''ਮੈਨੂੰ ਚੇਤੇ ਹੈ ਉਹ ਸਮਾਂ ਜਦੋਂ ਚੂਹੇ ਸਾਡੀ ਛੱਤ 'ਚੋਂ ਡਿੱਗਦੇ ਅਤੇ ਸਾਡੇ ਘਰਾਂ ਵਿੱਚ ਹੀ ਮਰ ਜਾਂਦੇ। ਇਹ ਮੇਰਾ ਅੱਜ ਤੱਕ ਦਾ ਸਭ ਤੋਂ ਬਦਸ਼ਗਨੀ ਭਰਿਆ ਦ੍ਰਿਸ਼ ਹੁੰਦਾ ਸੀ। ਅੱਜ ਹੋ ਸਕਦਾ ਹੈ ਤੁਸੀਂ ਇਸ ਗੱਲ 'ਤੇ ਹੱਸੋ ਪਰ ਘਰ ਦੀ ਛੱਤ ਤੋਂ ਇੰਝ ਚੂਹੇ ਕਿਰਨ ਦਾ ਮਤਲਬ ਹੁੰਦਾ ਕਿ ਸਾਨੂੰ ਆਪਣਾ ਘਰ ਛੱਡਣਾ ਹੀ ਪੈਣਾ ਹੈ ਉਹ ਵੀ ਘਰ ਵਾਪਸੀ ਦੀ ਉਮੀਦ ਨੂੰ ਲਾਂਭੇ ਰੱਖ ਕੇ।''

ਉਹ ਸਪੱਸ਼ਟ ਅਤੇ ਜਿਊਂਦਾ ਜਾਗਦਾ ਬਿਰਤਾਂਤ ਕੋਇੰਬਟੂਰ ਦੇ ਕਲਾਪੱਟੀ ਦੀ ਰਹਿਣ ਵਾਲ਼ੀ, ਏ. ਕੁਜਾਂਧਾਈਅੰਮਲ ਦੇ ਜੀਵਨ ਨਾਲ਼ ਜੁੜਿਆ ਹੋਇਆ ਹੈ। ਹੁਣ ਉਹ ਆਪਣੀ ਉਮਰ ਦੇ 80ਵਿਆਂ ਵਿੱਚ ਹਨ ਅਤੇ 1940ਵਿਆਂ ਵਿੱਚ ਤਮਿਲਨਾਡੂ ਅੰਦਰ ਜਦੋਂ ਪਲੇਗ ਨੇ ਵਲ੍ਹੇਟਾ ਮਾਰਿਆ ਸੀ ਤਾਂ ਉਹ ਅਜੇ ਜੁਆਨ ਵੀ ਨਹੀਂ ਸੀ ਹੋਈ।

ਮਹਾਂਮਾਰੀਆਂ ਦੀ ਪੈਂਦੀ ਮਾਰ ਕਾਰਨ ਕੋਇੰਬਟੂਰ ਦਾ ਇਤਿਹਾਸ ਖ਼ੁਸ਼ਗਵਾਰ ਨਾ ਰਿਹਾ, ਇਸ ਇਲਾਕੇ ਅੰਦਰ ਚੇਚਕ ਤੋਂ ਲੈ ਕੇ ਪਲੇਗ ਅਤੇ ਫਿਰ ਹੈਜਾ ਆਦਿ ਬੀਮਾਰੀਆਂ ਦੀਆਂ ਵੱਜੀਆਂ ਮਾਰਾਂ ਨਾਲ਼ ਜੋ ਦ੍ਰਿਸ਼ ਬਣ ਕੇ ਉਭਰਿਆ ਸੀ ਉਹ ਸ਼ਾਇਦ ਹੀ ਕਿਤੇ ਹੋਰ ਥਾਵੇਂ ਦੇਖਣ ਨੂੰ ਮਿਲ਼ਿਆ ਹੋਵੇ। ਅਖ਼ੀਰ ਇਸ ਸਭ ਦਾ ਨਤੀਜਾ 'ਪਲੇਗ ਮਰਿਅੰਮਨ' ('Black ਮਰਿਅੰਮਨ' ਵਜੋਂ ਵੀ ਜਾਣਿਆਂ ਜਾਂਦਾ ਹੈ) ਮੰਦਰਾਂ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਇਕੱਲੇ ਸ਼ਹਿਰ ਅੰਦਰ ਇਨ੍ਹਾਂ ਦੀ ਗਿਣਤੀ 16 ਹੈ।

ਬੇਸ਼ੱਕ ਕੋਵਿਡ-19 ਮਹਾਂਮਾਰੀ ਨੇ ਵੀ ਆਪਣੇ ਕਾਲ ਵਿੱਚ 'ਕਰੋਨਾ ਦੇਵੀ' ਮੰਦਰ ਦਾ ਆਗਮਨ ਕਿਉਂ ਨਾ ਦੇਖਿਆ ਹੋਵੇ ਪਰ ਬਾਵਜੂਦ ਇਹਦੇ ਪਲੇਗ ਮਰਿਅੰਮਨ ਮੰਦਰ ਵਿਖੇ ਸ਼ਰਧਾਲੂਆਂ ਦੀ ਗਿਣਤੀ ਕਿਤੇ ਵੱਧ ਹੈ। ਗੁਆਂਢ ਦੇ ਤੀਰੂਪੁਰ ਜ਼ਿਲ੍ਹੇ ਵਿੱਚ ਵੀ ਕੁਝ ਅਜਿਹੇ ਮੰਦਰ ਹਨ ਜਿੱਥੇ ਅਜੇ ਤੱਕ ਕਈ ਸਮਾਗਮ ਕਰਵਾਏ ਜਾਂਦੇ ਹਨ ਅਤੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

1903 ਤੋਂ 1942 ਦੇ ਸਾਲਾਂ ਦੌਰਾਨ ਕੋਇੰਬਟੂਰ ਨੇ ਪਲੇਗ ਦੇ ਘੱਟੋਘੱਟ 10 ਹਮਲੇ ਝੱਲੇ ਹੋਣੇ ਜਿਨ੍ਹਾਂ ਵਿੱਚ ਹਜ਼ਾਰਾਂ ਹਜ਼ਾਰ ਲੋਕ ਮਾਰੇ ਗਏ। ਦਹਾਕਿਆਂ ਮਗਰੋਂ ਭਾਵੇਂ ਇਸ ਬੀਮਾਰੀ ਤੋਂ ਖਹਿੜਾ ਛੁੱਟ ਵੀ ਗਿਆ ਤਾਂ ਵੀ ਇਸ ਬੀਮਾਰੀ ਦੀਆਂ ਯਾਦਾਂ ਨੇ ਸ਼ਹਿਰ ਦੇ ਲੋਕਾਂ ਦੇ ਜ਼ਿਹਨ 'ਤੇ ਝਰੀਟਾਂ ਜ਼ਰੂਰ ਛੱਡੀਆਂ। ਉਸ ਵੇਲ਼ੇ ਨੂੰ ਹੰਢਾਉਣ ਵਾਲ਼ੇ ਲੋਕ ਜਿਵੇਂ ਕੁਜਾਂਧਾਈਅੰਮਲ ਵਾਸਤੇ ਪਲੇਗ ਦਾ ਜ਼ਿਕਰ ਆਉਂਦਿਆਂ ਹੀ ਰੀੜ੍ਹ ਠੰਡੀ ਫਿਰ ਜਾਂਦੀ ਹੈ ਅਤੇ ਉਹ ਲੰਘਿਆ ਦੌਰ ਚੇਤਾ ਆ ਜਾਂਦਾ ਹੈ।

ਭੀੜ-ਭੜੱਕੇ ਵਾਲ਼ੇ ਟਾਊਨ ਹਾਲ ਇਲਾਕੇ ਵਿੱਚ ਪਲੇਗ ਮਰਿਅੰਮਨ ਮੰਦਰਾਂ ਵਿੱਚ ਸਭ ਤੋਂ ਮਸ਼ਹੂਰ ਉਹ ਫੁੱਲ ਵੇਚਣ ਵਾਲ਼ੀ ਔਰਤ ਹੈ ਜੋ ਉਸ ਮਸ਼ਰੂਫ਼ ਸ਼ਾਮ ਲਈ ਤਿਆਰੀ ਕੱਸ ਰਹੀ ਹੈ। ''ਅੱਜ ਸ਼ੁੱਕਰਵਾਰ ਹੈ। ਚੰਗੀ ਕਮਾਈ ਹੋਵੇਗੀ,'' ਮਾਲ਼ਾ ਬਣਾਉਣ ਵਿੱਚ ਰੁਝੀ ਕਨਾਅੰਮਨ ਬਗ਼ੈਰ ਅੱਖਾਂ ਉਤਾਂਹ ਚੁੱਕੀ ਕਹਿੰਦੀ ਹਨ ਜੋ ਆਪਣੀ ਉਮਰ ਦੇ 40ਵੇਂ ਵਿੱਚ ਹਨ।

''ਉਹ ਅਥਾਹ ਤਾਕਤਵਰ ਹੈ, ਤੁਸੀਂ ਜਾਣਦੇ ਹੀ ਓ। ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ਼ ਹੁਣ ਕਰੋਨਾ ਦੇਵੀ ਮੰਦਰ ਵੀ ਹੈ, ਸਾਡੇ ਲਈ ਤਾਂ ਬਲੈਕ ਮਰਿਅੰਮਨ ਹੀ ਸਭ ਕੁਝ ਹੈ। ਅਸੀਂ ਤਾਂ ਇਹਦੀ ਪੂਜਾ ਕਰਦੇ ਰਹਾਂਗੇ ਭਾਵੇਂ ਅਸੀਂ ਬੀਮਾਰ ਪਏ ਹੋਈਏ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਆਮ ਅਰਦਾਸ ਹੀ ਕਿਉਂ ਨਾ ਕਰਨੀ ਹੋਵੇ।'' 'ਆਮ ਅਰਦਾਸ' ਤੋਂ ਉਨ੍ਹਾਂ ਦਾ ਮਤਲਬ ਭਗਤਾਂ ਵੱਲੋਂ ਮੰਗੀਆਂ ਜਾਂਦੀਆਂ ਆਮ ਦਾਤਾਂ ਤੋਂ ਹੈ ਜਿਵੇਂ ਖ਼ੁਸ਼ਹਾਲੀ, ਸਫ਼ਲਤਾ ਅਤੇ ਲੰਬੀ ਉਮਰ ਵਗੈਰਾ। ਕਨਾਅੰਮਲ ਪਲੇਗ ਦੇ ਖ਼ਤਮ ਹੋਣ ਤੋਂ ਕਰੀਬ 4 ਦਹਾਕਿਆਂ ਬਾਅਦ ਪੈਦਾ ਹੋਈ। ਪਰ ਉਨ੍ਹਾਂ ਦੀ ਪੀੜ੍ਹੀ ਦੇ ਕਈ ਲੋਕ ਆਸਰੇ ਵਾਸਤੇ ਮਰਿਅੰਮਨ ਮੰਦਰ ਹੀ ਆਉਂਦੇ ਹਨ।

The Plague Mariamman temple in Coimbatore’s Town Hall area is 150 years old.
PHOTO • Kavitha Muralidharan
Devotees believe that the deity can cure them when they fall sick
PHOTO • Kavitha Muralidharan

ਖੱਬੇ : ਕੋਇੰਬਟੂਰ ਟਾਊਨ ਹਾਲ ਇਲਾਕੇ ਵਿਖੇ 150 ਸਾਲ ਪੁਰਾਣਾ ਪਲੇਗ ਮਰਿਅੰਮਨ ਮੰਦਰ। ਸੱਜੇ : ਭਗਤ ਮੰਨਦੇ ਹਨ ਕਿ ਉਨ੍ਹਾਂ ਦੇ ਬੀਮਾਰ ਪੈਣ ਦੀ ਸੂਰਤ ਵਿੱਚ ਦੇਵੀ ਉਨ੍ਹਾਂ ਨੂੰ ਰਾਜ਼ੀ ਕਰ ਸਕਦੀ ਹੈ

ਸੱਚਿਓ ਪਲੇਗ ਦਾ ਅਸਰ ਕੁਝ ਅਜਿਹਾ ਸੀ ਕਿ ਇਹ ਕੋਇੰਬਟੂਰ ਦੇ ਸੱਭਿਆਚਾਰਕ ਮਨੁੱਖੀ ਨਸਲ ਦਾ ਇੱਕ ਹਿੱਸਾ ਹੋ ਨਿਬੜਿਆ। ''ਇਸ ਸ਼ਹਿਰ ਦੇ ਮੂਲ਼ ਨਿਵਾਸੀ ਪਲੇਗ ਦੁਆਰਾ ਮਚਾਏ ਕਹਿਰ ਦੇ ਨਾ ਸਿਰਫ਼ ਚਸ਼ਮਦੀਦ ਸਨ ਸਗੋਂ ਪੀੜਤ ਵੀ ਸਨ। ਇੱਥੇ ਤੁਹਾਨੂੰ ਇੱਕ ਵੀ ਪਰਿਵਾਰ ਅਜਿਹਾ ਨਹੀਂ ਮਿਲ਼ੇਗਾ ਜੋ ਕਦੇ ਪਲੇਗ ਦੁਆਰਾ ਸਤਾਇਆ ਨਾ ਗਿਆ ਹੋਵੇ,'' ਕੋਇੰਬਟੂਰ ਅਧਾਰਤ ਲੇਖਕ ਸੀ.ਆਰ. ਇਲੈਂਗੋਵਨ ਕਹਿੰਦੇ ਹਨ।

1961 ਦੇ ਜ਼ਿਲ੍ਹਾ ਮਰਦਮਸ਼ੁਮਾਰੀ ਕਿਤਾਬਚੇ ਮੁਤਾਬਕ ਪਲੇਗ ਦੀਆਂ ਵੱਖ ਵੱਖ ਮਾਰਾਂ ਵਿੱਚ ਕੋਇੰਬਟੂਰ ਨੇ 1909 ਵਿੱਚ 5,582 ਮੌਤਾਂ ਅਤੇ 1920 ਵਿੱਚ 3,869 ਮੌਤਾਂ ਨੂੰ ਅੱਖੀਂ ਦੇਖਿਆ ਹੈ। ਹੋਰ ਰਿਪੋਰਟਾਂ ਕਹਿੰਦੀਆਂ ਹਨ ਕਿ ਪਲੇਗ ਦੇ ਵਿਸਫ਼ੋਟ ਤੋਂ ਬਾਅਦ ਵਿੱਚ ਕੋਇੰਬਟੂਰ ਦੀ ਅਬਾਦੀ ਘੱਟ ਕੇ 47,000 ਰਹਿ ਗਈ ਸੀ। ਕੁੱਲ ਮਿਲ਼ਾ ਕੇ, 1901 ਵਿੱਚ 53,000 ਦੀ ਅਬਾਦੀ ਵਾਲ਼ੇ ਉਸ ਸ਼ਹਿਰ ਲਈ ਵੱਡੀ ਬਿਪਤਾ ਦਾ ਸਮਾਂ ਰਿਹਾ।

ਇਲੈਂਗੋਵਨ ਦਾ ਕਹਿਣਾ ਹੈ ਉਨ੍ਹਾਂ ਦਾ ਆਪਣਾ ਪਰਿਵਾਰ ਵੀ ''ਨੁਕਸਾਨ ਝੱਲੇ ਬਗ਼ੈਰ'' ਘਰ ਵਾਪਸੀ ਦੀ ਉਮੀਦ ਪਾਲ਼ੀ ਥੋੜ੍ਹੇ ਸਮੇਂ ''ਜੰਗਲਾਂ ਵਿੱਚ ਰਹਿਣ'' ਲਈ ਚਲਾ ਗਿਆ। ਉਮੀਦ ਵੀ ਉਸ ਵਸੀਲੇ ਤੋਂ ਮਿਲ਼ੀ ਜੋ ਅੱਜ ਅਸੰਭਵ ਜਾਪਦਾ ਹੈ।

ਉਨ੍ਹਾਂ ਸਿਆਹ ਸਾਲਾਂ ਦੌਰਾਨ ਜਦੋਂ ਕੋਈ ਵੀ ਡਾਕਟਰੀ ਮਦਦ ਮੌਜੂਦ ਨਹੀਂ ਸੀ, ਲੋਕਾਂ ਦਾ ਕਿਸੇ ਦੈਵੀ ਤਾਕਤ ਵੱਲ ਜਾਣਾ ਤਾਂ ਸੁਭਾਵਕ ਹੀ ਸੀ,'' ਪੀ. ਸ਼ਿਵਾ ਕੁਮਾਰ ਕਾਰਨ ਉਜਾਗਰ ਕਰਦੇ ਹਨ ਜੋ ਕੋਇੰਬਟੂਰ ਅਧਾਰਤ ਕੀਟ-ਵਿਗਿਆਨੀ ਹਨ ਅਤੇ ਜ਼ਿਲ੍ਹੇ ਦੇ ਨਸਲੀ ਵਿਗਿਆਨ ਵਿੱਚ ਰੁਚੀ ਰੱਖਦੇ ਹਨ।

ਜਿਵੇਂ ਕਿ ਅਕਸਰ ਹੁੰਦਾ ਹੈ ਉਹ ਆਸ ਵੀ ਡਰ ਅਤੇ ਨਿਰਾਸ਼ਾ ਨਾਲ਼ ਬੱਝੀ ਹੋਈ ਸੀ। 1927 ਦਾ ਉਹ ਵੇਲ਼ਾ ਜਦੋਂ ਸ਼ਹਿਰ ਪਲੇਗ ਦੌਰ ਦੇ ਐਨ ਵਿਚਾਲੇ ਲਟਕ ਰਿਹਾ ਸੀ, ਦਾਰਸ਼ਿਕ ਬਰਟਨਾਰਦ ਰੱਸਲ ਨੇ ਧਰਮ ਨੂੰ ''ਭੈਅ ਦੀ ਬੁਨਿਆਦ ਅਤੇ ਮੁੱਖ ਤੌਰ 'ਤੇ ਭੈਅ 'ਤੇ ਅਧਾਰਤ ਐਲਾਨਿਆ। ਇਹ ਅੰਸ਼ਕ ਤੌਰ 'ਤੇ ਕਿਸੇ ਅਗਿਆਤ ਦਾ ਸਹਿਮ ਹੋਣ ਦੇ ਨਾਲ਼ ਨਾਲ਼ ਇੱਕ ਤਰ੍ਹਾਂ ਦਾ ਅੰਸ਼ਕ ਅਹਿਸਾਸ ਵੀ ਹੈ ਜੋ ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਕੋਈ ਤੁਹਾਡੇ ਵੱਡੇ ਭਰਾ ਵਾਂਗਰ ਖੜ੍ਹਾ ਹੈ ਅਤੇ ਹਰ ਮੁਸੀਬਤ ਅਤੇ ਝਗੜੇ ਵਿੱਚ ਤੁਹਾਨੂੰ ਬਚਾਵੇਗਾ।''

ਇਨ੍ਹਾਂ ਸਾਰੇ ਵੰਨ-ਸੁਵੰਨੇ ਕਾਰਨਾਂ ਕਰਕੇ ਹੀ ਦੇਵੀ ਨੂੰ ਸਮਰਪਤ ਇਹ 16 ਮੰਦਰ ਵਜੂਦ ਵਿੱਚ ਆਏ ਜਿਨ੍ਹਾਂ ਦੇ ਪ੍ਰਸਿੱਧ ਨਾਮ ਵਿੱਚ ਵੀ ਬਦਲਾਅ ਆਉਂਦੇ ਗਏ। ''ਲੋਕਾਂ ਨੇ ਪਲੇਗ ਮਰਿਅੰਮਨ ਨੂੰ ਬਲੈਕ ਮਰਿਅੰਮਨ ਕਹਿਣਾ ਸ਼ੁਰੂ ਕਰ ਦਿੱਤਾ ਹੈ,'' ਇਲੈਂਗੋਵਨ ਦਾ ਕਹਿਣਾ ਹੈ। ''ਅਤੇ ਤਮਿਲ ਭਾਸ਼ਾ ਵਿੱਚ ਮਰਿ ਦਾ ਮਤਲਬ ਵੀ ਬਲੈਕ/ਕਾਲ਼ਾ ਹੀ ਹੁੰਦਾ ਹੈ, ਬਦਲਾਅ ਦਾ ਇਹ ਵਹਿਣ ਬੜਾ ਸਹਿਜ ਰਿਹਾ।

ਇਹ ਕੁਝ ਕੁਝ ਇਓਂ ਹੈ ਜਿਵੇਂ ਪਲੇਗ ਤਾਂ ਇਤਿਹਾਸ ਦੇ ਪਰਛਾਵੇਂ ਤੋਂ ਪਿਛਾਂਹ ਹੱਟਦੀ ਜਾਂਦੀ ਹੈ ਪਰ ਉਹਦੀਆਂ ਕੌੜੀਆਂ ਯਾਦਾਂ ਪੀੜ੍ਹੀ ਦਰ ਪੀੜ੍ਹੀ ਚੇਤਿਆਂ 'ਤੇ ਵੱਖੋ-ਵੱਖਰੇ ਢੰਗਾਂ ਨਾਲ਼ ਛਾਪਾਂ ਛੱਡਦੀਆਂ ਜਾਂਦੀਆਂ ਹੋਣ।

People turn to Plague Mariamman for prosperity and long life, but they also seek relief from diseases like chicken pox, skin ailments, viral infections, and now Covid-19
PHOTO • Kavitha Muralidharan

ਲੋਕ ਰਾਹਤ, ਖ਼ੁਸ਼ਹਾਲੀ ਅਤੇ ਲੰਬੀ ਉਮਰ ਵਾਸਤੇ ਪਲੇਗ ਮਰਿਅੰਮਨ ਨੂੰ ਸੱਜਦਾ ਕਰਦੇ ਹਨ। ਉਹ ਚੇਚਕ, ਚਮੜੀ ਰੋਗਾਂ, ਵਾਇਰਲ ਸੰਕ੍ਰਮਣ ਵਰਗੀਆਂ ਬੀਮਾਰੀਆਂ ਤੋਂ ਵੀ ਰਾਹਤ ਚਾਹੁੰਦੇ ਹਨ ਅਤੇ ਹੁਣ ਉਹ ਕੋਵਿਡ-19 ਤੋਂ ਛੁਟਕਾਰਾ ਚਾਹੁੰਦੇ ਹਨ

''ਮੈਨੂੰ ਚੇਤਾ ਹੈ ਜਦੋਂ ਕਦੇ ਮੈਂ ਬੀਮਾਰ ਪੈਂਦੀ ਮੇਰੇ ਮਾਪੇ ਮੈਨੂੰ ਮੰਦਰ ਮੱਥਾ ਟਕਾਉਣ ਲੈ ਜਾਂਦੇ,'' 32 ਸਾਲਾ ਨਿਕਿਲਾ ਦਾ ਕਹਿਣਾ ਹੈ ਜੋ ਕੋਇੰਬਟੂਰ ਦੀ ਵਾਸੀ ਹਨ। ''ਮੇਰੇ ਦਾਦਾ ਜੀ ਰੋਜ਼ ਮੰਦਰ ਜਾਇਆ ਕਰਦੇ। ਮੇਰੇ ਮਾਪਿਆਂ ਨੂੰ ਯਕੀਨ ਸੀ ਕਿ ਮੰਦਰ ਦਾ ਅੰਮ੍ਰਿਤ ਬੀਮਾਰੀ ਦੂਰ ਕਰਨ ਦੀ ਤਾਕਤ ਰੱਖਦਾ ਹੈ। ਉਹ ਮੰਦਰ ਵਿਖੇ ਪੂਜਾ ਅਰਚਨਾ ਵੀ ਕਰਦੇ। ਅੱਜ, ਜਦੋਂ ਮੇਰੀ ਧੀ ਬੀਮਾਰ ਹੁੰਦੀ ਹੈ ਤਾਂ ਮੈਂ ਵੀ ਇਹੀ ਕੁਝ ਹੀ ਕਰਦੀ ਹਾਂ। ਮੈਂ ਉਹਨੂੰ ਮੰਦਰ ਲੈ ਜਾਂਦੀ ਹਾਂ ਅਤੇ ਪੂਜਾ ਕਰਦੀ ਹਾਂ ਅਤੇ ਅੰਮ੍ਰਿਤ ਦਿੰਦੀ ਹਾਂ। ਮੈਂ ਆਪਣੇ ਮਾਪਿਆਂ ਵਾਂਗਰ ਰੋਜ਼ ਮੰਦਰ ਤਾਂ ਨਹੀਂ ਜਾ ਪਾਉਂਦੀ ਪਰ ਫਿਰ ਵੀ ਮੈਂ ਜਾਂਦੀ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਸ ਸ਼ਹਿਰ ਦੇ ਵਾਸੀ ਹੋਣ ਦੀ ਸੂਰਤ ਵਿੱਚ ਤੁਹਾਡਾ ਹਿੱਸਾ ਬਣ ਜਾਂਦਾ ਹੈ।''

*****

''ਇੱਥੇ ਮੇਰੀਆਂ ਚਾਰ-ਪੀੜ੍ਹੀਆਂ ਨੇ ਪੁਜਾਰੀ ਵਜੋਂ ਸੇਵਾ ਦਿੱਤੀ ਹੈ ਅਤੇ ਅੱਜ ਵੀ ਲੋਕ ਇੱਥੇ ਚੇਚਕ ਅਤੇ ਚਮੜੀ ਰੋਗਾਂ, ਕੋਵਿਡ-19 ਅਤੇ ਵਾਇਰਲ ਸੰਕ੍ਰਮਣ ਦੇ ਇਲਾਜ ਵਾਸਤੇ ਆਉਂਦੇ ਹਨ,'' ਟਾਊਨ ਹਾਲ ਇਲਾਕੇ ਵਿੱਚ ਪੈਂਦੇ ਮਰਿਅੰਮਨ ਮੰਦਰ ਦੇ 42 ਸਾਲਾ ਪੁਜਾਰੀ ਰਾਜੇਸ਼ ਕੁਮਾਰ ਕਹਿੰਦੇ ਹਨ। ''ਇੱਥੇ ਮਾਨਤਾ ਹੈ ਕਿ ਇਹ ਦੇਵੀ ਅਜਿਹੇ ਰੋਗਾਂ ਤੋਂ ਛੁਟਕਾਰਾ ਦਵਾਉਂਦੀ ਹੈ।''

''ਇਹ ਮੰਦਰ ਪਿਛਲੇ 150 ਸਾਲਾਂ ਤੋਂ ਵਜੂਦ ਵਿੱਚ ਹੈ। 1903-1942 ਦੌਰਾਨ ਜਦੋਂ ਪਲੇਗ ਨੇ ਕੋਇੰਬਟੂਰ ਵਿਖੇ ਕਹਿਰ ਮਚਾਇਆ ਸੀ ਤਾਂ ਮੇਰੇ ਪੜਦਾਦਾ ਨੇ ਇੱਥੇ ਪਲੇਗ ਮਰਿਅੰਮਨ ਦੀ ਇੱਕ ਵੱਖਰੀ ਪਵਿੱਤਰ ਮੂਰਤੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਤੋਂ ਬਾਅਦ, ਮੇਰੇ ਦਾਦਾ ਅਤੇ ਫਿਰ ਮੇਰੇ ਪਿਤਾ ਨੇ ਇਸ ਮੰਦਰ ਦੀ ਸੇਵਾ ਕੀਤੀ। ਅੱਜ ਮੈਂ ਕਰਦਾ ਹਾਂ। ਬੱਸ ਉਸ ਤੋਂ ਬਾਅਦ ਦੇਵੀ ਦੇ ਰਾਜ ਵਿੱਚ ਕੋਈ ਵੀ ਇਲਾਕਾ ਪਲੇਗ ਤੋਂ ਪ੍ਰਭਾਵਤ ਨਾ ਹੋਇਆ। ਉਦੋਂ ਤੋਂ ਹੀ ਲੋਕ ਇਸ ਦੇਵੀ ਵਿੱਚ ਨੇਹਚਾ ਰੱਖਦੇ ਆਏ ਹਨ।''

ਕੁਝ ਕੁਝ ਇਹੋ ਜਿਹੀ ਕਹਾਣੀ ਹੀ ਕੋਇੰਬਟੂਰ ਦੇ ਸਾਈਬਾਬਾ ਕਲੋਨੀ ਦੇ ਮੰਦਰ ਦੁਆਲ਼ੇ ਘੁੰਮਦੀ ਹੈ। ''ਇਹ ਮੰਦਰ ਵੀ 150 ਸਾਲ ਪਹਿਲਾਂ ਸਥਾਪਤ ਕੀਤਾ ਗਿਆ ਸੀ,'' 63 ਸਾਲਾ ਵੀ.ਜੀ. ਰਾਜੇਸਕਰਨ ਕਹਿੰਦੇ ਹਨ ਜੋ ਪਲੇਗ ਮਰਿਅੰਮਨ ਮੰਦਰ ਪ੍ਰਬੰਧਕੀ ਕਮੇਟੀ ਮੈਂਬਰ ਹਨ। ਕਹਿਣ ਦਾ  ਭਾਵ ਕਿ ਇਹ ਮੰਦਰ ਪਲੇਗ ਦੇ ਆਉਣ ਤੋਂ ਪਹਿਲਾਂ ਬਣਾਇਆ ਗਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਦੋਵੇਂ ਮੰਦਰ ਅਤੇ ਉਨ੍ਹਾਂ ਜਿਹੇ ਹੋਰ ਕਈ ਮੰਦਰ ਪਹਿਲਾਂ ਤੋਂ ਹੀ ਮਰਿਅੰਮਨ ਮੰਦਰ ਸਨ- ਪਰ ਉਸ ਨੂੰ ਹੋਰਨਾਂ ਭੂਮਿਕਾਵਾਂ ਜਾਂ ਅਵਤਾਰਾਂ ਵਜੋਂ ਪੂਜਿਆ ਜਾਂਦਾ ਸੀ। ਜਦੋਂ ਪਲੇਗ ਨੇ ਇਸ ਇਲਾਕੇ ਵਿੱਚ ਕਹਿਰ ਮਚਾਇਆ ਅਤੇ ਸਾਰੇ ਪਾਸੇ ਤਬਾਹੀ ਮੱਚ ਗਈ ਤਾਂ ਇਸ ਦੇਵੀ ਦੀਆਂ ਕੁਝ ਹੋਰ ਮੂਰਤੀਆਂ ਸਥਾਪਤ ਕੀਤੀਆਂ ਗਈਆਂ, ਪਲੇਗ ਮਰਿਅੰਮਨ ਵਜੋਂ ਸਥਾਪਤ ਉਹ ਸਾਰੀਆਂ ਮੂਰਤੀਆਂ ਪੱਥਰ ਦੀਆਂ ਸਨ।

ਜਿਸ ਮੰਦਰ ਵਿਖੇ ਉਹ ਸੇਵਾ ਕਰ ਰਹੇ ਹਨ ਉਹਦੀ ਸਥਾਪਨਾ ਤੋਂ ਕਰੀਬ 3 ਦਹਾਕਿਆਂ ਬਾਅਦ ਜਦੋਂ ਪਲੇਗ ਨੇ ਸ਼ਹਿਰ ਨੂੰ ਘੇਰਾ ਪਾਇਆ ਤਾਂ ਰਾਜੇਸ਼ਕਰਨ ਮੁਤਾਬਕ: ''ਹਰੇਕ ਪਰਿਵਾਰ ਦੇ ਘੱਟੋਘੱਟ 5 ਜਾਂ 6 ਜੀਅ ਮਾਰੇ ਗਏ। ਪਰਿਵਾਰਾਂ ਨੇ ਆਪਣੇ ਪਿਆਰਿਆਂ ਦੀ ਮੌਤ ਤੋਂ ਬਾਅਦ ਘਰ ਹੀ ਛੱਡ ਦਿੱਤੇ ਅਤੇ ਕਈਆਂ ਨੇ ਘਰ ਦੀਆਂ ਛੱਤਂ ਤੋਂ ਕਿਰਦੇ ਚੂਹਿਆਂ ਅਤੇ ਪਲੇਗ ਦੇ ਵੱਧਦੇ ਮਾਮਲਿਆਂ ਦੇ ਡਰੋਂ ਵੀ ਘਰ ਛੱਡ  ਦਿੱਤੇ। ਉਨ੍ਹਾਂ ਨੂੰ ਆਪਣੇ ਘਰੋ-ਘਰੀ ਮੁੜਨ ਨੂੰ 4 ਤੋਂ 5 ਮਹੀਨੇ ਲੱਗ ਗਏ।''

V.G. Rajasekaran is an administrative committee member of the Plague Mariamman shrine in Coimbatore’s Saibaba Colony.
PHOTO • Kavitha Muralidharan
The temple existed from before the plague outbreaks in early to mid-20th century
PHOTO • Kavitha Muralidharan

ਖੱਬੇ : ਵੀ.ਜੀ. ਰਾਜੇਸ਼ਕਰਨ, ਕੋਇੰਬਟੂਰ ਦੇ ਸਾਈਬਾਬਾ ਕਲੋਨੀ ਦੇ ਪਲੇਗ ਮਰਿਅੰਮਨ ਮੰਦਰ ਦੇ ਪ੍ਰਬੰਧਕੀ ਕਮੇਟੀ ਮੈਂਬਰ। ਸੱਜੇ : 20ਵੀਂ ਸਦੀ ਵਿੱਚ ਪਲੇਗ ਦੇ ਫ਼ੈਲਣ ਤੋਂ ਪਹਿਲਾਂ ਹੀ ਇਸ ਮੰਦਰ ਦਾ ਵਜੂਦ ਸੀ

ਫੇਰ ਸਾਈਬਾਬਾ ਕਲੋਨੀ ਅਤੇ ਫਿਰ ਇੱਕ ਛੋਟੇ ਜਿਹੇ ਪਿੰਡ ਦੇ ਲੋਕਾਂ ਨੇ ਪਲੇਗ ਤੋਂ ਨਿਜਾਤ ਪਾਉਣ ਲਈ ਵੱਖਰੀ ਮੂਰਤੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਅਤੇ ਉਹਨੂੰ ਨਾਂਅ ਦਿੱਤਾ ਪਲੇਗ ਮਰਿਅੰਮਨ ਦਾ। ''ਸਾਡੇ ਪਰਿਵਾਰ ਵਿੱਚ ਦੋ ਮੌਤਾਂ ਹੋਈਆਂ। ਜਦੋਂ ਮੇਰੇ ਚਾਚਾ ਬੀਮਾਰ ਪਏ ਤਾਂ ਮੇਰੀ ਦਾਦੀ ਉਨ੍ਹਾਂ ਨੂੰ ਇਸ ਮੰਦਰ ਲਿਆਈ ਅਤੇ ਪਲੇਗ ਮਾਰਿਅੰਮਨ ਮੂਹਰੇ ਮੱਥੇ ਟਿਕਾਇਆ ਅਤੇ ਉਨ੍ਹਾਂ ਦੀ ਦੇਹ 'ਤੇ ਨਿੰਮ ਅਤੇ ਹਲਦੀ ਦਾ ਲੇਪ ਲਾਇਆ। ਉਹ ਰਾਜ਼ੀ ਹੋ ਗਏ।''

ਉਦੋਂ ਤੋਂ ਹੀ, ਉਸ ਪਿੰਡ ਅਤੇ ਹੋਰ ਕਈ ਥਾਵਾਂ (ਜੋ ਹੁਣ ਕੋਇੰਬਟੂਰ ਸ਼ਹਿਰ ਦਾ ਹਿੱਸਾ ਹਨ) ਦੇ ਲੋਕਾਂ ਦਾ ਯਕੀਨ ਬੱਝ ਗਿਆ ਕਿ ਇੱਕ ਮਰਿਅੰਮਨ ਹੀ ਹੈ ਜੋ ਉਨ੍ਹਾਂ ਨੂੰ ਪਲੇਗ ਤੋਂ ਬਚਾ ਲਵੇਗੀ।

ਇਲੈਂਗੋਵਨ ਕਹਿੰਦੇ ਹਨ ਕਿ ਪਲੇਗ ਮਰਿਅੰਮਨ ਮੰਦਰਾਂ ਦੀ ਵੱਧ ਗਿਣਤੀ ਅਤੇ ਉਨ੍ਹਾਂ ਵਿੱਚ ਆਪਸੀ ਨੇੜਤੇ ਦਾ ਇਹੀ ਕਾਰਨ ਹੋ ਸਕਦਾ ਹੈ। "ਸਾਈਬਾਬਾ ਕਲੋਨੀ, ਪੇਲਾਮੇਡੂ, ਪਾਪਨਾਇਕੇਨਪਲਯਾਮ, ਟਾਊਨ ਹਾਲ ਅਤੇ ਇਹ ਹੋਰ ਥਾਵਾਂ ਇੱਕ ਸਦੀ ਪਹਿਲਾਂ ਵੱਖੋ-ਵੱਖ ਪਿੰਡ ਹੁੰਦੇ ਸਨ। ਅੱਜ ਇਹ ਸਾਰੇ ਦੇ ਸਾਰੇ ਕੋਇੰਬਟੂਰ ਸ਼ਹਿਰ ਦੇ ਹਿੱਸੇ ਹਨ।''

ਤਮਿਲ ਸੱਭਿਆਚਾਰਕ ਇਤਿਹਾਸ ਦੇ ਲੇਖਕ ਅਤੇ ਇਤਿਹਾਸਕਰ ਸਟਾਲਿਨ ਰਾਜੰਗਮ ਦਾ ਕਹਿਣਾ ਹੈ ਕਿ ਪਲੇਗ ਮਰਿਅੰਮਨ ਦੀ ਪੂਜਾ ਇੱਕ ''ਬੇਹੱਦ ਸੁਭਾਵਕ ਨਤੀਜਾ ਹੋ ਸਕਦੀ ਹੈ, ਖ਼ਾਸ ਕਰਕੇ ਉਸ ਬੀਮਾਰੀ ਦੇ ਪ੍ਰਤੀਕਰਮ ਵਿੱਚ ਜਿਹਨੇ ਤਬਾਹੀ ਮਚਾ ਛੱਡੀ ਸੀ। ਵਿਸ਼ਵਾਸ ਦੇ ਸੰਕਲਪ ਦਾ ਕਾਰਨ ਇਹੀ ਹੈ ਕਿ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਆਪਣੀਆਂ ਦਿੱਕਤਾਂ ਦੇ ਹੱਲ ਵਾਸਤੇ ਰੱਬ 'ਤੇ ਡੋਰ ਸੁੱਟਦੇ ਹੋ। ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੀ ਬੀਮਾਰੀ ਹੈ। ਜ਼ਾਹਰ ਹੈ ਕਿ ਨੇਹਚਾ ਦਾ ਧੁਰਾ ਵੀ ਬੀਮਾਰੀ ਤੋਂ ਨਿਜ਼ਾਤ ਦਵਾਉਣ ਦੁਆਲ਼ੇ ਹੀ ਘੁੰਮਦਾ ਹੈ।''

''ਇਹ ਈਸਾਈ ਅਤੇ ਇਸਲਾਮ ਵਿੱਚ ਵੀ ਆਮ ਹੈ,'' ਰਾਜੰਗਮ  ਕਹਿੰਦੇ ਹਨ। ''ਮਸਜਿਦਾਂ ਅੰਦਰ ਬੀਮਾਰ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ। ਈਸਾਈ ਧਰਮ ਵਿੱਚ ਤੁਸੀਂ ਅਰੋਗਯਾ ਮਧਾ (ਤੰਦਰੁਸਤੀ ਦੀ ਮਾਂ) ਦੀ ਪੂਜਾ ਕਰਦੇ ਹੋ। ਬੋਧੀ ਭਿਕਸ਼ੂ ਜੜ੍ਹੀ-ਬੂਟੀਆਂ ਨਾਲ਼ ਇਲਾਜ ਲਈ ਜਾਣੇ ਜਾਂਦੇ ਹਨ। ਤਮਿਲਨਾਡੂ ਅੰਦਰ, ਸਿੱਧਾਰਸ ਹੁੰਦੇ ਹਨ ਜੋ ਮੂਲ਼ ਰੂਪ ਵਿੱਚ ਦਵਾਈਆਂ ਦੇ ਅਭਿਆਸਕਰਤਾ ਹੁੰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਇੱਥੇ ਦਵਾਈ ਨੂੰ ਸਿੱਧ ਧਾਰਾ ਵੀ ਕਿਹਾ ਜਾਂਦਾ ਹੈ।''

ਤਮਿਲਨਾਡੂ ਦੇ ਹਰੇਕ ਪਿੰਡ ਵਿੱਚ ਮਰਿਅੰਮਨ ਮੰਦਰ ਹੈ। ਹੋ ਸਕਦਾ ਹੈ ਹੋਰਨਾਂ ਇਲਾਕਿਆਂ ਵਿੱਚ ਉਹਦਾ ਕੋਈ ਹੋਰ ਨਾਮ ਹੋਵੇ ਪਰ ਅਸਲ ਤੀਰਥ ਸਥਲ ਇੱਥੇ ਹੀ ਹੈ। ਖ਼ਾਸ ਦੇਵਤਾਵਾਂ ਦਾ ਵਿਚਾਰ ਉਨ੍ਹਾਂ ਦਾ ਰੋਸ ਜਾਂ ਇਲਾਜ ਕਰਨ ਉਨ੍ਹਾਂ ਦੀ ਸਮਰੱਥਾ ਕਿਸੇ ਇੱਕ ਇਲਾਕੇ ਜਾਂ ਇੱਕ ਦੇਸ਼ ਤੱਕ ਸੀਮਤ ਨਹੀਂ ਹੈ। ਦੁਨੀਆ ਭਰ ਦੇ ਵਿਦਵਾਨਾਂ ਨੇ ਹਾਲ ਹੀ ਦੇ ਦਹਾਕਿਆਂ ਅੰਦਰ ਪਲੇਗ ਅਤੇ ਮਹਾਂਮਾਰੀ  ਪ੍ਰਤੀ ਧਾਰਮਿਕ ਪ੍ਰਤੀਕਰਮ ਨੂੰ ਵਧੇਰੇ ਸੰਜੀਦਗੀ ਨਾਲ਼ ਲਿਆ ਹੈ।

A temple in the Pappanaickenpudur neighbourhood of Coimbatore. Painted in red, the words at the entrance say, Arulmigu Plague Mariamman Kovil ('temple of the compassionate Plague Mariamman')
PHOTO • Kavitha Muralidharan

ਕੋਇੰਬਟੂਰ ਦੇ ਗੁਆਂਢ ਪਾਪਨਾਇਕੇਨਪਲਯਾਮ ਦਾ ਇੱਕ ਮੰਦਰ। ਜੋ ਲਾਲ ਰੰਗ ਨਾਲ਼ ਲਿਪਿਆ ਹੈ ਅਤੇ ਪ੍ਰਵੇਸ਼ ਦੁਆਰ ' ਤੇ ਲਿਖੇ ਅਲਫ਼ਾਜ਼ ਹਨ ' ਐਰੁਲਮਿਗੂ ਪਲੇਗ ਮਰਿਅੰਮਨ ਕੋਵਿਲ ' (ਦਿਆਲੂ ਪਲੇਗ ਮਰਿਅੰਮਨ ਦਾ ਮੰਦਰ)

ਜਿਵੇਂ ਕਿ ਇਤਿਹਾਸਕਾਰ ਡੁਆਨੇ ਜੇ. ਓਸ਼ਿਮ ਆਪਣੇ 2008 ਵਿੱਚ ਪ੍ਰਕਾਸ਼ਤ ਹੋਏ ਪੇਪਰ ' ਧਰਮ ਅਤੇ ਮਹਾਂਮਾਰੀ ਦੀ ਬੀਮਾਰੀ ' (ਰਿਲਿਜੀਅਨ ਐਂਡ ਐਪੀਡੇਮਿਕ ਡਿਸੀਜ) ਵਿੱਚ ਦਰਸਾਉਂਦੇ ਹਨ: ''ਮਹਾਂਮਾਰੀ ਦੀ ਬੀਮਾਰੀ ਵਾਸਤੇ ਕੋਈ ਇਕਹਿਰਾ ਜਾਂ ਨਿਸ਼ਚਤ ਧਾਰਮਿਕ ਜਵਾਬ ਨਹੀਂ ਹੈ। ਨਾ ਹੀ ਇਹ ਮੰਨਣਾ ਸਹੀ ਹੈ ਕਿ ਧਾਰਮਿਕ ਪ੍ਰਤੀਕਰਮ ਸਦਾ ਹੀ ਭਵਿੱਖ-ਦਰਸਾਵੇ ਹੁੰਦੇ ਹਨ। ਇੰਝ ਪਛਾਣਨਾ ਵੱਧ ਢੁੱਕਵਾਂ ਹੋਵੇਗਾ ਕਿ ਧਰਮ ਜਿਵੇਂ ਕਿ ਲਿੰਗ, ਵਰਗ ਜਾਂ ਨਸਲ ਦੇ ਵਿਸ਼ਲੇਸ਼ਣ ਦੀ ਸ਼੍ਰੇਣੀ ਭਰ ਹੁੰਦਾ ਹੈ। ਕਿਸੇ ਵੀ ਮਹਾਂਮਾਰੀ ਦੀ ਬੀਮਾਰੀ ਨੂੰ ਲੈ ਕੇ ਧਾਰਮਿਕ ਪ੍ਰਤਿਕਿਰਿਆ ਨੂੰ ਇੱਕ ਫ਼ਰੇਮ ਵਜੋਂ ਦੇਖਿਆ ਜਾ ਸਕਦਾ ਹੈ ਭਾਵ ਲਗਾਤਾਰ ਬਦਲਦੇ ਫ਼ਰੇਮ ਨਾਲ਼ ਬਦਲਦਾ ਜਾਂਦਾ ਹੈ।''

*****

ਅੱਜ ਵੀ ਤਮਿਲਨਾਡੂ ਅੰਦਰ ਅੰਮਨ ਤਿਰਵਾਜ਼ਾਸ (ਮਰਿਅੰਮਨ) ਦੇ ਸਲਾਨਾ ਤਿਓਹਾਰ ਕਾਫ਼ੀ ਆਮ ਹਨ। ਇਨ੍ਹਾਂ ਦੇ ਜ਼ਰੀਏ ਲੋਕ-ਸਿਹਤ ਅਤੇ ਧਾਰਮਿਕ ਵਿਸ਼ਵਾਸਾਂ ਵਿਚਾਲੇ ਸਬੰਧਾਂ ਨੂੰ ਸਮਝਣ ਦੀ ਲੋੜ ਨੂੰ ਬਲ ਮਿਲ਼ਦਾ ਹੈ, ਸਟਾਲਿਨ ਰਾਜੰਗਮ  ਕਹਿੰਦੇ ਹਨ। ਇਹ ਤਿਓਹਾਰ ਆਮ ਤੌਰ 'ਤੇ ਅੰਮਨ ਮੰਦਰਾਂ ਵਿੱਚ ਤਮਿਲ ਦੇ ਆਦੀ ਮਹੀਨੇ (ਅੱਧ ਜੁਲਾਈ ਤੋਂ ਅੱਧ ਅਗਸਤ) ਦੌਰਾਨ ਰਾਜ ਅੰਦਰ ਮਨਾਏ ਜਾਂਦੇ ਹਨ।

''ਤਮਿਲਨਾਡੂ ਅੰਦਰ ਪੂਰਵ ਮਹੀਨੇ (ਪਹਿਲੇ ਅੱਧ)- ਚਿਥੀਰਈ, ਵੈਗਾਸੀਅੰਦ ਆਨੀ (ਕ੍ਰਮਵਾਰ ਅੱਧ ਅ੍ਰਪੈਲ ਤੋਂ ਅੱਧ ਮਈ, ਅੱਧ ਮਈ ਤੋਂ ਅੱਧ-ਜੂਨ ਅਤੇ ਅੱਧ-ਜੂਨ ਤੋਂ ਅੱਧ-ਜੁਲਾਈ) ਕਾਫ਼ੀ ਗਰਮ ਹੁੰਦੇ ਹਨ,'' ਰਾਜੰਗਮ  ਕਹਿੰਦੇ ਹਨ। ''ਭੂਮੀ ਸੁੱਕ ਜਾਂਦੀ ਹੈ ਅਤੇ ਸਰੀਰ ਖ਼ੁਸ਼ਕ। ਇਸੇ ਖ਼ੁਸ਼ਕੀ ਤੋਂ ਅੰਮਈ (ਚੇਚਕ/ਛੋਟੀ ਮਾਤਾ) ਹੋ ਜਾਂਦੀ ਹੈ। ਦੋਵਾਂ ਹੀ ਹਾਲਤਾਂ ਵਿੱਚ ਠੰਡਕ ਇੱਕ ਇਲਾਜ ਬਣਦਾ ਹੈ। ਤਿਰੂਵਿਜ਼ਾ ਵੀ ਇਸ ਸਭ ਬਾਰੇ ਹੀ ਹੁੰਦੇ ਹਨ।

ਦਰਅਸਲ, 'ਮੁਥੂ ਮਰਿਅੰਮਨ' (ਦੇਵੀ ਦੀ ਕੋਈ ਹੋਰ ਭੂਮਿਕਾ) ਦੀ ਪੂਜਾ ਛੋਟੀ ਮਾਤਾ ਅਤੇ ਚੇਚਕ ਤੋਂ ਦੈਵੀ ਨਿਜਾਤ ਦਵਾਉਣ ਲਈ ਕੀਤੀ ਜਾਂਦੀ ਹੈ। ''ਕਿਉਂਕਿ ਇਹ ਬੀਮਾਰੀ ਚਮੜੀ 'ਤੇ ਬਣਨ ਵਾਲ਼ੇ ਦਾਣਿਆਂ ਦਾ ਇੱਕ ਰੋਗ ਹੈ ਇਸਲਈ ਦੇਵੀ ਨੂੰ ਮੁਥੂ ਮਰਿਅੰਮਨ ਕਿਹਾ ਜਾਂਦਾ ਸੀ, 'ਮੁਥੂ' ਦਾ ਤਮਿਲ ਮਤਲਬ ਮੋਤੀ ਹੁੰਦਾ ਹੈ। ਹਾਲਾਂਕਿ ਚੇਚਕ ਰੋਗ ਨਾਲ਼ ਨਜਿੱਠਣ ਲਈ ਦਵਾਈਆਂ ਵੀ ਮੌਜੂਦ ਹਨ ਜੋ ਇਸ ਰੋਗ ਲਈ ਕਾਰਗਰ ਹਨ, ਫਿਰ ਵੀ ਮੰਦਰ ਭੀੜ ਨੂੰ ਵੱਧ ਆਕਰਸ਼ਤ ਕਰਦੇ ਹਨ।''

ਰਾਜੰਗਮ ਤਿਉਹਾਰਾਂ ਨਾਲ ਜੁੜੀਆਂ ਕੁਝ ਰਸਮਾਂ ਵੱਲ ਵੀ ਇਸ਼ਾਰਾ ਕਰਦੇ ਹਨ ਜਿਨ੍ਹਾਂ ਦਾ ਵਿਗਿਆਨਕ ਮੁੱਲ ਭਾਵੇਂ ਨਾ ਹੋਵੇ ਪਰ ਇਲਾਜ ਪੱਖੋਂ ਹੋ ਸਕਦਾ ਹੈ। ''ਇੱਕ ਵਾਰ ਤਿਰੂਵਿਜ਼ਾ ਦੇ ਐਲਾਨ ਹੁੰਦਿਆਂ ਹੀ, ਕਾਪੂ ਕਤੂਥਲ ਨਾਮਕ ਰਸਮ ਹੁੰਦੀ ਹੈ ਜਿਸ ਦੇ ਮੁਤਾਬਕ ਪਿੰਡ ਦੇ ਲੋਕ ਪਿੰਡੋਂ ਬਾਹਰ ਪੈਰ ਨਹੀਂ ਪਾ ਸਕਦੇ। ਉਨ੍ਹਾਂ ਨੂੰ ਆਪਣੇ ਘਰਾਂ ਪਰਿਵਾਰਾਂ, ਆਪਣੀਆਂ ਗਲ਼ੀਆਂ ਅਤੇ ਪਿੰਡ ਦੇ ਅੰਦਰ ਰਹਿ ਕੇ ਸਾਫ਼-ਸਫ਼ਾਈ ਰੱਖਣੀ ਪੈਂਦੀ ਹੈ। ਨਿੰਮ ਦੇ ਪੱਤੇ, ਜੋ ਕੀਟਨਾਸ਼ਕ ਮੰਨੇ ਜਾਂਦੇ ਹਨ, ਤਿਓਹਾਰਾਂ ਦੌਰਾਨ ਖੁੱਲ੍ਹ ਕੇ ਵਰਤੇ ਜਾਂਦੇ ਹਨ।

ਕੋਵਿਡ-19 ਵਾਸਤੇ ਐਲਾਨੇ ਦਿਸ਼ਾ-ਨਿਰਦੇਸ਼ ਵੀ ਕੁਝ ਕੁਝ ਇਹੋ ਜਿਹੇ ਹੀ ਸਨ, ਇਹ ਦਿਸ਼ਾ-ਨਿਰਦੇਸ਼ ਉਦੋਂ ਐਲਾਨੇ ਗਏ ਜਦੋਂ ਵਿਗਿਆਨਕ ਭਾਈਚਾਰੇ ਕੋਈ ਹੱਲ ਲੱਭੇ ਜਾਣ ਵਾਸਤੇ ਜੂਝ ਰਹੇ ਸਨ, ਰਾਜੰਗਮ ਧਿਆਨ ਦਵਾਉਂਦੇ ਹਨ। ''ਇਨ੍ਹਾਂ ਵਿੱਚ ਸਰੀਰਕ ਦੂਰੀ ਅਤੇ ਸਾਫ਼-ਸਫ਼ਾਈ ਵਾਸਤੇ ਸੈਨੀਟਾਈਜਰ ਦੀ ਵਰਤੋਂ ਕਰਨੀ ਸ਼ਾਮਲ ਸੀ। ਕਈ ਮਾਮਲਿਆਂ ਵਿੱਚ ਲੋਕੀਂ ਨਿੰਮ ਦੇ ਪੱਤੇ ਵਰਤ ਰਹੇ ਸਨ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਕੋਵਿਡ ਹੋਣ ਦੀ ਸੂਰਤ ਵਿੱਚ ਉਹ ਹੋਰ ਕੀ ਕਰ ਸਕਦੇ ਸਨ।

ਇਕਾਂਤਵਾਸ ਅਤੇ ਸੈਨੀਟਾਈਜਰ ਵਰਤੇ ਜਾਣ ਦਾ ਵਿਚਾਰ ਤਾਂ ਵਿਆਪਕ ਹੈ। ਕੋਵਿਡ ਦੇ ਕਹਿਰ ਦੌਰਾਨ, ਓਡੀਸਾ ਦੇ ਜਨਤਕ-ਸਿਹਤ ਅਧਿਕਾਰੀਆਂ ਨੇ ਘਰ ਇਕਾਂਤਵਾਸ ਅਤੇ ਸਰੀਰਕ ਦੂਰੀ ਦੇ ਮਹੱਤਵ ਨੂੰ ਦੱਸਣ ਵਾਸਤੇ ਪੁਰੀ ਜਗਨਨਾਥ ਦੀ ਮਿਸਾਲ ਦਿੱਤੀ। ਅਧਿਕਾਰੀਆਂ ਨੇ ਉਜਾਗਰ ਕੀਤਾ ਕਿ ਕਿਵੇਂ ਭਗਵਾਨ ਜਗਨਨਾਥ ਸਲਾਨਾ ਰੱਥ ਯਾਤਰਾ ਤੋਂ ਪਹਿਲਾਂ ਆਪਣੇ ਆਪ ਨੂੰ ਅਨਾਸਰ ਘਰ (ਕਮਰੇ ਵਿੱਚ ਇਕਾਂਤਵਾਸ) ਵਿੱਚ ਬੰਦ ਕਰ ਲੈਂਦੇ ਹਨ।

The doorway of a Plague Mariamman temple in Coimbatore’s Peelameedu area
PHOTO • Kavitha Muralidharan

ਕੋਇੰਬਟੂਰ ਦੇ ਪੇਲਾਮੇਡੂ ਖੇਤਰ ਵਿੱਚ ਸਥਿਤ ਇੱਕ ਪਲੇਗ ਮਰਿਅੰਮਨ ਮੰਦਰ ਦਾ ਦਰਵਾਜ਼ਾ

ਦੇਵੀ ਅਤੇ ਬੀਮਾਰੀ ਨਾਲ਼ ਲੜਨ ਦਾ ਵਿਚਾਰ ''ਇੰਨਾ ਵਿਆਪਕ ਹੈ ਕਿ ਕਰਨਾਟਕ ਦਾ ਅੰਮਾਂ (ਅੰਮਨ) ਮੰਦਰ ਏਡਜ ਨੂੰ ਸਮਰਪਤ ਹੈ,'' ਐੱਸ. ਪੇਰੂਨਦੇਵੀ ਕਹਿੰਦੀ ਹਨ ਜੋ ਨਿਊਯਾਰਕ ਦੀ ਸਿਆਨਾ ਯੂਨੀਵਰਸਿਟੀ ਵਿਖੇ ਧਾਰਮਿਕ ਅਧਿਐਨ ਦੀ ਲੇਖਕ ਅਤੇ ਐਸੋਸੀਏਟ ਪ੍ਰੋਫ਼ੈਸਰ ਹਨ।

ਉਹ ਦੱਸਦੀ ਹਨ ਕਿ ਮਰਿਅੰਮਨ ਦੀ ਪੂਜਾ ਕਰਨਾ ''ਬਹੁਤ ਹੀ ਵਿਆਪਕ ਵਿਚਾਰ ਹੈ...। ਦਰਅਸਲ, ਤਮਿਲ ਭਾਸ਼ਾ ਵਿੱਚ ਮਰਿ ਦਾ ਮਤਲਬ ਵੀ ਵਰਖਾ ਹੁੰਦਾ ਹੈ। ਮੁਲੈਪਾਰੀ (ਖੇਤੀ ਨਾਲ਼ ਜੁੜਿਆ ਤਿਓਹਾਰ) ਜਿਹੇ ਕੁਝ ਰਿਵਾਜਾਂ ਵਿੱਚ, ਮਰਿਅੰਮਨ ਨੂੰ ਫ਼ਸਲਾਂ ਦੇ ਰੂਪ ਵਿੱਚ ਮੰਨਿਆ ਅਤੇ ਪੂਜਿਆ ਜਾਂਦਾ ਹੈ। ਕਈ ਕਈ ਮਾਮਲਿਆਂ ਵਿੱਚ ਉਹਨੂੰ ਰਤਨਾਂ ਦੇ ਰੂਪ ਵਿੱਚ ਵੀ ਪੂਜਿਆ ਜਾਂਦਾ ਹੈ। ਇਸਲਈ, ਉਹਨੂੰ ਅਜਿਹੇ ਦੇਵੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜੋ ਬੀਮਾਰੀ ਦਿੰਦੀ ਵੀ ਹੈ ਅਤੇ ਦੂਰ ਵੀ ਕਰਦੀ ਹੈ। ਪਲੇਗ ਦੇ ਮਾਮਲੇ ਵਿੱਚ ਵੀ ਤਾਂ ਇਹੀ ਕੁਝ ਹੋਇਆ।'' ਪਰ ਪੇਰੂਨਦੇਵੀ, ਬੀਮਾਰੀ ਨੂੰ ਖ਼ੁਸ਼ਨੁਮਾ ਬਣਾਉਣ ਖ਼ਿਲਾਫ ਚੇਤਾਵਨੀ ਦਿੰਦੀ ਹਨ। ਉਹ ਅੱਗੇ ਨੁਕਤਾ ਚੁੱਕਦੀ ਹਨ,''ਮਰਿਅੰਮਨ ਦੀ ਲੋਕ-ਕਥਾ ਜੀਵਨ ਵਿੱਚੋਂ ਬੀਮਾਰੀ ਦੇ ਨਾਲ਼ ਨਾਲ਼ ਉਸ ਖ਼ਿਲਾਫ਼ ਮੁਕਾਬਲਾ ਕਰਨ ਅਤੇ ਹੱਲ ਲੱਭਣ ਦੇ ਹਿੱਸੇ ਵਜੋਂ ਲੱਭਣ ਦੀ ਕੋਸ਼ਿਸ਼ ਹੈ।''

*****

ਤਾਂ ਫਿਰ ਮਰਿਅੰਮਨ ਕੌਣ ਹੈ?

ਇਸ ਦ੍ਰਾਵਿੜੀਅਨ ਦੇਵੀ ਨੇ ਲੰਬੇ ਸਮੇਂ ਤੋਂ ਖ਼ੋਜਕਰਤਾਵਾਂ, ਇਤਿਹਾਸਕਾਰਾਂ ਅਤੇ ਲੋਕ ਕਥਾਕਾਰਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ ਹੈ।

ਮਰਿਅੰਮਨ, ਤਮਿਲਨਾਡੂ ਦੇ ਪਿੰਡਾਂ ਵਿੱਚ ਸ਼ਾਇਦ ਸਭ ਤੋਂ ਹਰਮਨਪਿਆਰੀ ਦੇਵੀ ਸੀ ਅਤੇ ਹੁਣ ਵੀ ਹੈ, ਇੱਥੇ ਉਹਨੂੰ ਸਰਪ੍ਰਸਤ ਦੇਵੀ ਵਜੋਂ ਪੂਜਿਆ ਜਾਂਦਾ ਹੈ। ਉਸ ਬਾਰੇ ਵੱਖ ਵੱਖ ਸ੍ਰੋਤਾਂ ਵੱਲੋਂ ਆਉਣ ਵਾਲ਼ੀਆਂ ਕਹਾਣੀਆਂ ਵੀ ਓਨੀਆਂ ਹੀ ਵੱਖ ਹੁੰਦੀਆਂ ਹਨ।

ਕੁਝ ਇਤਿਹਾਸਕਾਰ ਬੋਧੀ ਪਰੰਪਰਾ ਦਾ ਹਵਾਲਾ ਦਿੰਦੇ ਹੋਏ ਉਹਨੂੰ ਨਾਗਾਪੱਟੀਨਮ ਦੀ ਇੱਕ ਬੋਧ ਨਨ ਵਜੋਂ ਮੰਨਦੇ ਹਨ, ਜੋ ਲੋਕਾਂ ਦੇ ਰੋਗ ਦੂਰ ਕਰਦੀ ਖ਼ਾਸ ਕਰਕੇ ਚੇਚਕ ਤੋਂ ਪੀੜਤਾਂ ਨੂੰ ਰਾਜ਼ੀ ਕਰਦੀ। ਉਹਨੇ ਲੋਕਾਂ ਨੂੰ ਬੁੱਧ ਵਿੱਚ ਯਕੀਨ ਕਰਨ ਨੂੰ ਕਿਹਾ ਅਤੇ ਕਈਆਂ ਦਾ ਇਲਾਜ ਕੀਤਾ ਅਤੇ ਇਲਾਜ ਵਾਸਤੇ ਉਹਨੇ ਨਿੰਮ ਦੇ ਪੱਤਿਆਂ ਦਾ ਲੇਪ ਵਰਤਿਆ ਅਤੇ ਲੋਕਾਂ ਨੂੰ ਪ੍ਰਾਰਥਨਾ ਕਰਦੇ ਰਹਿਣ, ਸਾਫ਼-ਸਫ਼ਾਈ ਰੱਖਣ ਅਤੇ ਦਾਨ-ਪੁੰਨ ਕਰਨ ਦੀ ਸਲਾਹ ਦਿੱਤੀ। ਉਹਦੇ ਨਿਰਵਾਣ ਪ੍ਰਾਪਤੀ ਤੋਂ ਬਾਅਦ ਲੋਕਾਂ ਨੇ ਉਹਦੀ ਇੱਕ ਮੂਰਤੀ ਸਥਾਪਤ ਕੀਤੀ ਅਤੇ ਉਹਦੀਆਂ ਦੱਸੀਆਂ ਪਰੰਪਰਾਵਾਂ ਦਾ ਪਾਲਣ ਕਰਦੇ ਰਹੇ ਬੱਸ ਉੱਥੋਂ ਹੀ ਮਰਿਅੰਮਨ ਨੂੰ ਮੰਨਣ ਦੀ ਕਹਾਣੀ ਸ਼ੁਰੂ ਹੋਈ

ਇਸ ਕਹਾਣੀ ਦੀਆਂ ਕਈ ਹੋਰ ਪਰਤਾਂ ਵੀ ਹਨ। ਇੱਕ ਪਰਤ ਪੁਰਗਾਲੀਆਂ ਨਾਲ਼ ਜੁੜੀ ਹੋਈ ਹੈ ਕਿ ਜਦੋਂ ਉਹ ਨਾਗਾਪੱਟੀਨਮ ਆਏ ਤਾਂ ਉਹਨੂੰ ਮਰਿਅੰਮਨ ਨਾਂਅ ਦਿੱਤਾ ਅਤੇ ਉਹਦੇ ਈਸਾਈ ਦੇਵੀ ਹੋਣ ਦਾ ਦਾਅਵਾ ਕੀਤਾ।

Wall panels in the inner sanctum in Peelamedu temple give the details of consecration ceremonies performed in 1990 and 2018.
PHOTO • Kavitha Muralidharan
Stone figures representing three goddesses in the temple: (from the left) Panniyariamman, Plague Mariamman and Badrakaliamman
PHOTO • Kavitha Muralidharan

ਖੱਬੇ : ਪੇਲਾਮੇਡੂ ਮੰਦਰ ਦੇ ਅੰਦਰਲੇ ਪਾਵਨ ਅਸਥਾਨ ਦੇ ਪਾਸਿਆਂ ਦੇ ਪੈਨਲ 1990 ਤੋਂ 2018 ਵਿੱਚ ਕੀਤੇ ਗਏ ਸੰਸਕਾਰ-ਰਸਮਾਂ ਦਾ ਵੇਰਵਾ ਦਿੰਦੇ ਹਨ। ਸੱਜੇ : ਮੰਦਰ ਅੰਦਰ ਰੱਖੀਆਂ ਮੂਰਤਾਂ ਤਿੰਨੋਂ ਦੇਵੀਆਂ ਨੂੰ ਪੇਸ਼ ਕਰਦੀਆਂ ਹਨ। ਖੱਬਿਓਂ : ਪੰਨਿਆਰਿਅੰਮਨ, ਪਲੇਗ ਮਰਿਅੰਮਨ ਅਤੇ ਬਦਰਕਲਿਅੰਮਨ

ਕੁਝ ਦਾਅਵੇ ਅਜਿਹੇ ਵੀ ਹਨ ਜੋ ਉਹਨੂੰ ਸਿਰਫ਼ ਮਾਤਾ ਸ਼ੀਤਲਾ ਦਾ ਹਮਰੁਤਬਾ ਦੱਸਦੇ ਹਨ, ਜਿਹਨੂੰ ਕਿ ਉੱਤਰ-ਭਾਰਤ ਵਿੱਚ ਚੇਚਕ ਅਤੇ ਹੋਰ ਸੰਕ੍ਰਮਣ ਰੋਗਾਂ ਦੀ ਦੇਵੀ ਮੰਨਿਆ ਜਾਂਦਾ ਹੈ। ਸ਼ੀਤਲਾ (ਜਿਹਦਾ ਸੰਸਕ੍ਰਿਤ ਸ਼ਾਬਦਿਕ ਮਤਲਬ ਹੈ 'ਜੋ ਠੰਡਾ ਕਰਦਾ ਹੈ') ਜਿਹਨੂੰ ਕਿ ਭਗਵਾਨ ਸ਼ਿਵ ਦੀ ਪਤਨੀ,ਦੇਵੀ ਪਾਰਵਤੀ ਦੇ ਅਵਤਾਰ ਵਜੋਂ ਦੇਖਿਆ ਜਾਂਦਾ ਹੈ।

ਪਰ ਪਿਛਲੇ ਕੁਝ ਦਹਾਕਿਆਂ ਦੀ ਖ਼ੋਜ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਉਹ (ਮਰਿਅੰਮਨ) ਗ੍ਰਾਮੀਣ ਲੋਕਾਂ ਦੀ ਦੇਵੀ ਸੀ ਜਿਹਦੀ ਪੂਜਾ ਦਲਿਤ ਭਾਈਚਾਰਿਆਂ ਅਤੇ ਨੀਵੇਂ ਤਬਕਿਆਂ ਦੁਆਰਾ ਕੀਤੀ ਜਾਂਦੀ ਸੀ। ਕਹਿਣ ਦਾ ਭਾਵ ਕਿ ਮੂਲ਼ ਰੂਪ ਵਿੱਚ ਦਲਿਤਾਂ ਦੀ ਦੇਵੀ।

ਹੈਰਾਨੀ ਦੀ ਗੱਲ ਨਹੀਂ ਹੈ ਕਿ ਮਰਿਅੰਮਨ ਦੀ ਸ਼ਕਤੀ ਅਤੇ ਉਸ ਅੱਗੇ ਹੁੰਦੀ ਅਪੀਲ ਨੇ ਸਦੀਆਂ ਤੋਂ ਉੱਚ-ਜਾਤੀਆਂ ਦੁਆਰਾ ਦੇਵੀ ਨਾਲ਼ ਅਪਣਤ ਪੈਦਾ ਕਰਨ ਅਤੇ ਆਤਮਸਾਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਦੇਖਿਆ।

ਇੱਕ ਇਤਿਹਾਸਕਾਰ ਅਤੇ ਲੇਖਕ ਵਜੋਂ ਕੇ.ਆਰ. ਹਨੂਮੰਤਨ ਨੇ ਆਪਣੇ ਪੇਪਰ, ' ਦਿ ਮਰਿਅੰਮਨ ਕਲਟ ਆਫ਼ ਤਮਿਲਨਾਡੂ' ਵਿੱਚ ਇਸ਼ਾਰਾ ਕੀਤਾ ਕਿ 1980 ਦੇ ਸ਼ੁਰੂ ਵਿੱਚ: ''ਉਹ ਮਰਿਅੰਮਨ ਜੋ ਪ੍ਰਾਚੀਨ ਦ੍ਰਾੜਿਵੀਅਨ ਦੇਵੀ ਹੈ ਅਤੇ ਤਮਿਲਨਾਡੂ ਦੇ ਪਹਿਲਾਂ ਦੇ ਨਿਵਾਸੀਆਂ ਦੁਆਰਾ ਪੂਜੀ ਜਾਂਦੀ ਹੈ... ਇਹ ਸਭ ਪੈਰੀਅਹ, (ਪਰੈਯਾਰਸ, ਇੱਕ ਪਿਛੜੀ ਜਾਤੀ), ਪੁਰਾਣੇ 'ਅਛੂਤ' ਅਤੇ ਤਮਿਲਨਾਡੂ ਦੇ ਦ੍ਰਾਵਿੜ ਲੋਕਾਂ ਦੇ ਸਭ ਤੋਂ ਪੁਰਾਣੇ ਨੁਮਾਇੰਦਿਆਂ ਅੰਦਰ ਇਸ ਦੇਵੀ ਪ੍ਰਤੀ ਜੁੜਾਅ ਇਸ ਗੱਲ ਨੂੰ ਉਜਾਗਰ ਕਰਦਾ ਹੈ।

ਜਿਵੇਂ ਕਿ ਹਨੂਮੰਤਨ ਪਰੈਯਾਰ ਕਹਿੰਦੇ ਹਨ, ਇਸ ਦੇਵੀ ਦੇ ਕਈ ਮੰਦਰਾਂ ਵਿੱਚ,''ਇੰਝ ਜਾਪਦਾ ਹੈ ਕਿ ਉਨ੍ਹਾਂ ਨੇ ਕਾਫ਼ੀ ਲੰਬੇ ਸਮੇਂ ਤੱਕ ਪੁਜਾਰੀ ਦੇ ਰੂਪ ਵਿੱਚ ਕੰਮ ਕੀਤਾ ਹੈ। ਉਦਾਹਰਣ ਵਜੋਂ, ਚੇਨੱਈ ਨੇੜੇ ਤਿਰੂਵਰਕਾਡੂ ਦੇ ਕਰੂਮਰਿਅੰਮਨ ਮੰਦਰ ਵਿੱਚ। ਮੂਲ਼ ਪੁਜਾਰੀ ਪਰੈਯਾਰ ਹੁੰਦੇ ਸਨ। ਪਰ  ਬਾਅਦ ਵਿੱਚ ਜਦੋਂ ਧਾਰਮਿਕ ਬੰਦੋਬਸਤੀ/ਐਂਡੋਮੈਂਟਸ ਐਕਟ (1893) ਲਾਗੂ ਹੋਇਆ ਤਾਂ ਉਨ੍ਹਾਂ ਦੀ ਥਾਂ ਬ੍ਰਾਹਮਣਾਂ ਨੇ ਲੈ ਲਈ।'' ਬ੍ਰਿਟਿਸ਼ ਬਸਤੀਵਾਦ ਦੇ ਇਸ ਐਕਟ ਨੇ ਇਹ ਕੰਮ ਕੀਤਾ ਕਿ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਦੇ ਮੰਦਰਾਂ ਨੂੰ ਉੱਚ ਜਾਤਾਂ ਦੁਆਰਾ ਕਬਜ਼ੇ ਹੇਠ ਲੈ ਲਏ ਜਾਣ ਦੀ ਕਨੂੰਨੀ ਮਨਜ਼ੂਰੀ ਦੇ ਦਿੱਤੀ। ਅਜ਼ਾਦੀ ਤੋਂ ਬਾਅਦ, ਤਮਿਲਨਾਡੂ ਜਿਹੇ ਰਾਜਾਂ ਨੇ ਇਸ ਬੇਇਨਸਾਫ਼ੀ ਨੂੰ ਘਟਾਉਣ ਦੇ ਯਤਨ ਵਿੱਚ ਆਪਣੇ ਖ਼ੁਦ ਦੇ ਕਨੂੰਨ ਬਣਾਏ।

*****

ਅਤੇ ਹੁਣ ਇਹ 'ਕਰੋਨਾ ਦੇਵੀ' ਮੰਦਰ? ਸੱਚੀਓ?

ਹਾਂ, ਇਹ ਸੱਚ ਹੈ, ਅਨੰਦ ਭਾਰਤੀ ਕਹਿੰਦੇ ਹਨ, ਜੋ ਕਿ ਇਰੂਗੂਰ ਉਪਨਗਰ ਦੇ ਕੋਇੰਬਟੂਰ ਦੇ ਇਸ ਇਸ ਮੰਦਰ (ਕਰੋਨਾ ਦੇਵੀ) ਦੇ ਪ੍ਰਬੰਧਕ ਹਨ। ''ਇੱਥੇ ਵੀ ਪਲੇਗ ਮਰਿਅੰਮਨ ਵਾਂਗ ਹੀ ਪੂਜਾ ਹੁੰਦੀ ਹੈ। ਜਦੋਂ ਅਸੀਂ ਕਰੋਨਾ ਦੇਵੀ ਦੀ ਮੂਰਤੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਤਾਂ ਇਹ ਉਹ ਸਮਾਂ ਸੀ ਜਦੋਂ ਬੀਮਾਰੀ ਆਪਣੇ ਸਿਖਰ 'ਤੇ ਸੀ ਅਤੇ ਸਾਨੂੰ ਯਕੀਨ ਸੀ ਕਿ ਸਿਰਫ਼ ਪੂਜਾ ਹੀ ਹੈ ਜੋ ਸਾਨੂੰ ਬਚਾ ਸਕਦੀ ਹੈ।''

ਇਸਲਈ ਜਦੋਂ ਕੋਵਿਡ-19 ਦਾ ਕਹਿਰ ਵਾਪਰਿਆ ਤਾਂ ਕੋਇੰਬਟੂਰ ਦੇਸ਼ ਦੀਆਂ ਉਨ੍ਹਾਂ ਥਾਵਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 2020 ਵਿੱਚ ਇਸ ਰੋਗ ਤੋਂ ਖਹਿੜਾ ਛੁਡਾਉਣ ਲਈ ਪੂਜਾ-ਸਥਲ ਦੀ ਉਤਪੱਤੀ ਹੁੰਦਿਆਂ ਦੇਖੀ।

ਪਰ ਦੇਵੀ ਕਿਉਂ? ਕਰੋਨਾ ਮਰਿਅੰਮਨ ਕਿਉਂ ਨਹੀਂ? ਅਸਾਂ ਪੁੱਛਿਆ। ਖ਼ੈਰ, ਭਾਰਤੀ ਨੇ ਦੇਖਿਆ ਕਿ ਉਨ੍ਹਾਂ ਸ਼ਬਦਾਂ ਨੂੰ ਜੋੜਨ ਵਾਲ਼ੀ ਸ਼ਬਦਾਵਲ਼ੀ ਦੇ ਅਰਥਾਂ ਵਿੱਚ ਸਮੱਸਿਆ ਹੈ। ''ਮਰਿਅੰਮਨ ਸ਼ਬਦ ਪਲੇਗ ਲਈ ਸਹੀ ਬੈਠਦਾ ਹੈ ਪਰ ਕਰੋਨਾ ਨਾਲ਼ ਨਹੀਂ। ਇਸਲਈ, ਅਸੀਂ ਉਹਨੂੰ ਦੇਵੀ ਬੁਲਾਉਣ ਦਾ ਫ਼ੈਸਲਾ ਲਿਆ।''

There is a Mariamman temple in almost every village of Tamil Nadu. She may have a different name in some regions, but her shrines are there

ਤਮਿਲਨਾਡੂ ਦੇ ਹਰੇਕ ਪਿੰਡ ਵਿੱਚ ਮਰਿਅੰਮਨ ਮੰਦਰ ਹੈ। ਹੋ ਸਕਦਾ ਹੈ ਹੋਰਨਾਂ ਇਲਾਕਿਆਂ ਵਿੱਚ ਉਹਦਾ ਕੋਈ ਹੋਰ ਨਾਮ ਹੋਵੇ ਪਰ ਅਸਲ ਤੀਰਥ ਸਥਲ ਇੱਥੇ ਹੀ ਹੈ

ਮੈਡੀਕਲ ਲਾਈਨ ਵਿੱਚ ਇੰਨੀ ਤਰੱਕੀ ਹੋਣ ਜਾਣ ਦੇ ਬਾਵਜੂਦ, ਦੇਵੀ/ਦੇਵਤਿਆਂ ਦੀ ਪੂਜਾ ਅਤੇ ਉਸ ਨਾਲ਼ ਜੁੜੇ ਰੀਤੀ-ਰਿਵਾਜ, ਸਿਹਤ ਸਬੰਧੀ ਮੁੱਦਿਆਂ ਨੂੰ ਲੈ ਕੇ ਲੋਕਾਂ ਵੱਲੋਂ ਹੁੰਦੀ ਪ੍ਰਤਿਕਿਰਿਆ ਦਾ ਹਿੱਸਾ ਬਣੇ ਹੋਏ ਹਨ।

ਪਰ ਪਲੇਗ ਮਰਿਅੰਮਨ ਮੰਦਰਾਂ ਤੋਂ ਉਲਟ, ਕਰੋਨਾ ਦੇਵੀ ਮੰਦਰ ਨੇ ਤਾਲਾਬੰਦੀ ਕਾਰਨ ਆਪਣੇ ਸ਼ਰਧਾਲੂਆਂ ਨੂੰ ਉੱਥੇ ਆ ਕੇ ਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ। ਜ਼ਾਹਰਾ ਤੌਰ 'ਤੇ ਇਸ ਜਾਨਲੇਵਾ ਵਾਇਰਸ ਤੋਂ ਖਹਿੜਾ ਛੁਡਾਉਣ ਲਈ ਬਣਾਏ ਇਸ ਮੰਦਰ ਨੂੰ ਨਾ ਸਿਰਫ਼ ਇਹਦੀ ਦੇਵੀ ਨੂੰ ਹੀ, ਸਗੋਂ ਮਹਾਂਮਾਰੀ ਦੇ ਪ੍ਰੋਟੋਕਾਲ ਨੂੰ ਵੀ ਬ੍ਰਹਮ ਮੰਨਿਆ ਜਾਂਦਾ ਹੈ। ਮੰਦਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਇੱਥੇ 48 ਦਿਨਾਂ ਤੱਕ ਇੱਕ ਯੱਗ ਕੀਤਾ ਗਿਆ ਜਿਸ ਵਿੱਚ ਕਰੋਨਾ ਦੇਵੀ ਦੀ ਮਿੱਟੀ ਦੀ ਬਣੀ ਮੂਰਤੀ ਨੂੰ ਇੱਕ ਨਦੀ ਵਿੱਚ ਘੋਲ਼ ਦਿੱਤਾ ਗਿਆ। ਹੁਣ ਮੰਦਰ ਦੇ ਬੂਹੇ ਸ਼ਰਧਾਲੂਆਂ ਵਾਸਤੇ ਖੋਲ੍ਹ ਦਿੱਤੇ ਗਏ ਹਨ ਪਰ ਪੂਜਾ ਕਰਨ ਆਏ ਭਗਤ ਮੂਰਤੀ ਦੀ ਅਣਹੋਂਦ ਤੋਂ ਪਰੇਸ਼ਾਨ ਹੋ ਸਕਦੇ ਹਨ।

ਇਲੈਂਗੋਵਨ ਜਿਹੇ ਲੇਖਕ ਕਰੋਨਾ ਦੇਵੀ ਮੰਦਰ ਦਾ ਕੋਇੰਬਟੂਰ ਦੇ ਉਸ ਲੋਕਾਚਾਰ ਦਾ ਹਿੱਸਾ ਹੋਣ ਦੇ ਵਿਚਾਰ ਨੂੰ ਰੱਦ ਕਰਦੇ ਹਨ ਜਿਸ ਤਰਜ਼ 'ਤੇ ਪਲੇਗ ਮਰਿਅੰਮਨ ਮੰਦਰ ਬਣੇ ਹਨ। ''ਇਹ ਪ੍ਰਚਾਰ ਦਾ ਸਭ ਤੋਂ ਵਧੀਆ ਸਟੰਟ ਹੈ। ਇਸ ਦਾ ਪਲੇਗ ਮਰਿਅੰਮਨ ਤੀਰਥ ਸਥਲ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ, ਤੁਸੀਂ ਉਨ੍ਹਾਂ ਵਿਚਾਲੇ ਤੁਲਨਾ ਨਹੀਂ ਕਰ ਸਕਦੇ। ਪਲੇਗ ਮਰਿਅੰਮਨ ਮੰਦਰ ਕੋਇੰਬਟੂਰ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਡੂੰਘੇ ਹਿੱਸੇ ਹਨ।''

ਅੱਜ ਵੀ ਪਲੇਗ ਮਰਿਅੰਮਨ ਮੰਦਰ ਸ਼ਹਿਰ ਦੀ ਚੋਖੀ ਭੀੜ ਨੂੰ ਪੂਜਾ ਅਰਚਨਾ ਵਾਸਤੇ ਖਿੱਚਦੇ ਹਨ ਭਾਵੇਂ ਕਿ ਅੱਜ ਪਲੇਗ ਲੋਕਾਂ ਦੇ ਚੇਤਿਆਂ ਵਿੱਚ ਮਹਿਜ ਭਿਆਨਕ ਕਾਲ਼ ਵਜੋਂ ਹੀ ਕਿਉਂ ਨਾ ਪਈ ਹੋਵੇ। 2019 ਵਿੱਚ, ਕੋਵਿਡ-19 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਪਾਪਨਾਇਕੇਨਪਲਯਾਮ ਵਿਖੇ ਪਲੇਗ ਮਰਿਅੰਮਨ ਮੰਦਰ ਵਿਖੇ ਇੱਕ ਮਾਮੂਲੀ ਜਿਹੀ ਸਨਸਨੀ ਫ਼ੈਲ ਗਈ ਸੀ ਜਦੋਂ ਤਿਓਹਾਰ ਦੌਰਾਨ ਦੇਵੀ ਦੀ ਮੂਰਤੀ 'ਤੇ ਇੱਕ ਤੋਤਾ ਆ ਬੈਠਿਆ ਸੀ ਜਿਸ ਕਾਰਨ ਭਗਤਾਂ ਅੰਦਰ ਤਣਾਅ ਪੈਦਾ ਹੋ ਗਿਆ।

ਸਥਾਨਕ ਰਿਪੋਰਟਾਂ ਮੁਤਾਬਕ, 'ਇਵੈਂਟ' ਕਈ ਘੰਟਿਆਂ ਤੱਕ ਚੱਲਿਆ ਅਤੇ ਵਧੇਰੇ ਯਾਤਰੂਆਂ ਦਾ ਧਿਆਨ ਮੰਦਰ ਵੱਲ ਖਿੱਚਿਆ ਗਿਆ। ''ਮਰਿਅੰਮਨ ਪਿੰਡ ਦੀ ਦੇਵੀ ਹੈ। ਆਮ ਲੋਕਾਈ ਅੰਦਰ ਉਹਦੇ ਮੰਦਰਾਂ ਦੀ ਪ੍ਰਸੰਗਕਤਾ ਕਦੇ ਵੀ ਮੁੱਕਣ ਨਹੀਂ ਲੱਗੀ,'' ਇਲੈਂਗੋਵਨ ਕਹਿੰਦੇ ਹਨ। ''ਮਿਸਾਲ ਵਜੋਂ, ਕੋਨੀਯਅੰਮਨ ਮੰਦਰ ਤਿਓਹਾਰ ਮੌਕੇ ਉਸੇ ਇਲਾਕੇ ਦੇ ਪਲੇਗ ਮਰਿਅੰਮਨ ਮੰਦਰ ਵਿਖੇ ਪਵਿੱਤਰ ਅਗਨੀਕੁੰਡ ਬਣਾਇਆ ਜਾਂਦਾ ਹੈ। ਇਹ ਰੀਤੀ-ਰਿਵਾਜ ਆਪਸ ਵਿੱਚ ਜੁੜੇ ਹੋਏ ਹਨ। ਕੋਨੀਯਅੰਮਨ ਨੂੰ ਕੋਇੰਬਟੂਰ ਦਾ ਸਰਪ੍ਰਸਤ ਦੇਵਤਾ ਮੰਨਿਆ ਜਾਂਦਾ ਹੈ।''

ਮੌਜੂਦ ਨੌਜਵਾਨ ਪੀੜ੍ਹੀ ਦੇ ਬਹੁਤੇਰੇ ਲੋਕ ਇਸ ਤਰੀਕੇ ਦੇ ਡੂੰਘੇ ਇਤਿਹਾਸ ਅਤੇ ਪੌਰਾਣਿਕ ਕਥਾਵਾਂ ਤੋਂ ਜਾਣੂ ਨਹੀਂ ਹਨ। ਫਿਰ ਵੀ, ਇਹ ਮੰਦਰ ਉਨ੍ਹਾਂ ਲਈ ਮਹੱਤਵਪੂਰਣ ਕੇਂਦਰ ਬਣੇ ਹੋਏ ਹਨ। ''ਇਮਾਨਦਾਰੀ ਨਾਲ਼ ਦੱਸਾਂ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਮੰਦਰਾਂ ਦਾ ਇੰਨਾ ਵਿਲੱਖਣ ਇਤਿਹਾਸ ਹੈ,'' 28 ਸਾਲਾ ਆਰ. ਨਰਾਇਣ ਕਹਿੰਦੇ ਹਨ ਜੋ ਕੋਇੰਬਟੂਰ ਦੇ ਇੱਕ ਉਦਮੀ ਹਨ। ''ਪਰ ਮੈਂ ਅਕਸਰ ਆਪਣੀ ਮਾਂ ਦੇ ਨਾਲ਼ ਇਸ ਮੰਦਰ ਵਿਖੇ ਆਉਂਦਾ ਰਹਿੰਦਾ ਹਾਂ ਅਤੇ ਅੱਗੇ ਵੀ ਆਉਂਦਾ ਰਹਾਂਗਾ। ਮੈਨੂੰ ਇਨ੍ਹਾਂ ਗੱਲਾਂ ਨਾਲ਼ ਕੋਈ  ਫ਼ਰਕ ਨਹੀਂ ਪੈਂਦਾ। ਹੋ ਸਕਦਾ ਹੈ ਹੁਣ ਮੈਂ ਪਹਿਲਾਂ ਨਾਲ਼ੋਂ ਵੱਧ ਨੇਹਚਾ ਨਾਲ਼ ਭਰ ਜਾਂਵਾਂ।''

ਕਵਿਤਾ ਮੁਰਲੀਧਰਨ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਕਵਰੇਜ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।

ਤਰਜਮਾ: ਕਮਲਜੀਤ ਕੌਰ

Kavitha Muralidharan

கவிதா முரளிதரன் சென்னையில் வாழும் சுதந்திர ஊடகவியலாளர் மற்றும் மொழிபெயர்ப்பாளர். இந்தியா டுடே (தமிழ்) இதழின் ஆசிரியராகவும் அதற்கு முன்பு இந்து தமிழ் நாளிதழின் செய்திபிரிவு தலைவராகவும் இருந்திருக்கிறார். அவர் பாரியின் தன்னார்வலர்.

Other stories by Kavitha Muralidharan
Illustrations : Priyanka Borar

ப்ரியங்கா போரர், தொழில்நுட்பத்தில் பல விதமான முயற்சிகள் செய்வதன் மூலம் புதிய அர்த்தங்களையும் வெளிப்பாடுகளையும் கண்டடையும் நவீன ஊடக கலைஞர். கற்றுக் கொள்ளும் நோக்கிலும் விளையாட்டாகவும் அவர் அனுபவங்களை வடிவங்களாக்குகிறார், அதே நேரம் பாரம்பரியமான தாள்களிலும் பேனாவிலும் அவரால் எளிதாக செயல்பட முடியும்.

Other stories by Priyanka Borar
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur