ਸਵੇਰੇ ਸਾਜਰੇ ਸੁਨੀਤਾ ਸਾਹੂ ਨੇ ਕੋਸ਼ਿਸ਼ ਕਰਕੇ ਪਾਸੇ ਵੱਟਿਆ ਅਤੇ ਪੁੱਛਿਆ,''ਬੱਚੇ ਕਿੱਥੇ ਹਨ? ਉਨ੍ਹਾਂ ਦੇ ਪਤੀ ਬੋਧਰਾਮ ਨੇ ਕਿਹਾ ਕਿ ਉਹ ਤਾਂ ਸੁੱਤੇ ਹੋਏ ਸਨ। ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਪਿਛਲੀ ਰਾਤ ਉਨ੍ਹਾਂ ਨੇ ਜਾਗਦਿਆਂ ਕੱਟੀ ਅਤੇ ਇਸ ਗੱਲ ਤੋਂ ਬੋਧਰਾਮ ਪਰੇਸ਼ਾਨ ਸਨ। ਉਹ ਅਕਸਰ ਸੁਨੀਤਾ ਦੀ ਖਿੱਲੀ ਉਡਾਉਂਦੇ ਅਤੇ ਕਹਿੰਦੇ ਸਨ ਕਿ ਤੂੰ ਤਾਂ ਕਦੇ ਵੀ ਕਿਤੇ ਵੀ ਸੌਂ ਸਕਦੀ ਹੈਂ।
ਪਰ, 28 ਅਪ੍ਰੈਲ ਦੀ ਰਾਤ ਨੂੰ ਜਦੋਂ ਬੋਧਰਾਮ ਅਤੇ ਸੁਨੀਤਾ ਦੇ ਤਿੰਨੋਂ ਬੇਟਿਆਂ (ਉਮਰ 12 ਤੋਂ 20 ਦੇ ਦਰਮਿਆਨ) ਨੇ ਵਾਰੋ-ਵਾਰੀ ਆਪਣੀ ਮਾਂ ਦੇ ਹੱਥ, ਪੈਰ, ਸਿਰ ਅਤੇ ਢਿੱਡ 'ਤੇ ਕੋਸੇ ਸਰ੍ਹੋਂ ਦੇ ਤੇਲ ਨਾਲ਼ ਮਾਲ਼ਸ਼ ਕੀਤੀ, ਉਹ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾ ਰਹੀ ਸੀ। ਉਹ ਪੀੜ੍ਹ ਵਿੱਚ ਵਿਲ਼ਕਦਿਆਂ ਬੋਲੀ,''ਮੈਨੂੰ ਕੁਝ ਹੋ ਰਿਹਾ ਹੈ।'' ਬੋਧਰਾਮ ਕੋਲ਼ ਉਸ ਸਵੇਰ ਦੀਆਂ ਬੱਸ ਇਹੀ ਯਾਦਾਂ ਬਚੀਆਂ ਹਨ।
ਸਾਹੂ ਪਰਿਵਾਰ ਲਖਨਊ ਜ਼ਿਲ੍ਹੇ ਦੇ ਖਰਗਾਪੁਰ ਜਾਗੀਰ ਪਿੰਡ ਵਿੱਚ ਪੈਂਦੀ ਇੱਕ ਝੌਂਪੜੀ ਵਿੱਚ ਰਹਿੰਦਾ ਹੈ। ਤਕਰੀਬਨ ਦੋ ਦਹਾਕੇ ਪਹਿਲਾਂ ਉਹ ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ, ਮਾਰੋ ਤੋਂ ਆ ਕੇ ਚਿਨਹਟ ਬਲਾਕ ਦੇ ਇਸ ਪਿੰਡ ਵਿੱਚ ਵੱਸ ਗਏ ਸਨ। 42 ਸਾਲਾ ਬੋਧਰਾਮ ਨਿਰਮਾਣ ਸਥਲਾਂ 'ਤੇ ਰਾਜਮਿਸਤਰੀ ਦਾ ਕੰਮ ਕਰਦੇ ਹਨ ਅਤੇ 39 ਸਾਲਾ ਸੁਨੀਤਾ ਇੱਕ ਗ੍ਰਹਿਣੀ ਸਨ।
ਅਪ੍ਰੈਲ ਦੇ ਮਹੀਨੇ ਵਿੱਚ ਹੀ ਕੋਵਿਡ-19 ਦੀ ਦੂਸਰੀ ਲਹਿਰ ਨੇ ਉੱਤਰ ਪ੍ਰਦੇਸ਼ ਵਿੱਚ ਤਬਾਹੀ ਮਚਾਈ ਸੀ। 24 ਅਪ੍ਰੈਲ ਦੇ ਇੱਕੋ ਦਿਨ ਸੂਬੇ ਅੰਦਰ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ 38,055 ਸੀ। ਇਹ ਅੰਕੜਾ ਇੱਕ ਦਿਨ ਵਿੱਚ ਆਏ ਅੰਕੜਿਆਂ ਵਿੱਚ ਸਭ ਤੋਂ ਵੱਡਾ ਹੈ, ਇਸ ਸਭ ਦੇ ਬਾਵਜੂਦ ਵੀ ਚਿੰਤਾ ਇਸ ਗੱਲ ਦੀ ਬਣੀ ਹੋਈ ਸੀ ਕਿ ਉੱਤਰ ਪ੍ਰਦੇਸ਼ ਵਿਚਲੇ ਸਹੀ ਅੰਕੜੇ ਅਜੇ ਤੱਕ ਉਜਾਗਰ ਨਹੀਂ ਹੋਏ ਸਨ।
''ਕੋਵਿਡ ਮਾਮਲਿਆਂ ਦੇ ਅਸਲ ਅੰਕੜੇ ਚਾਰ ਤੋਂ ਪੰਜ ਗੁਣਾ ਵੱਧ ਹੋ ਸਕਦੇ ਹਨ। ਇੱਥੇ ਗ਼ਲਤ-ਬਿਆਨੀ ਦੀ ਹਾਲਤ ਬਣੀ ਹੋਈ ਹੈ, ਕਿਉਂਕਿ ਕਲੰਕਿਤ ਹੋਣ ਦੇ ਡਰੋਂ ਲੋਕ ਕੋਵਿਡ ਜਾਂਚ ਲਈ ਨਿੱਤਰ ਕੇ ਅੱਗੇ ਨਹੀਂ ਆ ਰਹੇ। ਅਸਲੀ ਤਸਵੀਰ ਤੱਕ ਪਹੁੰਚਣਾ ਬੇਹੱਦ ਮੁਸ਼ਕਲ ਬਣਿਆ ਹੋਇਆ ਹੈ, ਰਸ਼ਮੀ ਕੁਮਾਰੀ ਕਹਿੰਦੀ ਹਨ ਜੋ ਲਖਨਊ ਸਥਿਤ ਰਾਮਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (RMLIMS) ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਿਨ ਦੀ ਐਸਿਸਟੈਂਟ ਪ੍ਰੋਫੈਸਰ ਹਨ।
ਸਾਹੂ ਪਰਿਵਾਰ ਵਿੱਚ ਇਸ ਗੱਲ ਦੀ ਬੇਫਿਕਰੀ ਹੈ ਕਿ ਸੁਨੀਤਾ ਨੂੰ ਕੋਵਿਡ-19 ਦਾ ਸੰਕਰਮਣ ਨਹੀਂ ਸੀ, ਕਿਉਂਕਿ ਪੂਰੇ ਪਰਿਵਾਰ ਵਿੱਚ ਇਹ ਕਿਸੇ ਨੂੰ ਵੀ ਨਹੀਂ ਸੀ। ਹਾਲਾਂਕਿ, ਸੁਨੀਤਾ ਨੂੰ ਬੁਖਾਰ, ਸਰੀਰ ਪੀੜ੍ਹ ਅਤੇ ਡਾਇਰੀਆ ਦੀ ਦਿੱਕਤ ਸੀ ਅਤੇ ਇਹ ਉਹ ਲੱਛਣ ਹਨ ਜੋ ਕੋਵਿਡ ਦੇ ਵੀ ਸੂਚਕ ਹਨ।
26 ਅਪ੍ਰੈਲ ਦੀ ਸਵੇਰ, ਜਦੋਂ ਉਨ੍ਹਾਂ ਨੇ ਪਹਿਲਾ ਵਾਰ ਪੀੜ੍ਹ ਅਤੇ ਕਮਜ਼ੋਰੀ ਦੀ ਸ਼ਿਕਾਇਤ ਕੀਤੀ ਤਾਂ ਬੋਧਰਾਮ ਨੇ ਉਨ੍ਹਾਂ ਨੂੰ ਸਾਈਕਲ ਦੇ ਕੈਰੀਅਰ 'ਤੇ ਬਿਠਾਇਆ ਅਤੇ ਸਾਈਕਲ ਚਲਾਉਂਦੇ ਹੋਏ 3 ਕਿਲੋਮੀਟਰ ਦੂਰ ਡਾਕਟਰ ਕੋਲ਼ ਲੈ ਗਏ। ਉਨ੍ਹਾਂ ਨੇ ਡਾਕਟਰ ਨੂੰ ਇਹ ਵੀ ਪੁੱਛਿਆ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਤਾਂ ਨਹੀਂ।
ਬੋਧਰਾਮ ਚੇਤੇ ਕਰਦੇ ਹਨ ਕਿ ਡਾਕਟਰ ਨੇ ਕਿਹਾ ਸੀ,''ਤੁਸੀਂ ਇਨ੍ਹਾਂ ਨੂੰ ਕਿੱਥੇ ਲਿਜਾਵੋਗੇ? ਕਿਸੇ ਵੀ ਹਸਪਤਾਲ ਵਿੱਚ ਬੈੱਡ ਖਾਲੀ ਨਹੀਂ ਹੈ। ਇਨ੍ਹਾਂ ਨੂੰ ਇਹ ਦਵਾਈਆਂ ਦਵੋ, ਇਹ ਤਿੰਨ ਦਿਨਾਂ ਵਿੱਚ ਠੀਕ ਹੋ ਜਾਵੇਗੀ।'' ਡਾਕਟਰ ਨੇ ਨੇੜਲੀ ਹੀ ਇੱਕ ਪੈਥੋਲਾਜੀ ਲੈਬ ਨੂੰ ਫੋਨ ਕਰਕੇ ਉਨ੍ਹਾਂ ਦਾ ਸੈਂਪਲ ਲੈਣ ਨੂੰ ਕਿਹਾ। ਸੁਨੀਤਾ ਦਾ ਕੋਵਿਡ-19 ਟੈਸਟ ਨਹੀਂ ਹੋਇਆ।
ਟੈਸਟ ਦਾ ਖਰਚਾ 3000 ਰੁਪਏ ਆਇਆ। ਇਸ ਤੋਂ ਇਲਾਵਾ ਉਨ੍ਹਾਂ ਨੇ 1700 ਰੁਪਏ ਡਾਕਟਰ ਦੀ ਫੀਸ ਅਤੇ ਦਵਾਈ ਦੀ ਖੁਰਾਕ ਲਈ ਦਿੱਤੇ। ਟੈਬਲੇਟ ਅਤੇ ਕੈਪਸੂਲ ਨੂੰ ਦਵਾਈ ਦੇ ਪੱਤੇ 'ਚੋਂ ਕੱਢ ਕੇ ਭੂਰੇ ਕਾਗਜ਼ ਵਿੱਚ ਵਲ੍ਹੇਟ ਕੇ ਦੇ ਦਿੱਤਾ ਗਿਆ ਅਤੇ ਨਾਲ਼ ਹੀ ਤਾਕਤ ਵਧਾਉਣ ਵਾਸਤੇ ਭੂਰੇ ਰੰਗ ਦੀ ਪੀਣ ਵਾਲ਼ੀ ਸ਼ੀਸ਼ੀ ਫੜ੍ਹਾ ਦਿੱਤੀ ਗਈ।
ਉਸੇ ਸ਼ਾਮ 5 ਵਜੇ ਦੇ ਆਸਪਾਸ ਬੋਧਰਾਮ ਕਮਜ਼ੋਰੀ ਹੋਣ ਦੇ ਕਾਰਨ ਸੁਨੀਤਾ ਦੇ ਮਨ੍ਹਾ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਸਾਈਕਲ 'ਤੇ ਬਿਠਾ ਕੇ ਇੱਕ ਵਾਰ ਫਿਰ ਕਲੀਨਿਕ ਲੈ ਗਏ। ਉਦੋਂ ਤੱਕ ਉਨ੍ਹਾਂ ਦੇ ਬਲੱਡ ਦੀ ਰਿਪੋਰਟ ਵੀ ਆ ਗਈ ਸੀ। ਰਿਪੋਰਟ ਵਿੱਚ ਸੀਮਰ ਗਲੂਟੈਮਿਕ ਓਕਜ਼ੇਲੋਇਸਿਟਿਕ ਟ੍ਰਾਂਸਏਮਿਨੇਸ ਇੰਜਾਇਮ ਦਾ ਪੱਧਰ ਕਾਫੀ ਵਧਿਆ ਹੋਇਆ ਸੀ, ਜਿਸ ਤੋਂ ਲੀਵਰ (ਦੂਜੇ ਅੰਗਾਂ ਵਿੱਚੋਂ) ਵਿੱਚ ਖਰਾਬੀ ਦੇ ਸੰਕੇਤ ਮਿਲ਼ਦਾ ਹੈ। ਡਾਕਟਰ ਨੇ ਦੱਸਿਆ ਕਿ ਸੁਨੀਤਾ ਨੂੰ ਟਾਈਫਾਈਡ ਹੈ। ਉਨ੍ਹਾਂ ਨੇ ਬੋਧਰਾਮ ਦੀ ਸੁਨੀਤਾ ਨੂੰ ਡਰਿੱਪ ਲਾਏ ਜਾਣ ਵਾਲ਼ੀ ਬੇਨਤੀ ਨੂੰ ਠੁਕਰਾ ਦਿੱਤਾ ਅਤੇ ਦਿੱਤੀਆਂ ਦਵਾਈਆਂ ਨੂੰ ਸਮੇਂ ਸਿਰ ਖਾਣ 'ਤੇ ਵੱਧ ਜੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦਵਾਈਆਂ ਨਾਲ਼ ਸਭ ਠੀਕ ਹੋ ਜਾਵੇਗਾ।
ਟਾਈਫਾਈਡ ਆਪਣੇ ਆਪ ਵਿੱਚ ਸੰਸਾਰ ਵਿਆਪੀ ਸਿਹਤ ਸਮੱਸਿਆ ਹੈ, ਇੱਕ
ਖੋਜ ਪੱਤਰ
ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ, ''...ਕੋਵਿਡ-19 ਤੋਂ ਪੀੜਤ ਰੋਗੀਆਂ ਵਿੱਚ ਮਹੱਤਵਪੂਰਨ ਟੈਸਟਾਂ (ਵਿਡਾਲ ਟੈਸਟ/ਟਾਈਫਾਈਡ ਦੀ ਜਾਂਚ ਲਈ) ਦੀ ਗ਼ਲਤ ਤਸ਼ਖੀਸ, ਵਿਕਾਸਸ਼ੀਲ ਦੇਸ਼ਾਂ ਵਿੱਚ ਜਨਤਕ ਸਿਹਤ ਸਮੱਸਿਆ ਨਾਲ਼ ਜੁੜਿਆ ਇੱਕ ਜ਼ਰੂਰੀ ਮੁੱਦਾ ਹੈ। ਹੁਣ ਟਾਈਫਾਈਡ ਅਤੇ ਡੇਂਗੂ ਦੀ ਗ਼ਲਤ ਰਿਪੋਰਟ ਜਾਂਚ ਨਤੀਜਿਆਂ ਨੂੰ ਨਾ ਸਿਰਫ਼ ਸਾਵਧਾਨੀ ਨਾਲ਼ ਸਮਝਣ ਦੀ ਲੋੜ ਹੈ, ਸਗੋਂ ਕੋਵਿਡ-19 ਮਹਾਂਮਾਰੀ ਦੇ ਦਿਨੀਂ ਇਸ ਤਰ੍ਹਾਂ ਦੇ ਰੋਗੀਆਂ ਦੀ ਨਿਗਰਾਨੀ ਅਤੇ ਲਗਾਤਾਰ ਫ਼ੌਲੋ-ਅਪ ਦੀ ਲੋੜ ਹੈ।
ਸਾਵਧਾਨੀ ਵਰਤਣ ਦੀ ਲੋੜ ਦੀ ਪੁਸ਼ਟੀ ਕਰਦਿਆਂ
ਰਾਮਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੇ ਕੋਵਿਡ-19 ਹਸਪਤਾਲ ਦੇ ਇਨੇਸਿਥਸੀਓਲਾਜਿਸਟ
ਪ੍ਰਵੀਨ ਕੁਮਾਰ ਦਾਸ ਕਹਿੰਦੇ ਹਨ,''ਕੋਵਿਡ-19 ਅਤੇ ਟਾਈਫਾਈਡ ਦੇ ਐਂਟੀਬਾਡੀ ਵਿੱਚ ਕ੍ਰਾਸ ਪੌਜੀਟੀਵਿਟੀ ਦੀ ਵੀ ਹਾਲਤ ਹੈ।
ਜਿੱਥੋਂ ਤੱਕ ਸਾਡਾ ਤਜ਼ਰਬਾ ਹੈ, ਲਗਭਗ 10 ਫੀਸਦ ਰੋਗੀ ਜਿਨ੍ਹਾਂ ਨੂੰ ਰਿਪੋਰਟ ਦੇ ਮੁਤਾਬਕ
ਟਾਈਫਾਈਡ ਸੰਕ੍ਰਮਿਤ ਮੰਨ ਲਿਆ ਗਿਆ ਸੀ ਜਦੋਂਕਿ ਉਹ ਅਸਲ ਵਿੱਚ ਕੋਵਿਡ ਤੋਂ ਸੰਕ੍ਰਮਿਤ ਸਨ।''
ਸੁਨੀਤਾ ਦੀ, ਜਿਨ੍ਹਾਂ ਦੀ ਟਾਈਫਾਈਟ ਰਿਪੋਰਟ ਪੌਜੀਟਿਵ ਆਈ ਸੀ, 29 ਅਪ੍ਰੈਲ ਦੀ ਸਵੇਰ ਆਪਣੇ ਬੱਚਿਆਂ ਬਾਰੇ ਪੁੱਛਣ ਤੋਂ ਅੱਧੇ ਘੰਟੇ ਬਾਅਦ ਹੀ ਮੌਤ ਹੋ ਗਈ- ਬੁਖਾਰ ਚੜ੍ਹਨ ਅਤੇ ਬਾਕੀ ਦੇ ਲੱਛਣ ਵਿਕਸਤ ਹੋਣ ਤੋਂ ਐਨ ਤਿੰਨ ਦਿਨਾਂ ਬਾਅਦ। ਉਸ ਦਿਨ ਜਦੋਂ ਬੋਧਰਾਮ ਨੂੰ ਲੱਗਿਆ ਕਿ ਸ਼ਾਇਦ ਉਹ ਸੌਂ ਗਈ ਹਨ ਤਾਂ ਉਨ੍ਹਾਂ ਨੇ ਸੁਨੀਤਾ ਦਾ ਸਿਰ ਪਲੋਸਣ ਵਾਸਤੇ ਜਿਓਂ ਹੀ ਹੱਥ ਮੱਥੇ 'ਤੇ ਰੱਖਿਆ ਹੀ ਸੀ ਕਿ ਉਹ ਉੱਚੀ-ਉੱਚੀ ਵਿਲਕਣ ਲੱਗੇ ਅਤੇ ਪਿਤਾ ਦੀ ਅਵਾਜ਼ ਸੁਣ ਕੇ ਬੱਚੇ ਜਾਗ ਗਏ। ''ਇੰਝ ਉਹ ਸਦਾ ਦੀ ਨੀਂਦ ਸੌਂ ਗਈ।'' ਇਹ ਸਾਰੀਆਂ ਗੱਲਾਂ ਉਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਫ਼ੋਨ 'ਤੇ ਉਦੋਂ ਦੱਸੀਆਂ ਜਦੋਂ ਉਹ ਦੁੱਖ ਅਤੇ ਕਦੇ ਨਾ ਪੂਰੇ ਜਾਣ ਵਾਲ਼ੇ ਘਾਟੇ ਦੀ ਇਸ ਕਹਾਣੀ ਨੂੰ ਸਿਲਸਿਲੇਵਾਰ ਸੁਣਾ ਰਹੇ ਸਨ।
ਸੁਨੀਤਾ ਦੇ ਅੰਤਮ ਸਸਕਾਰ ਵਾਸਤੇ ਪਰਿਵਾਰ ਨੂੰ ਡੈਥ ਸਰਟੀਫਿਕੇਟ ਦੀ ਲੋੜ ਸੀ। ਖਰਗਾਪੁਰ ਜਾਗੀਰ ਦੀ ਪ੍ਰਧਾਨ ਰਾਬਿਲਾ ਮਿਸ਼ਰਾ ਨੇ ਡੈਥ ਸਰਟੀਫਿਕੇਟ ਜਾਰੀ ਕੀਤਾ। ਨੀਲੀ ਸਿਆਹੀ ਨਾਲ਼ ਉਨ੍ਹਾਂ ਨੇ ਕਾਗ਼ਜ਼ 'ਤੇ ਘਰੀਟਿਆ,''29 ਅਪ੍ਰੈਲ, 2021 ਨੂੰ ਸੁਨੀਤਾ ਨੇ ਆਪਣੀ ਝੌਂਪੜੀ ਵਿੱਚ ਅਖੀਰਲਾ ਸਾਹ ਲਿਆ।'' ਸਰਟੀਫਿਕੇਟ ਵਿੱਚ ਮੌਤ ਦੇ ਕਾਰਨ ਦਾ ਕੋਈ ਜਿਕਰ ਨਹੀਂ ਸੀ।
ਇਸਲਈ, ਸੁਨੀਤਾ ਦੀ ਮੌਤ ਨੂੰ ਕੋਵਿਡ ਕਾਰਨ ਹੋਈਆਂ ਮੌਤਾਂ ਵਿੱਚ ਨਹੀਂ ਗਿਣਿਆ ਜਾਵੇਗਾ। ਉੱਤਰ ਪ੍ਰਦੇਸ਼ ਅਤੇ ਹੋਰ ਥਾਵਾਂ 'ਤੇ ਕੋਵਿਡ ਸੰਕਰਮਣ ਦੇ ਮਾਮਲਿਆਂ ਦੀ ਗ਼ਲਤ ਬਿਆਨੀ ਦੀ ਚਿੰਤਾ ਦੇ ਨਾਲ਼-ਨਾਲ਼ ਸੰਸਾਰ ਪੱਧਰੀ ਚਿੰਤਾ ਇਹ ਵੀ ਹੈ ਕਿ ਕੋਵਿਡ-19 ਨਾਲ਼ ਹੋਈਆਂ ਮੌਤਾਂ ਦੀ ਗਿਣਤੀ ਰਿਪੋਰਟ ਕੀਤੀ ਗਈ ਗਿਣਤੀ ਨਾਲ਼ੋਂ ਕਿਤੇ ਵੱਧ ਹੈ।
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ, ''...ਅਸੀਂ ਸੰਭਾਵਤ ਤੌਰ 'ਤੇ ਕੋਵਿਡ-19 ਨਾਲ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੋਣ ਵਾਲ਼ੀਆਂ ਮੌਤਾਂ ਦੀ ਕੁੱਲ ਗਿਣਤੀ ਨੂੰ ਲੈ ਕੇ ਗ਼ਲਤ ਬਿਆਨੀ ਦਾ ਸਾਹਮਣਾ ਕਰ ਰਹੇ ਹਾਂ।'' ''ਇੱਕ ਸ਼ਬਦ 'ਜ਼ਿਆਦਾ ਮੌਤਾਂ' ਕਹਿਣ ਦਾ ਮਤਲਬ ਹੈ ਕਿ 'ਸਧਾਰਣ' ਹਾਲਾਤਾਂ ਵਿੱਚ ਹੋਈਆਂ ਮੌਤਾਂ ਦੇ ਮੁਕਾਬਲੇ ਕਿਤੇ ਵੱਧ ਮੌਤਾਂ ਦਾ ਹੋਣਾ। ਇਹ ਨਾ ਸਿਰਫ਼ ਪੁਸ਼ਟ ਹੋਈਆਂ ਮੌਤਾਂ ਨੂੰ ਦਰਜ਼ ਕਰਦਾ ਹੈ, ਸਗੋਂ ਕੋਵਿਡ-19 ਨਾਲ਼ ਹੋਈਆਂ ਉਨ੍ਹਾਂ ਮੌਤਾਂ ਨੂੰ ਵੀ ਸ਼ਾਮਲ ਕਰਦਾ ਹੈ ਜਿਨ੍ਹਾਂ ਬਾਰੇ ਨਾ ਤਾਂ ਪਤਾ ਲਾਇਆ ਜਾ ਸਕਿਆ ਅਤੇ ਨਾ ਹੀ ਰਿਪੋਰਟਿੰਗ ਵਿੱਚ ਕਵਰ ਕੀਤਾ ਗਿਆ; ਨਾਲ਼ ਹੀ ਸਮੁੱਚੇ ਸੰਕਟ ਦੀ ਹਾਲਤ ਪੈਦਾ ਹੋਣ ਕਾਰਨ ਹੋਣ ਵਾਲ਼ੀਆਂ ਮੌਤਾਂ ਨੂੰ ਵੀ ਦਰਜ ਕਰਦਾ ਹੈ। ਕੋਵਿਡ-19 ਨਾਲ਼ ਪੁਸ਼ਟ ਹੋਈਆਂ ਮੌਤਾਂ ਦੀ ਤੁਲਨਾ ਵਿੱਚ ਵੱਧ ਵਿਆਪਕ ਅਤੇ ਸਟੀਕ ਜਾਣਕਾਰੀ ਇਕੱਠੀ ਕਰਦਾ ਹੈ।''
ਢੰਗ ਨਾਲ਼ ਤਸ਼ਖੀਸ ਨਾ ਕੀਤੇ ਗਏ ਅਤੇ ਫੌਰੀ ਤੌਰ 'ਤੇ ਕੋਵਿਡ ਨਾਲ਼ ਜੋੜ ਦਿੱਤੇ ਗਏ ਇਸ ਤਰੀਕੇ ਦੇ ਕਾਫੀ ਸਾਰੇ ਮਾਮਲਿਆਂ ਵਿੱਚ ਹਾਰਟ ਟਿਸ਼ੂ ਵਿੱਚ ਸੋਜ ਪਾਈ ਗਈ ਹੈ। ਇਹਦੇ ਕਾਰਨ ਕਰਕੇ ਆਕਸੀਜਨ ਦੀ ਸਪਲਾਈ ਵਿੱਚ ਅੜਿਕਾ ਪੈਂਦਾ ਹੈ ਅਤੇ ਫ਼ਲਸਰੂਪ ਦਿਲ ਦਾ ਦੌਰਾ ਪੈ ਸਕਦਾ ਹੈ।
ਲਖਨਊ ਤੋਂ ਕਰੀਬ 56 ਕਿਲੋਮੀਟਰ ਦੂਰ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ ਬਲਾਕ ਦੇ ਮੀਰਾ ਨਗਰ ਪਿੰਡ ਦੇ ਸਰਨ ਪਰਿਵਾਰ ਵਿੱਚ ਵੀ ਕੁਝ ਅਜਿਹਾ ਵਰਤਾਰਾ ਵਾਪਰਿਆ। 22 ਅਪ੍ਰੈਲ ਦੀ ਦੁਪਹਿਰ ਵੇਲ਼ੇ 57 ਸਾਲਾ ਰਾਮ ਸਰਨ ਨੂੰ ਸ਼ਦੀਦ ਦਰਦ ਹੋਇਆ। ਉਨ੍ਹਾਂ ਦੀ ਪਤਨੀ, 56 ਸਾਲਾ ਰਾਮਵਤੀ ਹੱਥ ਲਾ ਕੇ ਪੀੜ੍ਹ ਦੀ ਸਹੀ ਥਾਂ ਦੱਸਣ ਦੀ ਕੋਸ਼ਿਸ਼ ਕਰ ਰਹੀ ਸਨ।
ਉਸ ਵੇਲ਼ੇ ਰਾਮਵਤੀ ਲਖਨਊ ਵਿੱਚ ਸਨ-ਉਹ ਸ਼ਹਿਰ ਜਿੱਥੇ ਉਹ ਆਪਣੇ ਪਤੀ ਦੇ ਨਾਲ਼ 16 ਸਾਲਾਂ ਦੀ ਉਮਰ ਵਿੱਚ ਆਈ ਸਨ। ਸ਼ਹਿਰ ਦੇ ਉੱਤਰ ਵਿੱਚ ਸਥਿਤ ਅਲੀਗੰਜ ਇਲਾਕੇ ਵਿੱਚ ਜਿੱਥੇ ਇਹ ਪਤੀ-ਪਤਨੀ ਆਪਣੇ ਤਿੰਨ ਬੱਚਿਆਂ ਦੇ ਨਾਲ਼ ਰਹਿਣ ਆਏ ਸਨ, ਰਾਮ ਸਰਨ ਉੱਥੇ ਖੋਖਾ ਲਾ ਕੇ ਪਾਣੀ ਦੀ ਬੋਤਲ, ਚਿਪਸ, ਸਾਫ਼ਟ-ਡਰਿੰਗ ਅਤੇ ਸਿਗਰੇਟ ਵੇਚਿਆ ਕਰਦੇ ਸਨ। ਕੁਝ ਮਹੀਨੇ ਪਹਿਲਾਂ, ਉਨ੍ਹਾਂ ਨੇ ਇਹ ਸਮਾਨ ਵੇਚਣ ਦੇ ਨਾਲ਼ ਨਾਲ਼ ਮਾਸਕ ਵੀ ਵੇਚਣਾ ਸ਼ੁਰੂ ਕਰ ਦਿੱਤਾ ਸ।
ਤਾਲਾਬੰਦੀ ਸਦਕਾ ਖੋਖਾ ਬੰਦ ਰਹਿਣ ਕਾਰਨ, ਰਾਮ ਸਰਨ ਕਈ ਵਾਰੀ ਆਪਣੇ ਪਿੰਡ ਆਪਣਾ ਜੱਦੀ ਘਰ ਦੇਖਣ ਜਾਂਦੇ ਰਹੇ। ਉਸ ਦੌਰਾਨ ਰਾਮਵਤੀ ਦੇ ਨੌਕਰਾਣੀ ਵਜੋਂ ਕੰਮ ਕਰਨ ਤੋਂ ਹੁੰਦੀ ਕਮਾਈ ਨਾਲ਼ ਹੀ ਘਰ ਚੱਲਦਾ ਸੀ।
ਜਦੋਂ ਰਾਮ ਸਰਨ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦਾ ਬੇਟਾ ਰਾਜੇਸ਼ ਕੁਮਾਰ ਜੋ ਫ਼ੋਟੋਕਾਪੀ (ਫ਼ੋਟੋਸਟੇਟ) ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਘਰੋਂ 10 ਕਿਲੋਮੀਟਰ ਦੂਰ ਸਥਿਤ ਮਹਿਮੂਦਾਬਾਦ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਭੱਜੇ। ਡਿਊਟੀ 'ਤੇ ਮੌਜੂਦ ਡਾਕਟਰ ਨੇ ਰਾਮ ਸਰਨ ਨੂੰ ਇੰਜੈਕਸ਼ਨ ਲਾਏ।
ਰਾਜੇਸ਼ ਉਸ ਦਿਨ ਦੀ ਗੱਲ ਦੱਸਦਿਆਂ ਕਹਿੰਦੇ ਹਨ,''ਮੇਰੇ ਪਿਤਾ ਸਾਹ ਲੈਣ ਲਈ ਵਿਲ਼ਕ ਰਹੇ ਸਨ। ਡਾਕਟਰ ਨੇ ਕਿਹਾ ਕਿ ਸਾਡੇ ਕੋਲ਼ ਇੱਕ ਛੋਟਾ ਸਿਲੰਡਰ ਹੀ ਹੈ ਅਤੇ ਉਹਦਾ ਕੋਈ ਫ਼ਾਇਦਾ ਨਹੀਂ ਹੋਵੇਗਾ, ਇਸਲਈ ਮੈਨੂੰ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ (ਉਨ੍ਹਾਂ ਦੇ ਪਿੰਡ ਤੋਂ ਕਰੀਬ 8 ਕਿਲੋਮੀਟਰ ਦੂਰ) ਲਿਜਾਣਾ ਚਾਹੀਦਾ ਹੈ। 108 ਨੰਬਰ (ਸੇਵਾ ਵਾਸਤੇ ਸੂਬੇ ਦਾ ਕੇਂਦਰੀਕ੍ਰਿਤ ਨੰਬਰ) 'ਤੇ ਫ਼ੋਨ ਕਰਕੇ ਐਂਬੂਲੈਂਸ ਸੱਦੀ ਗਈ। 22 ਅਪ੍ਰੈਲ ਨੂੰ ਦੁਪਹਿਰ 2:30 ਵਜੇ ਦੇ ਕਰੀਬ ਜਦੋਂ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ, ਰਾਮ ਸਰਨ ਨੇ ਅਖੀਰਲਾ ਸਾਹ ਲਿਆ।
''ਉਹ ਲਗਾਤਾਰ ਕਹਿੰਦੇ ਰਹੇ, 'ਮੈਂ ਨਹੀਂ ਬਚਾਂਗਾ'। ਇੰਨੇ ਸਿਹਤਮੰਦ ਆਦਮੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਾਹ ਕਿਵੇਂ ਮੁੱਕ ਗਏ,'' ਕੁਮਾਰ ਕਹਿੰਦੇ ਹਨ।
ਮੌਤ ਦਾ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਅਤੇ ਉਸੇ ਸ਼ਾਮ ਰਾਮ ਸਰਨ ਦਾ ਪਿੰਡ ਵਿੱਚ ਹੀ ਅੰਤਮ ਸਸਕਾਰ ਕਰ ਦਿੱਤਾ ਗਿਆ। ਭਾਵੇਂ ਸੀਐੱਚਸੀ ਦੇ ਡਾਕਟਰ ਨੇ ਉਨ੍ਹਾਂ ਪਰਚੀ ਵਿੱਚ 'ਕੋਵਿਡ ਏਜੀ (ਐਂਟੀਜ਼ਨ) ਟੈਸਟ ਪੌਜੀਟਿਵ' ਲਿਖਿਆ ਸੀ, ਫਿਰ ਵੀ ਉਨ੍ਹਾਂ ਦੇ ਅੰਤਮ ਸਸਕਾਰ ਵੇਲ਼ੇ ਕੋਈ ਸਾਵਧਾਨੀ ਨਹੀਂ ਵਰਤੀ ਗਈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਪਦਾ ਸੀ ਕਿ ਉਨ੍ਹਾਂ ਦੀ ਮੌਤ 'ਹਾਰਟ ਫੇਲ੍ਹ' ਹੋਣ ਕਾਰਨ ਹੋਈ ਹੈ।
ਰਾਮ ਸਰਨ ਨੂੰ ਸੀਐੱਚਸੀ ਵਿਖੇ ਦੇਖਭਾਲ ਦਾ ਨਾ ਮਿਲ਼ਣਾ ਇਹ ਦਰਸਾਉਂਦਾ ਹੈ ਕਿ ਸੂਬੇ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਕਿੰਨੀ ਖਸਤਾ ਹੈ- 16 ਮਈ ਨੂੰ ਇਲਾਹਾਬਾਦ ਹਾਈਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਵੀ ਸਿਹਤ ਸੇਵਾ ਸਹੂਲਤਾਂ ਦੀ ਇਸ ਘਾਟ 'ਤੇ ਚਿੰਤਾ ਜਾਹਰ ਕੀਤੀ ਸੀ।
ਪਰ, ਇੱਥੇ ਗੱਲ ਸਿਰਫ਼ ਸੀਐੱਚਸੀ ਜਾਂ ਜ਼ਿਲ੍ਹਾ ਹਸਪਤਾਲਾਂ ਦੀ ਨਹੀਂ ਹੈ, ਜੋ ਮਹਾਂਮਾਰੀ ਦੌਰਾਨ ਸੇਵਾਵਾਂ ਨਾ ਦੇ ਸਕੇ। ਇੱਥੋਂ ਤੱਕ ਕਿ ਰਾਜਧਾਨੀ ਲਖਨਊ ਵਿੱਚ ਵੀ ਸਿਹਤ ਸੇਵਾਵਾਂ ਦਾ ਹਾਲ ਮਾੜਾ ਹੀ ਰਿਹਾ, ਮੌਰਿਆ ਪਰਿਵਾਰ ਦਾ ਆਪਣਾ ਝੱਲਿਆ ਤਜ਼ਰਬਾ ਵੀ ਇਹੀ ਕਹਿੰਦਾ ਹੈ।
12 ਅਪ੍ਰੈਲ ਨੂੰ ਲਖਨਊ ਦੇ ਚਿਨਹਟ ਹਸਪਤਾਲ ਵਿਖੇ ਭਰਤੀ ਹੋਏ 41 ਸਾਲਾ ਸੁਨੀਲ ਕੁਮਾਰ ਮੌਰਿਆ ਨੇ ਆਪਣੇ ਭਤੀਜੇ ਪਵਨ ਨੂੰ ਕਿਹਾ,''ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ। ਤੂੰ ਮੈਨੂੰ ਇਸ ਹਸਪਤਾਲ ਵਿੱਚ ਕਿਉਂ ਰੱਖਿਆ ਹੈ। ਜੇ ਤੂੰ ਘਰ ਲੈ ਚੱਲੇਂ ਤਾਂ ਮੈਂ ਠੀਕ ਹੋ ਜਾਵਾਂਗਾ।''
ਇਹਦੇ ਲਗਭਗ ਹਫ਼ਤੇ ਕੁ ਪਹਿਲਾਂ ਸੁਨੀਲ ਮੌਰਿਆ ਨੂੰ ਬੁਖਾਰ ਹੋਇਆ ਸੀ। ਉਨ੍ਹਾਂ ਨੂੰ ਖੰਘ ਵੀ ਆ ਰਹੀ ਸੀ। ਪਰ ਉਨ੍ਹਾਂ ਨੂੰ ਇਹ ਦਿੱਕਤ ਚਿਰਾਂ ਤੋਂ ਸੀ, ਤਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ। 30 ਸਾਲਾ ਪਵਨ ਚੇਤੇ ਕਰਦੇ ਹਨ ਕਿ ਪਰ ਜਦੋਂ ਉਨ੍ਹਾਂ ਨੇ ਕਿਹਾ,''ਮੇਰੇ ਅੰਦਰ ਤੁਰਨ ਦੀ ਤਾਕਤ ਨਹੀਂ ਬਚੀ,'' ਤਾਂ ਉਨ੍ਹਾਂ ਦੇ ਪਰਿਵਾਰ ਨੂੰ ਚਿੰਤਾ ਸਤਾਉਣ ਲੱਗੀ।
ਮੌਰਿਆ ਪਰਿਵਾਰ ਸੈਂਟਰਲ ਲਖਨਊ ਦੇ ਗੋਮਤੀਨਗਰ ਇਲਾਕੇ ਦੇ ਕੋਲ਼ ਸਥਿਤ ਛੋਟੀ ਜੁਗੌਲੀ ਨਾਮ ਦੀ ਝੁੱਗੀ ਬਸਤੀ ਵਿੱਚ ਰਹਿੰਦਾ ਹੈ। ਇੱਥੇ ਕਾਫੀ ਸਾਰੇ ਵਿਸਥਾਪਤ ਪਰਿਵਾਰ ਰਹਿੰਦੇ ਹਨ। ਸੁਨੀਲ ਕੁਮਾਰ ਇੱਥੇ ਸੁਲਤਾਨਪੁਰ ਜ਼ਿਲ੍ਹੇ ਦੇ ਜੈ ਸਿੰਘ ਪੁਰ ਬਲਾਕ ਸਥਿਤ ਬੀਰਸਿੰਘਪੁਰ ਪਿੰਡ ਤੋਂ, ਦੋ ਦਹਾਕੇ ਤੋਂ ਵੱਧ ਸਮੇਂ ਪਹਿਲਾਂ ਆਏ ਸਨ। ਉਹ ਬਤੌਰ ਬਿਲਡਿੰਗ ਠੇਕੇਦਾਰ ਕੰਮ ਕਰਦਿਆਂ ਮਜ਼ਦੂਰਾਂ ਨੂੰ ਨਿਰਮਾਣ ਸਥਲਾਂ 'ਤੇ ਕੰਮ ਦਵਾਇਆ ਕਰਦੇ ਸਨ।
ਲਗਭਗ 1.5 ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਸੰਘਣੀ ਅਬਾਦੀ ਵਾਲ਼ੀ ਛੋਟੀ ਜੁਗੈਲੀ ਅਤੇ ਇਹਦੇ ਹੀ ਥੋੜ੍ਹੇ ਵੱਡੇ ਹਮਨਾਮ, ਵੱਡੀ ਜੁਗੈਲੀ ਦਰਮਿਆਨ ਇੱਕ ਪ੍ਰਾਇਮਰੀ ਸਿਹਤ ਕੇਂਦਰ ਅਤੇ ਛੇ ਆਂਗਨਵਾੜੀਆਂ ਹਨ।
ਇਨ੍ਹਾਂ ਵਿੱਚੋਂ ਇੱਕ ਵਿਖੇ ਤਾਇਨਾਤ ਇੱਕ ਆਸ਼ਾ ਵਰਕਰ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਨਾ ਇੱਥੇ ਕੋਈ ਜਾਗਰੂਕਤਾ ਕੈਂਪ ਲੱਗਿਆ ਨਾ ਹੀ ਇਲਾਕੇ ਵਿੱਚ ਮਾਸਕ ਅਤੇ ਸੈਨੀਟਾਈਜਰ ਹੀ ਵੰਡੇ ਗਏ। ਪ੍ਰਸ਼ਾਸਨਿਕ ਕਾਰਵਾਈ ਦੇ ਡਰੋਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਉਨ੍ਹਾਂ ਨੇ ਦੱਸਿਆ ਕਿ ਤਕਰੀਬਨ 15,000 ਦੀ ਅਬਾਦੀ ਵਾਲ਼ੀ ਇਸ ਥਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਕਰੋਨਾ ਸੰਕ੍ਰਮਿਤ ਹੋਏ ਹਨ, ਪਰ ਨਾ ਤਾਂ ਉਨ੍ਹਾਂ ਦੀ ਕੋਈ ਜਾਂਚ ਹੀ ਹੋਈ ਹੈ ਅਤੇ ਨਾ ਹੀ ਕਰੋਨਾ ਪੌਜੀਟਿਵ ਮਾਮਲਿਆਂ ਦੀ ਸੂਚੀ ਵਿੱਚ ਉਨ੍ਹਾਂ ਦੇ ਨਾਮ ਹੀ ਦਰਜ ਹੋਏ ਹਨ।
ਜੋ 1517 ਪਰਿਵਾਰ ਉਨ੍ਹਾਂ ਦੇ ਘੇਰੇ ਵਿੱਚ ਆਉਂਦੇ ਹਨ, ਰਿਪੋਰਟ ਮੁਤਾਬਕ ਉੱਥੇ ਕਰੋਨਾ ਕਾਰਨ ਇੱਕ ਵੀ ਮੌਤ ਨਹੀਂ ਹੋਈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਦੀ ਗੱਲਬਾਤ ਵਿੱਚ ਦੱਸਿਆ,''ਲੋਕ ਠੰਡ, ਖੰਘ ਅਤੇ ਬੁਖਾਰ ਦੇ ਕਾਰਨ ਮਰ ਰਹੇ ਹਨ, ਪਰ ਟੈਸਟ ਕੋਈ ਵੀ ਨਹੀਂ ਕਰਵਾਉਣਾ ਚਾਹੁੰਦਾ,'' ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਮੈਨੂੰ ਦੱਸਿਆ। ''ਮਾਰਚ 2020 ਵਿੱਚ ਸਾਨੂੰ ਰੋਜ਼ਾਨਾ 50 ਘਰਾਂ ਦਾ ਸਰਵੇਅ ਕਰਕੇ ਕਰੋਨਾ ਦੇ ਲੱਛਣ ਵਾਲ਼ੇ ਮਰੀਜਾਂ ਬਾਰੇ ਪਤਾ ਲਾਉਣ ਲਈ ਕਿਹਾ ਗਿਆ ਸੀ। ਹੁਣ ਮੈਂ ਬਾਹਰ ਨਹੀਂ ਜਾਂਦੀ ਕਿਉਂਕਿ ਇਸ ਵਿੱਚ ਕਾਫੀ ਖ਼ਤਰਾ ਹੈ। ਮੈਂ ਆਪਣੇ ਇਲਾਕੇ ਵਿੱਚ ਲੋਕਾਂ ਦਾ ਇੱਕ ਸਮੂਹ ਬਣਾ ਲਿਆ ਹੈ ਅਤੇ ਲੋਕਾਂ ਨੂੰ ਫ਼ੋਨ 'ਤੇ ਹੀ ਮੈਨੂੰ ਅਪਡੇਟ ਦਿੰਦੇ ਰਹਿਣ ਦੀ ਗੱਲ ਕਹੀ ਹੈ।''
ਉਸ ਵੇਲ਼ੇ ਜਦੋਂ ਸਥਾਨਕ ਸਿਹਤ ਕਰਮੀ ਅਸਾਨੀ ਨਾਲ਼ ਉਪਲਬਧ ਨਹੀਂ ਸਨ ਅਤੇ ਪੀਐੱਚਸੀ ਦੇ ਡਾਕਟਰ ਦੀ ਕੋਵਿਡ ਵਾਸਤੇ ਕਿਤੇ ਹੋਰ ਡਿਊਟੀ ਲਾ ਦਿੱਤੀ ਗਈ ਸੀ, ਰਾਮ ਸਰਨ ਮੌਰਿਆ ਬੀਮਾਰ ਪਏ ਤਾਂ ਉਨ੍ਹਾਂ ਦੀ ਮਦਦ ਕਰਨ ਲਈ ਆਸਪਾਸ ਕੋਈ ਵੀ ਨਹੀਂ ਸੀ।
ਅਜਿਹੀ ਹਾਲਤ ਵਿੱਚ, ਥਾਂ-ਥਾਂ ਮਾਰੇ ਫਿਰਨ ਨਾਲ਼ੋਂ ਪਵਨ, ਜੋ ਖੁਦ ਸਾਇੰਸ ਗ੍ਰੈਜੁਏਟ ਹਨ ਅਤੇ ਇੱਕ ਡਾਕਟਰ ਦੀ ਕਲੀਨਿਕ 'ਤੇ ਕੰਮ ਕਰਦੇ ਹਨ, ਆਪਣੇ ਚਾਚਾ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਗਏ। ਉੱਥੇ ਉਨ੍ਹਾਂ ਕੋਲ਼ੋਂ ਐਂਟੀਜਨ ਟੈਸਟ ਦੇ 500 ਰੁਪਏ ਲਏ ਗਏ ਅਤੇ ਜਾਂਚ ਨੈਗੇਟਿਵ ਆਈ। ਫਿਰ ਉਹ ਉਨ੍ਹਾਂ ਨੂੰ ਕਰੀਬ 30 ਕਿਲੋਮੀਟਰ ਦੂਰ ਸਥਿਤ ਟੀ.ਐੱਸ. ਮਿਸ਼ਰਾ ਮੈਡੀਕਲ ਕਾਲਜ ਲੈ ਗਏ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਐਂਟੀਜਨ ਟੈਸਟ ਭਰੋਸੇਮੰਦ ਨਹੀਂ ਸੀ ਅਤੇ ਇਸਲਈ ਉਨ੍ਹਾਂ ਦੇ ਚਾਚਾ ਨੂੰ ਬੈੱਡ ਨਾ ਮਿਲ਼ ਸਕਿਆ।
ਪਰ, ਐਮਰਜੈਂਸੀ ਵਾਰਡ ਵਿੱਚ 'ਤੇ ਤਾਇਨਾਤ ਡਾਕਟਰ ਨੇ ਉਨ੍ਹਾਂ ਨੂੰ ਪ੍ਰਿਸਕ੍ਰਿਪਸ਼ਨ ਦਿੱਤਾ, ਜਿਸ 'ਤੇ ਹੋਰ ਦਵਾਈਆਂ ਦੇ ਨਾਲ਼ ਆਇਵਰਮੇਕਿਟਨ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲ਼ੀਆਂ ਸਨ, ਜੋ ਆਮ ਤੌਰ 'ਤੇ ਕੋਵਿਡ-19 ਦੇ ਲੱਛਣ ਹੋਣ 'ਤੇ ਹੀ ਸੁਝਾਈਆਂ ਜਾਂਦੀਆਂ ਹਨ।
ਉਦੋਂ ਤੱਕ ਸੁਨੀਲ ਮੌਰਿਆ ਦਾ ਆਕਸੀਜਨ ਲੇਵਲ 80 ਤੱਕ ਆ ਚੁੱਕਾ ਸੀ। ਪਰਿਵਾਰ ਨੇ ਦੋ ਹੋਰ ਹਸਪਤਾਲਾਂ ਵਿੱਚ ਬੈੱਡ ਲਈ ਕੋਸ਼ਿਸ਼ ਕੀਤੀ ਪਰ ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖੇ ਜਾਣ ਦੀ ਲੋੜ ਹੈ, ਜੋ ਸੁਵਿਧਾ ਉਨ੍ਹਾਂ ਦੇ ਹਸਪਤਾਲਾਂ ਵਿੱਚ ਮੌਜੂਦ ਨਹੀਂ ਸੀ। ਅਖੀਰ ਚਾਰ ਘੰਟਿਆਂ ਦੀ ਭੱਜਨੱਸ ਤੋਂ ਬਾਅਦ ਇੱਕ ਹਸਪਤਾਲ ਉਨ੍ਹਾਂ ਨੂੰ ਭਰਤੀ ਕਰਨ ਲਈ ਰਾਜੀ ਹੋ ਗਿਆ, ਮੌਰਿਆ ਸਿਲੰਡਰ ਆਸਰੇ ਸਨ। ਫਿਰ ਇੱਕ ਹੋਰ ਟੈਸਟ ਕੀਤਾ ਗਿਆ ਅਤੇ ਇਸ ਵਾਰ ਆਰਟੀ-ਪੀਸੀਆਰ ਟੈਸਟ ਕੀਤਾ।
12 ਅਪ੍ਰੈਲ ਨੂੰ ਕੁਝ ਔਖੇ ਸਾਹਾਂ ਤੋਂ ਬਾਅਦ ਸੁਨੀਲ ਦੀ ਮੌਤ ਹੋ ਗਈ। ਲਖਨਊ ਨਗਰ ਨਿਗਮ ਦੁਆਰਾ ਜਾਰੀ ਡੈਥ ਸਰਟੀਫਿਕੇਟ (ਅੰਤਮ ਸਸਕਾਰ ਲਈ ਲੋੜੀਂਦਾ) ਵਿੱਚ ਮੌਤ ਦਾ ਕਾਰਨ ਹਾਰਟ ਫੇਲ੍ਹ ਦੱਸਿਆ ਗਿਆ। ਦੋ ਦਿਨ ਬਾਅਦ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਵਿੱਚ ਇਹ ਸਾਫ਼ ਲਿਖਿਆ ਹੋਇਆ ਸੀ ਕਿ ਉਹ ਕਰੋਨਾ ਸੰਕ੍ਰਮਿਤ ਸਨ।
''ਇੱਕ ਹਫ਼ਤੇ ਦੇ ਅੰਦਰ ਅੰਦਰ ਸਭ ਮੁੱਕ ਗਿਆ। ਟੈਸਟਾਂ ਦੇ ਚੱਕਰਾਂ ਨੇ ਸਾਨੂੰ ਕਾਸੇ ਜੋਗਾ ਨਹੀਂ ਛੱਡਿਆ,'' ਪਵਨ ਕਹਿੰਦੇ ਹਨ।
ਲਖਨਊ ਅਧਾਰਤ ਵਿਗਿਆਨ ਫਾਊਂਡੇਸ਼ਨ, ਜੋ ਸ਼ਹਿਰੀ ਬਸਤੀਆਂ, ਬੇਆਸਰਿਆਂ ਅਤੇ ਦਿਹਾੜੀ ਮਜ਼ਦੂਰੀ ਲਈ ਕੰਮ ਕਰਦੀ ਹੈ, ਦੀ ਪ੍ਰੋਗਰਾਮ ਮੈਨੇਜਰ ਰਿਚਾ ਚੰਦਰਾ ਕਹਿੰਦੀ ਹਨ,''ਮਹਾਂਮਾਰੀ ਦੀ ਦੂਸਰੀ ਲਹਿਰ ਅਤੇ ਸਿਹਤ ਸੇਵਾਵਾਂ ਦੇ ਲਈ ਵਿੱਤੀ ਵਸੀਲਿਆਂ ਦੀ ਘਾਟ ਨੇ ਸ਼ਹਿਰੀ ਗ਼ਰੀਬਾਂ ਨੂੰ ਢੁੱਕਵੀਂ ਤਸ਼ਖੀਸ ਦੇ ਬਿਨਾਂ ਹੀ ਮਰਨ ਲਈ ਛੱਡ ਦਿੱਤਾ। ਸ਼ਹਿਰੀ ਗ਼ਰੀਬ ਨਾਮਾਤਰ ਕੰਮ ਅਤੇ ਨਾਮਾਤਰ ਸਮਾਜਿਕ ਸੁਰੱਖਿਆ ਹਾਸਲ ਕੀਤਿਆਂ, ਜਾਗਰੂਕਤਾ ਦੀ ਘਾਟ ਅਤੇ ਭੀੜੇ ਘਰਾਂ ਵਿੱਚ ਗੁਜ਼ਰ-ਬਸਰ ਕਰਨ ਨੂੰ ਮਜ਼ਬੂਰ ਹਨ ਹਨ ਅਤੇ ਹੁਣ ਉਨ੍ਹਾਂ ਨੂੰ ਇਸ ਵਾਧੂ ਦੀ ਜਾਂਚ ਕੀਤੇ/ਕਰਾਏ ਜਾਣ ਅਤੇ ਕੋਵਿਡ ਪੌਜੀਟਿਵ ਆ ਜਾਣ ਦੇ ਡਰ ਅਤੇ ਕਲੰਕ ਦਾ ਸਾਹਮਣਾ ਕਰਨਾ ਪੈਂਦਾ ਹੈ।
ਟੈਸਟਿੰਗ ਨਾਲ਼ ਜੁੜੇ ਖਦਸ਼ਿਆਂ ਵਿੱਚ ਇੱਕ ਇਹ ਗੱਲ ਵੀ ਜੁੜੀ ਹੋਈ ਹੈ ਕਿ ਐਂਟੀਜਨ ਅਤੇ ਆਰਟੀ-ਪੀਸੀਆਰ ਦੋਵੇਂ ਹੀ ਟੈਸਟ ਦੇ ਨਤੀਜੇ ਗ਼ਲਤ ਆ ਸਕਦੇ ਹਨ।
ਰਾਮਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੇ ਮਾਇਕ੍ਰੋਬਾਇਓਲਾਜੀ ਡਿਪਾਰਟਮੈਂਟ ਦੀ ਪ੍ਰਮੁੱਖ ਜਯੋਤਸਨਾ ਅਗਰਵਾਲ ਕਹਿੰਦੀ ਹਨ,''ਆਰਟੀ-ਪੀਸੀਆਰ ਟੈਸਟ ਦੇ ਗ਼ਲਤ ਨਤੀਜਿਆਂ ਦੇ ਪਿੱਛੇ ਕੁਝ ਰਲ਼ੇ-ਮਿਲ਼ੇ ਕਾਰਨ ਹਨ। ਇਸ ਟੈਸਟ ਵਿੱਚ ਆਰਐੱਨਏ ਦਾ ਵਿਸਤਾਰ ਸ਼ਾਮਲ ਹੈ ਅਤੇ ਇਹਨੂੰ ਸਾਂਭਣ ਲਈ ਵਿਸ਼ੇਸ਼ ਹਾਲਤਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ ਹਾਲਾਂਕਿ ਡੀਐੱਨਏ (ਆਵਾਜਾਈ ਦੇ ਸਮੇਂ) ਇਸ ਤੋਂ ਉਲਟ ਹੈ। ਨਾਲ਼ ਹੀ, ਹੋ ਸਕਦਾ ਹੈ ਕਿ ਸਵੈਬ ਸਹੀ ਢੰਗ ਨਾਲ਼ ਇਕੱਠੇ ਨਾ ਕੀਤੇ ਗਏ ਹੋਣ ਜਾਂ ਵਰਤੀਂਦੀਆਂ ਕਿੱਟਾਂ ਆਈਸੀਐੱਮਆਰ (ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ) ਵੱਲੋਂ ਮਨਜੂਰਸ਼ੁਦਾ ਨਾ ਹੋਣ। ਐਂਟੀਜਨ ਟੈਸਟ ਛੇਤੀ ਨਤੀਜਾ ਦਿੰਦਾ ਹੈ, ਪਰ ਉਸ ਵਿੱਚ ਆਰਐੱਨਏ ਦਾ ਪ੍ਰਬੰਧਨ ਨਹੀਂ ਹੁੰਦਾ ਤਾਂ ਇਹ ਪੂਰੀ ਤਰ੍ਹਾਂ ਨਾਲ਼ ਘਾਹ ਵਿੱਚੋਂ ਸੂਈ ਲੱਭਣ ਜਿਹਾ ਹੋ ਜਾਂਦਾ ਹੈ।''
ਸੈਂਟਰਲ ਲਖਨਊ ਦੇ ਮਾਨਕਨਗਰ ਇਲਾਕੇ ਦੀ ਗੜ੍ਹੀ ਕਨੌਰਾ ਦੇ ਰਹਿਣ ਵਾਲ਼ੇ ਸ਼ੋਏਬ ਅਖ਼ਤਰ ਦੀ ਆਰਟੀ-ਪੀਸੀਆਰ ਰਿਪੋਰਟ ਨੈਗੇਟਿਵ ਆਈ।
ਅਖ਼ਤਰ ਅਪ੍ਰੈਲ ਦੇ ਦੂਸਰੇ ਹਫ਼ਤੇ ਵਿੱਚ ਹੀ ਚਿਕਨ-ਪਾਕਕਸ ਤੋਂ ਰਾਜ਼ੀ ਹੋਏ ਸਨ। ਫਿਰ ਉਹ ਰੋਜ਼ਾ ਰੱਖਣ ਲਈ ਜ਼ੋਰ ਦੇਣ ਲੱਗੇ (ਰਮਜ਼ਾਨ ਦੀ ਸ਼ੁਰੂਆਤ 13 ਅਪ੍ਰੈਲ ਨੂੰ ਹੋਈ), ਹਾਲਾਂਕਿ ਉਨ੍ਹਾਂ ਦੀ ਮਾਂ, 65 ਸਾਲਾ ਸਦਰੂਨਿਸ਼ਾ ਨੇ ਉਨ੍ਹਾਂ ਨੂੰ ਇੰਝ ਕਰਨ ਤੋਂ ਵਰਜਿਆ ਵੀ ਸੀ।
27 ਅਪ੍ਰੈਲ ਨੂੰ ਸ਼ੋਏਬ ਨੂੰ ਖੰਘ ਆਉਣੀ ਸ਼ੁਰੂ ਹੋਈ ਅਤੇ ਉਨ੍ਹਾਂ ਦਾ ਸਾਹ ਫੁੱਲਣ ਲੱਗਿਆ। ਉਨ੍ਹਾਂ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਆਰਟੀਪੀਸੀਆਰ ਟੈਸਟ ਅਤੇ ਸਿਟੀ ਸਕੈਨ ਲਈ ਇੱਕ ਨਿੱਜੀ ਪੈਥੋਲਾਜੀ ਲੈਬ ਲੈ ਗਏ, ਜਿੱਥੇ ਉਨ੍ਹਾਂ ਦਾ 7800 ਰੁਪਏ ਖਰਚਾ ਆਇਆ। ਕੋਵਿਡ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਰਿਪੋਰਟ ਵਿੱਚ 'ਵਾਇਰਲ ਨਿਮੋਨੀਆ' ਦੇ ਲੱਛਣ ਮਿਲ਼ ਰਹੇ ਸਨ। ਪਰ ਨਾ ਤਾਂ ਕਿਸੇ ਨਿੱਜੀ ਕਲੀਨਿਕ ਅਤੇ ਨਾ ਹੀ ਸਰਕਾਰੀ ਹਸਪਤਾਲ ਨੇ ਉਨ੍ਹਾਂ ਨੂੰ ਭਰਤੀ ਕੀਤਾ, ਕਿਉਂਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਉਹ ਕੋਵਿਡ ਦੇ ਮਾਮਲਿਆਂ ਨੂੰ ਤਰਜੀਹ ਦੇ ਰਹੇ ਸਨ, ਹਸਪਤਾਲਾਂ ਵਿੱਚ ਬੈੱਡ ਹੀ ਖਾਲੀ ਨਹੀਂ ਸਨ ਅਤੇ ਬਾਕੀ ਦੀਆਂ ਗੈਰ-ਐਮਰਜੈਂਸ਼ੀ ਸੇਵਾਵਾਂ ਲਾਂਭੇ ਰੱਖੀਆਂ ਗਈਆਂ ਸਨ।
ਪਰਿਵਾਰ ਦੁਆਰਾ ਘਰ ਵਿੱਚ ਹੀ ਆਕਸੀਜਨ ਸਿਲੰਡਰ ਦਾ ਬੰਦੋਬਸਤ ਕੀਤੇ ਜਾਣ ਦੇ ਬਾਵਜੂਦ, ਸਾਹ ਲੈਣ ਵਿੱਚ ਪਰੇਸ਼ਾਨੀ ਦੇ ਚੱਲਦਿਆਂ 30 ਅਪ੍ਰੈਲ ਨੂੰ ਸ਼ੋਇਬ ਦੀ ਮੌਤ ਹੋ ਗਈ। ''ਉਹ ਜ਼ੋਰ ਜ਼ੋਰ ਦੀ ਹੰਭਣ ਲੱਗਿਆ ਅਤੇ ਉਹਦੇ ਮੂੰਹ ਵਿੱਚੋਂ ਝੱਗ ਨਿਕਲ਼ਣ ਲੱਗੀ।''
ਉਹ ਆਪਣੇ ਪੁੱਤਰ ਨੂੰ ''ਰੱਬੀ ਦਾਤ ਪ੍ਰਾਪਤ ਇਲੈਕਟ੍ਰੀਸ਼ੀਅਨ'' ਮੰਨਦੀ ਹਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਕਤਰ ਵਿੱਚ ਨੌਕਰੀ ਮਿਲ਼ੀ ਸੀ। ਉਹ ਕਹਿੰਦੀ ਹਨ, ''ਇਸ ਤੋਂ ਪਹਿਲਾਂ ਕਿ ਨੌਕਰੀ ਵਾਸਤੇ ਉਨ੍ਹਾਂ ਨੂੰ ਵੀਜਾ ਮਿਲ਼ ਪਾਉਂਦਾ, ਮੌਤ ਨੇ ਉਹਨੂੰ ਸਿੱਧੀ ਟਿਕਟ ਫੜ੍ਹਾਈ ਤੇ ਨਾਲ਼ ਲੈ ਉੱਡੀ।''
ਅਖ਼ਤਰ ਨੂੰ ਘਰੋਂ ਕਰੀਬ 3 ਕਿਲੋਮੀਟਰ ਦੂਰ, ਪ੍ਰੇਮਵਤੀ ਨਗਰ ਦੇ ਤਕੀਆ ਮੀਰਾਨ ਸ਼ਾਹ ਦੀ ਜ਼ਮੀਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ। ਜਾਰੀ ਕੀਤੇ ਗਏ ਡੈਥ ਸਰਟੀਫਿਕੇਟ ਵਿੱਚ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ। ਹਾਲਾਂਕਿ, ਸਦਰੂਨਿਸ਼ਾ ਨੂੰ ਇਸ ਗੱਲ 'ਤੇ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਕਰੋਨਾ ਦਾ ਸੰਕਰਮਣ ਹੀ ਸੀ, ਕਿਉਂਕਿ ਚਿਕਨਪਾਕਸ ਕਾਰਨ ਉਨ੍ਹਾਂ ਦੀ ਰੋਗਾਂ ਨਾਲ਼ ਲੜਨ ਦੀ ਸ਼ਕਤੀ ਕਮਜ਼ੋਰ ਹੋਈ ਹੋਵੇਗੀ।
14 ਜੂਨ, 2020 ਨੂੰ ਭਾਰਤ ਸਰਕਾਰ ਨੇ ਇੱਕ ਸੂਚਨਾ ਜਾਰੀ ਕਰਦਿਆਂ ਕਿਹਾ ''...ਇਸ ਤਰ੍ਹਾਂ ਦੇ ਕੋਵਿਡ ਸੰਭਾਵਤ ਮਰੀਜ਼ਾਂ ਦੀਆਂ ਲਾਸ਼ਾਂ ਬਗੈਰ ਕਿਸੇ ਦੇਰੀ ਦੇ ਉਨ੍ਹਾਂ ਦੇ ਪਰਿਵਾਰ ਵਾਲ਼ਿਆਂ ਦੇ ਹਵਾਲੇ ਕਰ ਦਿੱਤੀਆਂ ਜਾਣ ਅਤੇ ਕੋਵਿਡ ਪੁਸ਼ਟ ਕਰਦੀ ਕਿਸੇ ਰਿਪੋਰਟ ਦੀ ਉਡੀਕ ਨਾ ਕੀਤੀ ਜਾਵੇ।''
ਇਹਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਰੋਗ ਦੇ ਲੱਛਣ ਤਾਂ ਮੌਜੂਦ ਹਨ, ਪਰ ਟੈਸਟ ਰਿਪੋਰਟ ਨੈਗੇਟਿਵ ਆਈ, ਉਨ੍ਹਾਂ ਦੀ ਮੌਤ ਨੂੰ ਕੋਵਿਡ-19 ਨਾਲ਼ ਹੋਈਆਂ ਮੌਤਾਂ ਦੀ ਸੂਚੀ ਵਿੱਚ ਨਹੀਂ ਗਿਣਿਆ ਜਾਵੇਗਾ।
ਉੱਨਾਵ ਜ਼ਿਲ੍ਹੇ ਦੀ ਬੀਘਾਪੁਰ ਤਹਿਸੀਲ ਦੇ ਕੁਤੁਬੁਦੀਨ ਗੜ੍ਹੇਵਾ ਪਿੰਡ ਦੇ ਵਾਸੀ ਅਸ਼ੋਕ ਕੁਮਾਰ ਯਾਦਵ ਦਾ ਨਾਮ ਵੀ ਮੌਤ ਦੀ ਉਸੇ ਸੂਚੀ ਵਿੱਚ ਆਉਂਦਾ ਹੈ। ਪ੍ਰਦੇਸ਼ ਦੇ ਬਿਜਲੀ ਮਹਿਕਮੇ ਵਿੱਚ ਠੇਕੇ 'ਤੇ ਕੰਮ ਕਰ ਰਹੇ 56 ਸਾਲਾ ਅਸ਼ੋਕ ਨੇ ਸਥਾਨਕ ਕੈਮਿਸਟ ਤੋਂ ਖੰਘ ਅਤੇ ਬੁਖਾਰ ਦੀ ਦਵਾਈ ਲਈ। ਉਨ੍ਹਾਂ ਨੂੰ ਇਹ ਤਕਲੀਫ਼ 22 ਅਪ੍ਰੈਲ ਤੋਂ ਹੀ ਸੀ। ਜਦੋਂ ਖੰਘ ਨੇ ਹੋਰ ਖਤਰਨਾਕ ਰੂਪ ਧਾਰਦੀ ਗਈ ਅਤੇ ਸਰੀਰ ਨਿਢਾਲ ਹੋਣ ਲੱਗਿਆ ਤਾਂ ਉਨ੍ਹਾਂ ਦੇ ਪਰਿਵਾਰ ਨੇ 25 ਅਪ੍ਰੈਲ ਦੀ ਰਾਤ ਨੂੰ 45 ਕਿਲੋਮੀਟਰ ਦੂਰ ਸਥਿਤ ਜ਼ਿਲ੍ਹਾ ਹਸਪਤਾਲ ਲੈ ਗਿਆ। ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਹੋਇਆ, ਪਰ ਉਨ੍ਹਾਂ ਨੂੰ ਭਰਤੀ ਨਾ ਕੀਤਾ ਗਿਆ। ਅਗਲੇ ਦਿਨ ਜਿਓਂ ਹੀ ਟਾਇਲੇਟ ਜਾਣ ਲਈ ਉੱਠੇ ਤਾਂ ਲੜਖੜਾ ਕੇ ਭੁੰਜੇ ਡਿੱਗ ਪਏ ਅਤੇ ਥਾਏਂ ਹੀ ਉਨ੍ਹਾਂ ਦੀ ਮੌਤ ਹੋ ਗਈ।
''ਹਾਂ, ਬੱਸ ਇੰਝ ਚਾਣਚੱਕ ਹੀ,'' 51 ਸਾਲਾ ਗ੍ਰਹਿਣੀ ਅਤੇ ਉਨ੍ਹਾਂ ਦੀ ਪਤਨੀ, ਵਿਮਲਾ ਕਹਿੰਦੀ ਹਨ।
ਪਰਿਵਾਰ ਵਿੱਚ ਵਿਮਲਾ ਦੇ ਤਿੰਨ ਬੱਚੇ ਹਨ ਜਿਨ੍ਹਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਹੈ। ਉਨ੍ਹਾਂ ਦੇ ਪਰਿਵਾਰ ਨੇ ਬਗੈਰ ਕਿਸੇ ਸਾਵਧਾਨੀ ਵਰਤੇ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ। ਦੋ ਦਿਨ ਬਾਅਦ ਆਈ ਟੈਸਟ ਰਿਪੋਰਟ ਵਿੱਚ ਉਹ ਕੋਵਿਡ-19 ਪੌਜੀਟਿਵ ਸਨ। ਉੱਥੇ ਜ਼ਿਲ੍ਹਾ ਹਸਪਤਾਲ ਵੱਲੋਂ ਜਾਰੀ ਮੌਤ ਦੇ ਸਰਟੀਫਿਕੇਟ ਵਿੱਚ ਮੌਤ ਦਾ ਕਾਰਨ 'ਕਾਰਡਿਓ ਰੈਸਪੀਰੇਟਰੀ ਫੈਲਯੁਰ'' ਲਿਖਿਆ ਹੋਇਆ ਸੀ।
ਸੂਬੇ ਦੇ ਸਿਹਤ ਮਹਿਕਮੇ ਦੇ ਐਡੀਸ਼ਨਲ ਡਾਇਰੈਕਟਰ ਗਿਰਿਜਾ ਸ਼ੰਕਰ ਵਾਜਪੇਈ, ਜੋ ਲਖਨਊ ਵਿੱਚ ਕੋਵਿਡ-19 ਦਾ ਪ੍ਰਬੰਧਨ ਦੇਖਦੇ ਹਨ, ਨੇ ਕਿਹਾ,''ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਮੌਤਾਂ ਰਿਕਾਰਡ ਕੀਤੀਆਂ ਜਾਣ, ਫਿਰ ਵੀ ਸੱਚ ਤਾਂ ਇਹ ਹੈ ਕਿ ਹਰ ਮਾਮਲੇ ਵਿੱਚ ਟੈਸਟ ਨਹੀਂ ਵੀ ਕੀਤੇ ਗਏ ਅਤੇ ਕੁਝ ਮਾਮਲਿਆਂ ਵਿੱਚ ਨਤੀਜੇ ਕੁਝ ਦੇਰੀ ਨਾਲ਼ ਆਏ। ਹਾਲਾਂਕਿ, ਹੁਣ ਅਸੀਂ ਇਸ ਮਾਮਲੇ ਵਿੱਚ ਵੱਧ ਸੁਚੇਤ ਹੋ ਗਏ ਹਾਂ।''
ਅਜੇ ਵੀ, ਇਸ ਤਰ੍ਹਾਂ ਦੇ ਕਿੰਨੇ ਹੀ ਮਾਮਲਿਆਂ ਅਤੇ ਮੌਤਾਂ ਦੀ ਰਿਪੋਰਟਿੰਗ ਨਹੀਂ ਹੋਈ ਅਤੇ ਜਿਨ੍ਹਾਂ ਨੂੰ ਕਦੇ ਵੀ ਮਹਾਂਮਾਰੀ ਨਾਲ਼ ਹੋਈਆਂ ਮੌਤਾਂ ਵਿੱਚ ਸ਼ਾਮਲ ਹੀ ਨਹੀਂ ਕੀਤਾ ਜਾਵੇਗਾ, ਸ਼ਾਇਦ ਇਹਦਾ ਖੁਲਾਸਾ ਕਦੇ ਵੀ ਨਹੀਂ ਹੋ ਸਕੇਗਾ।
ਉੱਨਾਵ ਵਿੱਚ ਦੁਰਗੇਸ਼ ਸਿੰਘ ਪਾਸੋਂ ਮਿਲ਼ੇ ਇਨਪੁਟ ਦੇ ਨਾਲ਼।
ਤਰਜਮਾ: ਕਮਲਜੀਤ ਕੌਰ