣਾ ਪਕਾਉਣ ਲਈ ਪਾਣੀ ਲਿਆਉਣ ਦਾ ਜ਼ੁੰਮਾ ਬਕਰਵਾਲ ਔਰਤਾਂ ਸਿਰ ਹੈ। ਪਾਣੀ ਲਿਆਉਣ ਲਈ ਉਹ ਇੱਕ ਦਿਨ ਵਿੱਚ ਕਈ ਵਾਰ ਚੜ੍ਹਾਈਆਂ ਚੜ੍ਹਦੀਆਂ ਹਨ

Zohra Bibi is wearing a traditional handmade embroidered cap. She says, 'We migrate every year as our men get some extra work'
PHOTO • Ritayan Mukherjee

ਜ਼ੋਹਰਾ ਬੀਬੀ ਨੇ ਹੱਥੀਂ ਕੱਢੀ ਰਵਾਇਤੀ ਟੋਪੀ ਪਾਈ ਹੋਈ ਹੈ। ਉਹ ਕਹਿੰਦੀ ਹਨ, ' ਅਸੀਂ ਹਰ ਸਾਲ ਪ੍ਰਵਾਸ ਕਰਦੇ ਹਾਂ ਕਿਉਂਕਿ ਸਾਡੇ ਬੰਦੇ ਕਈ ਹੋਰ ਕੰਮ ਕਰਦੇ ਹਨ '

A mat hand-embroidered by Bakarwal women
PHOTO • Ritayan Mukherjee

ਬਕਰਵਾਲ਼ ਔਰਤਾਂ ਵੱਲੋਂ ਹੱਥੀਂ-ਕੱਢਿਆ ਗਲੀਚਾ

'We barely have access to veterinary doctors during migration. When an animal gets injured, we use our traditional remedies to fix it,' says Mohammed Zabir, seen here with his wife, Fana Bibi.
PHOTO • Ritayan Mukherjee

ਆਪਣੀ ਪਤਨੀ ਫਾਨਾ ​​ ਬੀਬੀ ਨਾਲ਼ ਇੱਥੇ ਨਜ਼ਰ ਆਉਣ ਵਾਲ਼ੇ ਮੁਹੰਮਦ ਜਾਬਰ ਨੇ ਕਿਹਾ ,' ਪਰਵਾਸ ਦੌਰਾਨ , ਸਾਡੇ ਲਈ ਡੰਗਰ-ਡਾਕਟਰ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ। ਜਦੋਂ ਕੋਈ ਜਾਨਵਰ ਜ਼ਖਮੀ ਹੁੰਦਾ ਹੈ , ਤਾਂ ਅਸੀਂ ਇਸਨੂੰ ਆਪਣੇ ਰਵਾਇਤੀ ਉਪਚਾਰਾਂ ਨਾਲ਼ ਠੀਕ ਕਰਦੇ ਹਾਂ '

Rakima Bano is a Sarpanch in a village near Rajouri. A Bakarwal, she migrates with her family during the season
PHOTO • Ritayan Mukherjee

ਰਕੀਮਾ ਬਾਨੋ ਰਾਜੌਰੀ ਨੇੜੇ ਇੱਕ ਪਿੰਡ ਦੀ ਸਰਪੰਚ ਹਨ। ਬਕਰਵਾਲ ਹੋਣ ਕਰਕੇ ਉਹ ਵੀ ਹਰ ਮੌਸਮ ਵਿੱਚ ਆਪਣੇ ਪਰਿਵਾਰ ਨਾਲ਼ ਪਰਵਾਸ ਕਰਦੀ ਹਨ

Mohammad Yunus relaxing in his tent with a hookah
PHOTO • Ritayan Mukherjee

ਮੁਹੰਮਦ ਯੁਨੂਸ ਆਪਣੇ ਤੰਬੂ ਵਿੱਚ ਹੁੱਕਾ ਪੀਂਦੇ ਹੋਏ

Hussain's group camps near the Zoji La Pass, near Ladakh. He says that teachers appointed by the government at mobile schools don’t always show up
PHOTO • Ritayan Mukherjee

ਲੱਦਾਖ ਦੇ ਜੋਜ਼ੀ ਲਾ ਪਾਸ ਨੇੜੇ ਹੁਸੈਨ ਦਾ ਝੁੰਡ। ਉਹ ਕਹਿੰਦੇ ਹਨ ਕਿ ਮੋਬਾਇਲ ਸਕੂਲਾਂ ਵਿਖੇ ਸਰਕਾਰ ਅਧਿਆਪਕ ਨਿਯੁਕਤ ਕਰਦੀ ਤਾਂ ਹੈ ਪਰ ਉਹ ਦਿਖਾਈ ਦਿੰਦੇ ਨਹੀਂ

Faisal Raza Bokda is a youth leader from the Bakarwal community
PHOTO • Ritayan Mukherjee

ਫੈਜ਼ਲ ਰਜ਼ਾ ਬੋਕਦਾ ਬਕਰਵਾਲ ਭਾਈਚਾਰੇ ਦੇ ਨੌਜਵਾਨ ਆਗੂ ਹਨ

A Bakarwal family preparing dinner in their tent
PHOTO • Ritayan Mukherjee

ਆਪਣੇ ਤੰਬੂ ਵਿੱਚ ਰਾਤ ਦੀ ਰੋਟੀ ਤਿਆਰ ਕਰਦਾ ਇੱਕ ਬਕਰਵਾਲ ਪਰਿਵਾਰ

Bakarwal couple Altam Alfam Begum and Mohammad Ismail have been married for more than 37 years
PHOTO • Ritayan Mukherjee

ਇੱਕ ਬਕਰਵਾਲ ਜੋੜਾ ਅਲਤਮ ਅਲਫਾਮ ਬੇਗਮ ਅਤੇ ਮੁਹੰਮਦ ਇਸਮਾਇਲ ਦਾ ਵਿਆਹ ਹੋਇਆਂ 37 ਸਾਲ ਤੋਂ ਵੱਧ ਸਮਾਂ ਹੋ ਗਿਆ

ਰਿਪੋਰਟਰ ਫੈਜ਼ਲ ਬੋਕਦਾ, ਸ਼ੌਕਤ ਕੰਡਲ ਅਤੇ ਇਸ਼ਫਾਕ ਕੰਡਲ ਦਾ ਖੁੱਲ੍ਹੇ ਦਿਲ ਨਾਲ਼ ਮਦਦ ਦੇਣ ਤੇ ਪ੍ਰਾਹੁਣਾਚਾਰੀ ਕਰਨ ਵਾਸਤੇ ਤਹੇ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ।

ਰਿਤਾਇਨ ਮੁਖਰਜੀ ਪੂਰੇ ਦੇਸ਼ ਵਿੱਚ ਘੁੰਮ-ਘੁੰਮ ਕੇ ਖ਼ਾਨਾਬਦੋਸ਼ ਆਜੜੀ ਭਾਈਚਾਰਿਆਂ 'ਤੇ ਕੇਂਦਰਤ ਰਹਿ ਕੇ ਰਿਪੋਰਟਿੰਗ ਕਰਦੇ ਹਨ। ਇਹਦੇ ਲਈ ਉਨ੍ਹਾਂ ਨੂੰ ਸੈਂਟਰ ਫਾਰ ਪੇਸਟੋਰਲਿਜ਼ਮ ਵੱਲੋਂ ਇੱਕ ਸੁਤੰਤਰ ਯਾਤਰਾ ਗ੍ਰਾਂਟ ਪ੍ਰਾਪਤ ਹੋਇਆ ਹੈ। ਸੈਂਟਰ ਫਾਰ ਪੇਸਟੋਰਲਿਜ਼ਮ ਨੇ ਇਸ ਰਿਪੋਰਤਾਜ ਦੇ ਕੰਨਟੈਂਟ 'ਤੇ ਕਿਸੇ ਕਿਸਮ ਦਾ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Ritayan Mukherjee

ரிதயன் முகர்ஜி, கொல்கத்தாவைச் சேர்ந்த புகைப்படக்காரர். 2016 PARI பணியாளர். திபெத்திய சமவெளியின் நாடோடி மேய்ப்பர் சமூகங்களின் வாழ்வை ஆவணப்படுத்தும் நீண்டகால பணியில் இருக்கிறார்.

Other stories by Ritayan Mukherjee
Ovee Thorat

ஓவீ தோரட் மேய்ச்சலியத்திலும் அரசியல் சூழலியலிலும் ஆர்வம் கொண்ட சுயாதீன ஆய்வாளர்.

Other stories by Ovee Thorat
Editor : Priti David

ப்ரிதி டேவிட் பாரியின் நிர்வாக ஆசிரியர் ஆவார். பத்திரிகையாளரும் ஆசிரியருமான அவர் பாரியின் கல்விப் பகுதிக்கும் தலைமை வகிக்கிறார். கிராமப்புற பிரச்சினைகளை வகுப்பறைக்குள்ளும் பாடத்திட்டத்துக்குள்ளும் கொண்டு வர பள்ளிகள் மற்றும் கல்லூரிகளுடன் இயங்குகிறார். நம் காலத்தைய பிரச்சினைகளை ஆவணப்படுத்த இளையோருடனும் இயங்குகிறார்.

Other stories by Priti David
Photo Editor : Binaifer Bharucha

பினாஃபர் பருச்சா மும்பையை தளமாகக் கொண்ட பகுதி நேரப் புகைப்படக் கலைஞர். PARI-ன் புகைப்பட ஆசிரியராகவும் உள்ளார்.

Other stories by Binaifer Bharucha
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur